ਪਹਿਲੀ ਸ਼ੂਟਿੰਗ

ਬਲਰਾਜ ਸਾਹਨੀ
ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਅਦਾਕਾਰ ਬਲਰਾਜ ਸਾਹਨੀ (1 ਮਈ 1913-13 ਅਪਰੈਲ 1973) ਲਿਖਾਰੀ ਵੀ ਸੀ। ਉਸ ਨੇ ਆਪਣੇ ਫਿਲਮੀ ਰੁਝੇਵਿਆਂ ਵਿਚੋਂ ਲਿਖਣ ਲਈ ਸਮਾਂ ਕੱਢਿਆ ਅਤੇ ਪੰਜਾਬੀ ਸਾਹਿਤ ਜਗਤ ਦੀ ਝੋਲੀ ਵਾਰਤਕ ਦੀਆਂ ਕਈ ਕਿਤਾਬਾਂ ਪਾਈਆਂ। ਅਦਾਕਾਰੀ ਦੀ ਦੁਨੀਆ ਵਿਚ ਆਉਣ ਤੋਂ ਪਹਿਲਾਂ ਉਹ ਸ਼ਾਂਤੀ ਨਿਕੇਤਨ ਵਿਚ ਅੰਗਰੇਜ਼ੀ ਪੜ੍ਹਾਉਂਦਾ ਹੁੰਦਾ ਸੀ। ਇਥੇ ਹੀ ਉਸ ਨੂੰ ਰਾਬਿੰਦਰਨਾਥ ਟੈਗੋਰ ਤੋਂ ਸਬਕ ਮਿਲਿਆ ਕਿ ਕੋਈ ਵੀ ਬੰਦਾ ਆਪਣੀ ਮਾਂ-ਬੋਲੀ ਵਿਚ ਹੀ ਆਪਣੇ ਵਿਚਾਰ ਆਹਲਾ ਢੰਗ ਨਾਲ ਪ੍ਰਗਟ ਕਰ ਸਕਦਾ ਹੈ। ਅਸੀਂ ਆਪਣੇ ਪਾਠਕਾਂ ਨਾਲ ਉਸ ਦੀ ਲੰਮੀ ਅਤੇ ਦਿਲਚਸਪ ਲਿਖਤ ‘ਮੇਰੀ ਫਿਲਮੀ ਆਤਮ-ਕਥਾ’ ਸਾਂਝੀ ਕਰ ਰਹੇ ਹਾਂ।

ਅਚਨਚੇਤ ਇਕ ਦਿਨ ਸ਼ੂਟਿੰਗ ਦਾ ਬੁਲਾਵਾ ਆ ਗਿਆ – ਜ਼ਿੰਦਗੀ ਵਿਚ ਮੇਰੀ ਪਹਿਲੀ ਸ਼ੂਟਿੰਗ। ਸ਼ਾਮੀ ਸੱਤ ਵਜੇ ਕਾਰਦਾਰ ਸਟੂਡੀਓ ਪਹੁੰਚਣਾ ਸੀ। ਇਪਟਾ ਦੀ ਮੀਟਿੰਗ ਅਧ-ਵਿਚਾਲੇ ਛਡ ਕੇ ਮੈਂ ਐਨ ਵਕਤ ਸਿਰ ਚਰਨੀ ਰੋਡ ਸਟੇਸ਼ਨ ਤੋਂ ਗੱਡੀ ਫੜ ਲਈ। ਸ਼ੂਟਿੰਗ ਸ਼ਬਦ ਸੁਣ ਕੇ ਸਾਥੀਆਂ ਉਪਰ ਬਿਜਲੀ ਦਾ ਕਰੰਟ ਛੋਹ ਜਾਣ ਵਾਲਾ ਪ੍ਰਤੀਕਰਮ ਹੋਇਆ ਸੀ, ਜਿਵੇਂ ਪਲ ਦੋ ਪਲ ਵਿਚ ਮੈਂ ਉਹਨਾਂ ਦੇ ਪ੍ਰੇਮ ਦਾ ਨਹੀਂ ਸਗੋਂ ਈਰਖਾ ਦਾ ਪਾਤਰ ਬਣ ਗਿਆ ਹੋਵਾਂ। ਤੇ ਉਸ ਦਿਨ ਤੋਂ ਲੈ ਕੇ ਅਜ ਤਕ ਮੈਂ ਇਹੋ ਤ੍ਰਹਿਕਵਾਂ ਪ੍ਰਤੀਕਰਮ ਆਪਣੇ ਆਲੇ-ਦੁਆਲੇ, ਘਰ ਵਿਚ, ਤੇ ਘਰੋਂ ਬਾਹਰ ਵੀ ਹਮੇਸ਼ਾ ਵੇਖਿਆ ਹੈ। ਸ਼ੂਟਿੰਗ ਹਰ ਕਿਸੇ ਦੀ ਨਜ਼ਰ ਵਿਚ ਵਿਸਮਾਦੀ, ਤਲਿਸਮੀ ਚੀਜ਼ ਹੈ। ਉਹ ਇਕ ਮਨੁੱਖ ਨੂੰ ਦੂਜੇ ਮਨੁੱਖਾਂ ਤੋਂ ਵਿਰਲਾ ਤੇ ਉਚੇਰਾ ਬਣਾ ਦੇਂਦੀ ਹੈ। ਸ਼ੂਟਿੰਗ ਕਰਦੇ ਕਲਾਕਾਰ ਦਾ ਸਿੰਘਾਸਨ ਕਾਇਮ, ਤੇ ਨਾ ਕਰਦੇ ਦਾ ਹਿੱਲਿਆ ਹੋਇਆ ਰਹਿੰਦਾ ਹੈ। ਐਵੇਂ ਹੀ ਕੋਈ ਪੁੱਛ ਬੈਠੇ, “ਅਜ ਤੁਹਾਡੀ ਸ਼ੂਟਿੰਗ ਨਹੀਂ!” ਤਾਂ ਵੱਡੇ ਤੋਂ ਵੱਡਾ ਸਟਾਰ ਵੀ ਥਿੜਕ ਜਾਂਦਾ ਹੈ। ਕਾਰਨ ਇਹ ਕਿ ਇਸ ਸਵਾਲ ਨਾਲ, ਕਿਤੇ ਦੂਰ ਸਾਰੇ, ਖਤਰੇ ਦੀ ਘੰਟੀ ਬੱਝੀ ਹੋਈ ਹੈ ਜਿਸ ਦੀ ‘ਵਾਜ ਫਿਲਮ ਸਟਾਰ ਦੇ ਕੰਨਾਂ ਨੂੰ ਚੰਗੀ ਨਹੀਂ ਲਗਦੀ।
ਮੈਨੂੰ ਸੱਤ ਵਜੇ ਦਾ ਟਾਈਮ ਦਿੱਤਾ ਗਿਆ ਸੀ ਪਰ ਸਟੂਡੀਓ ਜਾ ਕੇ ਪਤਾ ਲੱਗਾ ਕਿ ਸ਼ਿਫਟ ਨੌਂ ਵਜੇ ਸ਼ੁਰੂ ਹੋਵੇਗੀ। ਇਤਨਾ ਪਹਿਲੇ ਕਿਉਂ ਬੁਲਾ ਲਿਆ ਮੈਨੂੰ? ਅੱਠ ਵਜੇ ਤਕ ਤਾਂ ਫਨੀ-ਦਾ (ਫਿਲਮ ਡਾਇਰੈਕਟਰ ਫਨੀ ਮਜੂਮਦਾਰ) ਦੇ ਸਹਾਇਕਾਂ ਨੇ ਵੀ ਦਰਸ਼ਨ ਨਾ ਦਿਤੇ ਪਰ ਮੈਂ ਇਸ ਗੱਲ ਉਤੇ ਬਹੁਤਾ ਗੌਰ ਨਾ ਕੀਤਾ – ਪਹਿਲੀ ਸ਼ੂਟਿੰਗ ਦਾ ਚਾਅ ਜੋ ਸੀ। ਅਸਲ ਵਿਚ ਅਜਿਹੇ ਅਪਮਾਨ ਛੋਟੇ ਕਲਾਕਾਰਾਂ ਦਾ ਦਿਮਾਗ ਠੀਕ ਥਾਂ ਰਖਣ ਲਈ ਕੀਤੇ ਜਾਂਦੇ ਹਨ। ਵੱਡੇ ਕਲਾਕਾਰ, ਅਰਥਾਤ ਸਟਾਰ, ਆਪਣੀ ਮਰਜ਼ੀ ਦੇ ਮਾਲਕ, ਸ਼ਿਫਟ ਸ਼ੁਰੂ ਹੋਣ ਤੋਂ ਦੋ-ਦੋ, ਚਾਰ-ਚਾਰ ਘੰਟੇ ਦੇਰ ਨਾਲ ਆਉਂਦੇ ਹਨ ਪਰ ਉਹਨਾਂ ਦੀ ਹਰ ਕੱਜ-ਅਦਾਈ ਦਾ ਮੁਸਕਰਾਹਟਾਂ ਨਾਲ ਸੁਆਗਤ ਕਰਨਾ, ਪ੍ਰੋਡਿਊਸਰ, ਡਾਇਰੈਕਟਰ, ਤੇ ਯੂਨਿਟ ਦੇ ਹਰ ਇਕ ਕਰਮਚਾਰੀ ਦਾ ਫਰਜ਼ ਹੋ ਜਾਂਦਾ ਹੈ। ਤੇ ਇੰਜ ਕੀਤਿਆਂ ਸਵੈ-ਮਾਣ ਵਿਚ ਪਈਆਂ ਤਰੇੜਾਂ ਥੁੱਕ ਲਾ ਕੇ ਜੋੜਨ ਲਈ ਛੋਟੇ ਕਲਾਕਾਰਾਂ ਨੂੰ ਬਿਲਾ-ਵਜ੍ਹਾ ਫਟਕਾਰਿਆ ਤੇ ਜ਼ਲੀਲ ਕੀਤਾ ਜਾਂਦਾ ਹੈ। ਉਹਨਾਂ ਦੀ ਲਾਚਰੀ ਉਹਨਾਂ ਨੂੰ ਅੱਗੋਂ ਕੁਸਕਣ ਜੋ ਨਹੀਂ ਦੇਂਦੀ, ਕਿਉਂਕਿ ਕਿਸੇ ਵਕਤ ਵੀ ਉਹਨਾਂ ਨੂੰ ਕੰਨੋਂ ਫੜ ਕੇ ਹਟਾਇਆ ਜਾ ਸਕਦਾ ਹੈ। ਹਾਂ, ਪਰ ਜੇ ਕਿਸੇ ਛੋਟੇ ਕਲਾਕਾਰ ਨੂੰ ਰੱਬ-ਸਬਬੀ ਕਿਸਮਤ ਉਤਾਂਹ ਚੁੱਕ ਲਏ, ਤਾਂ ਫੇਰ ਗਿਣ-ਗਿਣ ਕੇ ਬਦਲੇ ਲੈਣ ਦਾ ਉਸ ਦਾ ਸਮਾਂ ਆ ਜਾਂਦਾ ਹੈ, ਹਾਲਾਂਕਿ ਛੋਟੇ ਕਲਾਕਾਰਾਂ ਦੀ ਮਦਦ ਕਰਨ ਦਾ ਜਿਨ੍ਹਾਂ ਵਿਚੋਂ ਉਹ ਉਗਮਿਆਂ ਸੀ, ਉਹਨੂੰ ਵੀ ਕੋਈ ਖਿਆਲ ਨਹੀਂ ਰਹਿੰਦਾ।
ਸੈੱਟ ਸਟੂਡੀਓ ਦੇ ਹਾਤੇ ਵਿਚ ਲਾਇਆ ਗਿਆ ਸੀ – ਕਿਸੇ ਅਮੀਰ ਆਦਮੀ ਦੇ ਵਿਹੜੇ ਤੇ ਬਗੀਚੇ ਦਾ ਸੈੱਟ। ਸਾਢੇ ਨੌਂ ਕੁ ਵਜੇ ਫਨੀ-ਦਾ ਤਸ਼ਰੀਫ ਲਿਆਏ, ਤੇ ਕੈਮਰਾਮੈਨ ਘੋਸ਼ ਨੇ ਹੌਲੀ-ਹੌਲੀ ਲਾਈਟਿੰਗ ਅਰੰਭ ਕੀਤੀ। ਗਿਆਰਾਂ ਕੁ ਵਜੇ ਸਟੂਡੀਓ ਦੇ ਫਾਟਕ ਵਿਚ ਫਿਲਮ ਦੇ ਕੁਝ ਇਕ ਮੁਖ ਪਾਤਰਾਂ ਦੀਆਂ ਮੋਟਰਾਂ ਦਾਖਲ ਹੋਈਆਂ – ਚਾਰਲੀ (ਸਣੇ ਆਪਣੇ ਐਲਸੇਸ਼ੀਅਨ ਕੁੱਤੇ ਦੇ), ਆਗਾ, ਡੇਵਿਡ, ਕੁਸਮ, ਦੇਸ਼ ਪਾਂਡੇ, ਸੁਨਾਲਿਨੀ ਦੇਵੀ। ਇਹ ਲੋਕ ਤਾਜ ਮਹੱਲ ਦੀ ਕਿਸੇ ਡਿਨਰ ਪਾਰਟੀ ਤੋਂ ਆ ਰਹੇ ਸਨ। ਮਰਦਾਂ ਨੇ ਆਕੜੀਆਂ ਹੋਈਆਂ, ਤਿੱਤਲੀ-ਕਾਲਰ ਕਮੀਜ਼ਾਂ ਦੇ ਕਾਲੇ ਡਿਨਰ-ਸੂਟ ਪਾਏ ਹੋਏ ਸਨ ਜਿਨ੍ਹਾਂ ਦੀ ਜੰਗ ਦੇ ਜ਼ਮਾਨੇ ਇੰਗਲਿਸ਼ਸਤਾਨ ਵਿਚ ਮੈਂ ਮਨਾਹੀ ਜਿਹੀ ਵੇਖੀ ਸੀ। ਉਹਨਾਂ ਦੇ ਆਉਂਦਿਆਂ ਸਾਰ ਮੇਜ਼ ਉਤੇ ਚਿੱਟਾ ਕਪੜਾ ਵਛਾ ਦਿੱਤਾ ਗਿਆ, ਝਮ-ਝਮ ਕਰਦੇ ਚੀਨੀ ਦੇ ਸੈੱਟ ਵਿਚ ਸੈਂਡਵਿਚਾਂ ਤੇ ਕਾਫੀ ਆ ਗਈ। ਮੈਂ ਕਦੇ ਬੀ.ਬੀ.ਸੀ. ਵਿਚ ਵੀ ਇਤਨੇ ਨਵਾਬੀ ਠਾਠ ਨਾਲ ਕੰਮ ਹੁੰਦਾ ਨਹੀਂ ਸੀ ਵੇਖਿਆ। ਅਜੀਬ-ਅਜੀਬ ਲੱਗਾ। ਕੀ ਇਹ ਉਹੀ ਮੁਲਕ ਸੀ ਜਿਥੇ ਸਾਲ ਭਰ ਪਹਿਲਾਂ ਲੱਖਾਂ ਆਦਮੀ ਭੁੱਖ ਨਾਲ ਮਰ ਗਏ ਸਨ, ਤੇ ਜਿਥੇ ਸੰਨ 52 ਦੇ ਦਮਨ-ਚੱਕਰ ਵਿਚ ਫੜੇ ਹੋਏ ਲੱਖਾਂ ਦੇਸ਼ਭਗਤ ਅਜੇ ਵੀ ਜੇਲ੍ਹ ਵਿਚ ਸੜ ਰਹੇ ਸਨ? ਹਿੰਦੁਸਤਾਨ ਵਪਾਰੀਆਂ ਦਾ ਦੇਸ਼ ਹੈ ਪਰ ਅਜੇ ਮੈਂ ਉਹਨਾਂ ਵਪਾਰੀਆਂ ਦਾ ਆਦੀ ਨਹੀਂ ਸਾਂ ਹੋਇਆ। ਨਵਾਂ-ਨਵਾਂ ਜੋ ਆਪਣੇ ਮੁਲਕ ਪਰਤਿਆ ਸਾਂ।
ਕਾਫੀ ਪੀ ਕੇ ਸਟਾਰ ਰੁਖਸਤ ਹੋ ਗਏ। ਉਹਨਾਂ ਦਾ ਕੰਮ ਕਰਨ ਦਾ ‘ਮੂਡ’ ਨਹੀਂ ਸੀ ਬਣ ਰਿਹਾ, ਸੈੱਟ ਦਾ ਪਹਿਲਾ ਦਿਨ ਸੀ। ਖੌਰੇ ਸਜਾਵਟ ਤੇ ਲਾਈਟਿੰਗ ਵਿਚ ਹੋਰ ਕਿਤਨਾ ਚਿਰ ਲਗ ਜਾਏ। ਫਨੀ-ਦਾ ਨੇ ਉਹਨਾਂ ਨੂੰ ਕੰਮ ਅਗਲੇ ਦਿਨ ‘ਤੇ ਪਾ ਕੇ, ਖਿੜੇ ਮੱਥੇ ਰੁਖਸਤ ਕਰ ਦਿਤਾ। ਬਾਕੀ ਰਹਿ ਗਿਆ ਮੈਂ, ਤੇ ਫਿਲਮ ਦਾ ਹੀਰੋ, ਨਵੀਨ ਯਾਗਨਿਕ ਜੋ ਸਟਾਰਪਣੇ ਦੀ ਮੁਹਾਠ ਤੱਕ ਚਿਰਾਂ ਦਾ ਪੁੱਜਿਆ ਹੋਇਆ ਸੀ ਪਰ ਅਜੇ ਟੱਪਿਆ ਨਹੀਂ ਸੀ। ਜਦੋਂ ਅਸੀਂ ਕਾਫੀ ਪੀ ਰਹੇ ਸਾਂ ਤਾਂ ਉਹ ਅੰਦਰ ਮੇਕ-ਅਪ ਕਰ ਰਿਹਾ ਸੀ, ਤੇ ਹੁਣ ਚੁੱਪ-ਚਾਪ ਇਕ ਕੁਰਸੀ ‘ਤੇ ਆ ਕੇ ਬਹਿ ਗਿਆ। ਉਹਨੇ ਨੀਲੇ ਰੰਗ ਦਾ ਕੁਰਤਾ-ਪਜਾਮਾ ਪਾਇਆ ਹੋਇਆ ਸੀ ਜੋ ਉਸ ਦੇ ਮੇਕ-ਅਪ ਨਾਲ ਮਿਲ ਕੇ ਬੜਾ ਹਨੂੰਮਾਨੀ ਜਿਹਾ ਪ੍ਰਭਾਵ ਪੈਦਾ ਕਰ ਰਿਹਾ ਸੀ। ਜਦੋਂ ਗੱਲਬਾਤ ਸ਼ੁਰੂ ਹੋਈ ਤਾਂ ਨਵੀਨ ਨੇ ਦਸਿਆ ਕਿ ਪਰਦੇ ਉਤੇ ਇਹਨਾਂ ਕਪੜਿਆਂ ਦਾ ਰੰਗ ਚਿੱਟਾ ਹੀ ਆਵੇਗਾ। ਇਕ ਦਮ ਚਿੱਟੇ ਕਪੜੇ ਰੰਗੀਨ ਫਿਲਮ ਵਿਚ ਤਾਂ ਪਾਏ ਜਾ ਸਕਦੇ ਹਨ ਪਰ ਕਾਲੀ-ਚਿੱਟੀ ਫਿਲਮ ਵਿਚ ਨਹੀਂ। ਉਹਨਾਂ ਦਾ ਲਿਸ਼ਕਾਰਾ ਕੈਮਰਾਮੈਨ ਦੇ ਕੰਮ ਵਿਚ ਉਲਝਣਾਂ ਪੈਦਾ ਕਰਦਾ ਹੈ।
“ਪਰ ਅਜਿਹੇ ਬੌਂਗੇ ਕਪੜੇ ਪਾ ਕੇ, ਤੇ ਮੂੰਹ ਉਤੇ ਇਤਨਾ ਗਾੜ੍ਹਾ ਮੇਕ-ਅੱਪ ਥੱਪ ਕੇ ਕੀ ਕਲਾਕਾਰ ਦੀ ਮਾਨਸਿਕ ਸੁਹਜ-ਸੁਭਾਵਕਤਾ ਨਸ਼ਟ ਨਹੀਂ ਹੋ ਜਾਂਦੀ?” ਮੈਂ ਪੁਛਿਆ।
“ਆਦਤ ਹੋ ਜਾਂਦੀ ਹੈ।” ਨਵੀਨ ਸੰਖੇਪ ਜਿਹਾ ਜਵਾਬ ਦੇ ਕੇ ਚੁੱਪ ਹੋ ਗਿਆ। ਮੈਨੂੰ ਬੜੀ ਹੈਰਾਨੀ ਹੋਈ। ਅਭਿਨੈ ਕਲਾ ਬਾਰੇ ਜਿਤਨਾ ਕੁਝ ਪੜ੍ਹਿਆ-ਗੁੜਿਆ ਸੀ, ਉਸ ਦੇ ਆਧਾਰ ਉਤੇ ਸੁਭਾਵਿਕਤਾ ਤੇ ਕੁਦਰਤੀਪਣ ਸਭ ਤੋਂ ਜ਼ਰੂਰੀ ਚੀਜ਼ ਸੀ। ਮੇਰੇ ਮਹੱਤਵਪੂਰਨ ਸਵਾਲ ਦਾ ਹੀਰੋ ਨੇ ਸ਼ਾਇਦ ਮਤਲਬ ਨਹੀਂ ਸਮਝਿਆ, ਮੈਂ ਸੋਚਿਆ।
ਨਵੀਨ ਦਾ ਚੌੜਾ ਸਪਾਟ ਜਿਹਾ ਚਿਹਰਾ ਪਹਿਲੀ ਨਜ਼ਰੇ ਮੈਨੂੰ ਹੁਸੀਨ ਨਹੀਂ ਸੀ ਲੱਗਿਆ। ਮੈਨੂੰ ਹੋਛੀ ਜਿਹੀ ਤਸੱਲੀ ਹੋਈ ਸੀ ਕਿ ਸਕਰੀਨ ਉਤੇ ਮੈਂ ਉਸ ਤੋਂ ਵਧ ਹੁਸੀਨ ਦਿਸਾਂਗਾ ਪਰ ਹੱਸਣ ਵੇਲੇ, ਮੈਂ ਵੇਖਿਆ, ਉਸ ਦੀਆਂ ਗੱਲ੍ਹਾਂ ਵਿਚ ਕਲਾਰਕ ਬੇਗਲ ਵਰਗੇ ਡੂੰਘ ਪੈਂਦੇ ਸਨ। ਉਸ ਦੀ ਠਹਿਰੀ ਹੋਈ ਤੇ ਸੰਜੀਦਾ ਤਬੀਅਤ ਨੇ ਵੀ ਮੇਰੇ ਉਪਰ ਬੜਾ ਚੰਗਾ ਪ੍ਰਭਾਵ ਪਾਇਆ।
ਨਵੀਨ ਯਾਗਨਿਕ ਦੇ ਭਾਗਾਂ ਵਿਚ ਲੰਮਾ ਜੀਣਾ ਨਹੀਂ ਸੀ ਲਿਖਿਆ। ਉਸ ਫਿਲਮ ਦੇ ਮੁਕੰਮਲ ਹੋਣ ਤੋਂ ਕੁਝ ਸਾਲ ਪਿਛੋਂ ਉਹ ਮਿਆਦੀ ਬੁਖਾਰ ਦਾ ਸ਼ਿਕਾਰ ਹੋ ਕੇ ਗੁਜ਼ਰ ਗਿਆ ਸੀ। ਬੜੀ ਨਾਗਹਾਨੀ ਮੌਤ ਸੀ ਉਹ। ਫਿਲਮਾਂ ਅੰਦਰ ਗੁਜ਼ਾਰੇ ਸਮੇਂ ਵਿਚ ਨਵੀਨ ਨੇ ਬੜੇ ਚੰਗੇ-ਚੰਗੇ ਕੰਮ ਕੀਤੇ ਸਨ – ਐਕਸਟਰਾਵਾਂ ਤੇ ਸਟੂਡੀਓ-ਮਜ਼ਦੂਰਾਂ ਦੀਆਂ ਯੂਨੀਅਨਾਂ ਬਣਾਈਆਂ, ਨਿਆਂ ਲਈ ਜਦੋਜਹਿਦ ਕੀਤੀ। ਉਸ ਦੇ ਇਕ ਹੋਰ ਸਰਗਰਮ ਸਾਥੀ ਜਿਸ ਦਾ ਨਾਂ ਕ੍ਰਿਸ਼ਨ ਕੁਮਾਰ ਸੀ, ਨੂੰ ਏਸੇ ਸੇਵਾ ਬਦਲੇ ਗੁੰਡਿਆਂ ਨੇ ਕਤਲ ਕਰ ਦਿੱਤਾ ਸੀ। ਮੈਂ ਉਹਨਾਂ ਨੇਕ ਤੇ ਨਿੱਡਰ ਦੋਹਾਂ ਬੰਦਿਆਂ ਨੂੰ ਸਲਾਮ ਕਰਦਾ ਹਾਂ। ਨਵੀਨ ਕੋਲੋਂ ਉੱਠ ਕੇ ਹੁਣ ਮੈਂ ਵੀ ਮੇਕ-ਅੱਪ ਕਰਨ ਚਲਾ ਗਿਆ। ਮੇਕ-ਅੱਪ-ਮੈਨ ਦਾ ਨਾਂ ਸਵਾਮੀ ਸੀ। ਅਜੇ ਵੀ ਕਦੇ-ਕਦੇ ਸਟੂਡੀਓ ਵਿਚ ਉਸ ਦੇ ਦਰਸ਼ਨ ਹੋ ਜਾਂਦੇ ਹਨ। ਪਿਛਲੇ ਵੀਹਾਂ ਸਾਲਾਂ ਵਿਚ ਉਸ ਦੀ ਆਰਥਕ ਦਸ਼ਾ ਜ਼ਰਾ ਵੀ ਨਹੀਂ ਬਦਲੀ। ਉਹ ਇਕ ਥਾਂ ਕਾਇਮ ਹੀ ਰਹੀ ਹੋਵੇ – ਸ਼ਾਇਦ ਇਹ ਵੀ ਨਹੀਂ ਆਖਿਆ ਜਾ ਸਕਦਾ। ਏਸ ਆਦਮਖੋਰ ਫਿਲਮੀ ਧੰਦੇ ਅੰਦਰ ਸੌ ਚੋਂ ਨੜਿੰਨਵੇਂ ਕਿਰਤੀਆਂ ਦੀ ਇਹੋ ਕਹਾਣੀ ਹੈ। (ਚੱਲਦਾ)