ਜੰਗ ਦੀ ਤਬਾਹੀ ਅਤੇ ਵਿਲਕਦੇ ਲੋਕ

ਜਸਦੀਪ ਸਿੰਘ
ਫੋਨ: +91-99886-38850
ਯੂਕਰੇਨ ਜੰਗ ਨੇ ਕਈ ਤਰ੍ਹਾਂ ਦੇ ਸਵਾਲ ਪੈਦਾ ਕੀਤੇ ਹਨ। ਉਂਝ, ਇਹ ਤੈਅ ਹੀ ਹੁੰਦਾ ਹੈ ਕਿ ਜੰਗਾਂ ਵਿਚ ਸਭ ਤੋਂ ਵਧੇਰੇ ਖਮਿਆਜ਼ਾ ਆਮ ਲੋਕਾਂ ਨੂੰ ਝੱਲਣਾ ਪੈਂਦਾ ਹੈ। ਜੰਗ ਲੱਗਣ ਜਾਂ ਲਗਾਉਣ ਦੇ ਕਾਰਨ ਕੁਝ ਵੀ ਹੋ ਸਕਦੇ ਹਨ ਪਰ ਜਦੋਂ ਇਕ ਵਾਰ ਜੰਗ ਲੱਗ ਜਾਂਦੀ ਹੈ ਤਾਂ ਇਸ ਵਿਚ ਆਮ ਆਦਮੀ ਨਪੀੜਿਆ ਜਾਂਦਾ ਹੈ।

ਇਸ ਲੇਖ ਵਿਚ ਜਸਦੀਪ ਸਿੰਘ ਨੇ ਜੰਗ ਦੇ ਇਸ ਦਰਦ ਨੂੰ ਸਾਹਿਤ ਦੇ ਜ਼ਰੀਏ ਸਮਝਣ ਅਤੇ ਸਮਝਾਉਣ ਦਾ ਯਤਨ ਕੀਤਾ ਹੈ।
ਯੂਕਰੇਨ ਯੂਰਪ ਦਾ ਦੂਜਾ ਵੱਡਾ ਮੁਲਕ ਹੈ ਜਿੱਥੇ ਛੇ ਲੱਖ ਕਿਲੋਮੀਟਰ ਖਿੱਤੇ ਵਿਚ 4 ਕਰੋੜ ਲੋਕ ਵਸਦੇ ਹਨ। 77 ਫੀਸਦੀ ਯੂਕਰੇਨੀ ਹਨ ਅਤੇ 17 ਫੀਸਦੀ ਰੂਸੀ ਮੂਲ ਦੇ। ਪਹਿਲਾ ਵੱਡਾ ਮੁਲਕ ਰੂਸ ਹੈ, 1.7 ਕਰੋੜ ਕਿਲੋਮੀਟਰ ਖਿੱਤਾ ਅਤੇ ਵਸੋਂ 15 ਕਰੋੜ। ਬਹੁਤੇ ਲੋਕ ਦੋਵੇਂ ਰੂਸੀ ਅਤੇ ਯੂਕਰੇਨੀ ਬੋਲੀਆਂ ਬੋਲਦੇ ਹਨ। ਨੀਪਰ ਦਰਿਆ ਕੰਡੇ ਵਸਿਆ ਕੀਵ ਸ਼ਹਿਰ ਇਸ ਦੀ ਰਾਜਧਾਨੀ ਹੈ ਅਤੇ ਨੀਪਰ ਘਾਟੀ ਵਿਚ ਹੀ ਨੌਵੀਂ ਸਦੀ ਦਾ ‘ਕੀਵਨ ਰੂਸ’ ਨਾਮ ਦਾ ਰਾਜ ਹੋਂਦ ਵਿਚ ਆਇਆ। ਬੇਲਾਰੂਸ, ਯੂਕਰੇਨ ਅਤੇ ਰੂਸ, ਤਿੰਨੇ ਕੀਵਨ ਰੂਸ ਰਾਜ ਨੂੰ ਆਪਣੇ ਪੂਰਵਜ ਮੰਨਦੇ ਹਨ। ਰੂਸ ਦੀ ਮੌਜੂਦਾ ਰਾਜਧਾਨੀ ਮਾਸਕੋ ਸ਼ਹਿਰ ਵੀ ਕੀਵ ਵਾਸੀਆਂ ਨੇ ਵਸਾਇਆ ਸੀ। ਮੱਧਕਾਲ ਵਿਚ ਰੂਸ ਵਿਚ ਜ਼ਾਰਸ਼ਾਹੀ ਸੀ ਪਰ ਯੂਕਰੇਨ ਬਹੁਤਾ ਸਮਾਂ ਕਜ਼ਾਕ ਫੌਜੀ ਕਮਾਂਡਰ ਜਿਨ੍ਹਾਂ ਨੂੰ ਹੈਤਮੇਨ ਕਹਿੰਦੇ ਸਨ, ਦੇ ਅਧੀਨ ਰਿਹਾ। ਸੋਵੀਅਤ ਸੰਘ ਬਣਨ ਵੇਲੇ ਰੂਸ ਵਾਂਗ ਇਥੇ ਵੀ ਖਾਨਾਜੰਗੀ ਚੱਲਦੀ ਰਹੀ ਜਿਸ ਵਿਚ ਸ਼ਹਿਰੀ ਅਮੀਰਾਂ ਨੇ ਰਾਜਾਸ਼ਾਹੀ ਦੀ ਹਮਾਇਤ ਕੀਤੀ ਅਤੇ ਪੇਂਡੂ ਕਿਸਾਨਾਂ ਨੇ ਬਾਲਸ਼ਵਿਕਾਂ ਦੀ। ਸੋਵੀਅਤ ਯੂਨੀਅਨ ਬਣਨ ਤੋਂ ਬਾਅਦ ਤਾਤਰ ਕਬਾਇਲੀਆਂ ਦੀ ਰਿਆਸਤ ਕਰੀਮੀਆ ਵੀ ਯੂਕਰੇਨ ਦਾ ਹਿੱਸਾ ਬਣ ਗਈ। ਪੂਰਬੀ ਯੂਕਰੇਨ ਵਿਚ ਖਾਣਾਂ ਸਨ ਅਤੇ ਸੋਵੀਅਤ ਦੌਰ ਵਿਚ ਇੱਥੇ ਸਨਅਤ ਵੀ ਵਿਕਸਿਤ ਕੀਤੀ ਗਈ। ਰੂਸੀ ਕਾਮਿਆਂ ਦੀ ਵਸੋਂ ਪੂਰਬੀ ਯੂਕਰੇਨ ਦੇ ਡੋਨਬਾਸ ਅਤੇ ਡੋਨਿਆਸਕ ਇਲਾਕਿਆਂ ਵਿਚ ਵਧੀ।
ਰੂਸ ਨੇ ਇਸੇ ਪੂਰਬੀ ਇਲਾਕੇ ਨੂੰ ਆਜ਼ਾਦ ਕਰਵਾਉਣ ਦੇ ਨਾਂ ‘ਤੇ ਯੂਕਰੇਨ ਉੱਪਰ ਧਾਵਾ ਬੋਲਿਆ ਹੈ। ਸੋਵੀਅਤ ਦੌਰ ਵਿਚ ਰੂਸੀ ਭਾਸ਼ਾ ਦਾ ਬੋਲਬਾਲਾ ਸੀ ਅਤੇ ਯੂਕਰੇਨੀ ਬੋਲੀ ਦੀ ਸਰਕਾਰੇ ਦਰਬਾਰੇ ਕੋਈ ਪੁੱਛ-ਗਿੱਛ ਨਹੀਂ ਸੀ। 1991 ਵਿਚ ਯੂਕਰੇਨ ਆਜ਼ਾਦ ਦੇਸ਼ ਬਣ ਗਿਆ। ਹੌਲੀ-ਹੌਲੀ ਯੂਕਰੇਨੀ ਭਾਸ਼ਾ ਅਤੇ ਯੂਕਰੇਨੀ ਇਤਿਹਾਸ ਸਰਕਾਰੇ ਦਰਬਾਰੇ ਅਸਰ-ਰਸੂਖ ਰੱਖਣ ਲੱਗੇ। ਰੂਸੀ ਬੋਲੀ ਦੋਇਮ ਦਰਜੇ ‘ਤੇ ਚਲੀ ਗਈ। 2014 ਵਿਚ ਯੂਕਰੇਨੀ ਲੋਕਾਂ ਦੇ ਵਿਰੋਧ ਨੇ ਰੂਸ ਪੱਖੀ ਪ੍ਰਧਾਨ ਮੰਤਰੀ ਨੂੰ ਅਸਤੀਫਾ ਦੇਣ ਅਤੇ ਰੂਸ ਵਿਚ ਪਨਾਹ ਲੈਣ ਲਈ ਮਜਬੂਰ ਕਰ ਦਿੱਤਾ। ਪੱਛਮੀ ਯੂਰਪ-ਅਮਰੀਕਾ ਪੱਖੀ ਰਾਜਪਲਟੇ ਦੇ ਜਵਾਬ ਵਿਚ ਰੂਸ ਨੇ ਯੂਕਰੇਨ ‘ਤੇ ਚੜ੍ਹਾਈ ਕਰ ਦਿੱਤੀ ਅਤੇ ਕਰੀਮੀਆ ਇਲਾਕੇ ਨੂੰ ਆਪਣੇ ਵਿਚ ਰਲਾ ਲਿਆ। ਪੱਛਮੀ ਯੂਕਰੇਨ ਦੀ ਬਹੁਤੀ ਵਸੋਂ ਯੂਰਪ-ਅਮਰੀਕਾ-ਨਾਟੋ ਪੱਖੀ ਹੈ ਅਤੇ ਪੂਰਬੀ ਯੂਕਰੇਨ ਰੂਸ ਪੱਖੀ। ਰਾਸ਼ਟਰਪਤੀ ਜ਼ੈਲੰਸਕੀ ਚਾਹੁੰਦਾ ਸੀ ਕਿ ਯੂਕਰੇਨ ਨੂੰ ਯੂਰਪੀ ਯੂਨੀਅਨ ਅਤੇ ਨਾਟੋ ਵਿਚ ਸ਼ਾਮਿਲ ਕੀਤਾ ਜਾਵੇ। ਰੂਸੀ ਰਾਸ਼ਟਰਪਤੀ ਪੂਤਿਨ ਨੂੰ ਇਹ ਮਨਜ਼ੂਰ ਨਹੀਂ ਸੀ ਅਤੇ 24 ਫਰਵਰੀ 2022 ਨੂੰ ਰੂਸ ਨੇ ਯੂਕਰੇਨ ‘ਤੇ ਚੜ੍ਹਾਈ ਕਰ ਦਿੱਤੀ।
ਉੱਘੇ ਯੂਕਰੇਨੀ ਲੇਖਕ ਆਂਦਰੇ ਕੁਰਕੋਵ ਨੇ ਨਿਊ ਯੌਰਕਰ ਮੈਗਜ਼ੀਨ ਵਿਚ ਲਿਖੇ ਲੇਖ ‘ਜੰਗ ਦੀ ਵਿਰਾਸਤ ਅਤੇ ਭਾਸ਼ਾ’ ਵਿਚ ਲਿਖਿਆ ਹੈ- “ਮੈਂ 1961 ਵਿਚ ਜਨਮਿਆ ਸੀ, ਦੂਜੀ ਸੰਸਾਰ ਜੰਗ ਤੋਂ ਸੋਲਾਂ ਸਾਲਾਂ ਬਾਅਦ, ਇਸ ਜੰਗ ਵਿਚ ਮੇਰਾ ਦਾਦਾ ਚੱਲ ਵਸਿਆ ਸੀ… ਆਪਣੇ ਬਚਪਨ ਵਿਚ ਮੈਂ ਆਪਣੇ ਹਾਣੀਆਂ ਨਾਲ ਲੜਾਈ ਲੜਾਈ ਜਾਂ ਜੰਗ ਲੜਨ ਦੀ ਖੇਡ ਖੇਡਦਾ ਰਿਹਾਂ। ਅਸੀਂ ਦੋ ਫੌਜਾਂ ਵਿਚ ਵੰਡੇ ਜਾਂਦੇ, ਸਾਡੀਆਂ ਅਤੇ ‘ਜਰਮਨ’ ਫੌਜਾਂ ਵਿਚਕਾਰ। ਕੋਈ ਵੀ ‘ਜਰਮਨ’ ਬਣ ਕੇ ਖੁਸ਼ ਨਾ ਹੁੰਦਾ, ਇਸ ਲਈ ਅਸੀਂ ਪੁਗਾਟਾ ਕਰਦੇ, ਤੇ ਕਿਸੇ ਨਾ ਕਿਸੇ ਨੂੰ ਖੇਡ ਦੌਰਾਨ ਮੱਲੋ-ਜ਼ੋਰੀ ‘ਜਰਮਨ’ ਬਣਨਾ ਪੈਂਦਾ। ਇਹ ਪੱਕਾ ਸੀ ਕਿ ‘ਜਰਮਨ’ ਫੌਜ ਨੇ ਅਖੀਰ ਹਾਰਨਾ ਹੈ। ਅਸੀਂ ਲੱਕੜ ਦੀਆਂ ਕਲਾਸ਼ਨੀਕੋਵ ਬੰਦੂਕਾਂ ਫੜੀ ਭੱਜਦੇ, ਆਪਣੇ ਦੁਸ਼ਮਣਾਂ ‘ਤੇ ਅਚਨਚੇਤ ਹਮਲਾ ਕਰਦੇ ਅਤੇ ‘ਰਟ-ਟਟ-ਟਟ-ਟਟ’ ਕਰਕੇ ਮਸ਼ੀਨਗੰਨ ਦੀ ਆਵਾਜ਼ ਕੱਢਦੇ ਹੋਏ ਉਨ੍ਹਾਂ ‘ਤੇ ‘ਗੋਲੀਆਂ’ ਵਰ੍ਹਾਉਂਦੇ।”
ਕੁਰਕੋਵ ਦੱਸਦਾ ਹੈ ਕਿ ਚੌਥੀ ਜਮਾਤ ਵਿਚ ਜਦੋਂ ਉਸ ਨੂੰ ਸਕੂਲ ਵਿਚ ਕੋਈ ਚੋਣਵੀਂ ਵਿਦੇਸ਼ੀ ਭਾਸ਼ਾ ਚੁਣਨ ਲਈ ਕਿਹਾ ਗਿਆ ਤਾਂ ਉਸ ਨੇ ਜਰਮਨ ਭਾਸ਼ਾ ਨੂੰ ਸਾਫ ਮਨ੍ਹਾ ਕਰ ਦਿੱਤਾ। ਉਸ ਨੇ ਸਾਫ ਕਿਹਾ, “ਉਨ੍ਹਾਂ ਨੇ ਮੇਰੇ ਦਾਦੇ ਅਲੈਕਸੇਈ ਨੂੰ ਮਾਰ ਦਿੱਤਾ ਸੀ!” ਤੇ ਕੋਈ ਵੀ ਉਸ ਦਾ ਮਨ ਬਦਲ ਨਾ ਸਕਿਆ। ਕੁਰਕੋਵ ਅਨੁਸਾਰ, “ਮੈਂ ਅੰਗਰੇਜ਼ੀ ਪੜ੍ਹੀ। ਦੂਸਰੀ ਆਲਮੀ ਜੰਗ ਵਿਚ ਬਰਤਾਨਵੀ ਸਾਡੇ ਭਾਈਵਾਲ ਸਨ। ਬਰਤਾਨਵੀ ਸਾਡੇ ਹਾਲੇ ਵੀ ਭਾਈਵਾਲ ਹਨ ਪਰ ‘ਸਾਡੇ’ ਦੇ ਅਰਥ ਬਦਲ ਗਏ ਹਨ: ਉਦੋਂ ਇਸ ਦਾ ਮਤਲਬ ਸੋਵੀਅਤ ਸੀ, ਹੁਣ ਇਹ ਯੂਕਰੇਨੀ ਹੈ। ਮੈਂ ਇਹ ਸੋਚ ਕੇ ਉਦਾਸ ਹੁੰਦਾ ਹਾਂ ਕਿ ਇਸ ਜੰਗ ਤੋਂ ਬਾਅਦ, ਜਦੋਂ ਬੱਚਿਆਂ ਨੂੰ ਸਕੂਲ ਵਿਚ ਰੂਸੀ ਭਾਸ਼ਾ ਚੁਣਨ ਲਈ ਕਿਹਾ ਜਾਵੇਗਾ ਤਾਂ ਉਹ ਸਾਫ ਮਨ੍ਹਾ ਕਰ ਦੇਣਗੇ ਅਤੇ ਕਹਿਣਗੇ, ‘ਰੂਸੀਆਂ ਨੇ ਮੇਰੇ ਦਾਦੇ ਨੂੰ ਮਾਰ ਦਿੱਤਾ ਸੀ!’ ਜਾਂ ‘ਰੂਸੀਆਂ ਨੇ ਮੇਰੀ ਛੋਟੀ ਭੈਣ ਨੂੰ ਮਾਰ ਦਿੱਤਾ ਸੀ!’ ਇਹ ਪੱਕਾ ਹੋਵੇਗਾ, ਤੇ ਇਹ ਅਜਿਹੇ ਮੁਲਕ ਵਿਚ ਹੋਵੇਗਾ ਜਿੱਥੇ ਵਸੋਂ ਦਾ ਤੀਜਾ ਹਿੱਸਾ ਘਰ ਵਿਚ ਰੂਸੀ ਬੋਲਦਾ ਹੈ, ਜਿੱਥੇ ਮੇਰੇ ਵਰਗੇ ਲੱਖਾਂ ਰੂਸੀ ਵਸਦੇ ਹਨ।”
ਕੁਰਕੋਵ ਇਸ ਜੰਗ ਕਾਰਨ ਬਹੁਤ ਪ੍ਰੇਸ਼ਾਨ ਹੈ; ਉਸ ਅਨੁਸਾਰ ਪੂਤਿਨ ਸਿਰਫ ਯੂਕਰੇਨ ਨੂੰ ਹੀ ਨਹੀਂ, ਰੂਸ ਨੂੰ ਵੀ ਤਬਾਹ ਕਰ ਰਿਹਾ ਹੈ। ਉਹ ਰੂਸੀ ਭਾਸ਼ਾ ਨੂੰ ਵੀ ਤਬਾਹ ਕਰ ਰਿਹਾ ਹੈ। ਉਹ ਕਹਿੰਦਾ ਹੈ, “ਇਸ ਭਿਆਨਕ ਜੰਗ ਦੌਰਾਨ ਰੂਸੀ ਫੌਜ ਦੇ ਸਕੂਲਾਂ, ਯੂਨੀਵਰਸਿਟੀਆਂ ਅਤੇ ਹਸਪਤਾਲਾਂ ‘ਤੇ ਬੰਬਾਰੀ ਕਰਨ ਕਰਕੇ ਮੈਨੂੰ ਬਹੁਤ ਵਾਰ ਆਪਣੇ ਰੂਸੀ ਹੋਣ ‘ਤੇ ਸ਼ਰਮ ਆਈ ਹੈ ਜਾਂ ਇਸ ਗੱਲ ‘ਤੇ ਕਿ ਮੇਰੀ ਮੁੱਢਲੀ ਬੋਲੀ ਰੂਸੀ ਹੈ। ਇਹ ਦੱਸਣ ਲਈ ਕਿ ਇਸ ਵਿਚ ਭਾਸ਼ਾ ਦਾ ਕੋਈ ਦੋਸ਼ ਨਹੀਂ ਹੈ, ਮੈਂ ਕਈ ਰਾਹ ਲੱਭੇ ਹਨ ਜਿਵੇਂ ਇਹ ਸਮਝਣਾ ਕਿ ਰੂਸੀ ਭਾਸ਼ਾ ਪੂਤਿਨ ਦੀ ਜਾਗੀਰ ਨਹੀਂ ਹੈ; ਯੂਕਰੇਨ ਦੇ ਬਹੁਤ ਸਾਰੇ ਸੈਨਿਕ ਰੂਸੀ ਬੋਲਣ ਵਾਲੇ ਹਨ; ਪੂਰਬੀ ਅਤੇ ਦੱਖਣੀ ਯੂਕਰੇਨ ਵਿਚ ਜੰਗ ਦੇ ਬਹੁਤ ਸਾਰੇ ਪੀੜਤ ਵੀ ਰੂਸੀ ਬੋਲਦੇ ਰੂਸੀ ਕੌਮ ਦੇ ਬਾਸ਼ਿੰਦੇ ਹਨ ਪਰ ਹੁਣ ਮੈਂ ਚੁੱਪ ਹੀ ਰਹਿੰਦਾ ਹਾਂ। ਮੈਂ ਯੂਕਰੇਨੀ ਭਾਸ਼ਾ ਚੰਗੀ ਤਰ੍ਹਾਂ ਬੋਲ ਲੈਂਦਾ ਹਾਂ। ਮੇਰੇ ਵਾਸਤੇ ਬਹੁਤ ਸੌਖਾ ਹੈ ਕਿ ਮੈਂ ਗੱਲ ਇਕ ਭਾਸ਼ਾ ‘ਚ ਸ਼ੁਰੂ ਕਰਾਂ ਅਤੇ ਖਤਮ ਦੂਜੀ ਭਾਸ਼ਾ ਵਿਚ।”
ਕੁਰਕੋਵ ਅਨੁਸਾਰ, “ਯੂਕਰੇਨ ਅਤੇ ਰੂਸ ਨੇ ਦੂਸਰੀ ਆਲਮੀ ਜੰਗ ਆਪਣੇ ਪਿੰਡੇ ‘ਤੇ ਇਕੱਠਿਆਂ ਹੰਢਾਈ ਹੈ… ਇੱਥੋਂ ਦੇ ਕੁਝ ਇਲਾਕਿਆਂ ਦੇ ਲੋਕ ਅਜੇ ਵੀ ਸੰਸਾਰ ਜੰਗ ਵੇਲੇ ਦਾ ਕਬਾੜ ਲੱਭ ਕੇ ਵੇਚਦੇ ਰਹੇ ਹਨ।… ਛੋਟੇ ਹੁੰਦਿਆਂ, ਮੈਨੂੰ ਕੀਵ ਨੇੜਲੇ ਪਿੰਡ ਤਾਰਾਸਵਿਕਾ ਜਾਣਾ ਪਸੰਦ ਸੀ। ਉੱਥੇ ਦੂਜੀ ਆਲਮੀ ਜੰਗ ਦੌਰਾਨ ਵੱਡੀ ਲੜਾਈ ਹੋਈ ਸੀ। ਮੈਂ ਅਤੇ ਮੇਰਾ ਮਿੱਤਰ ਸ਼ਾਸ਼ਾ ਸੋਲਵਿਓਵ ਰੇਲਗੱਡੀ ਰਾਹੀਂ ਜਾਂਦੇ। ਨਾਲ ਫੌਜੀ-ਕਹੀਆਂ ਲੈ ਕੇ ਜਾਂਦੇ ਤਾਂ ਕਿ ਪਿੰਡ ਨੇੜਲੀਆਂ ਪਹਾੜੀਆਂ ਵਿਚ ਖੁਦਾਈ ਕਰ ਸਕੀਏ। ਉੱਥੇ ਸਾਨੂੰ ਬੰਦੂਕਾਂ ਜਾਂ ਮਸ਼ੀਨਗੰਨਾਂ ਦੀਆਂ ਗੋਲੀਆਂ ਜਾਂ ਖੋਲ ਲੱਭ ਜਾਂਦੇ। ਕਦੇ ਗ੍ਰਨੇਡਾਂ ਦੇ ਹਿੱਸੇ ਜਾਂ ਵਰਦੀਆਂ ਦੇ ਬਟਨ ਵੀ ਮਿਲ ਜਾਂਦੇ।… ਜ਼ਿਯਤੋਮਿਰ ਇਲਾਕੇ ਦੇ ਲੋਕ ਬੜੇ ਲੰਮੇ ਸਮੇਂ ਤੋਂ ਜੰਗ ਵੇਲੇ ਦੇ ਦੱਬੇ ਖਜ਼ਾਨੇ ਲੱਭਣ ਵਿਚ ਲੱਗੇ ਹੋਏ ਹਨ। ਉਨ੍ਹਾਂ ਕੋਲ ਮਹਿੰਗੇ ਧਾਤ ਖੋਜੂ ਯੰਤਰ ਹਨ ਜਿਹੜੇ ਜ਼ਮੀਨ ਦੇ ਮੀਟਰ ਮੀਟਰ ਹੇਠਾਂ ਤੱਕ ਧਾਤ ਖੋਜ ਸਕਦੇ ਹਨ। ਉਹ ਆਪਣੇ ਵਾਧੂ ਸਮੇਂ ਵਿਚ ਇਨ੍ਹਾਂ ਯੰਤਰਾਂ ਨਾਲ ਖੇਤ ਅਤੇ ਜੰਗਲ ਖੋਜਦੇ ਰਹਿੰਦੇ ਹਨ।”
ਹੁਣ ਰੂਸੀ ਫੌਜ ਦੀ ਕਈ ਹਜ਼ਾਰ ਟਨ ਧਾਤ (ਭਾਵ ਚਲਾਇਆ ਜਾ ਰਿਹਾ ਸਿੱਕਾ ਬਾਰੂਦ) ਯੂਕਰੇਨੀ ਮਿੱਟੀ ‘ਤੇ ਅਤੇ ਜ਼ਮੀਨ ਵਿਚ ਦੱਬੀ ਜਾਵੇਗੀ। ਜੰਗ ਤੋਂ ਬਾਅਦ ਯੂਕਰੇਨ ਇਸ ਧਾਤ ਨੂੰ ਚੀਨ ਜਾਂ ਕਿਸੇ ਹੋਰ ਮੁਲਕ ਨੂੰ ਵੇਚ ਦੇਵੇਗਾ ਪਰ ਇਸ ਵੇਲੇ ਟੁੱਟੇ ਭੱਜੇ ਟੈਂਕ ਅਤੇ ਸੜੀਆਂ ਬਲੀਆਂ ਬਖਤਰਬੰਦ ਗੱਡੀਆਂ ਸਾਡੀਆਂ ਸੜਕਾਂ ਅਤੇ ਖੇਤਾਂ ਵਿਚ ਜਮ੍ਹਾਂ ਹੋ ਰਹੀਆਂ ਹਨ। ਉਹ ਸ਼ਹਿਰ ਜਿਹੜੇ ਰੂਸੀ ਫੌਜ ਦੀ ਮਾਰ ਤੋਂ ਬਚੇ ਹਨ, ਮੋਰਚੇ ਪੁੱਟ ਰਹੇ ਹਨ ਅਤੇ ਕੱਚੀਆਂ ਗੜ੍ਹੀਆਂ ਬਣਾ ਰਹੇ ਹਨ। ਉਨ੍ਹਾਂ ਨੂੰ ਪਤਾ ਲੱਗ ਗਿਆ ਹੈ ਕਿ “ਰੱਖਿਆ ਦੀ ਪਹਿਲੀ ਹੱਦ”, “ਦੂਜੀ ਹੱਦ” ਅਤੇ “ਤੀਜੀ ਹੱਦ” ਕਿਹੜੀ ਹੈ। … ਜਦੋਂ ਉਹ ਇਹ ਮੋਰਚੇ ਪੁੱਟ ਰਹੇ ਹੁੰਦੇ ਹਨ, ਅਚਰਜ ਲੱਭਤਾਂ ਮਿਲਦੀਆਂ ਹਨ – ਫੌਜੀ ਚੀਜ਼ਾਂ ਨਹੀਂ, ਥੇਹਾਂ ਵਿਚਲੀਆਂ ਲੱਭਤਾਂ। ਤਾਂਬਾ ਯੁੱਗ ਵੇਲੇ ਦੀਆਂ ਕਦੀਮੀ ਸ਼ੈਆਂ ਮਿਲ ਚੁੱਕੀਆਂ ਹਨ। ਯੂਕਰੇਨ ਦੇ ਥੇਹ ਖੋਜੀਆਂ ਦੀ ਯੂਨੀਅਨ ਨੇ ਕਾਇਦੇ ਜਾਰੀ ਕੀਤੇ ਹਨ ਜਿਸ ਵਿਚ ਹਰ ਕਿਸੇ ਨੂੰ ਸਲਾਹ ਹੈ ਕਿ ਜੇ ਕੁਝ ਪੁਰਾਣੇ ਸਮਿਆਂ ਦਾ ਲੱਭੇ ਤਾਂ ਉਸ ਦੀ ਥਾਂ ਯਾਦ ਕਰ ਕੇ ਨਕਸ਼ੇ ‘ਤੇ ਨਿਸ਼ਾਨੀ ਲਾ ਲਈ ਜਾਵੇ ਅਤੇ ਇਸ ਥਾਂ ਨੂੰ ਜੰਗ ਤੋਂ ਬਾਅਦ ਥੇਹ ਖੋਜ ਲਈ ਛੱਡ ਦਿੱਤਾ ਜਾਵੇ।”
ਰੂਸੀ ਰਾਸ਼ਟਰਪਤੀ ਪੂਤਿਨ ਨੇ ਇਸ ਜੰਗ ਨੂੰ ਜਾਇਜ਼ ਕਰਾਰ ਦੇਣ ਲਈ ਕਿਹਾ ਸੀ ਕਿ ਯੂਕਰੇਨ ਤਾਂ ਕੋਈ ਮੁਲਕ ਹੀ ਨਹੀਂ ਸੀ, ਐਵੇਂ ਹੀ ਲੈਨਿਨ ਨੇ ਪੂਰਬੀ ਯੂਕਰੇਨ ਦੇ ਖਿੱਤੇ ਯੂਕਰੇਨ ਨੂੰ ਦੇ ਦਿੱਤੇ। ਪੂਤਿਨ ਦਾ ਸੁਪਨਾ ਰੂਸੀ ਜ਼ਾਰਸ਼ਾਹੀ ਦੇ ਵੇਲਿਆਂ ਦਾ ਤਾਕਤਵਰ ਰੂਸ ਬਣਾਉਣ ਦਾ ਹੈ। ਰੂਸ ਦੀ ਇਸ ਮਾਨਸਿਕਤਾ ਬਾਰੇ ਕੁਰਕੋਵ ਲਿਖਦਾ ਹੈ, “ਜੰਗ ਮਗਰੋਂ ਦਰਜਨਾਂ ਸ਼ਹਿਰ ਅਤੇ ਹਜ਼ਾਰਾਂ ਪਿੰਡ ਖੰਡਰ ਬਣ ਜਾਣਗੇ। ਲੱਖਾਂ ਯੂਕਰੇਨੀ ਬੇਘਰ ਹੋ ਜਾਣਗੇ। ਕੁੜੱਤਣ ਹੋਵੇਗੀ ਅਤੇ ਨਫਰਤ ਹੋਵੇਗੀ। ਜਦੋਂ ਬੱਚੇ ਲੜਾਈ ਲੜਾਈ ਖੇਡਣਗੇ ਤਾਂ ਇਸ ਜੰਗ ਬਾਰੇ ਖੇਡਣਗੇ।” ਕੁਰਕੋਵ ਦਾ ਕਥਨ ਹੈ ਕਿ ਇਤਿਹਾਸ ਦੀ ਆਜ਼ਾਦੀ ਹੀ ਮੁਲਕ ਦੀ ਆਜ਼ਾਦੀ ਦੀ ਗਾਰੰਟੀ ਹੁੰਦੀ ਹੈ। ਉਹ ਦੱਸਦਾ ਹੈ ਕਿ ਇਸ ਜੰਗ ਨੇ ਯੂਕਰੇਨ ਦੇ ਹਾਲੇ ਨਾ ਲਿਖੇ ਗਏ ਇਤਿਹਾਸ ਵਿਚ ਕਈ ਮਿਥ ਜੋੜ ਦਿੱਤੇ ਹਨ। ਉਹਦੇ ਅਨੁਸਾਰ, “ਅੱਜ ਕੱਲ੍ਹ ਪ੍ਰਮੁੱਖ ਮਿਥ ਇਕ ਪਾਇਲਟ ਬਾਰੇ ਹੈ ਜਿਹੜਾ ਕੀਵ ਦੇ ਅਸਮਾਨਾਂ ਦੀ ਰਾਖੀ ਕਰਦਾ ਹੈ। ਉਸ ਨੂੰ ਕੀਵ ਦਾ ਪ੍ਰੇਤ ਕਹਿੰਦੇ ਹਨ ਜਿਸ ਬਾਰੇ ਅਫਵਾਹਾਂ ਹਨ ਕਿ ਉਹ ਕਿੰਨੇ ਹੀ ਰੂਸੀ ਜਹਾਜ਼ ਹੇਠਾਂ ਸੁੱਟ ਚੁੱਕਿਆ ਹੈ। ਉਹ ਭਾਵੇਂ ਅਸਲੀਅਤ ਹੈ ਜਾਂ ਸਿਰਫ ਮਿਥ, ਉਸ ਨੇ ਇਤਿਹਾਸ ਰਚ ਲਿਆ ਹੈ।”
ਇਤਿਹਾਸ ਮਨੁੱਖਾਂ ਦੀਆਂ ਕਬਰਾਂ ਅਤੇ ਤਾਕਤ ਦੀਆਂ ਮਿੱਥਾਂ ‘ਤੇ ਹੀ ਬਣਦਾ ਹੈ।