‘ਦਿ ਕਸ਼ਮੀਰ ਫਾਈਲਜ਼’ ਦੇ ਸਾਈਡ ਇਫੈਕਟ

ਰਵੀਸ਼ ਕੁਮਾਰ
ਪੇਸ਼ਕਸ਼: ਬੂਟਾ ਸਿੰਘ
ਯੂ.ਪੀ. ਦੇ ਕੁਸ਼ੀਨਗਰ ਵਿਚ ਤਿੰਨ ਦੋਸਤ ‘ਦਿ ਕਸ਼ਮੀਰ ਫਾਈਲਜ਼’ ਫਿਲਮ ਦੇਖ ਕੇ ਆਏ। ਉਨ੍ਹਾਂ ਵਿਚੋਂ ਦੋ ਸਕੇ ਭਰਾ ਹਨ। ਫਿਲਮ ਦੇਖਣ ਤੋਂ ਬਾਅਦ ਉਨ੍ਹਾਂ ਦੇ ਜਜ਼ਬਾਤ ਭੜਕ ਗਏ ਅਤੇ ਵਾਪਸ ਆ ਕੇ ਉਨ੍ਹਾਂ ਨੇ ਆਪਣਾ ਗੁੱਸਾ ਜੈਨੂਦੀਨ ‘ਤੇ ਕੱਢਿਆ।

ਲੋਕਾਂ ਨੇ ਵਿਚ ਪੈ ਕੇ ਝਗੜਾ ਮੁਕਾਇਆ ਅਤੇ ਸਮਝਿਆ ਕਿ ਮਾਮਲਾ ਨਿੱਬੜ ਗਿਆ ਹੈ ਪਰ ਜੈਨੂਦੀਨ ਬੜਾ ਪਾਗਲ ਸਾਬਤ ਹੋਇਆ। ਪਹਿਲਾਂ ਤੋਂ ਹੀ ਪੁਲਿਸ ਦੀ ਹਿਸਟਰੀ ਸ਼ੀਟ ਵਿਚ ਦਰਜ ਜੈਨੂਦੀਨ ਨੇ ਮੌਕਾ ਮਿਲਦੇ ਹੀ ਤਿੰਨਾਂ ਉੱਪਰ ਛੁਰੇ ਨਾਲ ਤਾਬੜ-ਤੋੜ ਹਮਲਾ ਕਰ ਦਿੱਤਾ। ਹੁਣ ਇਕ ਭਰਾ ਕੋਮਾ ਵਿਚ ਹੈ ਅਤੇ ਦੂਜੇ ਦੋਵੇਂ ਗੰਭੀਰ ਫੱਟੜ ਹਨ। ਜ਼ਾਹਿਰ ਹੈ, ਪੁਲਿਸ ਉੱਪਰ ਦਬਾਅ ਪਿਆ ਅਤੇ ਮਜਬੂਰਨ ਪੁਲਿਸ ਨੂੰ ਐਨਕਾਊਂਟਰ ਬਣਾਉਣਾ ਪਿਆ। ਜੈਨੂਦੀਨ ਦੇ ਪੈਰ ਵਿਚ ਗੋਲੀ ਲੱਗੀ ਅਤੇ ਹੁਣ ਉਹ ਹਿਰਾਸਤ ਵਿਚ ਹੈ। ਇਸ ਤਰ੍ਹਾਂ ਇਕ ਫਿਲਮ ਨੇ ਚਾਰ ਮਿੱਤਰਾਂ ਦੀ ਲੰਕਾ ‘ਚ ਅੱਗ ਲਾ ਦਿੱਤੀ। ਲੋਕ ਹੁਣ ‘ਦਿ ਕੁਸ਼ੀਨਗਰ ਫਾਈਲਜ਼’ ਨੂੰ ਪੜ੍ਹ ਕੇ ਅਨੰਦ ਲੈ ਸਕਦੇ ਹਨ।
ਦੂਜੀ ਘਟਨਾ ਚਾਰ-ਪੰਜ ਦਿਨ ਪਹਿਲਾਂ ਯੂ.ਪੀ. ਦੇ ਹੀ ਫਤਿਹਪੁਰ ਦੀ ਹੈ। ਇੰਸਪੈਕਟਰ ਰਾਜਿੰਦਰ ਸਿੰਘ ਚੌਹਾਨ ਦਾਰੂ ਪੀ ਕੇ ਘਰ ਆਏ। ਗੁਆਂਢ ਵਿਚ ਰਹਿੰਦੇ ਚੰਦਰ ਪ੍ਰਕਾਸ਼ ਗੁਪਤਾ ਜੀ ਦੇ ਬੱਚੇ ਗਲੀ ਵਿਚ ਖੇਡ ਰਹੇ ਸਨ। ਠਾਕੁਰ ਸਾਹਿਬ ਨੇ ਬੱਚਿਆਂ ਨੂੰ ਕਿਹਾ- ਬੋਲੋ ਜੈ ਸ੍ਰੀਰਾਮ! ਉਹ ਮੀਆਂ ਦੇ ਬੱਚੇ ਨਹੀਂ ਸਨ ਕਿ ਡਰ ਕੇ ਜੈ ਸ੍ਰੀਰਾਮ ਬੋਲ ਦਿੰਦੇ। ਬੱਚਿਆਂ ਨੇ ਆਨਾਕਾਨੀ ਕੀਤੀ ਅਤੇ ਇੰਸਪੈਕਟਰ ਨੇ ਆਪਣੇ ਸਰਵਿਸ ਰਿਵਾਲਵਰ ਨਾਲ ਗੋਲੀ ਚਲਾ ਦਿੱਤੀ। 15 ਸਾਲ ਦਾ ਮਯੰਕ ਅਤੇ 14 ਸਾਲ ਦਾ ਵਰਤਿਕਾ ਹਸਪਤਾਲ ਵਿਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ। ਤੁਸੀਂ ਜਾਣਦੇ ਹੀ ਹੋ, ਯੂ.ਪੀ. ਪੁਲਿਸ ਧਰਮ ਦੀ ਰੱਖਿਆ ਲਈ ਹਮੇਸ਼ਾ ਤਿਆਰ-ਬਰ-ਤਿਆਰ ਰਹਿੰਦੀ ਹੈ। ਐਸਾ ਸਰਕਾਰ ਦਾ ਆਦੇਸ਼ ਵੀ ਹੈ ਪਰ ਇੰਸਪੈਕਟਰ ਸਾਹਿਬ ਨੂੰ ਹੁਣ ਸਰਕਾਰ ਨਹੀਂ ਬਚਾ ਸਕਦੀ।
ਖੈਰ! ਇਨ੍ਹਾਂ ਦੋ ਕਹਾਣੀਆਂ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ? ਸਰਕਾਰ ਦੀ ਚੁੱਕ ‘ਚ ਆ ਕੇ ਜਜ਼ਬਾਤ ਓਨੇ ਹੀ ਉਬਲਣ ਦਿਓ ਜਿੰਨਾ ਝੱਲ ਸਕੋ। ਸਿਆਸਤ ਦੇ ਚੱਕਰ ‘ਚ ਗੁਆਂਢੀਆਂ ਨਾਲ ਰਿਸ਼ਤੇ ਨਾ ਵਿਗਾੜੋ। ਫਿਲਮ ਅਤੇ ਸਿਆਸਤ ਦੀ ਅਫੀਮ ਓਨੀ ਹੀ ਚੱਟੋ ਕਿ ਤੁਸੀਂ ਖੁਦ ਕਿਸੇ ਫਿਲਮ ਦੇ ਪਾਤਰ ਨਾ ਬਣ ਜਾਓ। ਰਿਸ਼ਤੇ, ਸਮਾਜ ਅਤੇ ਤੁਹਾਡਾ ਜੀਵਨ ਸਭ ਤੋਂ ਉੱਪਰ ਹੈ। ਤੁਸੀਂ ਹੀ ਪਾਗਲ ਨਹੀਂ ਹੋ – ਸਾਹਮਣੇ ਵਾਲਾ ਵੀ ਪਾਗਲ ਹੋ ਸਕਦਾ ਹੈ। ਆਪਣੀ ਜਾਂ ਦੂਜਿਆਂ ਦੀ ਜਾਨ ਦੇ ਦੁਸ਼ਮਣ ਨਾ ਬਣੋ।
ਅਰਥ ਸ਼੍ਰੀ ਧੰਦੇ ਮਾਤ੍ਰਮ ਕਥਾ।