ਮੈਂ ਤੇ ਮੇਰਾ ਬਾਪੂ

ਸਿਮਰਨ ਧਾਲੀਵਾਲ
ਫੋਨ: +91-94632-15168
ਸਿਮਰਨ ਧਾਲੀਵਾਲ ਮੁੱਖ ਰੂਪ ਵਿਚ ਕਹਾਣੀਕਾਰ ਹੈ। ਉਹਨੇ ਬੜੀਆਂ ਖੂਬਸੂਰਤ ਕਹਾਣੀਆਂ ਦੀ ਰਚਨਾ ਕੀਤੀ ਹੈ। ਇਸ ਲੇਖ ਵਿਚ ਉਹਨੇ ਆਪਣੇ ਬਾਪੂ ਬਾਰੇ ਕੁਝ ਗੱਲਾਂ ਕੀਤੀਆਂ ਹਨ ਜੋ ਹੁਣ ਸਦਾ ਲਈ ਉਸ ਦਾ ਸਾਥ ਛੱਡ ਗਿਆ ਹੈ। ਇਹ ਰਚਨਾ ਵੀ ਕਹਾਣੀ ਵਾਂਗ ਤੁਰਦੀ ਹੈ ਅਤੇ ਪਾਠਕ ਅੰਦਰ ਉਤਸੁਕਤਾ ਭਰੀ ਜਾਂਦੀ ਹੈ।

ਬਾਪੂ ਹਮੇਸ਼ਾ ਲਈ ਚਲਾ ਗਿਆ ਹੈ। ਸਾਰਾ ਕੁਝ ਛੱਡ ਕੇ। ਕਿਸੇ-ਕਿਸੇ ਦਿਨ, ਘਰ ਮੁੜਦਿਆਂ ਇਹ ਖਿਆਲ ਆਉਂਦਾ ਹੈ ਕਿ ਬਾਪੂ ਹੁਣ ਘਰ ਨਹੀਂ ਹੋਣਾ। ਉਹਦੇ ਨਾਲ ਜੁੜੀਆਂ ਕਿੰਨੀਆਂ ਗੱਲਾਂ ਯਾਦ ਆਉਣ ਲੱਗ ਜਾਂਦੀਆਂ ਨੇ। ਕੋਈ ਬੇ-ਵਿਸ਼ਵਾਸੀ ਜਿਹੀ ਹੁੰਦੀ ਹੈ। ਲੱਗਦਾ ਹੀ ਨਹੀਂ ਹੈ ਕਿ ਉਹ ਕਿਤੇ ਦੂਰ ਚਲਾ ਗਿਆ ਹੈ; ਉਥੇ ਜਿੱਥੋਂ ਕਦੇ ਕੋਈ ਨਹੀਂ ਮੁੜਦਾ। ਮੈਨੂੰ ਪਤਾ ਹੈ, ਵਕਤ ਨਾਲ ਇਹ ਸਭ ਲੱਗਣੋਂ ਹਟ ਜਾਏਗਾ। ਘਰ ਦੇ ਜੀਅ ਦਾ ਜਾਣਾ ਤਾਂ ਕਦੀ ਨਹੀਂ ਭੁੱਲਦਾ, ਫਿਰ ਵੀ ਜ਼ਿੰਦਗੀ ਆਮ ਵਰਗੀ ਹੋ ਜਾਂਦੀ ਹੈ। ਜਾਣਾ ਸਭ ਨੇ। ਸਭ ਦੀ ਵਾਰੀ ਮੁਕੱਰਰ ਹੈ। ਫਿਰ ਵੀ ਕਿਸੇ ਦਾ ਜਾਣਾ ਸਾਨੂੰ ਅਸਹਿਜ ਕਰਦਾ ਹੈ। ਜਿਸ ਦਿਨ ਬਾਪੂ ਗੁਜ਼ਰਿਆ, ਮੈਂ ਬਹੁਤਾ ਰੋਇਆ ਨਹੀਂ। ਘਰ ਦਾ ਮਾਹੌਲ, ਭੈਣ-ਭੂਆ ਦੇ ਵਿਰਲਾਪ ਨੇ ਮੇਰੀਆਂ ਵੀ ਅੱਖਾਂ ਵਿਚ ਹੰਝੂ ਲਿਆ ਦਿੱਤੇ ਪਰ ਬਹੁਤਾ ਮੈਂ ਗੁੰਮ-ਸੁੰਮ ਹੋਇਆ, ਕੰਮ ਕਰਦਾ ਰਿਹਾ। ਰਸਮਾਂ ਨਿਭਾਉਂਦਾ ਰਿਹਾ। ਵੱਡੇ ਜੋ-ਜੋ ਦੱਸਦੇ, ਕਰੀ ਜਾਂਦਾ ਪਰ ਮੇਰੇ ਅੰਦਰ ਕਰੋੜਾਂ ਸੋਚਾਂ ਸਰਪਟ ਦੌੜਦੀਆਂ ਰਹੀਆਂ।
ਮੇਰੀਆਂ ਸੋਚਾਂ ਦੇ ਕੇਂਦਰ ਵਿਚ ਬਾਪੂ ਖੜ੍ਹਾ ਹੈ।
ਮੈਂ ਤੇ ਬਾਪੂ ਬੜਾ ਮੁੱਲ ਦਾ ਬੋਲਦੇ ਸਾਂ ਆਪਸ ਵਿਚ, ਹਮੇਸ਼ਾ ਤੋਂ ਹੀ ਪਰ ਸ਼ਾਇਦ ਇਹੀ ਸਾਡਾ ਦੋਨਾਂ ਦਾ ਤਰੀਕਾ ਸੀ। ਬਾਪੂ ਨੇ ਕਦੇ ਕਹਿ ਕੇ ਪਿਆਰ ਨਹੀਂ ਸੀ ਜਤਾਇਆ ਪਰ ਔਲਾਦ ਨਾਲ ਮੋਹ ਕਿਸ ਨੂੰ ਨਹੀਂ ਹੁੰਦਾ? ਮੈਂ ਕਦੇ ਕੁਝ ਆਖ ਕੇ ਪਿਆਰ ਨਹੀਂ ਸੀ ਜਤਾ ਸਕਿਆ ਪਰ ਬਾਪ ਤੋਂ ਵੱਡਾ ਕੌਣ ਹੁੰਦਾ ਹੈ ਬੰਦੇ ਦੀ ਜ਼ਿੰਦਗੀ ਵਿਚ? ਬਾਪੂ ਮੇਰਾ ਫਿਕਰ ਕਰਦਾ ਤੇ ਮੈਨੂੰ ਹਮੇਸ਼ਾ ਇਸ ਗੱਲ ਦਾ ਫਿਕਰ ਰਹਿੰਦਾ ਕਿ ਬਾਪੂ ਖੁਸ਼ ਰਹੇ। ਦਿਨ ਤਿਉਹਾਰ ‘ਤੇ ਜਦੋਂ ਉਹ ਸਾਡੇ ਵਿਚ ਕਿਤੇ ਜਾਣ ਲਈ ਗੱਡੀ ਵਿਚ ਨਾਲ ਬੈਠਾ ਹੁੰਦਾ, ਮੈਨੂੰ ਚੰਗਾ-ਚੰਗਾ ਲੱਗਦਾ। ਮੈਂ ਉਸ ਲਈ ਕਦੇ-ਕਦੇ ਕੋਈ ਚੀਜ਼ ਖਰੀਦਦਾ। ਝੁਕਦਾ ਉਸ ਤੋਂ ਇੰਨਾ ਸਾਂ ਕਿ ਕਦੇ ਕਹਿ ਤਾਂ ਨਾ ਸਕਦਾ ਕਿ ਬਹੁਤ ਸੋਹਣੀ ਲੱਗੀ ਇਹ ਚੀਜ਼ ਤੁਹਾਡੇ ਪਰ ਅੰਦਰੋਂ ਬਹੁਤ ਖੁਸ਼ ਹੁੰਦਾ। ਇਹੀ ਮੇਰੀ ਮੁਹੱਬਤ ਸੀ। ਇਹੀ ਮੇਰਾ ਇਜ਼ਹਾਰ-ਏ-ਮੁਹੱਬਤ। ਬਾਪੂ ਲਈ ਕੋਈ ਚੀਜ਼ ਲੈ ਕੇ ਆਉਣਾ ਮੈਨੂੰ ਚੰਗਾ ਲੱਗਦਾ।
ਬਾਪੂ ਮੈਨੂੰ ਬੋਲ ਕੇ ਕਦੇ ਕੁਝ ਨਹੀਂ ਸੀ ਕਹਿੰਦਾ ਪਰ ਮੇਰਾ ਫਿਕਰ ਕਰਦਾ। ਕਦੇ ਬਾਹਰ ਗਿਆ ਮੈਂ ਦਸ ਮਿੰਟ ਲੇਟ ਹੋ ਜਾਂਦਾ ਤਾਂ ਉਹਨੂੰ ਅੱਚਵੀ ਲੱਗ ਜਾਂਦੀ। ਮਾਂ ਨੂੰ ਆਖਦਾ, ਉਹਨੂੰ ਫੋਨ ਕਰ। ਕਾਲਜ ਪੜ੍ਹਦਿਆਂ ਮੇਰੇ ਕੋਲ ਫੋਨ ਤਾਂ ਨਹੀਂ ਸੀ ਹੁੰਦਾ ਪਰ ਉਹ ਪਿੰਡੋਂ ਬਾਹਰ ਸੜਕ ‘ਤੇ ਮੈਨੂੰ ਦੇਖਣ ਆ ਜਾਂਦਾ। ਬਹੁਤ ਸਾਲਾਂ ਵਿਚ ਉਸ ਦਾ ਇਹੀ ਸੁਭਾਅ ਸੀ।
ਹੁਣ ਮਾਂ ਦੀ ਥਾਂ ਉਹ ਪਤਨੀ ਕੋਲੋਂ ਫੋਨ ਕਰਵਾਉਂਦਾ। ਮੈਂ ਪਹਿਲਾਂ ਆਪਣੀ ਗੱਲ ਮਾਂ ਰਾਹੀਂ ਬਾਪੂ ਨਾਲ ਕਰਦਾ ਸੀ, ਹੁਣ ਪਤਨੀ ਰਾਹੀਂ ਕਰਦਾ ਹੁੰਦਾ ਸੀ। ਉਹ ਵੀ ਬਹੁਤ ਵਾਰ ਇਉਂ ਹੀ ਕਰਦਾ। ਸਾਡਾ ਦੋਨਾਂ ਦਾ ਜਿਵੇਂ ਆਹੀ ਢੰਗ ਸੀ। ਮਾਂ ਅਕਸਰ ਪੁਰਾਣੀਆਂ ਗੱਲਾਂ ਦੱਸਦੀ ਹੈ। ਜਦੋਂ ਘਰੇ ਬਹੁਤ ਗਰੀਬੀ ਸੀ। ਇੱਕ ਡੰਗ ਦਾ ਖਾ ਕੇ ਜਦੋਂ ਦੂਜੇ ਡੰਗ ਦਾ ਫਿਕਰ ਹੁੰਦਾ ਸੀ। ਇੱਕ ਪਾ (ਪਾਈਆ) ਦੁੱਧ ਲੈ ਕੇ ਪੂਰੇ ਦਿਨ ਦੀ ਚਾਹ ਬਣਦੀ, ਤੇ ਜਦੋਂ ਮੇਰੀ ਵੱਡੀ ਭੈਣ ਨੂੰ ਦੁੱਧ ਦੀ ਥਾਂ ਚਾਹ ਪਿਆ ਕੇ ਪਾਲਿਆ ਗਿਆ ਸੀ; ਉਹਨਾਂ ਹੀ ਸਮਿਆਂ ਵਿਚ ਬਾਪੂ ਨੇ ਬਹੁਤ ਮਿਹਨਤ ਕੀਤੀ। ਹਰ ਛੋਟਾ ਵੱਡਾ ਕੰਮ ਕੀਤਾ। ਟੱਬਰ ਪਾਲਿਆ। ਮੈਂ ਕੱਚੇ ਘਰ ਵਿਚ ਜੰਮਿਆ ਸਾਂ। ਨਾ ਜਾਣੇ, ਕੱਚੇ ਘਰਾਂ ‘ਤੇ ਕੁਦਰਤ ਦਾ ਆਪਸ ਵਿਚ ਕੀ ਵੈਰ ਸੀ। ਰੱਜ ਕੇ ਮੀਂਹ ਪੈਂਦੇ ਸੀ ਉਹਨਾਂ ਸਮਿਆਂ ‘ਚ। ਝੜੀ ਲੱਗ ਜਾਂਦੀ। ਕੋਠੇ ਡਿੱਗ ਨਾ ਪੈਣ, ਇਸ ਡਰ ਮਾਂ ਅਤੇ ਬਾਪੂ ਮੈਨੂੰ ਗੁਆਂਢਣ ਤਾਈ ਵੱਲ ਭੇਜ ਦਿੰਦੇ। ਵੱਡੇ ਹੋ ਕੇ ਸਮਝ ਆਈ ਸੀ ਕਿ ਸ਼ਾਇਦ ਉਹ ਸੋਚਦੇ ਹੋਣ- ਨਾ ਜਾਣੇ, ਕੋਠੇ ਡਿੱਗ ਪਏ ਤਾਂ? ਇਹ ਗੱਲ ਕਿੰਨੀ ਕੁ ਸਾਧਾਰਨ ਹੈ ਜਾਂ ਕਿੰਨੀ ਕੁ ਅਸਾਧਾਰਨ, ਪਤਾ ਨਹੀਂ ਪਰ ਅੱਜ ਇਹ ਗੱਲ ਸੋਚਦਿਆਂ ਮੈਂ ਭਾਵੁਕ ਹੁੰਦਾ ਹਾਂ, ਤੇ ਕੋਠੇ ਡਿੱਗੇ ਵੀ ਇਸੇ ਤਰ੍ਹਾਂ ਬਹੁਤਾ ਮੀਂਹ ਪੈਣ ਕਾਰਨ ਸਨ। ਪਿੰਡ ਪੱਕਾ ਮਕਾਨ ਬਣਿਆ। ਕਿਵੇਂ ਬਣਿਆ, ਮੈਨੂੰ ਨਹੀਂ ਪਤਾ। ਪੈਸੇ ਕਿੱਥੋਂ ਆਏ, ਮੈਂ ਨਹੀਂ ਸਾਂ ਜਾਣਦਾ ਪਰ ਸ਼ਹਿਰ ਘਰ ਮੈਂ ਆਪਣੇ ਹੱਥੀਂ ਬਣਵਾਇਆ। ਪੈਸੇ ਦਾ ਮੁੱਲ ਪਤਾ ਲੱਗਿਆ। ਕਮਾਈ ਕਿਵੇਂ ਹੁੰਦੀ, ਇਹ ਕੱਚੀਆਂ-ਪੱਕੀਆਂ ਨੌਕਰੀਆਂ ਕਰਦਿਆਂ ਸਿੱਖਿਆ।
ਬਾਪੂ ਹਮੇਸ਼ਾ ਕਿਰਸ ਕਰਦਾ। ਕਦੀ ਇਹ ਕਿਰਸ ਬਹੁਤੀ ਹੋ ਜਾਂਦੀ। ਮੈਂ ਖਿਝਦਾ ਵੀ। ਸੋਚਦਾ- ਜੋ ਹੈ ਜਿੰਨਾ ਹੈ, ਬੰਦਾ ਖਾਵੇ ਹੰਢਾਵੇ। ਕਦੇ ਸਮਝਦਾ, ਬਹੁਤਾ ਤਰਸੇਵਾਂ ਦੇਖਣ ਵਾਲੇ ਲੋਕ ਇੰਝ ਦੇ ਆਪੇ ਬਣ ਜਾਂਦੇ ਨੇ।
ਮੇਰੀ ਤੇ ਉਹਦੀ ਸੁਰ ਬਹੁਤੀ ਨਹੀਂ ਸੀ ਮਿਲਦੀ। ਇਸੇ ਲਈ ਮੈਂ ਆਪਣੀ ਗੱਲ ਕਦੇ ਖੁੱਲ੍ਹ ਕੇ ਬਾਪੂ ਨਾਲ ਨਹੀਂ ਸੀ ਕੀਤੀ। ਕਾਲਜ ਪੜ੍ਹਦਿਆਂ ਹੀ ਮੈਂ ਕਹਾਣੀਆਂ ਲਿਖਣ ਲੱਗਿਆਂ ਸੀ। ਅਖਬਾਰਾਂ ਰਸਾਲਿਆਂ ਵਿਚ ਮੇਰਾ ਨਾਮ ਛਪਦਾ। ਬਾਪੂ ਇਸ ਬਾਰੇ ਬੋਲ ਕੇ ਤਾਂ ਕੁਝ ਨਾ ਕਹਿੰਦਾ ਪਰ ਮੇਰੀ ਪਿੱਠ ਪਿੱਛੇ ਮੇਰੀਆਂ ਗੱਲਾਂ ਕਰਦਾ, ਮੇਰੇ ਲੇਖਕ ਹੋਣ ਦੀਆਂ ਗੱਲਾਂ। ਲੋਕਾਂ ਨੂੰ ਮੇਰੀਆਂ ਛਪੀਆਂ ਰਚਨਾਵਾਂ ਦਿਖਾਉਂਦਾ। ਉਦੋਂ ਫੋਨ ਦਾ ਬਹੁਤਾ ਜ਼ੋਰ ਨਹੀਂ ਸੀ ਪਰ ਕਦੇ-ਕਦੇ ਕਿਸੇ ਪਾਠਕ ਦੀ ਚਿੱਠੀ ਆ ਜਾਂਦੀ। ਚਿੱਠੀ ਬਾਪੂ ਮੇਰੇ ਕੋਲੋਂ ਵੀ ਪਹਿਲਾਂ ਪੜ੍ਹ ਲੈਂਦਾ। ਇਸ ਬਾਰੇ ਵੀ ਉਹ ਕਦੇ ਕੁਝ ਨਹੀਂ ਸੀ ਬੋਲਿਆ ਪਰ ਯਕੀਨਨ, ਲੋਕਾਂ ਦੀਆਂ ਚਿੱਠੀਆਂ ਵਿਚ ਲਿਖੀ ਮੇਰੀ ਪ੍ਰਸੰਸਾ ਪੜ੍ਹ ਕੇ ਉਹ ਪ੍ਰਸੰਨ ਜ਼ਰੂਰ ਹੁੰਦਾ ਹੋਵੇਗਾ।
ਮੇਰੀ ਪਹਿਲੀ ਕਿਤਾਬ ਛਪੀ। ਕਰੀਬ ਦਸ ਕੁ ਸਾਲ ਪਹਿਲਾਂ ਦੀ ਗੱਲ ਹੈ। ਚੰਡੀਗੜ੍ਹ ਤੋਂ ਟਰਾਂਸਪੋਰਟਰ ਰਾਹੀਂ ਕਿਤਾਬ ਮਿਲੀ। ਮੈਂ ਡੱਬਾ ਖੋਲ੍ਹ ਕੇ ਸਭ ਤੋਂ ਉਪਰਲੀ ਕਾਪੀ ਚੁੱਕ ਕੇ ਬਾਪੂ ਨੂੰ ਦਿਖਾਈ। ਇਉਂ ਕਰਨ ਦਾ ਮੈਂ ਪਹਿਲਾਂ ਹੀ ਮਿੱਥਿਆ ਹੋਇਆ ਸੀ ਪਰ ਬਾਪੂ ਨੇ ਕੁਝ ਨਹੀਂ ਕਿਹਾ। ਇੱਕ ਲਫਜ਼ ਵੀ ਨਹੀਂ। ਉਪਰੋਂ ਥੱਲਿਓਂ ਕਿਤਾਬ ਦੇਖੀ, ਤੇ ਮੰਜੇ ‘ਤੇ ਧਰ ਦਿੱਤੀ। ਇਹੀ ਤਰੀਕਾ ਸੀ ਬਾਪੂ ਦਾ। ਉਹੀ ਬਾਪੂ ਮੇਰੀ ਗੈਰ-ਹਾਜ਼ਰੀ ਵਿਚ ਲੋਕਾਂ ਨੂੰ ਮੇਰੀ ਕਿਤਾਬ ਦਿਖਾਉਂਦਾ। ਸਬਬ ਨਾਲ ਉਸ ਕਿਤਾਬ ਉਪਰ ਦੋ ਕੁ ਸਾਲਾਂ ਬਾਅਦ ਮੈਨੂੰ ਭਾਰਤੀ ਸਾਹਿਤ ਅਕਾਦਮੀ ਦਾ ਯੁਵਾ ਪੁਰਸਕਾਰ ਮਿਲ ਗਿਆ। ਜਦੋਂ ਦਿੱਲੀ ਤੋਂ ਫੋਨ ਆਇਆ, ਮੈਂ ਘਰੋਂ ਬਾਹਰ ਸਾਂ। ਫੋਨ ਉਪਰ ਖਬਰ ਸੁਣ ਕੇ ਮੈਂ ਘਰ ਨੂੰ ਦੌੜਿਆ। ਬਾਪੂ ਦਰਾਂ ਵਿਚ ਹੀ ਖੜ੍ਹਾ ਸੀ। ਮੈਂ ਪੁਰਸਕਾਰ ਵਾਲੀ ਗੱਲ ਦੱਸੀ। ਜਾਣਦਾ ਸਾਂ ਸਾਹਿਤ ਅਕਾਦਮੀ ਜਾਂ ਉਸ ਦਾ ਐਵਾਰਡ ਕੀ ਅਰਥ ਰੱਖਦਾ, ਇਹ ਬਾਪੂ ਨੂੰ ਨਹੀਂ ਸੀ ਪਤਾ। ਇਸ ਲਈ ਨਾਲ ਮਿਲਣ ਵਾਲੇ ਪੈਸਿਆਂ ਦਾ ਜ਼ਿਕਰ ਕੀਤਾ। ਆਖਿਆ, ਇਹ ਭਾਰਤ ਸਰਕਾਰ ਦਾ ਅਦਾਰਾ ਹੈ ਜਿਸ ਵੱਲੋਂ ਸਨਮਾਨ ਮਿਲਣਾ। ਸੋਚਦਾ ਸਾਂ, ਅਕਾਦਮੀ ਨਾ ਸਹੀ, ਭਾਰਤ ਸਰਕਾਰ ਤਾਂ ਸਭ ਨੂੰ ਸਮਝ ਆਉਂਦੀ ਹੈ। ਬਾਪੂ ਨੇ ਬੱਸ ਹੂੰਅ-ਹਾਂ ਕੀਤੀ, ਹੋਰ ਕੁਝ ਨਹੀਂ ਪਰ ਜਦੋਂ ਦਿੱਲੀ ਜਾ ਕੇ ਪੁਰਸਕਾਰ ਲੈਂਦਿਆਂ ਦੀ ਖਬਰ ਫੋਟੋ ਸਮੇਤ ਪੰਜਾਬੀ ਅਖਬਾਰਾਂ ਵਿਚ ਛਪੀ, ਉਹ ਖਬਰ ਬਾਪੂ ਨੇ ਆਂਢ-ਗੁਆਂਢ ਵਿਚ ਕਈਆਂ ਨੂੰ ਦਿਖਾਈ।
ਇਉਂ ਬਿਨ ਬੋਲਿਆਂ ਬਾਪੂ ਕਿੰਨਾ ਕੁਝ ਬੋਲ ਜਾਂਦਾ।
ਆਪਣੀ ਹੋਸ਼ ਵਿਚ ਮੈਂ ਬਾਪੂ ਦਾ ਕੋਈ ਬਹੁਤਾ ਯਾਰ-ਬੇਲੀ ਨਹੀਂ ਸੀ ਦੇਖਿਆ। ਕਦੇ ਕਦਾਈਂ ਕੋਈ ਜਣਾ ਬਾਪੂ ਕੋਲ ਆਉਂਦਾ। ਘੜੀ-ਪਲ ਬੈਠਦਾ। ਖਾਣ-ਹੰਢਾਉਣ, ਮੇਲੇ ਮੱਸਿਆ। ਵਿਆਹ-ਸ਼ਾਦੀ ਕਿਸੇ ਕੰਮ ਵਿਚ ਬਾਪੂ ਦੀ ਬਹੁਤੀ ਰੁਚੀ ਨਹੀਂ ਸੀ। ਰਿਸ਼ਤੇਦਾਰੀਆਂ ਵਿਚ ਤਾਂ ਉਹ ਬਹੁਤ ਘੱਟ ਜਾਂਦਾ। ਮੈਂ ਹਰ ਥਾਂ ਮਾਤਾ ਨੂੰ ਲੈ ਕੇ ਜਾਂਦਾ। ਬਾਪੂ ਘਰ ਰਹਿੰਦਾ। ਕਦੇ ਫਸਿਆਂ-ਫਸਾਇਆਂ ਉਹਨੂੰ ਕਿਤੇ ਜਾਣਾ ਪੈ ਜਾਂਦਾ ਤਾਂ ਬੁਰਕੀ ਸਾਡੇ ਮੂੰਹ ਵਿਚ ਹੁੰਦੀ, ਉਹ ਚਲੋ-ਚਲੋ ਪਹਿਲਾਂ ਕਰ ਦਿੰਦਾ। ਮੇਰੇ ਵਿਆਹ ਤੋਂ ਮਗਰੋਂ ਤਾਂ ਕਿਤੇ ਜਾਣਾ ਆਉਣਾ ਉਹਨੇ ਜਮਾਂ ਹੀ ਛੱਡ ਦਿੱਤਾ ਸੀ। ਮਾਂ ਕਦੇ ਜਾਣ ਦੀ ਗੱਲ ਵੀ ਕਰਦੀ ਤਾਂ ਉਹ ਆਖਦਾ, “ਇਹ ਚਲੇ ਜਾਣਗੇ ਕਿ ਆਪਣੀ ਥਾਂ ਜਾਣਾ ਇਹਨਾਂ।” ਉਸ ਦੀ ਇਸ ਗੱਲ ਵਿਚ ਮੈਂ, ਮੇਰੀ ਪਤਨੀ ਦੋਵੇਂ ਸ਼ਾਮਿਲ ਹੁੰਦੇ।
ਮੈਂ ਬਾਪੂ ਨੂੰ ਕਦੇ ਕਿਸੇ ਦੀ ਨਿੰਦਾ ਜਾਂ ਉਸਤਤ ਕਰਦਿਆਂ ਨਹੀਂ ਸੀ ਦੇਖਿਆ। ਉਹ ਜਿਵੇਂ ਸਭ ਕਾਸੇ ਤੋਂ ਨਿਰਲੇਪ ਸੀ। ਮੈਨੂੰ ਯਾਦ ਹੈ, ਕਰੋਨਾ ਸੰਕਟ ਵੇਲੇ ਜਦੋਂ ਸਾਰੇ ਘਰ ਸਾਂ, ਬਾਜ਼ਾਰ ਬੰਦ ਸਨ, ਖਾਣ ਨੂੰ ਕੁਝ ਜੁੜਦਾ ਨਹੀਂ ਸੀ ਤਾਂ ਉਦੋਂ ਰੋਟੀਆਂ ਖਾ-ਖਾ ਅੱਕੇ ਬੈਠੇ ਸਾਂ। ਮੈਨੂੰ ਕੁਕਿੰਗ ਦਾ ਖਾਸਾ ਸ਼ੌਕ ਹੈ। ਨਿੱਤ ਕੁਝ ਨਾ ਕੁਝ ਬਣਾ ਧਰਦਾ। ਬਾਪੂ ਖਾਂਦਾ ਵੀ ਪਰ ਨਾਲ ਹੀ ਬੁੜ-ਬੁੜ ਕਰਦਾ ਰਹਿੰਦਾ। ਇਹ ਉਹਦਾ ਸੁਭਾਅ ਸੀ, ਇਹ ‘ਵੰਨ-ਸੁਵੰਨੀਆਂ’ ਚੀਜ਼ਾਂ ਉਹਨੂੰ ਪਸੰਦ ਨਹੀਂ ਸੀ ਹੁੰਦੀਆਂ ਤੇ ਪਸੰਦ ਨਾ-ਪਸੰਦ ਕਹਿਣ ਦੀ ਥਾਂ ਉਹ ਖਿਝ ਜਿਹੀ ਜ਼ਾਹਿਰ ਕਰਨ ਲੱਗਦਾ। ਕਦੇ ਚਾਹ ਰੋਟੀ ਲੇਟ ਹੋ ਜਾਂਦੀ ਤਾਂ ਬਾਪੂ ਭੱਜ ਕੇ ਪੈ ਜਾਂਦਾ। ਸਾਡੇ ਘਰ ਵਿਚ ਮੈਂ ਮਾਂ ਜਾਂ ਪਤਨੀ ਨੂੰ ਘੜੀ ਦੀਆਂ ਸੂਈਆਂ ਦਾ ਧਿਆਨ ਰੱਖਦਿਆਂ ਹੀ ਦੇਖਦਾ।
ਹੁਣ ਬਾਪੂ ਦੀਆਂ ਇਹ ਸਭ ਗੱਲਾਂ ਬਹੁਤ ਯਾਦ ਆਉਂਦੀਆਂ ਨੇ। ਉਹ ਹਮੇਸ਼ਾ ਮੇਰੀ ਬਿਹਤਰੀ, ਕਾਮਯਾਬੀ, ਤਰੱਕੀ ਲਈ ਤਰਸਦਾ ਵੀ ਰਿਹਾ ਤੇ ਦੁਆਵਾਂ ਵੀ ਮੰਗਦਾ ਰਿਹਾ।
ਹੁਣ ਕੁਝ ਦੇਰ ਤੋਂ ਬਾਪੂ ਥੋੜ੍ਹਾ ਜਿਹਾ ਢਿੱਲਾ-ਮੱਠਾ ਰਹਿਣ ਲੱਗਿਆ ਸੀ। ਅਸੀਂ ਡਾਕਟਰ ਕੋਲ ਜਾਣ ਦੀ ਗੱਲ ਕਰਦੇ ਤਾਂ ਉਹ ਉਮਰਾਂ ਦੀ ਕਥਾ ਛੇੜ ਲੈਂਦਾ। ਆਖਦਾ, “ਬਥੇਰੀ ਉਮਰ ਹੋਗੀ ਮੇਰੀ ਹੁਣ, ‘ਗਾਂਹ-‘ਗਾਂਹ ਜਵਾਨ ਹੋਣਾ।” ਬਾਪੂ ਜ਼ਿੱਦੀ ਵੀ ਸੀ, ਗੱਲ ਨਹੀਂ ਸੀ ਮੰਨਦਾ। ਇੱਕ ਦਿਨ ਮੈਂ ਘਰ ਦਵਾਈ ਲੈਣ ਲਈ ਭੇਜਿਆ ਵੀ ਸੀ, ਉਹ ਘੰਟਾ ਦੋ ਘੰਟੇ ਕੋਈ ਹੋਰ ਕੰਮ ਕਰ ਕੇ ਘਰ ਮੁੜ ਆਇਆ।
“ਕੀ ਹੋਇਆ ਮੈਨੂੰ!” ਮਾਤਾ ਨੇ ਕੁਝ ਆਖਿਆ ਤਾਂ ਉਹ ਟੁੱਟ ਕੇ ਪੈ ਗਿਆ।
ਤੇ ਜਿਸ ਦਿਨ ਕੁਝ ਹੋਇਆ, ਕਿਸੇ ਨੂੰ ਕੁਝ ਸਮਝ ਵੀ ਨਾ ਆਈ। ਬਾਪੂ ਨੂੰ ਦੋ ਕੁ ਦਿਨ ਬੁਖਾਰ ਚੜ੍ਹਿਆ। ਬੁਖਾਰ ਦੀ ਦਵਾਈ ਲਈ। ਬੁਖਾਰ ਤਾਂ ਠੀਕ ਹੋ ਗਿਆ ਪਰ ਦਮ ਚੜ੍ਹਨ ਲੱਗਾ। ਤੁਰਨਾ ਫਿਰਨਾ ਔਖਾ ਹੋ ਗਿਆ। ਮੈਨੂੰ ਲੱਗਿਆ, ਸ਼ਾਇਦ ਡੇਂਗੂ ਹੋਵੇ। ਕਮਜ਼ੋਰੀ ਹੈ। ਸੈੱਲ ਘਟ ਗਏ ਹੋਣਗੇ ਤਾਂ ਹੀ ਸਰੀਰ ਵਿਚ ਸੱਤਿਆ ਘਟ ਗਈ ਹੈ ਪਰ ਟੈੱਸਟ ਕਰਾ ਕੇ ਪਤਾ ਲੱਗਾ, ਡੇਂਗੂ ਵਰਗੀ ਕੋਈ ਗੱਲ ਨਹੀਂ ਸੀ ਪਰ ਸਿਹਤ ਬਾਪੂ ਦੀ ਉਸੇ ਤਰ੍ਹਾਂ ਦੀ ਸੀ। ਮੈਂ ਆਪਣੇ ਕਿਸੇ ਡਾਕਟਰ ਦੋਸਤ ਨਾਲ ਗੱਲ ਕੀਤੀ। ਉਹਨੂੰ ਲੱਗਿਆ, ਸ਼ਾਇਦ ਦਿਲ ਦੀ ਕੋਈ ਸਮੱਸਿਆ ਹੋਵੇ। ਉਹਨੇ ਹਾਰਟ ਦੇ ਕੁਝ ਟੈਸਟ ਕਰਾਉਣ ਲਈ ਆਖਿਆ। ਬੁਖਾਰ ਮੁੜ ਹੋਇਆ ਨਹੀਂ ਪਰ ਸਾਹ ਚੜ੍ਹਨ ਦੀ ਸਮੱਸਿਆ ਹੋਰ ਵੀ ਵਧ ਗਈ। ਕਰੋਨਾ ਦਾ ਰੌਲਾ-ਰੱਪਾ ਸੀ, ਹਸਪਤਾਲ ਜਾਣ ਨੂੰ ਜੀਅ ਨਹੀਂ ਸੀ ਕਰਦਾ। ਹਾਰਟ ਦੇ ਸਾਰੇ ਟੈਸਟ ਬਿਲਕੁਲ ਸਹੀ ਸਨ। ਮੁੜ ਡਾਕਟਰ ਨਾਲ ਗੱਲ ਕੀਤੀ। ਕਿਡਨੀ ਦੇ ਕੁਝ ਟੈਸਟ ਕਰਵਾਏ। ਲੈਬ ਵਿਚ ਸੈਂਪਲ ਦੇ ਕੇ ਬਾਪੂ ਨੂੰ ਘਰ ਛੱਡ ਕੇ ਮੈਂ ਕਿਤੇ ਕੰਮ ਚਲਾ ਗਿਆ। ਰਿਪੋਰਟ ਦੋ ਕੁ ਘੰਟਿਆਂ ਨੂੰ ਮਿਲਣੀ ਸੀ। ਮੈਂ ਗਿਆ ਤਾਂ ਪਿਛੋਂ ਸਕੂਟਰੀ ਲੈ ਕੇ ਬਾਪੂ ਕਿਧਰੇ ਤੁਰ ਗਿਆ। ਬਾਜ਼ਾਰ ਵਿਚ ਕਿਸੇ ਦੁਕਾਨਦਾਰ ਨਾਲ ਕੋਈ ਹਿਸਾਬ-ਕਿਤਾਬ ਕਰਨਾ ਸੀ। ਆਪਣਾ ਕੰਮ ਮੁਕਾ ਕੇ ਮੈਂ ਘਰ ਨੂੰ ਆ ਹੀ ਰਿਹਾ ਸੀ ਕਿ ਬਾਪੂ ਦਾ ਮੈਨੂੰ ਫੋਨ ਆ ਗਿਆ ਕਿ ਮੈਨੂੰ ਚੱਕਰ ਆਈ ਜਾਂਦੇ ਨੇ, ਮੈਂ ਬਾਜ਼ਾਰ ਵਿਚ ਬਾਲਮੀਕ ਮੰਦਰ ‘ਚ ਪੈ ਗਿਆ, ਮੈਨੂੰ ਲੈ ਜਾ; ਪੈਦਲ ਆਈਂ, ਮੇਰੇ ਕੋਲ ਸਕੂਟਰੀ ਹੈ।
ਮੈਂ ਜਲਦੀ ਨਾਲ ਘਰ ਪਹੁੰਚਿਆ। ਮੋਟਰ ਸਾਈਕਲ ਘਰੇ ਖੜ੍ਹਾ ਕੇ ਬਾਜ਼ਾਰ ਨੂੰ ਗਿਆ। ਜਾਂਦਿਆਂ-ਜਾਂਦਿਆਂ ਲੈਬ ਵਿਚੋਂ ਰਿਪੋਰਟ ਲੈ ਲਈ। ਰਿਪੋਰਟ ਦੇਖੀ ਸਭ ਕੁਝ ਸਿਰੇ ਲੱਗਿਆ ਪਿਆ। ਮੈਂ ਫੋਨ ਕਰ ਕੇ ਆਪਣੇ ਡਾਕਟਰ ਦੋਸਤ ਨੂੰ ਰੀਡਿੰਗ ਦੱਸੀ ਰਿਪੋਰਟ ਦੀ। ਉਹਨੇ ਪਹਿਲਾ ਲਫਜ਼ ਹੀ ਇਹੀ ਆਖਿਆ, “ਹਸਪਤਾਲ ਲੈ ਜਾ, ਬਾਪੂ ਬਚਣਾ ਨਹੀਂ।”
ਮੈਨੂੰ ਧੱਕਾ ਜਿਹਾ ਲੱਗਾ। ਉਹਨੇ ਕੁਝ ਦਵਾਈ ਦੱਸੀ। ਕਿਹਾ ਕਿ ਜੇ ਇਹਨੇ ਕੋਈ ਅਸਰ ਕੀਤਾ, ਰਾਤ-ਰਾਤ ‘ਚ ਸਾਹ ਥੋੜ੍ਹਾ ਸੌਖਾ ਹੋ ਜਾਣਾ; ਨਹੀਂ ਤਾਂ ਹਾਲਤ ਹੋਰ ਖਰਾਬ ਹੋ ਜਾਣੀ। ਕੱਲ੍ਹ ਨੂੰ ਤੈਨੂੰ ਹਸਪਤਾਲ ਜਾਣਾ ਹੀ ਪੈਣਾ।
ਸੱਚਮੁੱਚ ਉਹੀ ਹੋਇਆ।
ਸਿਹਤ ਹੋਰ ਵਿਗੜੀ। ਅਸੀਂ ਹਸਪਤਾਲ ਗਏ। ਸਾਰਾ ਦਿਨ ਸਾਰੀ ਰਾਤ ਹਸਪਤਾਲ ਬੀਤ ਗਈ। ਹਾਲਤ ਉਸੇ ਤਰ੍ਹਾਂ। ਡਰਿਪ ਲੱਗਦੀ ਰਹੀ। ਡਾਕਟਰ ਪਿਸ਼ਾਬ ਉਡੀਕਦਾ ਰਿਹਾ।
ਆਖਿਰ ਉਹਨੇ ਆਖਿਆ, “ਹੁਣ ਡਾਇਲਸਿਸ ਕਰਨ ਬਿਨਾਂ ਕਈ ਰਾਹ ਨਹੀਂ। ਹੋ ਸਕਦਾ ਹੈ, ਦੋ ਵਾਰ ਕਰ ਕੇ ਮੁੜ ਕਦੇ ਨਾ ਕਰਨਾ ਪਵੇ; ਹੋ ਸਕਦਾ ਹੈ, ਇਹ ਰਹਿੰਦੀ ਜ਼ਿੰਦਗੀ ਜਿਊਣ ਇਸੇ ਸਿਰ ‘ਤੇ।… ਤੇ ਇਸ ਦੌਰਾਨ ਮੌਤ ਵੀ ਹੋ ਜਾਂਦੀ ਹੁੰਦੀ ਹੈ।” ਸਭ ਗੱਲਾਂ ਮੇਰੇ ਲਈ ਪ੍ਰੇਸ਼ਾਨ ਕਰਨ ਵਾਲੀਆਂ ਸਨ। ਮੈਂ ਹਜ਼ਾਰਾਂ ਗੱਲਾਂ ਇੱਕੋ ਵਾਰ ਸੋਚ ਗਿਆ। ਉਸ ਡਾਕਟਰ ਦੋਸਤ ਨੂੰ ਫੋਨ ਕੀਤਾ। ਉਹ ਕਹਿਣ ਲੱਗਾ, “ਤੇਰੇ ਕੋਲ ਹੋਰ ਰਾਹ ਕੋਈ ਨਹੀਂ। ਡਾਇਲਸਿਸ ਕਰਵਾ ਦੇ। ਜੋ ਕੁਦਰਤੀ ਤੌਰ ‘ਤੇ ਸਰੀਰ ਗੰਦਗੀ ਨੂੰ ਬਾਹਰ ਕੱਢ ਨਹੀਂ ਰਿਹਾ ਤਾਂ ਫੇਰ ਕੀਤਾ ਕੀ ਜਾ ਸਕਦਾ?” ਮੈਂ ਮੁੰਬਈ ਆਪਣੇ ਡਾਕਟਰ ਦੋਸਤ ਅਤੇ ਸ਼ਾਇਰ ਵਾਸਿਫ ਖਾਨ ਨੂੰ ਫੋਨ ਕੀਤਾ। ਉਸ ਦੀ ਰਾਇ ਸੀ ਤਾਂ ਉਸ ਪਲ ਨਿਰਾਸ਼ ਕਰਨ ਵਾਲੀ ਪਰ ਸੱਚ ਸੀ ਤੇ ਅਗਲੀ ਗੱਲ, ਮੇਰੇ ਕੋਲ ਕੋਈ ਹੋਰ ਰਾਹ ਵੀ ਨਹੀਂ ਸੀ।
ਉਹਨੇ ਆਖਿਆ ਸੀ, ਇਹ ਕੋਈ ਹੱਲ ਥੋੜ੍ਹਾ? ਨਾ ਬੰਦਾ ਜਿਊਂਦਿਆਂ ਵਿਚ, ਨਾ ਮਰਿਆਂ ਵਿਚ ਪਰ ਸਵਾਲ ਵੀ ਤਾਂ ਇਹੀ ਸੀ ਕਿ ਕੀਤਾ ਕੀ ਜਾਵੇ? ਉਸ ਪਲ ਪ੍ਰੇਸ਼ਾਨੀ ਐਸੀ ਕਿ ਸੁੱਝ ਕੁਝ ਵੀ ਨਹੀਂ ਸੀ ਰਿਹਾ। ਮੈਂ ਆਖਿਰ ਡਾਇਲਸਿਸ ਕਰਨ ਲਈ ਆਖ ਦਿੱਤਾ ਪਰ ਚੱਲਦੇ ਡਾਇਲਸਿਸ ਵਿਚ ਹੀ ਬਾਪੂ ਦੀ ਹਾਲਤ ਹੋਰ ਵਿਗੜ ਗਈ। ਉਹਨਾਂ ਡਾਇਲਸਿਸ ਬੰਦ ਕਰ ਦਿੱਤਾ ਤੇ ਆਖ ਦਿੱਤਾ, ਇਹਨਾਂ ਨੂੰ ਕਿਤੇ ਹੋਰ ਲੈ ਜਾਓ।
ਇਹ ਹੋਰ ਵੀ ਜ਼ਿਆਦਾ ਔਖੀ ਗੱਲ ਸੀ। ਬੁਰੀ ਹਾਲਤ ਵਿਚ ਕਿਸੇ ਹੋਰ ਹਸਪਤਾਲ ਲਈ ਭੱਜਣਾ ਸੌਖੀ ਗੱਲ ਨਹੀਂ ਸੀ। ਅਸੀਂ ਤਰਨਤਾਰਨ ਦੇ ਹੀ ਕਿਸੇ ਵੱਡੇ ਹਸਪਤਾਲ ਗਏ। ਐਂਬੂਲੈਂਸ ਵਿਚ ਬਾਪੂ ਬੇਸੁਰਤ ਪਿਆ ਸੀ। ਆਕਸੀਜਨ ਲੱਗੀ ਹੋਈ ਸੀ। ਹਸਪਤਾਲ ਵਾਲਿਆਂ, ਦਾਖਲ ਕਰਨ ਤੋਂ ਇਨਕਾਰ ਕਰ ਦਿੱਤਾ। ਬਹਾਨਾ ਸੀ, ਮਰੀਜ਼ ਨਾਜ਼ੁਕ ਹੈ, ਕਰੋਨਾ ਕਾਲ ਹੈ।
ਬਹੁਤ ਤਰਲੇ ਲਏ; ਆਖਿਆ, ਕਰੋਨਾ ਟੈਸਟ ਕਰ ਲਓ ਪਰ ਉਹ ਮੰਨੇ ਨਹੀਂ। ਮੈਂ ਐਂਬੂਲੈਂਸ ਦੇ ਡਰਾਇਵਰ ਨੂੰ ਅੰਮ੍ਰਿਤਸਰ ਜਾਣ ਲਈ ਆਖ ਦਿੱਤਾ। ਅੰਮ੍ਰਿਤਸਰ ਜਦ ਨੂੰ ਹਸਪਤਾਲ ਪਹੁੰਚੇ, ਹਾਲ ਹੋਰ ਵੀ ਮਾੜਾ ਹੋ ਗਿਆ। ਡਾਕਟਰਾਂ ਨੇ ਸੌ ਤਰ੍ਹਾਂ ਦੀਆਂ ਕਾਗਜ਼ੀ ਕਾਰਵਾਈਆਂ ਕੀਤੀਆਂ। ਬਾਪੂ ਨੂੰ ਵੈਂਟੀਲੇਟਰ ‘ਤੇ ਪਾ ਦਿੱਤਾ। ਇਹ ਸ਼ਾਮ ਦੇ ਸੱਤ ਕੁ ਵਜੇ ਦੀ ਗੱਲ ਸੀ। ਬੇਸ਼ੱਕ ਹਸਪਤਾਲ ਵਿਚ ਬੀਤਿਆ ਉਹ ਪੂਰਾ ਹਫਤਾ ਹੀ ਭੈੜਾ ਸੀ ਤੇ ਸਾਰਾ ਕੁਝ ਯਾਦ ਆਉਂਦਿਆਂ ਹੀ ਮੇਰੇ ਲੂੰ ਕੰਡੇ ਖੜ੍ਹੇ ਹੋਣ ਲੱਗਦੇ ਨੇ ਪਰ ਉਹ ਪਹਿਲੀ ਰਾਤ ਤਾਂ ਜਿਵੇਂ ਸੂਲਾਂ ‘ਤੇ ਤੁਰਨ ਵਾਂਗ ਨਿਕਲੀ ਸੀ। ਦੁਪਹਿਰ ਤੱਕ ਤਾਂ ਮੈਂ ਇਹ ਸੋਚਿਆ ਸੀ ਕਿ ਡਾਇਲਸਿਸ ਹੋ ਕੇ ਅਸੀਂ ਘਰ ਚਲ ਜਾਣਾ ਹੈ ਪਰ ਅਚਾਨਕ ਅੰਮ੍ਰਿਤਸਰ ਆਉਣਾ ਪੈ ਗਿਆ ਸੀ ਤੇ ਚੰਗਾ ਭਲਾ ਬਾਪੂ ਦੋ ਦਿਨਾਂ ਵਿਚ ਬਿਮਾਰ ਹੋ ਕੇ ਆਈ.ਸੀ.ਯੂ. ਵਿਚ ਪਹੁੰਚ ਗਿਆ ਸੀ। ਹਸਪਤਾਲ ਵਾਲਿਆਂ ਸਾਰੀ ਰਾਤ ਨਾ ਬੈਠਣ ਦਿੱਤਾ। ਕਦੇ ਦਵਾਈਆਂ, ਕਦੇ ਟੈਸਟ। ਡਾਕਟਰ ਕੁਝ ਪੱਲੇ ਨਾ ਪਾਉਂਦੇ। ਇੱਥੋਂ ਤੱਕ ਕਿ ਪਹਿਲੇ ਦੋ ਦਿਨ ਤਾਂ ਮੈਨੂੰ ਇਹ ਵੀ ਪਤਾ ਨਾ ਲੱਗਾ ਕਿ ਮਾਹਿਰ ਡਾਕਟਰ ਕੌਣ ਹੈ ਜਿਸ ਦੇ ਅਧੀਨ ਬਾਪੂ ਦਾ ਇਲਾਜ ਚੱਲ ਰਿਹਾ ਹੈ। ਸਵੇਰੇ ਨੌਂ ਵਜੇ ਸਾਰੇ ਡਾਕਟਰ ਰਾਊਂਡ ‘ਤੇ ਆਉਂਦੇ ਸਨ। ਮੈਂ ਪਾਗਲਾਂ ਵਾਂਗ ਆਈ.ਸੀ.ਯੂ. ਦੇ ਬੂਹੇ ਵੱਲ ਝਾਕਦਾ ਰਹਿੰਦਾ ਕਿ ਡਾਕਟਰ ਨੂੰ ਮਿਲਾਂ, ਉਸ ਤੋਂ ਬਾਪੂ ਦਾ ਹਾਲ ਪੁੱਛਾਂ। ਮੇਰੇ ਸਭ ਤੋਂ ਕਰੀਬੀ ਦੋਸਤ ਗੁਰਦੇਵ ਦਾ ਫੋਨ ਆਇਆ। ਉਹਨੇ ਪਹਿਲਾ ਸਵਾਲ ਇਹੀ ਕੀਤਾ, “ਪੈਸਿਆਂ ਦਾ ਕਿਵੇਂ ਆ? ਇੱਥੇ ਕੰਧਾਂ ਵੀ ਪੈਸੇ ਮੰਗਦੀਆਂ। ਮੈਂ ਪੈਸੇ ਭੇਜਾਂ? ਪੈਸਿਆਂ ਖੁਣੋਂ ਕੋਈ ਗੱਲ ਨ੍ਹੀਂ ਰਹਿਣੀ ਚਾਹੀਦੀ।”
ਮੈਂ ਉਸ ਦੀ ਇਸ ਗੱਲ ਨਾਲ ਭਾਵੁਕ ਹੋ ਗਿਆ। ਰੋਣ ਲੱਗਿਆ।
ਅਗਲੇ ਦਿਨ ਬਾਪੂ ਸੂਰਤ ਵਿਚ ਸੀ ਪਰ ਪਾਈਪਾਂ ਲੱਗੀਆਂ ਹੋਣ ਕਰਕੇ ਬੋਲ ਨਹੀਂ ਸੀ ਹੁੰਦਾ। ਉਹ ਇਸ਼ਾਰਾ ਕਰ ਕੇ ਗੱਲਾਂ ਦੱਸਦਾ, ਸਮਝਾਉਂਦਾ। ਫੇਰ ਉਹਨੇ ਪੈੱਨ ਕਾਗਜ਼ ਮੰਗਿਆ। ਲਿਖ ਕੇ ਘਰ ਜਾਣ ਲਈ ਆਖਣ ਲੱਗਾ। ਮੈਂ ਸਮਝਾਇਆ, ਮਸਲਾ ਵੱਡਾ ਸੀ ਤਾਂ ਆਉਣਾ ਪਿਆ ਇੱਥੇ। ਦੋ ਚਾਰ ਦਿਨ ਦੀ ਗੱਲ ਹੈ, ਆਪਾਂ ਠੀਕ ਹੋ ਕੇ ਚਲੇ ਜਾਣਾ ਘਰ। ਹਸਪਤਾਲ ਰਹਿਣ ਦੌਰਾਨ ਤਿੰਨ ਵਾਰ ਡਾਇਲਸਿਸ ਹੋਇਆ। ਪਿਸ਼ਾਬ ਬਿਲਕੁਲ ਨਹੀਂ ਸੀ ਆਇਆ। ਇਸ ਲਈ ਡਾਕਟਰ ਨੇ ਆਖ ਦਿੱਤਾ ਸੀ ਕਿਡਨੀਆਂ ਜਮਾਂ ਖਤਮ ਨੇ। ਜਿਹੜਾ ਸਮਾਂ ਵੀ ਜਿਊਣਗੇ, ਹੁਣ ਡਾਇਲਸਿਸ ਦੇ ਸਿਰ ‘ਤੇ ਜਿਊਣਗੇ। ਜਿਸ ਦਿਨ ਅਸੀਂ ਘਰ ਆਏ, ਬਾਪੂ ਦੀ ਹਾਲਤ ਉਦੋਂ ਵੀ ਬਹੁਤੀ ਚੰਗੀ ਨਹੀਂ ਸੀ। ਗੱਲ ਮੈਂ ਸਮਝ ਗਿਆ ਸੀ। ਡਾਇਲਸਿਸ ਹੋਏਗਾ, ਦੋ ਕੁ ਦਿਨ ਬਾਪੂ ਦੀ ਜਾਨ ਸੌਖੀ ਰਹੇਗੀ। ਮੁੜ ਫੇਰ ਖੂਨ ਵਿਚ ਗੰਦਗੀ ਸ਼ਾਮਿਲ ਹੋਣ ਲੱਗੇਗੀ। ਸਾਹ ਫੇਰ ਔਖਾ ਹੋਏਗਾ।
ਅਸੀਂ ਸ਼ਾਮ ਨੂੰ ਛੁੱਟੀ ਲੈ ਕੇ ਹਸਪਤਾਲ ਤੋਂ ਘਰ ਨੂੰ ਮੁੜੇ ਸਾਂ। ਉਹ ਰਾਤ, ਅਗਲਾ ਦਿਨ ਤੇ ਅਗਲੀ ਰਾਤ ਬਾਪੂ ਘਰ ਰਿਹਾ। ਗੱਲਾਂ ਕੀਤੀਆਂ। ਖਬਰ ਲੈਣ ਨੂੰ ਸਕੇ-ਸਬੰਧੀ, ਸਾਂਝ ਵਾਲੇ ਲੋਕ ਆਉਂਦੇ ਰਹੇ। ਉਸ ਤੋਂ ਅਗਲੀ ਸਵੇਰ ਮੈਨੂੰ ਜਿਵੇਂ ਕੁਝ ਖਾਲੀਪਣ ਜਿਹਾ ਮਹਿਸੂਸ ਹੋਣ ਲੱਗਿਆ ਸੀ। ਮੈਂ ਤੜਕਸਾਰ ਬਾਪੂ ਨੂੰ ਚਾਹ ਲਈ ਪੁੱਛਿਆ। ਫੜ ਕੇ ਮੂੰਹ ਧੋਣ, ਬਰੱਸ਼ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਲੱਗਿਆ ਜਿਵੇਂ ਬਾਪੂ ਆਪਣੇ ਆਪ ਵਿਚ ਨਹੀਂ ਸੀ। ਮੈਂ ਉਸੇ ਦਿਨ ਡਾਇਲਸਿਸ ਕਰਵਾਉਣ ਜਾਣ ਬਾਰੇ ਸੋਚਿਆ ਹੋਇਆ ਸੀ। ਸਿਆਲੀ ਜਿਹੇ ਦਿਨ ਸਨ। ਰਤਾ ਕੁ ਦਿਨ ਚੜ੍ਹਿਆ ਤਾਂ ਮੈਂ ਤਿਆਰ ਹੋ ਗਿਆ।
ਕਿਸੇ ਦੋਸਤ ਨੂੰ ਬੁਲਾ ਲਿਆ। ਸਵੇਰ ਦੇ ਅੱਠ ਵੱਜੇ ਸਨ, ਬਾਪੂ ਦੀ ਹਾਲਤ ਹੋਰ ਵਿਗੜ ਗਈ। ਮੈਨੂੰ ਅਹਿਸਾਸ ਤਾਂ ਸੀ ਕਿ ਕੁਝ ਵੀ ਠੀਕ ਨਹੀਂ ਹੈ, ਫੇਰ ਵੀ ਮੇਰਾ ਫਰਜ਼ ਸੀ, ਮੈਂ ਹਸਪਤਾਲ ਵੱਲ ਦੌੜਦਾ। ਮੈਂ ਉਹੀ ਕੀਤਾ। ਮੈਂ, ਮੇਰਾ ਦੋਸਤ ਤੇ ਮੇਰੇ ਚਾਚੇ ਦਾ ਪੁੱਤ ਭਾਈ। ਬਾਪੂ ਨੂੰ ਗੱਡੀ ਵਿਚ ਪਾ ਕੇ ਅਸੀਂ ਹਸਪਤਾਲ ਵੱਲ ਭੱਜੇ ਪਰ ਰਸਤੇ ਵਿਚ ਹੀ ਬਾਪੂ ਨੇ ਸਵਾਸ ਤਿਆਗ ਦਿੱਤੇ।
ਮੈਂ ਹਰ ਸਮਾਜਕ ਰਸਮ ਨਿਭਾਈ। ਚੁੱਪ-ਚਾਪ ਪਰ ਬੀਤਿਆ ਹਰ ਪਲ ਮੇਰੀਆਂ ਅੱਖਾਂ ਘੁੰਮਦਾ ਰਿਹਾ। ਮੈਂ ਕਦੀ ਬਾਪੂ ਨਾਲ ਬਹਿ ਕੇ ਖੁੱਲ੍ਹੀਆਂ ਗੱਲਾਂ ਨਹੀਂ ਸੀ ਕੀਤੀਆਂ। ਸਾਡੇ ਵਿਚਾਲੇ ਨਾ ਜਾਣੇ ਇਹ ਕੈਸੀ ਚੁੱਪ ਸੀ ਪਰ ਜਦ ਬਾਪੂ ਹਸਪਤਾਲ ਤੋਂ ਠੀਕ ਹੋ ਕੇ ਦੋ ਦਿਨ ਲਈ ਘਰ ਮੁੜਿਆ ਸੀ ਤਾਂ ਮੈਂ ਉਦੋਂ ਵੀ ਉਹਦੇ ਨਾਲ ਕੋਈ ਗੱਲ ਨਹੀਂ ਸੀ ਕੀਤੀ। ਦਵਾਈ ਦਿੰਦਾ। ਖਾਣ ਨੂੰ ਦਿੰਦਾ। ਕੱਪੜੇ ਬਦਲਦਾ ਪਰ ਸਾਡੇ ਵਿਚਾਲੇ ਫੇਰ ਇੱਕ ਚੁੱਪ ਹੁੰਦੀ। ਤੇ ਕਾਨੀ ਲੱਗਿਆਂ, ਸਿਵਿਆਂ ਤੀਕ ਜਾਂਦਿਆਂ ਮੈਨੂੰ ਇਹੀ ਗੱਲ ਖਲਦੀ ਰਹੀ। ਮੈਂ ਸੋਚਦਾ, ਮੈਂ ਕਿਉਂ ਬਾਪੂ ਨਾਲ ਗੱਲਾਂ ਨਾ ਕੀਤੀਆਂ? ਤੇ ਹੁਣ ਜਦੋਂ ਉਹਨੂੰ ਦੂਰ ਗਿਆਂ ਬਹੁਤ ਦਿਨ ਬੀਤ ਗਏ ਨੇ ਤਾਂ ਮੈਨੂੰ ਹਜ਼ਾਰਾਂ ਗੱਲਾਂ ਹਜ਼ਾਰਾਂ ਪਲ ਯਾਦ ਆਉਂਦੇ ਨੇ ਜਦੋਂ ਬਾਪੂ ਸਾਡੇ ਵਿਚਕਾਰ ਸੀ। ਉਹਦੀਆਂ ਆਦਤਾਂ। ਗੱਲਾਂ। ਸੌਣਾ ਉਠਣਾ। ਹਰ ਚੀਜ਼। ਕਿਸੇ ਵੀ ਪਲ ਮੈਨੂੰ ਬਾਪੂ ਭੁੱਲਦਾ ਨਹੀਂ। ਬਹੁਤ ਵਾਰ ਕੁਝ ਕਰਦਿਆਂ, ਕਿਤੇ ਵਿਚਰਦਿਆਂ, ਉਹ ਮੇਰੀਆਂ ਸੋਚਾਂ ਦੇ ਕੇਂਦਰ ਵਿਚ ਆਣ ਖੜ੍ਹਦਾ ਹੈ। ਮੈਂ ਉਦਾਸ ਹੋ ਜਾਂਦਾ।
ਉਸ ਔਖੀ ਘੜੀ ਜਦੋਂ ਮੈਂ ਇਕੱਲਾਂ ਸਾਂ, ਮੇਰੇ ਬਹੁਤ ਸਾਰੇ ਕਰੀਬੀ ਮੇਰਾ ਹੌਸਲਾ ਬਣੇ। ਕੈਨੇਡਾ ਤੋਂ ਹਰਪ੍ਰੀਤ ਸੇਖਾ ਦਾ ਹਰ ਰੋਜ਼ ਫੋਨ ਜਾਂ ਮੈਸੇਜ ਆਉਂਦਾ ਰਿਹਾ।
“ਬਾਈ, ਕੋਲ ਹੁੰਦਾ ਤਾਂ ਹਸਪਤਾਲ ਰੁਕ ਕੇ ਥੋਨੂੰ ਸਾਹ ਦਿਵਾਉਂਦਾ।” ਸੇਖਾ ਦਾ ਇਹੀ ਕਹਿ ਦੇਣਾ ਮੇਰੇ ਲਈ ਵੱਡੇ ਅਰਥ ਰੱਖਦਾ ਸੀ। ਮੁੰਬਈ ਤੋਂ ਡਾ. ਵਾਸਿਫ ਖਾਨ ਹਰ ਰੋਜ਼ ਫੋਨ ਕਰਦਾ। ਬਾਪੂ ਦਾ ਹਾਲ ਪੁੱਛਦਾ। ਆਪਣੀਆਂ ਡਾਕਟਰੀ ਸਲਾਹਾਂ ਦਿੰਦਾ। ਮੇਰਾ ਕਾਲਜ ਦਾ ਸਾਥੀ ਸ਼ਮਸ਼ੇਰ ਤਾਂ ਦਿਨ ਵਿਚ ਘੱਟੋ-ਘੱਟ ਦਸ ਫੋਨ ਕਰਦਾ। ਸੰਦੀਪ ਤੇ ਮੈਂ ਪਹਿਲਾਂ ਇਕੱਠੇ ਪੜ੍ਹਾਉਂਦੇ ਸਾਂ, ਅੱਜ ਕੱਲ੍ਹ ਉਹ ਸਿਹਤ ਵਿਭਾਗ ਵਿਚ ਹੈ। ਉਹਨੇ ਬਹੁਤ ਸਾਥ ਦਿੱਤਾ। ਹਸਪਤਾਲ ਵਿਚ ਡਾਕਟਰਾਂ ਨੂੰ, ਸਹਾਇਕਾਂ ਨੂੰ ਵਾਰ-ਵਾਰ ਫੋਨ ਕਰਦੀ। ਬਾਪੂ ਦੀ ਖਬਰ ਲੈਂਦੀ। ਆਈ.ਸੀ.ਯੂ. ਦੇ ਅੰਦਰ ਦੀ ਖਬਰ ਮੈਨੂੰ ਦਿੰਦੀ। ਹਸਪਤਾਲ ਰੋਟੀ ਲੈ ਕੇ ਆਉਂਦੀ। ਮਾਨਸਿਕ ਤੌਰ ‘ਤੇ ਮੈਨੂੰ ਇਹਨਾਂ ਦਾ ਸਾਥ ਬਹੁਤ ਲੋੜੀਂਦਾ ਸੀ। ਮੈਂ ਬਹੁਤ ਭਾਵੁਕ ਹਾਂ। ਉਹ ਹਫਤਾ ਹਸਪਤਾਲ ਬੈਠਾ, ਦਿਨ ਵਿਚ ਪਤਾ ਨਹੀਂ ਕਿੰਨੀ ਵਾਰ ਹੋਇਆ ਹੋਵਾਂ। ਆਈ.ਸੀ.ਯੂ. ਦੇ ਬਾਹਰ ਬੈਠਾ ਹਰ ਬੰਦਾ ਗਮ ਵਿਚ ਡੁੱਬਿਆ ਹੋਇਆ ਸੀ। ਹਰ ਕਿਸੇ ਦਾ ਕੋਈ ਆਪਣਾ ਅੰਦਰ ਮੌਤ ਨਾਲ ਘੁਲ ਰਿਹਾ ਸੀ। ਕਈਆਂ ਦੇ ਆਪਣੇ ਲਾਸ਼ਾਂ ਬਣ ਨਿਕਲਦੇ ਮੈਂ ਉਹ ਹਫਤਾ ਭਰ ਦੇਖਦਾ ਰਿਹਾ ਸਾਂ।
ਜਾਣ ਵਾਲੇ ਜੇ ਕਿਸੇ ਛੁੱਟੀ ‘ਤੇ ਕੁਝ ਪਲਾਂ ਲਈ ਵੀ ਮੁੜਦੇ ਹੋਣ ਤਾਂ ਸ਼ਾਇਦ ਆਪਣੇ ਦਾਦੇ ਨੂੰ ਆਇਆ ਦੇਖ ਮੇਰੀ ਛੋਟੀ ਜਿਹੀ ਬੱਚੀ ਨੂੰ ਸਾਰਾ ਜਹਾਨ ਭੁੱਲ ਜਾਏ।
ਮੈਂ ਬੇਸ਼ੱਕ ਕੁਝ ਨਾ ਬੋਲਾਂ ਪਰ ਬਾਪੂ ਨੂੰ ਘੁੱਟ ਕੇ ਜੱਫੀ ਪਾ ਕੇ ਮਿਲਾਂ। ਮੈਨੂੰ ਯਾਦ ਹੈ, ਮੈਂ ਅੱਜ ਤੀਕ ਆਪਣੇ ਬਾਪੂ ਨੂੰ ਕਦੇ ਜੱਫੀ ਨਹੀਂ ਸੀ ਪਾਈ।