ਸੁਦਰਸ਼ਨ ਫਾਕਿਰ: ਲਫਜ਼ਾਂ ਦੀ ਦਰਗਾਹ

ਅਮਰੀਕ
ਸੁਦਰਸ਼ਨ ਫਾਕਿਰ ਵਰਗਾ ਸ਼ਾਇਰ ਦੁਨੀਆ ‘ਚ ਕੋਈ ਹੋਰ ਨਹੀਂ ਹੋਣਾ ਜਿਸ ਨੇ 50 ਸਾਲਾਂ ਤੋਂ ਵਧੇਰੇ ਸਮੇਂ ਤਕ ਲਿਖਿਆ ਤੇ ਖੂਬ ਲਿਖਿਆ ਪਰ ਉਹ ਸਿਰਫ ਗਾਇਆ ਗਿਆ, ਪੜ੍ਹਿਆ ਨਹੀਂ ਗਿਆ। ਲੇਖਣੀ ਦੇ ਏਨੇ ਲੰਬੇ ਸਫਰ ਤੋਂ ਬਾਅਦ ਕਿਤਾਬ ਆਈ ਤਾਂ ਉਦੋਂ ਜਦੋਂ ਉਸ ਨੂੰ ਇਸ ਦੁਨੀਆ ਤੋਂ ਰੁਖਸਤ ਹੋਇਆਂ 11 ਸਾਲ ਹੋ ਗਏ ਸਨ। ਅਸੀਂ ਵਾਰ-ਵਾਰ ਵੱਖ-ਵੱਖ ਗਾਇਕਾਂ ਵੱਲੋਂ ਗਾਈਆਂ ਉਸ ਦੀਆਂ ਗਜ਼ਲਾਂ, ਨਜ਼ਮਾਂ ਤੇ ਗੀਤ ਸੁਣਦੇ ਹਾਂ। ਬੇਗਮ ਅਖਤਰ ਤੋਂ ਲੈ ਕੇ ਜਗਜੀਤ ਸਿੰਘ ਤਕ ਨੇ ਉਸ ਨੂੰ ਇਸ ਤਰ੍ਹਾਂ ਗਾਇਆ ਕਿ ਇਕ-ਇਕ ਲਫਜ਼ ਦਾ ਜਾਦੂ ਬੇਸ਼ੁਮਾਰ ਸਰੋਤਿਆਂ ਦੇ ਸਿਰ ਚੜ੍ਹ ਕੇ ਬੋਲਦਾ ਹੈ। ਅਮਰੀਕ ਨੇ ਇਸ ਸ਼ਾਇਰ ਬਾਰੇ ਇਹ ਜੀਵੰਤ ਲੇਖ ਲਿਖਿਆ ਹੈ।

ਦੁਨੀਆ ‘ਚ ਕੋਈ ਹੋਰ ਇਹੋ ਜਿਹਾ ਮਕਬੂਲ ਵੱਡਾ ਸ਼ਾਇਰ ਨਹੀਂ ਹੋਣਾ ਜਿਸ ਨੇ 50 ਸਾਲਾਂ ਤੋਂ ਵਧੇਰੇ ਸਮੇਂ ਤਕ ਲਿਖਿਆ ਤੇ ਖੂਬ ਲਿਖਿਆ ਪਰ ਉਹ ਸਿਰਫ ਗਾਇਆ ਗਿਆ, ਪੜ੍ਹਿਆ ਨਹੀਂ ਗਿਆ। ਲੇਖਣੀ ਦੇ ਏਨੇ ਲੰਬੇ ਸਫਰ ਤੋਂ ਬਾਅਦ ਕਿਤਾਬ ਆਈ ਤਾਂ ਉਦੋਂ ਜਦੋਂ ਉਸ ਨੂੰ ਇਸ ਦੁਨੀਆ ਤੋਂ ਰੁਖਸਤ ਹੋਇਆਂ ਠੀਕ 11 ਸਾਲ ਹੋ ਗਏ ਸਨ। ਜਦਕਿ ਪੂਰੀ ਦੁਨੀਆ ‘ਚ ਲੱਖਾਂ ਲੋਕ ਦੀਵਾਨਗੀ ਦੀ ਹੱਦ ਤਕ ਉਸ ਦੇ ਪ੍ਰਸੰਸਕ ਸਨ (ਹਨ) ਤੇ ਅਸੀਂ ਵਾਰ-ਵਾਰ ਵੱਖ-ਵੱਖ ਗਾਇਕਾਂ ਵੱਲੋਂ ਗਾਈਆਂ ਉਸ ਦੀਆਂ ਗਜ਼ਲਾਂ, ਨਜ਼ਮਾਂ ਤੇ ਗੀਤ ਸੁਣਦੇ ਹਾਂ। ਬੇਗਮ ਅਖਤਰ ਤੋਂ ਲੈ ਕੇ ਜਗਜੀਤ ਸਿੰਘ ਤਕ ਨੇ ਉਸ ਨੂੰ ਇਸ ਤਰ੍ਹਾਂ ਗਾਇਆ ਕਿ ਇਕ-ਇਕ ਲਫਜ਼ ਦਾ ਜਾਦੂ ਬੇਸ਼ੁਮਾਰ ਸਰੋਤਿਆਂ ਦੇ ਸਿਰ ਚੜ੍ਹ ਕੇ ਬੋਲਦਾ ਹੈ। ਇਹ ਅਜ਼ੀਮ ਸ਼ਾਇਰ ਸੁਦਰਸ਼ਨ ਫਾਕਿਰ ਹੈ।
ਲਿਖਣਾ ਫਾਕਿਰ ਨੇ ਬਚਪਨ ਤੋਂ ਸ਼ੁਰੂ ਕਰ ਦਿੱਤਾ ਸੀ। ਪਰਿਪੱਕ ਸ਼ਾਇਰੀ ਵੱਲ ਮੋੜ ਬਾਕਾਇਦਾ ਕਾਲਜ ਦੇ ਦਿਨਾਂ ‘ਚ ਆਇਆ। ਜਲੰਧਰ ਦੇ ਡੀ.ਏ.ਵੀ. ਕਾਲਜ ‘ਚ ਉਹ ਪੜ੍ਹਦਾ ਸੀ। ਉਸ ਕਾਲਜ ‘ਚ ਅੱਗੇ ਜਾ ਕੇ ਗਾਇਕ ਜਗਜੀਤ ਸਿੰਘ ਵੀ ਸੀ। ਦੋਵਾਂ ਦੀ ਉਦੋਂ ਦੀ ਦੋਸਤੀ ਅੰਤ ਤੱਕ ਨਿਭੀ। ਸੁਦਰਸ਼ਨ ਫਾਕਿਰ ਨੂੰ ਗਾ ਕੇ ਜਗਜੀਤ ਸਿੰਘ ਨੇ ਸ਼ੁਹਰਤ ਦੀਆਂ ਬੁਲੰਦੀਆਂ ਸਰ ਕੀਤੀਆਂ ਤੇ ਫਾਕਿਰ ਨੂੰ ਵੀ ਕਰੀਬ-ਕਰੀਬ ਹਰੇਕ ਗਜ਼ਲ ਪ੍ਰੇਮੀ ਜਾਣਨ ਲੱਗ ਪਿਆ।
ਸੁਦਰਸ਼ਨ ਫਾਕਿਰ ਦਾ ਜਨਮ 19 ਦਸੰਬਰ ਨੂੰ ਪੰਜਾਬ ਦੇ ਫਿਰੋਜ਼ਪੁਰ ਦੇ ਪਿੰਡ ਰੇਤਵਾਲਾ ‘ਚ ਹੋਇਆ। ਜ਼ਿੰਦਗੀ ਦੇ ਸ਼ੁਰੂਆਤੀ ਦਿਨਾਂ ਬਾਰੇ ਉਨ੍ਹਾਂ ਦੀ ਡਾਇਰੀ ‘ਚ ਦਰਜ ਹੈ:
“ਮੇਰੇ ਪਿੰਡ ਦੇ ਆਲੇ-ਦੁਆਲੇ ਦਾ ਇਲਾਕਾ ਰੇਤਲਾ ਸੀ ਪਰ ਹਰਿਆਲੀ ਵੀ ਬੜੀ ਸੀ। ਮੇਰੇ ਪਿਤਾ ਇਲਾਕੇ ਦੇ ਮਸ਼ਹੂਰ ਡਾਕਟਰ ਸਨ ਪਰ ਮੈਂ ਸਮਝਦਾ ਸੀ ਕਿ ਉਹ ਇਸ ਇਲਾਕੇ ਦੇ ਬਾਦਸ਼ਾਹ ਹਨ ਤੇ ਮੈਂ ਹਾਂ ਸ਼ਹਿਜ਼ਾਦਾ। ਮੇਰੀ ਹਰ ਖਾਹਸ਼ ਫੌਰੀ ਪੂਰੀ ਕੀਤੀ ਜਾਂਦੀ ਸੀ। ਮੈਂ ਜਿਸ ਕਿਸੇ ਦੇ ਖੇਤ ‘ਚ ਚਾਹੁੰਦਾ, ਵੜ ਜਾਂਦਾ। ਜੋ ਚਾਹੁੰਦਾ, ਕਰਦਾ। ਜਿੱਧਰ ਇਸ਼ਾਰਾ ਕਰਦਾ, ਉਹ ਚੀਜ਼ ਮਿਲ ਜਾਂਦੀ। ਬਚਪਨ ‘ਚ ਮੇਰੀ ਪਰਵਰਿਸ਼ ਇਹੋ ਜਿਹੇ ਮਾਹੌਲ ‘ਚ ਹੀ ਹੋਈ। ਮੇਰੇ ਪਿਤਾ ਕਿਸੇ ਮਜ਼ਹਬ ਨੂੰ ਨਹੀਂ ਸਨ ਮੰਨਦੇ। ਮੈਨੂੰ ਪਿੰਡ ਦੇ ਮੁਸਲਮਾਨਾਂ ਨੇ ਇਕ ਵਾਰ ਮੇਰੇ ਪਿਤਾ ਕੋਲੋਂ ਮੰਗ ਲਿਆ, ਉਨ੍ਹਾਂ ਦੇ ਵੀ ਦਿੱਤਾ। ਮੇਰਾ ਨਾਂ ਉਨ੍ਹਾਂ ਰੱਖਿਆ ਮੁਹੰਮਦ ਸੁਦਰਸ਼ਨ। ਉਹ ਮੈਨੂੰ ਮਸਜਿਦ ਲੈ ਕੇ ਜਾਂਦੇ ਤੇ ਕਲਮਾ ਪੜ੍ਹਾਉਂਦੇ, ਕੁਰਾਨ ਪੜ੍ਹਵਾਉਂਦੇ। ਮੇਰੀ ਦਾਦੀ ਮੈਨੂੰ ਮੰਦਰ ਲੈ ਕੇ ਜਾਂਦੀ ਤੇ ਰਾਮਾਇਣ ਤੇ ਗੀਤਾ ਦਾ ਪਾਠ ਸੁਣਾਉਂਦੀ। ਮੈਂ ਸੋਚਦਾ ਜਿਹੜੇ ਲੋਕ ਮਸਜਿਦ ‘ਚ ਨਜ਼ਰ ਆਉਂਦੇ ਹਨ, ਉਹ ਮੰਦਰ ‘ਚ ਨਜ਼ਰ ਕਿਉਂ ਨਹੀਂ ਆਉਂਦੇ ਜਿਹੜੇ ਮੰਦਰ ‘ਚ ਹੁੰਦੇ ਨੇ, ਉਹ ਮਸਜਿਦ ‘ਚ ਕਿਉਂ ਨਹੀਂ ਦਿਸਦੇ? ਉਸ ਵੇਲੇ ਮੈਨੂੰ ਪਤਾ ਨਹੀਂ ਸੀ ਕਿ ਕੁਰਾਨ ਕੀ ਹੈ, ਗੀਤਾ ਕੀ ਹੈ? ਪਰ ਇਸ ਮਾਹੌਲ ‘ਚ ਜਿਹੜੇ ਸੰਸਕਾਰ ਮੈਨੂੰ ਦਿੱਤੇ, ਉਹ ਮਗਰਲੇ ਦਿਨਾਂ ‘ਚ ਸ਼ਿਅਰ ‘ਚ ਇੰਝ ਢਲੇ:
ਜਬ ਹਕੀਕਤ ਹੈ ਕਿ ਹਰ ਜ਼ੱਰੇ ਮੇਂ ਤੂ ਰਹਿਤਾ ਹੈ
ਫਿਰ ਕਲੀਸਾ, ਕਹੀਂ ਮਸਜਿਦ, ਕਹੀਂ ਮੰਦਰ ਕਿਉਂ ਹੈਂ?”
ਉਹ ਅੱਗੇ ਲਿਖਦਾ ਹੈ:
“ਇਸ ਲਈ ਮੈਂ ਆਪਣੇ ਆਪ ਨੂੰ ਨਾ ਹਿੰਦੂ ਮੰਨਦਾ ਹਾਂ, ਨਾ ਮੁਸਲਮਾਨ। ਆਪਣੇ ਆਪ ਨੂੰ ਸਿਰਫ ਇਨਸਾਨ ਕਹਾਂ ਤਾਂ ਬੁਰਾ ਨਾ ਮਨਾਉਣਾ। ਬਾਅਦ ‘ਚ ਰੇਤਵਾਲਾ ਪਿੰਡ ਛੁਟ ਗਿਆ ਤੇ ਅਸੀਂ ਫਿਰੋਜ਼ਪੁਰ ਆ ਗਏ। ਇੱਥੇ ਆਉਂਦੇ ਹੀ ਇਸ ਤਲਖ ਸੱਚਾਈ ਨਾਲ ਮੇਰਾ ਸਾਹਮਣਾ ਹੋਇਆ ਕਿ ਮੈਂ ਕੋਈ ਸ਼ਹਿਜ਼ਾਦਾ ਨਹੀਂ ਹਾਂ। ਸਿਰਫ ਇਕ ਇਲਾਕੇ ਦੇ ਮਸ਼ਹੂਰ ਡਾਕਟਰ ਦਾ ਪੁੱਤਰ ਹਾਂ। ਅੱਜ ਜਦੋਂ ਮੈਂ ਉਨ੍ਹਾਂ ਦਿਨਾਂ ਬਾਰੇ ਸੋਚਦਾ ਹਾਂ ਤਾਂ ਲੱਗਦਾ ਹੈ ਕਿ ਇਸ ਸਚਾਈ ਨੇ ਮੇਰੇ ਅੰਦਰ ਹੀਣਤਾ ਦੀ ਭਾਵਨਾ ਪੈਦਾ ਕਰ ਦਿੱਤੀ ਸੀ- ਇਕ ਤਰ੍ਹਾਂ ਦੀ ਅਹਿਸਾਸ-ਏ-ਕਮਤਰੀ ਜਾਗੀ ਸੀ ਤੇ ਇਸ ਲਈ ਵੱਡਾ ਹੋ ਕੇ ਆਪਣੇ ਆਪ ਨੂੰ ਸਾਬਤ ਕਰਨ ਲਈ ਬੇਚੈਨ ਹੋਣ ਲੱਗਿਆ। ਸੋਚਣ ਲੱਗਾ ਕਿ ਰੇਡੀਓ ਤੋਂ ਆਵਾਜ਼ ਆਏ, ਜਿਹੜੇ ਸਾਰੇ ਸੁਣਨ। ਅਖਬਾਰਾਂ ‘ਚ ਨਾਂ ਛਪੇ, ਜਿਸ ਨੂੰ ਲੋਕ ਜਾਣਨ। ਅਹਿਸਾਸ-ਏ-ਕਮਤਰੀ ਨੂੰ ਅਹਿਸਾਸ-ਏ-ਬਡਤਰੀ ‘ਚ ਬਦਲਣ ਦੀਆਂ ਹੀ ਕੋਸ਼ਿਸ਼ਾਂ ਸਨ ਇਹ।”
ਇਨ੍ਹਾਂ ਅਹਿਸਾਸ ਨੇ ਅੱਲ੍ਹੜ ਉਮਰੇ ਸੁਦਰਸ਼ਨ ਫਾਕਿਰ ਦੇ ਹੱਥਾਂ ‘ਚ ਸ਼ਾਇਰਾਨਾ ਕਲਮ ਫੜਾ ਦਿੱਤੀ। ਪਿਤਾ ਚਾਹੁੰਦੇ ਸਨ ਕਿ ਉਹ ਵੀ ਉਨ੍ਹਾਂ ਵਾਂਗ ਡਾਕਟਰ ਬਣੇ ਪਰ ਫਿਤਰਤ ਅਤੇ ਹਾਲਾਤ ਨੇ ਇਹ ਹੋਣ ਨਾ ਦਿੱਤਾ। ਫਿਰੋਜ਼ਪੁਰ ‘ਚ ਇਸ਼ਕ ਦੀ ਨਾਕਾਮੀ ਮਿਲੀ ਤਾਂ ਪੜ੍ਹਾਈ ਦੇ ਬਹਾਨੇ ਜਲੰਧਰ ਆ ਗਏ। ਗਮ ਨੇ ਫਕੀਰਾਂ ਵਰਗਾ ਹਾਲ ਕਰ ਦਿੱਤਾ। ਉਸ ਦੇ ਉਦੋਂ ਦੇ ਕੁਝ ਦੋਸਤ ਯਾਦਾਂ ਦੀਆਂ ਬੰਦ ਖਿੜਕੀਆਂ ਖੋਲ੍ਹਦੇ ਹਨ ਤਾਂ ਪਤਾ ਲੱਗਦਾ ਹੈ ਕਿ ਸ਼ਹਿਰ ਜਲੰਧਰ ਦੇ ਰੇਲਵੇ ਰੋਡ ਦੇ ਇਕ ਢਾਬੇ ਦੇ ਉੱਪਰ ਉਸ ਦਾ ਅੱਡਾ ਸੀ। ਅਸਲ ‘ਚ ਉਹ ਮੁਸਾਫਰਖਾਨੇ ਵਰਗਾ ਸੀ। ਉਸ ਦੇ ਸਭ ਤੋਂ ਪੁਰਾਣੇ ਦੋਸਤਾਂ ‘ਚੋਂ ਰਵਿੰਦਰ ਕਾਲੀਆ ਨੇ ਯਾਦਾਂ ਵਿਚ ਲਿਖਿਆ ਹੈ, “ਇਸ਼ਕ ‘ਚ ਨਾਕਾਮ ਹੋ ਕੇ ਸੁਦਰਸ਼ਨ ਫਾਕਿਰ ਫਿਰੋਜ਼ਪੁਰ ਤੋਂ ਜਲੰਧਰ ਆ ਗਿਆ ਸੀ ਤੇ ਸ਼ਾਇਰੀ ਤੇ ਸ਼ਰਾਬ ‘ਚ ਗਲ ਤਕ ਡੁੱਬ ਗਿਆ ਸੀ। ਜਲੰਧਰ ਆ ਕੇ ਉਹ ਫਕੀਰਾਂ ਵਾਂਗ ਰਹਿਣ ਲੱਗਿਆ। ਉਸ ਨੇ ਦਾੜ੍ਹੀ ਵਧਾ ਲਈ ਸੀ ਤੇ ਸ਼ਾਇਰਾਂ ਦਾ ਲਿਬਾਸ ਪਾ ਲਿਆ ਸੀ। ਉਸ ਦਾ ਕਮਰਾ ਵੀ ਦੇਖਣ ਲਾਇਕ ਸੀ। ਵੱਡਾ ਹਾਲਨੁਮਾ ਕਮਰਾ ਸੀ, ਉਸ ‘ਚ ਫਰਨੀਚਰ ਦੇ ਨਾਂ ‘ਤੇ ਸਿਰਫ ਇਕ ਦਰੀ ਵਿਛੀ ਹੋਈ ਸੀ। ਕਿਤਿਓਂ-ਕਿਤਿਓਂ ਦਰੀ ਸਿਗਰਟ ਨਾਲ ਸੜੀ ਹੁੰਦੀ ਸੀ। ਵੱਖ-ਵੱਖ ਆਕਾਰ ਦੀਆਂ ਸ਼ਰਾਬ ਦੀਆਂ ਖਾਲੀ ਬੋਤਲਾਂ ਪੂਰੇ ਕਮਰੇ ‘ਚ ਖਿੱਲਰੀਆਂ ਹੁੰਦੀਆਂ ਸਨ। ਪੂਰਾ ਕਮਰਾ ਜਿਵੇਂ ਐਸ਼-ਟਰੇਅ ਸੀ। ਫਾਕਿਰ ਦਾ ਕੋਈ ਸ਼ਾਗਿਰਦ ਹਫਤੇ ‘ਚ ਇਕ-ਅੱਧੀ ਵਾਰੀ ਝਾੜੂ ਮਾਰ ਦਿੰਦਾ ਸੀ। ਦੇਖਦਿਆਂ-ਦੇਖਦਿਆਂ ਫਾਕਿਰ ਦਾ ਇਹ ਦੌਲਤਖਾਨਾ ਪੰਜਾਬ ਦੇ ਉਰਦੂ, ਹਿੰਦੀ ਤੇ ਪੰਜਾਬੀ ਲੇਖਕਾਂ ਦਾ ਮਰਕਜ਼ ਬਣ ਗਿਆ। ਜੇ ਕੋਈ ਕਾਫੀ ਹਾਊਸ ‘ਚ ਨਾ ਮਿਲਦਾ ਤਾਂ ਉਹ ਜ਼ਰੂਰ ਇੱਥੇ ਮਿਲ ਪੈਂਦਾ। ਸਾਰਾ ਦਿਨ ਚਾਹ ਦੇ ਦੌਰ ਚੱਲਦੇ ਤੇ ਮੂੰਗਫਲੀ ਦਾ ਨਾਸ਼ਤਾ। ਅਵਲ ਤਾਂ ਫਾਕਿਰ ਨੂੰ ਇੱਕਲ ਨਾ ਮਿਲਦਾ, ਮਿਲਦਾ ਤਾਂ ‘ਦੀਵਾਨ-ਏ-ਗਾਲਿਬ’ ‘ਚ ਰੱਖਿਆ ਆਪਣੀ ਮਹਿਬੂਬਾ ਦੇ ਵਿਆਹ ਦਾ ਸੱਦਾ ਪੱਤਰ ਦੇਖਦਾ ਰਹਿੰਦਾ। ਇਸ ਇਕ ਪੁੱਤਰ ਨੇ ਉਸ ਦੀ ਜ਼ਿੰਦਗੀ ਦਾ ਰੁਖ ਪਲਟ ਦਿੱਤਾ ਸੀ।
ਜਿਨ੍ਹੀਂ ਦਿਨੀਂ ਸੁਦਰਸ਼ਨ ਫਾਕਿਰ ਇਹੋ ਜਿਹੇ ਹਾਲਾਤ ‘ਚ ਰਹਿੰਦਾ ਸੀ, ਜਲੰਧਰ ਉਨ੍ਹੀਂ ਦਿਨੀਂ ਪੰਜਾਬ ਦੀ ਸਭਿਆਚਾਰਕ ਰਾਜਧਾਨੀ ਸੀ। ਆਕਾਸ਼ਵਾਣੀ ਤੇ ਦੂਰਦਰਸ਼ਨ ਤੋਂ ਇਲਾਵਾ ਕਈ ਹਿੰਦੀ, ਪੰਜਾਬੀ ਤੇ ਉਰਦੂ ਦੇ ਮੁੱਖ ਅਖਬਾਰ ਇੱਥੋਂ ਛਪਦੇ ਸਨ। ਦੂਰ-ਦਰਾਜ ਤੋਂ ਲੇਖਕਾਂ ਦਾ ਆਉਣਾ-ਜਾਣਾ ਸੀ। ਪੰਜਾਬ ਯੂਨੀਵਰਸਿਟੀ ਦਾ ਹਿੰਦੀ ਵਿਭਾਗ ਵੀ ਇੱਥੇ ਸੀ। ਫਾਕਿਰ ਦੀ ਢਾਬੇ ਦੇ ਉੱਪਰ ਬਣੀ ਇਕ ਕਮਰੇ ਦੀ ਰਿਹਾਇਸ਼ ‘ਤੇ ਉਰਦੂ, ਪੰਜਾਬੀ ਤੇ ਹਿੰਦੀ ਲੇਖਕਾਂ ਦਾ ਮੇਲਾ ਲੱਗਿਆ ਰਹਿੰਦਾ। ਉਸ ਦੇ ਇਕ ਕਰੀਬੀ ਦੋਸਤ ਦੱਸਦੇ ਹਨ ਕਿ ਮਹਿਮਾਨ ਨੂੰ ਦੇਖ ਕੇ ਉਸ ਦੇ ਚਿਹਰੇ ‘ਤੇ ਕਦੀ ਸ਼ਿਕਨ ਨਹੀਂ ਸੀ ਆਈ। ਆਉਣ ਵਾਲੇ ਦੀ ਇੱਛਾ ਤੇ ਜ਼ਰੂਰਤ ਮੁਤਾਬਕ ਚਾਹ, ਖਾਣਾ ਤੇ ਦਾਰੂ ਦਾ ਖੁਲ੍ਹਦਿਲੀ ਨਾਲ ਬੰਦੋਬਸਤ ਹੁੰਦਾ! ਉਹੋ ਜਿਹਾ ਮਾਹੌਲ ਜਲੰਧਰ ‘ਚ ਮੁੜ ਨਹੀਂ ਬਣਿਆ। ਇਸੇ ਜਲੰਧਰ ‘ਚ ਇਹੋ ਜਿਹੇ ਵੱਡੇ ਲੇਖਕ ਵੀ ਹਨ ਜਿਹੜੇ ਅੱਜ ਨਹੀਂ ਜਾਣਦੇ ਕਿ ਸੁਦਰਸ਼ਨ ਫਾਕਿਰ ਨੇ ਆਖਰੀ ਸਾਹ ਮੁੰਬਈ ‘ਚ ਲਿਆ ਜਾਂ ਜਲੰਧਰ ‘ਚ ਅੱਜ ਫਾਕਿਰ ਨਹੀਂ ਤਾਂ ਜਲੰਧਰ ਵੀ ਉਹ ਸ਼ਹਿਰ ਨਹੀਂ ਹੈ। ਅਦਬੀ ਦੁਨੀਆ, ਖਾਸ ਤੌਰ ‘ਤੇ ਸ਼ਾਇਰੀ ‘ਚ ‘ਗੁਰੂ-ਸ਼ਿਸ਼’ ਦੀ ਰਵਾਇਤ ਬਹੁਤ ਪੁਰਾਣੀ ਹੈ। ਸੁਦਰਸ਼ਨ ਫਾਕਿਰ ਕੋਲ ਬੜੇ ਲੋਕ ‘ਸ਼ਿਸ਼’ ਬਣਨ ਦੀ ਖਾਹਸ਼ ਨਾਲ ਆਉਂਦੇ ਤੇ ਉਹ ਸ਼ਿਸ਼ਟਾਚਾਰ ਨਾਲ ਇਹ ਕਹਿ ਕੇ ਹੱਥ ਜੋੜ ਦਿੰਦਾ ਕਿ ਉਸ ਦਾ ਸ਼ਾਇਰੀ ‘ਚ ਕੋਈ ਗੁਰੂ ਨਹੀਂ, ਇਸ ਲਈ ਉਹ ਕਿਸੇ ਨੂੰ ਆਪਣਾ ਸ਼ਿਸ਼ ਨਹੀਂ ਬਣਾਏਗਾ।
1969 ਦੀ ਗੱਲ ਹੈ। ਬੇਗਮ ਅਖਤਰ ਆਲ ਇੰਡੀਆ ਰੇਡੀਓ ਜਲੰਧਰ ਆਈ ਤਾਂ ਫਾਕਿਰ ਨੇ ਕਿਸੇ ਤਰ੍ਹਾਂ ਉਨ੍ਹਾਂ ਤਕ ਆਪਣੀ ਗਜ਼ਲ ‘ਕੁਛ ਤੋ ਦੁਨੀਆ ਕੀ ਇਨਾਇਤ ਨੇ ਦਿਲ ਤੋੜ ਦਿਆ’ ਪਹੁੰਚਾਈ। ਇਸ ਦੇ ਅਲਫਾਜ਼ ਬੇਗਮ ਸਾਹਿਬਾ ਦੇ ਦਿਲ ਨੂੰ ਇਸ ਤਰ੍ਹਾਂ ਛੋਹ ਗਏ ਕਿ ਉਨ੍ਹਾਂ ਨੇ ਉਸੇ ਸ਼ਾਮ ਇਹ ਗਜ਼ਲ ਕਈ ਵਾਰ ਗਾਈ ਤੇ ਬਾਅਦ ‘ਚ ਮੁੰਬਈ ਜਾ ਕੇ ਰਿਕਾਰਡ ਕਰਵਾਈ। ਬਹੁਤ ਘੱਟ ਲੋਕ ਜਾਣਦੇ ਹਨ ਕਿ ਸੁਦਰਸ਼ਨ ਫਾਕਿਰ ਨੇ ਗ਼ਜ਼ਲ, ਨਜ਼ਮ ਤੇ ਗੀਤ ਤੋਂ ਇਲਾਵਾ ਵੀ ਬਹੁਤ ਕੁਝ ਲਿਖਿਆ ਹੈ। ਉਸ ਦੀ ਲਿਖੀ ਠੁਮਰੀ ‘ਹਮਰੀ ਅਟਰੀਆ ਓ ਸਜਨਵਾ… ਦੇਖਾ ਦੇਖੀ ਬਲਮ ਹੂਈ ਜਾਏ’ ਬੇਗਮ ਅਖਤਰ ਨੇ ਗਾਈ ਤਾਂ ਬੜੀ ਮਕਬੂਲ ਹੋਈ। ਫੈਜ਼ ਅਹਿਮਦ ਫੈਜ਼ ਇਸ ਠੁਮਰੀ ਦੇ ਏਨੇ ਪ੍ਰਸੰਸਕ ਸਨ ਕਿ ਇਸ ਨੂੰ ਵਾਰ-ਵਾਰ ਸੁਣਿਆ ਕਰਦੇ ਸਨ।
1971 ਦੇ ਨੇੜੇ-ਤੇੜੇ ਬੇਗਮ ਅਖਤਰ ਦੇ ਸੱਦੇ ‘ਤੇ ਸੁਦਰਸ਼ਨ ਫਾਕਿਰ ਮੁੰਬਈ ਚਲਾ ਗਿਆ। ਇੱਥੇ ਉਸ ਨੇ ਨਵਾਂ ਸਫਰ ਸ਼ੁਰੂ ਕੀਤਾ। ਬੇਗਮ ਅਖਤਰ ਨੇ ਤਾਂ ਉਨ੍ਹਾਂ ਦੀਆਂ ਗਜ਼ਲਾਂ ਤੇ ਠੁਮਰੀਆਂ ਗਾਈਆਂ ਹੀ ਸਨ; ਮੁਬਾਰਕ ਬੇਗਮ, ਮੁਹੰਮਦ ਰਫੀ, ਮੰਨਾ ਡੇ, ਆਸ਼ਾ ਭੋਸਲੇ, ਪੰਕਜ ਉਧਾਸ, ਕਵਿਤਾ ਕ੍ਰਿਸ਼ਨਮੂਰਤੀ, ਭੂਪੇਂਦਰ ਸਿੰਘ, ਸੁਰੇਸ਼ ਵਾਡੇਕਰ, ਹਰੀਹਰਨ, ਐਸ. ਮਹਾਦੇਵਨ, ਅਭਿਜੀਤ, ਸੁਧਾ ਮਲਹੋਤਰਾ, ਵਿਨੋਦ ਰਾਠੌਰ, ਗੁਰਦਾਸ ਮਾਨ, ਸ਼ੋਭਾ ਗੁਰਟੂ, ਵਿਨੋਦ ਸਹਿਗਲ ਤੇ ਉਦਿਤ ਨਾਰਾਇਣ ਨੇ ਵੀ ਫਾਕਿਰ ਨੂੰ ਸ਼ਿੱਦਤ ਨਾਲ ਗਾਇਆ।
ਜਗਜੀਤ ਸਿੰਘ ਨੂੰ ਤਾਂ ਮਕਬੂਲੀਅਤ ਦੀਆਂ ਬੁਲੰਦੀਆਂ ਫਾਕਿਰ ਨੂੰ ਗਾ ਕੇ ਹਾਸਲ ਹੋਈਆਂ। ਜਗਜੀਤ-ਚਿਤਰਾ ਦੀ ਜੋੜੀ ਨੇ ਉਸ ਦੀਆਂ ਲਿਖੀਆਂ ਬੇਸ਼ੁਮਾਰ ਗਜ਼ਲਾਂ-ਨਜ਼ਮਾਂ ਨੂੰ ਆਵਾਜ਼ ਦਿੱਤੀ। ‘ਕਾਗਜ਼ ਕੀ ਕੁਸ਼ਤੀ ਬਾਰਿਸ਼ ਕਾ ਪਾਣੀ’ ਨਾਲ ਦੋਵਾਂ ਦੋਸਤਾਂ, ਜਗਜੀਤ ਸਿੰਘ ਤੇ ਫਾਕਿਰ ਨੂੰ ਸ਼ੋਹਰਤ ਦਾ ਅਜਿਹਾ ਆਕਾਸ਼ ਮਿਲਿਆ ਜਿਹੜਾ ਅੱਜ ਉਸੇ ਤਰ੍ਹਾਂ ਕਾਇਮ ਹੈ। ਆਖਰੀ ਵੇਲੇ ਸੁਦਰਸ਼ਨ ਫਾਕਿਰ ਸਿਰਫ ਜਗਜੀਤ ਸਿੰਘ ਲਈ ਲਿਖਣਾ ਚਾਹੁੰਦਾ ਸੀ ਤੇ ਜਗਜੀਤ ਸਿੰਘ ਉਸ ਦੀਆਂ ਹੀ ਰਚਨਾਵਾਂ ਗਾਉਣਾ ਚਾਹੁੰਦਾ ਸੀ। ਸਾਰੀ ਉਮਰ ਦੋਵੇਂ ਇਕ-ਦੂਜੇ ਦੇ ਪੂਰਕ ਬਣੇ ਰਹੇ।
ਸ਼ੁਹਰਤ ਦੇ ਸਿਖਰ ‘ਤੇ ਪੁੱਜ ਕੇ ਸੁਦਰਸ਼ਨ ਫਾਕਿਰ ਅੰਤਰ-ਮੁਖੀ ਤੇ ਇਕੱਲਤਾ ਪਸੰਦ ਹੋ ਗਿਆ। ਗੁਮਨਾਮੀ ਨਾਲ ਮੁਹੱਬਤ ਹੋ ਗਈ। ਮੁੰਬਈ ਦੀਆਂ ਮਹਿਫਲਾਂ ਵਿਚ ਜਦ ਜਗਜੀਤ ਸਰੋਤਿਆਂ ਨੂੰ ਦੱਸਦਾ ਕਿ ਉਹਦੀਆਂ ਗਾਈਆਂ ਗਜ਼ਲਾਂ ਦਾ ਸ਼ਾਇਰ ਉੱਥੇ ਹੀ ਮੌਜੂਦ ਹੈ, ਫਾਕਿਰ ਨੂੰ ਮੰਚ ‘ਤੇ ਬੁਲਾਇਆ ਜਾਂਦਾ ਤਾਂ ਆਡੀਟੋਰੀਅਮ ਤਾੜੀਆਂ ਨਾਲ ਗੂੰਜ ਜਾਂਦਾ; ਇਧਰ ਫਾਕਿਰ ਪਿਛਲੇ ਦਰਵਾਜ਼ੇ ਰਾਹੀਂ ਉੱਥੋਂ ਗਾਇਬ ਹੋ ਜਾਂਦਾ। ਮੁੰਬਈ ‘ਚ ਉਹਦੇ ਦਿਨ ਦਾ ਟਿਕਾਣਾ ਸ਼ਾਇਰ ਹਸਤੀ ਮਲ ਹਸਤੀ ਦਾ ਸਾਂਤਾਕਰੂਜ਼ ਵਾਲਾ ਜਿਊਲਰੀ ਸ਼ੋਅਰੂਮ ਸੀ। ਰਾਤਾਂ ਕਿਸੇ ਪੁਰਾਣੀ ਲੌਂਜ ‘ਚ ਬੀਤਦੀਆਂ ਸਨ। ਉਂਝ ਮੁੰਬਈ ‘ਚ ਉਸ ਆਪਣਾ ਸ਼ਾਨਦਾਰ ਫਲੈਟ ਵੀ ਸੀ ਜਿੱਥੇ ਉਹ ਮਹੀਨੇ ‘ਚ ਇਕ ਵਾਰ ਬਿਜਲੀ, ਪਾਣੀ ਤੇ ਫੋਨ ਦਾ ਬਿੱਲ ਲੈਣ ਜਾਂਦਾ, ਅੰਦਰ ਕਮਰੇ ‘ਚ ਪੈਰ ਵੀ ਨਾ ਰੱਖਦਾ। ਸਾਂਭ ਸੰਭਾਲ ਦੀ ਘਾਟ ਕਾਰਨ ਉਹ ਫਲੈਟ ਕਬੂਤਰਾਂ ਦਾ ਆਸ਼ਿਆਨਾ ਬਣ ਗਿਆ ਸੀ। ਮਜ਼ਾਕ ‘ਚ ਉਹ ਕਿਹਾ ਕਰਦਾ, “ਆਪਣੇ ਫਲੈਟ ‘ਚ ਕਦਮ ਇਸ ਲਈ ਨਹੀਂ ਰੱਖਦਾ ਕਿ ਕਬੂਤਰਾਂ ਦੀ ਪ੍ਰਾਈਵੇਸੀ ਭੰਗ ਨਾ ਹੋ ਜਾਵੇ।”
ਹਰ ਵੱਡੇ ਸ਼ਾਇਰ ਵਾਂਗ ਸੁਦਰਸ਼ਨ ਫਾਕਿਰ ਵੀ ਅਜਬ-ਆਜ਼ਾਦ ਸੀ। 1990 ਤੋਂ ਬਾਅਦ ਉਸ ਨੇ ਜੋ ਵੀ ਲਿਖਿਆ, ਸਾਂਤਾਕਰੂਜ਼ (ਈਸਟ) ਦੇ ਇਕ ਬੈਂਚ ਦੇ ਬੈਠ ਕੇ ਲਿਖਿਆ। ਜੇ ਬੈਂਚ ਖਾਲੀ ਨਾ ਹੁੰਦਾ ਤਾਂ ਘੰਟਿਆ-ਬੱਧੀ ਉਸ ਦੇ ਖਾਲੀ ਹੋਣ ਦੀ ਉਡੀਕ ਕਰਦਾ ਰਹਿੰਦਾ। ਉਸ ਦਾ ਕਹਿਣਾ ਸੀ, “ਜਦੋਂ ਉਸ ਬੈਂਚ ‘ਤੇ ਬੈਠਦਾ ਹਾਂ ਤਾਂ ਗਜ਼ਲ ਉਤਰਦੀ ਹੈ।” ਉਹਨੇ ਨਿੱਘੇ ਮਿੱਤਰ ਫਿਰੋਜ਼ ਖਾਨ ਦੀ ਫਿਲਮ ‘ਯਲਗਾਰ’ ਦੀ ਸਕ੍ਰਿਪਟ ਉਸੇ ਬੈਂਚ ‘ਤੇ ਬੈਠ ਕੇ ਲਿਖੀ ਸੀ। ਬੇਚੈਨੀ ਦੇ ਆਲਮ ‘ਚ ਉਹ ਕਈ ਵਾਰ ਸਾਰਾ-ਸਾਰਾ ਦਿਨ ਤੇ ਸਾਰੀ-ਸਾਰੀ ਰਾਤ ਉੱਥੇ ਬੈਠੇ-ਬੈਠੇ ਬਿਤਾ ਦਿੰਦਾ ਸੀ। ਉਸ ਨੇ ਭਗਤੀ ਗੀਤ ‘ਹੇ ਰਾਮ’ ਵੀ ਉਸੇ ਬੈਂਚ ‘ਤੇ ਬੈਠ ਕੇ ਲਿਖਿਆ ਜਿਹੜਾ ਜਗਜੀਤ ਸਿੰਘ ਨੇ ਗਾ ਕੇ ਅਜਿਹਾ ਅਮਰ ਕੀਤਾ ਕਿ ਲੱਖਾਂ ਘਰਾਂ ‘ਚ ਉਹ ਸੁਣਿਆ ਜਾਂਦਾ ਹੈ।
ਮੁੰਬਈ ‘ਚ ਫਕੀਰਾਂ ਵਰਗੀ ਹਾਲਤ ‘ਚ ਰਹਿਣ ਵਾਲਾ ਇਹ ਅਜ਼ੀਮ ਸ਼ਾਇਰ ਲੱਖਾਂ ਦੀ ਰਾਇਲਟੀ ਦਾ ਮਾਲਕ ਸੀ। ਉਸ ਦੀ ਪਤਨੀ ਦਾ ਫੋਨ ਆਇਆ ਕਿ ਪੁੱਤਰ ਦਾ ਵਿਆਹ ਹੈ ਤੇ ਪੈਸਿਆਂ ਦਾ ਇੰਤਜ਼ਾਮ ਕਰਨਾ ਪਵੇਗਾ। ਬੇਪਰਵਾਹ ਸੁਦਰਸ਼ਨ ਫਾਕਿਰ ਨੇ ਐਚ.ਐਮ.ਵੀ. ‘ਚ ਸਿਰਫ ਇਕ ਫੋਨ ਕੀਤਾ ਤੇ ਅਗਲੇ ਦਿਨ 23 ਲੱਖ ਦਾ ਚੈੱਕ ਹਾਜ਼ਰ ਹੋ ਗਿਆ। ਉਨ੍ਹਾਂ ਦੀ ਪਤਨੀ ਸੁਦੇਸ਼ ਅਤੇ ਪੁੱਤਰ ਮਾਨਵ ਫਾਕਿਰ ਜਲੰਧਰ ‘ਚ ਰਹਿੰਦਾ ਹੈ। ਸ੍ਰੀਮਤੀ ਸੁਦੇਸ਼ ਫਾਕਿਰ ਮੁਤਾਬਕ ਅੱਜ ਵੀ ਸੁਦਰਸ਼ਨ ਦੀ ਰਾਇਲਟੀ ਉਨ੍ਹਾਂ ਨੂੰ ਸਨਮਾਨ ਸਹਿਤ ਤੇ ਤਸੱਲੀਬਖਸ਼ ਹਾਸਲ ਹੁੰਦੀ ਹੈ।
ਆਪਣੇ ਸਮਕਾਲੀ ਸ਼ਾਇਰਾਂ ‘ਚ ਸੁਦਰਸ਼ਨ ਫਾਕਿਰ ਸਭ ਤੋਂ ਵੱਧ ਮਸ਼ਹੂਰ ਸੀ ਪਰ ਜ਼ਿੰਦਾ ਰਹਿੰਦਿਆਂ ਉਸ ਦਾ ਇਕ ਵੀ ਸੰਗ੍ਰਹਿ ਪ੍ਰਕਾਸ਼ਿਤ ਨਹੀਂ ਹੋਇਆ। ਇਹੋ ਜਿਹੀ ਕੋਈ ਦੂਜੀ ਮਿਸਾਲ ਨਹੀਂ ਮਿਲਦੀ। 2004 ‘ਚ ਗੰਭੀਰ ਬਿਮਾਰ ਹੋਇਆ ਤਾਂ ਪਰਿਵਾਰ ਵਾਲੇ ਜਲੰਧਰ ਲੈ ਆਏ। ਇਹ ਉਸ ਦੀ ਪੱਕੀ ਘਰ ਵਾਪਸੀ ਸੀ। ਆਖਰੀ ਦਿਨਾਂ ‘ਚ ਉਹ ਆਪਣਾ ਸੰਗ੍ਰਹਿ ਹਿੰਦੂ-ਉਰਦੂ ‘ਚ ਸਾਂਝੇ ਤੌਰ ‘ਤੇ ਛਪਵਾਉਣਾ ਚਾਹੁੰਦਾ ਸੀ, ਇਹ ਕੰਮ ਨਾ ਹੋ ਸਕਿਆ। 18 ਫਰਵਰੀ 2008 ਨੂੰ ਉਸ ਦੇ ਸਾਹ ਜਲੰਧਰ ਦੇ ਇਕ ਹਸਪਤਾਲ ‘ਚ ਸਦਾ ਲਈ ਮੁੱਕ ਗਏ। 11 ਸਾਲ ਬਾਅਦ ਸੰਗ੍ਰਹਿ ‘ਕਾਗਜ਼ ਕੀ ਕਸ਼ਤੀ’(2019) ਰਾਜਪਾਲ ਐਂਡ ਸਨਜ਼ ਵੱਲੋਂ ਪ੍ਰਕਾਸ਼ਿਤ ਹੋਇਆ। ਸੁਦਰਸ਼ਨ ਫਾਕਿਰ ਦੀਆਂ ਕੁਝ ਮਕਬੂਲ ਗਜ਼ਲਾਂ
– ਕੁਛ ਤੋ ਦੁਨੀਆ ਕੀ ਇਨਾਇਤ ਨੇ ਦਿਲ ਤੋੜ ਦੀਆ
– ਅਹਿਲ-ਏ-ਉਲਫਤ ਕੇ ਹਵਾਲੋਂ ਪੇ ਹੰਸੀ ਆਤੀ ਹੈ
– ਇਸ਼ਕ ਮੇਂ ਗੈਰਤ-ਏ-ਜਜ਼ਬਾਤ ਨੇ ਰੋਨੇ ਨਾ ਦੀਆ
– ਜਿਸ ਸੇ ਹਸਤੀ ਫਨਾ ਨਹੀਂ ਹੋਤੀ
– ਆਜ ਕੇ ਦੌਰ ਮੇਂ ਐ ਦੋਸਤ ਯੇਹ ਮੰਜ਼ਰ ਕਿਉਂ
– ਮੈਨੇ ਹਰਗਿਜ਼ ਯਹ ਨਾ ਸੋਚਾ ਮਗਰ ਯਾਦ ਆਇਆ
– ਹਮਸੇ ਤੁਮ ਕੋ ਕਯਾ ਗਿਲਾ ਹੈ ਜ਼ਿੰਦਗੀ
– ਆਦਮੀ ਆਦਮੀ ਕੋ ਕਯਾ ਦੇਗਾ
– ਕੈਸੇ ਲਿਖੋਗੇ ਮੁਹੱਬਤ ਕੀ ਕਿਤਾਬ
– ਕੌਨ ਯਹ ਜਾਨਾ ਇਸ਼ਕ ਮੇਂ ਕਬ ਕਯਾ ਹੋਨਾ ਹੈ
– ਮੇਰੀ ਜ਼ੁਬਾਂ ਸੇ ਮੇਰੀ ਦਾਸਤਾਂ ਸੁਨ ਤੋ ਸਹੀ
– ਕਿਸੀ ਰੰਜਿਸ਼ ਕੋ ਹਵਾ ਦੋ ਕਿ ਮੈਂ ਜ਼ਿੰਦਾ ਹੂੰ ਅਭੀ
– ਜ਼ਿੰਦਗੀ ਤੁਝਕੋ ਜੀਆ ਹੈ ਕੋਈ ਅਫਸੋਸ ਨਹੀਂ
– ਆਪਨੋ ਕੇ ਸਿਤਮ ਹਮਸੇ ਬਤਾਏ ਨਹੀਂ ਜਾਤੇ
– ਮੈਂ ਲੌਟ ਕੇ ਘਰ ਆਊਂ ਕੋਈ ਆਸ ਨਹੀਂ ਹੈ
– ਪੱਥਰ ਕੇ ਖੁਦਾ, ਪੱਥਰ ਕੇ ਸਨਮ, ਪੱਥਰ ਕੇ ਹੀ ਇੰਸਾਂ ਪਾਏ ਹੈਂ
– ਮੇਰੇ ਦੁਖੋਂ ਕੀ ਕੋਈ ਦਵਾ ਨਾ ਕਰੋ
– ਗ਼ਮ ਬੜੇ ਆਤੇ ਹੈਂ ਕਾਤਿਲ ਕੀ ਨਿਗਾਹੋਂ ਕੀ ਤਰਹ
– ਨਾ ਮੁਹੱਬਤ ਨਾ ਦੋਸਤੀ ਕੇ ਲਿਏ
– ਜ਼ਿੰਦਗੀ ਕੁਛ ਭੀ ਨਹੀਂ ਫਿਰ ਭੀ ਜੀਏ ਜਾਤੇ ਹੈਂ
– ਯਹ ਦੌਲਤ ਭੀ ਲੇ ਲੋ ਯਹ ਸ਼ੁਹਰਤ ਭੀ ਲੇ ਲੋ
– ਹੇ ਰਾਮ… ਹੇ ਰਾਮ… ਹੇ ਰਾਮ…