ਅਸਲ ਬ੍ਰਹਮਗਿਆਨੀ

ਹਰਜੀਤ ਦਿਓਲ, ਬਰੈਂਪਟਨ
ਹਜ਼ਾਰਾਂ ਸਾਲ ਪਹਿਲਾਂ ਹਨੇਰੀਆਂ ਰਾਤਾਂ ਨੂੰ ਮਨੁੱਖ ਆਸਮਾਨ `ਚ ਚਮਕਦੇ ਤਾਰਿਆਂ ਨੂੰ ਬੜੇ ਅਸਚਰਜ ਨਾਲ ਦੇਖਿਆ ਕਰਦਾ ਹੋਣੈ ਕਿਓਂਕਿ ਓਦੋਂ ਨਾ ਅੱਜ ਵਾਂਗ ਰੁਸ਼ਨਾਏ ਸ਼ਹਿਰ ਸਨ ਅਤੇ ਨਾ ਮਨੁੱਖ ਨੂੰ ਘਰਾਂ ਅੰਦਰ ਕੈਦ ਰੱਖਣ ਲਈ ਟੈਲੀਵਿਜ਼ਨ।

ਰੋਜ਼ਾਨਾ ਤਾਰਿਆਂ ਦੀ ਇੱਕੋ ਜਿਹੀ ਸਥਿਤੀ ਨਾਲ ਭਾਵੇਂ ਮਨੁੱਖ ਚੰਗੀ ਤਰ੍ਹਾਂ ਵਾਕਫ ਹੋ ਗਿਆ ਸੀ ਪਰ ਇਹ ਕੀ ਹਨ ਇਸ ਪਾਸੋਂ ਲੰਮਾ ਸਮਾਂ ਅਣਜਾਣ ਹੀ ਰਿਹਾ। ਇਨ੍ਹਾਂ ਬਾਰੇ ਮਨੁੱਖੀ ਉਤਸੁਕਤਾ ਨੇ ਉਸ ਨੂੰ ਇਸ ਪਾਸੇ ਸੋਚਣ ਲਈ ਮਜਬੂਰ ਕੀਤਾ ਤਾਂ ਮਨੁੱਖੀ ਇਤਿਹਾਸ ਦੇ ਵਰਕਿਆਂ `ਚ ਖਗੋਲ ਵਿਗਿਆਨ ਨੇ ਹਾਜ਼ਰੀ ਲਵਾਈ। ਬੁਝਾਰਤ ਬਣੀ ਕੁਦਰਤ ਨੂੰ ਸਮਝਣ ਲਈ ਮਨੁੱਖੀ ਦਿਮਾਗ ਹਰਕਤ `ਚ ਆਇਆ ਭਾਵੇਂ ਉਸ ਵਕਤ ਵੀ ਇਨ੍ਹਾਂ ਕੁਦਰਤੀ ਵਰਤਾਰਿਆਂ ਨੂੰ ਕਿਸੇ ਦੈਵੀ ਸ਼ਕਤੀ ਨਾਲ ਜੋੜਨ ਤੱਕ ਸੀਮਤ ਰਹਿਣ ਵਾਲਿਆਂ ਦੀ ਵੀ ਕਮੀ ਨਹੀਂ ਸੀ। ਵਿਰਲੇ ਨਵੀਂਆਂ ਲੀਹਾਂ ਪਾਉਣ ਵਾਲੇ ਵੀ ਸਨ ਜਿਨ੍ਹਾਂ ਗੌਰ ਕੀਤਾ ਕਿ ਕੁਝ ਕੁ ਤਾਰੇ ਆਪਣੀ ਜਗ੍ਹਾ ਬਦਲਦੇ ਹਨ ਜਦਕਿ ਬਾਕੀ ਹਰ ਰਾਤ ਇੱਕੋ ਥਾਂ ਨਜ਼ਰ ਆਉਂਦੇ ਹਨ। ਪਹਿਲਾਂ ਸਿਰਫ ਪੰਜ ਗਤੀਸ਼ੀਲ ਤਾਰਿਆਂ ਬਾਰੇ ਪਤਾ ਲੱਗਾ ਜਿਨ੍ਹਾਂ ਨੂੰ ‘ਪਲੈਨਟ’(ਗ੍ਰੀਕ ਭਾਸ਼ਾ `ਚ ਘੁਮੱਕੜ) ਕਿਹਾ ਗਿਆ ਤੇ ਇਨ੍ਹਾਂ ਨੂੰ ਗ੍ਰੀਕ ਦੇਵਤਿਆਂ ਦੇ ਨਾਂਅ ਦਿੱਤੇ ਗਏ। ਸਭ ਤੋਂ ਚਮਕਦਾਰ ਨੂੰ ਪਿਆਰ ਅਤੇ ਸੁੰਦਰਤਾ ਦੇ ਦੇਵਤਾ ਵੀਨਸ, ਲਾਲ ਰੰਗ ਦਾ ਭਾਸਣ ਵਾਲੇ ਤਾਰੇ ਨੂੰ ਜੰਗ ਦੇ ਦੇਵਤਾ ਮਾਰਸ, ਦੂਜਾ ਚਮਕਦਾਰ ਤਾਰਾ ਸਭ ਦੇਵਤਿਆਂ ਦਾ ਮੁਖੀ ਜਿਊਪੀਟਰ ਅਤੇ ਤੇਜ਼ ਗਤੀ ਨਾਲ ਚੱਲਣ ਵਾਲੇ ਤਾਰੇ ਨੂੰ ਦੇਵਤਾ ਦਾ ਸੰਦੇਸ਼ਵਾਹਕ ਮਰਕਰੀ ਦਾ ਨਾਂਅ ਦਿੱਤਾ ਗਿਆ। ਆਖਰੀ ਤਾਰਾ ਖੇਤੀਬਾੜੀ ਦਾ ਦੇਵਤਾ ਸੈਟਰਨ ਕਹਿਲਾਇਆ। ਸੰਨ 1610 ਈਸਵੀ ਤੱਕ ਇੰਨੀ ਹੀ ਜਾਣਕਾਰੀ ਮੌਜੂਦ ਰਹੀ।
ਇਟੈਲੀਅਨ ਵਿਗਿਆਨੀ ਗੈਲੀਲਿਓ ਗੈਲੀਲੀ ਉਨ੍ਹੀਂ ਦਿਨੀਂ ਨੀਦਰਲੈਂਡ ਵਿਚ ਈਜਾਦ ਹੋਏ ਇੱਕ ਅਦਭੁਤ ਯੰਤਰ ‘ਟੈਲੀਸਕੋਪ’ ਨਾਲ ਤਜਰਬੇ ਕਰਨ ਲੱਗਾ ਜੋ ਉਸ ਤੋਂ ਪਹਿਲਾਂ ਕਿਸੇ ਨੇ ਨਹੀਂ ਕੀਤਾ ਸੀ। ਪਹਿਲਾਂ ਟੈਲੀਸਕੋਪ ਸਿਰਫ ਜਹਾਜ਼ੀਆਂ ਅਤੇ ਜੰਗਾਂ ਲਈ ਵਰਤੋਂ `ਚ ਲਿਆਂਦਾ ਗਿਆ ਪਰ ਜਦ ਗੈਲੀਲਿਓ ਇਸ ਦਾ ਮੂੰਹ ਆਕਾਸ਼ ਵੱਲ ਕਰ ਦਿੱਤਾ ਤਾਂ ਬ�ਿਹਮੰਡ ਦੀ ਖੋਜ ਵੱਲ ਮਨੁੱਖ ਦਾ ਪਹਿਲਾ ਕਦਮ ਪੁੱਟਿਆ ਗਿਆ। ਚੰਨ ਜਿਸ ਨੂੰ ਲੋਕ ਸਿਰਫ ਇੱਕ ਚਮਕਦਾਰ ਧਾਤੂ ਦਾ ਗੋਲਾ ਸਮਝਦੇ ਸਨ ਟੈਲੀਸਕੋਪ ਰਾਹੀਂ ਦੇਖਿਆਂ ਧਰਤੀ ਵਰਗਾ ਗ੍ਰਹਿ ਨਜ਼ਰ ਆਇਆ। ਹੁਣ ਖਗੋਲ ਵਿਗਿਆਨ ਨੇ ਰੇਸ ਫੜ ਲਈ। ਪਤਾ ਲੱਗਾ ਕਿ ਪੰਜ ਪਲੈਨਟ ਇੱਕ ਤਰ੍ਹਾਂ ਨਾਲ ਧਰਤੀਆਂ ਹੀ ਹਨ ਅਤੇ ਵੱਡੇ ਜਿਊਪੀਟਰ ਦੁਆਲੇ ਵੀ ਕਈ ਚੰਨ ਘੁੰਮ ਰਹੇ ਹਨ। ਜਿਵੇਂ ਕਿ ਅੱਜ ਵੀ ਹੁੰਦਾ ਹੈ ਧਾਰਮਿਕ ਚਰਚਾਂ ਇਸ ਦਾ ਵਿਰੋਧ ਕੀਤਾ ਪਰ ਨਿੱਤ ਹੋ ਰਹੀਆਂ ਨਵੀਂਆਂ ਖੋਜਾਂ ਅੱਗੇ ਆਖਰ ਹਾਰ ਮੰਨਣੀ ਪਈ। ਇਨ੍ਹਾਂ ਗ੍ਰਹਿਾਂ ਉੱਪਰ ਜੀਵਨ ਦੇ ਕਿਆਸੇ ਲੱਗਣ ਲੱਗੇ ਅਤੇ ਏਲੀਅਨਸ ਬਾਰੇ ਕਈ ਕਾਲਪਨਿਕ ਨਾਵਲ ਲਿਖੇ ਗਏ। 1781 ਈਸਵੀ `ਚ ਬ੍ਰਿਟਿਸ਼ ਖਗੋਲ ਵਿਗਿਆਨੀ ਵਿਲੀਅਮ ਹਰਸ਼ਲ ਨੇ ਹੋਰ ਵਿਕਸਿਤ ਹੋ ਗਈਆਂ ਦੂਰਬੀਨਾਂ (ਟੈਲੀਸਕੋਪ) ਰਾਹੀਂ ਇੱਕ ਹੋਰ ਗ੍ਰਹਿ ਦਾ ਪਤਾ ਲਾਇਆ ਜਿਸ ਨੂੰ ਆਕਾਸ਼ ਦੇ ਦੇਵਤਾ ਯੁਰੇਨਸ ਦਾ ਨਾਂਅ ਦਿੱਤਾ ਗਿਆ। ਇਸ ਮਗਰੋਂ ਇੱਕ ਤੋਂ ਬਾਅਦ ਦੂਜੇ ਵਿਗਿਆਨੀ ਇਨ੍ਹਾਂ ਖੋਜਾਂ ਨੂੰ ਅੱਗੇ ਤੋਰਦੇ ਰਹੇ ਅਤੇ ਪਿਛਲੇ ਕੰਮਾਂ ਦੇ ਨਤੀਜਿਆਂ ਨੂੰ ਵਰਤਦੇ ਹੋਏ ਹੋਰ ਅੱਗੇ ਵਧਦੇ ਰਹੇ। ਇਹ ਬ੍ਰਹਮਗਿਆਨੀ ਸਨ ਰੈਵਰੈਂਡ ਟੀ ਜੇ ਹਸੇ (1834)
ਜੌਹਨ ਕਾਊਚ ਅਡਮ, ਅਰਬਨ ਲੀ ਵਰੀਅਰ ਅਤੇ ਜੌਹਨ ਗੈਲੇ। ਸੱਤਵੇਂ ਗ੍ਰਹਿ ਨੈਪਚੂਨ ਦੀ ਖੋਜ ਬਾਅਦ ਲੰਮਾ ਸਮਾਂ ਕਿਸੇ ਹੋਰ ਗ੍ਰਹਿ ਦਾ ਪਤਾ ਨਾ ਲੱਗਾ ਪਰ ਅਚਾਨਕ 1859 ਵਿਚ ਫਰਾਂਸੀਸੀ ਵਿਗਿਆਨੀ ਅਡਮੰਡ ਲਸਬਾਲਟ ਨੇ ਇੱਕ ਹੋਰ ਨਵੇਂ ਗ੍ਰਹਿ ਪਲੂਟੋ ਦਾ ਪਤਾ ਲਾ ਕੇ ਦੁਨੀਆਂ ਨੂੰ ਹੈਰਾਨ ਕਰ ਦਿੱਤਾ। ਇਹ ਹੁਣ ਤੱਕ ਲੱਭਿਆ ਅਖੀਰਲਾ ਸਭ ਤੋਂ ਛੋਟਾ ਗ੍ਰਹਿ ਹੈ ਜਿਸ ਦਾ ਵਿਆਸ ਸਿਰਫ 2400 ਕਿਲੋਮੀਟਰ ਹੈ ਅਤੇ ਇਹ ਸਾਡੇ ਤੋਂ ਕੋਈ ਪੌਣੇ ਛੇ ਹਜ਼ਾਰ ਮਿਲੀਅਨ ਕਿਲੋਮੀਟਰ ਦੂਰ ਹੈ। ਧਰਮ ਵਾਂਗੂੰ ਵਿਗਿਆਨ ਖੇਤਰ ਵਿਚ ਗਿਆਨ ਨੂੰ ਸੀਮਤ ਦਾਇਰੇ ਵਿਚ ਬੰਨ੍ਹ ਕੇ ਨਹੀਂ ਰੱਖਿਆ ਜਾਂਦਾ ਇਸ ਲਈ ਅੰਤਰਰਾਸ਼ਟਰੀ ਖਗੋਲ ਸੰਸਥਾ ਨੇ ਛੇਤੀ ਹੀ ਇਸ ਨੌਵੇਂ ਗ੍ਰਹਿ ਪਲੂਟੋ ਨੂੰ ਪਲੇਨਟ ਦੇ ਦਰਜੇ ਤੋਂ ਬਾਹਰ ਕੱਢ ਡਵਾਰਫ ਦਾ ਨਾਂਅ ਦੇ ਦਿੱਤਾ। ਪਲੂਟੋ ਪਲੈਨਟ ਦੀ ਮਿੱਥੀ ਗਈ ਪਰਿਭਾਸ਼ਾ ਪੂਰੀ ਨਹੀਂ ਕਰਦਾ ਸੀ। ਇਸ ਬਦਲਾਓ ਲਈ ਕੋਈ ਝਗੜੇ ਫਸਾਦ ਨਹੀਂ ਹੋਏ ਕਿਉਂਕਿ ਵਿਗਿਆਨ ਦਾ ਅਸੂਲ ਹੈ “ਬਦਲਾਓ ਜੀਵਨ ਅਤੇ ਖੜੋਤ ਮ੍ਰਿਤੂ”। ਵਿਗਿਆਨ ਵਿਚ ਹੋਏ ਚਮਤਕਾਰੀ ਵਿਕਾਸ ਨੇ ਅੱਜ ਮਨੁੱਖ ਨੂੰ ਜੋ ਜਾਣਕਾਰੀਆਂ ਉਪਲਬਧ ਕਰਾਈਆਂ ਹਨ ਅਸਚਰਜ ਦੀਆਂ ਸੀਮਾਵਾਂ ਟੱਪ ਗਈਆਂ ਹਨ। ਆਕਾਸ਼ `ਚ ਚਮਕਦੇ ਤਾਰੇ ਅਣਗਿਣਤ ਸੂਰਜ ਹਨ ਅਤੇ ਉਨ੍ਹਾਂ ਦੁਆਲੇ ਘੁੰਮਦੇ ਅਣਗਿਣਤ ਗ੍ਰ1ਿਹਾਂ ਬਾਰੇ ਨਿੱਤ ਨਵੀਆਂ ਜਾਣਕਾਰੀਆਂ ਨਸ਼ਰ ਹੋ ਰਹੀਆਂ ਹਨ। ਸਭ ਤੋਂ ਨੇੜਲਾ ਸੂਰਜ ਮੰਡਲ ਸਾਡੇ ਤੋਂ ਸਾਢੇ ਚਾਰ ਪ੍ਰਕਾਸ਼ ਵਰ੍ਹੇ ਦੂਰ ਹੈ। ਪ੍ਰਕਾਸ਼ ਇੱਕ ਸਕਿੰਟ ਵਿਚ ਤਿੰਨ ਲੱਖ ਕਿਲੋਮੀਟਰ ਚੱਲਦਾ ਹੈ। ਜੇ ਇਸ ਗਤੀ ਨਾਲ ਚੱਲੀਏ ਤਾਂ 4.5 ਸਾਲ ਵਿਚ ਓਥੇ ਅੱਪੜਾਂਗੇ। ਹੁਣ ਦੱਸੋ ਚਿੱਟੇ ਚੋਗਿਆਂ ਜਾਂ ਭਗਵੇਂ ਲਿਬਾਸ ਵਿਚ ਵਿਚਰਦੇ ਅਖੌਤੀ ਬ੍ਰਹਮਗਿਆਨੀਆਂ ਜਿਨ੍ਹਾਂ ਨੂੰ ਸ਼ਾਇਦ ਧਰਤੀ ਦੇ ਵਿਆਸ ਦਾ ਵੀ ਪਤਾ ਨਾ ਹੋਵੇ ਕਿਸ ਗਿਆਨ ਦੀਆਂ ਪੰਡਾਂ ਲਈ ਫਿਰਦੇ ਹਨ। ਪਰ ਅਸਲ ਬ੍ਰਹਮਗਿਆਨੀਆਂ ਨਾਲ ਰੂਬਰੂ ਹੋਣ ਲਈ ਤੁਹਾਨੂੰ ਚੁੱਪ ਚੁਪੀਤੇ ਕਿਸੇ ਲਾਇਬਰੇਰੀ ਵਿਚ ਜਾ ਬੈਠਣਾ ਹੋਵੇਗਾ ਜਿੱਥੇ ਬਿਨਾ ਆਪਣੀ ਜੇਬ ਨੂੰ ਕੁੰਡੀ ਲਵਾਇਆਂ ਤੁਸੀਂ ਮਾਨਵਤਾ ਦੇ ਮਸੀਹਿਆਂ ਨਾਲ ਮੁਲਾਕਾਤਾਂ ਕਰ ਵਿਲੱਖਣ ਇਨਸਾਨੀ ਦਿਮਾਗ ਦੀ ਥਾਹ ਪਾ ਸਕਦੇ ਹੋ। ਜ਼ਰੂਰਤ ਹੈ ਤਾਂ ਸਿਰਫ ਵਕਤ ਬਰਬਾਦ ਕਰਨ ਵਾਲੇ ਨਕਲੀ ਬ੍ਰਹਮਗਿਆਨੀਆਂ ਤੋਂ ਖਹਿੜਾ ਛੁਡਾਉਣ ਦੀ।