ਨਿਹਾਲ ਸਿੰਘ ਦਾ ਪੜਪੋਤਾ ਅਮਾਨਤ ਅਲੀ ਬਨਾਮ ਭਾਰਤ-ਪਾਕਿ ਸਬੰਧ

ਗੁਲਜ਼ਾਰ ਸਿੰਘ ਸੰਧੂ
ਮੇਰਾ ਇਸ ਵਰੇ੍ਹ ਦਾ ਹਾਸਲ ਲਾਹੌਰੀਏ ਅਮਾਨਤ ਅਲੀ ਵਲੋਂ ਮੈਨੂੰ ਲੱਭਣਾ ਹੈ; ਸ਼ਾਇਦ ਗੁਰਭਜਨ ਗਿੱਲ ਰਾਹੀਂ। ਉਹ 55 ਸਾਲ ਦਾ ਹੈ ਪਰ ਜਦੋਂ ਵੀ ਮੈਨੂੰ ਟੈਲੀਫੋਨ ਕਰਦਾ ਹੈ ਬੜੇ ਆਦਰ-ਮਾਣ ਨਾਲ ਬਾਪੂ ਜੀ ਕਹਿੰਦਾ ਹੈ। ਉਂਝ ਉਸਦੇ ਪਿਤਾ ਦਾ ਨਾਂ ਮੁਹੰਮਦ ਹੁਸੈਨ ਹੈ ਜੋ ਕਿੱਕਰ ਵਾਲਾ, ਲਾਹੌਰ ਦਾ ਵਸਨੀਕ ਹੈ। ਅਮਾਨਤ ਲਾਹੌਰ ਦੇ ਸਕੂਲਾਂ ਤੇ ਕਾਲਜਾਂ ਦਾ ਵਿਦਿਆਰਥੀ ਰਿਹਾ ਤੇ ਅੱਜ ਕੱਲ੍ਹ ਲਾਹੌਰ-ਫਿਰੋਜ਼ਪੁਰ ਮਾਰਗ ਉੱਤੇ ਪੈਂਦੀ ਕਿਸੇ ਸੰਸਥਾ ਵਿਚ ਪੰਜਾਬੀ ਦਾ ਪ੍ਰੋਫੈਸਰ ਹੈ। ਉਹ ਮੁਸਾਫਰ ਤਖੱਲਸ ਹੇਠ ਕਵਿਤਾ ਵੀ ਲਿਖਦਾ ਹੈ।

ਅਮਾਨਤ ਅਲੀ ਦੇ ਦੱਸਣ ਅਨੁਸਾਰ ਉਸਦੇ ਵਾਲਦ ਮੁਹੰਮਦ ਹੁਸੈਨ ਦਾ ਜਨਮ 1929 ਵਿਚ ਮੀਆਂ ਅੱਲਾ ਬਖਸ਼ ਵਲਦ ਭਾਈ ਰੂੜਾ ਦੇ ਘਰ ਹੋਇਆ ਜਿਸ ਦੇ ਪਿਤਾ ਦਾ ਨਾਂ ਨਿਹਾਲ ਸਿੰਘ ਸੀ ਤੇ ਗੋਤ ਗਿੱਲ। ਉਨ੍ਹਾਂ ਦਾ ਜੱਦੀ ਪਿੰਡ ਨੌਸ਼ਹਿਰਾ ਢਾਲਾ (ਅੰਬਰਸਰ) ਸੀ। ਉਸ ਦੀ ਮਾਤਾ ਬੀਬੀ ਅਜ਼ੀਜ਼ਾਂ ਦੇ ਪੇਕੇ ਵੀ ਏਸ ਹੀ ਜ਼ਿਲ੍ਹੇ ਦੇ ਪਿੰਡ ਛੋਟਾ ਚੀਮਾ ਵਿਚ ਸਨ। ਅੱਜ ਕੱਲ੍ਹ ਇਹ ਦੋਵੇਂ ਪਿੰਡ ਜ਼ਿਲ੍ਹਾ ਤਰਨ ਤਾਰਨ ਵਿਚ ਪੈਂਦੇ ਹਨ। ਸੋ ਪ੍ਰੋਫੈਸਰ ਅਮਾਨਤ ਅਲੀ ਦਾ ਪੜਦਾਦਾ ਸਰਦਾਰ ਨਿਹਾਲ ਸਿੰਘ ਗਿੱਲ ਸੀ। ਦਾਦਾ ਭਾਈ ਰੂੜਾ ਤੇ ਪਿਤਾ ਮੁਹੰਮਦ ਹੁਸੈਨ। ਮੈਂ ਨਿੱਕ ਸੱੁਕ ਦੇ ਪਾਠਕਾਂ ਨਾਲ ਉਸਦੀ ਜਾਣ ਪਛਾਣ ਉਹਦੇ ਵਲੋਂ ਵਸੂਲ ਹੋਏ ਉਸਦੇ ਕਲਾਮ ਰਾਹੀਂ ਕਰਵਾਉਂਦਾ ਹਾਂ। ਉਸ ਦੀਆਂ ਕਵਿਤਾਵਾਂ ਦੱਸਦੀਆਂ ਹਨ ਕਿ ਉਸਨੂੰ ਤੇ ਉਸਦੇ ਮਾਪਿਆਂ ਨੂੰ ਅੰਬਰਸਰ (ਹੁਣ ਤਰਨ ਤਾਰਨ) ਛੱਡਣ ਦਾ ਕਿੰਨਾ ਝੋਰਾ ਸੀ।
ਹੋਈ ਵੰਡ ਪੰਜਾਬ ਦੀ ਵੱਖ ਹੋ ਗਏ
ਇਕ ਦੂਜੇ ਤੋਂ ਭੈਣ ਭਰਾ ਮੀਆਂ
ਮਿਲ ਸਕੇ ਨਾ ਮੁੜ ਕੇ ਉਮਰ ਸਾਰੀ
ਵਿਚੋਂ ਵਿਚ ਵਿਛੋੜੇ ਗਏ ਖਾ ਮੀਆਂ।
ਸੋਚਾਂ ਸੋਚੀਆਂ ਰਹਿ ਗਈਆਂ ਵਿਚ ਸੀਨੇ
ਪੂਰੇ ਹੋਏ ਨਾ ਦਿਲਾਂ ਦੇ ਚਾਅ ਮੀਆਂ।
ਨਹੀਂ ਭੁੱਲੇ ਮਜ਼ਾਰ ਨਾ ਧਰਮਸ਼ਾਲੇ
ਜਿੱਥੇ ਖਾਂਦੇ ਸਾਂ ਬੈਠ ਕੜਾਹ ਮੀਆਂ।
ਜਿਨ੍ਹਾਂ ਘਰਾਂ ਤੋਂ ਮੰਗਦੇ ਰਹੇ ਲੋਹੜੀ
ਭੁੱਲ ਸਕੇ ਨਾ ਉਹ ਵਫਾ ਮੀਆਂ।
ਆਨ ਸ਼ਾਨ ਜ਼ਮਾਨੇ ਦੇ ਵਿਚ ਸਾਡੀ
ਉੱਡ ਗਈ ਏ ਵਾਂਗ ਹਵਾ ਮੀਆਂ।
ਹੋਲੀ ਖੂਨ ਦੀ ਵੇਖ ਜ਼ਮੀਨ ਕੰਬੀ
ਅਰਸ਼ ਰੱਬ ਦਾ ਗਈ ਹਿਲਾ ਮੀਆਂ।
ਸ਼ਾਲਾ ਜੱਗ `ਤੇ ਕਿਸੇ ਵੀ ਦੇਸ਼ ਅੰਦਰ
ਇਹੋ ਜਿਹੀ ਨਾ ਵੜੇ ਬਲਾ ਮੀਆਂ।
ਸੱਚੇ ਸਾਹਿਬ ਦੇ ਦਰ `ਤੇ ਟੇਕ ਮੱਥਾ
ਜਿਹੜਾ ਸਭ ਦਾ ਕਰੇ ਭਲਾ ਮੀਆਂ।
ਜਦੋਂ ਮਿਹਰ ਮੁਸਾਫਰਾ ਕਰੇ ਸੋਹਣਾ
ਦੇਣੇ ਡੁਬਦਿਆਂ ਨੂੰ ਬੰਨ੍ਹੇ ਲਾ ਮੀਆਂ।
ਉਸਦੇ ਜਾਣਕਾਰਾਂ ਦੀ ਨਜ਼ਰ ਵਿਚ ਅਮਾਨਤ ਅਲੀ ਨੂੰ ਹਰ ਵੇਲੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਦਾ ਚਾਅ ਚੜ੍ਹਿਆ ਰਹਿੰਦਾ ਹੈ। ਜਿਸ ਦੇਸ ਵਿਚ ਪੰਜਾਬੀ ਲਿੱਪੀ ਦੀ ਵਰਤੋਂ ਨਹੀਂ ਹੰੁਦੀ ਉੱਥੇ ਇਸ ਲਿੱਪੀ ਨੂੰ ਲਿਖਣ ਦਾ ਬੀੜਾ ਚੁੱਕੀ ਫਿਰਦਾ ਹੈ। ਉਹ ਗੁਰਮੁਖੀ ਲਿੱਪੀ ਦਾ ਹੀ ਰਖਵਾਲਾ ਨਹੀਂ। ਪੰਜਾਬੀ ਸਾਹਿਤ ਤੇ ਸਭਿਆਚਾਰ ਦਾ ਰਾਖਾ ਵੀ ਹੈ। ਨਿਸ਼ਚੇ ਹੀ ਪੰਜਾਬੀ ਤੇ ਪੰਜਾਬੀਅਤ ਨਾਲ ਉਸਦਾ ਮੋਹ ਉਸਦੇ ਪੁਰਖਿਆਂ ਦੀ ਦੇਣ ਹੈ। ਉਹ ਅਜਿਹੀਆਂ ਕਦਰਾਂ ਕੀਮਤਾਂ ਉੱਤੇ ਪਹਿਰਾ ਦੇ ਰਿਹਾ ਹੈ ਜੋ ਉਸਨੇ ਖੁ਼ਦ ਨਹੀਂ ਮਾਣੀਆਂ ਪਰ ਉਸਨੇ ਆਪਣੇ ਵਡੇਰਿਆਂ ਤੋਂ ਸੁਣ ਕੇ ਆਪਣੇ ਪੱਲੇ ਬੰਨ੍ਹੀਆਂ ਹਨ। ਜਿਵੇਂ:
ਸਾਡਾ ਦੇਸ ਪੰਜਾਬ ਜੇ ਮਾਣ ਸਾਡਾ
ਸਾਨੂੰ ਪੁਰਖਿਆਂ ਨਾਲ ਮਿਲਾਈ ਰੱਖਦਾ।
ਜਿਤੇ ਜਨਮ ਹੋਇਆ ਸਾਡੇ ਵੱਡਿਆਂ ਦਾ
ਉਹ ਧਰਤੀ ਪਾਕਿ ਵਿਖਾਈ ਰੱਖਦਾ।
ਜਿਨ੍ਹਾਂ ਰਾਹਾਂ ’ਤੇ ਬਾਪੂ ਜੀ ਰਹੇ ਫਿਰਦੇ
ਉਨ੍ਹਾਂ ਗਲੀਆਂ ਦੀ ਸੈਰ ਕਰਾਈ ਰੱਖਦਾ।
ਸਾਡਾ ਦੇਸ ਪੰਜਾਬ ਮੁਸਾਫਰਾ ਓਏ,
ਪਈਆਂ ਦੂਰੀਆਂ ਸਦਾ ਮੁਕਾਈ ਰੱਖਦਾ।
ਅਮਾਨਤ ਅਲੀ ਨੇ ਜੋ ਕੁਝ ਵੀ ਆਪਣੇ ਕਲਾਮ ਰਾਹੀਂ ਪ੍ਰਗਟ ਕੀਤਾ ਹੈ ਮੈਂ ਖੁ਼ਦ ਆਪਣੀ ਪਾਕਿਸਤਾਨ ਯਾਤਰਾ ਵਿਚ ਵੇਖ ਚੁੱਕਾ ਹਾਂ। ਮੈਨੂੰ ਜਿੰਨੀਆਂ ਸਲਾਮਾਂ ਉਸ ਜੁਦਾ ਹੋਈ ਧਰਤੀ ਵਿਚ ਮਿਲੀਆਂ ਹਨ ਮੇਰਾ ਦਿਲ ਤਾਂ ਮਹਿਸੂਸ ਕਰਦਾ ਹੈ ਪਰ ਮੇਰੀ ਕਲਮ ਦੇ ਬਿਆਨ ਤੋਂ ਬਾਹਰ ਹਨ:
ਅੰਬਰਸਰ, ਨਨਕਾਣਾ, ਲਾਹੌਰ, ਦਿੱਲੀ
ਸਾਡੇ ਵਿਹੰਦਿਆਂ ਵੱਖ ਸੰਸਾਰ ਹੋ ਗਏ,
ਕੱਠੇ ਰਹੇ ਮਨਾਂਵਦੇ ਈਦ ਲੋਹੜੀ
ਅੱਜ ਵੱਖਰੇ ਸਭ ਤਿਉਹਾਰ ਹੋ ਗਏ।
ਉਸ ਦੀਆਂ ਗ਼ਜ਼ਲਾਂ ਤੇ ਗੀਤ ਵੀ ਇਸ ਵਿਛੋੜੇ ਦੀ ਬਾਤ ਪਾਉਂਦੇ ਹਨ।
ਵੱਖੋ ਵੱਖ ਲੱਗਦਾ ਨਹੀਂ,
ਚਿੱਤ ਮੇਰੇ ਮਾਲਕਾ,
ਕਰਦੇ ਪੰਜ ਨੂੰ
ਤੰੂ ਇਕ ਮੇਰੇ ਮਾਲਕਾ।
ਡੇਗਦੇ ਤੰੂ ਦਿਲਾਂ ਵਿਚ
ਵੱਜੀ ਹੋਈ ਕੰਧ ਨੂੰ,
ਜੋੜਦੇ ਤੰੂ ਮੁੱਦਤਾਂ ਦੇ
ਟੁੱਟਿਓ ਸਬੰਧ ਨੂੰ।
ਠਾਰ ਕੇ ਤੰੂ ਫੇਰ ਸਾਡੀ
ਹਿੱਕ ਮੇਰੇ ਮਾਲਕਾ ਕਰਦੇ…
ਦਿੱਲੀ ਅਜਮੇਰ ਕਦੇ
ਆਸਰੇ ਨੂੰ ਚੰੁਮੀਏ
ਲਾਹੌਰ, ਮੁਲਤਾਨ, ਨਨਕਾਣਾ ਸਾਹਿਬ ਘੰੁਮੀਏ
ਆਏ ਨਾ ਜੁਦਾਈ ਦੀ ਵੀ
ਛਿੱਕ ਮੇਰੇ ਮਾਲਕਾ
ਕਰਦੇ…।

ਰੂਪ ਤੇਰੇ ਦੇ ਪੱਟੇ ਗਏ ਆਂ
ਮਾਰੇ ਪਹਿਲੀ ਸੱਟੇ ਗਏ ਆਂ
ਐਵੇਂ ਤੇ ਨਹੀਂ ਹੱਡੀਆਂ ਟੁੱਟੀਆਂ
ਅੱਧ ਵਿਚਾਲਿਓਂ ਕੱਟੇ ਗਏ ਆਂ।
ਵਕਤ ਨੇ ਇੰਝ ਮਰੋੜਾ ਦਿੱਤਾ
ਵਾਂਗ ਰੱਸੇ ਦੇ ਵੱਟੇ ਗਏ ਆਂ।
ਤੈਨੂੰ ਈ ਰੱਖ ਲਿਆ ਮੁਸਾਫਰ
ਦੁਨੀਆ ਨਾਲੋਂ ਕੱਟੇ ਗਏ ਆਂ।
ਅਮਾਨਤ ਅਲੀ ਦੇ ਬੋਲਾਂ ਵਿਚ ਪੰਜਾਬ ਦੀ ਵੰਡ ਦਾ ਸ਼ਿਕਾਰ ਹੋਏ ਕਿਸਾਨ ਦੀ ਹੀ ਨਹੀਂ। ਉਸ ਭੈਣ ਦੀ ਗੱਲ ਵੀ ਹੈ ਜਿਸਨੇ ਆਪਣੀ ਪੱਤ ਲੁਟਾ ਕੇ ਆਜ਼ਾਦੀ ਲਈ ਤੇ ਉਸ ਔਰਤ ਦੀ ਵੀ ਜੋ ਸੱਤਾਂ ਪੁੱਤਰਾਂ ਦੀ ਮਾਂ ਹੋ ਕੇ ਵੀ ਵਾਹਗੇ ਦੇ ਏਸ ਜਾਂ ਉਸ ਪਾਰ ਨਿਪੁੱਤਰੀ ਹੋ ਕੇ ਖੱਜਲ ਖੁਆਰ ਹੋਈ। ਉਨ੍ਹਾਂ ਮਾਵਾਂ ਭੈਣਾਂ ਦੀ ਵੀ ਜੋ ਆਪਣਾ ਧਰਮ ਗੁਆ ਕੇ ਵੱਖਰਾ ਜੀਵਨ ਬਤੀਤ ਕਰਨ ਦੇ ਰਾਹ ਪਈਆਂ।
ਉਹਦੇ ਵਲੋਂ ਵਾਹਗੇ ਦੇ ਇਸ ਪਾਸੇ ਦੇ ਵਸਨੀਕਾਂ ਵਿਚੋਂ ਆਪਣੇ ਮਾਪਿਆਂ ਦੇ ਮੁਹਾਂਦਰੇ ਲੱਭਣਾ ਤੇ ਗੁਰਮੁਖੀ ਲਿੱਪੀ ਦੇ ਵਾਰੇ ਵਾਰੇ ਜਾਣਾ ਕੇਵਲ ਉਸਦੇ ਆਪਣੇ ਮਨ ਦੀ ਭਾਵਨਾ ਨਹੀਂ ਦਰਸਾਉਂਦਾ ਉਸਦੇ ਨਾਨਕੇ ਦਾਦਕਿਆਂ ਦੀ ਆਤਮਾ ਨੂੰ ਵੀ ਸ਼ਾਂਤ ਕਰਦਾ ਹੈ ਜਿਨ੍ਹਾਂ ਤੋਂ ਉਸਨੇ ਇਸ ਵਿਛੋੜੇ ਦੀ ਦਾਸਤਾਨ ਸੁਣੀ ਤੇ ਸਾਂਭ ਰੱਖੀ ਹੈ। ਉਹ ਸ਼ਾਇਦ ਨਹੀਂ ਜਾਣਦਾ ਕਿ ਮੈਂ ਬੇਔਲਾਦ ਹਾਂ ਤੇ ਮੈਨੂੰ ਅਠਾਸੀ ਵਰ੍ਹੇ ਦੀ ਉਮਰ ਵਿਚ ਪੜ੍ਹਿਆ ਸੁਣਿਆ ਤੇ ਕਮਾਊ ਪੁੱਤ ਮਿਲ ਗਿਆ ਹੈ।
ਕਾਲਕਾ-ਸ਼ਿਮਲਾ ਰੇਲਵੇ ਟ੍ਰੈਕ ਦੀਆਂ ਬੋਗੀਆਂ ਦਾ ਨਵਾਂ ਰੂਪ
ਮੈਂ ਕਾਲਕਾ-ਸ਼ਿਮਲਾ ਟੋਆਏ ਟ੍ਰੇਨ ਦੀਆਂ ਬੋਗੀਆਂ ਤੇ ਪਟੜੀ ਦਾ 1951 ਤੋਂ ਜਾਣੂ ਹਾਂ। ਸ਼ਿਮਲਾ ਵਿਖੇ ਆਪਣੇ ਲਘੂ ਵਪਾਰ ਦੇ ਦਿਨਾਂ ਤੋਂ ਜਿਸ ਵਿਚ ਮੈਨੂੰ ਸਾਢੇ ਚਾਰ ਸੌ ਰੁਪਏ ਦਾ ਘਾਟਾ ਪੈ ਗਿਆ। ਇਹ ਖਿਡੌਣਾ ਗੱਡੀ ਗੋਰੀ ਸਰਕਾਰ ਦੀ ਕਾਢ ਸੀ ਜਿਸ ਦੀ ਉਮਰ 117 ਵਰੇ੍ਹ ਹੋ ਗਈ ਹੈ। ਅੱਜ ਦੇ ਦਿਨ ਇਹ ਵਰਲਡ ਹੈਰੀਟੇਜ ਭਾਵ ਸੰਸਾਰ ਵਿਰਸੇ ਵਿਚ ਗਿਣੀ ਜਾਂਦੀ ਹੈ। 96 ਕਿਲੋਮੀਟਰ ਲੰਮੀ ਇਸ ਪਟੜੀ ਉੱਤੇ 18 ਰੇਲਵੇ ਸਟੇਸ਼ਨ ਪੈਂਦੇ ਹਨ। ਇਸ ਦੀਆਂ ਜਿਨ੍ਹਾਂ ਬੋਗੀਆਂ ਵਿਚ ਮਹਾਤਮਾ ਗਾਂਧੀ ਨੇ ਵੀ ਯਾਤਰਾ ਕੀਤੀ ਸੀ ਹੁਣ ਬਹੁਤ ਪੁਰਾਣੀਆਂ ਹੋ ਚੁੱਕੀਆਂ ਹਨ। ਹੁਣ ਮੁਸਾਫਰਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਰੇਲ ਕੋਚ ਫੈਕਟਰੀ ਕਪੂਰਥਲਾ ਨੂੰ ਨਵੀਆਂ ਤੇ ਆਰਾਮਦਾਇਕ ਬੋਗੀਆਂ ਤਿਆਰ ਕਰਨ ਦਾ ਕੰਮ ਸੌਂਪਿਆ ਗਿਆ ਸੀ। ਉਨ੍ਹਾਂ ਨੇ ਇਸ ਮਾਰਗ `ਤੇ ਚੱਲਣ ਲਈ 70 ਬੋਗੀਆਂ ਤਿਆਰ ਕਰਨੀਆਂ ਹਨ ਜਿਨ੍ਹਾਂ ਵਿਚੋਂ 30 ਬੋਗੀਆਂ ਇਸ ਮਹੀਨੇ ਦੇ ਦੂਜੇ ਹਫਤੇ ਚੱਲਣ ਦੀ ਸੰਭਾਵਨਾ ਹੈ। ਇਸ ਟ੍ਰੈਕ `ਤੇ ਸਫਰ ਕਰਨ ਵਾਲੇ ਮੁਸਾਫਰ ਉਸ ਦਿਨ ਨੂੰ ਬੜੀ ਉਤਸੁਕਤਾ ਨਾਲ ਉਡੀਕ ਰਹੇ ਹਨ ਜਦੋਂ ਉਹ ਇਨ੍ਹਾਂ ਵਿਚ ਸਵਾਰ ਹੋ ਕੇ 18 ਵਿਚੋਂ ਕੁਝ ਜਾਂ ਸਾਰੇ ਦੇ ਸਾਰੇ ਸਟੇਸ਼ਨਾਂ ਉੱਤੇ ਸਫ਼ਰ ਦਾ ਆਨੰਦ ਮਾਣ ਸਕਣਗੇ।

ਅੰਤਿਕਾ
ਅਮਾਨਤ ਅਲੀ ਮੁਸਾਫਰ ਲਾਹੌਰ
ਤੇਰੇ ਇਸ਼ਕ ਵਿਚ ਇੰਝ ਬਦਨਾਮ ਹੋ ਗਈ
ਤੈਨੂੰ ਰਹੀ ਉਡੀਕਦੀ ਸ਼ਾਮ ਹੋ ਗਈ
ਤੁਸੀਂ ਸਿਖਰ ਦੁਪਹਿਰੇ ਵੀ ਸੌਂ ਲੈਂਦੇ
ਸਾਡੀ ਰਾਤ ਦੀ ਨੀਂਦੇ ਹਰਾਮ ਹੋ ਗਈ
ਮਿਲ ਜਾ ਆ ਕੇ ਯਾਰ ਮੁਸਾਫਰਾ ਓਏ
ਗੱਡੀ ਉਮਰ ਦੀ ਸਾਡੜੀ ਜਾਮ ਹੋ ਗਈ।