ਸਤਿਗੁਰੁ ਸਚਾ ਪਾਤਿਸਾਹੁ ਸਾਧਸੰਗਤਿ ਸਚੁ ਖੰਡੁ ਵਸਾਇਆ

ਗੁਰਨਾਮ ਕੌਰ
ਪ੍ਰੋਫੈਸਰ (ਸੇਵਾਮੁਕਤ)
ਭਾਈ ਗੁਰਦਾਸ ਨੇ ਸੱਤਵੀਂ ਵਾਰ ਦੀ ਪਹਿਲੀ ਪਉੜੀ ਵਿਚ ਮੰਗਲਾਚਰਨ ਕੀਤਾ ਹੈ। ਮੰਗਲਾਚਰਨ ਦੇ ਅਰਥ ਕਰਦਿਆਂ ਭਾਈ ਕਾਹਨ ਸਿੰਘ ਨਾਭਾ ਨੇ ‘ਮਹਾਨ ਕੋਸ਼ ਵਿਚ ਲਿਖਿਆ ਹੈ ਕਿ ਮੰਗਲਾਚਰਨ ਦਾ ਭਾਵ ਹੈ ਉਤਸਵ ਦੀ ਰਸਮ, ਗ੍ਰੰਥ ਦੇ ਮੁੱਢ ਇਸ਼ਟ ਦਾ ਆਰਾਧਨ। ਮਹਾਨ ਕੋਸ਼ ਵਿਚ ਮੰਗਲਾਚਰਣ ਦੇ ਤਿੰਨ ਭੇਦ ਕੀਤੇ ਹਨ ਅਤੇ ਨਾਲ ਉਨ੍ਹਾਂ ਦੀਆਂ ਉਦਾਹਰਨਾਂ ਵੀ ਦਿੱਤੀਆਂ ਹਨ।

ਪਹਿਲਾ ਹੈ ਵਸਤੂ ਨਿਰਦੇਸ਼ਾਤਮਕ ਗ੍ਰੰਥ ਵਿਚ ਜਿਸ ਦਾ ਜ਼ਿਕਰ ਕਰਨਾ ਹੈ ਉਸ ਦੇ ਹੀ ਗੁਣ, ਮਹਿਮਾ, ਲੱਛਣ ਬੋਧ ਕਰਾਉਣ ਵਾਲਾ ਮੰਗਲ; ਦੂਸਰਾ ਅਸ਼ੀਰਵਾਦਾਤਮਕ ਜਿਸ ਤੋਂ ਕਲਿਆਣ ਦੀ ਕਾਮਨਾ ਕੀਤੀ ਜਾਵੇ; ਤੀਸਰਾ ਹੈ ਨਮਸਕਾਰਾਤਮਕ ਜਿਸ ਵਿਚ ਪ੍ਰਣਾਮ ਕੀਤਾ ਜਾਵੇ। ਇਸ ਪਹਿਲੀ ਪਉੜੀ ਦੀ ਪਹਿਲੀ ਪੰਕਤੀ ਵਿਚ ਹੀ ਭਾਈ ਗੁਰਦਾਸ ਸੱਚੇ ਗੁਰੂ ਦੀ ਮਹਿਮਾ ਦਾ ਜ਼ਿਕਰ ਕਰਦੇ ਹਨ ਜੋ ਸੱਚਾ ਪਾਤਿਸ਼ਾਹ ਹੈ, ਜਿਸ ਨੇ ਸੰਤਜਨਾਂ ਦੀ ਸੰਗਤ ਸਥਾਪਤ ਕਰ ਕੇ ‘ਸੱਚਖੰਡ’ ਭਾਵ ਉਹ ਸਥਾਨ ਸਥਾਪਤ ਕਰ ਦਿੱਤਾ ਹੈ ਜਿੱਥੇ ਸੱਚੇ ਨਿਰੰਕਾਰ ਦਾ ਨਿਵਾਸ ਹੁੰਦਾ ਹੈ। ਅਜਿਹੇ ਸਥਾਨ ‘ਤੇ ਨਿਵਾਸ ਕਰਦੇ ਹੋਏ ਸਿੱਖ ਗੁਰੂ ਤੋਂ ਸਿੱਖਿਆ ਪ੍ਰਾਪਤ ਕਰ ਕੇ ਆਪਣੇ ਅੰਦਰ ਵੱਸ ਰਹੀ ਹਉਮੈ ਤੋਂ ਨਿਜਾਤ ਪਾ ਲੈਂਦੇ ਹਨ ਅਤੇ ਆਪਣੇ ਆਪ ਨੂੰ ਜਣਾਉਂਦੇ ਨਹੀਂ।

ਗੁਰੂ ਨਾਨਕ ਸਾਹਿਬ ਨੇ ਜਪੁਜੀ ਦੇ ਅਰੰਭ ਵਿਚ ਹੀ ਆਗਾਹ ਕਰ ਦਿੱਤਾ ਹੈ ਕਿ ਹਉਮੈ ‘ਕੂੜੈ ਪਾਲਿ’ ਹੈ ਜੋ ਮਨੁੱਖ ਦੇ ਸਚਿਆਰ ਬਣਨ ਦੇ ਰਸਤੇ ਵਿਚ ਰੁਕਾਵਟ ਪਾਉਂਦੀ ਹੈ। ਭਾਈ ਗੁਰਦਾਸ ਸਪੱਸ਼ਟ ਕਰਦੇ ਹਨ ਕਿ ਗੁਰੂ ਦਾ ਸਿੱਖ ਸਾਧਜਨ ਪਦ ਭਾਵ ਗੁਰਮੁਖਿ ਹੋਣ ਦੇ ਪੱਧਰ `ਤੇ ਉਦੋਂ ਪਹੁੰਚਦਾ ਹੈ ਜਦੋਂ ਉਹ ਗੁਰੂ ਦੇ ਦੱਸੇ ਰਸਤੇ `ਤੇ ਚੱਲਦਿਆਂ ਪੂਰੇ ਅਨੁਸ਼ਾਸਨ ਵਿਚ ਰਹਿ ਕੇ ਆਪਣੇ ਆਪ ਨੂੰ ਚੰਗੀ ਤਰ੍ਹਾਂ ਪ੍ਰਪੱਕ ਕਰ ਲੈਂਦਾ ਹੈ। ਫਿਰ ਉਹ ਇਸ ਅਵਸਥਾ ਵਿਚ ਹੁੰਦਾ ਹੈ ਕਿ ਬਿਨਾਂ ਕਿਸੇ ਵਖਰੇਵੇਂ ਜਾਂ ਭੇਦਭਾਵ ਦੇ, ਚਾਰੇ ਵਰਨਾਂ ਨੂੰ ਗੁਰੂ ਦੇ ਦੱਸੇ ਰਸਤੇ ਦਾ ਉਪਦੇਸ਼ ਦਿੰਦਾ ਹੈ ਅਤੇ ਆਪ ਦੁਨਿਆਵੀ ਮਾਇਆ ਦੇ ਪ੍ਰਭਾਵਾਂ ਪ੍ਰਤੀ ਉਦਾਸੀਨ ਰਹਿੰਦਾ ਹੈ। ਇੱਥੇ ਭਾਈ ਸਾਹਿਬ ਦਾ ਇਸ਼ਾਰਾ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਦੀ ਪ੍ਰਚੱਲਤ ਉਸ ਬ੍ਰਾਹਮਣਵਾਦੀ ਪ੍ਰੰਪਰਾ ਵੱਲ ਵੀ ਹੈ ਜਿਸ ਅਨੁਸਾਰ ਵੱਖ ਵੱਖ ਵਰਨਾਂ ਵਿਚ ਵਖਰੇਵਾਂ ਕਰਦਿਆਂ ਉੱਚਾ ਕਹੇ ਜਾਣ ਵਾਲੇ ਵਰਨਾਂ ਨੂੰ ਹੀ ਰੂਹਾਨੀ ਸਿੱਖਿਆ ਦੇਣ ਦਾ ਨਿਯਮ ਕਾਇਮ ਸੀ। ਗੁਰੂ ਨਾਨਕ ਸਾਹਿਬ ਦੇ ਸਥਾਪਤ ਕੀਤੇ ਧਰਮ ਦਾ ਉਦੇਸ਼ ਸਾਰੀ ਮਨੁੱਖਤਾ ਨੂੰ, ਬਿਨਾਂ ਕਿਸੇ ਊਚ-ਨੀਚ ਦਾ ਭੇਦਭਾਵ ਕੀਤਿਆਂ, ਇਕ ਬਰਾਬਰ ਮੰਨਣਾ ਹੈ। ਗੁਰੂ ਦੇ ਸਿੱਖ ਸਤਿਨਾਮ ਦਾ ਮੰਤ੍ਰ ਦ੍ਰਿੜਾਉਂਦੇ ਹੋਏ ਗੁਰਮਤਿ ਦੇ ਇਸ ਸਿਧਾਂਤ ‘ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ’ ਦੀ ਪਾਲਣਾ ਦੇ ਇਸ ਸਿਧਾਂਤ ਨੂੰ ਸਪੱਸ਼ਟ ਕਰ ਕੇ ਸਮਝਾਉਂਦੇ ਹਨ ਕਿ ਸੱਚ ਸਭ ਤੋਂ ਉਪਰ ਹੈ ਪ੍ਰੰਤੂ ਸੱਚ ਤੋਂ ਵੀ ਉਪਰ ਸੱਚ ਆਚਾਰ ਹੈ ਅਰਥਾਤ ਸੱਚ ਨੂੰ ਆਪਣੇ ਕਿਰਦਾਰ ਦਾ ਹਿੱਸਾ ਬਣਾ ਕੇ ਉਸ ਨੂੰ ਨਿਭਾਉਣਾ ਹੈ ਅਤੇ ਹਰ ਇੱਕ ਨੂੰ ਇਸ ਉਪਦੇਸ਼ ਨੂੰ ਉਚਾਰਨ ਦੇ ਨਾਲ ਨਾਲ ਆਪਣੇ ਅੰਦਰ ਵੀ ਵਸਾਉਣਾ ਚਾਹੀਦਾ ਹੈ। ਜਿਹੜੇ ਮਨੁੱਖ ਗੁਰੂ ਨਾਨਕ ਦੇ ਦਿੱਤੇ ਸਿਧਾਂਤ ਕਿ ‘ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ’ ਨੂੰ ਸਮਝ ਲੈਂਦੇ ਹਨ ਅਤੇ ‘ਹੁਕਮਿ ਰਜਾਈ ਚਲਣਾ’ ਨੂੰ ਆਪਣੀ ਸਮਝ ਵਿਚ ਵਸਾ ਲੈਂਦੇ ਹਨ ਉਹ ਸਤਿ ਵਿਚ ਲਿਵਲੀਨ ਹੋ ਜਾਂਦੇ ਹਨ। ‘ਹੁਕਮ’ ਅਕਾਲ ਪੁਰਖ ਦਾ ਸਿਰਜਿਆ ਉਚਤਮ ਕੁਦਰਤੀ ਨੇਮ ਹੈ ਜਿਸ ਅਨੁਸਾਰ ਇਹ ਸਾਰੀ ਸ੍ਰਿਸ਼ਟੀ ਨਿਯਮਤ ਰੂਪ ਵਿਚ ਕਾਰਜਸ਼ੀਲ ਹੈ; ਕੁੱਝ ਵੀ ਇਸ ਨੇਮ ਤੋਂ ਬਾਹਰ ਨਹੀਂ ਹੈ। ਭਾਈ ਗੁਰਦਾਸ ਮੰਗਲਾਚਰਨ ਦੀ ਆਖ਼ਰੀ ਪੰਕਤੀ ਵਿਚ ਨਿਰਣਾ ਕੱਢਦੇ ਹਨ ਕਿ ਆਪਣੀ ਸੁਰਤਿ ਨੂੰ ਸ਼ਬਦ ਨਾਲ ਵਿਲੀਨ ਕਰ ਕੇ, ਆਪਣੀ ਸੁਰਤਿ ਨੂੰ ਸ਼ਬਦ ਨਾਲ ਅਭੇਦ ਕਰ ਕੇ ਹੀ ਉਸ ਅਕਾਲ ਪੁਰਖ ਦਾ ਅਨੁਭਵ ਕੀਤਾ ਜਾ ਸਕਦਾ ਹੈ, ਉਸ ਦੀ ਸਰਬਵਿਆਪਕਤਾ ਦਾ ਅਹਿਸਾਸ ਕੀਤਾ ਜਾ ਸਕਦਾ ਹੈ:
ਸਤਿਗੁਰੁ ਸਚਾ ਪਾਤਿਸਾਹੁ ਸਾਧਸੰਗਤਿ ਸਚੁ ਖੰਡੁ ਵਸਾਇਆ।
ਗੁਰ ਸਿਖ ਲੈ ਗੁਰਸਿਖ ਹੋਇ ਆਪੁ ਗਵਾਇ ਨ ਆਪੁ ਗਣਾਇਆ।
ਗੁਰਸਿਖ ਸਭੋ ਸਾਧਨਾ ਸਾਧਿ ਸਧਾਇ ਸਾਧੁ ਸਦਵਾਇਆ।
ਚਹੁ ਵਰਣਾ ਉਪਦੇਸ ਦੇ ਮਾਇਆ ਵਿਚਿ ਉਦਾਸੁ ਰਹਾਇਆ।
ਸਚਹੁ ਓਰੈ ਸਭੁ ਕਿਹੁ ਸਚੁ ਨਾਉ ਗੁਰਮੰਤੁ ਦਿੜਾਇਆ।
ਹੁਕਮੈ ਅੰਦਰਿ ਸਭ ਕੋ ਮੰਨੈ ਹੁਕਮੁ ਸੁ ਸਚਿ ਸਮਾਇਆ।
ਸਬਦ ਸੁਰਤਿ ਲਿਵ ਅਲਖੁ ਲਖਾਇਆ॥1॥
ਇਸ ਤੋਂ ਅਗਲੀਆਂ ਪਉੜੀਆਂ ਵਿਚ ਭਾਈ ਗੁਰਦਾਸ ਨੇ ਗਿਣਤੀ ਦੇ ਰੂਪ ਵਿਚ ਗੁਰਮੁਖਿ ਦੀ ਵਿਆਖਿਆ ਕੀਤੀ ਹੈ। ਦੂਸਰੀ ਪਉੜੀ ਵਿਚ ‘ਦੋ’ ਦੀ ਗਿਣਤੀ ਨੂੰ ਲੈ ਕੇ ਸਪੱਸ਼ਟ ਕੀਤਾ ਹੈ ਕਿ ਸ਼ਿਵ ਅਤੇ ਸ਼ਕਤੀ ਭਾਵ ਰਜਸ ਅਤੇ ਤਮਸ ਗੁਣਾਂ ਨੂੰ ਸਾਧ ਕੇ (ਭਾਰਤੀ ਸ਼ਾਸਤ੍ਰਾਂ ਵਿਚ ਪ੍ਰਕਿਰਤੀ ਦੇ ਤਿੰਨ ਗੁਣ ਸਤਸ, ਰਜਸ, ਤਮਸ ਮੰਨੇ ਗਏ ਹਨ ਜਿਨ੍ਹਾਂ ਦੇ ਵੱਖੋ ਵੱਖਰੇ ਅਨੁਪਾਤ ਵਿਚ ਸੁਮੇਲ ਤੋਂ ਅੱਗੇ ਸਾਰੀ ਰਚਨਾ ਹੁੰਦੀ ਹੈ-ਸਾਂਖ ਸ਼ਾਸਤ੍ਰ ਵਿਚ ਇਸ ਦੀ ਵਿਸਥਾਰ ਪੂਰਵਕ ਵਿਆਖਿਆ ਕੀਤੀ ਗਈ ਹੈ) ਚੰਦ-ਸੂਰਜ, ਦਿਨ ਅਤੇ ਰਾਤ ਸਾਧ ਲਏ ਹਨ। ਸੁੱਖ ਅਤੇ ਦੁੱਖ, ਖੁਸ਼ੀ ਅਤੇ ਗਮੀ `ਤੇ ਕਾਬੂ ਪਾ ਲਿਆ ਹੈ ਅਤੇ ਪਾਪ-ਪੁੰਨ, ਨਰਕ ਅਤੇ ਸਵਰਗ ਦੀ ਭਾਵਨਾ ਤੋਂ ਪਾਰ ਹੋ ਗਏ ਹਨ। ਕਹਿਣ ਤੋਂ ਭਾਵ ਹੈ ਕਿ ਦੁੱਖ ਅਤੇ ਸੁੱਖ ਆਦਿ ਹਰ ਤਰ੍ਹਾਂ ਦੀਆਂ ਭਾਵਨਾਵਾਂ ਨੂੰ ਗੁਰਮੁਿਖ ਨੇ ਆਪਣੇ ਵੱਸ ਵਿਚ ਕਰ ਲਿਆ ਹੈ। ਗੁਰਮੁਖਿ ਜਨਮ-ਮਰਨ ਤੋਂ ਉਤੇ ਉਠ ਕੇ ਜੀਵਨ ਮੁਕਤੀ ਪ੍ਰਾਪਤ ਕਰ ਲੈਂਦੇ ਹਨ ਅਤੇ ਅਜਿਹੀ ਜੀਵਨ-ਮੁਕਤਿ ਦੀ ਅਵਸਥਾ ਵਿਚ ਦੁਸ਼ਮਣ ਅਤੇ ਦੋਸਤ, ਭਲਾ ਅਤੇ ਬੁਰਾ ਹਰ ਕੋਈ ਉਨ੍ਹਾਂ ਅੱਗੇ ਨਿਵ ਜਾਂਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਨੇ ਜੀਵਨ-ਮੁਕਤਿ ਦੀ ਅਵਸਥਾ ਦਾ ਵਰਣਨ ਕੀਤਾ ਹੈ, “ਹਰਖੁ ਸੋਗੁ ਜਾ ਕੈ ਨਹੀਂ ਬੈਰੀ ਮੀਤ ਸਮਾਨਿ॥ ਕਹੁ ਨਾਨਕ ਸੁਨਿ ਰੇ ਮਨਾ ਮੁਕਤਿ ਤਾਹਿ ਤੈ ਜਾਨਿ॥” ਭਾਈ ਗੁਰਦਾਸ ਅਗਲੀ ਪੰਕਤੀ ਵਿਚ ਕਹਿੰਦੇ ਹਨ ਕਿ ਗੁਰਮੁਖਾਂ ਨੇ ਰਾਜ ਅਤੇ ਜੋਗ, ਭਾਵ ਸੰਸਾਰਕਤਾ ਅਤੇ ਰੂਹਾਨੀਅਤ ਦੋਵਾਂ `ਤੇ ਜਿੱਤ ਪ੍ਰਾਪਤ ਕਰ ਕੇ ਮਿਲਾਪ ਅਤੇ ਵਿਛੋੜੇ `ਤੇ ਵੀ ਕਾਬੂ ਪਾ ਲਿਆ ਹੈ। ਉਨ੍ਹਾਂ ਨੇ ਨੀਂਦ, ਭੁੱਖ, ਆਸਾ ਅਤੇ ਮਨਸਾ ਸਭ ਨੂੰ ਸੰਜਮ ਵਿਚ ਰੱਖ ਕੇ ਆਪਣੇ ਨਿੱਜ-ਘਰ ਵਿਚ ਨਿਵਾਸ ਕਰ ਲਿਆ ਹੈ ਅਰਥਾਤ ਆਪਣੇ ਸਵੈ ਦਾ ਅਨੁਭਵ ਕਰ ਲਿਆ ਹੈ। ਕਿਉਂਕਿ ਉਹ ਉਸਤਤਿ ਅਤੇ ਨਿੰਦਿਆ ਤੋਂ ਉਤੇ ਉਠ ਗਏ ਹਨ ਇਸ ਲਈ ਉਨ੍ਹਾਂ ਵਾਸਤੇ ਹਿੰਦੂ ਅਤੇ ਮੁਸਲਮਾਨ ਸਭ ਇੱਕ ਬਰਾਬਰ ਹਨ, ਉਨ੍ਹਾਂ ਅੰਦਰੋਂ ਦਵੈਖ ਦੀ ਭਾਵਨਾ ਮੁੱਕ ਗਈ ਹੈ। ਭਾਈ ਗੁਰਦਾਸ ਇਸ ਸਾਰੀ ਸਾਧਨਾ ਦਾ ਨਤੀਜਾ ਦੱਸਦੇ ਹਨ ਕਿ ਗੁਰਮੁਖਿ ਦੂਸਰਿਆਂ ਨਾਲ ਨਿਮਰਤਾ ਵਾਲਾ ਵਰਤਾਉ ਕਰ ਕੇ ਆਪਣੇ ਆਪ ਨੂੰ ਦੂਸਰਿਆਂ ਦੇ ਪੈਰਾਂ ਦੀ ਖ਼ਾਕ ਸਦਵਾਉਂਦੇ ਹਨ ਭਾਵ ਹਲੀਮ ਹੋ ਕੇ ਵਿਚਰਦੇ ਹਨ:
ਸਿਵ ਸਕਤੀ ਨੋ ਸਾਧਿ ਕੈ ਚੰਦੁ ਸੂਰਜੁ ਦਿਹੁੰ ਰਾਤਿ ਸਿਧਾਏ।
ਸੁਖ ਦੁਖ ਸਾਧੇ ਹਰਖ ਸੋਗ ਨਰਕ ਸੁਰਗ ਪੁੰਨ ਪਾਪ ਲੰਘਾਏ।
ਜਨਮ ਮਰਣ ਜੀਵਨੁ ਮੁਕਤਿ ਭਲਾ ਬੁਰਾ ਮਿਤ੍ਰ ਸਤ੍ਰੁ ਨਿਵਾਏ।
ਰਾਜ ਜੋਗ ਜਿਣਿ ਵਸਿ ਕਰਿ ਸਾਧਿ ਸੰਜੋਗੁ ਵਿਜੋਗੁ ਰਹਾਏ।
ਵਸਗਤਿ ਕੀਤੀ ਨੀਂਦ ਭੂਖ ਆਸਾ ਮਨਸਾ ਜਿਣੀ ਘਰਿ ਆਏ।
ਉਸਤਤਿ ਨਿੰਦਾ ਸਾਧਿ ਕੈ ਹਿੰਦੂ ਮੁਸਲਮਾਣ ਸਬਾਏ।
ਪੈਰੀ ਪੈ ਪਾ ਖਾਕ ਸਦਾਏ॥2॥
ਤੀਸਰੀ ਪਉੜੀ ਵਿਚ ਤਿੰਨ ਦੀ ਗਿਣਤੀ ਰਾਹੀਂ ਭਾਈ ਗੁਰਦਾਸ ਨੇ ਗੁਰਮੁਖਿ ਦੀ ਵਿਆਖਿਆ ਕਰਦਿਆਂ ਦੱਸਿਆ ਹੈ ਕਿ ਗੁਰਮੁਖਿ ਤਿੰਨਾਂ ਦੇਵਤਿਆਂ ਬ੍ਰਹਮਾ, ਵਿਸ਼ਨੂੰ ਅਤੇ ਮਹੇਸ਼ (ਹਿੰਦੂ ਤ੍ਰੈਮੂਰਤੀ ਅਨੁਸਾਰ ਇਨ੍ਹਾਂ ਨੂੰ ਕ੍ਰਮਵਾਰ ਰਚਨਹਾਰਾ, ਪਾਲਣਹਾਰਾ ਅਤੇ ਸੰਘਾਰ ਕਰਨ ਵਾਲਾ ਮੰਨਿਆ ਗਿਆ ਹੈ), ਤਿੰਨਾਂ ਲੋਕਾਂ (ਇਹ ਲੋਕ ਭਾਵ ਸੰਸਾਰ, ਪਾਤਾਲ ਲੋਕ ਅਤੇ ਪਰਲੋਕ), ਤਿੰਨਾਂ ਗੁਣਾਂ (ਸਤੋ, ਰਜੋ ਅਤੇ ਤਮੋ), ਧਰਮ ਪੁਸਤਕਾਂ ਆਦਿ ਦੇ ਗਿਆਨ ਤੋਂ ਪਾਰ ਲੰਘ ਗਏ ਹਨ। ਉਨ੍ਹਾਂ ਨੂੰ ਬੀਤ ਗਏ ਸਮੇਂ, ਆਉਣ ਵਾਲੇ ਸਮੇਂ ਅਤੇ ਵਰਤਮਾਨ ਸਮੇਂ ਦੀ ਸੋਝੀ ਹੋ ਗਈ ਹੈ ਅਤੇ ਉਨ੍ਹਾਂ ਨੇ ਆਦਿ ਅਤੇ ਮੱਧ ਨੂੰ ਜਿੱਤ ਕੇ ਅੰਤ ਦੀ ਸੋਝੀ ਪਾ ਲਈ ਹੈ। ਇਸ ਦਾ ਭਾਵਅਰਥ ਹੈ ਕਿ ਹਰ ਤਰ੍ਹਾਂ ਦੀ ਅਵਸਥਾ ਦੀ ਸੋਝੀ ਪਾ ਕੇ ਯਥਾਰਥ ਦਾ ਗਿਆਨ ਹੋ ਗਿਆ ਹੈ ਕਿ ਅਸਲੀਅਤ ਕੀ ਹੈ। ਉਨ੍ਹਾਂ ਨੇ ਆਪਣੇ ਮਨ, ਬਚਨ ਅਤੇ ਕਰਮ ਨੂੰ ਇੱਕਸੁਰ ਕਰ ਕੇ ਜਨਮ, ਮਰਨ ਅਤੇ ਜੀਵਨ `ਤੇ ਜਿੱਤ ਪ੍ਰਾਪਤ ਕਰ ਲਈ ਹੈ। ਉਨ੍ਹਾਂ ਨੇ ਆਧਿ, ਬਿਆਧਿ, ਉਪਾਧਿ ਤਿੰਨਾਂ ਤਰ੍ਹਾਂ ਦੇ ਰੋਗਾਂ `ਤੇ ਜਿੱਤ ਪ੍ਰਾਪਤ ਕਰ ਲਈ ਹੈ ਅਤੇ ਇਸ ਤਰ੍ਹਾਂ ਸਵਰਗ, ਮੌਤ ਅਤੇ ਪਾਤਾਲ ਨੂੰ ਨਿਵਾ ਲਿਆ ਹੈ। ਉੱਤਮ, ਮੱਧਮ ਅਤੇ ਨੀਚ ਤਿੰਨਾਂ ਦਰਜਿਆਂ ਨੂੰ ਸਾਧ ਕੇ ਅਰਥਾਤ ਦਰਜਿਆਂ-ਬਦਰਜਿਆਂ ਦੀ ਪਕੜ ਵਿਚੋਂ ਨਿਕਲ ਕੇ ਬਚਪਨ, ਜੁਆਨੀ ਅਤੇ ਬਿਰਧ-ਉਮਰ ਦੀਆਂ ਤਿੰਨਾਂ ਅਵਸਥਾਂ ਨੂੰ ਜਿੱਤ ਲਿਆ ਹੈ। ਕਹਿਣ ਤੋਂ ਭਾਵ ਹੈ ਕਿ ਤਿੰਨਾਂ ਅਵਸਥਾਂ ਨੂੰ ਨਿਹਫਲ ਨਹੀਂ ਗਵਾਇਆ ਬਲਕਿ ਨਾਮ ਦਾ ਸਿਮਰਨ ਕਰ ਕੇ ਸਫਲ ਕੀਤਾ ਹੈ। ਗੁਰਮੁਖਿ ਇੜਾ, ਪਿੰਗਲਾ ਅਤੇ ਸੁਖਮਨਾ (ਜੋਗ ਅਨੁਸਾਰ ਪ੍ਰਾਣਾਯਾਮ ਦੀਆਂ ਨਾੜੀਆਂ) ਦੀ ਤ੍ਰਿਕੁਟੀ ਨੂੰ ਲੰਘ ਕੇ ਤ੍ਰਿਬੇਣੀ (ਤਿੰਨਾਂ ਨਦੀਆਂ ਦੇ ਸੰਗਮ) ਅਰਥਾਤ ਸਹਿਜ ਅਵਸਥਾ ਵਿਚ ਇਸ਼ਨਾਨ ਕਰਦੇ ਹਨ; ਭਾਵ ਨਾਮ ਸਿਮਰਨ ਰਾਹੀਂ ਸਹਿਜ-ਅਵਸਥਾ ਵਿਚ ਟਿਕ ਜਾਂਦੇ ਹਨ। ਭਾਈ ਸਾਹਿਬ ਨਚੋੜ ਕੱਢਦੇ ਹਨ ਕਿ ਗੁਰਮੁਖਿ ਇਕਾਗਰ ਮਨ ਨਾਲ ਇੱਕ ਅਕਾਲ ਪੁਰਖ ਦਾ ਧਿਆਨ ਕਰਦੇ ਹਨ:
ਬ੍ਰਹਮਾ ਬਿਸਨੁ ਮਹੇਸੁ ਤ੍ਰੈ ਲੋਕ ਵੇਦ ਗੁਣ ਗਿਆਨ ਲੰਘਾਏ।
ਭੂਤ ਭਵਿਖਹੁ ਵਰਤਮਾਨੁ ਆਦਿ ਮਧਿ ਜਿਣਿ ਅੰਤਿ ਸਿਧਾਏ।
ਮਨ ਬਚ ਕਰਮ ਇਕਤ੍ਰ ਕਰਿ ਜੰਮਣ ਮਰਣ ਜੀਵਣ ਜਿਣਿ ਆਏ।
ਆਧਿ ਬਿਆਧਿ ਉਪਾਧਿ ਸਾਧਿ ਸੁਰਗ ਮਿਰਤ ਪਾਤਾਲ ਨਿਵਾਏ।
ਉਤਮੁ ਮਧਮ ਨੀਚ ਸਾਧਿ ਬਾਲਕ ਜੋਬਨ ਬਿਰਧਿ ਜਿਣਾਏ।
ਇੜਾ ਪਿੰਗੁਲਾ ਸੁਖਮਨਾ ਤ੍ਰਿਕੁਟੀ ਲੰਘਿ ਤ੍ਰਿਬੇਣੀ ਨ੍ਹਾਏ।
ਗੁਰਮੁਖਿ ਇਕੁ ਮਨਿ ਇਕੁ ਧਿਆਏ॥3॥
ਇਸ ਤੋਂ ਅਗਲੀ ਪਉੜੀ ਵਿਚ ਭਾਈ ਗੁਰਦਾਸ ਗੁਰਮੁਖਿ ਦਾ ਵਰਣਨ ਚੌਕੜੀ ਅਰਥਾਤ ਚਾਰ ਦੀ ਗਿਣਤੀ ਰਾਹੀਂ ਕਰਦੇ ਹਨ। ਗੁਰਮੁਖਿ ਚਾਰੇ ਖਾਣੀਆਂ ਅੰਡਜ, ਜੇਰਜ, ਸੇਤਜ ਅਤੇ ਉਤਭੁਜ (ਜੀਵਾਂ ਦੀਆ ਚਾਰ ਪ੍ਰਚੱਲਤ ਕਿਸਮਾਂ ਅੰਡਜ ਅੰਡਿਆਂ ਤੋਂ ਪੈਦਾ ਹੋਣ ਵਾਲੇ, ਜੇਰ ਤੋਂ, ਪਸੀਨੇ ਤੋਂ ਅਤੇ ਬਨਸਪਤੀ ਰਾਹੀਂ ਪੈਦਾ ਹੋਣ ਵਾਲੇ) ਅਤੇ ਚਾਰੇ ਬਾਣੀਆਂ (ਜੀਵਾਂ ਦੀਆਂ ਚਾਰ ਬੋਲੀਆਂ ਪਰਾ, ਪਸੰਤੀ, ਮੱਧਮਾ ਅਤੇ ਬੈਖਰੀ) ਨੂੰ ਸਾਧ ਕੇ ਸਹਿਜ ਅਵਸਥਾ ਨੂੰ ਪਹੁੰਚ ਗਏ ਹਨ। ਚਾਰ ਦਿਸ਼ਾਵਾਂ (ਪੂਰਬ, ਪੱਛਮ, ਉੱਤਰ, ਦੱਖਣ), ਚਾਰ ਜੁਗ (ਸਤਿਜੁਗ, ਤ੍ਰੇਤਾ, ਦੁਆਪਰ ਅਤੇ ਕਲਿਜੁਗ), ਚਾਰ ਵਰਨ (ਬ੍ਰਾਹਮਣ, ਖੱਤਰੀ, ਵੈਸ਼, ਸ਼ੂਦਰ), ਚਾਰ ਵੇਦ (ਰਿਗ, ਯਜੁਰ, ਸਾਮ ਅਤੇ ਅਥਰਵ) ਤੋਂ ਵੀ ਪਾਰ ਲੰਘ ਆਏ ਹਨ। ਗੁਰਮੁਖਾਂ ਨੇ ਇਨ੍ਹਾਂ ਸਾਰਿਆਂ ਸਮੇਤ ਧਰਮ, ਅਰਥ, ਕਾਮ ਅਤੇ ਮੋਕਸ਼ ਨੂੰ ਜਿੱਤ ਲਿਆ ਹੈ; ਰਜ, ਤਮ, ਸਤਿ ਅਤੇ ਤੁਰੀਆ ਅਵਸਥਾ ਨੂੰ ਵੀ ਪਾਰ ਕਰ ਲਿਆ ਹੈ। ਸਨਕ, ਸਨੰਦਨ, ਸਨਾਤਨ, ਸਨਤ ਕੁਮਾਰ ਅਤੇ ਚਾਰ ਆਸ਼ਰਮ ਬ੍ਰਹਮਚਾਰੀ, ਗ੍ਰਹਿਸਤ, ਵਾਣਪ੍ਰਸਤ ਅਤੇ ਸੰਨਿਆਸ, ਸਾਰਿਆਂ ਨੂੰ ਪਾਰ ਕਰ ਕੇ ਚਾਰੇ ਵੀਰਾਂ ਹਨੁਵੰਤ, ਨਰ ਸਿੰਘ, ਭੈਰੋਂ ਅਤੇ ਲੰਕੁੜਾ ਨੂੰ ਵੀ ਵੱਸ ਕਰ ਲਿਆ ਹੈ। ਜਿਸ ਤਰ੍ਹਾਂ ਚੌਪੜ ਦੀ ਬਾਜ਼ੀ ਵਿਚ ਚਾਰੇ ਪਾਸਿਆਂ ਨੂੰ ਜਿੱਤ ਕੇ ਜੇਤੂ ਬਣ ਜਾਂਦਾ ਹੈ ਅਤੇ ਜੋੜਾ ਬਣ ਕੇ ਮਾਰ ਨਹੀਂ ਖਾਦਾ; ਇਸੇ ਤਰ੍ਹਾਂ ਗੁਰਮੁਖਿ ਅਡੋਲ ਅਵਸਥਾ ਨੂੰ ਪ੍ਰਾਪਤ ਹੋ ਕੇ ਕਿਸੇ ਤੋਂ ਜਿੱਤਿਆ ਨਹੀਂ ਜਾਂਦਾ। ਤੰਬੋਲ ਦੇ ਬਹੁਤ ਰੰਗ ਹੁੰਦੇ ਹਨ, ਜਦੋਂ ਉਹ ਰਸ-ਰੂਪ ਹੋ ਜਾਂਦੇ ਹਨ ਤਾਂ ਇੱਕੋ ਰੰਗ ਵਿਚ ਰੰਗੇ ਜਾਂਦੇ ਹਨ ਅਰਥਾਤ ਕੱਥਾ, ਚੂਨਾ, ਸੁਪਾਰੀ ਅਤੇ ਪਾਨ ਦਾ ਇੱਕ ਦੂਸਰੇ ਵਿਚ ਮਿਸ਼ਰਣ ਹੋ ਜਾਣ ਨਾਲ ਇੱਕੋ ਲਾਲ ਰੰਗ ਹੋ ਜਾਂਦਾ ਹੈ; ਚਾਰ ਜਾਤ ਮਿਲ ਕੇ ਇੱਕ ਬ੍ਰਹਮ-ਸਰੂਪ ਹੋ ਜਾਂਦੇ ਹਨ। ਭਾਈ ਗੁਰਦਾਸ ਸਿੱਟਾ ਇਹ ਕੱਢਦੇ ਹਨ ਕਿ ਗੁਰਮੁਖਿ ਸਾਧਸੰਗਤਿ ਕਰਕੇ ਸਦੀਵੀ ਨਿਰਵਾਣ ਪਦ ਪ੍ਰਾਪਤ ਕਰ ਲੈਂਦਾ ਹੈ:
ਅੰਡਜ ਜੇਰਜ ਸਾਧਿ ਕੈ ਸੇਤਜ ਉਤਭੁਜ ਖਾਣੀ ਬਾਣੀ।
ਚਾਰੇ ਕੁੰਡਾਂ ਚਾਰਿ ਜੁਗ ਚਾਰਿ ਵਰਨਿ ਚਾਰਿ ਵੇਦੁ ਵਖਾਣੀ।
ਧਰਮੁ ਅਰਥੁ ਕਾਮੁ ਮੋਖੁ ਜਿਣਿ ਰਜ ਤਮ ਸਤ ਗੁਣ ਤੁਰੀਆ ਰਾਣੀ।
ਸਨਕਾਦਿਕ ਆਸ੍ਰਮ ਉਲੰਘਿ ਚਾਰਿ ਵੀਰ ਵਸਗਤਿ ਕਰਿ ਆਣੀ।
ਚਉਪੜਿ ਜਿਉ ਚਉਸਾਰ ਮਾਰਿ ਜੋੜਾ ਹੋਇ ਨ ਕੋਇ ਰਞਾਣੀ।
ਰੰਗ ਬਿਰੰਗ ਤੰਬੋਲ ਰਸ ਬਹੁ ਰੰਗੀ ਇਕੁ ਰੰਗੁ ਨੀਸਾਣੀ।
ਗੁਰਮੁਖਿ ਸਾਧਸੰਗਤਿ ਨਿਰਬਾਣੀ॥4॥
ਸਤਵੀਂ ਵਾਰ ਦੀ ਪੰਜਵੀਂ ਪਉੜੀ ਵਿਚ ਗੁਰਮੁਖਿ ਦੇ ਵਿਅਕਤੀਤਵ ਦਾ ਵਰਣਨ ਪੰਜ ਦੀ ਗਿਣਤੀ ਰਾਹੀਂ ਕਰਦੇ ਹਨ। ਗੁਰਮੁਖਿ ਪੰਜ ਤੱਤਾਂ ਪੌਣ, ਪਾਣੀ, ਅਗਨੀ, ਧਰਤੀ, ਅਕਾਸ਼ ਅਤੇ ਉਨ੍ਹਾਂ ਦੇ ਕਾਰਜ ਪੰਜਾਂ ਵਿਸ਼ਿਆਂ ਨੂੰ ਪਾਰ ਕਰ ਜਾਂਦੇ ਹਨ। ਇਸੇ ਤਰ੍ਹਾਂ ਕਾਮ, ਕ੍ਰੋਧ, ਵਿਰੋਧ ਤੋਂ ਗੁਰਮੁਖਿ ਲੰਘ ਗਏ ਹਨ ਅਤੇ ਲੋਭ, ਮੋਹ, ਅਹੰਕਾਰ ਆਦਿ ਵਿਕਾਰਾਂ ਦਾ ਗੁਰਮੁਖਾਂ ਨੇ ਨਾਸ਼ ਕਰ ਦਿੱਤਾ ਹੈ। ਸਤਿ, ਸੰਤੋਖ, ਦਇਆ, ਧਰਮ ਅਤੇ ਧੀਰਜ ਜਿਨ੍ਹਾਂ ਨੂੰ ਸਿੱਖ ਸਦਾਚਾਰਕਤਾ ਦੇ ਲਾਜ਼ਮ ਗੁਣ ਮੰਨਿਆ ਗਿਆ ਹੈ, ਇਨ੍ਹਾਂ ਪੰਜਾਂ ਦੇ ਸੁੰਦਰ ਅਰਥਾਂ ਨੂੰ ਸਮਝ ਕੇ ਗੁਰਮੁਖਿ “ਪੰਚ ਪਰਵਾਨ” ਅਰਥਾਤ ਪ੍ਰਮਾਣਿਕ ਹੋਏ ਹਨ। ਜਿਵੇਂ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਹੈ “ਮੁਈ ਪਰੀਤਿ ਪਿਆਰੁ ਗਇਆ ਮੁਆ ਵੈਰੁ ਵਿਰੋਧੁ॥ਧੰਧਾ ਥਕਾ ਹਉ ਮੁਈ ਮਮਤਾ ਮਾਇਆ ਕ੍ਰੋਧੁ॥ਕਰਮਿ ਮਿਲੈ ਸਚੁ ਪਾਈਐ ਗੁਰਮੁਖਿ ਸਦਾ ਨਿਰੋਧੁ॥” ਜੋਗ ਦੀਆਂ ਪੰਜ ਮੁਦਰਾਂ ਖੇਚਰ-ਸਵਾਸਾਂ ਨੂੰ ਉਤੇ ਚੜ੍ਹਾਉਣਾ, ਭੁਚਰ-ਸਵਾਸਾਂ ਦਾ ਠਹਿਰਾਉ, ਚਾਚਰੀ-ਸਵਾਸਾਂ ਦਾ ਉਤਾਰ, ਚੌਥੀ ਉਨਮਨ ਅਰਥਾਤ ਤੁਰੀਆ ਪਦ ਅਤੇ ਪੰਜਵੀਂ ਅਗੋਚਰ-ਮਨ ਬਾਣੀ ਤੋਂ ਪਰੇ ਬ੍ਰਹਮ ਵਿਖੇ ਇਸਥਿਤੀ ਕਰਨੀ; ਗੁਰਮੁਖਿ ਨੇ ਇਨ੍ਹਾਂ ਅਵਸਥਾਵਾਂ ਨੂੰ ਪਾਰ ਕਰ ਕੇ ਆਪਣਾ ਧਿਆਨ ਪਾਰਬ੍ਰਹਮ ਵਿਚ ਲਾ ਲਿਆ ਹੈ। ਗੁਰਮੁਖਿ ਪੰਚਾਂ ਵਿਚ ਪ੍ਰਮੇਸ਼ਰ ਨੂੰ ਅਨੁਭਵ ਕਰਦਾ ਹੈ ਅਤੇ ਪੰਜ ਸ਼ਬਦਾਂ ਦੇ ਪੰਜ ਨਾਦਾਂ ਤੋਂ ਪਾਰ ਸ਼ਬਦ-ਬ੍ਰਹਮ ਵਿਚ ਸਮਾ ਜਾਂਦਾ ਹੈ। ਗੁਰਮੁਖਿ ਸਾਧਸੰਗਤਿ ਵਿਚ ਜਾ ਕੇ ਆਪਣੇ ਅੰਤਹਕਰਨ, ਜੋ ਪੰਜ ਭੂਤਾਂ ਦਾ ਆਧਾਰ ਹੈ, ਨੂੰ ਸਾਧ ਕੇ ਸ਼ੋਭਨੀਕ ਹੋ ਗਿਆ ਹੈ। ਭਾਈ ਗੁਰਦਾਸ ਇਸ ਸਾਰੇ ਅਮਲ ਦਾ ਨਤੀਜਾ ਦਸਦੇ ਹਨ ਕਿ ਇਸ ਤਰ੍ਹਾਂ ਗੁਰਮੁਖਿ ਸਹਿਜਸਮਾਧ ਵਿਚ ਟਿਕ ਜਾਂਦਾ ਹੈ ਅਤੇ ਜੀਵਨ-ਮੁਕਤੀ ਪ੍ਰਾਪਤ ਕਰ ਲੈਂਦਾ ਹੈ ਅਰਥਾਤ ਜੀਵਨ ਮੁਕਤਿ ਦਾ ਸਹਿਜ ਪਦ ਪ੍ਰਾਪਤ ਕਰ ਕੇ ਗੁਰਮੁਖਿ ਦਾ ਜਨਮ-ਮਰਨ ਦਾ ਚੱਕਰ ਖਤਮ ਹੋ ਜਾਂਦਾ ਹੈ:
ਪਉਣੁ ਪਾਣੀ ਬੈਸੰਤਰੋ ਧਰਤਿ ਅਕਾਸੁ ਉਲੰਘਿ ਪਇਆਣਾ।
ਕਾਮੁ ਕ੍ਰੋਧੁ ਵਿਰੋਧੁ ਲੰਘਿ ਲੋਭੁ ਮੋਹੁ ਅਹੰਕਾਰੁ ਵਿਹਾਣਾ।
ਸਤਿ ਸੰਤੋਖ ਦਇਆ ਧਰਮੁ ਅਰਥੁ ਸੁ ਗਰੰਥੁ ਪੰਚ ਪਰਵਾਣਾ।
ਖੇਚਰ ਭੂਚਰ ਚਾਚਰੀ ਉਨਮਨ ਲੰਘਿ ਅਗੋਚਰ ਬਾਣਾ।
ਪੰਚਾਇਣ ਪਰਮੇਸਰੋ ਪੰਚ ਸਬਦ ਘਨਘੋਰ ਨੀਸਾਣਾ।
ਗੁਰਮੁਖਿ ਪੰਚ ਭੂਆਤਮਾ ਸਾਧਸੰਗਤਿ ਮਿਲਿ ਸਾਧ ਸੁਹਾਣਾ।
ਸਹਜ ਸਮਾਧ ਨ ਆਵਣ ਜਾਣਾ॥5॥