ਖੁਸ਼ਆਮਦੀਦ ਕਵਿੱਤਰੀ ਦਵਿੰਦਰ

ਡਾ. ਸੁਰਿੰਦਰ ਸ਼ਾਂਤ
ਪੰਜਾਬੀ ਕਵਿੱਤਰੀਆਂ ਵਿਚ ਦਵਿੰਦਰ ਗੁਰਾਇਆ ਦਾ ਨਾਂ ਪੰਜਾਬੀ ਕਾਵਿ ਲਈ ਸ਼ੁਭ ਸ਼ਗਨ ਹੈ। ਸੰਸਾਰ ਕਾਵਿ ਦੇ ਅਨੁਰੂਪ ਹੀ ਪੰਜਾਬੀ ਕਾਵਿ ਦਾ ਮੁਹਾਂਦਰਾ ਹਾਲਾਤ ਅਨੁਸਾਰ ਬਦਲ ਰਿਹਾ ਹੈ। ਅਜੋਕੀ ਕਵਿਤਾ ਵਿਚਾਰਧਾਰਾ ਦੀ ਨਿਰੀ ਸਾਪੇਖ ਪੇਸ਼ਕਾਰੀ ਨਹੀਂ ਸਗੋਂ ਅਨੁਭਵ ਦੇ ਵਿਸ਼ਾਲ ਸੰਸਾਰ ‘ਚੋਂ ਉਪਜਿਆ ਪ੍ਰਵਾਹ ਹੈ।

ਦਵਿੰਦਰ ਅੱਜ ਕੱਲ੍ਹ ਅਮਰੀਕਾ ਵਿਚ ਰਹਿੰਦੀ ਹੈ; ਉਹ ਅਮਰੀਕਾ ਜਿਸ ਲਈ ਵੱਖ-ਵੱਖ ਸੋਚਾਂ, ਵਿਚਾਰਾਂ ਵਾਲੇ ਲੋਕ ਵੱਖ-ਵੱਖ ਵਿਸ਼ੇਸ਼ਣ ਵਰਤਦੇ ਹਨ ਪਰ ਇਕ ਗੱਲ ‘ਤੇ ਸਾਰੇ ਇਕਮੱਤ ਹੁੰਦੇ ਹਨ ਕਿ ਉਸ ਦੇਸ਼ ਦੀ ਚਕਾਚੌਂਧ, ਵਿਕਾਸ ਅਤੇ ਸਭਿਆਚਾਰਕ ਦਿਖ ਨੇ ਅਤੇ ਉਸ ਦੇ ਸੰਸਾਰ ਰਾਜਨੀਤੀ ਵਿਚ ਦਬਦਬੇ ਵਾਲੇ ਰੋਲ ਨੇ ਉਥੇ ਪੁੱਜੇ ਪਰਵਾਸੀਆਂ ਦੀਆਂ ਅੰਦਰਲੀਆਂ ਬਿਰਤੀਆਂ ਅਤੇ ਜਜ਼ਬਾਤ ਨੂੰ ਜਾਂ ਤਾਂ ਮਧੋਲ ਸੁੱਟਿਆ ਹੈ ਜਾਂ ਵੱਖਰਾ ਮੁਹਾਣ ਮੋੜ ਦਿੱਤਾ ਹੈ। ਉਹ ਐਸਾ ਸਮੁੰਦਰ ਹੈ ਜਿਥੇ ਦੇਰ ਸਵੇਰ ਹਰ ਪਰਵਾਸੀ ਉਥੋਂ ਦਾ ਵਾਸੀ ਬਣਦਾ ਆਪਣੀ ਹੋਂਦ ਨੂੰ ਪੂਰੀ ਤਰ੍ਹਾਂ ਗਵਾ ਬੈਠਦਾ ਹੈ ਪਰ ਕੁਝ ਸਿਰੜੀ ਅਤੇ ਸੁਹਿਰਦ ਲੋਕ ਆਪਣੀ ਸੋਚ ਅਤੇ ਮੁਹਾਵਰੇ ਨੂੰ ਨਾ ਤਾਂ ਖੁੰਢਾ ਹੋਣ ਦਿੰਦੇ ਹਨ ਤੇ ਨਾ ਹੀ ਕਿਸੇ ਵਿਗਾੜ ਦਾ ਸ਼ਿਕਾਰ ਹੋਣ ਦਿੰਦੇ ਹਨ। ਕੁਝ ਕਵੀ/ਲੇਖਕ ਰੁਦਨ ਤੱਕ ਸੀਮਤ ਰਹਿੰਦੇ ਹਨ ਤੇ ਆਪਣੀ ਮਿੱਟੀ ਦੇ ਮੋਹ ਨੂੰ ਯਾਦ ਕਰਦੇ ਹਨ। ਕੋਈ ਵਿਰਲਾ-ਟਾਵਾਂ ਪੂਰੇ ਜਲੌਅ ਵਿਚ ਰਹਿੰਦਾ ਹੋਇਆ ਸੰਘਰਸ਼ਸ਼ੀਲ ਰਹਿੰਦਾ ਹੈ। ਐਸਾ ਲੇਖਕ ਪਰਵਾਸੀ ਲੇਖਕਾਂ ਦੀ ਨਿੱਕੀ ਜਿਹੀ ਕਤਾਰ ਜਾਂ ਤੰਗ ਜਿਹੇ ਖਾਨੇ ਵਿਚ ਨਹੀਂ ਪੈਂਦਾ ਸਗੋਂ ਮੁੱਖ ਧਾਰਾਈ ਕਾਵਿ-ਪ੍ਰਵਾਹ ਦਾ ਅੰਗ ਬਣਿਆ ਰਹਿੰਦਾ ਹੈ। ਦਵਿੰਦਰ ਐਸੇ ਹੀ ਲੇਖਕਾਂ ‘ਚੋਂ ਇਕ ਹੈ ਜਿਹੜੀ ਅਮਰੀਕਾ ਜਾ ਕੇ ਪੰਜਾਬੀ ਸਰੋਕਾਰਾਂ ਅਤੇ ਜ਼ਿੰਮੇਵਾਰੀਆਂ ਨੂੰ ਜਿਉਂ ਦੀ ਤਿਉਂ ਪਛਾਣਦੀ ਹੈ ਅਤੇ ਕਾਵਿ ਅਨੁਭਵ ਵਿਚ ਲਿਆਉਣ ਦਾ ਯਤਨ ਕਰ ਰਹੀ ਹੈ।
ਕੱਚੇ ਕੋਠੇ ਵਿਚਲੀਆਂ ਵਧੇਰੇ ਕਵਿਤਾਵਾਂ ਕਵਿੱਤਰੀ ਦੇ ਆਪਣੇ ਅਨੁਭਵ ਦਾ ਸਹਿਜ ਪ੍ਰਗਟਾਵਾ ਹਨ। ਇਸ ਪੁਸਤਕ ਦੀ ਪਹਿਲੀ ਕਵਿਤਾ ਮਾਸਟਰ ਪੀਸ ਕਵਿਤਾ ਕਹੀ ਜਾ ਸਕਦੀ ਹੈ। ਔਰਤ ਦਾ ਸਮਾਜਕ ਰੁਤਬਾ ਕੀ ਹੈ? ਪਰਿਵਾਰ ਵਿਚ ਉਸ ਦਾ ਸਥਾਨ ਕੀ ਹੈ? ਉਸ ਤੋਂ ਬਗੈਰ ਕਿਵੇਂ ਸਾਰਾ ਸਮਾਜਕ ਤਾਣਾ-ਬਾਣਾ ਬਿਖਰ ਜਾਂਦਾ ਹੈ? ਕਿਵੇਂ ਘਰ ਖੋਲਾ ਹੋ ਜਾਂਦਾ ਹੈ ਉਸ ਦੇ ਬਗੈਰ। ਇਹ ਕਵਿਤਾ ਦਵਿੰਦਰ ਦੇ ਅੰਤਹਕਰਨ ਦਾ ਸ਼ਾਬਦਿਕ ਪ੍ਰਗਟਾਵਾ ਹੈ ਜੋ ਕਵੀ-ਮਨ ਦੀ ਆਵਾਜ਼ ਨਾ ਰਹਿ ਕੇ ਸਮੂਹ ਲੋਕ-ਮਨ ਦੀ ਆਵਾਜ਼ ਹੋ ਨਿੱਬੜਿਆ ਹੈ:
ਮੈਂ ਕੱਚੇ ਕੋਠੇ ਦੀ ਛੱਤ ਹਾਂ
ਹਰ ਮੌਸਮ ਹੰਢਾਇਆ ਮੈਂ
ਕਦੀ ਧੁੱਪਾਂ ਨੇ ਉਖੇੜਿਆ
ਕਦੀ ਬੁਛਾੜਾਂ ਨੇ ਰੋੜ੍ਹਿਆ
ਪਰ ਮੇਰੀ ਹੋਂਦ ਨਾ ਮਰੀ
ਮੈਂ ਡਿੱਗੀ ਟੁੱਟੀ ਤੇ ਖਿੰਡੀ
ਮੁੜ ਛੱਤ ਬਣ ਗਈ
ਮੈਂ ਕੱਚੇ ਕੋਠੇ ਦੀ ਛੱਤ ਹਾਂ।
ਇਹ ਨਾਰੀਤਵ ਦੀ ਮਹਾਨਤਾ ਅਤੇ ਉਸ ਦੀ ਸਦੀਵੀ ਮੌਲਿਕਤਾ ਵੱਲ ਵੀ ਸੰਕੇਤ ਕਰਦੀ ਹੈ। ਐਸੀਆਂ ਹੋਰ ਵੀ ਬਹੁਤ ਸਾਰੀਆਂ ਕਵਿਤਾਵਾਂ ਹਨ ਜੋ ਨਾਰੀ ਨਾਲ ਜੁੜੇ ਸਰੋਕਾਰਾਂ ਦੀ ਤਰਜਮਾਨੀ ਕਰਦੀਆਂ ਹਨ। ਵੇਸਵਾ ਐਸੀ ਹੀ ਕਵਿਤਾ ਹੈ ਜਿਹੜੀ ਔਰਤ ਦੀ ਮਜਬੂਰੀ ਤੇ ਬੇਵਸੀ ਨੂੰ ਪ੍ਰਗਟ ਕਰਦੀ ਹੈ, ਉਸ ਦੀ ਨਿਰਾਸਤਾ ਤੇ ਮਾਯੂਸੀ ਨੂੰ ਪੇਸ਼ ਕਰਦੀ ਹੈ ਪਰ ਨਾਲ ਹੀ ਮਰਦ ਉਸ ਦੀ ਚੁੱਪ ਅਤੇ ਖਾਮੋਸ਼ੀ ਨੂੰ ਜਿੱਲਤ ਵਿਚ ਬਦਲ ਕੇ ਉਸ ਨੂੰ ਅਤਿ ਨੀਵਾਣਾ ਵੱਲ ਧੱਕਦਾ ਦੱਸਿਆ ਹੈ। ਆਪ ਵਿਚ ਉਹ ਸੁੱਚੇ ਦਾ ਸੁੱਚਾ ਰਹਿੰਦਾ ਹੈ। ‘ਐ ਮਨੁੱਖ’ ਵੀ ਐਸੀ ਹੀ ਕਵਿਤਾ ਹੈ ਜਿਸ ਵਿਚ ਸਮਾਜਕ ਮਰਯਾਦਾ ਲੰਘ ਕੇ ਮਰਦ ਸਾਰੇ ਰਿਸ਼ਤੇ ਤਹਿਸ-ਨਹਿਸ ਕਰ ਦਿੰਦਾ ਹੈ। ਧੀ, ਭੈਣ, ਮਾਂ ਦੇ ਰਿਸ਼ਤੇ ਉਸ ਲਈ ਅਰਥਹੀਣ ਹੋ ਜਾਂਦੇ ਹਨ। ‘ਮੇਰੀ ਕਥਾ’ ਕਵਿਤਾ ਵਿਚ ਦਵਿੰਦਰ ਨੇ ‘ਮੈਂ’ ਨੂੰ ਸੰਬੋਧਨ ਹੁੰਦਿਆਂ ਇਸਤਰੀਤਵ ਦੇ ਧੁਰ ਅੰਦਰ ਦੀ ਝਾਤ ਪਾਈ ਹੈ।
ਕਵਿਤਰੀ ਅਮਰੀਕਾ ਰਹਿੰਦਿਆਂ ਵੀ ਪਿੰਡ ਦੀਆਂ ਯਾਦਾਂ ਨੂੰ ਉਂਜ ਹੀ ਆਪਣੇ ਸੀਨੇ ਵਿਚ ਸਮੋਈ ਬੈਠੀ ਹੈ। ਉਹ ਉਨ੍ਹਾਂ ਪਲਾਂ ਛਿਣਾਂ ਨੂੰ ਕਵਿਤਾ ਰਾਹੀਂ ਫੜਨ ਦਾ ਯਤਨ ਕਰਦੀ ਹੈ ਜਿਹੜੇ ਉਸ ਨੇ ਆਪਣੇ ਪਿੰਡ ਦੀਆਂ ਜੂਹਾਂ ਵਿਚ ਗੁਜ਼ਾਰੇ। ‘ਪਿੰਡ ਛੱਡ ਆਏ’, ‘ਬਾਪ ਸਾਡੇ ਕਰਮ ਜੋ ਲਿਖੇ, ‘ਮਿੱਟੀਏ ਨੀ ਮੁਆਫ ਕਰੀਂ, ‘ਉਹ ਦਿਨ ਕਿਥੇ ਗਏ’ਆਦਿ ਕਈ ਕਵਿਤਾਵਾਂ ਐਸੇ ਹੀ ਅਹਿਸਾਸ ਨੂੰ ਮੂਰਤੀਮਾਨ ਕਰਦੀਆਂ ਹਨ। ਇਨ੍ਹਾਂ ਵਿਚ ਆਰਥਕ ਤੇ ਸਮਾਜਕ ਸੰਘਰਸ਼ ਕਰਦਿਆਂ ਪਿਛਲਝਾਤ ਰਾਹੀਂ ਅਤੀਤ ਨੂੰ ਵਧੀਆ ਢੰਗ ਰਾਹੀਂ ਚਿਤ੍ਰਤ ਕੀਤਾ ਗਿਆ ਹੈ। ਪਰਾਏ ਦੇਸ਼ ਵਿਚ ਰਹਿੰਦਿਆਂ ਪਰਾਏਪਨ ਦਾ ਅਹਿਸਾਸ ਸਦਾ ਹੀ ਸਤਾਉਂਦਾ ਹੈ। ਨਾਲ ਹੀ ਆਪਣੀ ਮਿੱਟੀ ਵਿਚੋਂ ਪੁੱਟੇ ਜਾਣ ਦੀ ਪੀੜਾ ਵੀ ਅੰਤਰਮਨ ਨੂੰ ਹਲੂਣਦੀ ਹੈ ਤੇ ਪੀੜਤ ਕਰਦੀ ਹੈ। ਕਵਿੱਤਰੀ ਆਪਣੇ ਤੇ ਪਰਾਏ ਦੇਸ਼ ਦੀ ਫਿਜ਼ਾ, ਵਿਤਕਰੇ, ਵਿਕਾਰ, ਧਾਰਮਿਕ ਵਖਰੇਵੇਂ ਤੇ ਸ਼ੋਸ਼ਣ ਦੇ ਵੱਖ-ਵੱਖ ਤਰੀਕਿਆਂ ਨੂੰ ਪੇਸ਼ ਕਰਦਿਆਂ ਬੜਾ ਕਾਵਿਮਈ ਮਾਹੌਲ ਸਿਰਜਦੀ ਹੈ। ਉਸ ਦੀਆਂ ਇਹ ਕਵਿਤਾਵਾਂ ਪਰਵਾਸ ਦੇ ਦਰਦ ਦਾ ਸ਼ੀਸ਼ਾਨੁਮਾ ਪ੍ਰਗਟਾਵਾ ਹੈ। ਉਸ ਦੇ ਕੁਝ ਗੀਤ ਵੀ ਬੜੇ ਪਿਆਰੇ ਹਨ ਜਿਨ੍ਹਾਂ ਵਿਚ ਲੈਅ ਹੈ, ਰਸ ਹੈ, ਸੰਗੀਤ ਹੈ ਤੇ ਵਿਚਾਰਾਂ ਦੀ ਸੁੰਦਰ ਪੇਸ਼ਕਾਰੀ ਹੈ। ਇਨ੍ਹਾਂ ਵਿਚ ਭਾਵੁਕਤਾ ਹੈ ਪਰ ਚੇਤਨਾ ਵੀ ਬਰਾਬਰ ਨਾਲ ਤੁਰਦੀ ਹੈ। ਉਸ ਨੇ ਕਵਿਤਾ ਵਿਚਲੇ ਬਿੰਬ ਤੇ ਪ੍ਰਤੀਕ ਨਿਰੋਲ ਪੇਂਡੂ ਰਹਿਤਲ ‘ਚੋਂ ਸਿਰਜੇ ਹਨ:
ਅਜੇ ਤਾਂ ਛੱਜ ਛੋਪਿਆਂ ਦਾ ਭਰਿਆ
ਇਕ ਵੀ ਪੂਣੀ ਕੱਤੀ ਨਾ
ਅਜੇ ਤਾਂ ਤੱਕਲਾ ਵਿੰਗਾ-ਟੇਢਾ
ਮਾਲ੍ਹ ਚਰਖੇ ਦੀ ਵੱਟੀ ਨਾ
ਅਜੇ ਮੁੰਨਾ ਠੁਕਵਾਉਣ ਲਈ
ਤਰਖਾਣਾਂ ਦੇ ਘਰ ਜਾਣਾ
ਅਜੇ ਚਰਮਖਾਂ ਬੁਣਨ ਲਈ
ਬੇਲੇ ਤੋਂ ਕਾਹੀ ਮੰਗਵਾਣੀ
ਕਲਾਤਮਿਕਤਾ ਕਵਿਤਰੀ ਦਾ ਸੁੰਦਰ ਗੁਣ ਹੈ ਜਿਹੜਾ ਉਸ ਦੀਆਂ ਕਵਿਤਾਵਾਂ ਨੂੰ ਹੋਰ ਸ਼ਿੱਦਤ ਨਾਲ ਪੜ੍ਹਨ ਲਈ ਮਜਬੂਰ ਕਰਦਾ ਹੈ। ਉਸ ਦੇ ਗੀਤ ਚੀਰੇ ਵਾਲਾ, ਇਕ ਕੁੜੀ, ਮੈਂ ਕੰਮੀਆਂ ਦੀ ਲਗਰ, ਜਾਣ ਵਾਲੇ ਦੀ ਯਾਦ ਵਿਚ, ਲਾ ਲੈ ਚੁੰਨੀ ਨੂੰ ਕਿਨਾਰੀ ਆਦਿ ਧਿਆਨ ਖਿੱਚਦੇ ਹਨ।
ਵਿਦੇਸ਼ ਜਾ ਕੇ ਵਧੀਆ ਵਸੇਬੇ ਲਈ ਯਤਨਸ਼ੀਲ ਪੰਜਾਬੀਆਂ ਜਾਂ ਹੋਰ ਕੌਮਾਂ ਦੇ ਲੋਕਾਂ ਲਈ ਆਰਥਕ ਸੰਘਰਸ਼ ਕਿਸੇ ਜੰਗ ਤੋਂ ਘੱਟ ਨਹੀਂ ਜਿਹੜੀ ਦਵਿੰਦਰ ਨੂੰ ਵੀ ਲੜਨੀ ਪਈ। ਇਹ ਜੰਗ ਕੇਵਲ ਅਮਰੀਕਾ ਵਿਚ ਹੀ ਨਹੀਂ ਲੜੀ ਜਾ ਰਹੀ ਸਗੋਂ ਸਾਰੇ ਦੇਸ਼ਾਂ ਵਿਚ ਥੁੜ੍ਹਾਂ ਮਾਰੇ ਲੋਕ ਆਪਣੀ ਹੋਂਦ ਬਚਾਉਣ ਲਈ ਲੜ ਰਹੇ ਹਨ ਪਰ ਆਪਣੀ ਮਿੱਟੀ ਤੋਂ ਆਪਣੇ ਆਪ ਨੂੰ ਪੁੱਟ ਕੇ ਕਿਸੇ ਬੇਗਾਨੀ ਮਿੱਟੀ ਵਿਚ ਜੜ੍ਹਾਂ ਮਜ਼ਬੂਤੀ ਨਾਲ ਲਾਉਣੀਆਂ ਸੌਖਾ ਕਾਰਜ ਨਹੀਂ। ਕਵਿੱਤਰੀ ਨੇ ਐਸੀਆਂ ਕਈ ਕਵਿਤਾਵਾਂ ਦੀ ਪੇਸ਼ਕਾਰੀ ਕੀਤੀ ਹੈ ਜੋ ਵਖਰੇਵਿਆਂ, ਵਿਤਕਰਿਆਂ ਅਤੇ ਦਿਖਾਵਿਆਂ ਵਾਲੇ ਇਸ ਦੇਸ਼ ਵਿਚ ਹਰ ਵਿਦੇਸ਼ੀ ਬਸ਼ਿੰਦੇ ਨੂੰ ਜਦੋਜਹਿਦ ਕਰਨੀ ਪੈਂਦੀ ਹੈ। ਇਨ੍ਹਾਂ ਦੇਸ਼ਾਂ ਵਿਚ ਜਾ ਕੇ ਬਜ਼ੁਰਗਾਂ ਦੀ ਜੋ ਬਦਤਰ ਹਾਲਤ ਹੈ, ਉਸ ਦਾ ਬੜਾ ਯਥਾਰਥਕ ਤੇ ਮਾਰਮਿਕ ਚਿਤਰਨ ਦਵਿੰਦਰ ਨੇ ਕੀਤਾ ਹੈ:
ਪਤਾ ਲੱਗਾ ਹੀ ਨਹੀਂ ਕਦ ਉਮਰ ਢਲ ਗਈ
ਰੱਬਾ! ਇਹ ਕੀ ਕਹਿਰ ਕਮਾ ਦਿੱਤਾ
ਕੱਢ ਕੇ ਮਾਸਟਰ ਬੈੱਡ ਰੂਮ ‘ਚੋਂ ਸੋਫੇ ਵਾਂਗੂ
‘ਬਾਪੂ’ ਬੇਸਮੈਂਟ ਵਿਚ ਟਿਕਾ ਦਿੱਤਾ
ਇਥੇ ਵੰਡਣ ਨੂੰ ਕਰਜ਼ੇ ਤੋਂ ਬਿਨਾਂ ਕੁਝ ਨਹੀਂ
ਪਰ ਵੰਡਣ ਦੀ ਰੀਤ ਨੂੰ ਕਾਇਮ ਰੱਖਿਆ
ਮਾਂ ਰਹੀ ਏ ਬੱਚੇ ਖਿਡਾਉਣ ਜੋਗੀ
ਸਬਜ਼ੀ ਲਿਆਉਣ ਲਈ ਪੁੱਤਾਂ ਨੇ ਪਿਉ ਰੱਖਿਆ।
ਰਿਸ਼ਤਿਆਂ ਦੀ ਟੁੱਟ-ਭੱਜ, ਨੈਤਿਕਤਾ ਵਿਚ ਪੈ ਰਹੀਆਂ ਤਰੇੜਾਂ, ਸਫੈਦ ਹੋ ਰਿਹਾ ਖੂਨ, ਪੈਸੇ ਲਈ ਅੰਨ੍ਹੀ ਦੌੜ, ਆਪਣੀ ਹਉਂ ਨੂੰ ਪੱਠੇ ਪਾਉਣ ਦੀ ਕਰੁਚੀ, ਤਿੜਕਦਾ ਆਪਾ ਅਤੇ ਧਿੰਗੋਜ਼ੋਰੀ ਦਾ ਤੰਤਰ ਹਰ ਥਾਂ ਪੈਰ ਪਸਾਰ ਰਿਹਾ ਹੈ। ਕਵਿੱਤਰੀ ਨੇ ਇਨ੍ਹਾਂ ਸਾਰੇ ਵਿਸ਼ਿਆਂ ਨੂੰ ਫੜ ਕੇ ਕਵਿਤਾ ਵਿਚ ਢਾਲਣ ਦਾ ਯਤਨ ਕੀਤਾ ਹੈ:
ਧੀਆਂ ਭੈਣਾਂ ਬਣ ਗਈਆਂ
ਲੇਬਲ ਬਾਜ਼ਾਰ ਦਾ
ਆਉ! ਨੰਗੇ ਜਿਸਮਾਂ ਨੂੰ
ਪਾ ਕੇ ਕਫਨ ਢਕ ਦੇਈਏ।

ਇਸ ਸ਼ਹਿਰ ਨੂੰ ਪਾਵੋ ਲਾਅਨਤਾਂ
ਫਿਟਕਾਰੋ ਵੇ ਕੋਈ
ਇਸ ਦੀ ਹੋਂਦ ਵਿਚ
ਸਤਿਅਮ ਦਾ ਸੰਸਕਾਰ ਕਿਉਂ ਨਹੀਂ।
ਦਵਿੰਦਰ ਦੀਆਂ ਕਵਿਤਾਵਾਂ ਸ਼ਹਿਰ, ਦਹਿਸ਼ਤ, ਰਿਸ਼ਤਿਆਂ ਦਾ ਨਿੱਘ, ਔਰਤ, ਧੀਆਂ, ਮੇਰੀ ਕਥਾ, ਮੰਡੀਕਰਨ ਆਦਿ ਵਿਚ ਇਨ੍ਹਾਂ ਵਿਚਾਰਾਂ ਦੀ ਸੁੰਦਰ ਪੇਸ਼ਕਾਰੀ ਹੈ।
ਦਵਿੰਦਰ ਕੋਲ ਕਵਿਤਾ ਕਹਿਣ ਦੀ ਜੁਗਤ ਹੈ। ਉਸ ਕੋਲ ਸਮਝਦਾਰੀ ਹੈ ਤੇ ਕਵਿਤਾ ਛਪਵਾਉਣ ਲਈ ਡਾਲਰ ਵੀ। ਆਉਣ ਵਾਲੇ ਸਮੇਂ ਵਿਚ ਉਸ ਕੋਲੋਂ ਹੋਰ ਵਧੀਆ ਪੁਸਤਕਾਂ ਦੀ ਆਸ ਕਰਦਾ ਹਾਂ। ਇਸ ਪੁਸਤਕ ਲਈ ਉਸ ਨੂੰ ਢੇਰ ਸਾਰੀਆਂ ਵਧਾਈਆਂ।