ਅੱਖਾਂ ਦੇ ਓਹਲੇ

ਬਲਜੀਤ ਬਾਸੀ
ਅੱਖਾਂ ਦੇ ਇਸ਼ਾਰੇ ਇੰਨੇ ਸਨ ਕਿ ਪਿਛਲੇ ਲੇਖ ਵਿਚ ਇਨ੍ਹਾਂ ਦਾ ਭਰਪੂਰ ਜ਼ਿਕਰ ਨਾ ਹੋ ਸਕਿਆ। ਉਸ ਲੇਖ ਵਿਚ ਅਸੀਂ ਜ਼ਿਆਦਾਤਰ ਅੱਖ ਨਾਲ ਸਬੰਧਤ ਮੁਹਾਵਰਿਆਂ ਦੀ ਹੀ ਚਰਚਾ ਕਰ ਸਕੇ ਸਾਂ, ਅੱਖ ਸ਼ਬਦ ਰਹਿ ਗਿਆ ਸੀ। ਅੱਖਾਂ ਖਿੜਕੀਆਂ ਦਾ ਅਜਿਹਾ ਜੋੜਾ ਹੈ ਜਿਸ ਰਾਹੀਂ ਮਨੁਖ ਬਾਹਰੀ ਸੰਸਾਰ ਤੱਕਦਾ ਹੋਇਆ ਕੁਝ ਨਾ ਕੁਝ ਆਪਣੇ ਅੰਦਰਲੇ ਦੀ ਵੀ ਝਲਕ ਦਿਖਾ ਜਾਂਦਾ ਹੈ। ਮਨੁਖ ਦੀ ਹੋਰ ਕੋਈ ਵੀ ਗਿਆਨ ਇੰਦਰੀ ਅਜਿਹੀ ਨਹੀਂ ਹੈ ਜੋ ਬਾਹਰਲੇ ਜਗਤ ਦੀ ਉਸ ਨੂੰ ਸੂਚਨਾ ਦੇਣ ਦੇ ਨਾਲ ਨਾਲ ਉਸ ਦੇ ਆਪਣੇ ਅੰਦਰਲਾ ਪ੍ਰਗਟ ਕਰਨ ਦੇ ਵੀ ਸਮਰੱਥ ਹੋਵੇ। ਅੱਖ ਅਸਲ ਵਿਚ ਕੈਮਰੇ ਦੀ ਨਿਆਈਂ ਹੈ।
ਵੱਡੀਆਂ ਅੱਖਾਂ ਵਧੇਰੇ ਭਾਵਪੂਰਤ ਹੁੰਦੀਆਂ ਹਨ ਕਿਉਂਕਿ ਉਨ੍ਹਾਂ ਰਾਹੀਂ ਬਾਹਰੀ ਜਗਤ ਦਾ ਅਕਸ ਵਧੇਰੇ ਸਪਸ਼ਟ ਰੂਪ ਵਿਚ ਬਣਦਾ ਹੈ। ਚੁੰਨੀਆਂ ਅੱਖਾਂ ਛੋਟੀਆਂ ਹੋਣ ਕਾਰਨ ਉਨ੍ਹਾਂ ਵਿਚ ਦੀ ਬਹੁਤਾ ਨਹੀਂ ਝਾਕ ਸਕਦੇ। ਚੁੰਨ੍ਹਾਂ ਸ਼ਬਦ ਚੁੰਧਿਆ ਜਾਣਾ ਦਾ ਹੀ ਵਿਗੜਿਆ ਰੂਪ ਹੈ। ਅੱਖਾਂ ਦੀਆਂ ਬਹੁਤੀਆਂ ਅਦਾਵਾਂ ਦਾ ਅੱਖ ਦੀ ਪੁਤਲੀ ਦੇ ਸੁੰਗੜ ਜਾਂ ਫੈਲਣ ਨਾਲ ਹੀ ਸਬੰਧ ਹੈ। ਕਿਸੇ ਨੂੰ ਡਰਾਉਣ ਲਈ ਅੱਖਾਂ ਟੱਡ ਦਿੱਤੀਆਂ ਜਾਂਦੀਆਂ ਹਨ। ਤੁਸੀਂ ਇਕ ਪ੍ਰਕਾਰ ਦੇ ਟਿੱਡੇ ਨੂੰ ਦੇਖਿਆ ਹੋਵੇਗਾ ਜਿਸ ਦੀਆਂ ਅੱਖਾਂ ਟੱਡੀਆਂ ਹੋਈਆਂ ਹੁੰਦੀਆਂ ਹਨ। ਇਹ ਅਸਲ ਵਿਚ ਦੇਖਣ ਵਾਲੇ ਸ਼ਿਕਾਰੀ ਜਾਨਵਰ ਨੂੰ ਆਪਣੇ ਵਲੋਂ ਡਰਾ ਰਿਹਾ ਹੁੰਦਾ ਹੈ। ਭਿਆਨਕ ਸਥਿਤੀ ਤੋਂ ਪਲਾਇਣ ਕਰਨ ਲਈ ਅੱਖਾਂ ਮੁੰਦ ਵੀ ਲਈਆਂ ਜਾਂਦੀਆਂ ਹਨ। ਮਨੁਖ ਦਾ ਸਰੀਰਕ ਪ੍ਰਬੰਧ ਇਹ ਸਾਰਾ ਕੁਝ ਸਹਿਜ ਹੀ ਕਰਦਾ ਹੈ, ਉਸ ਦੀ ਮਰਜ਼ੀ ਤੋਂ ਬਿਨਾ। ਸਰੀਰ ਦਾ ਅਜਿਹਾ ਅੰਦਰਲਾ ਸਿਸਟਮ ਸਵੈ-ਚਲਿਤ ਹੈ। ਅੱਖਾਂ ਤਾਰ ਨਾਲੋਂ ਵੀ ਸੰਖੇਪ ਤੇ ਫੌਰੀ ਸੰਦੇਸ਼ ਦੇ ਸਕਦੀਆਂ ਹਨ। ਕਹਿੰਦੇ ਹਨ, ਹਰ ਜਗ੍ਹਾ ਅੱਖ ਦੀ ਇਕ ਹੀ ਭਾਸ਼ਾ ਹੁੰਦੀ ਹੈ।
ਸੰਸਕ੍ਰਿਤ ਵਿਚ ਅੱਖ ਲਈ ਸ਼ਬਦ ਹੈ ‘ਅਕਸ਼ਿ’ ਜੋ ਧਾਤੂ ‘ਅਸ਼’ ਤੋਂ ਬਣਿਆ ਹੈ। ਸੰਸਕ੍ਰਿਤ ਵਿਚ ਅਕਸ਼ਿ ਦਾ ਅਰਥ ਦੋ ਵੀ ਹੁੰਦਾ ਹੈ, ਇਸ ਲਈ ਸੂਰਜ ਅਤੇ ਚੰਦ ਦੇ ਜੋੜੇ ਨੂੰ ਵੀ ਅਕਸ਼ਿ ਕਿਹਾ ਜਾਂਦਾ ਹੈ। ਪੰਜਾਬੀ ਵਿਚ ਅੱਖੀ ਸ਼ਬਦ ਵੀ ਹੈ ਪਰ ਇਹ ਇਕਵਚਨ ਘਟ ਹੀ ਪ੍ਰਚਲਿਤ ਹੈ, ਬਹੁਤਾ ਬਹੁਵਚਨ ਅੱਖੀਆਂ ਹੀ ਚਲਦਾ ਹੈ ਜਿਵੇਂ ‘ਅੱਖੀਆਂ ‘ਚ ਰੱਬ ਵਸਦਾ ਕੋਈ ਦੂਰ ਨਾ।’ ਇਸ ਦਾ ਕਾਵਿਕ ਰੂਪ ਅੱਖੜੀ ਹੈ ਜੋ ਬਹੁਵਚਨ ਵਜੋਂ ਅੱਖੜੀਆਂ ਬਣ ਗਿਆ। ਮਿਸਾਲ ਵਜੋਂ, ‘ਨਾਨਕ ਸੇ ਅਖੜੀਆਂ ਬਿਅੰਨਿ ਜਿਨੀ ਡਿਸੰਦੋ ਮਾ ਪਿਰੀ॥’ (ਗੁਰੂ ਅਰਜਨ ਦੇਵ) ਅਰਥਾਤ ਜਿਨ੍ਹਾਂ ਅੱਖਾਂ ਨਾਲ ਮੈਂ ਰੱਬ ਦੇਖਦਾ ਹਾਂ, ਉਹ ਹੋਰ ਹੀ ਹਨ। ਅੱਖ ਦਾ ਬਹੁਵਚਨ ਗੁਰੂ ਗ੍ਰੰਥ ਸਾਹਿਬ ਵਿਚ ‘ਅਖੀਅਨ’ ਵੀ ਹੈ ਜਿਵੇਂ ‘ਰਸਨਾ ਹਰਿ ਹਰਿ ਭੋਜਨ ਤ੍ਰਿਪਤਾਨੀ ਅਖੀਅਨ ਕਉ ਸੰਤੋਖ ਪ੍ਰਭ ਦਰਸ਼ਨ॥’ (ਗੁਰੂ ਅਰਜਨ ਦੇਵ)
ਅਸਲ ਵਿਚ ਜਿਸ ਤਰ੍ਹਾਂ ਅਸੀਂ ਪਹਿਲਾਂ ਵੀ ਦੱਸ ਚੁੱਕੇ ਹਾਂ ਸੰਸਕ੍ਰਿਤ ਦੀ ਆਖਰੀ ()ਿ ਸਵਰ ਪੰਜਾਬੀ ਵਿਚ ਜਾਂ ਤਾਂ ਮੁਕਤਾ ਨਾਲ ਬਦਲ ਜਾਂਦਾ ਹੈ ਜਾਂ (ੀ) ਵਿਚ। ਮਿਸਾਲ ਵਜੋਂ ਸੰਸਕ੍ਰਿਤ ‘ਹਰਿ’ ਸ਼ਬਦ ਪੰਜਾਬੀ ਵਿਚ ਜਾਂ ਤਾਂ ‘ਹਰ’ ਬਣੇਗਾ ਜਾਂ ‘ਹਰੀ।’ ਦਰਬਾਰ ਸਾਹਿਬ ਨੂੰ ਹਰਮੰਦਰ ਵੀ ਕਿਹਾ ਜਾਂਦਾ ਹੈ, ਹਰੀਮੰਦਰ ਵੀ। ਇਸੇ ਤਰ੍ਹਾਂ ਸੰਸਕ੍ਰਿਤ ‘ਅਕਸ਼ਿ’ ਨੇ ਪੰਜਾਬੀ ਵਿਚ ਆ ਕੇ ਅੱਖ ਦਾ ਰੂਪ ਵੀ ਧਾਰਿਆ, ਅੱਖੀ ਦਾ ਵੀ। ਰਿਗਵੇਦ ਵਿਚ ਵੀ ਅੱਖੀ ਸ਼ਬਦ ਆਇਆ ਹੈ। ਗੁਰਬਾਣੀ ਵਿਚ ‘ਦੇਖਣਾ’ ਦੇ ਅਰਥਾਂ ਵਿਚ ਅੱਖ ਦਾ ਕਿਰਿਆ ਰੂਪ ‘ਆਖੀ’ ਮਿਲਦਾ ਹੈ ਜੋ ਕਿ ਅੱਜ ਕਲ੍ਹ ਘਟ ਹੀ ਕਦੇ ਸੁਣੀਂਦਾ ਹੈ, ‘ਗੁਰਮੁਖ ਹੋਵੈ ਤਾ ਆਖੀ ਸੂਝੈ॥’
ਪੰਜਾਬੀ ਵਿਚ ਅੱਖ ਤੋਂ ਅਨੇਕਾਂ ਸ਼ਬਦ ਬਣੇ ਹਨ। ਸਭ ਤੋਂ ਪਹਿਲਾਂ ਅਸੀਂ ਸਾਖੀ ਸ਼ਬਦ ਲੈਂਦੇ ਹਾਂ। ਸਾਖੀ ਦਾ ਅਰਥ ਗਵਾਹੀ ਹੁੰਦਾ ਹੈ। ਜੋ ਚੀਜ਼ ਅੱਖੀਂ ਦੇਖੀ ਹੋਵੇ ਉਸੇ ਦੀ ਸਾਖੀ ਦਿਤੀ ਜਾ ਸਕਦੀ ਹੈ। ਸਾਖੀ ਦਾ ਅਖਰੀ ਅਰਥ ‘ਅੱਖ ਸਹਿਤ’ ਹੁੰਦਾ ਹੈ ਅਰਥਾਤ ਅੱਖ ਨਾਲ ਦੇਖਿਆ। ਇਹ ਸੰਸਕ੍ਰਿਤ ਸਹਿ+ਅਕਸ਼ਿ ਤੋਂ ਬਣਿਆ, “ਅਨਦਿਨੁ ਆਰਜਾ ਛਿਜਦੀ ਜਾਇ॥ ਰੈਣ ਦਿਨਸੁ ਦੁਇ ਸਾਖੀ ਆਇ॥” ਅਰਥਾਤ ਹਰ ਦਿਨ ਉਮਰ ਘਟਦੀ ਜਾਂਦੀ ਹੈ। ਇਸ ਦੀ ਗਵਾਹੀ ਹਰ ਬੀਤਦੇ ਦਿਨ ਤੇ ਰਾਤ ਤੋਂ ਮਿਲਦੀ ਹੈ ਜੋ ਮੁੜ ਕੇ ਨਹੀਂ ਆਉਂਦੇ। ਪਰ ਸਾਖੀ ਦਾ ਅਰਥ ਗੁਰੂ ਆਦਿ ਦੀਆਂ ਸਿਖਿਆਵਾਂ ਵੀ ਹੈ, “ਗੁਰ ਕੀ ਸਾਖੀ ਰਾਖੈ ਚੀਤਿ” -ਭਗਤ ਬੈਣੀ। ਅਸਲ ਵਿਚ ਸੰਤ ਲੋਕ ਆਪਣੀਆਂ ਸਿਖਿਆਵਾਂ ਕਿਸੇ ਉਪਦੇਸ਼ਾਤਮਕ ਕਹਾਣੀ ਜਾਂ ਵਾਰਤਾ ਨਾਲ ਸੁਣਾਉਂਦੇ ਹਨ ਜਿਸ ਨੂੰ ਸੱਚੀ ਤੇ ਅੱਖੀਂ ਡਿਠੀ ਸਮਝਿਆ ਜਾਂਦਾ ਹੈ। ਸਾਖੀ ਸ਼ਬਦ ਸਿੱਖ ਧਰਮ ਵਿਚ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਘਟਨਾਵਾਂ ਦਾ ਵਰਣਨ ਕਰਨ ਵਾਲੇ ਇਕ ਸਾਹਿਤ ਰੂਪ ਲਈ ਵੀ ਰੂੜ੍ਹ ਹੋ ਗਿਆ ਹੈ। ਇਹ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਬਹੁਤ ਸਾਲਾਂ ਬਾਅਦ ਰਚੀਆਂ ਗਈਆਂ। ਮਤਲਬ ਹੈ ਕਿ ਸਾਖੀਆਂ ਵਜੋਂ ਰਚੀਆਂ ਗਈਆਂ ਗੁਰੂ ਸਾਹਿਬ ਦੀ ਜ਼ਿੰਦਗੀ ਨਾਲ ਸਬੰਧਤ ਘਟਨਾਵਾਂ ਅਰੰਭਕ ਤੌਰ ‘ਤੇ ਲੋਕਾਂ ਨੇ ਅੱਖੀ ਦੇਖੀਆਂ ਸਨ ਪਰ ਸਾਖੀਆਂ ਦੀਆਂ ਬਹੁਤ ਸਾਰੀਆਂ ਗੱਲਾਂ ‘ਤੇ ਯਕੀਨ ਨਹੀਂ ਕੀਤਾ ਜਾ ਸਕਦਾ ਭਾਵੇਂ ਉਹ ਕਿੰਨੀਆਂ ਵੀ ਸੱਚੀਆਂ ਜਾਂ ਸਾਚੀਆਂ ਕਹਿ ਕੇ ਪੇਸ਼ ਕੀਤੀਆਂ ਜਾਣ।
ਅੱਜ ਕੱਲ੍ਹ ਕਥਾਵਾਚਕ ਨਿੱਤ ਨਵੀਆਂ ਸਾਖੀਆਂ ਘੜ ਕੇ ਸੰਗਤਾਂ ਨੂੰ ਨਿਹਾਲ ਕਰਦੇ ਰਹਿੰਦੇ ਹਨ। ਖੈਰ, ਕੁਝ ਵੀ ਹੋਵੇ, ਗਵਾਹੀ ਵੀ ਤਾਂ ਝੂਠੀ ਹੁੰਦੀ ਹੈ ਭਾਵੇਂ ਇਹ ਅੱਖੀਂ ਦੇਖੀ ਹੀ ਦੱਸੀ ਜਾਂਦੀ ਹੈ। ਇਸੇ ਨਾਲ ਜੁੜਦਾ ਸਾਖ ਸ਼ਬਦ ਵੀ ਹੈ ਜਿਸ ਦਾ ਅਰਥ ਸ਼ਹਾਦਤ ਜਾਂ ਗਵਾਹੀ ਹੈ। ਸਾਖ ਦਾ ਮਤਲਬ ਧਾਕ, ਰੁਹਬ, ਵਡਿਆਈ ਹੁੰਦਾ ਹੈ। ਗੁਰੂ ਅਮਰ ਦਾਸ ਦਾ ਇਹ ਪਦ ਦੇਖੋ “ਹਰਿਨਾਮ ਮਿਲੈ ਪਤਿ ਸਾਖ॥” ਇਸੇ ਦੇ ਨਾਲ ਮਿਲਦਾ-ਜੁਲਦਾ ਸ਼ਬਦ ਸਾਖਿਆਤ ਹੈ ਜਿਸ ਦਾ ਮਤਲਬ ਬਿਲਕੁਲ ਅੱਖਾਂ ਦੇ ਸਾਹਮਣੇ, ਮੂਰਤੀਮਾਨ, ਹੈ। ਕਈ ਲੋਕਾਂ ਨੂੰ ਗੁਰੂ ਆਦਿ ਦੇ ਸਾਖਿਆਤ ਦਰਸ਼ਨ ਹੋ ਜਾਂਦੇ ਹਨ। ਸਿੰਘ ਬੋਲਿਆਂ ਵਿਚ ਕਾਣੇ ਲਈ ਪੰਜ-ਅੱਖਾ ਸ਼ਬਦ ਹੈ। ਅੰਨ੍ਹੇ ਨੂੰ ਮੁਨਾਖਾ ਕਹਿੰਦੇ ਹਨ। ਸ਼ਾਇਦ ਜੋ ਮਨ ਦੀਆਂ ਅੱਖਾਂ ਨਾਲ ਦੇਖਦਾ ਹੈ। ਪਰ ਸੁਜਾਖਾ ਦਾ ਸ਼ਬਦਿਕ ਅਰਥ ‘ਅੱਖਾਂ ਵਾਲਾ’ ਨਹੀਂ ਕਿਉਂਕਿ ਇਹ ‘ਸੁਚੱਸ਼ਕਯ’ ਤੋਂ ਬਣਿਆ ਹੈ ਅਰਥਾਤ ਚਕਸ਼ੂਆਂ ਵਾਲਾ। ਅੱਖਾਂ ਲਈ ਸਾਡੀਆਂ ਭਾਸ਼ਾਵਾਂ ਵਿਚ ਚਕਸ਼ੂ ਸ਼ਬਦ ਵੀ ਹੁੰਦਾ ਹੈ ਜਿਸ ਦਾ ਫਾਰਸੀ ਭਤੀਜਾ ‘ਚਸ਼ਮ’ ਹੈ।
ਕਹਿੰਦੇ ਹਨ ਪ੍ਰਤੱਖ ਨੂੰ ਪਰਮਾਣ ਦੀ ਲੋੜ ਨਹੀਂ ਹੁੰਦੀ। ਪ੍ਰਤੱਖ ਸ਼ਬਦ ਵਿਚ ਵੀ ਅੱਖ ਰੜਕਦੀ ਹੈ, ਜੋ ਅੱਖਾਂ ਦੇ ਸਾਹਮਣੇ ਹੈ, ਹਾਜ਼ਰ ਨਾਜ਼ਰ ਹੈ, ਉਹ ਪ੍ਰਤੱਖ ਹੈ। ਗੁਰੂਆਂ ਨੇ ਪਰਤਖ ਸ਼ਬਦ ਵਰਤਿਆ ਹੈ ਪਰ ਭਟ ਮਥੁਰਾ ਨੇ ਪਰਿਤਛ “ਪਰਿਤਛ ਰਿਦੈ ਗੁਰ।” ਪ੍ਰਤੱਖ ਦੇ ਉਲਟ ਪਰੋਖ ਸ਼ਬਦ ਦਾ ਅਰਥ ਹੈ ਜੋ ਅੱਖਾਂ ਤੋਂ ਪਰੇ ਹੈ। ਆਲੋਚਨਾ ਲਈ ਵਰਤੇ ਜਾਂਦੇ ਸ਼ਬਦ ‘ਸਮੀਖਿਆ’ ਵਿਚ ਵੀ ਅੱਖ ਪਈ ਹੋਈ ਹੈ। ਸਮੀਖਿਆ ਵਿਚ ਬਰਾਬਰ ਦੀ ਅੱਖ ਨਾਲ ਦੇਖਣ ਦਾ ਭਾਵ ਹੈ। ਦਿਲਚਸਪ ਗੱਲ ਹੈ ਕਿ ਆਲੋਚਨਾ ਵਿਚ ਵੀ ਦੇਖਣ ਵਾਲੀ ਗੱਲ ਹੀ ਹੈ। ਅੱਖਾਂ ਨੂੰ ਲੋਚਨ ਵੀ ਕਹਿੰਦੇ ਹਨ ਤੇ ਇਸ ਤੋਂ ਬਣੇ ਆਲੋਚਨਾ ਦਾ ਅਰਥ ਮੁੱਲ ਪਾਉਣ ਹਿੱਤ ਕਿਸੇ ਵਸਤ ਨੂੰ ਦੇਖਣਾ-ਪਰਖਣਾ ਹੈ। ਕਨਖੀ ਕੰਨਾਂ ਵੱਲ ਅੱਖ ਘੁਮਾ ਕੇ ਦੇਖਣ ਵਾਲੀ ਮੁਦਰਾ ਹੈ।
ਮੀਨਾਕਸ਼ੀ ਦਾ ਭਾਵ ਹੈ ਜਿਸ ਦੀ ਅੱਖ ਮੀਨਾ ਯਾਨਿ ਮੱਛੀ ਵਾਂਗ ਸੁਹਣੀ ਹੈ। ਪਰ ਸੁਣੱਖੀ ਸ਼ਬਦ ਦਾ ਅਰਥ ‘ਸੁਹਣੀ ਅੱਖ ਵਾਲੀ’ ਨਹੀਂ ਬਲਕਿ ਸੁਹਣੇ ਨਖਸਿਖ ਵਾਲੀ ਹੈ। ਇਸੇ ਦੇ ਨਾਲ ਮਿਲਦਾ ਜੁਲਦਾ ਝਰੋਖਾ ਸ਼ਬਦ ਹੈ। ਇਹ ਕੰਧ ਆਦਿ ਵਿਚ ਰੋਸ਼ਨੀ ਲਈ ਰਖਿਆ ਮਘੋਰਾ ਹੁੰਦਾ ਹੈ। ਇਹ ਸੰਸਕ੍ਰਿਤ ‘ਗਵਾਕਸ਼’ ਤੋਂ ਵਿਗੜਿਆ ਸ਼ਬਦ ਹੈ ਜਿਸ ਦਾ ਸ਼ਬਦਿਕ ਅਰਥ ‘ਗਾਂ ਦੀ ਅੱਖ’ ਹੈ। ਇਥੇ ਮਘੋਰੇ ਜਾਂ ਰੋਸ਼ਨਦਾਨ ਨੂੰ ਗਾਂ ਦੀ ਅੱਖ ਦੇ ਰੂਪ ਵਿਚ ਚਿਤਵਿਆ ਗਿਆ ਹੈ। ਅਨੋਖਾ ਸ਼ਬਦ ਦਾ ਭਾਵ ਹੈ ਜੋ ਪਹਿਲਾਂ ਨਾ ਵੇਖਿਆ ਹੋਵੇ ਅਰਥਾਤ ਅਲੋਕਾਰ। ਇਕ ਮੁਹਾਵਰਈ ਸ਼ਬਦ ਹੈ ਕਟਾਖਸ਼, ਕਟਾਖ ਜਾਂ ਕਟਾਖਯਾ। ਇਸ ਬਾਰੇ ਇਕ ਵੱਖਰਾ ਲੇਖ ਲਿਖਿਆ ਜਾ ਚੁੱਕਾ ਹੈ ਪਰ ਪ੍ਰਸੰਗਵਸ਼ ਕੁਝ ਇਥੇ ਵੀ ਹਾਜ਼ਰ ਹੈ। ਕਟਾਖਸ਼ ਦਾ ਇਕ ਅਰਥ ਹੈ, ‘ਕਿਰਪਾ-ਦ੍ਰਿਸ਼ਟੀ’ ਜੋ ਗੁਰਬਾਣੀ ਵਿਚੋਂ ਆਮ ਹੀ ਉਭਰਦਾ ਹੈ, “ਜਿਨ ਕਉ ਤੁਮਰੇ ਵਡ ਕਟਾਖ ਹੈਂ ਤੇ ਗੁਰਮੁਖਿ ਹਰਿ ਸਿਮਰਣੇ॥” (ਗੁਰੂ ਰਾਮ ਦਾਸ) ਅਰਥਾਤ ਜਿਨ੍ਹਾਂ ਵੱਲ ਤੂੰ ਮਿਹਰ ਦੀ ਵੱਡੀ ਨਜ਼ਰ ਨਾਲ ਦੇਖਦਾ ਹੈਂ, ਉਹ ਗੁਰਮੁਖ ਤੇਰਾ ਨਾਮ ਸਿਮਰਦੇ ਹਨ। ਕਟਾਖਸ਼ ਸ਼ਬਦ ਬਣਿਆ ਹੈ ਕਟ+ਅਕਸ਼ ਤੋਂ। ਇਸ ਵਿਚ ‘ਕਟ’ ਦਾ ਅਰਥ ਤਾਂ ਕਟਣਾ ਵਾਲਾ ਹੀ ਹੈ ਪਰ ਇਥੇ ਅਰਥ ਹੈ ਅੱਖਾਂ ਨੂੰ ਘੁਮਾ ਕੇ ਕਿਸੇ ਵੱਲ ਵਿਸ਼ੇਸ਼ ਤੌਰ ‘ਤੇ ਦੇਖਣਾ। ਇਹ ਝਾਕਣੀ ਕਿਰਪਾ ਦ੍ਰਿਸ਼ਟੀ ਵੀ ਹੋ ਸਕਦੀ ਹੈ ਤੇ ਵਿਅੰਗ ਭਰੀ ਵੀ।
ਅੱਖ ਜਿਹਾ ਸ਼ਬਦ ਹੋਵੇ ਤਾਂ ਇਸ ਦੇ ਹੋਰ ਭਾਰੋਪੀ ਭਾਸ਼ਾਵਾਂ ਵਿਚ ਸੁਜਾਤੀ ਸ਼ਬਦ ਨਾ ਮਿਲਣ? ਇਸ ਦਾ ਮੂਲ ੋਕੱ ਹੈ ਜਿਸ ਦਾ ਅਰਥ ਦੇਖਣਾ ਕਲਪਿਆ ਗਿਆ ਹੈ। ਅੰਗਰੇਜ਼ੀ ਏe ਇਸੇ ਦਾ ਵਿਕਸਿਤ ਰੂਪ ਹੈ। ਅੰਗਰੇਜ਼ੀ ਏe ਦਾ ਪੁਰਾਤਨ ਰੂਪ ਈਜ ਜਿਹਾ ਹੈ ਜੋ ਪੁਰਾਤਨ ਜਰਮੈਨਿਕ ਔਗਨ ਤੋਂ ਵਿਕਸਿਤ ਹੋਇਆ। ਅੰਗਰੇਜ਼ੀ ਦਾ ਇਕ ਸ਼ਬਦ ੋਗਲe ਹੁੰਦਾ ਹੈ ਜਿਸ ਦਾ ਅਰਥ ਦੇਖਣਾ, ਖਾਸ ਤੌਰ ‘ਤੇ ਕਾਮੁਕ ਨਜ਼ਰਾਂ ਨਾਲ ਤੱਕਣਾ। ਅਜੋਕੀ ਜਰਮਨ ਵਿਚ ਅੱਖ ਨੂੰ ਔਜ ਕਹਿੰਦੇ ਹਨ। ਗਰੀਕ ਵਿਚ ੋਪਸਸਿ ਸ਼ਬਦ ਦਾ ਅਰਥ ਦ੍ਰਿਸ਼ ਹੁੰਦਾ ਹੈ। ਅੱਖ ਵਿਗਿਆਨ ਲਈ ੋਪਟਹਅਲਮੋਲੋਗੇ ਅਤੇ ੋਪਟਚਿ ਆਦਿ ਸ਼ਬਦ ਇਸੇ ਦੀ ਦੇਣ ਹਨ। ਲਾਤੀਨੀ ਵਿਚ ੋਚੁਲੁਸ ਸ਼ਬਦ ਦਾ ਅਰਥ ਅੱਖ ਹੁੰਦਾ ਹੈ। ੌਚੁਲੁਸ ਔਕੂਲਸ ਦਾ ਲਾਤੀਨੀ ਵਿਚ ਅਰਥ ਕੰਧ ਜਾਂ ਗੁੰਬਦ ਵਿਚਲਾ ਮੋਘ ਵੀ ਹੁੰਦਾ ਹੈ। ਇਸ ਨੂੰ ਫਰਾਂਸੀਸੀ ਵਿਚ œਲਿ ਦe ਬੋeਾ ਵੀ ਕਹਿੰਦੇ ਹਨ। ਇਸ ਦਾ ਸ਼ਾਬਦਿਕ ਅਰਥ ਝਰੋਖੇ ਦੀ ਤਰ੍ਹਾਂ ‘ਗਾਂ ਦੀ ਅੱਖ’ ਹੈ।
ਅੱਖ ਨਾਲ ਜੁੜਦਾ ਸਭ ਤੋਂ ਅਹਿਮ ਸ਼ਬਦ ਹੈ ਸ਼ੀਸ਼ਾ। ਧਿਆਨ ਦਿਉ ਸ਼ੀਸ਼ਾ ਮੂੰਹ ਦੇਖਣ ਵਾਲੀ ਸ਼ੈਅ ਹੈ। ਇਹ ਭਾਵੇਂ ਫਾਰਸੀ ਵਲੋਂ ਆਇਆ ਹੈ ਪਰ ਇਸ ਦਾ ਸੰਸਕ੍ਰਿਤ ਅਕਸ਼ਿ ਨਾਲ ਸਮੂਲਕ ਸਬੰਧ ਹੈ। ਅਸਲ ਵਿਚ ਅਵੇਸਤਾ ਵਿਚ ਦੇਖਣ ਦੇ ਅਰਥਾਂ ਵਿਚ ਸੰਸਕ੍ਰਿਤ ਸਾਕਸ਼ੀ ਦੇ ਮੁਕਾਬਲੇ ਵਿਚ ‘ਸ਼ੀਸ਼ਾ’ ਜਿਹਾ ਸ਼ਬਦ ਹੁੰਦਾ ਸੀ ਜਿਸ ਤੋਂ ਦਰਪਣ ਦੇ ਅਰਥਾਂ ਵਾਲਾ ਸ਼ੀਸ਼ਾ ਸ਼ਬਦ ਬਣਿਆ। ਇਹ ਉਰਦੂ ਰਾਹੀਂ ਹੋਰ ਭਾਰਤੀ ਭਾਸ਼ਵਾਂ ਵਿਚ ਦਾਖਿਲ ਹੋਇਆ।

Be the first to comment

Leave a Reply

Your email address will not be published.