ਸਿੱਖ ਬਜ਼ੁਰਗ ‘ਤੇ ਹਮਲਾ ਕਰਨ ਵਾਲੀ ਗੋਰੀ ਨੂੰ ਨਾ ਮਿਲੀ ਜ਼ਮਾਨਤ

ਨਸਲੀ ਹਮਲਿਆਂ ਨੂੰ ਲੈ ਕੇ ਸਿੱਖ ਭਾਈਚਾਰਾ ਫਿਕਰਮੰਦ
ਲੰਡਨ: ਵਿਦੇਸ਼ਾਂ ਵਿਚ ਨਸਲੀ ਹਮਲਿਆਂ ਨੂੰ ਲੈ ਕੇ ਸਿੱਖ ਭਾਈਚਾਰਾ ਫਿਕਰਮੰਦ ਹੈ। ਲੰਘੇ ਦਿਨੀਂ ਬਰਤਾਨੀਆ ਵਿਚ ਇਕ ਗੋਰੀ ਮੁਟਿਆਰ ਨੇ 80 ਸਾਲਾ ਸਿੱਖ ਬਜ਼ੁਰਗ ਦੀ ਕੁੱਟਮਾਰ ਕੀਤੀ ਜਿਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਇਹ ਮਾਮਲਾ ਉਦੋਂ ਭਖਿਆ ਜਦੋਂ ਇਸ ਘਟਨਾ ਦੀ ਵੀਡੀਓ ਸੋਸ਼ਲ ਨੈੱਟਵਰਕ ‘ਤੇ ਪਾ ਦਿੱਤੀ ਗਈ।
ਉਧਰ, ਬਰਤਾਨਵੀ ਅਦਾਲਤ ਨੇ 19 ਸਾਲਾ ਗੋਰੀ ਮੁਟਿਆਰ ਕੋਰਲ ਮਿੱਲਰਚਿੱਪ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਹੈ। ਉਸ ਨੂੰ ਕੁਵੈਂਟਰੀ ਮੈਜਿਸਟਰੇਟ ਕੋਰਟ ਵਿਚ ਪੇਸ਼ ਕਰਕੇ 25 ਨਵੰਬਰ ਤੱਕ ਰਿਮਾਂਡ ‘ਤੇ ਭੇਜ ਦਿੱਤਾ ਗਿਆ ਸੀ। ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਬਚਾਓ ਪੱਖ ਦੇ ਵਕੀਲ ਸ਼ੇਨ ਹੈਨਿੰਗਨ ਨੇ ਬੇਨਤੀ ਕੀਤੀ ਸੀ ਕਿ ਮੁਲਜ਼ਮ ‘ਤੇ ਕਾਰਵਾਈ ਮੈਜਿਸਟਰੇਟਸ ਦੀ ਕੋਰਟ ਵਿਚ ਹੋਵੇ ਪਰ ਅਦਾਲਤ ਨੇ ਵਕੀਲ ਦੀ ਇਹ ਬੇਨਤੀ ਵੀ ਠੁਕਰਾ ਦਿੱਤੀ ਤੇ ਹੁਕਮ ਕੀਤੇ ਕਿ ਉਹ ਕੁਵੈਂਟਰੀ ਕ੍ਰਾਊਨ ਕੋਰਟ ਵਿਚ ਪੇਸ਼ ਹੋਵੇਗੀ। ਇਹ ਅਦਾਲਤ ਵਧੇਰੇ ਗੰਭੀਰ ਮਾਮਲਿਆਂ ‘ਤੇ ਵਿਚਾਰ ਕਰਦੀ ਹੈ।
ਬਰਤਾਨਵੀ ਮੀਡੀਆ ਦੀ ਰਿਪੋਰਟ ਅਨੁਸਾਰ ਲੜਕੀ ਨੇ ਬਜ਼ੁਰਗ ਦੇ ਮੂੰਹ ਉਤੇ ਮੁੱਕੇ ਮਾਰੇ ਜਿਸ ਨਾਲ ਉਸ ਦੀ ਪੱਗ ਡਿੱਗ ਪਈ ਤੇ ਨੱਕ ਵਿਚੋਂ ਖੂਨ ਵਗਣ ਲੱਗ ਪਿਆ। ਇਸ 19 ਸਾਲਾ ਲੜਕੀ ਨੇ ਇਸ ਮੌਕੇ ਬਜ਼ੁਰਗ ਖਿਲਾਫ਼ ਇਤਰਾਜ਼ਯੋਗ ਭਾਸ਼ਾ ਵੀ ਵਰਤੀ ਤੇ ਬਾਅਦ ਵਿਚ ਉਥੋਂ ਜਾਣ ਵੇਲੇ ਉਸ ਦੇ ਉਪਰ ਥੁੱਕਿਆ ਵੀ। ਇਹ ਹਮਲਾ ਬਿਨਾਂ ਕਿਸੇ ਭੜਕਾਹਟ ਤੋਂ ਕੋਵੈਂਟਰੀ ਦੀ ਟ੍ਰਿਨਿਟੀ ਸਟਰੀਟ ਵਿਚ 10 ਅਗਸਤ ਸ਼ਾਮ ਨੂੰ 8æ30 ਵਜੇ ਕੀਤਾ ਗਿਆ। ਜਦੋਂ ਇਹ ਘਟਨਾ ਘਟੀ ਤਾਂ ਉਥੋਂ ਲੰਘਦੇ ਕਿਸੇ ਵਿਅਕਤੀ ਨੇ ਇਸ ਸਾਰੇ ਮਾਮਲੇ ਦੀ ਵੀਡੀਓ ਬਣਾ ਲਈ। ਦਿ ਕੋਵੈਂਟਰੀ ਟੈਲੀਗ੍ਰਾਫ ਦੀ ਰਿਪੋਰਟ ਅਨੁਸਾਰ ਕੋਵੈਂਟਰੀ ਪੁਲਿਸ ਅਨੁਸਾਰ ਇਹ ਇਕ ਬਜ਼ੁਰਗ ਵਿਅਕਤੀ ਉਤੇ ਦਿਨ ਦਿਹਾੜੇ ਨਫ਼ਰਤ ਭਰਿਆ ਹਿੰਸਕ ਹਮਲਾ ਹੈ।
ਜ਼ਿਕਰਯੋਗ ਹੈ ਕਿ ਪਿੱਛੇ ਜਿਹੇ ਅਮਰੀਕਾ ਦੇ ਸ਼ਹਿਰ ਓਕ ਕਰੀਕ ਵਿਚ ਗੁਰਦੁਆਰਾ ਸਾਹਿਬ ਅੰਦਰ ਸੈਂਕੜੇ ਲੋਕਾਂ ‘ਤੇ ਅੰਨ੍ਹੇਵਾਹ ਫਾਇਰਿੰਗ ਕਰਕੇ ਛੇ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤੇ 20 ਤੋਂ ਜ਼ਿਆਦਾ ਲੋਕਾਂ ਨੂੰ ਜ਼ਖਮੀ ਕਰਕੇ ਬੰਧਕ ਬਣਾਇਆ ਗਿਆ। ਇਸੇ ਤਰ੍ਹਾਂ ਕੈਲੇਫੋਰਨੀਆ ਦੇ ਸ਼ਹਿਰ ਫਰੈਂਸਕੋ ਸਥਿਤ ਗੁਰਦੁਆਰਾ ਸਾਹਿਬ ਵਿਚ ਸੇਵਾ ਕਰਕੇ ਬਾਹਰ ਆ ਰਹੇ 82 ਸਾਲਾ ਪਿਆਰਾ ਸਿੰਘ ਉਪਰ ਗਿਲਬਰਟ ਗਾਰਸੀਆ ਨਾਂ ਦੇ ਗੋਰੇ ਵਿਅਕਤੀ ਵੱਲੋਂ ਨਸਲੀ ਭੇਦਭਾਵ ਤਹਿਤ ਹਮਲਾ ਕੀਤਾ ਗਿਆ ਤੇ ਅਮਰੀਕਾ ਦੇ ਸ਼ਹਿਰ ਕੈਲੇਫੋਰਨੀਆ ਵਿਚ ਹੀ ਸਿੱਖ ਡਰਾਈਵਰ ਸਲਵਿੰਦਰ ਸਿੰਘ ‘ਤੇ ਗੋਰੇ ਵਿਅਕਤੀ ਵੱਲੋਂ ਹਮਲਾ ਕਰਕੇ ਉਸ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ ਗਿਆ।
ਉਧਰ, ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਤੇ ਭਾਰਤੀ ਜਨਤਾ ਪਾਰਟੀ ਦੇ ਉਪ ਪ੍ਰਧਾਨ ਐਸ਼ਐਸ਼ ਆਹਲੂਵਾਲੀਆ ਨੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਕੋਲੋਂ ਮੰਗ ਕੀਤੀ ਹੈ ਕਿ ਉਹ ਲੰਡਨ ਵਿਚ ਪਿਛਲੇ ਹਫਤੇ ਸਿੱਖ ਬਜ਼ੁਰਗ ਉਪਰ ਸ਼ਰਾਬੀ ਗੋਰੀ ਲੜਕੀ ਵੱਲੋਂ ਕੀਤੇ ਨਸਲੀ ਹਮਲੇ ਤੇ ਉਸ ਵੱਲੋਂ ਪਹਿਨੀ ਪੱਗ ਦੇ ਅਪਮਾਨ ਦੇ ਮਾਮਲੇ ਵਿਚ ਫੌਰੀ ਦਖਲ ਦੇਣ। ਸ਼ ਆਹਲੂਵਾਲੀਆ ਨੇ ਕਿਹਾ ਕਿ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਸਿੱਖੀ ਚਿੰਨ੍ਹ ਦਸਤਾਰ ਪਹਿਨਦੇ ਹਨ ਪਰ ਦੁਖਦਾਈ ਗੱਲ ਇਹ ਹੈ ਕਿ ਉਹ ਇਸ ਪੱਗ ਦੀ ਵਿਸ਼ਵ ਪੱਧਰ ‘ਤੇ ਪਛਾਣ ਸਪਸ਼ਟ ਕਰਨ ਵਿਚ ਨਾਕਾਮ ਸਾਬਤ ਹੋਏ ਹਨ। ਉਨ੍ਹਾਂ ਅਫਸੋਸ ਪ੍ਰਗਟਾਇਆ ਕਿ ਸਿੱਖ ਪੱਗ ਦੀ ਅਫਗਾਨਿਸਤਾਨ ਦੀ ਪੱਗੜੀ ਨਾਲ ਤੁਲਨਾ ਕੀਤੀ ਜਾਂਦੀ ਹੈ ਜਦੋਂਕਿ ਵਿਸ਼ਵ ਨੂੰ ਇਹ ਜਾਣਕਾਰੀ ਪਹੁੰਚਾਉਣ ਦੀ ਸਖਤ ਲੋੜ ਹੈ ਕਿ ਇਨ੍ਹਾਂ ਵਿਚ ਬਹੁਤ ਫਰਕ ਹੈ।
ਸ਼੍ਰੋਮਣੀ ਅਕਾਲੀ ਦਲ ਨੇ ਇਸ ਘਟਨਾ ਦੀ ਨਿਖੇਧੀ ਕਰਦਿਆਂ ਇਸ ਨੂੰ ਨਸਲੀ ਵਿਤਕਰੇ ਦੀ ਇਕ ਹੋਰ ਸ਼ਰਮਨਾਕ ਉਦਾਹਰਨ ਕਰਾਰ ਦਿੱਤਾ ਹੈ। ਪਾਰਟੀ ਨੇ ਪ੍ਰਧਾਨ ਮੰਤਰੀ ਡਾæ ਮਨਮੋਹਨ ਸਿੰਘ ਤੇ ਵਿਦੇਸ਼ ਮੰਤਰਾਲੇ ਨੂੰ ਅਪੀਲ ਕੀਤੀ ਹੈ ਕਿ ਉਹ ਇਹ ਮਾਮਲਾ ਬਰਤਾਨਵੀ ਸਰਕਾਰ ਕੋਲ ਉਚ ਪੱਧਰ ‘ਤੇ ਉਠਾਉਣ ਤਾਂ ਜੋ ਦੋਸ਼ੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲ ਸਕੇ। ਪਾਰਟੀ ਨੇ ਦੁਨੀਆਂ ਦੇ ਵੱਖ ਵੱਖ ਹਿੱਸਿਆਂ ਵਿਚ ਵਸੇ ਸਿੱਖ ਭਾਈਚਾਰੇ ਦੀ ਸੁਰੱਖਿਆ ਨੂੰ ਲੈ ਕੇ ਵੀ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ।

Be the first to comment

Leave a Reply

Your email address will not be published.