74 ਸਾਲਾਂ ਬਾਅਦ ਭਰਾਵਾਂ ਦਾ ਮਿਲਾਪ ਹੋਇਆ

ਅਟਾਰੀ: 1947 ਦੀ ਵੰਡ ਮਗਰੋਂ ਆਪਣੇ ਪਰਿਵਾਰ ਨਾਲੋਂ ਵਿੱਛੜ ਕੇ ਭਾਰਤ ਵਿਚ ਰਹਿ ਰਿਹਾ ਸਿੱਕਾ ਖਾਨ (ਹਬੀਬ) ਲਗਭਗ 74 ਸਾਲਾਂ ਬਾਅਦ ਆਪਣੇ ਵਿੱਛੜੇ ਭਰਾ ਨੂੰ ਮਿਲਣ ਲਈ ਪਾਕਿਸਤਾਨ ਪੁੱਜ ਗਿਆ ਹੈ।

ਰਵਾਨਾ ਹੋਣ ਤੋਂ ਪਹਿਲਾਂ ਸਿੱਕਾ ਖਾਨ ਨੇ ਦੱਸਿਆ ਕਿ ਉਸ ਨੂੰ ਇਕ ਯੂ-ਟਿਊਬ ਚੈਨਲ ਜਰੀਏ ਆਪਣੇ ਪਾਕਿਸਤਾਨ ਰਹਿੰਦੇ ਭਰਾ ਮੁਹੰਮਦ ਸਦੀਕ ਬਾਰੇ ਪਤਾ ਚੱਲਿਆ ਸੀ। ਫਿਰ ਉਹ ਕਰਤਾਰਪੁਰ ਲਾਂਘਾ ਖੁੱਲ੍ਹਣ ‘ਤੇ 10 ਜਨਵਰੀ ਨੂੰ ਪਿੰਡ ਦੇ ਕੁਝ ਲੋਕਾਂ ਨਾਲ ਕਰਤਾਰਪੁਰ ਸਾਹਿਬ ਦਰਸ਼ਨ ਕਰਨ ਗਿਆ ਜਿਥੇ 74 ਸਾਲਾਂ ਬਾਅਦ ਉਹ ਆਪਣੇ ਭਰਾ ਮੁਹੰਮਦ ਸਦੀਕ ਨੂੰ ਮਿਲਿਆ। ਸਿੱਕਾ ਖਾਨ ਨੇ ਦੱਸਿਆ ਕਿ ਇਸ ਮੁਲਾਕਾਤ ਤੋਂ ਬਾਅਦ ਪਾਕਿਸਤਾਨ ਵੱਲੋਂ ਉਸ ਨੂੰ ਵੀਜ਼ਾ ਦੇ ਦਿੱਤਾ ਗਿਆ। ਉਸ ਨੇ ਦੱਸਿਆ ਕਿ ਉਨ੍ਹਾਂ ਦਾ ਪਿੰਡ ਮੋਗਾ ਜ਼ਿਲ੍ਹੇ ਵਿਚ ਸੀ ਤੇ ਵੰਡ ਵੇਲੇ ਉਹ ਆਪਣੀ ਮਾਂ ਨਾਲ ਬਠਿੰਡਾ ਜ਼ਿਲ੍ਹੇ ਦੇ ਪਿੰਡ ਫੁੱਲਵਾਲਾ ਵਿਚ ਆਪਣੇ ਨਾਨਕੇ ਪਿੰਡ ਆਇਆ ਹੋਇਆ ਸੀ। ਵੰਡ ਦੌਰਾਨ ਹੋਈ ਕਤਲੋ-ਗਾਰਦ ਵਿਚ ਉਸ ਦੇ ਪਿਤਾ ਦੀ ਮੌਤ ਹੋ ਗਈ। ਉਸ ਦੀ ਮਾਂ ਪਰਿਵਾਰ ਦੇ ਵਿਛੋੜੇ ਦਾ ਦਰਦ ਨਾ ਸਹਾਰਦੀ ਹੋਈ ਆਪਣਾ ਮਾਨਸਿਕ ਸੰਤੁਲਨ ਗੁਆ ਬੈਠੀ ਸੀ ਅਤੇ ਉਸ ਨੇ ਖੁਦਕੁਸ਼ੀ ਕਰ ਲਈ ਸੀ। ਉਸ ਦਾ ਪਾਲਣ-ਪੋਸਣ ਉਸ ਦੇ ਮਾਮੇ ਤੇ ਪਿੰਡ ਵਾਸੀਆਂ ਨੇ ਕੀਤਾ। ਸਿੱਕਾ ਖਾਨ ਨੇ ਦੱਸਿਆ ਉਹ ਭਰਾ ਲਈ ਸੌਗਾਤਾਂ ਲੈ ਕੇ ਜਾ ਰਿਹਾ ਹੈ। ਉਸ ਨੂੰ ਰਵਾਨਾ ਕਰਨ ਲਈ ਪਿੰਡ ਦੇ ਲੋਕ ਉਸ ਨਾਲ ਅਟਾਰੀ ਸਰਹੱਦ ਦੇ ਬਾਹਰੀ ਗੇਟ ਤੱਕ ਪਹੁੰਚੇ ਹੋਏ ਸਨ।