ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ `ਚ ਬੇਨੇਮੀਆਂ ਖਿਲਾਫ ਮੋਰਚਾ

ਕਮੇਟੀ ਮੈਂਬਰਾਂ ਨੇ ਸੇਵਾਮੁਕਤ ਜੱਜਾਂ ਤੋਂ ਜਾਂਚ ਮੰਗੀ
ਚੰਡੀਗੜ੍ਹ: ਸ਼੍ਰੋਮਣੀ ਕਮੇਟੀ ਦੇ ਦਰਜਨ ਦੇ ਕਰੀਬ ਮੈਂਬਰਾਂ ਨੇ ਮੰਗ ਕੀਤੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ 3000 ਏਕੜ ਦੇ ਕਰੀਬ ਜ਼ਮੀਨ ਦੀ ਲੀਜ਼ ਤੋਂ ਹੋਣ ਵਾਲੀ ਕਮਾਈ ਵਿਚ ਕਥਿਤ ਘਪਲੇ ਦੀ ਜਾਂਚ ਹਾਈ ਕੋਰਟ ਦੇ ਸੇਵਾਮੁਕਤ ਜੱਜਾਂ ਤੋਂ ਕਰਵਾਈ ਜਾਵੇ।
ਸ਼੍ਰੋਮਣੀ ਕਮੇਟੀ ਮੈਂਬਰ ਮਾਸਟਰ ਮਿੱਠੂ ਸਿੰਘ ਕਾਹਨੇਕੇ ਤੇ ਹੋਰਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ 3000 ਏਕੜ ਦੇ ਕਰੀਬ ਜ਼ਮੀਨ ਲੀਜ਼ ‘ਤੇ ਦਿੱਤੀ ਹੋਈ ਹੈ ਅਤੇ ਇਸ ਸਾਲ ਇਸ ਤੋਂ ਸਿਰਫ 4.89 ਕਰੋੜ ਰੁਪਏ ਦੀ ਹੀ ਆਮਦਨ ਹੋਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਸ਼੍ਰੋਮਣੀ ਕਮੇਟੀ ਦੇ ਭਾਈਵਾਲਾਂ ਨੇ ਕਥਿਤ ਤੌਰ ‘ਤੇ ਅਰਬਾਂ ਦੀ ਜਾਇਦਾਦ ਦੱਬੀ ਹੋਈ ਹੈ। ਉਨ੍ਹਾਂ ਕਿਹਾ ਕਿ ਵਿੱਤੀ ਵਰ੍ਹੇ 2022-23 ਲਈ 29 ਕਰੋੜ 70 ਲੱਖ ਰੁਪਏ ਦੇ ਘਾਟੇ ਵਾਲਾ ਬਜਟ 30 ਮਾਰਚ ਨੂੰ ਅੰਮ੍ਰਿਤਸਰ ਵਿਚ ਪੇਸ਼ ਕੀਤਾ ਜਾਣਾ ਹੈ।

ਇਹ ਬਜਟ ਸ਼੍ਰੋਮਣੀ ਗੁਰਦੁਆਰਾ ਐਕਟ 1925 ਤੇ ਪ੍ਰਬੰਧ ਸਕੀਮ ਐਕਟ ਅਨੁਸਾਰ ਤਿਆਰ ਨਹੀਂ ਕੀਤਾ ਗਿਆ। ਬਜਟ ਵਿਚ ਮਾਝਾ ਖੇਤਰ ਵਿਚਲੀ 2991 ਏਕੜ ਜ਼ਮੀਨ ਤੋਂ ਹੋਣ ਵਾਲੀ ਅਸਲ ਕਮਾਈ ਦਾ ਅਨੁਮਾਨ 4.89 ਕਰੋੜ ਰੁਪਏ ਲਾਇਆ ਗਿਆ ਹੈ ਜੋ ਕਿ ਬਹੁਤ ਘੱਟ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਤੇਜਾਕਲਾਂ ਪਿੰਡ ਦੇ ਗੁਰਦੁਆਰਾ ਬਾਬਾ ਬੁੱਢਾ ਜੀ ਵਿਖੇ 1015 ਏਕੜ, ਗੁਰਦੁਆਰਾ ਬਾਬਾ ਬੁੱਢਾ ਜੀ, ਰਾਮਦਾਸਪੁਰਾ ‘ਚ 1300 ਏਕੜ ਅਤੇ ਗੁਰਦੁਆਰਾ ਡੇਰਾ ਬਾਬਾ ਨਾਨਕ ਵਿਖੇ 676 ਏਕੜ ਜਮੀਨ ਹੈ। ਇਸ ਜਮੀਨ ਦਾ ਔਸਤ ਠੇਕਾ 15 ਤੋਂ 16 ਹਜ਼ਾਰ ਰੁਪਏ ਪ੍ਰਤੀ ਏਕੜ ਹੈ ਜਦਕਿ ਮਾਲਵਾ ਖੇਤਰ ਵਿਚ ਸ਼੍ਰੋਮਣੀ ਕਮੇਟੀ ਦੀ ਜ਼ਮੀਨ ਦਾ ਠੇਕਾ 60 ਤੋਂ 65 ਹਜ਼ਾਰ ਰੁਪਏ ਪ੍ਰਤੀ ਏਕੜ ਹੈ। ਉਨ੍ਹਾਂ ਦੱਸਿਆ ਕਿ ਬਾਦਲਾਂ ਦੀ ਮਲਕੀਅਤ ਵਾਲੀ ਮੈਨੇਜਮੈਂਟ ਟਰੱਸਟ ਵੱਲੋਂ ਸ਼੍ਰੋਮਣੀ ਕਮੇਟੀ ਦੀ ਜ਼ਮੀਨ 99 ਸਾਲਾ ਲੀਜ਼ ਲਈ ਦਿੱਤੀ ਗਈ ਹੈ ਅਤੇ ਇੰਜੀਨੀਅਰਿੰਗ ਕਾਲਜ, ਮੈਡੀਕਲ ਕਾਲਜ ਤੇ ਹੋਰ ਸੰਸਥਾਵਾਂ ਸ਼੍ਰੋਮਣੀ ਕਮੇਟੀ ਦੀਆਂ ਕੀਮਤੀ ਜ਼ਮੀਨਾਂ ‘ਤੇ ਉੱਸਰੀਆਂ ਹੋਈਆਂ ਹਨ।
ਉਨ੍ਹਾਂ ਦੋਸ਼ ਲਾਇਆ ਕਿ ਟਰੱਸਟ ਦੇ ਪ੍ਰਬੰਧਨ ਵਾਲੇ ਵਿੱਦਿਅਕ ਅਦਾਰੇ ਸ਼੍ਰੋਮਣੀ ਕਮੇਟੀ ਵੱਲੋਂ ਕਰੋੜਾਂ ਰੁਪਏ ਖਰਚ ਕਰਕੇ ਸਥਾਪਤ ਕੀਤੇ ਗਏ ਹਨ ਪਰ ਹੁਣ ਪ੍ਰਾਈਵੇਟ ਭਾਈਵਾਲ ਇਨ੍ਹਾਂ ਦੇ ਅਸਲ ਮਾਲਕ ਬਣ ਕੇ ਬੈਠ ਗਏ ਹਨ। ਇਨ੍ਹਾਂ ਦੀਆਂ ਟਰੱਸਟਾਂ ਦੇ ਮੈਂਬਰਾਂ ਵਿਚ ਬਾਦਲ ਪਰਿਵਾਰ ਦੇ ਰਿਸ਼ਤੇਦਾਰਾਂ ਤੋਂ ਇਲਾਵਾ ਉਨ੍ਹਾਂ ਦੇ ਨੇੜਲੇ ਸਿਆਸੀ ਆਗੂ ਹਨ। ਫਰਜ਼ੀ ਤੇ ਗੈਰ-ਅੰਮ੍ਰਿਤਧਾਰੀ ਵਿਅਕਤੀ ਟਰੱਸਟ ਮੈਨੇਜਮੈਂਟ ਦੇ ਮੈਂਬਰ ਬਣ ਗਏ ਹਨ। ਇਨ੍ਹਾਂ ਵਿੱਦਿਅਕ ਅਦਾਰਿਆਂ ਦੀਆਂ ਟਰੱਸਟ ਮੈਨੇਜਮੈਂਟਾਂ ਆਪਣੇ ਮੁਲਾਜ਼ਮਾਂ ਦੀਆਂ ਤਨਖਾਹਾਂ ਤੇ ਹੋਰ ਖਰਚਿਆਂ ਲਈ ਫੰਡ ਹਰ ਸਾਲ ਸ਼੍ਰੋਮਣੀ ਕਮੇਟੀ ਤੋਂ ਲੈਂਦੀਆਂ ਹਨ।
ਸ਼੍ਰੋਮਣੀ ਕਮੇਟੀ ਦੇ ਕਾਰਜਕਾਰੀ ਮੈਂਬਰ ਗੁਰਪ੍ਰੀਤ ਸਿੰਘ ਰੰਧਾਵਾ ਨੇ ਕਿਹਾ ਕਿ ਐਸ.ਜੀ.ਪੀ.ਸੀ. ਵੱਲੋਂ ਆਪਣੇ ਸਿੱਧੇ ਪ੍ਰਬੰਧਨ ਹੇਠਲੇ ਗੁਰਦੁਆਰਿਆਂ ਤੋਂ ਲਗਾਤਾਰ ਫੰਡ ਕਢਵਾਏ ਜਾ ਰਹੇ ਹਨ ਜੋ ਕਿ ਕਾਨੂੰਨ ਦੀ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਦੇ ਗਲਿਆਰੇ ਦੀ ਯੋਜਨਾ ਦੌਰਾਨ ਕਰੋੜਾਂ ਰੁਪਏ ਦਾ ਘਪਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਲੰਗਰ ਦੀ ਰਸਦ ਵਿਚ ਵੀ ਭ੍ਰਿਸ਼ਟਾਚਾਰ ਕੀਤਾ ਜਾ ਰਿਹਾ ਹੈ ਤੇ ਸਥਾਨਕ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਆਪਣੀ ਆਮਦਨ ਸਿੱਧੀ ਬੈਂਕ ਖਾਤਿਆਂ ‘ਚ ਨਹੀਂ ਪਾ ਰਹੀਆਂ। ਉਨ੍ਹਾਂ ਕਿਹਾ ਕਿ ਉਹ ਗੁਰਦੁਆਰਾ ਅੰਬ ਸਾਹਿਬ ਤੇ ਗੁਰਦੁਆਰਾ ਫਤਹਿਗੜ੍ਹ ਸਾਹਿਬ ਦੀਆਂ ਜ਼ਮੀਨਾਂ ਸਬੰਧੀ ਮਸਲੇ ਕਈ ਸਾਲਾਂ ਤੋਂ ਚੁੱਕ ਰਹੇ ਹਨ। ਇਨ੍ਹਾਂ ਮੈਂਬਰਾਂ ਸ਼੍ਰੋਮਣੀ ਕਮੇਟੀ ਦੀ ਅੰਤਰਿਮ ਕਮੇਟੀ ਤੇ ਪ੍ਰਧਾਨ ਤੋਂ ਮੰਗ ਕੀਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ‘ਚ ਫੈਲੇ ਭ੍ਰਿਸ਼ਟਾਚਾਰ ਦੀ ਜਾਂਚ ਹਾਈ ਕੋਰਟ ਦੇ ਸੇਵਾਮੁਕਤ ਜੱਜਾਂ ਤੋਂ ਕਰਵਾਈ ਜਾਵੇ ਤਾਂ ਜੋ ਸਚਾਈ ਸਾਹਮਣੇ ਆ ਸਕੇ।
ਸ਼੍ਰੋਮਣੀ ਕਮੇਟੀ ਨੂੰ ਬਾਦਲਾਂ ਦੇ ਚੁੰਗਲ `ਚੋਂ ਕੱਢਾਂਗੇ: ਢੀਂਡਸਾ
ਸ੍ਰੀ ਅਨੰਦਪੁਰ ਸਾਹਿਬ: ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਾਦਲਾਂ ਦੇ ਚੁੰਗਲ ਵਿਚੋਂ ਕੱਢਣ ਲਈ ਪੰਥਕ ਸੋਚ ਰੱਖਣ ਵਾਲੇ ਸਾਰੇ ਗਰੁੱਪਾਂ ਨੂੰ ਇਕੱਠਿਆਂ ਕਰਕੇ ਸ਼੍ਰੋਮਣੀ ਕਮੇਟੀ ਚੋਣਾਂ ਲੜਾਂਗੇ। ਢੀਂਡਸਾ ਨੇ ਕਿਹਾ ਕਿ ਬਾਦਲ ਪਰਿਵਾਰ ਨੇ ਜਿਥੇ ਸ਼੍ਰੋਮਣੀ ਅਕਾਲੀ ਦਲ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ, ਉਥੇ ਹੀ ਸ਼੍ਰੋਮਣੀ ਕਮੇਟੀ ਨੂੰ ਵੀ ਆਪਣੀ ਨਿੱਜੀ ਜਗੀਰ ਬਣਾ ਕੇ ਰੱਖਿਆ ਹੋਇਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਸਾਬਕਾ ਵਿਧਾਇਕਾਂ ਨੂੰ ਸਿਰਫ ਇਕ ਪੈਨਸ਼ਨ ਦੇਣ ਦੇ ਕੀਤੇ ਫੈਸਲੇ ਦਾ ਸੁਖਦੇਵ ਸਿੰਘ ਢੀਂਡਸਾ ਨੇ ਸਮਰਥਨ ਕਰਦਿਆਂ ਇਸ ਨੂੰ ਸ਼ਲਾਘਾਯੋਗ ਦੱਸਿਆ।