ਪੰਜਾਬ ਸਰਕਾਰ ਵੱਲੋਂ ਕਣਕ ਦੀ ਖਰੀਦ ਲਈ ਨੀਤੀ ਜਾਰੀ

ਚੰਡੀਗੜ੍ਹ: ਪੰਜਾਬ ਸਰਕਾਰ ਨੇ ਵਰ੍ਹਾ 2022-23 ਲਈ ਕਣਕ ਦੀ ਖਰੀਦ ਨੀਤੀ ਜਾਰੀ ਕਰ ਦਿੱਤੀ ਹੈ, ਜਿਸ ਅਨੁਸਾਰ ਭਾਰਤੀ ਖੁਰਾਕ ਨਿਗਮ ਐਤਕੀਂ ਪੰਜਾਬ ‘ਚੋਂ 12.60 ਫੀਸਦੀ ਕਣਕ ਖਰੀਦੇਗਾ। ਪਿਛਲੇ ਵਰ੍ਹਿਆਂ ‘ਚ ਭਾਰਤੀ ਖੁਰਾਕ ਨਿਗਮ ਵੱਲੋਂ ਨਾਮਾਤਾਰ ਖਰੀਦ ਕੀਤੀ ਜਾਂਦੀ ਰਹੀ ਹੈ। ਕੌਮਾਂਤਰੀ ਬਾਜ਼ਾਰ ‘ਚ ਕਣਕ ਦੀ ਵਧੀ ਮੰਗ ਦੇ ਮੱਦੇਨਜ਼ਰ ਭਾਰਤੀ ਖੁਰਾਕ ਨਿਗਮ ਨੇ ਖਰੀਦ ਟੀਚਾ ਵਧਾ ਦਿੱਤਾ ਹੈ ਤਾਂ ਜੋ ਦੂਜੇ ਸੂਬਿਆਂ ਦੀਆਂ ਅਨਾਜ ਲੋੜਾਂ ਦੀ ਪੂਰਤੀ ਵੀ ਹੋ ਸਕੇ। ਪੰਜਾਬ ਸਰਕਾਰ ਨੇ ਇਸ ਪਾਲਿਸੀ ਤਹਿਤ 132 ਲੱਖ ਮੀਟਰਿਕ ਟਨ ਕਣਕ ਦੀ ਖਰੀਦ ਦਾ ਟੀਚਾ ਤੈਅ ਕੀਤਾ ਹੈ।

ਖੁਰਾਕ ਸਿਵਲ ਸਪਲਾਈਜ ਅਤੇ ਖਪਤਕਾਰ ਮਾਮਲੇ ਵਿਭਾਗ ਵੱਲੋਂ ਜਾਰੀ ਪਾਲਿਸੀ ਅਨੁਸਾਰ ਸੂਬਾਈ ਖਰੀਦ ਏਜੰਸੀਆਂ ‘ਚੋਂ ਸਭ ਤੋਂ ਵੱਧ ਪਨਗਰੇਨ 25.50 ਫੀਸਦੀ ਕਣਕ ਖ਼ਰੀਦ ਕਰੇਗੀ ਜਦੋਂ ਕਿ ਮਾਰਕਫੈੱਡ ਨੇ 24 ਫੀਸਦੀ ਕਣਕ ਦੀ ਖਰੀਦ ਕਰਨੀ ਹੈ। ਇਸੇ ਤਰ੍ਹਾਂ ਪਨਸਪ 23.50 ਫੀਸਦੀ ਅਤੇ ਵੇਅਰਹਾਊਸ 14.40 ਫੀਸਦੀ ਕਣਕ ਦੀ ਖਰੀਦ ਕਰੇਗਾ। ਇਹ ਪਹਿਲੀ ਵਾਰ ਹੋਵੇਗਾ ਕਿ ਕਾਰਪੋਰੇਟ ਅਤੇ ਵਪਾਰੀ ਤਬਕਾ ਕਿਸਾਨਾਂ ਨਾਲ ਕਣਕ ਦੇ ਅਗਾਊਂ ਸੌਦੇ ਕਰ ਰਿਹਾ ਹੈ। ਇਸ ਵਾਰ ਵਪਾਰੀ ਤਬਕਾ ਵੀ ਕਣਕ ਦੀ ਜ਼ਿਆਦਾ ਖਰੀਦ ਕਰੇਗਾ।
ਇਸੇ ਦੌਰਾਨ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕਣਕ ਦਾ ਖਰੀਦ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਨਕਦ ਕਰਜ਼ਾ ਹੱਦ (ਸੀ.ਸੀ.ਐੱਲ.) ਪ੍ਰਾਪਤ ਕਰਨ ਲਈ ਕੀਤੇ ਗਏ ਠੋਸ ਯਤਨਾਂ ਸਦਕਾ ਭਾਰਤੀ ਰਿਜ਼ਰਵ ਬੈਂਕ ਨੇ ਹਾੜ੍ਹੀ ਦੇ ਖਰੀਦ ਸੀਜ਼ਨ ਦੌਰਾਨ ਪੰਜਾਬ ਵਿਚ ਕਣਕ ਖਰੀਦਣ ਲਈ ਅਪਰੈਲ-2022 ਦੇ ਅਖੀਰ ਤੱਕ 24,773.11 ਕਰੋੜ ਰੁਪਏ ਦੀ ਨਕਦ ਕਰਜ਼ਾ ਹੱਦ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਮੇਂ ਸਿਰ ਸੀ.ਸੀ.ਐਲ. ਜਾਰੀ ਕਰਨ ਲਈ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ ਹੈ। ਸੂਬਾ ਸਰਕਾਰ ਵੱਲੋਂ ਇਸ ਸੀਜ਼ਨ ਲਈ 132 ਲੱਖ ਟਨ ਕਣਕ ਦੀ ਖਰੀਦ ਲਈ ਮੰਗੀ ਗਈ ਸੀ.ਸੀ.ਐਲ. ਦਾ ਵੱਡਾ ਹਿੱਸਾ ਕੇਂਦਰੀ ਬੈਂਕ ਨੇ ਜਾਰੀ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਹਾੜ੍ਹੀ ਦੇ ਮੌਜੂਦਾ ਖਰੀਦ ਸੀਜ਼ਨ ਦੌਰਾਨ ਕਣਕ ਦੀ ਖਰੀਦ ਪਹਿਲੀ ਅਪਰੈਲ ਤੋਂ ਸ਼ੁਰੂ ਹੋ ਕੇ 31 ਮਈ ਤੱਕ ਖਤਮ ਹੋਵੇਗੀ।