ਆਸਕਰਜ਼: ਵਿੱਲ ਸਮਿੱਥ ਨੂੰ ‘ਸਰਬੋਤਮ ਅਦਾਕਾਰ` ਦਾ ਐਵਾਰਡ

ਲਾਸ ਏਂਜਲਸ: ਇਥੇ ਹੋਏ ਆਸਕਰਜ਼ ਐਵਾਰਡ ਸਮਾਗਮ ਵਿਚ ਫਿਲਮ ‘ਕੋਡਾ` ਨੂੰ ‘ਸਰਬੋਤਮ ਫਿਲਮ` ਜਦਕਿ ਵਿੱਲ ਸਮਿੱਥ ਨੂੰ ਫਿਲਮ ‘ਕਿੰਗ ਰਿਚਰਡ` ਲਈ ‘ਸਰਬੋਤਮ ਅਦਾਕਾਰ` ਦਾ ਪੁਰਸਕਾਰ ਦਿੱਤਾ ਗਿਆ। ਇਸੇ ਸਮਾਗਮ ਦੌਰਾਨ ਆਪਣੀ ਪਤਨੀ ਬਾਰੇ ਸਟੇਜ ਤੋਂ ਮਜ਼ਾਕ ਕੀਤੇ ਜਾਣ ਤੋਂ ਖਫ਼ਾ ਹੋਏ ਵਿੱਲ ਸਮਿੱਥ ਨੇ ਅਦਾਕਾਰ ਕ੍ਰਿਸ ਰੌਕ ਦੇ ਥੱਪੜ ਮਾਰ ਦਿੱਤਾ।

ਡੈਨਿਸ ਵਿਲੇਨੇਊਵ ਦੀ ਫਿਲਮ ‘ਡਿਊਨ` ਨੇ ਤਕਨੀਕੀ ਸ਼੍ਰੇਣੀਆਂ ਵਿਚ ਛੇ ਐਵਾਰਡ ਜਿੱਤੇ। ਇਸੇ ਤਰ੍ਹਾਂ ਫਿਲਮ ‘ਕੋਡਾ` ਨੂੰ ‘ਸਰਬੋਤਮ ਫਿਲਮ` ਸਮੇਤ ਤਿੰਨ ਅਕੈਡਮੀ ਐਵਾਰਡ ਮਿਲੇ। ਇਨ੍ਹਾਂ `ਚੋਂ ‘ਅਡੈਪਟਡ ਸਕਰੀਨਪਲੇਅ` ਲਈ ਨਿਰਦੇਸ਼ਕ ਸਿਆਨ ਹੈਡਰ ਅਤੇ ‘ਸਹਾਇਕ ਅਦਾਕਾਰ` ਲਈ ਟ੍ਰੌਏ ਕੋਟਸੁਰ ਨੂੰ ਐਵਾਰਡ ਮਿਲਿਆ। ਜੇਨ ਕੈਂਪੀਅਨ ਨੇ ‘ਦਿ ਪਾਵਰ ਆਫ ਦਿ ਡੌਗ` ਲਈ ‘ਸਰਬੋਤਮ ਨਿਰਦੇਸ਼ਕ` ਦਾ ਐਵਾਰਡ ਜਿੱਤਿਆ। ਉਹ ਪਹਿਲੀ ਔਰਤ ਹੈ ਜਿਸ ਨੂੰ ਸ਼੍ਰੇਣੀ ਵਿਚ ਦੋ ਵਾਰ ਨਾਮਜ਼ਦ ਕੀਤਾ ਗਿਆ ਸੀ। ਇਸੇ ਤਰ੍ਹਾਂ ਉਹ ਇਸ ਸ਼੍ਰੇਣੀ ਵਿਚ ਐਵਾਰਡ ਜਿੱਤਣ ਵਾਲੀ ਤੀਸਰੀ ਔਰਤ ਬਣ ਗਈ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ ‘ਨੋਮੈਡਲੈਂਡ` ਲਈ ਕਲੋਏ ਜਾਓ ਅਤੇ 2010 ਵਿਚ ‘ਹਰਟ ਲੌਕਰ` ਲਈ ਕੈਥਰੀਨ ਬਿਗੇਲੋ ਨੇ ਇਹ ਐਵਾਰਡ ਜਿੱਤਿਆ ਸੀ। ਇਸ ਤੋਂ ਇਲਾਵਾ ਜਾਪਾਨੀ ਡਰਾਮਾ ‘ਡਰਾਈਵ ਮਾਈ ਕਾਰ` ਨੂੰ ‘ਸਰਬੋਤਮ ਅੰਤਰਰਾਸ਼ਟਰੀ ਫਿਲਮ`, ‘ਬੇਲਫਾਸਟ` ਲਈ ਕੇਨੈਥ ਨੂੰ ‘ਮੂਲ ਸਕਰੀਨਪਲੇਅ` ਲਈ ਐਵਾਰਡ ਮਿਲਿਆ। ਜੈਸਿਕਾ ਚੈਸਟੇਨ ਨੇ ‘ਦਿ ਆਈਜ ਆਫ ਟੈਮੀ ਫੇ` ਲਈ ‘ਸਰਬੋਤਮ ਅਦਾਕਾਰਾ` ਦਾ ਐਵਾਰਡ ਜਿੱਤਿਆ ਅਤੇ ‘ਸਰਬੋਤਮ ਅਦਾਕਾਰ` ਦਾ ਖਿਤਾਬ ‘ਕਿੰਗ ਰਿਚਰਡ` ਲਈ ਵਿੱਲ ਸਮਿੱਥ ਨੂੰ ਦਿੱਤਾ ਗਿਆ।