ਵੱਡੇ ਥੰਮ੍ਹ ਡੇਗਣ ਵਾਲਿਆਂ ਦੀ ਲੱਗ ਸਕਦੀ ਹੈ ਲਾਟਰੀ

ਚੰਡੀਗੜ੍ਹ: ਪੰਜਾਬ ਵਿਚ ਤੀਜੀ ਧਿਰ ਵਜੋਂ ਉੱਭਰ ਕੇ ਇਤਿਹਾਸ ਸਿਰਜਣ ਵਾਲੀ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੀ ਨਵੀਂ ਵਜ਼ਾਰਤ ਨੂੰ ਪੂਰਾ ਕਰਨ ਲਈ ਫਿਰ ਮੰਥਨ ਸ਼ੁਰੂ ਹੋ ਗਿਆ ਹੈ, ਜਿਸ ਲਈ ਪੰਜਾਬ ਦੇ ਵੱਡੇ ਸਿਆਸੀ ਥੰਮ੍ਹਾਂ ਨੂੰ ਡੇਗਣ ਵਾਲੇ ਨੌਜਵਾਨ ਚਿਹਰਿਆਂ ਵਿਚ ਨਵਾਂ ਉਤਸ਼ਾਹ ਤੇ ਜੋਸ਼ ਦਿਖਾਈ ਦੇ ਰਿਹਾ ਹੈ ਤੇ ਚੋਣਾਂ ‘ਚ ਦਿਖਾਈ ਕਾਰਗੁਜ਼ਾਰੀ ਲਈ ਉਨ੍ਹਾਂ ਦੀ ਲਾਟਰੀ ਲੱਗ ਸਕਦੀ ਹੈ। ਇਸ ਦੇ ਨਾਲ ਹੀ ਪਾਰਟੀ ਦੀ ਟਿਕਟ ‘ਤੇ ਦੂਜੀ ਵਾਰ ਚੋਣ ਲੜ ਕੇ ਜੇਤੂ ਰਹੇ ਵਿਧਾਇਕਾਂ ਨੇ ਵੀ ਆਸ ਰੱਖੀ ਹੋਈ ਹੈ।

‘ਆਪ` ਨੇ ਪੰਜਾਬ ਦੀ ਨਵੀਂ ਵਜ਼ਾਰਤ ਦੇ 10 ਮੰਤਰੀਆਂ ਨੂੰ 19 ਮਾਰਚ ਨੂੰ ਹਲਫ਼ ਦਿਵਾ ਦਿੱਤੀ ਸੀ, ਜਿਸ ਵਿਚ ਸਿਰਫ਼ ਦੋ ਪੁਰਾਣੇ ਚਿਹਰੇ ਹਨ ਜਦੋਂਕਿ ਅੱਠ ਨਵੇਂ ਚਿਹਰਿਆਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਵਿਭਾਗਾਂ ਦੀ ਵੰਡ ਸਮੇਂ ਵੀ ਵਜ਼ਾਰਤ ਦੇ 10 ਮੰਤਰੀਆਂ ਨੂੂੰ ਉਨ੍ਹਾਂ ਦੇ ਕੰਮਕਾਜ ਦੇ ਪਿਛੋਕੜ ਨੂੰ ਵੇਖਦਿਆਂ ਹੀ ਵਿਭਾਗਾਂ ਦੀ ਵੰਡ ਕੀਤੀ ਗਈ ਹੈ। ਹਾਲਾਂਕਿ ਪਾਰਟੀ ਵੱਲੋਂ ਦੂਜੀ ਵਾਰ ਚੋਣ ਜਿੱਤਣ ਵਾਲੇ ਅਤੇ ਵੱਡੇ ਸਿਆਸੀ ਥੰਮ੍ਹਾਂ ਨੂੰ ਡੇਗਣ ਵਾਲਿਆਂ ਨੂੰ ਵਜ਼ਾਰਤ ਵਿਚ ਕੋਈ ਥਾਂ ਨਹੀਂ ਮਿਲੀ ਹੈ। ਇਸ ਨਾਲ ਪੰਜਾਬੀਆਂ ਵਿਚ ਪਾਰਟੀ ਦੇ ਫ਼ੈਸਲੇ ਬਾਰੇ ਕਈ ਤਰ੍ਹਾਂ ਦੇ ਸਵਾਲ ਉੱਠੇ ਸਨ। ਹੁਣ ‘ਆਪ` ਪੰਜਾਬ ਦੀ ਨਵੀਂ ਵਜ਼ਾਰਤ ਦੇ ਰਹਿੰਦੇ ਸੱਤ ਚਿਹਰਿਆਂ ਦੀ ਚੋਣ ਕਰਨ ਸਮੇਂ ਗਲਤੀ ਦੀ ਸੰਭਾਵਨਾ ਛੱਡਣ ਤੋਂ ਗੁਰੇਜ਼ ਕਰ ਰਹੀ ਹੈ ਅਤੇ ਇਨ੍ਹਾਂ ਚਿਹਰਿਆਂ ਦੀ ਚੋਣ ਵਿਚ ਕੋਈ ਜਲਦਬਾਜੀ ਨਹੀਂ ਦਿਖਾਈ ਜਾ ਰਹੀ। ਪੰਜਾਬ ਕੈਬਨਿਟ ਦੇ 10 ਚਿਹਰਿਆਂ ਦੀ ਚੋਣ ਹੋਣ ਉਪਰੰਤ ਹੁਣ ਕਈ ਤਰ੍ਹਾਂ ਦੇ ਚਰਚੇ ਚੱਲ ਰਹੇ ਹਨ, ਜਿਸ ਕਰ ਕੇ ਪਾਰਟੀ ਹਾਈਕਮਾਨ ਕਈ ਪਹਿਲੂਆਂ ਦੇ ਆਧਾਰ `ਤੇ ਵਿਚਾਰ ਚਰਚਾ ਕਰ ਰਹੀ ਹੈ।
ਵਿਧਾਨ ਸਭਾ ਚੋਣਾਂ ਦੌਰਾਨ ਦੌਰਾਨ ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਨੂੰ 11,396 ਵੋਟਾਂ ਨਾਲ ਹਰਾਉਣ ਵਾਲੇ ਗੁਰਮੀਤ ਸਿੰਘ ਖੁੱਡੀਆਂ, ਕੈਪਟਨ ਅਮਰਿੰਦਰ ਸਿੰਘ ਨੂੰ 19,873 ਵੋਟਾਂ ਦੇ ਫਰਕ ਨਾਲ ਹਰਾਉਣ ਵਾਲੇ ਅਜੀਤ ਪਾਲ ਸਿੰਘ ਕੋਹਲੀ, ਚਰਨਜੀਤ ਸਿੰਘ ਚੰਨੀ ਨੂੰ ਭਦੌੜ ਤੋਂ 37,558 ਵੋਟਾਂ ਦੇ ਫਰਕ ਨਾਲ ਹਰਾਉਣ ਵਾਲੇ ਲਾਭ ਸਿੰਘ ਉੱਗੋਕੇ ਅਤੇ ਚਮਕੌਰ ਸਾਹਿਬ ਤੋਂ ਸ੍ਰੀ ਚੰਨੀ ਨੂੰ 7,942 ਵੋਟਾਂ ਦੇ ਫਰਕ ਨਾਲ ਹਰਾਉਣ ਵਾਲੇ ਡਾ. ਚਰਨਜੀਤ ਸਿੰਘ ਨੂੰ ਵਜ਼ਾਰਤ ਦੀ ਪਹਿਲੀ ਸੂਚੀ ਵਿਚੋਂ ਬਾਹਰ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਅੰਮ੍ਰਿਤਸਰ (ਪੂੂਰਬੀ) ਤੋਂ ਨਵਜੋਤ ਸਿੰਘ ਸਿੱਧੂ ਅਤੇ ਬਿਕਰਮ ਸਿੰਘ ਮਜੀਠੀਆ ਨੂੰ 6,750 ਵੋਟਾਂ ਦੇ ਫਰਕ ਨਾਲ ਹਰਾਉਣ ਵਾਲੀ ਡਾ. ਜੀਵਨਜੋਤ ਕੌਰ, ਜਲਾਲਾਬਾਦ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਨੂੰ 30,930 ਵੋਟਾਂ ਦੇ ਫਰਕ ਨਾਲ ਮਾਤ ਦੇਣ ਵਾਲੇ ਜਗਦੀਪ ਸਿੰਘ ਗੋਲਡੀ ਕੰਬੋਜ ਵਰਗੇ ਵਿਧਾਇਕਾਂ ਨੂੰ ਵੀ ਕੈਬਨਿਟ ਵਿਚ ਕੋਈ ਥਾਂ ਨਹੀਂ ਮਿਲ ਸਕੀ ਹੈ।