ਮਾਨਸ ਤੋਂ ਦੇਵਤਾ: ਅਜੇ ਮੇਰੀ ਅਰਥੀ ਤਾਂ ਉੱਠੀ ਨਹੀਂ!

ਗੁਰਬਚਨ ਸਿੰਘ ਭੁੱਲਰ
(ਸੰਪਰਕ: +91-80763-63058)
ਬੇਮਕਾਨੇ ਕਾਰੋਬਾਰੀਆਂ ਅਤੇ ਮੁਲਾਜ਼ਮਾਂ ਦੀ ਰਿਹਾਇਸ਼ੀ ਲੋੜ ਸਦਕਾ, ਖਾਸ ਕਰਕੇ ਵੱਡੇ ਸ਼ਹਿਰਾਂ ਵਿਚ, ਅਨੇਕ ਮਕਾਨ-ਮਾਲਕਾਂ ਵਾਸਤੇ ਮਕਾਨ ਦਾ ਕਿਰਾਇਆ ਕਮਾਈ ਦਾ ਚੰਗਾ ਸਾਧਨ ਬਣਿਆ ਹੋਇਆ ਹੈ। ਮੈਂ ਆਪਣੇ ਆਲੇ-ਦੁਆਲੇ ਕਈ ਲੋਕ ਦੇਖਦਾ ਹਾਂ ਜੋ ਹੋਰ ਕਿਸੇ ਕਮਾਈ ਤੋਂ ਬਿਨਾਂ ਆਪਣੇ ਮਕਾਨ ਦੇ ਕਿਰਾਏ ਨਾਲ ਹੀ ਵਧੀਆ ਜੀਵਨ ਲੰਘਾ ਰਹੇ ਹਨ।

ਪਰ ਇਸ ਸੰਬੰਧ ਵਿਚ ਇਕ ਸਮੱਸਿਆ ਨੇ ਵੀ ਗੰਭੀਰ ਰੂਪ ਧਾਰਿਆ ਹੋਇਆ ਹੈ। ਕਈ ਕਿਰਾਏਦਾਰ ਚਿਰਾਂ ਮਗਰੋਂ ਵੀ ਪਹਿਲਾਂ ਕਿਰਾਇਆ ਵਧਾਉਣ ਤੋਂ ਇਨਕਾਰ ਕਰਦੇ ਹਨ, ਫੇਰ ਮਕਾਨ ਖਾਲੀ ਕਰਨੋਂ ਨਾਂਹ ਕਰ ਦਿੰਦੇ ਹਨ। ਗੱਲ ਕਚਹਿਰੀ ਪਹੁੰਚ ਜਾਂਦੀ ਹੈ ਤਾਂ ਉਹ ਆਖਦੇ ਹਨ, “ਹੁਣ ਤਾਂ ਅਦਾਲਤ ਹੀ ਫ਼ੈਸਲਾ ਕਰੇਗੀ” ਅਤੇ ਪਹਿਲਾਂ ਵਾਲਾ ਕਿਰਾਇਆ ਦੇਣਾ ਵੀ ਬੰਦ ਕਰ ਦਿੰਦੇ ਹਨ। ਅਦਾਲਤਾਂ ਵਿਚ ਮੁਕੱਦਮਾ-ਦਰ-ਮੁਕੱਦਮਾ ਅਤੇ ਅਪੀਲ-ਦਰ-ਅਪੀਲ ਗੱਲ ਸਾਲਾਂ ਤੇ ਦਹਾਕਿਆਂ ਤੱਕ ਲਟਕਦੀ ਰਹਿੰਦੀ ਹੈ। ਮਕਾਨ-ਮਾਲਕ ਕੁੜ੍ਹਦਾ ਰਹਿੰਦਾ ਹੈ ਤੇ ਕਿਰਾਏਦਾਰ ਉਹਦੀ ਛਾਤੀ ਉੱਤੇ ਡੰਡ-ਬੈਠਕਾਂ ਕੱਢਦਾ ਰਹਿੰਦਾ ਹੈ। ਇਸ ਕਰਕੇ ਮਕਾਨ-ਮਾਲਕ ਅਤੇ ਕਿਰਾਏਦਾਰ ਦੀ ਬੇਵਸਾਹੀ ਤੇ ਖਿੱਚੋਤਾਣ ਸ਼ਹਿਰੀ ਜੀਵਨ ਦੀ ਇਕ ਭਖਵੀਂ ਸਮੱਸਿਆ ਹੈ।
ਪੰਜਾਬੀ ਦੇ ਵੱਡੇ ਸਾਹਿਤਕਾਰ ਦੇਵਿੰਦਰ ਸਤਿਆਰਥੀ ਫ਼ਕੀਰ ਤੇ ਰਮਤੇ ਜੋਗੀ ਸਨ। ਪਿੱਛਾ ਉਨ੍ਹਾਂ ਦਾ ਸਾਡੇ ਨੇੜੇ ਦੇ ਪਿੰਡ ਭਦੌੜ ਦਾ ਸੀ। ਚਾਰੇ ਕੂਟਾਂ ਦਾ ਭਰਮਨ ਕਰ ਕੇ ਟਿਕਣ ਦੇ ਇਰਾਦੇ ਨਾਲ ਦਿੱਲੀ ਆਏ ਤਾਂ ਉਨ੍ਹਾਂ ਨਾਲੋਂ ਵੱਧ ਉਨ੍ਹਾਂ ਦੀ ਚਿੰਤਾ ਦੋਸਤਾਂ-ਮਿੱਤਰਾਂ ਨੂੰ ਹੋਈ। ਦਿੱਲੀ ਵਿਚ ਛੱਤ-ਵਿਹੂਣੇ ਹੋਣ ਨੂੰ ਵੱਡੀ ਮੁਸੀਬਤ ਸਮਝਦਿਆਂ ਕੁਛ ਸ਼ੁਭ-ਚਿੰਤਕਾਂ ਨੇ ਧੱਕ-ਧਕਾ ਕੇ ਸਤਿਆਰਥੀ ਨਾਂ ਦੇ ਆਜ਼ਾਦ ਪੰਛੀ ਨੂੰ ਭਾਰਤ ਸਰਕਾਰ ਦੇ ਹਿੰਦੀ ਰਸਾਲੇ ‘ਆਜਕਲ੍ਹ’ ਦਾ ਸੰਪਾਦਕ ਲੁਆ ਦਿੱਤਾ। ਜੇਬ ਤਾਂ ਖਾਸੀ ਸੌਖੀ ਹੋ ਗਈ ਪਰ ਨੌਕਰੀ ਦਾ ਸੰਗਲ ਭਾਰੀ ਵੀ ਲਗਦਾ ਤੇ ਚੁਭਦਾ ਵੀ।
ਦੋਸਤਾਂ ਨੇ ਸਮਝਾਇਆ, “ਜੇ ਤੁਸੀਂ ਇਕੱਲੇ ਹੁੰਦੇ, ਹੋਰ ਗੱਲ ਸੀ, ਜਿਥੇ ਮਰਜ਼ੀ ਆਵਾਰਾਗਰਦੀ ਕਰਦੇ ਫਿਰਦੇ। ਹੁਣ ਪਤਨੀ ਹੈ, ਬੱਚੀਆਂ ਹਨ। ਘੱਟੋ-ਘੱਟ ਇਨ੍ਹਾਂ ਦੇ ਸਿਰ ਉੱਤੇ ਤਾਂ ਛੱਤ ਹੋਵੇ! ਪਹਿਲਾਂ ਇਨ੍ਹਾਂ ਵਾਸਤੇ ਸਿਰ ਦੀ ਛੱਤ ਦਾ ਪ੍ਰਬੰਧ ਕਰ ਲਵੋ, ਨੌਕਰੀ ਦੇ ਪਿੰਜਰੇ ਵਿਚੋਂ ਨਿਕਲ ਕੇ ਖੁੱਲ੍ਹੀਆਂ ਉਡਾਰੀਆਂ ਲਾਉਣ ਬਾਰੇ ਫੇਰ ਸੋਚਣਾ!”
ਦਲੀਲ ਸਤਿਆਰਥੀ ਜੀ ਨੂੰ ਵੀ ਜਚ ਗਈ। ਲੋਕਮਾਤਾ ਨੂੰ ਛੋਟਾ-ਮੋਟਾ ਮਕਾਨ ਬਣਾ ਦੇਈਏ, ਇਹ ਨੌਕਰੀ ਦਾ ਕੁਛ ਸਮੇਂ ਦਾ ਸੰਗਲ ਉਮਰ ਭਰ ਦੀ ਆਜ਼ਾਦੀ ਦੇ ਸਕਦਾ ਹੈ। ਉਨ੍ਹਾਂ ਨੇ ਪਿੰਜਰੇ ਵਿਚ ਖੰਭ ਫੜਫੜਾਉਣੇ ਛੱਡ ਦਿੱਤੇ। ਔਖੇ-ਸੌਖੇ ਸੰਪਾਦਕੀ ਕਾਰਜ ਨਿਭਾਉਣ ਲੱਗੇ। ਕਰੋਲਬਾਗ਼ ਵਿਚ ਰੋਹਤਕ ਰੋਡ ਦੇ ਨਾਲ਼ ਦੀ ਗਲੀ ਵਿਚ ਪਲਾਟ ਲੈ ਕੇ ਇਕ-ਮੰਜ਼ਲਾ ਮਕਾਨ ਛੱਤਿਆ ਤੇ ਟਿਕਣ ਦਾ ਪ੍ਰਬੰਧ ਕਰ ਲਿਆ। ਨੌਕਰੀ ਦਾ ਸੰਗਲ ਸੀ ਤਾਂ ਚਾਂਦੀ ਦਾ ਪਰ ਘਰ ਬਣੇ ਤੋਂ ਫੇਰ ਚੁਭਣ ਲੱਗਿਆ। ਉਹ ਆਪ ਹੈਰਾਨ ਹੁੰਦੇ, ਮੈਂ ਕੁਰਸੀ ਨਾਲ਼ ਬੱਝ ਕੇ ਅੱਠ ਸਾਲ ਕਿਵੇਂ ਬਿਤਾ ਗਿਆ! ਦੋਸਤਾਂ ਦੇ ਵਰਜਦਿਆਂ ਦੁਰਲੱਭ ਸਾਹਿਤਕ ਨੌਕਰੀ ਦਾ ਸੰਗਲ ਲਾਹ ਸੁੱਟਿਆ, ਅੰਬੇ ਹੋਏ ਗਿੱਟਿਆਂ ਦੀ ਮਾਲਸ਼ ਕੀਤੀ ਤੇ ਫੇਰ ਸਾਹਿਤਕ ਰਾਹਾਂ ਦੇ ਆਵਾਰਾ ਪਾਂਧੀ ਹੋ ਗਏ।
ਬੱਚੀਆਂ ਵਿਆਹੀਆਂ ਗਈਆਂ ਤਾਂ ਸੋਚਿਆ, ਮੈਨੂੰ ਤੇ ਲੋਕਮਾਤਾ ਨੂੰ ਤਾਂ ਇਕ ਕਮਰਾ ਬਹੁਤ ਹੈ, ਕਿਉਂ ਨਾ ਦੂਜਾ ਕਮਰਾ ਕਿਰਾਏ ਚਾੜ੍ਹ ਕੇ ਰੇਡੀਓ, ਕਵੀ ਦਰਬਾਰਾਂ ਤੇ ਰਸਾਲਿਆਂ-ਪੁਸਤਕਾਂ ਤੋਂ ਆਉਂਦੇ ਟੁੱਟਵੇਂ ਪੈਸਿਆਂ ਦੀ ਝਾਕ ਦੇ ਬੰਧਨ ਤੋਂ ਵੀ ਮੁਕਤ ਹੋ ਜਾਈਏ। ਇਉਂ ਮਕਾਨ ਵਿਚ ਪੂਰਨ ਸਿੰਘ ਨਾਂ ਦੇ ਕਿਰਾਏਦਾਰ ਦਾ ਦਾਖ਼ਲਾ ਹੋਇਆ।
ਸਤਿਆਰਥੀ ਜੀ ਦੇ ਖੁੱਲ੍ਹੇ-ਖੁਲਾਸੇ ਦਾਤੇ ਸੁਭਾਅ ਦਾ ਮੈਨੂੰ ਸਿੱਧਾ ਅਨੁਭਵ ਹੋ ਚੁਕਿਆ ਸੀ। ਉਨ੍ਹਾਂ ਤੋਂ ਕੋਈ ਜੇ ਜਾਨ ਵੀ ਮੰਗਦਾ, ਉਨ੍ਹਾਂ ਨੇ ਯਕੀਨਨ ਆਖਣਾ ਸੀ, “ਲੈ ਭਾਈ ਸਾਡੀ ਜਾਨ ਤੂੰ ਲੈ-ਲੈ, ਅਸੀਂ ਬਿਨਾਂ ਜਾਨ ਤੋਂ ਹੀ ਡੰਗ ਸਾਰ ਲਵਾਂਗੇ!” ਇਕ ਵਾਰ ਮੈਨੂੰ ਇਕ ਮਿੱਤਰ ਦੀ ਚਿੱਠੀ ਆਈ ਕਿ ਉਸ ਵਲੋਂ ਸੰਪਾਦ ਕੀਤੇ ਜਾ ਰਹੇ ਕਹਾਣੀ-ਸੰਗ੍ਰਹਿ ਲਈ ਸਤਿਆਰਥੀ ਜੀ ਦੀ ਇਕ ਕਹਾਣੀ ਦੀ ਆਗਿਆ ਲੈ ਦੇਵਾਂ। ਸਬੱਬ ਨਾਲ ਕਈ ਦਿਨ ਮੁਲਾਕਾਤ ਨਾ ਹੋ ਸਕੀ ਤਾਂ ਭਾਪਾ ਪ੍ਰੀਤਮ ਸਿੰਘ ਜੀ ਨਵਯੁਗ ਵਾਲ਼ਿਆਂ ਨੂੰ ਕਿਹਾ ਕਿ ਸਤਿਆਰਥੀ ਜੀ ਜਦੋਂ ਵੀ ਆਉਣ, ਮੈਨੂੰ ਫੋਨ ਜ਼ਰੂਰ ਕਰਨ। ਭਾਪਾ ਜੀ ਨੇ ਫੋਨ ਕਰਵਾਇਆ ਤਾਂ ਮੈਂ ਬੇਨਤੀ ਦੁਹਰਾਈ। ਦੋ ਕੁ ਦਿਨਾਂ ਮਗਰੋਂ ਭਾਪਾ ਜੀ ਦਾ ਦਸਤਖ਼ਤ ਕਰ ਕੇ ਪੁਸ਼ਟ ਕੀਤਾ ਹੋਇਆ ਸਤਿਆਰਥੀ ਜੀ ਦਾ ਆਮ-ਮੁਖ਼ਤਿਆਰਨਾਮਾ ਮੈਨੂੰ ਪੁਜਿਆ: “ਪਿਆਰੇ ਭੁੱਲਰ! ਮੇਰੀ ਕੋਈ ਵੀ ਰਚਨਾ (ਸਣੇ ਕਹਾਣੀ) ਤੁਸੀਂ ਕਿਤੇ ਵੀ ਤੇ ਜਦੋਂ ਵੀ ਚਾਹੋ, ਵਰਤ ਸਕਦੇ ਹੋ। ਸਗੋਂ ਮੈਨੂੰ ਵੀ ਜਿਥੇ ਚਾਹੋ, ਗਹਿਣੇ ਰਖ ਸਕਦੇ ਹੋ (ਜੇਕਰ ਕੁਝ ਮਿਲ ਸਕਦਾ ਹੋਵੇ!) ਆਪ ਜੀ ਦਾ, ਦੇਵਿੰਦਰ ਸਤਿਆਰਥੀ2421989।”
ਪਰ ਜੋ ਕੁਛ ਮੈਂ ਕਿਰਾਏਦਾਰ ਪੂਰਨ ਸਿੰਘ ਨਾਲ ਸਤਿਆਰਥੀ ਜੀ ਦੇ ਰਿਸ਼ਤੇ ਬਾਰੇ ਦੇਖਿਆ-ਸੁਣਿਆ, ਉਹ ਕੇਵਲ ਉਹੋ ਹੀ ਕਰ ਸਕਦੇ ਸਨ। ਪੂਰਨ ਸਿੰਘ ਨਾਲ ਕਿਰਾਇਆ ਵਗ਼ੈਰਾ ਤੈਅ ਹੋ ਗਿਆ। ਸਤਿਆਰਥੀ ਜੀ ਬੋਲੇ, “ਭਾਈ ਪੂਰਨ ਸਿੰਘ, ਮੇਰੀ ਇਕ ਸ਼ਰਤ ਹੈ।”
ਉਹਨੇ ਪੁੱਛਿਆ, “ਦੱਸੋ?”
ਸਤਿਆਰਥੀ ਜੀ ਸਿੱਧਾ ਉਹਦੀਆਂ ਅੱਖਾਂ ਵਿਚ ਝਾਕ ਕੇ ਬੋਲੇ, “ਮੇਰਾ ਵਿਸ਼ਵਾਸ ਕਦੀ ਨਾ ਤੋੜੀਂ। ਜਦੋਂ ਕੋਈ ਵਿਸ਼ਵਾਸਘਾਤ ਕਰਦਾ ਹੈ, ਦਿਲ ਵਿਚ ਦਰਦ ਹੁੰਦਾ ਹੈ!”
ਉਹਨੇ ਹੱਥ ਜੋੜੇ, “ਤੁਸੀਂ ਫ਼ਕੀਰ ਹੋ, ਪਹੁੰਚੇ ਹੋਏ। ਸਤਿਆਰਥੀ ਜੀ, ਵਚਨ ਦਿੱਤਾ, ਤੁਹਾਡਾ ਭਰੋਸਾ ਕਦੀ ਨਹੀਂ ਤੋੜਨਾ!”
ਮਹੀਨਾ ਲੰਘਿਆ। ਪੂਰਨ ਸਿੰਘ ਅਗਲੇ ਮਹੀਨੇ ਦਾ ਕਿਰਾਇਆ ਦੇਣ ਲੱਗਿਆ ਤਾਂ ਲੋਕਮਾਤਾ ਨੂੰ ਬੁਲਾ ਕੇ ਬੋਲੇ, “ਭਾਈ ਪੂਰਨ ਸਿੰਘ, ਕਿਰਾਇਆ ਇਨ੍ਹਾਂ ਨੂੰ ਦਿਆ ਕਰਨਾ।” ਤੇ ਫੇਰ ਲੋਕਮਾਤਾ ਵੱਲ ਮੂੰਹ ਕੀਤਾ, “ਹੁਣ ਮੈਨੂੰ ਮਾਇਆ ਦੇ ਝਮੇਲਿਆਂ ਤੋਂ ਮੁਕਤ ਕਰੋ। ਤੁਸੀਂ ਇਨ੍ਹਾਂ ਤੋਂ ਕਿਰਾਇਆ ਲਓ ਤੇ ਘਰ ਚਲਾਓ। ਤੁਸੀਂ ਜਾਣੋ ਜਾਂ ਪੂਰਨ ਸਿੰਘ ਜਾਣੇ!”
ਦੋ ਕੁ ਸਾਲ ਬੀਤੇ। ਸਤਿਆਰਥੀ ਜੀ ਨੇ ਕੁਛ ਲਭਦਿਆਂ ਅਲਮਾਰੀ ਖੋਲ੍ਹੀ। ਨੋਟ ਪਏ ਸਨ। ਗਿਣੇ ਤੋਂ ਕੁਛ ਸਮਝ ਨਾ ਆਈ ਤਾਂ ਲੋਕਮਾਤਾ ਨੂੰ ਪੁੱਛਿਆ। ਪਤਾ ਲੱਗਿਆ, ਇਹ ਮਹੀਨੇ ਦਾ ਕਿਰਾਇਆ ਸੀ। ਬੋਲੇ, “ਪਰ ਇਹ ਤਾਂ ਕਿਰਾਏ ਤੋਂ ਵੱਧ ਨੇ?”
ਲੋਕਮਾਤਾ ਨੇ ਦੱਸਿਆ, “ਹੁਣ ਕਿਰਾਇਆ ਏਨਾ ਹੀ ਆਉਂਦਾ ਹੈ।”
ਸਿੱਧੇ ਉਹਦੇ ਕਮਰੇ ਵਿਚ ਜਾ ਉਲਾਂਭਾ ਦਿੱਤਾ, “ਭਾਈ ਪੂਰਨ ਸਿਆਂ, ਮੈਂ ਤਾਂ ਤੈਨੂੰ ਕਿਰਾਇਆ ਵਧਾਉਣ ਲਈ ਨਹੀਂ ਸੀ ਆਖਿਆ!”
ਉਹ ਮੁਸਕਰਾਇਆ, “ਮਹਾਂਪੁਰਸ਼ੋ, ਦਿੱਲੀ ਵਿਚ ਮਾਲਕ ਹਰ ਸਾਲ ਕਿਰਾਏ ਵਿਚ ਵਾਧਾ ਭਾਲਦੇ ਨੇ। ਤੁਸੀਂ ਨਹੀਂ ਕਿਹਾ ਤਾਂ ਮੈਨੂੰ ਆਪ ਵੀ ਕੁਛ ਸੋਚਣਾ ਚਾਹੀਦਾ ਹੈ ਕਿ ਨਹੀਂ?”
ਫੋਨ ਅਜੇ ਹੱਥ-ਹੱਥ ਤਾਂ ਕੀ, ਘਰ-ਘਰ ਵੀ ਨਹੀਂ ਸਨ ਹੋਏ। ਪੂਰਨ ਸਿੰਘ ਦੇ ਘਰ ਫੋਨ ਸੀ। ਉਹਦੇ ਆਉਣ ਤੋਂ ਕੁਛ ਦਿਨ ਮਗਰੋਂ ਸਤਿਆਰਥੀ ਜੀ ਨੇ ਪੁੱਛਿਆ, “ਭਾਈ ਪੂਰਨ ਸਿੰਘ, ਜੇ ਮੈਂ ਕਿਸੇ ਮਿੱਤਰ ਦੇ ਮੰਗੇ ਤੋਂ ਤੇਰਾ ਫੋਨ ਨੰਬਰ ਦੇ ਦੇਵਾਂ…। ”
ਉਹਨੇ ਗੱਲ ਕੱਟੀ, “ਇਹਨੂੰ ਮੇਰਾ ਫੋਨ ਨਾ ਕਹੋ ਜੀ, ਇਹਨੂੰ ਆਪਣਾ ਹੀ ਸਮਝੋ!”
ਸਤਿਆਰਥੀ ਜੀ ਵਾਸਤੇ ਤਾਂ ਦਿੱਲੀ ਨਾਂ ਦਾ ਸਾਰਾ ਪਿੰਡ ਹੀ ਮਿੱਤਰਾਂ ਦਾ ਸੀ! ਫੋਨ ਆਉਣ ਲੱਗੇ। ਸਭ ਜਾਣਦੇ ਸਨ, ਦਿਨੇ ਤਾਂ ਉਹ ਘਰ ਹੀ ਨਹੀਂ ਹੁੰਦੇ। ਪਤਾ ਨਹੀਂ, ਖਰੜੇ, ਰਸਾਲੇ ਤੇ ਕਿਤਾਬਾਂ ਕੱਛੇ ਮਾਰ ਕੇ ਕਿਹੜੀ ਸੜਕ ਦੇ ਕਿਨਾਰੇ-ਕਿਨਾਰੇ ਤੁਰੇ ਜਾਂਦੇ ਹੋਣ ਜਾਂ ਕਿਹੜੇ ਪਾਰਕ ਵਿਚ ਬੈਠੇ ਕਿਸੇ ਭੋਲ਼ੇ ਪੰਛੀ ਨੂੰ ਕਾਬੂ ਕਰ ਕੇ ਕੋਈ ਨਵੀਂ ਰਚਨਾ ਸੁਣਾ ਰਹੇ ਹੋਣ। ਇਸ ਲਈ ਫੋਨ ਸਵੇਰ ਤੇ ਸ਼ਾਮ ਦੇ ਰੁਝੇਵਿਆਂ ਵਾਲੇ ਸਮੇਂ ਆਉਂਦੇ। ਉਨ੍ਹਾਂ ਦੇ ਕਈ ਪਰਦੇਸੀ ਸ਼ਰਧਾਲੂ ਤਾਂ ਭਾਰਤੀ ਸਮੇਂ ਦਾ ਖ਼ਿਆਲ ਨਾ ਕਰਦਿਆਂ ਰਾਤ ਪਈ ਤੋਂ ਵੀ ਘੰਟੀ ਵਜਾ ਦਿੰਦੇ। ਪਰ ਅਸ਼ਕੇ ਪੂਰਨ ਸਿੰਘ ਦੇ, ਮੇਰਾ ਨਿੱਜੀ ਅਨੁਭਵ ਹੈ, ਉਹ ਹਰ ਕਿਸੇ ਨੂੰ ਬੜੇ ਆਦਰ ਨਾਲ, ਬੜੀ ਮਿੱਠੀ ਜ਼ਬਾਨ ਨਾਲ ਬੋਲਦਾ ਤੇ ਸਤਿਆਰਥੀ ਜੀ ਨੂੰ ਦੂਰੋਂ ਆਵਾਜ਼ ਦੇਣ ਦੀ ਥਾਂ ਚੱਲ ਕੇ ਬੁਲਾਉਣ ਜਾਂਦਾ। ਜੇ ਉਹ ਘਰ ਨਾ ਹੁੰਦੇ, ਉਹ ਫੋਨ ਕਰਨ ਵਾਲੇ ਨੂੰ ਆਪ ਇਹ ਨਹੀਂ ਸੀ ਕਹਿੰਦਾ ਕਿ ਉਹ ਘਰ ਨਹੀਂ। ਕਿਤੇ ਅਗਲਾ ਇਹ ਨਾ ਸਮਝੇ ਕਿ ਬੁਲਾਉਣ ਦਾ ਮਾਰਿਆ ਟਰਕਾਉਂਦਾ ਹੈ। ਅਜਿਹੇ ਮੌਕੇ ਉਹ ਲੋਕਮਾਤਾ ਨੂੰ ਆਖਦਾ, “ਤੁਸੀਂ ਆਪ ਆ ਕੇ ਦੱਸੋ ਜੀ ਕਿ ਸਤਿਆਰਥੀ ਜੀ ਘਰ ਨਹੀਂ।”
ਕਾਲਾ ਚੁਰਾਸੀ ਆ ਗਿਆ। ਪੂਰਨ ਸਿੰਘ ਡਰਿਆ। ਸਤਿਆਰਥੀ ਜੀ ਨੂੰ ਪਹਿਲਾਂ ਤਾਂ ਚਿੰਤਾ ਹੋਈ, ਫੇਰ ਦ੍ਰਿੜ੍ਹ ਆਵਾਜ਼ ਵਿਚ ਬੋਲੇ, “ਭਾਈ ਪੂਰਨ ਸਿੰਘਾ, ਡਰ ਨਾ, ਮੈਂ ਜੋ ਹਾਂ!”
ਉਨ੍ਹਾਂ ਨੇ ਬਾਹਰਲੇ ਫਾਟਕ ਨੂੰ ਅੰਦਰੋਂ ਜਿੰਦਾ ਲਾ ਦਿੱਤਾ। ਨੇੜਲੀ ਵੱਡੀ ਸੜਕ ਦੇ ਟੈਕਸੀ ਸਟੈਂਡ ਤੋਂ ਕੁਛ ਬਦਮਾਸ਼ ਡਰਾਈਵਰ ਤੇ ਉਨ੍ਹਾਂ ਦੇ ਹੋਰ ਵਿਹਲੜ ਯਾਰ ਆ ਧਮਕੇ, “ਤੁਹਾਡਾ ਜੋ ਸਰਦਾਰ ਕਿਰਾਏਦਾਰ ਹੈ, ਬਾਹਰ ਕੱਢੋ ਉਹਨੂੰ।” ਸਤਿਆਰਥੀ ਜੀ ਸਹਿਜ ਨਾਲ ਬੋਲੇ,“ਕਿਉਂ ਬਈ ਕੀ ਕੰਮ ਹੈ ਉਹਦੇ ਤੱਕ?” ਤੇ ਉਨ੍ਹਾਂ ਦਾ ਜਵਾਬ ਸੁਣ ਕੇ ਬੋਲੇ, “ਪਰ ਉਹਨੂੰ ਮਾਰਨ ਵਾਸਤੇ ਤਾਂ ਪਹਿਲਾਂ ਮੈਨੂੰ ਮਾਰਨਾ ਪਊ, ਮਾਰ ਕੇ ਮੇਰੀ ਲਾਸ਼ ਉੱਤੋਂ ਲੰਘਣਾ ਪਊ!”
ਭੀੜ ਨੇ ਟਾਇਰ ਤੇ ਪੀਪੀ ਦਿਖਾਈ, “ਜਿਉਂਦੇ ਨੂੰ ਫੂਕਾਂਗੇ।”
ਉਹ ਬੋਲੇ, “ਘਰ ਫੂਕਣਾ ਪਊ ਮੇਰਾ, ਉਹਨੂੰ ਫੂਕਣ ਵਾਸਤੇ!”
ਸਤਿਆਰਥੀ ਜੀ ਦੀ ਦ੍ਰਿੜ੍ਹਤਾ ਦੇਖ ਕੇ ਗੁੰਡਿਆਂ ਨੂੰ ਮੁੜਨਾ ਪਿਆ।
ਪੂਰਨ ਸਿੰਘ ਦੀ ਧੀ ਦਾ ਵਿਆਹ ਹੋਇਆ ਤਾਂ ਸਤਿਆਰਥੀ ਜੀ ਨੇ ਘਰ ਦੇ ਬਜ਼ੁਰਗ ਵਾਲੀਆਂ ਸਾਰੀਆਂ ਰਸਮਾਂ ਤਾਂ ਨਿਭਾਈਆਂ ਹੀ, ਓਵੇਂ ਹੀ ਬੁੱਕ ਭਰ-ਭਰ ਅੱਥਰੂ ਵੀ ਰੋਏ ਜਿਵੇਂ ਆਪਣੀਆਂ ਧੀਆਂ ਨੂੰ ਵਿਦਾਅ ਕਰਦਿਆਂ ਰੋਏ ਸਨ। ਉਹਦੇ ਹੱਥ ਫੜ ਕੇ ਕਹਿੰਦੇ, “ਜਦੋਂ ਮੈਂ ਗੋਦੀ ਚੁਕਦਾ, ਐਹਨਾਂ ਨਿੱਕੇ-ਨਿੱਕੇ ਕੂਲ਼ੇ-ਕੂਲ਼ੇ ਹੱਥਾਂ ਨਾਲ ਮੇਰੀ ਦਾੜ੍ਹੀ ਪਲੋਸਦੀ ਹੁੰਦੀ ਸੀ, ਮੇਰੀ ਦਾੜ੍ਹੀ ਨਾਲ ਖੇਡਦੀ ਹੁੰਦੀ ਸੀ!”
ਸਤਿਆਰਥੀ ਜੀ ਨੂੰ ਮਿਲਣ ਆਉਂਦੇ ਕਈਆਂ ਦੇ ਪਿਤਾ ਜੀ ਕਹਿਣ ਤੋਂ ਪ੍ਰੇਰਨਾ ਲੈ ਕੇ ਹੁਣ ਤੱਕ ਪੂਰਨ ਸਿੰਘ ਵੀ ਉਨ੍ਹਾਂ ਨੂੰ ਪਿਤਾ ਜੀ ਹੀ ਕਹਿਣ ਲੱਗ ਪਿਆ ਸੀ।
ਸਤਿਆਰਥੀ ਜੀ ਤੇ ਲੋਕਮਾਤਾ ਸਰੀਰਕ ਪੱਖੋਂ ਢਲ ਚੱਲੇ ਤਾਂ ਧੀਆਂ ਨੂੰ ਕਿਹਾ, “ਸਾਡੇ ਮਗਰੋਂ ਵੀ ਆਉਂਗੀਆਂ ਹੀ, ਉੱਤੇ ਮੰਜ਼ਲਾਂ ਛੱਤ ਕੇ ਸਾਡੇ ਕੋਲ ਆ ਰਹੋ। ਹੁਣ ਸਾਡੇ ਸਰੀਰਾਂ ਨੂੰ ਸਹਾਰੇ ਦੀ ਲੋੜ ਹੈ।”
ਪੂਰਨ ਸਿੰਘ ਦੂਰਦਰਸ਼ੀ ਦੁਨੀਆਦਾਰ ਸੀ। ਉਹਨੇ ਬੇਨਤੀ ਕੀਤੀ, “ਉਸਾਰੀ ਦੀ ਨਿਗਰਾਨੀ ਕਰਨ ਵਾਲੇ ਆਪਣਿਆਂ ਨੂੰ ਹੇਠ ਬੈਠਣ-ਉੱਠਣ ਵਾਸਤੇ ਜਗ੍ਹਾ ਚਾਹੀਦੀ ਹੋਵੇਗੀ। ਪਿਤਾ ਜੀ, ਮੈਂ ਹੁਣ ਜਾਣ ਦੀ ਆਗਿਆ ਚਾਹੁੰਦਾ ਹਾਂ।”
ਉਨ੍ਹਾਂ ਨੇ ਸਿਰ ਮਾਰਿਆ, “ਨਹੀਂ, ਭਾਈ ਪੂਰਨ ਸਿਆਂ, ਮੇਰੇ ਜਿਉਂਦੇ-ਜੀਅ ਤੂੰ ਏਸ ਘਰੋਂ ਨਹੀਂ ਜਾ ਸਕਦਾ। ਪਹਿਲਾਂ ਮੇਰੀ ਅਰਥੀ ਉੱਠੂੂ, ਫੇਰ ਤੂੰ ਏਸ ਘਰੋਂ ਜਾਏਂਗਾ!”
ਕੁਛ ਹਫ਼ਤਿਆਂ ਮਗਰੋਂ ਜਦੋਂ ਇੱਟਾਂ ਦਾ ਟਰੱਕ ਆ ਲੱਥਾ, ਪੂਰਨ ਸਿੰਘ ਨੇ ਚੁੱਪਚਾਪ ਸਾਮਾਨ ਬੰਨ੍ਹਣਾ ਸ਼ੁਰੂ ਕਰ ਦਿੱਤਾ। ਸਤਿਆਰਥੀ ਜੀ ਨੇ ਹਿਲਜੁਲ ਦੇਖੀ ਤਾਂ ਅੱਖਾਂ ਭਰ ਕੇ ਬੋਲੇ, “ਭਾਈ ਪੂਰਨ ਸਿਆਂ, ਅਜੇ ਮੇਰੀ ਅਰਥੀ ਤਾਂ ਉੱਠੀ ਨਹੀਂ!”