ਅੱਬਾਸ ਦਾ ਨਾਟਕ ‘ਜ਼ੁਬੈਦਾ’

ਬਲਰਾਜ ਸਾਹਨੀ
ਓਸੇ ਰਾਤ ਮੈਂ ਇਪਟਾ ਦੇ ਸਾਥੀਆਂ ਨਾਲ ਉਹ ਨਾਟਕ ਵੀ ਵੇਖਣ ਚਲਾ ਗਿਆ ਜਿਸ ਦਾ ਇਸ਼ਤਿਹਾਰ ਸਵੇਰੇ ਅਖਬਾਰ ਵਿਚ ਪੜ੍ਹਿਆ ਸੀ। ਡਰਾਮੇ ਦਾ ਨਾਂ ਸੀ ‘ਮਾਂ’। ਕਰਤਾ ਸੀ ਮਾਮਾ ਵਾਰੇਰਕਰ। ਮੂਲ ਮਰਾਠੀ ਤੋਂ ਹਿੰਦੀ ਵਿਚ ਅਨੁਵਾਦ ਕੀਤਾ ਹੋਇਆ ਸੀ।

ਨਾਟਕ ਮਾੜਾ ਨਹੀਂ ਸੀ ਪਰ ਉਸ ਦੀ ਪੇਸ਼ਕਾਰੀ ਨੇ ਮੈਨੂੰ ਹੱਦ ਤੋਂ ਵਧ ਨਿਰਾਸ਼ ਕੀਤਾ। ਨਾਟਕ ਦੇ ਅਦਾਕਾਰ ਜ਼ਿਆਦਾਤਰ ਐਸੇ ਸਨ ਜਿਨ੍ਹਾਂ ਨੂੰ ਹਿੰਦੀ ਠੀਕ ਬੋਲਣੀ ਨਹੀਂ ਸੀ ਆਉਂਦੀ। ਉਹਨਾਂ ਦਾ ਗੁਜਰਾਤੀ, ਮਰਾਠੀ ਤੇ ਦੱਖਣ ਭਾਰਤੀ ਉਚਾਰਣ ਸੁਣ ਕੇ ਕੰਨਾਂ ਨੂੰ ਸੱਟ ਵੱਜਦੀ ਸੀ। ਮੈਂ ਰੇਡੀਓ ਦੇ ਕੰਮ ਲਈ ਆਪਣੇ ਉਚਾਰਣ ਵਿਚੋਂ ਪੰਜਾਬੀਅਤ ਕਢਣ ਦੀ ਅਣਥੱਕ ਮਿਹਨਤ ਕੀਤੀ ਸੀ, ਤੇ ਦ੍ਰਿੜਤਾ ਨਾਲ ਵਿਸ਼ਵਾਸ ਰੱਖਦਾ ਸਾਂ ਕਿ ਅਦਾਕਦਾਰ ਨੂੰ ਉਸ ਬੋਲੀ ਦਾ ਮਾਹਿਰ ਹੋਣਾ ਚਾਹੀਦਾ ਹੈ ਜਿਸ ਵਿਚ ਕੰਮ ਕਰੇ। ਜਿਨ੍ਹਾਂ ਨੂੰ ਮੈਂ ਸਟੇਜ ਉਤੇ ਕੰਮ ਕਰਦੇ ਵੇਖ ਰਿਹਾ ਸਾਂ, ਉਹਨਾਂ ਵਿਚੋਂ ਘਟ-ਵਧ ਹੀ ਕੋਈ ਮੇਰੀ ਪਰਖਵੱਟੀ ਉਤੇ ਪੂਰਾ ਉਤਰਦਾ ਸੀ। ਕੀ ਇਹਨਾਂ ਤੋਂ ਹੀ ਮੈਨੂੰ ‘ਜ਼ੁਬੈਦਾ’ ਦੇ ਪਾਰਟ ਕਰਵਾਉਣੇ ਪੈਣਗੇ? ਸੋਚ-ਸੋਚ ਕੇ ਮੇਰਾ ਦਿਲ ਬੈਠਣ ਲਗ ਪਿਆ।
ਸਾਰੀ ਰਾਤ ਮੈਂ ਦੁਚਿੱਤੀਆਂ ਵਿਚ ਕੱਟੀ। ਜੇ ਇਹਨਾਂ ਕਲਾਕਾਰਾਂ ਤੋਂ ਕੰਮ ਕਰਾਇਆ ਤਾਂ ਬੇੜਾ ਗਰਕ ਹੋਣ ਵਿਚ ਜ਼ਰਾ ਵੀ ਸੰਦੇਹ ਨਹੀਂ। ਜੇ ਇਨਕਾਰ ਕੀਤਾ, ਤਾਂ ਫੇਰ ਪੌੜੀਆਂ ਚੜ੍ਹਨ-ਲਹਿਣ ਤੋਂ ਛੁੱਟ ਕੋਈ ਕੰਮ ਨਹੀਂ ਰਹਿ ਜਾਏਗਾ। ਕਰਾਂ ਤਾਂ ਕੀ?
ਅਖੀਰ, ਇਸੇ ਨਤੀਜੇ ਉਤੇ ਪੁਜਿਆ ਕਿ ਦਿਲ ਦੀ ਗੱਲ ਸਾਫ ਸਾਫ ਕਹਿ ਦੇਣੀ ਚਾਹੀਦੀ ਹੈ। ਸ਼ਾਮੀਂ ਮੈਂ ਸ਼ਰਤ ਪੇਸ਼ ਕਰ ਦਿੱਤੀ ਕਿ ਪਾਤਰਾਂ ਦੀ ਚੋਣ ਅਥਵਾ ਹੋਰ ਸਭ ਗੱਲਾਂ ਬਾਰੇ ਮੇਰੇ ਫੈਸਲਿਆਂ ਵਿਚ ਹੋਰ ਕਿਸੇ ਦਾ ਦਖਲ ਨਹੀਂ ਹੋਵੇਗਾ। ਅੱਬਾਸ ਦੇ ਜਜ਼ਬਾਤੀ ਸੁਭਾਵ ਨੂੰ ਇਹ ਰੁੱਖੀ ਗੱਲ ਮਾੜੀ ਲੱਗੀ ਪਰ ਇਕ ਲੰਮੇ ਵਾਲਾਂ ਵਾਲਾ ਦੁਬਲਾ-ਪਤਲਾ ਗੱਭਰੂ ਝਟ ਅਗੇ ਵਧ ਕੇ ਬੋਲ ਪਿਆ, “ਸਾਨੂੰ ਸਭ ਸ਼ਰਤਾਂ ਮਨਜ਼ੂਰ ਹਨ।” ਉਸ ਗੱਭਰੂ ਦਾ ਨਾਂ ਸੀ ਜਸਵੰਤ ਠੱਕਰ ਜਿਸ ਦੀ ਪਿਛਲੇ ਵੀਹ ਸਾਲਾਂ ਤੋਂ ਕੀਤੀ ਸੇਵਾ ਗੁਜਰਾਤੀ ਨਾਟਕ ਦੇ ਇਤਿਹਾਸ ਵਿਚ ਸੋਨੇ ਦੇ ਹਰਫਾਂ ਵਿਚ ਲਿਖੀ ਜਾਏਗੀ। ਉਸ ਦੀ ਮਿਹਨਤ ਦੀ ਬਦੌਲਤ ਅਜ ਸੌਰਾਸ਼ਟਰ ਦੀਆਂ ਸਾਰੀਆਂ ਯੂਨੀਵਰਸਿਟੀਆਂ ਵਿਚ ਨਾਟਕ ਵਿਭਾਗ ਖੁੱਲ੍ਹ ਚੁੱਕੇ ਹਨ ਜਿਨ੍ਹਾਂ ਵਿਚ ਵਿਦਾਰਥੀਆਂ ਨੂੰ ਬੀ.ਏ. ਦੀ ਡਿਗਰੀ ਦਿੱਤੀ ਜਾਂਦੀ ਹੈ। ਉਸ ਵੇਲੇ ਜਸਵੰਤ ਸ਼ੈਦ (ਸ਼ਾਇਦ) ਇਪਟਾ ਦਾ ਸਕੱਤਰ ਸੀ।
ਅਗਲੇ ਦਿਨ ਤੋਂ ਮੈਂ ‘ਜ਼ੁਬੈਦਾ’ ਦੇ ਕਿਰਦਾਰਾਂ ਦੀ ਭਾਲ ਅਰੰਭ ਕੀਤੀ। ਹੀਰੋ ਲਈ ਚੇਤਨ ਨੂੰ ਰਾਜ਼ੀ ਕਰਾਉਣ ਵਿਚ ਮੈਨੂੰ ਦਿੱਕਤ ਨਹੀਂ ਹੋਈ। ਹੀਰੋ ਦੇ ਛੋਟੇ ਵੀਰ ਦਾ ਰੋਲ ਦੇਵ ਆਨੰਦ ਨੇ ਖੁਸ਼ੀ ਨਾਲ ਸਾਂਭ ਲਿਆ। ਜ਼ੁਬੈਦਾ ਦੇ ਕਿਰਦਾਰ ਲਈ ਅਜ਼ਰਾ ਨੇ ਹਾਂ ਕਰ ਦਿਤੀ ਪਰ ਪਾਤਰਾਂ ਦੀ ਸੂਚੀ ਬੜੀ ਲੰਮੀ ਸੀ- ਤੀਹ-ਪੈਂਤੀ ਤੱਕ ਜਾ ਪੁਜਦੀ ਸੀ। ਤੇ ਇਪਟਾ ਦੇ ਸਾਰੇ ਮੈਂਬਰਾਂ ਨੂੰ ਨਿਰਾਸ ਕਰਨਾ ਵੀ ਨਹੀਂ ਸੀ ਸ਼ੋਭਾ ਦੇਂਦਾ। ਸੋ, ਨਿੱਕੇ ਨਿੱਕੇ ਪਾਤਰਾਂ ਲਈ ਮੈਂ ਈਨ ਛਡ ਦਿੱਤੀ ਪਰ ਵਡੇ ਪਾਤਰਾਂ ਬਾਰੇ ਮੈਂ ਆਪਣੇ ਫੈਸਲੇ ‘ਤੇ ਅਟੱਲ ਰਿਹਾ।
ਪਤਾ ਨਹੀਂ, ਕਿਸ ਭਰੋਸੇ ‘ਤੇ ਅੱਬਾਸ ਨੇ ਡਾਇਰੈਕਸ਼ਨ ਮੇਰੇ ਹਵਾਲੇ ਕਰ ਛੱਡੀ ਸੀ। ਸਟੇਜ ਦਾ ਮੇਰਾ ਅਨੁਭਵ ਕੇਵਲ ਇਕ-ਦੋ ਕਾਲਜ ਦੇ ਤੇ ਇਕ-ਦੋ ਸ਼ਾਂਤੀ ਨਿਕੇਤਨ ਵਿਚ ਖੇਡੇ ਨਾਟਕਾਂ ਤਕ ਸੀਮਤ ਸੀ। ਪਾਤਰਾਂ ਦੀ ਹਿਦਾਇਤਕਾਰੀ ਮਾੜੀ-ਮੋਟੀ ਕਰ ਸਕਦਾ ਸਾਂ ਪਰ ਡਾਇਰੈਕਸ਼ਨ ਦੇ ਟੈਕਨੀਕਲ ਪੱਖਾਂ ਤੋਂ ਤਾਂ ਬਿਲਕੁਲ ਹੀ ਕੋਰਾ ਸਾਂ, ਤੇ ਹੁਣ ਤੀਕਰ ਹਾਂ। ਇਹ ਮੇਰੇ ਕਲਾਤਮਿਕ ਜੀਵਨ ਦਾ ਇਕ ਹਨੇਰਾ ਪਹਿਲੂ ਹੈ। ਮੈਂ ਆਪਣੀ ਇਸ ਕਮਜ਼ੋਰੀ ਤੋਂ ਖੂਬ ਵਾਕਫ ਸਾਂ। ਇਸ ਨਾਲ ਪੈਦਾ ਹੋਈ ਆਤਮ-ਵਿਸ਼ਵਾਸ ਦੀ ਘਾਟ ਤੇ ਚਿੰਤਾ ਵਜੋਂ ਕਈ ਵਾਰੀ ਰਿਹਰਸਲਾਂ ਦੇ ਦੌਰਾਨ ਮੇਰੇ ਚਿਹਰੇ ਤੇ ਅੱਖਾਂ ਵਿਚ ਪਥਰਾ ਜਿਹਾ ਆ ਜਾਂਦਾ। ਅਜ਼ਰਾ ਕਹਿੰਦੀ, “ਆਂਖੇਂ ਝਪਕਾਓ, ਆਂਖੇਂ ਝਪਕਾਓ, ਬਲਰਾਜ, ਮੁਝੇ ਡਰ ਲਗਤਾ ਹੈ!”
ਆਤਮ-ਵਸ਼ਿਵਾਸ, ਚੁਸਤੀ, ਦਲੇਰੀ ਕੋਈ ਖੁਦਾ-ਦਾਦ ਗੁਣ ਨਹੀਂ ਹੁੰਦੇ।
ਮਿਸਾਲ ਵਜੋਂ, ਕੋਈ ਪਿੰਡ ਦਾ ਹੁਸ਼ਿਆਰ ਤੇ ਫਰਤੀਲ ਗੱਭਰੂ ਵੀ ਜਦੋਂ ਕਿਸੇ ਵਡੇ ਸ਼ਹਿਰ ਆਵੇ, ਤਾਂ ਸੁਸਤ ਪੈ ਜਾਂਦਾ ਹੈ। ਇਸ ਦਾ ਕਾਰਨ ਇਹ ਨਹੀਂ ਕਿ ਬਦਲੀ ਹੋਈ ਆਬੋ-ਹਵਾ ਦਾ ਉਸ ਉਪਰ ਅਸਰ ਪੈ ਗਿਆ ਹੈ। ਦਰਅਸਲ, ਉਸ ਨੂੰ ਸ਼ਹਿਰੀ ਜੀਵਨ ਦੀਆਂ ਗੁੰਝਲਾਂ ਤੇ ਬਰੀਕੀਆਂ ਦਾ ਗਿਆਨ ਨਹੀਂ ਹੁੰਦਾ, ਤੇ ਨਾ ਉਸ ਦੀ ਇਤਨੀ ਤਾਲੀਮ ਹੁੰਦੀ ਹੈ ਕਿ ਉਹਨਾਂ ਨਾਲ ਛੇਤੀ ਛੇਤੀ ਗਿੱਝ ਸਕੇ। ਏਸੇ ਲਈ ਉਹ ਸਹਿਮ ਜਿਹਾ ਜਾਂਦਾ ਹੈ। ਅੱਖਾਂ ਵਿਚ ਪਥਰਾ ਤੇ ਅੰਗਾਂ ਵਿਚ ਸੁਸਤੀ ਜਿਹੀ ਆ ਜਾਂਦੀ ਹੈ।
ਗਿਆਨ ਦੀ ਸੰਪੂਰਨਤਾ ਆਤਮ-ਵਿਸ਼ਵਾਸ ਲਿਆਉਂਦੀ ਹੈ, ਇਨਸਾਨ ਨੂੰ ਦਲੇਰ ਤੇ ਚੁਸਤ ਬਣਾਉਂਦੀ ਹੈ। ਅਗਿਆਨ ਦਾ ਮਾੜਾ ਜਿਤਨਾ ਅੰਸ਼ ਵੀ ਕਿਸੇ ਨਾ ਕਿਸੇ ਮੌਕੇ ਤੇ ਇਨਸਾਨ ਦੇ ਆਤਮ-ਵਿਸ਼ਵਾਸ ਨੂੰ, ਉਸ ਦੀ ਫੈਸਲਾ ਕਰਨ ਦੀ ਤਾਕਤ ਨੂੰ, ਉਸ ਦੀ ਵਰਿਆਮਤਾ ਨੂੰ ਦਗਾ ਦੇ ਸਕਦਾ ਹੈ।
ਆਪਣੀ ਤਕਨੀਕੀ ਅਗਿਆਨਤਾ ਨੂੰ ਲੁਕਾਉਣ ਲਈ ਮੈਂ ਆਪਣਾ ਸਾਰਾ ਜ਼ੋਰ ਪਾਤਰਾਂ ਦੀ ਮੁਨਾਸਬ ਚੋਣ ਉਪਰ ਲਗਾ ਛੱਡਿਆ। ਮੈਂ ਚਾਹੁੰਦਾ ਸਾਂ ਕਿ ਹਰ ਕਿਰਦਾਰ ਲਈ ਮੈਨੂੰ ਐਸੇ ਢੁਕਵੇਂ ਬੰਦੇ ਮਿਲ ਜਾਣ ਜਿਹੜੇ ਸਟੇਜ ‘ਤੇ ਪੁੱਜਦਿਆਂ ਹੀ ਠਾਠ ਬੰਨ੍ਹ ਦੇਣ। ਫੇਰ, ਬਾਕੀ ਦੇ ਸਭ ਕਸੂਰ ਮਾਫ ਹੋ ਜਾਣਗੇ।
ਮੀਰ ਸਾਹਿਬ, ਮਿਰਜ਼ਾ, ਮੁੰਸ਼ੀ ਬੇਦਿਲ, ਸੇਠ ਸਾਹਿਬ, ਇਸ ਨਾਟਕ ਦੇ ਖਾਸ ਨਿੱਗਰ ਤੇ ਰੋਚਕ ਪਾਤਰ ਸਨ। ਮੀਰ ਲਈ ਮੈਂ ਅੱਬਾਸ ਦੀ ਬਾਂਹ ਫੜ ਲਈ। ਉਹ ਬੜਾ ਛਟਪਟਾਇਆ, ਕਿਉਂਕਿ ਸਟੇਜ ‘ਤੇ ਆਪ ਕੰਮ ਕਰਨ ਦਾ ਕਦੇ ਉਸ ਨੇ ਸੁਪਨਾ ਵੀ ਨਹੀਂ ਸੀ ਵੇਖਿਆ ਪਰ ਮੇਰੀ ਜਿੱਦ ਅੱਗੇ ਉਹਨੂੰ ਝੁਕਣਾ ਹੀ ਪਿਆ। ਪਰ ਸਭ ਤੋਂ ਲੁਤਫਦਾਰ ਤਲਾਸ਼ ਮੁੰਸ਼ੀ ਬੇਦਿਲ ਦੇ ਪਾਤਰ ਦੀ ਰਹੀ। ਇਕ ਦਿਨ ਕਾਫੀ ਹਾਊਸ ਵਿਚ ਮੈਂ ਚੇਤਨ ਨੂੰ ਇਕ ਠਿੰਗਣੇਂ, ਸੁਕੜੂ ਜਿਹੇ ਬੰਦੇ ਨਾਲ ਗੱਲਾਂ ਕਰਦੇ ਵੇਖਿਆ। ਮੁੰਸ਼ੀ ਬੇਦਿਲ ਦੀ ਜੀਂਦੀ-ਜਾਗਦੀ ਤਸਵੀਰ ਸੀ ਉਹ। ਉਸ ਵਿਅਕਤੀ ਦਾ ਨਾਂ ਰਸ਼ੀਦ ਖਾਨ ਸੀ (ਜਿਨ੍ਹਾਂ ਨੂੰ ਪਾਠਕ ਨਿਸ਼ਚੇ ਹੀ ‘ਅਨੁਰਾਧਾ’, ‘ਗਰਮ ਕੋਟ’ ਤੇ ਕਿਤਨੀਆਂ ਹੀ ਹੋਰ ਫਿਲਮਾਂ ਵਿਚ ਵੇਖ ਚੁੱਕੇ ਹਨ)। ਆਲ ਇੰਡੀਆ ਰੇਡੀਓ ਵਿਚ ਸਟਾਫ ਆਰਟਿਸਟ ਲੱਗੇ ਹੋਏ ਸਨ। ਮੈਂ ਖੰਭ ਝਾੜ ਕੇ ਉਹਨਾਂ ਦੇ ਮਗਰ ਪੈ ਗਿਆ।
ਰਸ਼ੀਦ ਖਾਨ ਨੇ ਜਿਵੇਂ ਮੇਰੀਆਂ ਅੱਖਾਂ ਵਿਚ ਪੜ੍ਹ ਲਿਆ ਕਿ ਮੈਂ ਛੇਤੀ ਹਾਰ ਮੰਨਣ ਵਾਲਾ ਬੰਦਾ ਨਹੀਂ। ਉਹ ਭੈਭੀਤ ਜਿਹੇ ਹੋ ਗਏ। ਕੁਰਸੀ ਨੇੜੇ ਖਿੱਚ ਕੇ ਸੰਜੀਦਗੀ ਨਾਲ ਉਹਨਾਂ ਮੈਨੂੰ ਸਮਝਾਉਣਾ ਸ਼ੂਰੂ ਕੀਤਾ: “ਦੇਖੀਏ ਸਾਹਬ, ਨਾਟਕੋਂ ਔਰ ਫਿਲਮੋਂ ਮੇਂ ਮੈਂ ਅਪਨੇ ਆਪ ਕੋ ਕਿਸ ਕਦਰ ਤਬਾਹ-ਓ-ਬਰਬਾਦ ਕਰ ਚੁਕਾ ਹੂੰ, ਯਿਹ ਏਕ ਲੰਬੀ ਦਾਸਤਾਨ ਹੈ। ਇਸ ਵਕਤ ਸਿਰਫ ਇਤਨਾ ਕਹਿ ਦੇਨਾ ਕਾਫੀ ਹੈ ਕਿ ਮੁਝੇ ਉਨਕੇ ਨਾਮ ਸੇ ਭੀ ਨਫਰਤ ਹੋ ਚੁਕੀ ਹੈ। ਰੇਡੀਓ ਕੀ ਨੌਕਰੀ ਸੇ ਮੁਝੇ ਬਮੁਸ਼ਕਿਲ ਦੋ ਵਕਤ ਕੀ ਰੋਟੀ ਕਾ ਸਹਾਰਾ ਮਿਲਾ ਹੈ। ਇਸੇ ਮੈਂ ਕਿਸੀ ਸੂਰਤ ਖਤਰੇ ਮੇਂ ਨਹੀਂ ਡਾਲ ਸਕਤਾ।”
“ਲੇਕਿਨ ਨਾਟਕ ਮੇਂ ਕਾਮ ਕਰਨੇ ਸੇ ਆਪ ਕੀ ਨੌਕਰੀ ਕੈਸੇ ਖਤਰੇ ਮੇਂ ਪੜ੍ਹ ਸਕਤੀ ਹੈ? ਦੂਸਰੇ ਲੋਗ ਭੀ ਤੋ ਕਾਮ ਕਰਤੇ ਹੈਂ?” ਮੈਂ ਕਿਹਾ।
“ਯਿਹ ਮੈਂ ਖੁਦ ਬਿਹਤਰ ਜਾਨਤਾ ਹੂੰ।”
“ਲੇਕਿਨ ਆਪਕੋ ਦੇਖਨੇ ਕੇ ਬਾਦ ਅਬ ਮੁਝੇ ਇਸ ਰੋਲ ਕੇ ਲੀਏ ਦੂਸਰਾ ਕੋਈ ਆਦਮੀ ਨਹੀਂ ਜਚ ਸਕਤਾ। ਬਤਾਈਏ ਮੈਂ ਭੀ ਕਿਆ ਕਰੂੰ?”
“ਆਪ ਭਾੜ ਮੇਂ ਜਾਏਂ।” ਇਹ ਕਹਿ ਕੇ ਉਹ ਕੁਰਸੀ ਤੋਂ ਉੱਠ ਕੇ ਬਾਹਰ ਚਲੇ ਗਏ।
ਪੂਰੇ ਚਾਰ ਮਹੀਨੇ ਨਾਟਕ ਦੀਆਂ ਰਿਹਰਸਲਾਂ ਚਲਦੀਆਂ ਰਹੀਆਂ ਤੇ ਪੂਰੇ ਦੋ ਮਹੀਨੇ ਮੈਂ ਰਸ਼ੀਦ ਖਾਨ ਨੂੰ ਉਡੀਕਦਾ ਰਿਹਾ। ਕਿਤਨਾ-ਕਿਤਨਾ ਚਿਰ ਮੈਂ ਰੇਡੀਓ ਸਟੇਸ਼ਨ ਦੇ ਬਰਾਂਡਿਆਂ ਵਿਚ ਖਲੋਤਾ ਰਹਿੰਦਾ। ਜਦੋਂ ਵੀ ਉਹ ਆਉਂਦੇ-ਜਾਂਦੇ, ਮੈਂ ਹੱਥ ਬੰਨ੍ਹ ਕੇ ਖਲੋ ਜਾਂਦਾ। ਉਹ ਪੁਲਿਸ ਬੁਲਾਉਣ ਦੀਆਂ ਧਮਕੀਆਂ ਦੇਂਦੇ। ਕਈ ਵਾਰ ਉਹਨਾਂ ਚਪੜਾਸੀ ਨੂੰ ਕਹਿ ਕੇ ਮੈਨੂੰ ਆਪਣੇ ਕਮਰੇ ‘ਚੋਂ ਬਾਹਰ ਕਢਵਾਇਆ ਪਰ ਮੈਂ ਵੀ ਸਬਰ ਦਾ ਸਾਥ ਨਾ ਛੱਡਿਆ। ਰੇਡੀਓ ਸਟੇਸ਼ਨ ਵਿਚ ਮੇਰੀ ਕਾਫੀ ਸਾਖ ਸੀ, ਬੀ.ਬੀ.ਸੀ. ਦਾ ਅਨਾਊਂਸਰ ਜੋ ਰਹਿ ਕੇ ਆਇਆ ਸਾਂ। ਜੇ ਚਾਹੁੰਦਾ ਤਾਂ ਕਿਸੇ ਉੱਚੇ ਅਫਸਰ ਦੀ ਮਦਦ ਨਾਲ ਰਸ਼ੀਦ ਖਾਂ ਨੂੰ ਹਾਸਲ ਕਰ ਸਕਦਾ ਸਾਂ ਪਰ ਇੰਜ ਕਰਨਾ ਮੈਨੂੰ ਮੁਨਾਸਿਬ ਨਾ ਦਿਸਿਆ।
ਏਧਰ ਅੱਬਾਸ ਤੇ ਦੂਜੇ ਸਾਥੀ ਅੱਧ-ਪਚੱਧੀਆਂ ਰਿਹਰਸਲਾਂ ਤੋਂ ਤੰਗ ਆ ਰਹੇ ਸਨ। ਅਨਾੜੀ ਡਾਇਰੈਕਟਰ ਉੱਤੇ ਲੋਕਾਂ ਨੂੰ ਉਂਜ ਵੀ ਬਹੁਤਾ ਭਰੋਸਾ ਨਹੀਂ ਹੁੰਦਾ। ਕਿਸ਼ਤੀ ਨੂੰ ਭੰਵਰਾਂ ਵਿਚ ਫਸਿਆ ਵੇਖ ਕੇ ਉਹ ਕਿਸੇ ਨਾ ਕਿਸੇ ਬਹਾਨੇ ਸਾਥ ਛੱਡ ਜਾਂਦੇ ਹਨ। ਜਸਵੰਤ ਠੱਕਰ ਮੈਨੂੰ ਸੈੱਟਾਂ ਬਾਰੇ, ਲਾਈਟਿੰਗ ਤੇ ਹੋਰ ਟੈਕਨੀਕਲ ਗੱਲਾਂ ਬਾਰੇ ਪੁੱਛਦਾ। ਮੈਂ ਗੋਲ-ਮੋਲ ਜਵਾਬ ਦੇ ਛੱਡਦਾ। ਆਨੇ-ਬਹਾਨੇ ਸਾਠੇ ਤੇ ਅੱਬਾਸ ਕਦੇ ਪ੍ਰਿਥਵੀ ਰਾਜ ਕਪੂਰ, ਕਦੇ ਜੈਰਾਜ, ਜਾਂ ਕੇ.ਐਨ. ਸਿੰਘ ਨੂੰ ਰਿਹਰਸਲਾਂ ਵੇਖਣ ਲਈ ਬੁਲਾ ਲੈਂਦੇ। ਉਹ ਇਸ਼ਾਰਿਆਂ ਨਾਲ ਮੈਨੂੰ ਉਹਨਾਂ ਦੀ ਸਹਾਇਤਾ ਲੈਣ ਲਈ ਪ੍ਰੇਰਦੇ ਪਰ ਮੈਂ ਜਾਣਦਾ ਸਾਂ ਕਿ ਜ਼ਰਾ ਵੀ ਆਤਮ-ਵਿਸ਼ਵਾਸ ਦੀ ਘਾਟ ਪ੍ਰਦਰਸ਼ਤ ਕੀਤੀ ਤਾਂ ਭੱਠਾ ਹੀ ਬੈਠ ਜਾਏਗਾ। ਇਕ ਦਿਨ ਮੈਂ ਜ਼ਰਾ ਸਖਤੀ ਨਾਲ ਮੁਦਾਖਲਤ ਬਰਦਾਸ਼ਤ ਨਾ ਕਰਨ ਦੀ ਸ਼ਰਤ ਫੇਰ ਦੁਹਰਾ ਦਿਤੀ। ਸਾਥੀਆਂ ਦੇ ਚਿਹਰੇ ‘ਤੇ ਮਾਯੂਸੀ ਦੇ ਆਸਾਰ ਸਾਫ ਦਿਸ ਰਹੇ ਸਨ।
ਕੇਵਲ ਇਕ ਜਸਵੰਤ ਠੱਕਰ ਸੀ ਜਿਸ ਨੇ ਮੈਨੂੰ ਕਦੇ ਛੋਟਾ ਮਹਿਸੂਸ ਨਹੀਂ ਕਰਾਇਆ, ਹਾਲਾਂਕਿ ਮੇਰੀਆਂ ਖਾਮੀਆਂ ਨੂੰ ਸਭ ਤੋਂ ਵਧ ਓਹੀ ਪੜ੍ਹ ਸਕਦਾ ਸੀ। ਰਿਹਰਸਲਾਂ ਵਿਚ ਉਹ ਹਮੇਸ਼ਾ ਮੈਥੋਂ ਪਹਿਲਾਂ ਪਹੁੰਚਦਾ ਤੇ ਹਰ ਨਿੱਕੀ-ਮੋਟੀ ਲੋੜ ਦਾ ਖਿਆਲ ਰੱਖਦਾ। ਮੇਰੀ ਇਕ-ਇਕ ਹਰਕਤ ਨੂੰ ਉਹ ਕਦਰ-ਦਾਨ ਨਜ਼ਰਾਂ ਨਾਲ ਵੇਖਦਾ। ਉਸ ਦੀ ਮੌਜੂਦਗੀ ਵਿਚ ਮੈਂ ਖੁਲ੍ਹਾ ਖੁਲ੍ਹਾ ਮਹਿਸੂਸ ਕਰਦਾ, ਜਿਵੇਂ ਕੋਈ ਬਹੁਤ ਹੀ ਪਿਆਰਾ ਦੋਸਤ ਮਿਲ ਗਿਆ ਹੋਵੇ।
ਹੌਲੀ ਹੌਲੀ ਮੈਨੂੰ ਵਿਸ਼ਵਾਸ ਹੋਣ ਲੱਗ ਪਿਆ ਕਿ ਸਟੇਜ ਦੀਆਂ ਤਕਨੀਕੀ ਜ਼ਰੂਰਤਾਂ ਬਾਰੇ ਉਸ ਦੇ ਹੁੰਦਿਆਂ ਮੈਨੂੰ ਚਿੰਤਾ ਕਰਨ ਦੀ ਲੋੜ ਹੀ ਨਹੀਂ, ਤੇ ਉਹ ਕੋਈ ਬਹੁਤੀਆਂ ਪੇਚੀਦਾ ਵੀ ਨਹੀਂ ਸਨ।
ਇਕ ਦਿਨ ਇਕ ਈਰਾਨੀ ਹੋਟਲ ਵਿਚ ਇਕੱਠੇ ਚਾਹ ਪੀਂਦਿਆਂ ਮੈਂ ਆਪਣੀ ਕਲਪਨਾ ਨੂੰ ਬੇਲਗਾਮ ਛੱਡਦਿਆਂ ਕਿਹਾ, “ਮੇਰਾ ਦਿਲ ਕਰਦੈ, ਸ਼ਾਦੀ ਵਾਲੇ ਸੀਨ ਵਿਚ ਲਾੜੇ ਨੂੰ ਘੋੜੀ ਉਤੇ ਚੜ੍ਹਾ ਕੇ ਵਾਜੇ-ਗਾਜੇ ਨਾਲ ਦਰਸ਼ਕਾਂ ਦੇ ਵਿਚੋਂ ਦੀ ਲਿਆਵਾਂ। ਥੇਟਰ ਦੇ ਇਕ ਦਰਵਾਜ਼ੇ ਵਿਚੋਂ ਬਰਾਤ ਦਾਖਲ ਹੋਵੇ ਤੇ ਦੂਜੇ ਵਿਚੋਂ ਬਾਹਰ ਨਿਕਲ ਜਾਵੇ। ਐਨ ਉਸ ਵੇਲੇ ਪੜਦਾ ਉਠੇ, ਤੇ ਕਹਾਰ ਡੋਲੀ ਲਿਆਉਂਦੇ ਦਿੱਸਣ। ਦਰਪੜਦਾ ਸ਼ਹਿਨਾਈ ਵਜ ਰਹੀ ਹੋਵੇ…।”
ਮੇਰਾ ਖਿਆਲ ਸੀ ਕਿ ਐਤਕੀਂ ਜ਼ਰੂਰ ਜਸਵੰਤ ਮੇਰਾ ਮੌਜੂ ਉਡਾਏਗਾ ਪਰ ਉਹ ਇੰਜ ਕੁਰਸੀ ਤੋਂ ਉਛਲ ਪਿਆ, ਜਿਵੇਂ ਮੈਂ ਅਸਮਾਨ ਤੋਂ ਤਾਰੇ ਤੋੜ ਲਿਆਇਆ ਹੋਵਾਂ। ਮੇਰੇ ਮਨ੍ਹਾ ਕਰਦਿਆਂ-ਕਰਦਿਆਂ ਉਹਨੇ ਏਸ ਖਬਤ ਨੂੰ ਅਮਲੀ ਜਾਮਾ ਪਹਿਨਾਉਣ ਦੇ ਆਹਰ ਅਰੰਭ ਦਿਤੇ। ਕਾਵਸਜੀ ਜਹਾਂਗੀਰ ਹਾਲ ਮਿਉਂਸਿਪੈਲਟੀ ਦੇ ਅਧੀਨ ਸੀ। ਉਹਨਾਂ ਹਾਲ ਵਿਚ ਘੋੜਾ ਲਿਆਉਣ ਦੀ ਇਜਾਜ਼ਤ ਦੇਣ ਤੋਂ ਸਾਫ ਇਨਕਾਰ ਕਰ ਦਿਤਾ ਪਰ ਜਸਵੰਤ ਕਿਥੇ ਹਾਰ ਮੰਨਣ ਵਾਲਾ ਸੀ? ਉਸ ਨੇ ਇਕ ਵਕੀਲ ਦੀ ਮਦਦ ਨਾਲ ਅਧਿਕਾਰੀਆਂ ਅਗੇ ਸਬੂਤ ਪੇਸ਼ ਕੀਤਾ ਕਿ ਸੰਨ 1922 ਵਿਚ ਓਸੇ ਹਾਲ ਵਿਚ ਸਟੇਜ ਉਤੇ ਬਾਂਦਰ ਲਿਆਂਦਾ ਗਿਆ ਸੀ। ਜੇ ਬਾਂਦਰ ਆ ਸਕਦਾ ਹੈ ਤਾਂ ਘੋੜਾ ਕਿਉਂ ਨਹੀਂ? ਇਜਾਜ਼ਤ ਮਿਲ ਗਈ। ਜਸਵੰਤ ਆਪਣੀ ਧੁਨ ਵਾਲਾ ਮਸਤ-ਮੌਲਾ ਬੰਦਾ ਸੀ। ਇਪਟਾ ਦੇ ਸਾਥੀ ਉਹਨੂੰ ‘ਮੈਡ-ਕੈਪ’ ਦੇ ਨਾਂ ਨਾਲ ਪੁਕਾਰਦੇ ਸਨ। ਇਕ ਮੈਡ-ਕੈਪ ਦਾ ਹੋਰ ਵਾਧਾ ਹੋਣ ਵਿਚ ਭਲਾ ਜਸਵੰਤ ਨੂੰ ਕੀ ਇਤਰਾਜ਼ ਹੋ ਸਕਦਾ ਸੀ? “ਖੂਬ ਗੁਜ਼ਰੇਗੀ ਜੋ ਮਿਲ ਬੈਠੇਂਗੇ ਦੀਵਾਨੇ ਦੋ!!”
ਅਸੀਂ ਆਪਸ ਵਿਚ ਵਾਹ-ਵਾਹ ਘਿਓ-ਖਿਚੜੀ ਹੋਣ ਲੱਗ ਪਏ। ਉਹਦੇ ਨਾਲ ਮੈਂ ਬੰਬਈ ਦੇ ਗਲੀ-ਕੂਚਿਆਂ ਦੀ ਖੂਬ ਸੈਰ ਕੀਤੀ। ਚੰਗੇ-ਚੰਗੇ ਨਾਟਕ ਵੇਖੇ, ਚੰਗੇ-ਚੰਗੇ ਲੋਕਾਂ ਨੂੰ ਮਿਲਿਆ। ਅੱਬਾਸ ਤੇ ਹੋਰ ਸਾਥੀਆਂ ਨੇ ਕਹਿਣਾ ਸ਼ੁਰੂ ਕੀਤਾ, “ਚਲੋ, ਹੁਣ ਇਹ ਵੀ ਕਮਿਊਨਿਸਟ ਬਣਿਆ ਕੇ ਬਣਿਆ।” ਮੈਂ ਇਹਨਾਂ ਗੱਲਾਂ ਨੂੰ ਕੰਨ ਵਿਚ ਮਾਰ ਛਡਦਾ ਸੀ। ਜਸਵੰਤ ਕਮਿਊਨਿਸਟ ਸੀ ਜਾਂ ਨਹੀਂ, ਨਾ ਮੈਂ ਉਸ ਤੋਂ ਕਦੇ ਪਛਿਆ, ਤੇ ਨਾ ਹੀ ਉਸ ਨੇ ਕਦੇ ਮੇਰੇ ਨਾਲ ਪਾਲਿਟਿਕਸ ਦੀ ਗੱਲ ਕੀਤੀ। ਮੈਨੂੰ ਚੰਗਾ ਦੋਸਤ ਮਿਲ ਗਿਆ ਸੀ, ਹੋਰ ਮੈਨੂੰ ਕੁਝ ਨਹੀਂ ਸੀ ਚਾਹੀਦਾ। ਨਾ ਮੈਨੂੰ ਇਸ ਗੱਲ ਦੀ ਪਰਵਾਹ ਸੀ ਕਿ ਉਹ ਕਮਿਊਨਿਟ ਹੈ ਜਾਂ ਨਹੀਂ। ਇਪਟਾ ਬਾਰੇ ਮੈਂ ਕਦੇ ਕਦੇ ਸੁਣਦਾ ਸਾਂ ਕਿ ਅੰਦਰੇ-ਅੰਦਰ ਅਲੱਗ-ਅਲੱਗ ਗੁੱਟਾਂ ਦੀ ਖਿਚੋਤਾਣ ਰਹਿੰਦੀ ਹੈ, ਤੇ ਕਮਿਊਨਿਟ ਉਸ ਉਪਰ ਹਾਵੀ ਹਨ ਪਰ ਕਿਉਂ ਅਤੇ ਕਿਸ ਤਰ੍ਹਾਂ ਹਾਵੀ ਹਨ, ਇਹ ਜਾਣਨ ਦੀ ਮੈਨੂੰ ਨਾ ਫੁਰਸਤ ਸੀ, ਨਾ ਦਿਲਚਸਪੀ। ਮੇਰਾ ਧਿਆਨ ਨਾਟਕ ਵਿਚ ਖੁੱਭਿਆ ਹੋਇਆ ਸੀ।
ਪਾਤਰ-ਨਿਰਦੇਸ਼ਨ ਬਾਰੇ ਅੰਗਰੇਜ਼ੀ ਸਾਹਿਤ ਤੋਂ, ਕਾਲਜ ਦੇ ਜ਼ਮਾਨੇ ਵਿਚ ਅਹਿਮਦ ਸ਼ਾਹ ਬੁਖਾਰੀ ਵਰਗੇ ਉੱਚ ਕੋਟੀ ਦੇ ਨਾਟਕ-ਪ੍ਰਬੀਣਾਂ ਤੋਂ, ਤੇ ਲੰਡਨ ਵਿਚ ਵੇਖੇ ਨਾਟਕਾਂ ਤੋਂ ਹਾਸਲ ਕੀਤੀਆਂ ਕਦਰਾਂ ਮੇਰੇ ਬਹੁਤ ਕੰਮ ਆਈਆਂ। ‘ਜ਼ੁਬੈਦਾ’ ਨਾਟਕ ਭਾਵੇਂ ਚੰਗਾ ਸੀ ਭਾਵੇਂ ਮੰਦਾ, ਮੈਂ ਉਸ ਨੂੰ ਹੁਣ ਪਵਿੱਤਰ ਧਰਮ-ਪੁਸਤਕ ਵਾਂਗ ਵੇਖਦਾ ਤੇ ਸਨਮਾਨਦਾ ਸਾਂ। ਮੇਰਾ ਅਕੀਦਾ ਹੈ ਕਿ ਨਾਟਕ ਦੀ ਚੰਗਿਆਈ-ਬੁਰਿਆਈ ਬਾਰੇ ਡਾਇਰੈਕਟਰ ਨੂੰ ਨਾਟਕ ਹੱਥ ਵਿਚ ਲੈਣ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ ਤੇ ਇਕ ਵਾਰੀ ਹੱਥ ਵਿਚ ਲੈ ਕੇ ਫੇਰ ਉਸ ਨੂੰ ਤਨਕੀਦੀ ਨਜ਼ਰ ਨਾਲ ਕਦੇ ਨਹੀਂ ਵੇਖਣਾ ਚਾਹੀਦਾ।
ਡਾਇਰੈਕਟਰ ਦਾ ਕੰਮ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨਾ ਨਹੀਂ। ਉਸ ਦਾ ਕੰਮ ਹੈ, ਲੇਖਕ ਦੇ ਆਸ਼ਿਆਂ ਦੀ ਪੂਰਤੀ ਕਰਨਾ। ਉਹਨਾਂ ਨੂੰ ਰੂਪ-ਰੰਗ ਦਾ ਵੇਸ ਦੇ ਕੇ ਦਰਸ਼ਕਾਂ ਦੇ ਸਨਮੁਖ ਨਿਖਾਰਨਾ। ਜਿਹੜੇ ਨਿਰਦੇਸ਼ਕ ਰਿਹਰਸਲਾਂ ਦੌਰਾਨ ਮੂਲ ਨਾਟਕ ਵਿਚ ਮਨ-ਮਾਨੇ ਪਰਿਵਰਤਨ ਕਰਦੇ ਹਨ, ਉਹ ਕੋਈ ਚੰਗਾ ਕੰਮ ਨਹੀਂ ਕਰਦੇ। ਲੇਖਕ ਦੀ ਸਲਾਹ ਲਏ ਬਿਨਾਂ ਪਰਿਵਰਤਨ ਕਰਨਾ ਅੱਯਾਰੀ ਹੈ।
ਅੱਬਾਸ ਦੇ ਨਾਟਕ ਵਿਚ ਬਹੁਤ ਕਮਜ਼ੋਰੀਆਂ ਸਨ। ਮੇਰੇ ਸਾਥੀ ਕਈ ਵਾਰੀ ਉਹਨਾਂ ਵਲ ਮੇਰਾ ਧਿਆਨ ਖਿੱਚਦੇ ਹਨ ਪਰ ਅੱਬਾਸ ਨਾਲ ਜ਼ਿਕਰ ਕਰਨ ਤੋਂ ਪਹਿਲਾਂ ਮੈਂ ਨਾਟਕ ਨੂੰ ਫੇਰ ਗੌਰ ਨਾਲ ਪੜ੍ਹਦਾ, ਤੇ ਹਰ ਸਵਾਲ ਦਾ ਹੱਲ ਨਾਟਕ ਦੇ ਅੰਦਰ ਹੀ ਮੈਨੂੰ ਮਿਲ ਜਾਂਦਾ। ਮੈਂ ਅੱਬਾਸ ਦੀ ਕਾਬਲੀਅਤ ਉਪਰ ਅਸ਼-ਅਸ਼ ਕੀਤੇ ਬਿਨਾਂ ਨਾ ਰਹਿ ਸਕਦਾ। ਭਾਵੇਂ ਕੁਝ ਕਹਿ ਲਓ, ਅੱਬਾਸ ਦੇ ਨਾਟਕਾਂ ਵਿਚ ਇਕ ਮਣਕਾ ਹੁੰਦਾ ਹੈ, ਇਕ ਅਨੋਖਾਪਨ, ਇਕ ਮਨੋਰੰਜਕ ਲੋਚ ਜੋ ਮੈਂ ਫੇਰ ਹਿੰਦੀ-ਉਰਦੂ ਦੇ ਹੋਰ ਕਿਸੇ ਨਾਟਕਕਾਰ ਵਿਚ ਘਟ-ਵਧ ਈ ਵੇਖਿਆ ਹੈ। ਕਾਸ਼! ਅੱਬਾਸ ਨੇ ਆਪਣੀ ਏਸ ਲਭਤ ਵਲ ਵਿਸ਼ੇਸ਼ ਧਿਆਨ ਦਿੱਤਾ ਹੁੰਦਾ! ਉਹ ਸਿਖਰਾਂ ਛੋਹ ਸਕਦਾ ਸੀ। ਬਾਹਰਹਾਲ ਡਾਇਰੈਕਟਰ ਦੀ ਕਲਪਨਾ ਨੂੰ ਤੁਣਕੇ ਦੇਣ ਲਈ ਅੱਬਾਸ ਦੇ ਨਾਟਕਾਂ ਵਿਚ ਭਰਪੂਰ ਮਸਾਲੇ ਹੁੰਦੇ ਹਨ।
ਰਿਹਰਸਲ ‘ਤੇ ਆਣ ਤੋਂ ਪਹਿਲਾਂ ਮੈਂ ਪਾਤਰ ਦੀਆਂ ਹਰਕਤਾਂ ਦਾ ਪੂਰਾ ਨਕਸ਼ਾ ਮਨ ਵਿਚ ਬਿਠਾ ਲੈਂਦਾ ਸਾਂ ਜਿਸ ਕਾਰਨ ਕਈ ਵਾਰੀ ਉਹ ਬਹੁਤ ਮਜ਼ੇਦਾਰ ਹੋ ਜਾਂਦੀਆਂ ਸਨ।
ਪਰ ਅਣ-ਸਿਖਿਆ ਅਤੇ ਅਣ-ਗੁੜਿਆ ਹੋਣ ਕਰਕੇ ਮੇਰੇ ਕੋਲੋਂ ਸਖਤ ਗਲਤੀਆਂ ਵੀ ਸਰਜ਼ੱਦ ਹੋ ਜਾਂਦੀਆਂ ਸਨ। ਦੇਵ ਆਨੰਦ ਨੂੰ ਸ਼ੈਦ ਗੁੱਸਾ ਖਾ ਕੇ ਕਦੇ ਮੈਂ ਕਹਿ ਬੈਠਾ, “ਯਾਰ ਤੂੰ ਤਾਂ ਕਦੇ ਐਕਟਰ ਨਹੀਂ ਬਣ ਸਕਦਾ।” ਮੈਨੂੰ ਨਹੀਂ ਯਾਦ ਸਗੋਂ ਇਹ ਪੱਕੀ ਤਰ੍ਹਾਂ ਯਾਦ ਹੈ ਕਿ ਜਦੋਂ ਉਹਨੂੰ ਪ੍ਰਭਾਤ ਫਿਲਮ ਕੰਪਨੀ ਵਲੋਂ ਇੰਟਰਵਿਊ ਲਈ ਬੁਲਾਵਾ ਆਇਆ ਤਾਂ ਮੈਂ ਉਹਨੂੰ ਚੇਤਨ ਤੋਂ ਚੋਰੀ ਪੂਨੇ ਨਠਾ ਦਿੱਤਾ ਸੀ, ਅਤੇ ਤਾਕੀਦ ਕੀਤੀ ਸੀ ਕਿ ਜੇ ਉਹ ਉਹਨੂੰ ਕਾਂਟਰੈਕਟ ਪੇਸ਼ ਕਰਨ ਤਾਂ ਕਿਸੇ ਸੂਰਤ ਇਨਕਾਰ ਨਾ ਕਰੇ, ਭਾਵੇਂ ਸ਼ਰਤਾਂ ਕਿਤਨੀਆਂ ਵੀ ਔਖੀਆਂ ਹੋਣ। ਇੰਜ ਇਕ ਤਰ੍ਹਾਂ ਦੇਵ ਨੂੰ ਫਿਲਮਾਂ ਵਿਚ ਧੱਕਣ ਲਈ ਮੈਂ ਹੀ ਜ਼ਿੰਮੇਵਾਰ ਹਾਂ। ਫੇਰ ਵੀ ਨਾਸਮਝੀ ਵਿਚ ਆਖੀ ਗੱਲ ਦੇਵ ਨੂੰ ਸਖਤ ਚੁੱਭੀ ਸੀ, ਅਤੇ ਫਿਲਮੀ ਪੱਤਰਕਾਰਾਂ ਨੇ ਇਸ ਨੂੰ ਦਿਲ ਖੋਲ੍ਹ ਕੇ ਉਛਾਲਿਆ ਹੈ।
ਇਸ ਤੋਂ ਸਾਫ ਪ੍ਰਗਟ ਹੁੰਦਾ ਹੈ ਕਿ ਨਿਰਦੇਸ਼ਕ ਨੂੰ ਕਦੇ ਵੀ ਸਵੈ-ਸੰਜਮ ਛੱਡਣਾ ਨਹੀਂ ਚਾਹੀਦਾ, ਕਦੇ ਵੀ ਕੋਈ ਗੱਲ ਐਸੀ ਮੂੰਹੋਂ ਨਹੀਂ ਕੱਢਣੀ ਚਾਹੀਦੀ ਜਿਸ ਨਾਲ ਕਲਾਕਾਰ ਦਾ ਦਿਲ ਦੁਖੇ ਜਾਂ ਹੌਸਲਾ ਪਸਤ ਹੋਵੇ। ਮੈਂ ਇਕ ਵਾਰੀ ਨਹੀਂ, ਅਨੇਕਾਂ ਵਾਰੀ ਅਜਿਹੀਆਂ ਗਲਤੀਆਂ ਕਰ ਚੁੱਕਿਆ ਹਾਂ ਜਿਸ ਦਾ ਮੈਨੂੰ ਬੜਾ ਡੂੰਘਾ ਦੁੱਖ ਹੈ। ਉਹ ਮੇਰੀ ਅਗਿਆਨਤਾ ਦਾ ਹੀ ਨਤੀਜਾ ਸਨ।
ਸ਼ੋਅ ਵਿਚ ਕੇਵਲ ਚਾਰ ਦਿਨ ਬਾਕੀ ਰਹਿ ਗਏ ਸਨ। ਮੁਨਸ਼ੀ ਬੇਦਿਲ ਵਾਲਾ ਮਾਮਲਾ ਹਾਲੇ ਵੀ ਹਵਾ ਵਿਚ ਲਟਕਿਆ ਹੋਇਆ ਸੀ। ਨਾ ਰਸ਼ੀਦ ਖਾਨ ਆਪਣੀ ਜ਼ਿਦ ਛਡਣ ਨੂੰ ਤਿਆਰ ਸਨ, ਨਾ ਹੀ ਮੈਂ ਪਰ ਕਲਾਕਾਰ ਆਖਰ ਕਲਾਕਾਰ ਹੀ ਹੁੰਦਾ ਹੈ। ਮੇਰੀ ਤਰਸਯੋਗ ਹਾਲਤ ਵੇਖ ਕੇ ਆਖਰ ਉਹਨਾਂ ਨੂੰ ਹੀ ਹਾਰ ਮੰਨਣੀ ਪਈ ਪਰ ਹੁਣ ਪਾਰਟ ਯਾਦ ਕਰਨ ਦਾ ਸਮਾਂ ਨਹੀਂ ਸੀ ਰਿਹਾ। ਮੁਨਸ਼ੀ ਬੇਦਿਲ ਸਟੇਜ ਉਤੇ ਅਖਬਾਰ ਪੜ੍ਹਦੇ ਹੋਏ ਦਾਖਲ ਹੁੰਦੇ ਸਨ। ਉਸ ਵਿਚ ਉਹਨਾਂ ਆਪਣਾ ਪਾਰਟ ਲੁਕਾ ਕੇ ਰੱਖਿਆ ਹੁੰਦਾ ਸੀ। ਹਰ ਸੀਨ ਵਿਚ ਉਹ ਆਪਣਾ ਪਾਰਟ ਪੜ੍ਹ ਕੇ ਹੀ ਖੇਡਦੇ ਰਹੇ ਪਰ ਦਰਸ਼ਕਾਂ ਨੂੰ ਇਸ ਗੱਲ ਦਾ ਗੁਮਾਨ ਵੀ ਨਹੀਂ ਹੋਇਆ ਸਗੋਂ ‘ਜ਼ੁਬੈਦਾ’ ਨਾਟਕ ਦੀ ਕਾਮਯਾਬੀ ਬਹੁਤਾ ਕਰਕੇ ਮੁਨਸ਼ੀ ਬੇਦਿਲ ਦੇ ਕਿਰਦਾਰ ਨਾਲ ਹੀ ਜੁੜ ਗਈ। ਇਤਨੀ ਚਰਚਾ ਹੋਈ ਕਿ ਚਾਰੋਨਾਚਾਰ ਵਿਚਾਰੇ ਰਸ਼ੀਦ ਖਾਨ ਨੂੰ ਰੇਡੀਓ ਛੱਡ ਕੇ ਫੇਰ ਫਿਲਮਾਂ-ਨਾਟਕਾਂ ਵਿਚ ਖਪਤ ਹੋਣਾ ਪਿਆ।
ਸ਼ੋਅ ਵਾਲੇ ਦਿਨ ਤੀਕਰ ਨਾਟਕ ਦੀ ਕਿਸ਼ਤੀ ਡਾਵਾਂਡੋਲ ਰਹੀ। ਐਨ ਪੜਦਾ ਉੱਠਣ ਤੋਂ ਪਹਿਲਾਂ ਚੇਤਨ ਨੂੰ ਸਖਤ ਦਮੇ ਦਾ ਦੌਰਾ ਛਿੜ ਪਿਆ, ਅਤੇ ਛੇਤੀ ਛੇਤੀ ਮੇਕ-ਅਪ ਕਰਕੇ ਹੀਰੋ ਦਾ ਰੋਲ ਮੈਨੂੰ ਆਪ ਕਰਨਾ ਪਿਆ। ਮੈਂ ਉਸ ਦੀਆਂ ਰਿਹਰਸਲਾਂ ਤਾਂ ਨਹੀਂ ਸਨ ਕੀਤੀਆਂ ਹੋਈਆਂ ਪਰ ਡਰਾਮਾ ਸ਼ੁਰੂ ਤੋਂ ਅਖੀਰ ਤਕ ਮੈਨੂੰ ਯਾਦ ਹੋ ਚੁੱਕਿਆ ਸੀ। ਏਸ ਕਰਕੇ ਬਚਾਅ ਹੋ ਗਿਆ। ਕਿਸਮਤ ਨਾਲ ਮੈਂ ਔਖੇ ਵੇਲੇ ਸਹਾਇਕ ਹੋਣ ਲਈ ਆਪਣੇ ਨਿੱਕੇ ਵੀਰ ਭਸ਼ਿਮ ਸਾਹਨੀ ਨੂੰ ਰਾਵਲਪਿੰਡੀਓਂ ਬੁਲਾ ਲਿਆ ਸੀ। ਪਹਿਲੇ ਸ਼ੋਅ ਵਿਚ ਉਹਨੇ ਇਕ ਨਹੀਂ, ਘਟੋ-ਘਟ ਤਿੰਨ ਨਿਕੇ ਕਿਰਦਾਰ, ਮੇਕ-ਅਪ ਬਦਲ ਬਦਲ ਕੇ, ਬੜੀ ਖੁਸ਼ ਅਸਲੂਬੀ ਨਾਲ ਨਿਭਾਏ। ਇਕ ਸੀਨ ਵਿਚ ਉਹ ਮਿਉਂਸਿਪੈਲਟੀ ਦੇ ਕਰਮਚਾਰੀ ਦੇ ਰੂਪ ਵਿਚ ਗਲੀ ਦੀ ਲਾਲਟੈਣ ਜਗਾਣ ਆਇਆ ਜਿਸ ਹੇਠਾਂ ਮੂੜ੍ਹਿਆਂ ‘ਤੇ ਬਹਿ ਕੇ ਮੀਰ ਸਾਹਿਬ, ਮਿਰਜ਼ਾ, ਸੇਠ ਸਾਹਬ ਅਤੇ ਮੁਨਸ਼ੀ ਬੇਦਿਲ ਦੀ ਗੱਪ ਗੋਸ਼ਟੀ ਹੁੰਦੀ ਸੀ। ਪਾਰਟ ਨਾ ਉਹਨੂੰ ਯਾਦ ਸੀ, ਨਾ ਮੁਨਸ਼ੀ ਬੇਦਿਲ ਨੂੰ। ਪਤਾ ਨਹੀਂ ਕਿਸ ਗੱਲ ਤੋਂ ਦੋਵੇਂ ਇਕ ਦੂਜੇ ਨਾਲ ਤੜਿੰਗ ਹੋ ਪਏ। ਉਹ ਝਪਟ ਇਤਨੀ ਸੁਭਾਵਕ, ਸੁਆਦਲੀ ਅਤੇ ਮਜ਼ੇਦਾਰ ਸਿੱਧ ਹੋਈ ਕਿ ਸਦਾ ਲਈ ਡਰਾਮੇ ਦਾ ਭਾਗ ਬਣ ਗਈ।
ਤਮਾਮ ਮੁਸ਼ਕਿਲਾਂ ਦੇ ਬਾਵਜੂਦ ਨਾਟਕ ਨੂੰ ਆਸ ਤੋਂ ਵਧ ਕਾਮਯਾਬੀ ਹਾਸਲ ਹੋਈ। ਦਰਸ਼ਕਾਂ ਦੇ ਐਨ ਵਿਚਕਾਰੋਂ ਜਦੋਂ ਬੈਂਡ ਅਤੇ ਘੋੜੀ ਸਮੇਤ ਲਾੜੇ ਦੀ ਬਰਾਤ ਢੁੱਕੀ ਤਾਂ ਥੇਟਰ ਦੀਆਂ ਕੰਧਾਂ ਤਾੜੀਆਂ ਦੀ ਕੜਕਾ