ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਸੰਨ 2004 ਵਿਚ ਜਦੋਂ ਮੈਂ ਅਮਰੀਕਾ ਪਹੁੰਚਿਆ ਤਾਂ ਇਥੇ ਆਪਣੇ ਸ਼ਹਿਰ ਸੈਨ ਹੋਜ਼ੇ ਦੇ ਗੁਰਦੁਆਰੇ ਵਿਚ ਇਹ ਦੇਖ ਕੇ ਬੜਾ ਹੈਰਾਨ ਹੋਇਆ ਕਰਾਂ ਕਿ ਇਥੇ ‘ਗਰੀਨ ਕਾਰਡ’ ਲੈਣ ਲਈ ਲੋਕੀਂ ਕਿਵੇਂ ਅਰਦਾਸਾਂ ਕਰਵਾ ਰਹੇ ਨੇ, ਕੋਈ ਗਰੀਨ ਕਾਰਡ ਮਿਲਣ ‘ਤੇ ‘ਕੋਟਾਨਿ ਕੋਟਿ’ ਸ਼ੁਕਰਾਨੇ ਵਜੋਂ ਅਖੰਡ ਪਾਠ ਕਰਵਾ ਰਿਹਾ ਹੁੰਦਾ; ਕੋਈ ਇਸ ਖਾਤਰ ਅਖੰਡ ਪਾਠ ਕਰਵਾਉਣ ਦੀਆਂ ਸੁੱਖਾਂ ਸੁੱਖ ਰਿਹਾ ਹੁੰਦਾ; ਕੋਈ ਹੋਰ ਲੰਗਰ ਵਾਸਤੇ ਰਸਦਾਂ-ਵਸਤਾਂ ਦੀ ਗੋਲਕ ਕੋਲ ਢੇਰੀ ਲਾ ਕੇ ਭਾਈ ਜੀ ਦੇ ਕੰਨਾਂ ਵਿਚ ਗਰੀਨ ਕਾਰਡ ਦੀ ਯਾਚਨਾ ਲਈ ਕਹਿ ਰਿਹਾ ਹੁੰਦਾ। ਭਾਈ ਜੀ ਵੱਲੋਂ ਕੀਤੀ ਜਾਂਦੀ ਅਰਦਾਸ ਵਿਚ ਗਰੀਨ ਕਾਰਡ ਦੀ ਚਾਹਨਾ ਰੱਖਣ ਵਾਲਿਆਂ ਦੀ ਗਜ਼ ਭਰ ਲੰਮੀ ਲਿਸਟ ਸੁਣ-ਸੁਣ ਕੇ ਮੇਰੀ ਹੈਰਾਨੀ ਵਧਦੀ ਰਹਿੰਦੀ।
ਕਾਨੂੰਨੀ ਢੰਗ ਨਾਲ ਇੱਥੇ ਆਇਆ ਹੋਣ ਕਾਰਨ, ਕਿਉਂਕਿ ਮੈਨੂੰ ਇਹ ਸੁਭਾਗਾ ਕਾਰਡ ਹਫਤੇ ਕੁ ਬਾਅਦ ਹੀ ਘਰੇ ਬੈਠੇ ਬਿਠਾਏ ਨੂੰ ਮਿਲ ਗਿਆ ਸੀ, ਇਸ ਲਈ ਮੈਨੂੰ ਇਸ ਦੇ ‘ਅਸਲ ਮੁੱਲ’ ਬਾਬਤ ਕੋਈ ਜਾਣਕਾਰੀ ਨਹੀਂ ਸੀ। ਸੋ ਮੈਂ ਆਪਣੀ ਹੈਰਾਨੀ ਮੁਕਾਉਣ ਲਈ ਨਵੇਂ-ਨਵੇਂ ਬਣੇ ਇਕ ਦੋਸਤ ਨੂੰ ਪੁੱਛ ਬੈਠਾ ਕਿ ਇਥੇ ਗਰੀਨ ਕਾਰਡ ਦੀ ਮੁੰਡਾ ਜੰਮਣ ਨਾਲੋਂ ਵੀ ਵੱਧ ਖੁਸ਼ੀ ਕਿਉਂ ਕੀਤੀ ਜਾਂਦੀ ਹੈ? ਉਸ ਨੇ ਹੱਸਦਿਆਂ ਬੜਾ ਦਿਲਚਸਪ ਜਵਾਬ ਦਿੱਤਾ, “ਮੁੰਡੇ ਦਾ ਕੀ ਐ? ਵਿਆਹਿਆਂ ਵਰ੍ਹਿਆਂ ਦੇ ਸਾਲ ਦੋ ਸਾਲ ਵਿਚ ਮੁੰਡਾ ਆ ਹੀ ਜਾਂਦਾ ਹੈ। ਅਗਰ ਕੁੜੀ ਹੋ ਜਾਏ ਤਾਂ ਅਗਲੇ ਸਾਲ ਮੁੰਡਾ ਵੀ ਆ ਜਾਂਦੈ। ਇੱਥੇ ਗਰੀਨ ਕਾਰਡ ਨੂੰ ਉਡੀਕਦਿਆਂ ਕਈਆਂ ਨੇ ਵਿਆਹ ਰੋਕੇ ਹੋਏ ਐ, ਕੋਈ ਪੰਦਰਾਂ-ਵੀਹ ਸਾਲ ਤੋਂ ਇਸ ਦੀ ਉਡੀਕ ‘ਚ ਸਾਰੀ ਕਮਾਈ ਵਕੀਲਾਂ ਨੂੰ ਲੁਟਾਈ ਜਾ ਰਿਹੈ, ਕਈ ਵਿਚਾਰੇ ਬੁੱਢੇ ਹੋ ਚੱਲੇ ਐ, ਇਸ ‘ਹਰੇ ਪੱਤੇ’ ਨੂੰ ਉਡੀਕਦੇæææਇਸ ਲਈ ਇੱਥੇ ਮੁੰਡਾ ਨਹੀਂ, ਗਰੀਨ ਕਾਰਡ ਹੀ ਅਮੋਲਕ ਵਸਤੂ ਹੈ।” ਨਾਲ ਹੀ ਉਸ ਨੇ ਮੈਨੂੰ ਵੀ ‘ਟਕੋਰ’ ਮਾਰ ਦਿੱਤੀ, ਅਖੇ, ਤੁਸੀਂ ਤਾਂ ਅਮਰੀਕਾ ਆਏ ਹੋ ਸੱਗੇ-ਰੱਤੇ ਪ੍ਰਾਹੁਣਿਆਂ ਵਾਂਗ, ਤੁਸੀਂ ਕੀ ਜਾਣੋ ਗਰੀਨ ਕਾਰਡ ਦੀ ਕੀਮਤ? ਤੁਹਾਨੂੰ ਤਾਂ ਬੈਠੇ-ਸੁੱਤਿਆਂ ਨੂੰ ਫੜਾ ਗਏ ਹੋਣੇ ਐਂ ਡਾਕਖਾਨੇ ਵਾਲੇ!
ਲਉ ਜੀ, ਹੌਲੀ-ਹੌਲੀ ਸਮਾਂ ਲੰਘਦਾ ਗਿਆ। ਅਸੀਂ ਵੀ ‘ਨਵੇਂ-ਨਵੇਂ ਆਏ ਹਾਂ ਜੀ!’ ਕਹਿਣੋਂ ਹਟਦੇ ਗਏ। ਕੰਮਾਂ-ਕਾਰਾਂ ‘ਚ ਵਿਚਦਿਆਂ ਇਧਰੋਂ ਉਧਰੋਂ, ਗਰੀਨ ਕਾਰਡ ਦੀ ਤਾਂਘ ਵਿਚ ਬੈਠਿਆਂ ਦੇ ਦੁਖੜੇ ਸੁਣੇ। ਵਿੰਗੇ-ਟੇਢੇ ਤਰੀਕਿਆਂ ਨਾਲ ਅਮਰੀਕਾ ਪਹੁੰਚੇ ਮੁੰਡਿਆਂ ਵੱਲੋਂ ਸੌ-ਸੌ ਪਾਪੜ ਵੇਲਣ ਦੀਆਂ, ਲੂੰ ਕੰਡੇ ਖੜ੍ਹੇ ਕਰ ਦੇਣ ਵਾਲੀਆਂ ਕਹਾਣੀਆਂ ਸੁਣ ਕੇ ਗਰੀਨ ਕਾਰਡ ਮਹਾਰਾਜ ਦੀ ਮਹੱਤਤਾ ਦਾ ਪਤਾ ਲੱਗਿਆ। ਜਿਉਂ-ਜਿਉਂ ਟੁੱਟਵੇਂ-ਟੁੱਟਵੇਂ ਸਮੇਂ ਲਈ ਮਿਲਦੇ ਵਰਕ ਪਰਮਿਟਾਂ ‘ਤੇ ਕੰਮ ਕਰਦੇ ਵਿਅਕਤੀਆਂ ਨਾਲ ਮੇਲ-ਮਿਲਾਪ ਵਧਦਾ ਗਿਆ, ਆਪਣੇ ‘ਗਰੀਨ ਕਾਰਡ ਹੋਲਡਰ’ ਹੋਣ ‘ਤੇ ਫ਼ਖ਼ਰ ਵੀ ਹੋਣ ਲਗਦਾ।
ਕਿਸੇ ਸਮਾਜ ਸ਼ਾਸਤਰੀ ਨੇ ਮਨੁੱਖ ਦੀ ਅਜੀਬੋ-ਗਰੀਬ ਫਿਤਰਤ ਦੀ ਵਿਆਖਿਆ ਕਰਦਿਆਂ ਲਿਖਿਆ ਹੈ ਕਿ ਇਹ ਹਮੇਸ਼ਾ ਉਸ ਚੀਜ਼ ਲਈ ਤੜਫਦਾ ਰਹਿੰਦਾ ਹੈ, ਜਿਹੜੀ ਇਸ ਦੀ ਪਹੁੰਚ ਤੋਂ ਦੂਰ ਹੋਵੇ। ਮਿਸਾਲ ਦੇ ਤੌਰ ‘ਤੇ ਅਸੀਂ ਭਰ ਸਿਆਲ ਵਿਚ ਆਖ ਦਿੰਦੇ ਹਾਂ ਕਿ ਐਸ ਨਿਕੰਮੇ ਮੌਸਮ ਨਾਲੋਂ ਗਰਮੀਆਂ ਚੰਗੀਆਂ! ਬੰਦਾ ਹਲਕੇ-ਫੁਲਕੇ ਕੱਪੜੇ ਪਾ ਕੇ ਜਿਥੇ ਮਰਜ਼ੀ ਫਿਰੇ; ਪਰ ਗਰਮੀਆਂ ‘ਚ ਤ੍ਰਹਿੰਦੇ ਹੋਏ ਸਰਦੀਆਂ ਨੂੰ ਸਲਾਹੁੰਦੇ ਰਹਿੰਦੇ ਹਾਂ ਕਿ ਲੂਹ ਦੇਣ ਵਾਲੀ ਇਸ ਰੁੱਤ ਨਾਲੋਂ ਸਿਆਲ ਸੌ ਗੁਣ ਚੰਗਾ ਹੁੰਦੈ!! ਕੋਟ-ਜੈਕਟਾਂ ਪਹਿਨ ਕੇ ਨਾਲੇ ਨਿੱਘ ਮਾਣੋ, ਨਾਲੇ ਕੰਮ-ਧੰਦੇ ਲੱਗੇ ਰਹੋ!!!
ਇਸ ਦੁਵੱਲੀ ਫਿਤਰਤ ਦੇ ਰੰਗ ‘ਚ ਰੰਗੇ ਹੋਏ ਕਦੀ ਅਸੀਂ ਵੀ ਅਮਰੀਕਾ ਆਉਣ ਲਈ ਤਰਸਦੇ ਹੁੰਦੇ ਸਾਂ। ਅਸੀਂ ਵੀ ਕਦੇ ਅਰਦਾਸਾਂ ਕਰਦੇ-ਕਰਵਾਉਂਦੇ ਸਾਂ। ਡਾਕੀਏ ਦੇ ਸਾਇਕਲ ਦੀ ਘੰਟੀ ਖੜਕਣ ‘ਤੇ ਸਾਡੇ ਵੀ ਕੰਨ ਖੜ੍ਹੇ ਹੋ ਜਾਂਦੇ ਕਿ ਅੱਜ ਸ਼ਾਇਦ ਅੰਬੈਸੀ ਦੀ ਚਿੱਠੀ ਆਈ ਹੋਵੇਗੀ। ਵਾਲ ਦੀ ਖੱਲ ਲਾਹੁਣ ਵਰਗੇ ਅਮਰੀਕਨ ਇਮੀਗ੍ਰੇਸ਼ਨ ਦੇ ਵਿਧੀ-ਵਿਧਾਨ ਦਾ ਭਵ ਸਾਗਰ ਪਾਰ ਕਰ ਕੇ ਅਮਰੀਕਾ ਆਣ ਪਹੁੰਚੇ। ਚੜ੍ਹ ਗਏ ਮਸ਼ੀਨੀ ਪਟੇ ‘ਤੇ, ਫੜ ਲਏ ਲੰਚ ਬਕਸ, ਲੱਗ ਪਏ ਅਲਾਰਮਾਂ ਦੀਆਂ ਘੰਟੀਆਂ ਨਾਲ ਉਭੜਵਾਹੇ ਉਠਣ। ਘਰ ਦੇ ਜੀਆਂ ਦੀ ਸ਼ੁਰੂ ਹੋ ਗਈ ‘ਆਇਆ ਰਾਮ ਗਿਆ ਰਾਮ!’ ਹੋ ਗਏ ਇਕ-ਦੂਜੇ ਦੇ ਦਰਸ਼ਨ ਦੀਦਾਰੇ ਮਹਿੰਗੇ। ਮੇਲ-ਬਾਕਸ ਵਿਚੋਂ ਹੋਣ ਲੱਗ ਪਈ ਬਿੱਲਾਂ ਦੀ ਬਰਸਾਤ! ਭੁੱਲ ਗਈਆਂ ਸੰਗਰਾਂਦਾਂ-ਲੋਹੜੀਆਂ, ਦੀਵਾਲੀਆਂ!! ਡਾਲਰਾਂ ਨੂੰ ਪੰਜਾਹ-ਸੱਠਾਂ ਨਾਲ ਗੁਣਾਂ ਕਰਨ ਵਾਲੀ ਪੰਜਾਬ ਵਾਲੀ ਬਿਰਤੀ ਕਿਧਰੇ ਲੋਪ ਹੋ ਗਈ। ਡਾਲਰ ਆ ਗਿਆ ਆਪਣੀ ਆਨੇ ਵਾਲੀ, ਨਹੀਂ ਸੱਚ ‘ਇਕ ਰੁਪਏ’ ਵਾਲੀ ਜਗ੍ਹਾ!
ਪਰਵਾਸੀ ਹੋਣ ਦੀਆਂ ਰੀਝਾਂ ਪੂਰੀਆਂ ਹੋਈਆਂ ਤਾਂ ਹੁਣ ਦਿਲ ਫਿਰ ਦੇਸ ਲਈ ਕਲਪਣ ਲੱਗ ਪਿਆ। ਵਤਨ ਦੇ ਦਿਨ-ਦਿਹਾਰਾਂ ਜਾਂ ਇਤਿਹਾਸਕ ਜੋੜ ਮੇਲਿਆਂ ਮੌਕੇ ‘ਕੁਸ਼ ਨੀ ਯਾਰ ਪਰਦੇਸ!’ ਆਪ-ਮੁਹਾਰੇ ਮੂੰਹੋਂ ਨਿਕਲ ਜਾਂਦਾ ਐ। ਇਸੇ ਹੇਰਵੇ ਵਿਚ ਕਲਮ-ਘੜੀਸੀ ਹੋਰ ਤੇਜ਼ ਕਰ ਲਈ। ਅਮਰੀਕਾ ਕੈਨੇਡਾ ਦੀ ਸੁਖਮਈ ਜ਼ਿੰਦਗੀ ਤਿਆਗ ਕੇ ਦੇਸ ਜਾਣ ਵਾਲੇ ਗਦਰੀ ਬਾਬੇ ਚੰਗੇ-ਚੰਗੇ ਲੱਗਣ ਲੱਗੇ। ਇਕ ਸਦੀ ਪਹਿਲੋਂ ਦੇ ਉਸ ਵਕਤ ਦੀ, ਵਰਤਮਾਨ ਨਾਲ ਤੁਲਨਾ ਕਰਦਿਆਂ, ਸੁਤੇ ਹੀ ਮੇਰੇ ਮਨ ਵਿਚ ਇਹ ਸਵਾਲ ਕਰਵਟਾਂ ਲੈਣ ਲੱਗਾ ਕਿ ਉਦੋਂ ਸੈਂਕੜੇ ਵਤਨੀਆਂ ਨੇ ਬਣਾਈਆਂ ਜਾਇਦਾਦਾਂ ਸਮੇਤ ਗਰੀਨ ਕਾਰਡਾਂ ਨੂੰ ਲੱਤ ਮਾਰ ਕੇ ਦੇਸ ਦੀ ਵਿਗੜੀ ਸਵਾਰਨ ਲਈ ਚਾਲੇ ਪਾ ਦਿੱਤੇ ਸਨ। ਕੀ ਅੱਜ ਵੀ ਕੋਈ ਮਾਈ ਦਾ ਲਾਲ ਐਸਾ ਹੋਵੇਗਾ ਜੋ ਗਦਰੀ ਬਾਬਿਆਂ ਵਾਂਗ ਕੁਰਬਾਨੀ ਲਈ ਨਾ ਵੀ ਸਹੀ, ਵੈਸੇ ਹੀ ਬਣਿਆ-ਬਣਾਇਆ ਗਰੀਨ ਕਾਰਡ ਛੱਡ ਕੇ ਆਪਣੇ ਵਤਨ ਨੂੰ ਮੋਹ ਨਾਲ ਤੁਰ ਗਿਆ ਹੋਵੇ ਕਿ ਉਥੇ ਆਪਣੀ ਜੰਮਣ-ਭੋਇੰ ਹੀ ਠੀਕ ਐ!
ਅਖ਼ਬਾਰ, ਰਸਾਲੇ ਜਾਂ ਹੋਰ ਸੰਚਾਰ ਸਾਧਨ ਵਾਚਦਿਆਂ ਇਹ ਸਵਾਲ ਮੇਰੇ ਦਿਲ ਦਿਮਾਗ ਵਿਚ ਛਾਇਆ ਰਹਿੰਦਾ। ਗਰੀਨ ਕਾਰਡ ਲਈ ਤੜਫਣ ਵਾਲਿਆਂ ਦੀਆਂ ਕਈ ਤਰ੍ਹਾਂ ਦੀਆਂ ਉਦਾਸ ਕਰਨ ਵਾਲੀਆਂ ਗੱਲਾਂ ਤਾਂ ਬਥੇਰੀਆਂ ਸੁਣਨ ਨੂੰ ਮਿਲ ਜਾਂਦੀਆਂ, ਜਾਂ ਫਿਰ ਆਪਣੇ ਨਗਰ ਖੇੜੇ ਵਿਚ ਸਰਦਾਰੀ ਕਰਨ ਵਾਲੀਆਂ ਸ਼ਖ਼ਸੀਅਤਾਂ ਵੱਲੋਂ ਇਥੇ ਪੱਕੇ ਹੋਣ ਲਈ ਸੌ-ਸੌ ਜਫ਼ਰ ਜਾਲਣ ਦੀਆਂ ਕਨਸੋਆਂ ਕੰਨੀ ਪੈਂਦੀਆਂ ਰਹੀਆਂ, ਪਰ ਉਲਟੀ ਗੰਗਾ ਪਹੋਏ ਨੂੰ ਵਹਾਉਣ ਵਾਲਾ ਕੋਈ ਨਾ ਲੱਭਿਆ।
ਇਹ ਸੋਚ ਕੇ ਕਿ ਗ਼ਦਰੀ ਯੋਧਿਆਂ ਦੀ ਯਾਦ ਵਿਚ ਧੜਾ-ਧੜ ਕਰਵਾਏ ਜਾਂਦੇ ਸੈਮੀਨਾਰਾਂ, ਨਾਟਕਾਂ ਜਾਂ ਮੇਲਿਆਂ ਵਿਚ ਸ਼ਾਇਦ ਕਿਸੇ ਦੀ ਸੋਚ ਉਬਾਲਾ ਖਾ ਜਾਂਦੀ ਹੋਵੇ! ਅਜਿਹੇ ਕਈ ਮੌਕਿਆਂ ‘ਤੇ ਹਾਜ਼ਰੀ ਭਰੀ, ਪਰ ‘ਐਸਾ ਕੋਈ ਨਾ ਡਿੱਠਾ ਮੈਂ ਢੂੰਡ ਥੱਕੀ’ ਵਾਲੀ ਗੱਲ ਹੀ ਹੁੰਦੀ ਰਹੀ। ਮਹਾਨ ਦੇਸ਼ ਭਗਤ ਗ਼ਦਰੀਆਂ ਨੂੰ ‘ਸਮਰਪਿਤ’ ਮੇਲਿਆਂ ਵਿਚ ਸਟੇਜਾਂ ਉਪਰ ਇਸ ਗੱਲ ਦਾ ਧੂੰਆਂ-ਧਾਰ ਜ਼ਿਕਰ ਕੀਤਾ ਜਾਂਦਾ ਹੈ ਕਿ ਵਿਦੇਸ਼ੀ ਐਸ਼ੋ-ਆਰਾਮ ਦੀ ਥਾਂ, ਗਦਰੀਆਂ ਨੇ ਆਪਣੇ ਵਤਨ ਲਈ ਜੂਝਣ ਦਾ ਫੈਸਲਾ ਕੀਤਾ, ਪਰ ਸਮਾਗਮ ਵਾਲੇ ਹਾਲ ਵਿਚ ਹੀ ਫਿਰ ਐਸੀਆਂ ਗੱਲਾਂ ਕੰਨੀ ਪੈਂਦੀਆਂ, ‘ਧੰਨਾ ਸਿੰਹਾਂ, ਨਿਆਣੇ ਆ ਗਏ ਪਿੰਡੋਂ ਸਾਰੇ?’ ਹਾਂ ਵਿਚ ਇਸ਼ਾਰਾ ਦੇਖ ਕੇ ਪਹਿਲਾ ਆਖਦਾ, ‘ਚੱਲ ਚਿੰਤਾ ਮੁੱਕੀ, ਟੱਬਰ ਇੱਕ ਥਾਂ ‘ਕੱਠਾ ਹੋ ਗਿਐ। ਓਥੇ (ਪੰਜਾਬ ‘ਚ) ਹੁਣ ਕੋਈ ਹੱਜ ਐ ਜੀਣ ਦਾ?’ ਕੋਈ ਪਿੱਛੇ ਰਹਿ ਗਏ ਮੁੰਡੇ ਜਾਂ ਕੁੜੀ ਨੂੰ ਕਿਸੇ ਨਾ ਕਿਸੇ ਤਰ੍ਹਾਂ ਬਾਹਰ ਲੈ ਆਉਣ ਦੀਆਂ ਜੁਗਤਾਂ ਬਣਾਉਣ ‘ਚ ਮਸਰੂਫ ਹੋਇਆ ਹੁੰਦਾ ਹੈ। ਕਿਤੇ ਗਰੀਨ ਕਾਰਡ ਦੀਆਂ ਵਧਾਈਆਂ ਦੀ ਲੈ-ਦੇ ਹੋ ਰਹੀ ਹੁੰਦੀ ਹੈ। ਇਸੇ ਹਾਲ ਵਿਚ ਘੜੀ ਘੰਟਾ ਪਹਿਲਾਂ ਗ਼ਦਰੀ ਦੇਸ਼ ਭਗਤਾਂ ਦੇ ਨਾਮ ‘ਤੇ ਕੱਸ-ਕੱਸ ਕੇ ਤਾੜੀਆਂ ਮਾਰਨ ਵਾਲੇ ਭੱਦਰ ਪੁਰਸ਼, ਦੇਸੋਂ ਬੰਦੇ ਢੋਣ ਦੀਆਂ ਵੱਖ-ਵੱਖ ਵਿਉਂਤਬੰਦੀਆਂ ਬਣਾ ਰਹੇ ਹੁੰਦੇ ਹਨ। ਸਾਰਾ ਸਾਲ ਹੀ ਚੱਲਦੇ ਰਹਿੰਦੇ ਅਜਿਹੇ ਸਮਾਗਮਾਂ ਦੀਆਂ ਖ਼ਬਰਾਂ ਦੀ ਸੁਰਖੀ ਹੁੰਦੀ ਹੈ, ‘ਫਲਾਣਿਆਂ ਵੱਲੋਂ ਕਰਵਾਏ ਗਦਰੀਆਂ ਦੇ ਮੇਲੇ ਨੇ ਅਮਿੱਟ ਪੈੜਾਂ ਛੱਡੀਆਂ।’ ਅੱਠ-ਨੌਂ ਸਾਲਾਂ ਦੇ ਅਮਰੀਕੀ ਪਰਵਾਸ ਦੌਰਾਨ ਮੈਂ ਤਾਂ ਇਨ੍ਹਾਂ ‘ਅਮਿੱਟ ਪੈੜਾਂ’ ਦਾ ਪਾਂਧੀ ਬਣਦਾ ਕੋਈ ਸੂਰਮਾ ਨਹੀਂ ਦੇਖਿਆ! ਨਾ ਹੀ ਕੋਈ ਅਜਿਹੇ ਮੇਲਿਆਂ ਦਾ ਸਰੋਤਾ ਅਤੇ ਨਾ ਹੀ ਕੋਈ ਪ੍ਰਬੰਧਕਾਂ ਵਿਚੋਂ। ਹਾਂ, ਇਕ-ਦੂਜੇ ਨਾਲ ਜ਼ਿਦੋ-ਜ਼ਿਦੀ ‘ਵਿਸ਼ਾਲ ਮੇਲੇ’ ਜ਼ਰੂਰ ਆਏ ਦਿਨ ਹੁੰਦੇ ਰਹਿੰਦੇ ਹਨ। ਹੋ ਸਕਦਾ ਹੈ ਕਿ ਸਾਰੇ ਮੇਰੇ ਵਾਂਗ ਹੀ ਸੋਚਦੇ ਹੋਣ,
ਸੱਚ ਅੱਛਾ ਹੈ! ਪਰ ਇਸ ਕੇ ਲੀਏ
ਕੋਈ ਔਰ ਮਰੇ ਤੋ ਬਹੁਤ ਅੱਛਾ!!
ਕਿਉਂ ਨਾ-ਹੱਕ ‘ਸੁਕਰਾਤ’ ਬਨੋ,
ਕੁਛ ਨਾ ਕਹੋ ਖਾਮੋਸ਼ ਰਹੋ।
ਕਿਸੇ ਵੀ ਚੀਜ਼ ਦਾ ਬੀਜ ਨਾਸ ਨਾ ਹੋਣ ਦੀ ਅਟੱਲ ਸੱਚਾਈ ਬਾਰੇ ਸੋਚਦਿਆਂ, ਹਾਲੇ ਮੈਂ ਕੋਈ ਖਿਆਲੀ ਭਲਾਮਾਣਸ ਮਿਲ ਜਾਣ ਬਾਰੇ ਦੁਚਿੱਤੀ ਵਿਚ ਹੀ ਸਾਂ ਕਿ ਐਤਵਾਰ 11 ਅਗਸਤ ਦੀ ‘ਨਵਾਂ ਜ਼ਮਾਨਾ’ ਅਖ਼ਬਾਰ ਦੇ ਆਖਰੀ ਸਫ਼ੇ ‘ਤੇ ਛਪੀ ਇੰਟਰਵਿਊ ਵਿਚੋਂ ਮੈਨੂੰ ‘ਕੋਈ ਹਰਿਆ ਬੂਟ’ ਲੱਭ ਗਿਆ। ਪੰਜਾਬੀ ਲੇਖਕ ਅਤੇ ਗੀਤਕਾਰ ਅਮਰੀਕ ਸਿੰਘ ਤਲਵੰਡੀ ਨੇ ਆਪਣੀ ਬੀਤੀ ਜ਼ਿੰਦਗੀ ਦੇ ਵੇਰਵੇ ਗਿਣਾਉਂਦਿਆਂ ਇਸ ਇੰਟਰਵਿਊ ਵਿਚ ਜਿਥੇ ਇਹ ਜਾਣਕਾਰੀ ਦਿੱਤੀ ਹੋਈ ਸੀ ਕਿ ਉਹ 23 ਸਾਲ 3 ਮਹੀਨੇ 23 ਦਿਨ ਦੀ ਅਧਿਆਪਨ ਸਰਵਿਸ ਤੋਂ ਸੇਵਾ ਮੁਕਤ ਹੋ ਚੁੱਕਾ ਹੈ, ਅਤੇ 23 ਨਾਮੀ ਕਲਾਕਾਰ ਉਸ ਦੇ ਲਿਖੇ ਹੋਏ ਗੀਤਾਂ ਨੂੰ ਆਵਾਜ਼ ਦੇ ਚੁੱਕੇ ਹਨ; ਉਥੇ ਉਸ ਨੇ ਆਪਣੀ ਅਮਰੀਕਾ ਯਾਤਰਾ ਬਾਰੇ ਵੀ ਸੱਚੋ-ਸੱਚ ਬਿਆਨ ਕੀਤਾ ਹੈ,
“æææਸੰਨ 2008 ਵਿਚ ਮੈਂ ਧੱਕਿਆ-ਧਕਾਇਆ ਅਮਰੀਕਾ ਜਾ ਆਇਆ ਹਾਂ। ਉਥੇ ਮੈਨੂੰ ਮਾਣ-ਤਾਣ ਵੀ ਬਥੇਰਾ ਮਿਲਿਆ। ਕਈ ਥਾਂਵਾਂ ‘ਤੇ ਬੋਲਣ ਦਾ ਮੌਕਾ ਵੀ ਮਿਲਿਆ। ਮੈਨੂੰ ਬਕਾਇਦਾ ਅਮਰੀਕਨ ਗਰੀਨ ਕਾਰਡ ਵੀ ਮਿਲ ਗਿਆ ਸੀ, ਪਰ ਮੈਂ ਇਹ ਸੋਚ ਕੇ ਛੱਡ ਦਿੱਤਾ ਕਿ ਹਰ ਬੰਦੇ ਦੀਆਂ ਤਿੰਨ ਮਾਂਵਾਂ ਹੁੰਦੀਆਂ ਹਨ- ਜਨਮ ਦੇਣ ਵਾਲੀ ਮਾਂ, ਧਰਤੀ ਮਾਂ ਅਤੇ ਮਾਂ ਬੋਲੀ। ਇਨ੍ਹਾਂ ਮਾਂਵਾਂ ਦਾ ਬੰਦੇ ਸਿਰ ਕਰਜ਼ ਹੁੰਦਾ ਹੈ। ਇਸ ਕਰ ਕੇ ਮਾਂ ਧਰਤੀ ਤੋਂ ‘ਡਿਫਾਲਟਰ’ ਵਾਪਸ ਜਾਣ ਦੀ ਬਜਾਏ ਮੈਂ ਗਰੀਨ ਕਾਰਡ ਛੱਡਣ ਦਾ ਫੈਸਲਾ ਕੀਤਾ।”
ਮਾਦਰੇ-ਵਤਨ ਪੰਜਾਬ ਵਿਚ ਰਹਿੰਦਿਆਂ, ਅਮਰੀਕਾ ਦੀਆਂ ਸੁੱਖ-ਸਹੂਲਤਾਂ ਜਾਂ ਸਾਫ਼-ਸਵੱਛ ਪੌਣ-ਪਾਣੀ ਨੂੰ ਚੇਤੇ ਕਰ-ਕਰ ਕੇ ਝੂਰਨ ਦੀ ਥਾਂ ਅਮਰੀਕ ਸਿੰਘ ਤਲਵੰਡੀ ਕਹਿੰਦੇ ਨੇ,
“ਮੈਂ ਆਪਣੀ ਜ਼ਿੰਦਗੀ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਾਂæææਸਾਂਝੇ ਪਰਿਵਾਰ ਵਿਚ ਉਪਰੋਥਲੀ ਅੱਧੀ ਦਰਜਨ ਮੌਤਾਂ ਹੋਣ ਕਰਕੇ ਮੈਂ ਹਰ ਹਫ਼ਤੇ ਕਿਸੇ ਨਾ ਕਿਸੇ ਪਿੰਡ ਜਾਂ ਸ਼ਹਿਰ ਵਿਚ ਮਰਗ ਦੇ ਭੋਗ ਉਪਰ ਬੋਲ ਕੇ ਢਾਰਸ ਦੇ ਰਿਹਾ ਹੁੰਦਾ ਹਾਂ।” ਆਪਣੇ ਪੁਰਖਿਆਂ ਦੇ ਦੇਸ ਵਿਚ ਸਕੂਟਰ ‘ਤੇ ਘੁੰਮਣ ਵਾਲਾ ਇਹ ਅਲਬੇਲਾ ਬੰਦਾ ਧੜੱਲੇ ਨਾਲ ਦੱਸਦਾ ਹੈ, “ਚੜ੍ਹਦੀ ਕਲਾ ਅਤੇ ਧੰਨ ਧੰਨ ਆਖਣਾ ਮੇਰਾ ਤਕੀਆ ਕਲਾਮ ਹੈ।”
Leave a Reply