ਪਿੰਡ ਅਨਾਇਤਪੁਰਾ ਕਾਂਡ ਦੇ ਸਬਕ

ਬੂਟਾ ਸਿੰਘ
ਫੋਨ: +91-94634-74342
ਫਿਰਕਾਪ੍ਰਸਤ ਤਾਕਤਾਂ ਕਿਵੇਂ ਮਾਮੂਲੀ ਨਿੱਜੀ ਝਗੜੇ ਨੂੰ ਫਿਰਕੂ ਲੜਾਈ ਵੱਲ ਧੱਕ ਸਕਦੀਆਂ ਹਨ, ਇਸ ਦੀ ਮਿਸਾਲ ਅੰਮ੍ਰਿਤਸਰ ਜ਼ਿਲ੍ਹੇ ਦੇ ਮਜੀਠਾ ਹਲਕੇ ਦਾ ਪਿੰਡ ਅਨਾਇਤਪੁਰ ਹੈ ਜਿੱਥੇ ਇਨ੍ਹੀਂ ਦਿਨੀਂ ਦੋ ਪਰਿਵਾਰਾਂ ਦੇ ਆਪਸੀ ਝਗੜੇ ਨੂੰ ਸਿੱਖ-ਮੁਸਲਿਮ ਝਗੜਾ ਬਣਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ। ਇਸ ਨਿੱਕੇ ਜਿਹੇ ਪਿੰਡ ਵਿਚ ਤਿੰਨ ਕੁ ਘਰ ਗੁੱਜਰ ਮੁਸਲਮਾਨਾਂ ਦੇ ਹਨ ਅਤੇ 20-25 ਘਰ ਜੱਟਾਂ ਦੇ ਹਨ। ਗੁੱਜਰ ਪਰਿਵਾਰ ਇਕ ਕਿਸਾਨ ਪਰਿਵਾਰ ਵੱਲੋਂ ਦਿੱਤੀ ਜ਼ਮੀਨ ਉੱਪਰ ਰਹਿ ਰਿਹਾ ਹੈ ਜਿਨ੍ਹਾਂ ਦੀ ਆਪਸ ‘ਚ ਉਸੇ ਤਰ੍ਹਾਂ ਪੁਰਾਣੀ ਰੰਜ਼ਿਸ਼ ਚੱਲ ਰਹੀ ਹੈ ਜਿਸ ਤਰ੍ਹਾਂ ਦੀ ਪਿੰਡਾਂ ਵਿਚ ਪਰਿਵਾਰਾਂ ਦਰਮਿਆਨ ਅਕਸਰ ਚੱਲਦੀ ਰਹਿੰਦੀ ਹੈ।

ਥੋੜ੍ਹੇ ਦਿਨ ਪਹਿਲਾਂ ਗੁੱਜਰ ਪਰਿਵਾਰ ਦੇ ਮੈਂਬਰਾਂ ਦਾ ਜੱਟ ਕਿਸਾਨ ਪਰਿਵਾਰ ਨਾਲ ਰਸਤੇ ‘ਚੋਂ ਲੰਘਣ ਸਮੇਂ ਹੋਇਆ ਤਕਰਾਰ ਲੜਾਈ ਦਾ ਫੌਰੀ ਕਾਰਨ ਬਣਿਆ ਜੋ ਆਖਿਰਕਾਰ ਹਿੰਸਕ ਹਮਲੇ ‘ਚ ਬਦਲ ਗਿਆ। ਦੋਨਾਂ ਪਰਿਵਾਰਾਂ ਨੇ ਆਪੋ ਆਪਣੇ ਬੰਦੇ ਇਕੱਠੇ ਕਰ ਲਏ। ਕਿਸਾਨਾਂ ਦਾ ਕਹਿਣਾ ਹੈ ਕਿ ਗੁੱਜਰਾਂ ਕੋਲ ਵੀ ਹਥਿਆਰ ਸਨ ਅਤੇ ਉਨ੍ਹਾਂ ਨੇ ਵੀ ਗੋਲੀਆਂ ਚਲਾਈਆਂ। ਗੁੱਜਰ ਕੁਰਾਨ ਦੀ ਕਸਮ ਖਾ ਕੇ ਔਰਤਾਂ ਨਾਲ ਗ਼ਲਤ ਵਿਹਾਰ ਕਰਨ ਅਤੇ ਹਥਿਆਰਾਂ ਦੀ ਗੱਲ ਤੋਂ ਇਨਕਾਰ ਕਰ ਰਹੇ ਹਨ ਪਰ ਇਹ ਜ਼ਾਹਰਾ ਹਕੀਕਤ ਹੈ ਕਿ ਕਿਸਾਨ ਧਿਰ ਵੱਲੋਂ ਚਲਾਈਆਂ ਗੋਲੀਆਂ ਨਾਲ ਦੋ ਗੁੱਜਰ ਚਾਚਾ-ਭਤੀਜਾ ਮਾਰੇ ਗਏ। ਗੁੱਜਰਾਂ ਦਾ ਇਲਜ਼ਾਮ ਹੈ ਕਿ ਚਾਰ ਪੰਜ ਬੰਦਿਆਂ ਵੱਲੋਂ ਉਨ੍ਹਾਂ ਉੱਪਰ ਸੌ ਤੋਂ ਵੱਧ ਗੋਲੀਆਂ ਚਲਾਈਆਂ ਗਈਆਂ। ਦੋਵੇਂ ਧਿਰਾਂ ਦੂਜੇ ਨੂੰ ਦੋਸ਼ੀ ਠਹਿਰਾ ਰਹੀਆਂ ਹਨ ਅਤੇ ਖੁਦ ਨੂੰ ਬੇਕਸੂਰ ਦੱਸ ਰਹੀਆਂ ਹਨ ਜਿਵੇਂ ਫੌਜਦਾਰੀ ਕੇਸਾਂ ‘ਚ ਅਕਸਰ ਵਾਪਰਦਾ ਹੈ। ਗੁੱਜਰ ਪਰਿਵਾਰ ਨੇ ਆਪਣੇ ਦੋ ਬੰਦਿਆਂ ਦੇ ਕਤਲ ਦੇ ਬਾਵਜੂਦ ਸਾਫ ਕਿਹਾ ਹੈ ਕਿ ਸਾਡਾ ਦੋ ਪਰਿਵਾਰਾਂ ਦਾ ਝਗੜਾ ਹੈ, ਬਾਕੀ ਪਿੰਡ ਨਾਲ ਸਾਡੀ ਕੋਈ ਰੰਜ਼ਿਸ਼ ਨਹੀਂ ਹੈ।
ਕਤਲਾਂ ਦੀ ਖਬਰ ਸੁਣ ਕੇ ਗੁੱਜਰ ਭਾਈਚਾਰੇ ਦਾ ਇਕੱਠੇ ਹੋਣਾ ਸੁਭਾਵਿਕ ਸੀ ਅਤੇ ਉਹ ਪੁਲਿਸ ਦੀ ਮੌਜੂਦਗੀ ‘ਚ ਹਜੂਮ ਦੇ ਰੂਪ ‘ਚ ਉਸ ਪਰਿਵਾਰ ਦੇ ਘਰ ਅੱਗੇ ਜਾ ਪਹੁੰਚੇ ਅਤੇ ਘਰ ਦਾ ਗੇਟ ਭੰਨਣ ਦੀ ਕੋਸ਼ਿਸ਼ ਕੀਤੀ। ਗੁੱਜਰਾਂ ਦਾ ਪੱਖ ਹੈ ਕਿ ਉਹ ਤਾਂ ਪੁਲਿਸ ਦੇ ਨਾਲ ਇਹ ਦੱਸਣ ਲਈ ਉੱਥੇ ਗਏ ਸਨ ਕਿ ਕਤਲ ਦੇ ਦੋਸ਼ੀ ਅਜੇ ਵੀ ਆਪਣੇ ਘਰ ਵਿਚ ਲੁਕੇ ਹੋਏ ਹਨ। ਇਸ ਦੀ ਜੋ ਵੀਡੀਓ ਕਲਿੱਪ ਵਾਇਰਲ ਹੋਈ ਉਸ ਨੂੰ ਸੋਸ਼ਲ ਮੀਡੀਆ ਉੱਪਰ ਬਿਨਾਂ ਤੱਥ ਜਾਣੇ ਬਹੁਤ ਸਾਰੇ ਲੋਕਾਂ ਵੱਲੋਂ ‘ਗੁੱਜਰਾਂ ਵੱਲੋਂ ਸਿੱਖਾਂ ਦੇ ਘਰ ਉੱਪਰ ਧਾਵਾ’ ਬਣਾ ਕੇ ਪੇਸ਼ ਕਰਨਾ ਸ਼ੁਰੂ ਕਰ ਦਿੱਤਾ ਗਿਆ। ਇਹ ਗੱਲ ਵੀ ਜ਼ੋਰ-ਸ਼ੋਰ ਨਾਲ ਪ੍ਰਚਾਰੀ ਗਈ ਕਿ ਗੁੱਜਰਾਂ ਦੀ ਪੰਜਾਬ ‘ਚ ਸਿੱਖਾਂ ਦੀਆਂ ਧੀਆਂ-ਭੈਣਾਂ ਦੀ ਬੇਇੱਜ਼ਤੀ ਕਰਨ ਅਤੇ ਪਿੰਡ ਵਿੱਚੋਂ ਕੱਢਣ ਦੀ ਹਿੰਮਤ ਕਿਵੇਂ ਪੈ ਗਈ! ਜਦਕਿ ਹਕੀਕਤ ਇਹ ਸੀ ਕਿ ਜਿਵੇਂ ਫੌਜਦਾਰੀ ਝਗੜਿਆਂ ਜਾਂ ਕਤਲ ਦੇ ਕੇਸਾਂ ‘ਚ ਆਮ ਵਾਪਰਦਾ ਹੈ, ਕਤਲ ਨੂੰ ਅੰਜਾਮ ਦੇਣ ਤੋਂ ਬਾਦ ਕਤਲ ਕਰਨ ਵਾਲੇ ਅਤੇ ਉਨ੍ਹਾਂ ਦੇ ਹਮਾਇਤੀ ਗ੍ਰਿਫਤਾਰੀ ਤੋਂ ਬਚਣ ਲਈ ਘਰ-ਬਾਰ ਛੱਡ ਕੇ ਆਸੇ-ਪਾਸੇ ਹੋ ਗਏ। ਪਿੰਡ ‘ਚ ਸੁੰਨ ਵਰਤਣਾ ਕੁਦਰਤੀ ਸੀ। ਪਰ ਇਸ ਨੂੰ ਕੁਝ ਟੀ.ਵੀ. ਚੈਨਲਾਂ ਵੱਲੋਂ ਭੜਕਾਊ ਰੂਪ ‘ਚ ਇਸ ਤਰ੍ਹਾਂ ਪੇਸ਼ ਕੀਤਾ ਗਿਆ ਕਿ ਗੁੱਜਰਾਂ ਦੀ ਦਹਿਸ਼ਤ ਕਾਰਨ ‘ਸਿੱਖ’ ਪਿੰਡ ਛੱਡ ਗਏ ਹਨ? ਇਹ ਵੀ ਤਾਅਨੇ ਦਿੱਤੇ ਗਏ ਕਿ ਸਿੱਖ ਜਥੇਬੰਦੀਆਂ ਚੁੱਪ ਬੈਠੀਆਂ ਤਮਾਸ਼ਾ ਕਿਉਂ ਦੇਖ ਰਹੀਆਂ ਹਨ। ਉਹ ਉੱਥੇ ਜਾ ਕੇ ਗੁੱਜਰਾਂ ਨੂੰ ਸਬਕ ਕਿਉਂ ਨਹੀਂ ਸਿਖਾਉਂਦੀਆਂ ਜਦਕਿ ਮੁਸਲਿਮ ਆਗੂ ਆਪਣੇ ਭਾਈਚਾਰੇ ਦੀ ਹਮਾਇਤ ‘ਚ ਉੱਥੇ ਜਾ ਕੇ ਪੂਰੀ ਮੱਦਦ ਕਰ ਰਹੇ ਹਨ? ਧਾਰਮਿਕ ਜਨੂੰਨੀ ਵਿਅਕਤੀਆਂ ਵੱਲੋਂ ਗੁੱਜਰਾਂ ਨੂੰ ਸਬਕ ਸਿਖਾਉਣ ਦਾ ‘ਕੌਮੀ’ ਬਿਰਤਾਂਤ ਸਿਰਜਿਆ ਗਿਆ ਅਤੇ ਐਸੇ ਮੌਕਿਆਂ ਦੀ ਇੰਤਜ਼ਾਰ ‘ਚ ਬੈਠੇ ਸਵਾਰਥੀ ਅਨਸਰਾਂ ਵੱਲੋਂ ਇਨ੍ਹਾਂ ਹਾਲਾਤ ਦਾ ਲਾਹਾ ਲੈਣ ਲਈ ਅੱਗ ਲਾਊ ਖੇਡ ਖੇਡਣ ਦੀ ਪੂਰੀ ਕੋਸ਼ਿਸ਼ ਕੀਤੀ ਗਈ। ਕਥਿਤ ਸਿੱਖ ਚੈਨਲਾਂ ਵੱਲੋਂ ਵੀ ਇਸ ਨੂੰ ਸਿੱਖਾਂ ਦੀ ‘ਕੌਮੀ ਲੜਾਈ’ ਬਣਾਉਣ ‘ਚ ਵਾਹਵਾ ਭੂਮਿਕਾ ਨਿਭਾਈ ਗਈ। ਇਸ ਭੜਕਾਊ ਪ੍ਰਚਾਰ ਦੇ ਪ੍ਰਭਾਵ ਹੇਠ ਬਹੁਤ ਸਾਰੇ ਸਿੱਖ ਨੁਮਾਇੰਦੇ ਅਤੇ ਨਿਹੰਗ ਪਿੰਡ ਅਨਾਇਤਪੁਰ ਜਾ ਪਹੁੰਚੇ ਅਤੇ ਸਿੱਖਾਂ ਨਾਲ ਧੱਕੇਸ਼ਾਹੀ ਵਿਰੁੱਧ ਪੱਕਾ ਮੋਰਚਾ ਲਾਉਣ ਦੇ ਐਲਾਨ ਵੀ ਕੀਤੇ ਗਏ। ਮਾਹੌਲ ਬਹੁਤ ਹੀ ਚਿੰਤਾਜਨਕ ਬਣਦਾ ਜਾ ਰਿਹਾ ਸੀ। ਚੰਗੀ ਗੱਲ ਇਹ ਹੋਈ ਕਿ ਇਸ ਦੌਰਾਨ ਮੁਸਲਿਮ ਆਗੂਆਂ ਅਤੇ ਕੁਝ ਸਿੱਖ ਆਗੂਆਂ ਵੱਲੋਂ, ਜੋ ਟਕਰਾਓ ਦੇ ਖਤਰਨਾਕ ਨਤੀਜਿਆਂ ਤੋਂ ਚੌਕਸ ਹਨ, ਭਾਈਚਾਰਕ ਸਾਂਝ ਬਣਾਈ ਰੱਖਣ ਅਤੇ ਇਸ ਨੂੰ ਫਿਰਕੂ ਝਗੜਾ ਬਣਨ ਤੋਂ ਰੋਕਣ ਲਈ ਸੰਜੀਦਾ ਦਖਲਅੰਦਾਜ਼ੀ ਕੀਤੀ ਗਈ। ਟਕਰਾਓ ਨੂੰ ਸੁਲਝਾਉਣ ਲਈ ਸਾਂਝੇ ਰੂਪ ‘ਚ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਬਾਰੇ ਜਾਣਕਾਰੀ ਜਨਤਕ ਕੀਤੀ ਗਈ ਅਤੇ ਲੋਕਾਂ ਨੂੰ ਭਾਈਚਾਰਕ ਸਾਂਝ ਬਣਾਈ ਰੱਖਣ ਦੀ ਅਪੀਲ ਕੀਤੀ ਗਈ। ਫੋਕਸ ਇਸ ਉੱਪਰ ਹੈ ਕਿ ਪੁਲਿਸ ਕਿਸੇ ਨੂੰ ਵੀ ਨਜਾਇਜ਼ ਤੰਗ ਨਹੀਂ ਕਰੇਗੀ, ਕਤਲ ਕੇਸ ਵਿਚ ਸ਼ਾਮਿਲ ਕਰ ਲਏ ਜਾਣ ਅਤੇ ਗ੍ਰਿਫਤਾਰ ਕਰ ਲਏ ਜਾਣ ਦੇ ਡਰੋਂ ਆਸੇ-ਪਾਸੇ ਹੋਏ ਪਿੰਡ ਵਾਸੀ ਆਪਣੇ ਘਰਾਂ ‘ਚ ਵਾਪਸ ਆ ਜਾਣ, ਸਹੀ ਤਫਤੀਸ਼ ਕਰਕੇ ਸਿਰਫ ਕਸੂਰਵਾਰ ਵਿਅਕਤੀਆਂ ਵਿਰੁੱਧ ਹੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਹਾਲਾਤ ਦੀ ਨਜ਼ਾਕਤ ਦੇ ਮੱਦੇਨਜ਼ਰ ਪੁਲਿਸ ਅਧਿਕਾਰੀ ਵੀ ਹਾਲਾਤ ਉੱਪਰ ਕਾਬੂ ਪਾਉਣ ਦੇ ਦਬਾਓ ਹੇਠ ਹਨ। ਟਕਰਾਓ ਘਟਣ ਦੇ ਸੰਕੇਤ ਆਉਣੇ ਸ਼ੁਰੂ ਹੋ ਗਏ ਹਨ।
ਇਹ ਘਟਨਾਕ੍ਰਮ ਦੇ ਸਬਕਾਂ ਨੂੰ ਪੰਜਾਬ ਦੇ ਲੋਕਾਂ, ਖਾਸ ਕਰਕੇ ਸਿੱਖ ਭਾਈਚਾਰੇ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਸੋਸ਼ਲ ਮੀਡੀਆ ਰਾਹੀਂ ਅਫਵਾਹਾਂ ਬਿਜਲਈ ਤੇਜ਼ੀ ਨਾਲ ਫੈਲਦੀਆਂ ਹਨ, ਇਨ੍ਹਾਂ ਦੇ ਨਤੀਜੇ ਬਹੁਤ ਖਤਰਨਾਕ ਹੋ ਸਕਦੇ ਹਨ। ਪਿਛਲੇ ਸਮੇਂ ‘ਚ ਕਪੂਰਥਲਾ ਦੇ ਬੇਅਦਬੀ ਦੇ ਮਾਮਲੇ ਨੂੰ ਅੱਗ ਲਾਊ ਅਨਸਰਾਂ ਵੱਲੋਂ ਸੋਸ਼ਲ ਮੀਡੀਆ ਰਾਹੀਂ ਬਹੁਤ ਜ਼ਿਆਦਾ ਉਛਾਲਿਆ ਗਿਆ। ਤੱਥਾਂ ਦੀ ਛਾਣਬੀਣ ਕਰਨ ਦੀ ਬਜਾਏ ਬੇਕਸੂਰ ਵਿਅਕਤੀ ਕਤਲ ਕਰ ਦਿੱਤੇ ਗਏ। ਸਿੰਘੂ ਬਾਰਡਰ ਮਾਮਲੇ ‘ਚ ਬੇਅਦਬੀ ਦੇ ਨਾਂ ਹੇਠ ਨਿਹੰਗਾਂ ਦੇ ਭੇਸ ‘ਚ ਛੁਪੇ ਗ਼ਲਤ ਅਨਸਰਾਂ ਦੀ ਸਾਜ਼ਿਸ਼ੀ ਭੂਮਿਕਾ ਸਾਹਮਣੇ ਆਈ। ਭੜਕਾਊ ਅਨਸਰਾਂ ਦੇ ਆਪਣੇ ਏਜੰਡੇ ਹਨ, ਸਰਕਾਰੀ ਏਜੰਟ ਅਤੇ ਏਜੰਸੀਆਂ ਲਈ ਕੰਮ ਕਰੇ ਵਿਅਕਤੀ ਫਿਰਕੂ ਝਗੜੇ ਕਰਵਾਉਣ ਲਈ ਘਾਤ ਲਾਈ ਬੈਠੇ ਹਨ। ਕੁਛ ਐਸੀਆਂ ਰਾਜਨੀਤਕ ਤਾਕਤਾਂ ਇਸ ਤਾਕ ‘ਚ ਹਨ ਕਿ ਕੋਈ ਮਸਲਾ ਬਣੇ ਤਾਂ ਉਸ ਨੂੰ ਫਿਰਕੂ ਰੰਗਤ ਦੇ ਕੇ ਆਪਣੀ ਹੋਂਦ ਦਿਖਾਈ ਜਾਵੇ। ਸੋਸ਼ਲ ਮੀਡੀਆ ਉੱਪਰ ਐਸੇ ਅਨਸਰ ਵਾਹਵਾ ਸਰਗਰਮ ਹਨ ਜੋ ਹਰ ਮਸਲੇ ਨੂੰ ਫਿਰਕੂ ਐਨਕ ਨਾਲ ਦੇਖਦੇ ਹਨ। ਸਿੱਖ ਫਿਰਕੇ ਦੇ ਸੰਜੀਦਾ ਹਿੱਸਿਆਂ ਨੂੰ ਇਨ੍ਹਾਂ ਮਾਮਲਿਆਂ ਨੂੰ ਬਹੁਤ ਹੀ ਚੌਕਸੀ ਨਾਲ ਲੈਣਾ ਚਾਹੀਦਾ ਹੈ। ਕੇਂਦਰੀ ਸੱਤਾ ਉੱਪਰ ਬਹੁਤ ਹੀ ਸ਼ਾਤਰ ਅਤੇ ਦੁਸ਼ਟ ਤਾਕਤ ਕਾਬਜ਼ ਹੈ ਜਿਸ ਦੀ ਖਾਸ ਰੁਚੀ ਸਿੱਖ-ਮੁਸਲਿਮ ਦੀ ਭਾਈਚਾਰਕ ਸਾਂਝ ਨੂੰ ਤੋੜਨ ‘ਚ ਹੈ ਕਿਉਂਕਿ ਪੰਜਾਬ ਦੇ ਲੋਕ ਆਪਣੀ ਸ਼ਾਨਦਾਰ ਵਿਰਾਸਤ ਕਾਰਨ ਮਜ਼ਲੂਮ ਘੱਟਗਿਣਤੀ ਮੁਸਲਿਮ ਭਾਈਚਾਰੇ ਅਤੇ ਕਸ਼ਮੀਰੀ ਲੋਕਾਂ ਦੇ ਹੱਕ ‘ਚ ਡੱਟ ਕੇ ਖੜ੍ਹ ਰਹੇ ਹਨ। ਇਹ ਆਰ.ਐੱਸ.ਐੱਸ.-ਬੀ.ਜੇ.ਪੀ. ਨੂੰ ਖਾਸ ਤੌਰ ‘ਤੇ ਚੁਭਦਾ ਹੈ ਅਤੇ ਉਹ ਇਸ ਸਾਂਝ ਨੂੰ ਤੋੜਨ ਲਈ ਹਰ ਹਰਬਾ ਵਰਤ ਰਹੇ ਹਨ। ਚੌਕਸ ਰਹਿਣਾ ਜ਼ਰੂਰੀ ਹੈ ਕਿ ਸੋਸ਼ਲ ਮੀਡੀਆ ਰਾਹੀਂ ਮੁਸਲਮਾਨਾਂ ਅਤੇ ਕਸ਼ਮੀਰੀਆਂ ਵਿਰੁੱਧ ਜ਼ਹਿਰੀਲੀ ਨਫਰਤ ਫੈਲਾਉਣ, ਮੋਦੀ ਅਤੇ ਭਾਜਪਾ ਨੂੰ ਸਿੱਖਾਂ ਦੀ ਖੈਰ-ਖਵਾਹ ਬਣਾ ਕੇ ਪੇਸ਼ ਕਰਨ ਅਤੇ ਝੂਠੀਆਂ ਖਬਰਾਂ ਅਤੇ ਅਫਵਾਹਾਂ ਫੈਲਾਉਣ ਲਈ ਭਗਵਾਂ ਆਈ.ਟੀ. ਸੈੱਲ ਲਗਾਤਾਰ ਸਰਗਰਮ ਹੈ।
ਅਨਾਇਤਪੁਰ ਮਾਮਲੇ ‘ਚ ਵੀ ਸੋਸ਼ਲ ਮੀਡੀਆ ਉੱਪਰ ਲਗਾਤਾਰ ਅੱਗ ਲਾਊ ਪੋਸਟਾਂ ਪਾ ਕੇ ਸਿੱਖ ਭਾਈਚਾਰੇ ਨੂੰ ਬਦਲਾ ਲੈਣ ਲਈ ਭੜਕਾਇਆ ਗਿਆ। ਪੋਸਟਾਂ ਦੀ ਇਕ ਵੰਨਗੀ ‘ਚ ਮੋਦੀ ਅਤੇ ਯੋਗੀ ਆਦਿੱਤਿਆਨਾਥ ਦੀਆਂ ਖਾਸ ਤੌਰ ‘ਤੇ ਤਾਰੀਫਾਂ ਵੀ ਕੀਤੀਆਂ ਜਾ ਰਹੀਆਂ ਹਨ ਕਿ ਜਿਵੇਂ ਯੋਗੀ ਨੇ ਯੂ.ਪੀ. ਵਿਚ ਹੈਦਰੀ ਝੰਡੇ ਵਾਲਿਆਂ ਨੂੰ ਸਬਕ ਸਿਖਾਇਆ ਉਸੇ ਤਰ੍ਹਾਂ ਪੰਜਾਬ ‘ਚ ਸਿੱਖਾਂ ਨੂੰ ਗੁੱਜਰਾਂ ਅਤੇ ਹੋਰ ਮੁਸਲਮਾਨਾਂ ਵਿਰੁੱਧ ਹਿੰਸਕ ਮੁਹਿੰਮ ਸ਼ੁਰੂ ਕਰਨੀ ਚਾਹੀਦੀ ਹੈ। ਚਿੰਤਾਜਨਕ ਇਹ ਹੈ ਕਿ ਇਹ ਪੋਸਟਾਂ ਪਾਉਣ ਵਾਲੇ ਪੰਜਾਬ ਦੇ ਨੌਜਵਾਨ ਹਨ। ਇਨ੍ਹਾਂ ਪੋਸਟਾਂ ਤੋਂ ਪੋਸਟਾਂ ਪਾਉਣ ਵਾਲਿਆਂ ਦੀ ਮਨਸ਼ਾ ਸਪਸ਼ਟ ਹੋ ਜਾਂਦੀ ਹੈ ਕਿ ਉਹ ਖਤਰਨਾਕ ਤਾਕਤਾਂ ਦੇ ਹੱਥਾਂ ‘ਤੇ ਚੜ੍ਹੇ ਹੋਏ ਹਨ ਅਤੇ ਇਸ ਘਟਨਾ ਦੇ ਬਹਾਨੇ ਸਿੱਖ ਮੁਸਲਿਮ ਮਸਲਾ ਬਣਾ ਕੇ ਉਸ ਰਿਸ਼ਤੇ ‘ਚ ਜ਼ਹਿਰ ਘੋਲਣਾ ਚਾਹੁੰਦੇ ਹਨ ਜੋ ਪਿਛਲੇ ਸਾਲਾਂ ਵਿਚ ਦੋ ਮਜ਼ਲੂਮ ਧਿਰਾਂ ਦੀ ਸਾਂਝ ਦੇ ਰੂਪ ‘ਚ ਉਭਰ ਕੇ ਸਾਹਮਣੇ ਆਇਆ ਹੈ।
ਬਿਨਾਂ ਸ਼ੱਕ ਭਾਈਚਾਰਿਆਂ ਦਰਮਿਆਨ ਬਹੁਤ ਸਾਰੇ ਮਸਲੇ ਹਨ ਜਿਨ੍ਹਾਂ ਬਾਰੇ ਸੰਜੀਦਾ ਸੰਵਾਦ ਵੀ ਜ਼ਰੂਰੀ ਹਨ ਅਤੇ ਉਨ੍ਹਾਂ ਦਾ ਤਰਕਪੂਰਨ ਹੱਲ ਤਲਾਸ਼ਣ ਦੀਆਂ ਕੋਸ਼ਿਸ਼ਾਂ ਵੀ ਹੋਣੀਆਂ ਚਾਹੀਦੀਆਂ ਹਨ। ਖਾਸ ਕਰਕੇ, ਪੰਜਾਬ ਵਿਚ ਰੁਜ਼ਗਾਰ ਦੀ ਖਾਤਰ ਆ ਕੇ ਵਸੇ ਪਰਵਾਸੀ ਮਜ਼ਦੂਰਾਂ, ਗੁੱਜਰਾਂ ਅਤੇ ਹੋਰ ਭਾਈਚਾਰਿਆਂ ਨਾਲ ਸਥਾਨਕ ਬਾਸ਼ਿੰਦਿਆਂ ਦੇ ਬਹੁਤ ਸਾਰੇ ਝਗੜੇ ਖੜ੍ਹੇ ਹੁੰਦੇ ਹਨ। ਸਿੱਖ ਜਥੇਬੰਦੀਆਂ ਦਾ ਇਕ ਹਿੱਸਾ ਇਨ੍ਹਾਂ ਦੇ ਪੰਜਾਬ ‘ਚ ਵਸਣ, ਇਨ੍ਹਾਂ ਦੀ ਵੋਟਾਂ ਬਣਾਏ ਜਾਣ ਨੂੰ ਰਾਜਨੀਤਕ ਤਾਕਤਾਂ ਦੀ ਵੋਟ ਬੈਂਕ ਪੱਕਾ ਕਰਨ ਦੀ ਸਾਜ਼ਿਸ਼ ਦੇ ਰੂਪ ‘ਚ ਦੇਖ ਰਿਹਾ ਹੈ। ਇਨ੍ਹਾਂ ਸਵਾਲਾਂ ਬਾਰੇ ਪ੍ਰਵਾਸ ਦੀ ਜ਼ਰੂਰਤ ਅਤੇ ਪਰਵਾਸੀਆਂ ਦੇ ਮਨੁੱਖੀ ਹੱਕਾਂ ਦੇ ਨਜ਼ਰੀਏ ਤੋਂ ਤਹੱਮਲ ਨਾਲ ਸੋਚਣ ਦੀ ਜ਼ਰੂਰਤ ਹੈ। ਹਿੰਦੂ ਭਾਈਚਾਰੇ ਨਾਲ ਵੀ ਬਹੁਤ ਸਾਰੇ ਮਸਲੇ ਹਨ। ਪੰਜਾਬ ਇਕ ਤਰ੍ਹਾਂ ਨਾਲ ਬਾਰੂਦ ਦੇ ਢੇਰ ਉੱਪਰ ਬੈਠਾ ਹੈ, ਮਾਮੂਲੀ ਗ਼ਲਤੀ ਵੀ ਭਾਰੀ ਨੁਕਸਾਨ ਦਾ ਕਾਰਨ ਬਣ ਸਕਦੀ ਹੈ। ਅਸਲ ਦੁਸ਼ਮਣ ਦੀ ਸ਼ਨਾਖਤ ਕਰਨਾ ਜ਼ਰੂਰੀ ਹੈ। ਇਸ ਵਕਤ ਜ਼ਰੂਰਤ ਇਕਜੁੱਟ ਹੋ ਕੇ ਪੰਜਾਬ ਨੂੰ ਬਚਾਉਣ ਅਤੇ ਕੁਲ ਤਾਕਤਾਂ ਇਸ ਲੜਾਈ ‘ਚ ਲਗਾਉਣ ਦੀ ਹੈ। ਭਾਈਚਾਰਕ ਝਗੜਿਆਂ ਦਾ ਹੱਲ ਗੱਲਬਾਤ ਰਾਹੀਂ ਕਰਨਾ ਚਾਹੀਦਾ ਹੈ।