ਕਿਸਾਨਾਂ ਦੀ ਆਮਦਨ

ਦਵਿੰਦਰ ਸ਼ਰਮਾ
ਜਟਾਘਰਾ ਛੱਤੀਸਗੜ੍ਹ ਦੇ ਦੁਰਗ ਜ਼ਿਲ੍ਹੇ ਦੇ ਦਮਧਾ ਸ਼ਹਿਰ ਦੇ ਕੋਲ ਇਕ ਛੋਟਾ ਜਿਹਾ ਪਿੰਡ ਹੈ। ਭ੍ਰਿਸ਼ਟਾਚਾਰ ਦੇ ਸਮੁੰਦਰ ਦੇ ਵਿਚਕਾਰ ਜੋ ਅੱਜ ਅਸੀਂ ਆਪਣੇ ਆਲੇ-ਦੁਆਲੇ ਦੇਖਦੇ ਹਾਂ, ਇਹ ਪਿੰਡ ਖ਼ੁਸ਼ਹਾਲੀ ਦੇ ਦੀਪ ‘ਚ ਬਦਲ ਗਿਆ ਹੈ। ਇਹ ਸੁਣਨ ‘ਚ ਹੈਰਾਨ ਕਰਨ ਵਾਲਾ ਲੱਗ ਸਕਦਾ ਹੈ ਕਿ ਇਕ ਆਰਥਿਕ ਤੌਰ ‘ਤੇ ਵਿਵਹਾਰਕ ਖੇਤੀ ਹੈ, ਜਿਸ ਨੇ ਇਸ ਪਿੰਡ ‘ਚ ਇਹ ਤਬਦੀਲੀ ਲਿਆਂਦੀ ਹੈ।

ਪਿੰਡ ‘ਚ ਰਹਿਣ ਵਾਲੇ ਲਗਭਗ 90 ਤੋਂ 100 ਘਰਾਂ ਲਈ ਪੇਂਡੂ ਜੀਵਨ ਸ਼ੈਲੀ ‘ਚ ਲਗਾਤਾਰ ਸੁਧਾਰ ਇਹ ਸਭ ਕੁਝ ਦਰਸਾਉਂਦਾ ਹੈ। ਇਕ ਪ੍ਰਸਿੱਧ ਹਿੰਦੀ ਅਖ਼ਬਾਰ ਦੀ ਰਿਪੋਰਟ ਮੁਤਾਬਿਕ ਜਟਾਘਰਾ ‘ਚ ਹੁਣ 25 ਕਾਰਾਂ, 45 ਏਅਰ ਕੰਡੀਸ਼ਨਰ, 30 ਜਰਮਨ ਸ਼ੈਫਰਡ ਨਸਲ ਦੇ ਕੁੱਤੇ ਹਨ, ਜੋ ਇਕ ਸੁਪਨਿਆਂ ਦਾ ਪਿੰਡ ਬਣ ਗਿਆ ਹੈ ਅਤੇ ਇੱਥੇ ਰਹਿ ਰਹੇ ਕੁਝ ਪਰਿਵਾਰਾਂ ਦੇ ਕੋਲ ਮਾਡਊਲਰ ਰਸੋਈ, ਮਹਿੰਗੇ ਸਮਾਰਟ ਫੋਨ ਅਤੇ ਇਲੈਕਟ੍ਰਾਨਿਕ ਰਸੋਈ ਵੀ ਹੈ। ਅਤਿ-ਆਧੁਨਿਕ 70 ਟਰੈਕਟਰਾਂ ਅਤੇ ਹੋਰ ਖੇਤੀ ਉਪਕਰਨਾਂ ਦੇ ਨਾਲ ਪਿੰਡ ਦੀ 1400 ਏਕੜ ਖੇਤੀ ਯੋਗ ਜ਼ਮੀਨ ਦਾ ਜ਼ਿਆਦਾਤਰ ਰਕਬਾ ਟਮਾਟਰ ਦੀ ਖੇਤੀ ਅਧੀਨ ਹੈ। ਪਿੰਡ ਦੀ 700 ਦੇ ਲਗਭਗ ਆਬਾਦੀ ‘ਚੋਂ ਸਿਰਫ 2 ਵਿਅਕਤੀ ਹੀ ਸਰਕਾਰੀ ਨੌਕਰੀ ਕਰਦੇ ਹਨ। ਉਕਤ ਵਰਨਣਯੋਗ ਪਰਿਵਰਤਨ ਸਿਰਫ ਖੇਤੀਬਾੜੀ ਕਰਕੇ ਹੀ ਸੰਭਵ ਹੋ ਸਕਿਆ ਹੈ।
ਇਸ ਤੋਂ ਪਹਿਲਾਂ ਕਿ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਗਲਤਫਹਿਮੀ ਹੋਵੇ ਅਤੇ ਤੁਸੀਂ ਉੱਚ ਆਮਦਨ ਪ੍ਰਾਪਤ ਕਰਨ ਲਈ ਦੇਸ਼ ਦੇ ਬਾਕੀ ਹਿੱਸਿਆਂ ਦੇ ਕਿਸਾਨਾਂ ਨੂੰ ਟਮਾਟਰ ਦੀ ਪੈਦਾਵਾਰ ਵਧਾਉਣ ਲਈ ਉੱਨਤ ਤਕਨੀਕ ਨਾ ਅਪਣਾਉਣ ਲਈ ਦੋਸ਼ ਦੇਣਾ ਸ਼ੁਰੂ ਕਰੋ, ਮੈਂ ਤੁਹਾਨੂੰ ਇਕ ਗੱਲ ਦੱਸ ਦੇਵਾਂ ਕਿ ਇਹ ਸਭ ਦੂਜੀ ਤਰ੍ਹਾਂ ਨਾਲ ਹੋਇਆ। ਇਹ ਅਸਲ ‘ਚ ਉੱਚ ਆਮਦਨ ਦਾ ਇਕ ਨਿਰੰਤਰ ਦੌਰ ਸੀ, ਜਿਸ ਨੇ ਪਰਿਵਰਤਨ ਲਿਆਂਦਾ। ਟਮਾਟਰ ਦੀ ਫਸਲ ਨਾਲ ਹੋਣ ਵਾਲੀ ਉੱਚ ਆਮਦਨ ਦੇ ਨਾਲ, ਕਿਸਾਨ ਉੱਚਿਤ ਤਕਨੀਕ ਦੀ ਵਰਤੋਂ ਕਰਕੇ ਫਸਲ ਪ੍ਰਬੰਧ ਕਰਨ ‘ਚ ਨਿਵੇਸ਼ ਕਰਨ ਦੇ ਸਮਰੱਥ ਹੋਏ। ਇਸ ਲਈ ਇਸ ਪਿੰਡ ਵਿਚ ਸਿਰਜੀ ਗਈ ਸਫਲਤਾ ਦੀ ਕਹਾਣੀ ਦਾ ਸੰਦੇਸ਼ ਸਪੱਸ਼ਟ ਹੈ ਕਿ ਪਿੰਡ ਦੀ ਖ਼ੁਸ਼ਹਾਲੀ ਦੀ ਕੁੰਜੀ ਕਿਸਾਨਾਂ ਨੂੰ ਇਕ ਯਕੀਨੀ ਅਤੇ ਲਾਭਦਾਇਕ ਆਮਦਨ ਮੁਹੱਈਆ ਕਰਵਾਉਣਾ ਹੈ। ਮੈਂ ਤਿੰਨ ਸਾਲ ਪਹਿਲਾਂ ਰਾਏਪੁਰ ਦੇ ਇਕ ਨੌਜਵਾਨ ਪੱਤਰਕਾਰ ਅਤੇ ਲੇਖਕ ਗੋਵਿੰਦ ਪਟੇਲ ਜਿਨ੍ਹਾਂ ਨੇ ਟਮਾਟਰ ਦੀ ਖੇਤੀ ‘ਤੇ ਇਕ ਲੋਕਪ੍ਰਿਯ ਪੁਸਤਕ ਵੀ ਲਿਖੀ ਹੈ, ਦੇ ਨਾਲ ਇਕ ਅਗਾਂਹਵਧੂ ਟਮਾਟਰ ਉਤਪਾਦਕ ਜ਼ਾਲਮ ਸਿੰਘ ਪਟੇਲ ਨੂੰ ਮਿਲਣ ਲਈ ਜਟਾਘਰਾ ਪਿੰਡ ਗਿਆ ਸੀ। ਆਪਣੇ ਖੇਤ ਨੇੜੇ ਲਿਜਾ ਕੇ ਜ਼ਾਲਮ ਸਿੰਘ ਨੇ ਮੈਨੂੰ ਸਮਝਾਇਆ ਕਿ ਕਿਵੇਂ ਉਹ ਆਪਣੀ ਖੇਤੀਬਾੜੀ ਸਰਗਰਮੀ ਨੂੰ ਇਕ ਕਾਰੋਬਾਰ ਉਦਯੋਗ ਵਿਚ ਤਬਦੀਲ ਕਰਨ ‘ਚ ਸਫਲ ਰਹੇ। ਮੈਂ ਉਨ੍ਹਾਂ ਕੋਲੋਂ ਇਹ ਜਾਣਨ ਲਈ ਬਹੁਤ ਉਤਸੁਕ ਸੀ ਕਿ ਉਹ ਏਨਾ ਚੰਗਾ ਕਾਰੋਬਾਰ ਕਰਨ ‘ਚ ਕਿਵੇਂ ਸਫਲ ਰਹੇ, ਖ਼ਾਸਕਰ ਅਜਿਹੇ ਸਮੇਂ ‘ਚ ਜਦੋਂ ਵਾਜਬ ਮੁੱਲ ਨਾ ਮਿਲਣ ਤੋਂ ਨਾਰਾਜ਼ ਕਿਸਾਨਾਂ ਵਲੋਂ ਸੜਕਾਂ ‘ਤੇ ਟਮਾਟਰ ਸੁੱਟਣ ਦੀਆਂ ਖ਼ਬਰਾਂ ਅਕਸਰ ਸਾਹਮਣੇ ਆਉਂਦੀਆਂ ਹਨ। ਲੰਬੀ ਕਹਾਣੀ ਨੂੰ ਛੋਟਾ ਕਰਦਾ ਹੋਇਆ ਮੈਂ ਦੱਸ ਦੇਵਾਂ ਕਿ ਉਨ੍ਹਾਂ ਵਰਗੇ ਕਿਸਾਨਾਂ ਲਈ ਆਸਾਧਾਰਨ ਤੌਰ ‘ਤੇ ਚੰਗਾ ਪ੍ਰਦਰਸ਼ਨ ਕਰਨ ਪਿੱਛੇ ਦਾ ਕਾਰਨ ਇਹ ਹੈ ਕਿ ਉਹ ਵੱਖੋ-ਵੱਖ ਰਾਜਾਂ ‘ਚ ਟਮਾਟਰ ਦੀ ਫਸਲ ਦੇ ਆਉਣ ਤੋਂ ਪਹਿਲਾਂ ਭਾਵ ਅਕਤੂਬਰ-ਨਵੰਬਰ ‘ਚ ਜਲਦੀ ਫਸਲ ਯਕੀਨੀ ਬਣਾ ਕੇ ਬਾਜ਼ਾਰ ਦਾ ਲਾਭ ਚੁੱਕਣ ‘ਚ ਕਾਮਯਾਬ ਰਹੇ। ਮੌਸਮ ਤੋਂ ਪਹਿਲਾਂ ਫਸਲ ਲੈਣ ਨਾਲ ਉਨ੍ਹਾਂ ਨੂੰ ਵੱਧ ਕੀਮਤ ਮਿਲ ਸਕਦੀ ਹੈ। ਅਕਸਰ ਉਨ੍ਹਾਂ ਨੂੰ 24 ਤੋਂ 28 ਕਿੱਲੋਗ੍ਰਾਮ ਦੇ ਟਮਾਟਰਾਂ ਨਾਲ ਭਰੇ ਕੈਰਟ (ਟੋਕਰੇ) ਦੀ ਕੀਮਤ 1200 ਰੁਪਏ ਤੋਂ 1400 ਰੁਪਏ ਮਿਲ ਜਾਂਦੀ ਹੈ, ਭਾਵ ਉਹ ਲਗਭਗ 50 ਰੁਪਏ ਪ੍ਰਤੀ ਕਿੱਲੋਗ੍ਰਾਮ ਦੇ ਹਿਸਾਬ ਨਾਲ ਟਮਾਟਰ ਵੇਚਦੇ ਹਨ। ਇਸ ਦੀ ਤੁਲਨਾ ਆਮ ਸਮੇਂ ਨਾਲ ਕੀਤੀ ਜਾਵੇ ਜਦੋਂ ਟਮਾਟਰ ਦੀ ਫਸਲ ਆਉਣ ਦੇ ਕਾਰਨ ਕੀਮਤਾਂ ‘ਚ ਗਿਰਾਵਟ ਆਉਂਦੀ ਹੈ, ਜੋ ਅਕਸਰ 8 ਰੁਪਏ ਤੋਂ 10 ਰੁਪਏ ਪ੍ਰਤੀ ਕਿੱਲੋਗ੍ਰਾਮ ਤੱਕ ਆਮ ਨਾਲੋਂ ਘੱਟ ਹੁੰਦੀ ਹੈ। ਅਜਿਹੇ ਔਖੇ ਸਮੇਂ ‘ਚ ਕਿਸਾਨਾਂ ਦੀ ਜੋ ਕਮਾਈ ਹੁੰਦੀ ਹੈ, ਉਹ ਅੰਤਿਮ ਉਪਭੋਗਤਾ ਮੁੱਲ ਦਾ ਇਕ ਹਿੱਸਾ ਹੈ।
ਗੋਵਿੰਦ ਪਟੇਲ ਨੇ ਮੈਨੂੰ ਸਮਝਾਇਆ ਕਿ ਕਿਵੇਂ ਉੱਚ ਕੀਮਤਾਂ ਦਾ ਇਕ ਸਥਿਰ ਦੌਰ ਚੱਲਿਆ, ਪਿਛਲੇ ਸਾਲ ਜਦੋਂ ਦੇਸ਼ ਦੇ ਜ਼ਿਆਤਾਦਾਰ ਹਿੱਸਿਆਂ ‘ਚ ਫਸਲ ਖ਼ਰਾਬ ਹੋ ਗਈ ਸੀ, ਲਗਭਗ ਤਿੰਨ ਮਹੀਨਿਆਂ ਦੇ ਲਈ ਟਮਾਟਰ ਦੀਆਂ ਕੀਮਤਾਂ 57 ਰੁਪਏ ਪ੍ਰਤੀ ਕਿੱਲੋਗ੍ਰਾਮ ਤੱਕ ਪਹੁੰਚ ਗਈਆਂ ਸਨ, ਇਹੀ ਉਹ ਕਾਰਨ ਹੈ, ਜਦੋਂ ਜਟਾਘਰਾ ਪਿੰਡ ਦੇ ਕਿਸਾਨਾਂ ਨੇ ਇਸ ਕਾਰੋਬਾਰ ‘ਤੇ ਆਪਣੀ ਪਕੜ ਬਣਾ ਲਈ। ਹਰਿਆਣਾ ‘ਚ ‘ਭਾਵਾਂਤਰ ਭਰਾਈ ਯੋਜਨਾ’ ਤਹਿਤ ਟਮਾਟਰ ਉਤਪਾਦਕ ਕਿਸਾਨਾਂ ਨੂੰ ਫਸਲੀ ਵਿਭਿੰਨਤਾ ਵੱਲ ਉਤਸ਼ਾਹਿਤ ਕਰਨ ਲਈ ਘੱਟੋ-ਘੱਟ 4 ਰੁਪਏ ਪ੍ਰਤੀ ਕਿੱਲੋ ਦੇਣ ਦੇ ਵਾਅਦੇ ਦੇ ਨਾਲ ਇਸ ਪਿੰਡ ਦੀ ਤੁਲਨਾ ਕਰੀਏ ਤਾਂ ਜਟਾਘਰਾ ਦੇ ਕਿਸਾਨ ਲਗਾਤਾਰ ਉੱਚੀਆਂ ਕੀਮਤਾਂ ਪ੍ਰਾਪਤ ਰਹੇ ਹਨ। ਜਟਾਘਰਾ ਇਕ ਆਧੁਨਿਕ ਅਤੇ ਖ਼ੁਸ਼ਹਾਲ ਪਿੰਡ ਵਜੋਂ ਕਿਉਂ ਅਤੇ ਕਿਵੇਂ ਵਿਕਸਿਤ ਹੋਇਆ, ਇਸ ਦਾ ਕਾਰਨ ਬਹੁਤ ਸਪੱਸ਼ਟ ਹੋ ਜਾਂਦਾ ਹੈ। ਇਸ ਲਈ ਇਕ ਗਾਰੰਟੀਸ਼ੁਦਾ ਘੱਟੋ-ਘੱਟ ਸਮਰਥਨ ਮੁੱਲ ਦੇ ਮਾਧਿਅਮ ਨਾਲ ਇਕ ਯਕੀਨੀ ਅਤੇ ਲਾਭਦਾਇਕ ਆਮਦਨ ਪ੍ਰਧਾਨ ਮੰਤਰੀ ਦੇ ‘ਸਭ ਕਾ ਸਾਥ, ਸਭ ਕਾ ਵਿਕਾਸ’ ਦੇ ਸੁਪਨੇ ਨੂੰ ਸਾਕਾਰ ਕਰਨ ਦੀ ਕੁੰਜੀ ਹੈ। ਪਰ ਹਰ ਕਿਸਾਨ ਤੋਂ ਜਲਦੀ ਫਸਲ ਲਏ ਜਾਣ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਜੇਕਰ ਉਹ ਅਜਿਹਾ ਕਰਦੇ ਵੀ ਹਨ ਤਾਂ ਇਸ ਨਾਲ ਜਟਾਘਰਾ ਦੇ ਕਿਸਾਨਾਂ ਨੂੰ ਵੀ ਉਸੇ ਤਰ੍ਹਾਂ ਦੀ ਭਾਰੀ ਮੁੱਲ ਗਿਰਾਵਟ ਦਾ ਸਾਹਮਣਾ ਕਰਨਾ ਪਵੇਗਾ, ਜਿਸ ਤਰ੍ਹਾਂ ਫਸਲ ਦੀ ਭਰਮਾਰ ਹੋਣ ਸਮੇਂ ਹੁੰਦਾ ਹੈ। ਇਸ ਲਈ ਇਸ ਸਮੱਸਿਆ ਦਾ ਹੱਲ ਇਹ ਯਕੀਨੀ ਬਣਾਉਣ ‘ਚ ਹੈ ਕਿ ਟਮਾਟਰ ਉਤਪਾਦਕਾਂ ਨੂੰ ਕਣਕ ਅਤੇ ਚਾਵਲ ਉਗਾਉਣ ਵਾਲੇ ਹੋਰ ਕਿਸਾਨਾਂ ਦੀ ਤਰ੍ਹਾਂ ਇਕ ਗਾਰੰਟੀਸ਼ੁਦਾ ਮੁੱਲ ਮੁਹੱਈਆ ਕਰਵਾਇਆ ਜਾਵੇ ਤਾਂ ਕਿ ਇਹ ਯਕੀਨੀ ਹੋ ਸਕੇ ਕਿ ਉਹ ਘਾਟੇ ‘ਚ ਨਹੀਂ ਚੱਲ ਰਹੇ ਹਨ। ਘੱਟੋ-ਘੱਟ ਉਤਪਾਦਨ ਦੀ ਲਾਗਤ ਅਤੇ ਇਕ ਉੱਚਿਤ ਲਾਭ ਜਾਂ ਵਾਜਬ ਮੁੱਲ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ, ਜੋ ਵੀ ਹੋਵੇ ਕਿਸਾਨਾਂ ਨੂੰ ਉੱਚਿਤ ਮੁੱਲ ਦਾ ਭਰੋਸਾ ਦਿੱਤਾ ਜਾਵੇ ਅਤੇ ਉਹ ਬਿਹਤਰੀ ਲਈ ਪੇਂਡੂ ਪਰਿਵਰਤਨ ਲਿਆਉਣਗੇ। ਇਹ ਯਕੀਨੀ ਤੌਰ ‘ਤੇ ਕਿਸੇ ਆਰਥਿਕ ਚਮਤਕਾਰ ਤੋਂ ਘੱਟ ਨਹੀਂ ਹੋਵੇਗਾ। ਕਿਸਾਨਾਂ ਨੂੰ ਗਾਰੰਟੀਸ਼ੁਦਾ ਮੁੱਲ ਤੋਂ ਵਾਂਝੇ ਕਰਨਾ ਖੇਤੀ ਲਈ ਹਾਨੀਕਾਰਕ ਹੈ। ਭਾਰਤ ‘ਚ ਹੀ ਨਹੀਂ, ਵਿਕਸਿਤ ਦੇਸ਼ਾਂ ਦੇ ਕਿਸਾਨ ਵੀ ਗੰਭੀਰ ਖੇਤੀ ਸੰਕਟ ਦਾ ਸਾਹਮਣਾ ਕਰਦੇ ਹਨ। ਚਾਹੇ ਅਮਰੀਕਾ ‘ਚ ਹੋਵੇ ਜਾਂ ਭਾਰਤ ‘ਚ, ਖੇਤੀ ‘ਤੇ ਸੰਕਟ ਦੇ ਵਿਗੜਨ ਦਾ ਕਾਰਨ ਹੇਠਾਂ ਤੋਂ ਉੱਪਰ ਤੱਕ ਧਨ ਦਾ ਬਾਹਰ ਜਾਣਾ ਹੈ। ਜੇਕਰ ਧਨ ਪਿੰਡ ‘ਚ ਰਹਿੰਦਾ ਹੈ, ਜਿਵੇਂ ਕਿ ਜਟਾਘਰਾ ‘ਚ ਅਨਜਾਣੇ ‘ਚ ਹੋਇਆ ਸੀ, ਤਾਂ ਇਹ ਦਲਿਤਾਂ ਦੇ ਜੀਵਨ ‘ਚ ਤੇਜ਼ੀ ਨਾਲ ਪਰਵਿਰਤਨ ਲਿਆਉਂਦਾ ਹੈ, ਪਰ ਇਹ ਕੁਝ ਕਾਲਪਨਿਕ ਨਹੀਂ ਹੈ।
ਅਸੀਂ ਪਿੰਡਾਂ ਤੋਂ ਕਈ ਦਹਾਕਿਆਂ ਤੱਕ ਧਨ ਬਾਹਰ ਜਾਣ ਦਿੱਤਾ ਹੈ। ਸਮਾਂ ਆ ਗਿਆ ਹੈ ਕਿ ਇਸ ਪ੍ਰਥਾ ਨੂੰ ਬੰਦ ਕੀਤਾ ਜਾਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਕਿਸਾਨਾਂ ਨੂੰ ਉਨ੍ਹਾਂ ਦੀ ਖੇਤੀ ਉਪਜ ਦਾ ਸਹੀ ਮੁੱਲ ਮਿਲੇ। ਮੈਨੂੰ ਖ਼ੁਸ਼ੀ ਹੈ ਕਿ ਪਿਛਲੇ ਹਫਤੇ ਮਿਨਿਆਪੋਲਿਸ ‘ਚ ਰਾਸ਼ਟਰੀ ਕਿਸਾਨ ਸੰਘ (ਐਨ.ਐਫ.ਯੂ.) ਦੀ 112ਵੀਂ ਵਰ੍ਹੇਗੰਢ ਦੇ ਸੰਮੇਲਨ ਨੂੰ ਸੰਬੋਧਨ ਕਰਦਿਆਂ ਅਮਰੀਕੀ ਖੇਤੀ ਸਕੱਤਰ ਟਾਮ ਵਿਸਲੈਕ ਨੇ ਵੀ ਇਸ ਨੂੰ ਮੰਨਿਆ। ਉਨ੍ਹਾਂ ਨੇ ਕਿਹਾ ਕਿ ਬਹੁਤ ਲੰਬੇ ਸਮੇਂ ਤੋਂ ਸਾਡੇ ਕੋਲ ਪੇਂਡੂ ਅਮਰੀਕਾ ‘ਚ ਇਕ ਰਵਾਇਤੀ ਅਰਥ ਵਿਵਸਥਾ ਹੈ। ਸਾਨੂੰ ਇਕ ਅਜਿਹੀ ਵਿਵਸਥਾ ਬਣਾਉਣ ਦੀ ਜ਼ਰੂਰਤ ਹੈ, ਜਿੱਥੇ ਜ਼ਮੀਨ ਤੋਂ ਪੈਦਾ ਹੋਈ ਦੌਲਤ ਜ਼ਮੀਨ ਦੇ ਨੇੜੇ ਰਹੇ। ਯੂ.ਐਸ.ਡੀ.ਏ. ਸਕੱਤਰ ਨੇ ਜਿਸ ਰਵਾਇਤੀ ਅਰਥ ਵਿਵਸਥਾ ਬਾਰੇ ਗੱਲ ਕੀਤੀ ਹੈ, ਉਹ ਪੂਰੀ ਦੁਨੀਆ ‘ਚ ਪ੍ਰਚੱਲਿਤ ਹੈ। ਪਰ ਸਹੀ ਗੱਲਾਂ ਵੱਲ ਧਿਆਨ ਦਿਵਾਉਣ ਦੇ ਬਾਵਜੂਦ ਮੈਂ ਟਾਮ ਵਿਲਸੈਕ ਵਲੋਂ ਇਸ ਰੁਝਾਨ ਨੂੰ ਬਦਲਣ ਲਈ ਇਕ ਸਾਰਥਕ ਹੱਲ ਦੱਸਣ ਤੋਂ ਵਿਰਵਾ ਰਹਿਣ ਕਰਕੇ ਨਿਰਾਸ਼ ਹੋਇਆ ਹਾਂ। ਖੇਤੀ ਵਿਚ ਪੈਸਾ ਹੈ। ਆਖਿਰ ਇਹ ਕਿਵੇਂ ਹੋ ਸਕਦਾ ਹੈ ਕਿ ਜਦੋਂ ਕਿਸਾਨ ਜਿਊਂਦਾ ਰਹਿਣ ਲਈ ਸੰਘਰਸ਼ ਕਰਦੇ ਹਨ, ਤਾਂ ਪੂਰੀ ਖੇਤੀ ਸਪਲਾਈ ਚੇਨ ਵਿੱਤੀ ਲਾਭ ‘ਚ ਡੁੱਬ ਜਾਂਦੀ ਹੈ। ਜਦੋਂ ਕਾਰਪੋਰੇਟ ਖੇਤੀ ‘ਚ ਪ੍ਰਵੇਸ਼ ਕਰ ਰਿਹਾ ਹੈ ਅਤੇ ਜਿਸ ‘ਚ ਈ-ਪਲੇਟਫਾਰਮ ਅਤੇ ਡਿਜੀਟਲ ਪਲੇਟਫਾਰਮ ਆਊਟਲੈੱਟ ਸ਼ਾਮਿਲ ਹਨ, ਤਾਂ ਉਹ ਕਿੰਨਾ ਪੈਸਾ ਕਮਾਉਂਦੇ ਹਨ, ਜਦੋਂ ਕਿ ਕਿਸਾਨ ਭੁੱਖੇ ਪੇਟ ਸੌਂਦੇ ਹਨ? ਇਹ ਸਿਰਫ ਇਸ ਲਈ ਹੈ ਕਿਉਂਕਿ ਅਸੀਂ ਬਹੁਤ ਲੰਬੇ ਸਮੇਂ ਤੱਕ ਖੇਤੀ ‘ਚ ਇਕ ਸ਼ੋਸ਼ਕ ਬਾਜ਼ਾਰ ਆਰਥਿਕ ਪ੍ਰਣਾਲੀ ਨੂੰ ਮਜ਼ਬੂਤ ਹੋਣ ਦਿੱਤਾ ਹੈ, ਜੋ ਜਾਣਬੁੱਝ ਕੇ ਖੇਤੀ ਸੰਪਰਦਾ ਨੂੰ ਖਾ ਗਈ ਹੈ। ਜਦੋਂ ਤੱਕ ਇਸ ‘ਤੇ ਰੋਕ ਨਹੀਂ ਲਗਾਈ ਜਾਂਦੀ, ਮੈਨੂੰ ਨਹੀਂ ਲਗਦਾ ਕਿ ਖੇਤੀ ‘ਚ ਜਿਸ ਤਰ੍ਹਾਂ ਦਾ ਤਕਨੀਕੀ ਨਿਵੇਸ਼ ਕੀਤਾ ਜਾ ਰਿਹਾ ਹੈ, ਉਹ ਕਿਸਾਨਾਂ ਨੂੰ ਸੰਕਟ ਦਾ ਸਾਹਮਣਾ ਕਰਨ ਲਈ ਤਿਆਰ ਕਰੇਗਾ। ਜ਼ਮੀਨ ਤੋਂ ਧਨ ਦੀ ਨਿਕਾਸੀ ਜਾਰੀ ਰੱਖਣ ਲਈ ਇਹ ਸਿਰਫ ਇਕ ਹੋਰ ਅੱਖੀਂ ਘਟਾ ਪਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ। ਉਨ੍ਹਾਂ ਨੂੰ ਕਿਸਾਨਾਂ ਵਲੋਂ ਬਣਾਈ ਗਈ ਆਰਥਿਕ ਸੰਪਤੀ ਨੂੰ ਆਰਥਿਕ ਲਾਭ ਦੇਣਾ ਚਾਹੀਦਾ ਹੈ। ਇਸ ਸੰਦਰਭ ‘ਚ ਮੈਨੂੰ ਲਗਦਾ ਹੈ ਕਿ ਇਕ ਅਦਭੁੱਤ ਬਦਲਾਅ ਲਿਆਉਣ ‘ਚ ਜਟਾਘਰਾ ਦੀ ਸਫਲਤਾ ਦੁਨੀਆ ਭਰ ਦੇ ਨੀਤੀ ਨਿਰਮਾਤਾਵਾਂ ਦੇ ਲਈ ਇਕ ਸਬਕ ਹੈ। ਖੇਤੀ ਨੂੰ ਆਰਥਿਕ ਤੌਰ ‘ਤੇ ਵਿਹਾਰਕ ਬਣਾਈਏ, ਉਨ੍ਹਾਂ ਨੂੰ ਇਕ ਜਿਊਣਯੋਗ ਅਤੇ ਗਾਰੰਟੀਸ਼ੁਦਾ ਆਮਦਨ ਮੁਹੱਈਆ ਕਰਵਾਈਏ ਬਾਕੀ ਕੰਮ ਉਹ ਆਪ ਕਰਨਗੇ। ਹੇਠਾਂ ਤੋਂ ਉੱਪਰ ਤੱਕ ਕੰਮ ਕਰਨ ਦਾ ਇਹੀ ਤਰੀਕਾ ਹੈ।