ਤੂੰ ਵੀ ਡੁੱਬਦੇ ਦਿਨ ਦਾ ਮੰਜ਼ਰ ਵੇਖ ਲੈ…

ਜਗਵਿੰਦਰ ਜੋਧਾ
ਫੋਨ: +91-94654-64502
ਮੇਰੇ ਪਿੰਡ ਤੋਂ ਰਾਜ ਗੋਮਾਲ ਦੀ ਦੂਰੀ ਮਸਾਂ ਦੋ ਕਿਲੋਮੀਟਰ ਹੋਵੇਗੀ। ਇਸ ਰਾਹ ਨਾਲ ਮੇਰਾ ਬਚਪਨ ਤੋਂ ਹੀ ਵਾਸਤਾ ਹੈ। ਮੈਂ ਤਾਂ ਤੁਰਨਾ ਹੀ ਇਸ ਰਾਹ ਉੱਪਰ ਸਿੱਖਿਆ, ਫੇਰ ਸਾਈਕਲ, ਸਕੂਟਰ ਤੇ ਕਾਰ ਚਲਾਉਣੀ ਵੀ। ਮੇਰੀਆਂ ਅੱਖਾਂ `ਤੇ ਪੱਟੀ ਬੰਨ੍ਹ ਦਿਓ ਤਾਂ ਵੀ ਮੈਂ ਰਾਜ ਗੋਮਾਲ ਵਾਲੇ ਰਾਹ `ਤੇ ਤੁਰਦਾ ਆਪਣੇ ਖੂਹ ਤਕ ਜਾ ਸਕਦਾ ਹਾਂ। ਬਿਨਾਂ ਠੇਡਾ ਲੱਗੇ।

ਮੇਰੇ ਖੂਹ ਤੋਂ ਅਗਾਂਹ ਇਹ ਰਸਤਾ ਡਾ. ਜਗਤਾਰ ਦੇ ਪਿੰਡ ਨੂੰ ਜਾਂਦਾ ਹੈ। ਜਗਤਾਰ ਹੋਰਾਂ ਦੇ ਪੂਰਵਜ ਪਿੰਡ ਬੰਡਾਲਾ ਤੋਂ ਦਹਾਕਿਆਂ ਪਹਿਲਾਂ ਉੱਠ ਕੇ ਇਕ ਚਰਾਂਦ ਵਿਚ ਜਾ ਬੈਠੇ ਸਨ ਤੇ ਉਨ੍ਹਾਂ ਪਿੰਡ ਦਾ ਨਾਂ ਰਾਜ ਗੋਮਾਲ ਰੱਖ ਲਿਆ। ਰਾਜ ਗੋਮਾਲ ਦਾ ਅਰਥ ਸੀ ਰਾਜੇ ਦੀਆਂ ਗਊਆਂ ਦੇ ਵੱਗ ਦੀ ਥਾਂ। ਇਹੀ ਰਾਜ ਗੋਮਾਲ ਡਾ. ਜਗਤਾਰ ਨੂੰ ਆਖਰੀ ਸਾਹਾਂ ਤਕ ਭੁੱਲਿਆ ਨਹੀਂ। ਉਹ ਚੰਡੀਗੜ੍ਹ ਸੀ ਤਾਂ ਰਾਜ ਗੋਮਾਲ ਯਾਦ ਆਇਆ:
ਰਾਜ ਗੋਮਾਲੋਂ ਆ ਗਿਆ ਮੁੜਿਆ ਖਤ ਬੇਰੰਗ
ਪੁੱਛਿਆ ਹੈ ਜਗਤਾਰ ਜੀ ਕਦ ਮੁੱਕਣਾ ਬਨਵਾਸ
ਉਹ ਜਲੰਧਰ ਕੈਂਟ ਰੋਡ ਵਾਲੀ ਆਪਣੀ ਵੱਡੀ ਕੋਠੀ ਵਿਚ ਹੁੰਦੇ ਤਾਂ ਵੀ ਅੱਖ ਰਾਜ ਗੋਮਾਲ ਨੂੰ ਯਾਦ ਕਰ ਕੇ ਮਹਿਕਦੀ ਰਹੀ। ਨੌਕਰੀਆਂ ਲਈ ਝੁਰੜ, ਮਲੋਟ, ਹੁਸ਼ਿਆਰਪੁਰ ਤਕ ਖੱਜਲ ਹੁੰਦਾ ਡਾ. ਜਗਤਾਰ ਇਸ ਨਿੱਕੇ ਜਿਹੇ ਪਿੰਡ ਵਿਚ ਬੀਤੇ ਬਚਪਨ ਤੇ ਚੜ੍ਹਦੀ ਜਵਾਨੀ ਦੀ ਵਰੇਸ ਨੂੰ ਕਦੇ ਨਹੀਂ ਭੁੱਲਿਆ। ਅੱਜ ਜਗਤਾਰ ਦੀ ਮੌਤ ਨੂੰ ਬਾਰ੍ਹਾਂ ਵਰ੍ਹੇ ਹੋਣ ਵਾਲੇ ਹਨ। ਮੈਂ ਉਨ੍ਹਾਂ ਦਿਨਾਂ ਵਿਚ ਡੀ.ਏ.ਵੀ. ਕਾਲਜ ਜਲੰਧਰ ਪੜ੍ਹਾਉਂਦਾ ਸੀ। ਪਿੰਡ ਤੋਂ ਹੀ ਆਉਂਦਾ ਤੇ ਜਾਂਦਾ। ਰਾਹ ਵਿਚ ਜਗਤਾਰ ਦਾ ਘਰ ਪੈਂਦਾ ਸੀ। ਥੋੜ੍ਹਾ ਜਿਹਾ ਵਲੇਵਾਂ ਮਾਰ ਕੇ ਜਗਤਾਰ ਨੂੰ ਮਿਲਿਆ ਜਾ ਸਕਦਾ ਸੀ। ਉਨ੍ਹਾਂ ਦਿਨਾਂ ਵਿਚ ਜਗਤਾਰ ਇਕੱਲਤਾ ਹੰਢਾ ਰਿਹਾ ਸੀ। ਉਸ ਦੀ ਉਹ ਉਮਰ ਪਿੱਛੇ ਰਹਿ ਗਈ ਸੀ ਜਦੋਂ ਉਹ ਮਹਿਫਲਾਂ ਦਾ ਸ਼ਿੰਗਾਰ ਸੀ, ਜਦੋਂ ਲੋਕ ਉਸ ਦੀ ਸ਼ਾਇਰੀ ਨੂੰ ਏਨਾ ਪਿਆਰ ਕਰਦੇ ਸਨ ਕਿ ਉਸ ਦੀਆਂ ਗਾਲ੍ਹਾਂ ਵੀ ਵਾਰੇ ਖਾਂਦੀਆਂ ਸਨ। ਜਦੋਂ ਜਗਤਾਰ ਦੀਆਂ ਅੱਖਾਂ ਵਿਚ ਚਮਕ ਸੀ ਤੇ ਮੱਥੇ ਵਿਚ ਦਗਦਾ ਸੂਰਜ। ਅਖੀਰਲੇ ਦਿਨਾਂ ਵਾਲਾ ਜਗਤਾਰ ਤਾਂ ਕਮਜ਼ੋਰ ਜਿਹਾ ਬਾਬਾ ਸੀ। ਇਕ ਅੱਖ ਦਾ ਚਾਨਣ ਨਾਂ-ਮਾਤਰ, ਸਰੀਰ ਕਮਜ਼ੋਰ। ਮੋਢੇ ਬੰਦੂਕ ਟੰਗ ਕੇ ਮਟਕਣੀ ਚਾਲ ਤੁਰਨ ਵਾਲਾ ਜਗਤਾਰ ਕਿਤੇ ਦੂਰ ਇਤਿਹਾਸ ਦੇ ਪਰਛਾਵਿਆਂ ਵਿਚ ਰਹਿ ਗਿਆ ਸੀ।
ਮੇਰੇ ਬਾਪ ਨੇ ਜਗਤਾਰ ਨੂੰ ਚੜ੍ਹਦੀ ਉਮਰੇ ਵੇਖਿਆ ਸੀ। ਉਹ ਰਾਜ ਗੋਮਾਲ ਤੋਂ ਮੇਰੇ ਪਿੰਡ ਵੱਲ ਆਉਂਦੀ ਬਰਸਾਤੀ ਕੂਲ੍ਹ ਦੇ ਸਰਕੰਡਿਆਂ ਵਿਚ ਸ਼ਿਕਾਰ ਲਈ ਆਉਂਦਾ। ਮੋਢੇ ਰਫਲ ਝੂਲਦੀ ਹੁੰਦੀ। ਉਸ ਦੇ ਨਾਲ ਅਰਜਨ ਹੁੰਦਾ ਜਿਸ ਕੋਲ ਰੌਂਦਾਂ ਵਾਲਾ ਝੋਲਾ ਹੁੰਦਾ।
ਜਗਤਾਰ ਫਾਇਰ ਕਰਦਾ, ਤਿੱਤਰ ਮੁਰਗਾਬੀਆਂ ਫੁੜਕਦੇ, ਅਰਜਨ ਚੁੱਕ ਕੇ ਥੈਲੇ ਵਿਚ ਪਾਈ ਜਾਂਦਾ। ਅਰਜਨ ਨੂੰ ਮੈਂ ਉਦੋਂ ਮਿਲਿਆ ਜਦੋਂ ਉਹ ਅਨਾਜ ਮੰਡੀ ਵਿਚ ਪਾਣੀ ਪਿਲਾਉਣ ਦਾ ਕੰਮ ਕਰਦਾ ਸੀ। ਮੈਂ ਉਹਨੂੰ ਪੁੱਛਿਆ, “ਤੁਸੀਂ ਏਨੇ ਸ਼ਿਕਾਰ ਕੀ ਕਰਦੇ ਸੀਗੇ?”
ਅੱਗੋਂ ਅਰਜਨ ਨੇ ਆਪਣੀ ਇਕਮਾਤਰ ਅੱਖ ਹੋਰ ਚੌੜੀ ਕਰ ਕੇ ਜਵਾਬ ਦਿੱਤਾ, “ਮੈਂ ਤੇ ਹੋਰ ਲੋਕ ਖਾਂਦੇ ਸੀਗੇ। ਜਗਤਾਰ ਤਾਂ ਸ਼ਿਕਾਰ ਤੋਂ ਬਾਅਦ ਦੇਰ ਤਕ ਰੋਂਦਾ ਰਹਿੰਦਾ ਸੀ।”
ਜਗਤਾਰ ਹੋਰਾਂ ਦਾ ਜਵਾਨ ਭਰਾ ਪਿੰਡਾਂ ਵਿਚਲੀ ਰਵਾਇਤੀ ਦੁਸ਼ਮਣੀ ਦੀ ਭੇਂਟ ਚੜ੍ਹ ਗਿਆ ਸੀ। ਇਸ ਘਟਨਾ ਨੇ ਜਗਤਾਰ ਨੂੰ ਹੋਰ ਤਲਖ ਬਣਾ ਦਿੱਤਾ ਸੀ। ਉਸ ਦਾ ਅਗਲੇਰਾ ਬਹੁਤ ਸਮਾਂ ਥਾਣਿਆਂ, ਕਚਹਿਰੀਆਂ ਤੇ ਵਕੀਲਾਂ ਦੇ ਗੇੜੇ ਮਾਰਦਿਆਂ ਬੀਤਿਆ। ਕਾਨੂੰਨ ਦੀ ਲਚਕ ਦਾ ਲਾਹਾ ਲੈ ਕੇ ਮੁਜਰਿਮ ਫੇਰ ਵੀ ਪਿੰਡ ਆ ਗਏ ਸਨ। ਇਸ ਨੱਸ-ਭੱਜ ਨੇ ਜਗਤਾਰ ਦੀ ਬਹੁਤ ਸਾਰੀ ਊਰਜਾ ਨੂੰ ਸੋਖ ਲਿਆ।
ਉਸ ਨੇ ਸ਼ੀਸ਼ੇ ਦਾ ਜੰਗਲ ਦੀ ਇਕ ਗਜ਼ਲ ਦਾ ਮਕਤਾ ਲਿਖਦਿਆਂ ਆਪਣਾ ਸਾਰਾ ਦੁੱਖ ਉਲੱਦ ਦਿੱਤਾ:
ਲੰਘ ਗਿਆ ਪਰਲੋ ਜਿਹਾ ਜਦਕਿ ਪਝੱਤਰਵਾਂ ਵਰ੍ਹਾ
ਕੀ ਭਲਾ ਜਗਤਾਰ ਇਸ ਤੋਂ ਵੱਧ ਛਿਅੱਤਰ ਆਏਗਾ
ਇਹ ਤਾਂ 1975 ਦਾ ਬਿਆਨ ਸੀ ਪਰ 75 ਦਾ ਅੰਕੜਾ ਉਨ੍ਹਾਂ ਦੇ ਚੇਤ-ਅਚੇਤ ਉੱਪਰ ਡੂੰਘਾ ਉਕਰਿਆ ਪਿਆ ਸੀ। ਜਗਤਾਰ ਹੋਰੀਂ ਅਸਲ ਵਿਚ 75 ਸਾਲਾਂ ਦੀ ਉਮਰ ਭੋਗ ਕੇ ਦੁਨੀਆਂ ਨੂੰ ਵਿਦਾ ਆਖ ਗਏ।
ਜਗਤਾਰ ਦੁਨੀਆਂ ਦੇ ਸਾਰੇ ਸਿਤਮਾਂ ਦਾ ਬਦਲਾ ਸਾਰੀ ਕੁਦਰਤ ਤੋਂ ਲੈਣਾ ਚਾਹੁੰਦਾ ਸੀ ਪਰ ਉਸ ਦਾ ਤਰਲ ਕਵੀ ਮਨ ਇਸ ਕੰਮ ਦੇ ਰਾਹ ਵਿਚ ਰੋਕ ਵਾਂਗ ਖੜ੍ਹਾ ਰਹਿੰਦਾ। ਜਗਤਾਰ ਦੇ ਸ਼ਿਕਾਰ ਕਰਨ ਬਾਰੇ ਪੰਜਾਬੀ ਦੇ ਕੁਝ ਲੇਖਕਾਂ ਨੇ ਮਜ਼ਾਹੀਆ ਕਿੱਸੇ ਵੀ ਜੋੜ ਰੱਖੇ ਹਨ। ਉਨ੍ਹਾਂ ਦੇ ਡਰਾਇੰਗ ਰੂਮ ਦੀ ਕੰਧ ਉੱਪਰ ਲਟਕਦੀ ਸ਼ੇਰ ਦੀ ਖੱਲ, ਜਿਸ ਨੂੰ ਜਗਤਾਰ ਆਪਣੇ ਸ਼ਿਕਾਰ ਨਾਲ ਜੋੜਦਾ, ਸਦਾ ਰਿਸ਼ੀਆਂ ਹੇਠ ਵਿਛਾਈ ਤਪਸ਼ਾਲ ਵਰਗੀ ਲੱਗਦੀ। ਸਿੱਕਿਆਂ ਦਾ ਅਥਾਹ ਭੰਡਾਰ ਜਗਤਾਰ ਹੋਰਾਂ ਨੂੰ ਘੋਖੀ ਵਜੋਂ ਸਾਹਮਣੇ ਲਿਆਉਂਦਾ ਤਾਂ ਭਾਰਤ ਦੇ ਕਿਲ੍ਹਿਆਂ ਬਾਰੇ ਉਨ੍ਹਾਂ ਦੀ ਜਾਣਕਾਰੀ ਹੈਰਾਨ ਕਰਨ ਵਾਲੀ ਸੀ। ਜਗਤਾਰ ਅੰਦਰ ਇਕ ਡੱਕਿਆ ਹੋਇਆ ਜੋਗੀ ਬੈਠਾ ਸੀ ਜੋ ਸਾਰੀ ਧਰਤੀ ਨੂੰ ਆਪਣੇ ਕਦਮਾਂ ਨਾਲ ਮਾਪ ਦੇਣ ਲਈ ਬਿਹਬਲ ਸੀ ਪਰ ਫਰਜ਼ਾਂ ਦੀ ਜ਼ੰਜੀਰ ਉਸ ਨੂੰ ਦੇਹਲੀ ਨਹੀਂ ਟੱਪਣ ਦਿੰਦੀ ਸੀ।
ਜਗਤਾਰ ਨੇ ਤਕਰੀਬਨ ਸੱਠ ਸਾਲ ਕਵਿਤਾ ਲਿਖੀ। ਉਨ੍ਹਾਂ ਗਾਣੇ ਲਿਖਣ ਤੋਂ ਸ਼ੁਰੂਆਤ ਕੀਤੀ। ਨਾਵਲਕਾਰ ਨਾਨਕ ਸਿੰਘ ਨੇ ਉਸ ਦੇ ਗਾਣੇ ਸੁਣ ਕੇ ਉਸ ਨੂੰ ਸੰਜੀਦਾ ਕਵਿਤਾ ਲਿਖਣ ਦੀ ਸਲਾਹ ਦਿੱਤੀ। ਜਗਤਾਰ ਨੇ ਆਪਣੀ ਜ਼ਬਾਨ ਨੂੰ ਭਰਪੂਰ ਕਰਨ ਲਈ ਨਜ਼ਮਾਂ, ਗਜ਼ਲਾਂ ਤੇ ਗੀਤ ਲਿਖੇ। ਉਸ ਦੀ ਕਵਿਤਾ ਵਿੱਚੋਂ ਲੋਕ ਮੁਹਾਵਰਾ ਤੇ ਕੰਨਰਸ ਕਦੇ ਗੈਰ-ਹਾਜ਼ਰ ਨਹੀਂ ਹੋਏ। ਨਜ਼ਮ ਲਿਖਦਿਆਂ ਵੀ ਜਗਤਾਰ ਨੇ ਖੁਸ਼ਕ ਵਾਰਤਕ ਦੀ ਥਾਂ ਵਹਾਅ ਵਿਚ ਲਰਜ਼ਦੇ ਖਿਆਲਾਂ ਨੂੰ ਰੂਪ ਦਿੱਤਾ। ਨਜ਼ਮ ਵਿਚ ਜਗਤਾਰ ਨੇ ਨਿੱਜ ਤੋਂ ਲੈ ਕੇ ਸਮੇਂ ਦੀਆਂ ਦਰਪੇਸ਼ ਵੰਗਾਰਾਂ ਨੂੰ ਸੰਬੋਧਿਤ ਕੀਤਾ। ਪ੍ਰਬੰਧ ਦਾ ਦਮਿਤ ਮਨੁੱਖ ਉਸ ਦੀਆਂ ਕਵਿਤਾਵਾਂ ਵਿਚ ਆਪਣੀ ਸਾਰੀ ਬੇਵਸੀ, ਖਿਝ ਤੇ ਸੰਵੇਦਨਾ ਸਮੇਤ ਪੇਸ਼ ਹੁੰਦਾ ਹੈ। ‘ਨਿੱਕੇ ਵੱਡੇ ਡਰ` ਵਰਗੀਆਂ ਸਦੀਵੀ ਨਜ਼ਮਾਂ ਮਨੁੱਖੀ ਹੋਂਦ ਦੇ ਅੰਦਰੂਨੀ ਤੇ ਬਹਿਰੂਨੀ ਤੌਖਲਿਆਂ ਨੂੰ ਪ੍ਰਗਟ ਕਰਦੀਆਂ ਹਨ। ਪਰ ਉਸ ਦੇ ਗਜ਼ਲ ਲੇਖਣ ਨੇ ਉਸ ਦੀ ਨਜ਼ਮਕਾਰੀ ਨੂੰ ਢਕ ਕੇ ਰੱਖਿਆ। ਗਜ਼ਲ ਤੇ ਜਗਤਾਰ ਤਾਂ ਇਸ ਕਦਰ ਇਕਮਿਕ ਹੋਏ ਕਿ ਉਸ ਨੇ ਪੂਰੀ ਰਵਾਇਤ ਨੂੰ ਮੋੜਾ ਦੇਣ ਵਰਗਾ ਕਾਰਜ ਕੀਤਾ। ਉਸ ਨੇ ਗਜ਼ਲ ਲਿਖਣੀ ਸ਼ੁਰੂ ਕੀਤੀ ਤਾਂ ਗਜ਼ਲ ਨੂੰ ਕੋਈ ਗੰਭੀਰਤਾ ਨਾਲ ਨਹੀਂ ਸੀ ਦੇਖਦਾ। ਸ਼ੀਸ਼ੇ ਦਾ ਜੰਗਲ ਛਪ ਕੇ ਆਈ ਤਾਂ ਦੋਵਾਂ ਪੰਜਾਬਾਂ ਦੇ ਪਾਠਕ ਹੈਰਾਨ ਰਹਿ ਗਏ। ਇਹ ਵਰਣਨ ਨਹੀਂ ਬਿਰਤਾਂਤ ਦੀ ਗਜ਼ਲਕਾਰੀ ਸੀ। ਮਨੁੱਖ ਆਪਣੇ ਦੁੱਖਾਂ-ਸੁੱਖਾਂ ਤੇ ਹੋਰ ਜਜ਼ਬਿਆਂ ਸਮੇਤ ਇਸ ਗਜ਼ਲ ਦੇ ਕੇਂਦਰ ਵਿਚ ਸੀ ਤੇ ਸ਼ੀਸ਼ੇ ਦਾ ਜੰਗਲ ਦੀ ਗਜ਼ਲ ਮਰੀ ਹੋਈ ਸੂਚਨਾ ਨਹੀਂ ਸਗੋਂ ਧੜਕਦੀ ਸੁਹਜਮਈ ਇਬਾਰਤ ਸੀ। ਕੁਦਰਤ ਆਪਣੇ ਵਿਭਿੰਨ ਰੰਗਾਂ ਵਿਚ ਜਗਤਾਰ ਦੀ ਗਜ਼ਲ ਦੇ ਬਦਲਦੇ ਤੇਵਰਾਂ ਨੂੰ ਕਲਾਵੇ ਭਰਦੀ ਦਿਖਾਈ ਦੇ ਰਹੀ ਸੀ:
ਇਹ ਸ਼ਾਮ ਘਣੀ ਕਹਿਰ ਬਣੀ ਡਸ ਰਹੇ ਸਾਏ
ਨੈਣਾਂ ਚ ਜਗੇ ਦੀਪ ਤਾਂ ਦਿਲ ਬੁਝਦਾ ਈ ਜਾਏ
ਜੰਗਲ ਦੀ ਜਿਵੇਂ ਰਾਤ ਡਰਾਉਣੀ ਤੇ ਲੁਭਾਉਣੀ
ਇਉਂ ਯਾਦ ਤੇਰੀ ਆ ਕੇ ਕਈ ਰੰਗ ਵਖਾਏ
ਯਾਰੋ ਦੁਆ ਕਰੋ ਕਿ ਜੋ ਰੌਸ਼ਨੀ ਦਿਸੀ ਹੈ
ਪਰਭਾਤ ਜੇ ਨਹੀਂ ਤਾਂ ਜੰਗਲ ਦੀ ਅੱਗ ਹੋਵੇ
ਜਗਤਾਰ ਦੀ ਸ਼ਾਇਰੀ ਵਿਚ ਜੰਗਲ ਬੜੇ ਅਰਥਾਂ ਵਿਚ ਹਾਜ਼ਰ ਹੈ। ਇਸ ਤਰ੍ਹਾਂ ਲੱਗਦਾ ਹੈ ਜਿਵੇਂ ਇਹ ਜੰਗਲ ਸ਼ਾਇਰ ਦੀ ਚੇਤਨਾ ਵਿਚ ਬਣੇ ਕਈ ਰੰਗਾਂ ਦਾ ਕੋਲਾਜ ਹੋਵੇ। ਜੰਗਲ ਨੂੰ ਉਸ ਨੇ ਸਭਿਆਚਾਰੀਕਰਨ ਦੇ ਰਾਹ ਦੀ ਬੰਦਿਸ਼ ਵਜੋਂ ਵੀ ਪੇਸ਼ ਕੀਤਾ ਤੇ ਸਭਿਆਚਾਰੀਕਰਨ ਦੀ ਕਰੂਰਤਾ ਤੋਂ ਆਸਰੇ ਵਜੋਂ ਵੀ। ਕਦੇ ਕਦੇ ਜੰਗਲ ਦੀ ਇਹ ਅਕਾਸੀ ਨਿੱਜੀ ਦੁੱਖਾਂ ਦੀ ਨਿਸ਼ਾਨਦੇਹੀ ਵੀ ਲੱਗਦੀ ਹੈ। ਇਸ ਦੇ ਨਾਲ ਹੀ ਉਸ ਦੇ ਹੋਰ ਪਸੰਦੀਦਾ ਬਿੰਬ ਦਰਿਆ ਤੇ ਦੀਵਾ ਹਨ। ਦੀਵਾ ਜੰਗਲ ਦੇ ਡਰਾਉਣੇਪਨ ਵਿਚ ਨਿੱਘ ਤੇ ਚਾਨਣ ਦਾ ਰੂਪਕ ਹੈ ਤਾਂ ਦਰਿਆ ਆਪਣੇ ਵਹਾਅ ਕਾਰਨ ਹਰ ਜੰਗਲ ਤੋਂ ਪਾਰ ਹੋ ਜਾਂਦਾ ਹੈ। ਟੈਰੀ ਈਗਲਟਨ ਠੀਕ ਹੀ ਕਹਿੰਦਾ ਹੈ ਕਿ ਕਿਸੇ ਕਵਿਤਾ ਦੇ ਬਿੰਬ ਕਵੀ ਦੇ ਤਜਰਬਿਆਂ ਦੇ ਥਮਲੇ ਹੁੰਦੇ ਹਨ।
ਜਗਤਾਰ ਹਰ ਲਾਗੂ ਅਨੁਸ਼ਾਸਨ ਦੇ ਉਲਟ ਰੁਖ ਖੜ੍ਹਨ ਵਾਲੀ ਤਬੀਅਤ ਸੀ। ਉਸ ਦੀਆਂ ਲਿਖਤਾਂ ਦੇ ਸਮਾਨਾਂਤਰ ਖੜ੍ਹੇ ਸਵਾਲ ਉਸ ਨੂੰ ਹੋਰ ਬਿਹਤਰ ਤੇ ਚੌਖਟੇ ਤੋਂ ਬਾਹਰ ਰਹਿਣ ਲਈ ਉਕਸਾਉਂਦੇ ਸਨ। ਜਦੋਂ ਉਸ ਦੀ ਗਜ਼ਲ ਵਿਚ ਅਰੂਜ਼ ਦੀਆਂ ਖਾਮੀਆਂ ਬਾਰੇ ਸਵਾਲ ਖੜ੍ਹੇ ਹੋਏ ਤਾਂ ਉਸ ਨੇ ਕਿਹਾ:
ਕੁਝ ਲੋਕ ਪਟਵਾਰੀ ਤਰ੍ਹਾਂ ਗਜ਼ਲਾਂ ਨੇ ਨਾਪਦੇ
ਮਫਊਲ ਫਾਇਲਾਤ ਦੀ ਹੱਥ ਵਿਚ ਜਰੀਬ ਹੈ
ਜਿਸਨੂੰ ਦਾਅਵਾ ਹੈ ਪਿੰਗਲ ਦਾ ਮੇਰੇ ਵਰਗੇ ਸ਼ਿਅਰ ਕਹੇ
ਜੇ ਨਈਂ ਸੋਚ, ਬੁਲੰਦੀ, ਜਜ਼ਬਾ ਕਿਸ ਕੰਮ ਇਹ ਫਿਅਲਨ ਫਿਅਲਾਤ
ਇਹ ਬਿਆਨ ਰੂਪ ਦੇ ਮੁਕਾਬਲੇ ਵਸਤੂ ਨੂੰ ਮਹੱਤਵ ਦੇਣ ਵਾਲੀ ਕਾਵਿਕਾਰੀ ਦੇ ਹੱਕ ਵਿਚ ਤਾਂ ਸੀ ਹੀ, ਕਵਿਤਾ ਦੇ ਬਦਲਵੇਂ ਯੁਗ ਅਨੁਸਾਰ ਵਿਧਾਵੀ ਢਾਂਚੇ ਬਾਰੇ ਵੀ ਸੀ। ਸਿਰਫ ਗਜ਼ਲ ਵਿਚ ਹੀ ਨਹੀਂ ਕਵਿਤਾ ਵਿਚ ਵੀ ਉਸ ਨੇ ਫੋਕੀਆਂ ਤੇ ਲੈਅਹੀਣ ਸਤਰਾਂ ਨੂੰ ਨਸਰ ਵਾਂਗ ਬੀੜਨ ਨੂੰ ਰੱਦ ਕੀਤਾ ਤੇ ਸ਼ਬਦਾਂ ਦੀ ਅੰਦਰੂਨੀ ਤਾਲ ਵਾਲੀ ਕਵਿਤਾ ਲਿਖੀ।
ਜਗਤਾਰ ਦੀਆਂ ਕਵਿਤਾਵਾਂ ਵਿਚ ਬਹੁਤ ਸਾਰੇ ਮਰਸੀਏ ਹਨ। ਇਹ ਮਰਸੀਏ ਉਸ ਦੇ ਅੰਦਰਲੇ ਕਬਰਿਸਤਾਨ ਵਿਚ ਬਹਿ ਕੇ ਲਿਖੇ ਗਏ ਹਨ। ਕੁਝ ਸ਼ਖਸੀਅਤਾਂ ਦੇ ਹਵਾਲੇ ਨਾਲ ਮਰ ਰਹੀਆਂ ਜਜ਼ਬਾਤੀ ਸਾਂਝਾਂ ਬਾਰੇ ਆਪਣਾ ਫਿਕਰ ਜ਼ਾਹਿਰ ਕਰਦਾ ਹੈ। ਇਹ ਫਿਕਰ ਹੌਲੀ ਹੌਲੀ ਆਪਣੇ ਆਪ ਦੇ ਮਰਸੀਏ ਤਕ ਆ ਜਾਂਦਾ ਹੈ। ਇੰਝ ਇਹ ਕਵਿਤਾ ਕਾਇਨਾਤ ਤੋਂ ਜ਼ਾਤ ਦੇ ਦਰਮਿਆਨ ਮਨੁੱਖੀ ਭਾਵਨਾ ਦੀ ਲਰਜ਼ਦੀ ਭਾਵੁਕ ਤਰੰਗ ਬਣਦੀ ਹੈ।
ਸ਼ਾਮਾਂ ਬਾਰੇ ਉਸ ਦੀਆਂ ਕਵਿਤਾਵਾਂ ਵੀ ਮਨੁੱਖੀ ਮਨ ਦੇ ਕੁਦਰਤ ਨੂੰ ਜਾਨਣ ਦੇ ਅਹਿਸਾਸ ਹਨ। ਇਨ੍ਹਾਂ ਕਵਿਤਾਵਾਂ ਵਿਚ ਭੌਤਿਕ ਸਥਿਤੀ ਬਦਲਦੀ ਹੈ, ਪਰ ਸੰਵੇਦਨਾ ਯਥਾ ਰਹਿੰਦੀ ਹੈ। ਸ਼ਾਮ ਸਫਰ ਦੇ ਪੜਾਅ ਦਾ ਸੂਚਕ ਹੈ ਤੇ ਮਨੁੱਖੀ ਉਮਰ ਦੇ ਟਿਕਾਓ ਦਾ ਵੀ। ਇਨ੍ਹਾਂ ਕਵਿਤਾਵਾਂ ਰਾਹੀਂ ਕਵੀ ਆਪਣੇ ਅਨੁਭਵਾਂ ਨੂੰ ਮੁਕਾਮ ਦੀ ਸਥਿਤੀ ਤਕ ਲਿਜਾ ਕੇ ਅਰਥਾਂ ਦੇ ਨਿਵੇਕਲੇ ਰੰਗ ਬਿਖੇਰਦਾ ਹੈ। ਉਸ ਨੇ ਸਦਾ ਆਪਣੇ ਸਮਕਾਲ ਬਾਰੇ ਲਿਖਿਆ ਭਾਵੇਂ ਇਤਿਹਾਸ-ਮਿਥਿਹਾਸ ਦਾ ਲੜ ਛੱਡਿਆ ਨਹੀਂ। ਜੁਝਾਰੂ ਕਾਲ ਵਿਚ ‘ਹਰ ਮੋੜ `ਤੇ ਸਲੀਬਾਂ` ਲਿਖਣ ਵਾਲਾ ਜਗਤਾਰ ਗੋਧਰਾ ਦੰਗਿਆਂ ਬਾਰੇ ਜ਼ੋਰਦਾਰ ਵਿਰੋਧੀ ਕਾਵਿਕ ਸੁਰ ਉਚਾਰਦਾ ਦਿਸਿਆ।
ਜਗਤਾਰ ਨੂੰ ਜਾਨਣ ਵਾਲਿਆਂ ਨੂੰ ਪਤਾ ਹੈ ਕਿ ਉਹ ਸਿਰਫ ਗਜ਼ਲਕਾਰ ਜਾਂ ਕਵੀ ਜਗਤਾਰ ਨਹੀਂ। ਉਹ ਕੋਸ਼ਕਾਰ ਵੀ ਹੈ, ਉਲਥਾਕਾਰ ਵੀ, ਲਿਪੀ ਪਰਤੌਂਣ ਵਾਲਾ ਵੀ ਤੇ ਸਾਹਿਤ ਇਤਿਹਾਸਕਾਰ ਵੀ। ਉਸ ਨੇ ਸ਼ਾਹ ਹੁਸੈਨ ਤੇ ਬੁੱਲ੍ਹੇ ਸ਼ਾਹ ਦੇ ਕਲਾਮ ਦੀ ਪ੍ਰਮਾਣਿਕਤਾ ਬਾਰੇ ਤਿੱਖੀਆਂ ਟਿੱਪਣੀਆਂ ਵਾਲੀਆਂ ਕਿਤਾਬਾਂ ਲਿਖੀਆਂ। ਬਹੁਤ ਸਾਰੀਆਂ ਕਿਤਾਬਾਂ ਨੂੰ ਗੁਰਮੁਖੀ ਵਿਚ ਲਿਪੀਅੰਤਰ ਕੀਤਾ। ਆਖਰੀ ਦਿਨਾਂ ਵਿਚ ਉਹ ਸੁਲਤਾਨ ਬਾਹੂ ਦੇ ਕਲਾਮ ਬਾਰੇ ਸਮੱਗਰੀ ਇਕੱਠੀ ਕਰਨ ਦੇ ਆਹਰ ਵਿਚ ਸੀ।
ਜਗਤਾਰ ਕਦੇ ਇਨਾਮਾਂ-ਸਨਮਾਨਾਂ ਜਾਂ ਅਹੁਦਿਆਂ ਪਿੱਛੇ ਨਹੀਂ ਭੱਜਿਆ। ਉਸ ਵਿਚ ਇਨਕਾਰ ਕਰਨ ਦੀ ਜੁਰੱਅਤ ਸੀ ਜੋ ਉਸ ਨੂੰ ਹੋਰ ਬੁਲੰਦ ਕਰਦੀ ਸੀ।
ਮਾਰਚ ਦਾ ਮਹੀਨਾ ਅੱਧੇ ਤੋਂ ਬਹੁਤਾ ਗੁਜ਼ਰ ਗਿਆ ਹੈ। ਦਰੱਖਤਾਂ `ਤੇ ਨਵੇਂ ਪੱਤੇ ਫੁੱਟ ਰਹੇ ਹਨ ਤੇ ਫਿਜ਼ਾ ਵਿਚ ਨਿਸਰੀਆਂ ਕਣਕਾਂ ਦੀ ਮਹਿਕ ਫੈਲੀ ਹੋਈ ਹੈ। ਮੈਂ ਤੜਕੇ ਤੜਕੇ ਸੈਰ ਕਰਦਾ ਰਾਜ ਗੋਮਾਲ ਤਕ ਆਇਆ ਹਾਂ। ਸੂਰਜ ਦੀ ਪਹਿਲੀ ਕਿਰਨ ਜਗਤਾਰ ਦੇ ਘਰ ਕੋਲ ਨਿੰਮ ਉੱਪਰ ਪਈ ਹੈ। ਮੈਨੂੰ ਯਾਦ ਆਇਆ ਹੈ ਕਿ ਉਹ ਦਰਵੇਸ਼ 23 ਮਾਰਚ ਨੂੰ ਜਨਮਿਆ ਤੇ 30 ਮਾਰਚ ਨੂੰ ਵਿਦਾ ਹੋਇਆ ਸੀ। ਆਪਣੇ ਪਿੰਡ ਪਹੁੰਚ ਕੇ ਮੈਂ ਮੁੜ ਕੇ ਵੇਖਿਆ। ਮੀਲ ਪੱਥਰ ਉੱਪਰ ਰਾਜ ਗੋਮਾਲ ਦੋ ਕਿਲੋਮੀਟਰ ਲਿਖਿਆ ਹੋਇਆ ਹੈ।
ਮੈਂ ਜਗਤਾਰ ਨਾਲ ਜੁੜੀਆਂ ਕਿੰਨੀਆਂ ਹੀ ਯਾਦਾਂ ਸਮੇਟਦਾ ਡਿੱਗ ਰਹੇ ਦੋ ਹੰਝੂ ਪੂੰਝਣ ਲੱਗਦਾ ਹਾਂ। ਉਸ ਦਾ ਸ਼ਿਅਰ ਯਾਦ ਆਉਂਦਾ ਹੈ:
ਆਪਣੇ ਅੰਜਾਮ ਤੋਂ ਵਾਕਿਫ ਹਾਂ ਮੈਂ
ਤੂੰ ਵੀ ਡੁੱਬਦੇ ਦਿਨ ਦਾ ਮੰਜ਼ਰ ਵੇਖ ਲੈ।