ਕਹਾਣੀ ਜੁੜਦੀ ਕਿਵੇਂ ਹੈ?

ਕੁਲਵੰਤ ਸਿੰਘ ਵਿਰਕ
ਕੁਲਵੰਤ ਸਿੰਘ ਵਿਰਕ (20 ਮਈ 1921-24 ਦਸੰਬਰ 1987) ਪੰਜਾਬੀ ਸਾਹਿਤ ਜਗਤ ਦਾ ਅਜਿਹਾ ਜਿਊੜਾ ਹੈ ਜਿਸ ਨੇ ਪੰਜਾਬੀ ਕਹਾਣੀ ਨੂੰ ਬੁਲੰਦੀਆਂ ‘ਤੇ ਪਹੁੰਚਾਇਆ। ਉਸ ਤੋਂ ਪਹਿਲਾਂ ਵੀ ਪੰਜਾਬੀ ਕਹਾਣੀ ਲਿਖੀ ਜਾਂਦੀ ਸੀ ਅਤੇ ਬਾਅਦ ਵਿਚ ਵੀ ਬਥੇਰੀ ਲਿਖੀ ਗਈ ਤੇ ਹੁਣ ਵੀ ਲਿਖੀ ਜਾ ਰਹੀ ਹੈ ਪਰ ਕੁਲਵੰਤ ਸਿੰਘ ਵਿਰਕ ਦੀ ਕਹਾਣੀ ਦਾ ਰੰਗ ਆਪਣਾ ਹੀ ਹੈ। ਉਸ ਵਰਗਾ ਕੋਈ ਹੋਰ ਕਹਾਣੀਕਾਰ ਨਹੀਂ। ਉਹ ਆਪਣੀ ਰਚਨਾ ਦੇ ਪਾਤਰਾਂ ਜਾਂ ਘਟਨਾਵਾਂ ਨੂੰ ਇਸ ਤਰ੍ਹਾਂ ਉਸਾਰਦਾ ਹੈ ਜਿਵੇਂ ਕੋਈ ਕਾਮਾ ਬਹੁਤ ਪ੍ਰੀਤ ਨਾਲ ਆਪਣੇ ਕਾਰਜ ਵਿਚ ਲੱਗਿਆ ਜਾਵੇ। ਇਸ ਲੇਖ ਵਿਚ ਉਨ੍ਹਾਂ ਕਹਾਣੀ ਰਚਣ ਦੀ ਪ੍ਰਕਿਰਿਆ ਬਾਰੇ ਕੁਝ ਦਿਲਚਸਪ ਵਿਚਾਰ ਸਾਂਝੇ ਕੀਤੇ ਹਨ ਜੋ ਅਸੀਂ ਆਪਣੇ ਪਾਠਕਾਂ ਲਈ ਛਾਪ ਰਹੇ ਹਾਂ।

ਮੈਨੂੰ ਆਪਣੇ ਬਾਰੇ ਕਿਸੇ ਹੋਰ ਸਵਾਲ ਦਾ ਜਵਾਬ ਦੇਣਾ ਏਨਾ ਕਠਿਨ ਨਹੀਂ ਲਗਦਾ ਜਿੰਨਾ ਇਸ ਸਵਾਲ ਦਾ ਕਿ ਮੈਂ ਕਹਾਣੀ ਕਿਵੇਂ ਜੋੜਦਾ ਹਾਂ?
ਮੇਰੀਆਂ ਕਹਾਣੀਆਂ ਵਿਚ ਇੱਕ ਮੋਟੀ ਗੱਲ ਇਹ ਹੈ ਕਿ ਇਨ੍ਹਾਂ ਦਾ ਪਿੰਡਾਂ ਪੁਰਾਣੀਆਂ ਯਾਦਾਂ ਹਨ। ਛੋਟੇ ਹੁੰਦੇ ਤੋਂ ਲੈ ਕੇ ਹੁਣ ਤਕ ਜੋ ਜੀਵਨ ਮੈਂ ਜੀਵਿਆ ਹੈ, ਉਸ ਵਿਚਲੀਆਂ ਘਟਨਾਵਾਂ ਤੇ ਵਾਪਰੀਆਂ ਬਾਰੇ ਮੈਨੂੰ ਜੋ ਕੁਝ ਯਾਦ ਹੈ, ਉਹ ਮੇਰੀਆਂ ਕਹਾਣੀਆਂ ਵਿਚ ਆਉਂਦਾ ਹੈ। ਇਸ ਜੀਵਨ ਦੇ ਮੁਢ ਬਾਰੇ ਇੱਕ ਦੋ ਗੱਲਾਂ ਕਹਿਣ ਨੂੰ ਮੇਰਾ ਜੀਅ ਕਰਦਾ ਹੈ।
ਮੇਰੀਆਂ ਨਿੱਕੇ ਹੁੰਦੇ ਦੀਆਂ ਯਾਦਾਂ ਇੱਕ ਖੁੱਲ੍ਹ ਦੀਆਂ ਹਨ ਜਿਸ ਵਿਚ ਫਸਲਾਂ ਸਨ, ਵਗਦਾ ਪਾਣੀ ਸੀ, ਜੁਤੇ ਢੱਗੇ ਤੇ ਚੁਗਦੀਆਂ ਮੱਝੀ ਸਨ ਤੇ ਕੰਮ ਕਰਦੇ ਜਾਂ ਕਦੇ ਕਦਾਈ, ਗੱਲਾਂ ਕਰਦੇ ਬੰਦੇ। ਇਨ੍ਹਾਂ ਕੰਮ ਕਰਦੇ ਬੰਦਿਆਂ ਦੇ ਮਨ ਅੰਦਰ ਵੀ ਬਹੁਤ ਖੁਲ੍ਹ ਸੀ। ਜਿਥੋਂ ਤਕ ਕਿਸੇ ਵੱਡੇ ਵਡੇਰੇ ਦੀ ਯਾਦ ਯਾ ਸਨੌਤ ਜਾਂਦੀ ਸੀ, ਇਹ ਲੋਕ ਇਸ ਇਲਾਕੇ ਉੱਤੇ ਕਬਜ਼ਾ ਜਮਾ ਕੇ ਬੈਠੇ ਆਏ ਸਨ। ਨਾ ਕੋਈ ਰਾਜਾ ਸੀ ਤੇ ਨਾ ਕੋਈ ਪਰਜਾ। ਹੁਣ ਵੀ ਜੇ ਉਹ ਪੁਲਸ ਦੀ ਨਜ਼ਰ ਤੋਂ ਬਚ ਜਾਣ ਤਾਂ ਹੋਰ ਕਿਸੇ ਦਾ ਉਨ੍ਹਾਂ ਨੂੰ ਕੋਈ ਡਰ ਨਹੀਂ ਸੀ। ਇਹ ਬੰਦੇ ਬਹੁਤਾ ਬਾਹਰ ਖੁਲ੍ਹ ਵਿਚ ਜਿਹੜੀ ਉਨ੍ਹਾਂ ਦੇ ਕੰਮ ਕਰਨ ਦੀ ਥਾਂ ਸੀ, ਹੀ ਰਹਿੰਦੇ। ਜਿਸ ਤਰ੍ਹਾਂ ਅਸੀਂ ਘਰੋਂ ਬਾਹਰ ਜਾਣ ਲੱਗੇ ਨੂੰ ਪੁੱਛਦੇ ਹਾਂ ਕਿ ‘ਤੂੰ ਪਿੰਡ ਕਿਸ ਕੰਮ ਚਲਿਆ ਹੈਂ?’ ਜਾਂ ‘ਪਿੰਡ ਕੀ ਕਰ ਰਿਹਾ ਹੈਂ?’ ਫਸਲਾਂ ਉਗਾਣ ਲਈ ਤੇ ਮੱਝਾਂ ਨੂੰ ਸੁਖੀ ਰੱਖਣ ਲਈ ਜਿੰਨਾ ਕੰਮ ਉੱਥੇ ਕੀਤਾ ਜਾਂਦਾ ਸੀ, ਉਹ ਮੇਰੀ ਤੇ ਆਮ ਮਨੁੱਖ ਦੀ ਸਤਿਆ ਤੋਂ ਪਰੇ ਹੈ। ਇਸ ਲਈ ਉਸ ਮਾਹੌਲ ਵਿਚ ਨਿਰਾਸ਼ਾ ਜਾਂ ਖਿਝ ਲਈ ਕੋਈ ਥਾਂ ਨਹੀਂ ਸੀ। ਇੱਥੇ ਹਰ ਸ਼ੈਅ ਦੀ ਆਪਣੀ ਹਸਤੀ ਸੀ। ਡੰਗਰ ਤੇ ਖੈਰ ਟੱਬਰ ਦੇ ਜੀਆਂ ਵਾਂਗ ਹੀ ਸਨ। ਹਰ ਮੱਝ ਜਾਂ ਢੰਗੇ ਬਾਰੇ ਹਰ ਰੋਜ਼ ਦੱਸਣ ਨੂੰ ਕਈ ਗੱਲ ਹੁੰਦੀ ਸੀ। ਉਨ੍ਹਾਂ ਦੇ ਸੁਭਾਵਾਂ ਦੀ ਟੱਬਰ ਦੇ ਜੀਆਂ ਨੂੰ ਪੂਰੀ ਸਮਝ ਸੀ। ਹੋਰ ਦਿਸਦੀਆਂ ਚੀਜ਼ਾਂ ਜਿਵੇਂ ਰੁੱਖ, ਛੱਪੜ ਤੇ ਡੇਰੇ ਵੀ ਜੇ ਪੂਰੀਆਂ ਨਹੀਂ ਤਾਂ ਘੱਟੋ-ਘੱਟ ਅੱਧੀਆਂ ਜੀਉਂਦੀਆਂ ਲਗਦੀਆਂ ਸਨ।
ਜੇ ਇਹ ਮੇਰੀਆਂ ਯਾਦਾਂ ਹਰ ਕਹਾਣੀ ਦਾ ਪਿੰਡਾ ਹਨ ਤਾਂ ਉਸ ਦੀ ਜਾਨ ਜਾਂ ਰੂਹ ਕੀ ਹੈ? ਇਹ ਰੂਹ ਉਹ ਖਿਆਲ ਜਾਂ ਭਾਵ ਹੈ ਜਿਸ ਮੈਨੂੰ ਉਹ ਕਹਾਣੀ ਲਿਖਣ ਲਈ ਪ੍ਰੇਰਿਆ ਸੀ। ਕਦੀ ਕਦੀ ਜਦੋਂ ਕਿਸੇ ਘਟਨਾ ਦਾ ਮੇਰੇ ਮਨ ਉੱਤੇ ਬਹੁਤਾ ਅਸਰ ਹੁੰਦਾ ਹੈ ਜਾਂ ਮੇਰੇ ਅੰਦਰ ਚੋਖੀ ਹਿਲਜੁਲ ਹੁੰਦੀ ਹੈ ਤਾਂ ਕਹਾਣੀ ਦਾ ਇਹ ਭਾਵ ਜਾਂ ਖਿਆਲ ਜਨਮ ਲੈ ਲੈਂਦਾ ਹੈ। ਇਸ ਖਿਆਲ ਦੇ ਜਨਮ ਲੈਣ ਨਾਲ ਇੱਕ ਫੈਸਲਾ ਜ਼ਰੂਰ ਹੋ ਜਾਂਦਾ ਹੈ ਕਿ ਕਿਸੇ ਨਾ ਕਿਸੇ ਸ਼ਕਲ ਵਿਚ ਇਸ ਬਾਰੇ ਕਹਾਣੀ ਲਿਖੀ ਜਾਵੇਗੀ। ਇਹ ਹੁਣ ਮੈਨੂੰ ਛੱਡ ਕੇ ਨਹੀਂ ਜਾਵੇਗਾ। ਜੇ ਪੰਜ ਸਤ ਦਿਨ ਲਈ ਹੇਠਾਂ ਚੁਭੀ ਮਾਰ ਵੀ ਜਾਵੇ ਤਾਂ ਫਿਰ ਨਿਕਲ ਆਉਂਦਾ ਹੈ। ਪਰ ਜੇ ਮੈਂ ਵਿਹਲਾ ਹੋਵਾਂ ਤਾਂ ਇਸ ਨੂੰ ਭੀ ਚੁਭੀ ਨਹੀਂ ਮਾਰਨੀ ਪੈਂਦੀ ਤੇ ਮੇਰੇ ਫਿਰਦਿਆਂ ਤੁਰਦਿਆਂ ਹੀ ਇਹ ਮਨ ਵਿਚ ਹੋਰ ਥਾਂ ਬਣਾਂਦਾ ਰਹਿੰਦਾ ਹੈ ਤਾਂ ਜੋ ਇਹ ਕਹਾਣੀ ਦਾ ਰੂਪ ਧਾਰ ਸਕੇ।
ਕਈ ਵਾਰੀ ਕਹਾਣੀ ਦਾ ਇਹ ਰੂਪ ਉਹ ਪੂਰੀ ਦੀ ਪੂਰੀ ਘਟਨਾ ਹੀ ਹੁੰਦੀ ਹੈ ਜਿਸ ਵਿਚੋਂ ਉਹ ਖਿਆਲ ਨਿਕਲਿਆ ਹੈ। ਉਦੋਂ ਮੈਨੂੰ ਬਹੁਤਾ ਸੋਚਣਾ ਨਹੀਂ ਪੈਂਦਾ। ਕਹਾਣੀ ‘ਏਕਸ ਕੇ ਹਮ ਬਾਰਿਕ’, ‘ਸਾਬਣ’ ਤੇ ਕੁਝ ਹੱਦ ਤੱਕ ‘ਖੱਬਲ’ ਇਸ ਕਿਸਮ ਦੇ ਨਮੂਨੇ ਹਨ। ਜਿੱਥੇ ਖਿਆਲ ਦੇ ਨਾਲ ਨਾਲ ਪੂਰੀ ਕਹਾਣੀ ਵੀ ਮਿਲੀ। ਦੂਜੇ ਪਾਸੇ ਕਈ ਵਾਰ ਸਿਰਫ ਖਿਆਲ ਹੀ ਮਿਲਦਾ ਹੈ ਤੇ ਉਸ ਵੇਲੇ ਅੱਗੋਂ ਇਹ ਵੀ ਨਹੀਂ ਸੁਝਦਾ ਕਿ ਇਸ ਤੋਂ ਕਹਾਣੀ ਕਿਵੇਂ ਬਣਾਈ ਜਾ ਸਕਦੀ ਹੈ?
ਚੰਗੀ ਕਹਾਣੀ ਇੱਕ ਮਾਮੂਲੀ ਜਿਹੇ ਝਲਕਾਰੇ ਤੋਂ ਜੁੜਦੀ ਹੈ, ਜਿਵੇਂ ਕਿਸੇ ਦੀ ਇੱਕ ਖਾਸ ਢੰਗ ਨਾਲ ਕਹੀ ਹੋਈ ਗੱਲ ਜਾਂ ਚਿਹਰੇ ਦਾ ਪਰਭਾਵ। ਦੋਸਤਾਂ ਦੀਆਂ ਦਸੀਆਂ ਹੋਈਆਂ ਵਚਿੱਤਰ ਘਟਨਾਵਾਂ, ਜਿਨ੍ਹਾਂ ਨੂੰ ਉਹ ਬਹੁਤ ਵਧੀਆ ਕਹਾਣੀ ਦਾ ਪਲਾਟ ਸਮਝਦੇ ਹਨ, ਤੋਂ ਕਦੀ ਕੋਈ ਕਹਾਣੀ ਨਹੀਂ ਬਣ ਸਕਦੀ। ਮੇਰੀਆਂ ਕਈ ਕਹਾਣੀਆਂ ਇਸ ਤਰ੍ਹਾਂ ਟੁਰਦੀਆਂ ਹਨ ਜਿਵੇਂ ਉਹ ਮੈਨੂੰ ਕਿਸੇ ਸੁਣਾਈਆਂ ਹੋਣ। ਇਹ ਐਵੇਂ ਇੱਕ ਲਿਖਣ ਦਾ ਢੰਗ ਹੈ। ਹਰ ਕਹਾਣੀ ਦਾ ਵੀ ਉਹੋ ਲਿਸ਼ਕਾਰਾ ਹੈ ਜਿਹੜਾ ਇੱਕ ਅੱਖ ਦੇ ਫੋਰ ਵਿਚ ਮਿਲਦਾ ਹੈ। ਇਸ ਗੱਲ ਨੂੰ ਕੁਝ ਸਪਸ਼ਟ ਕਰਨ ਲਈ ਮੈਂ ਤੁਹਾਨੂੰ ਆਪਣੀ ਕਹਾਣੀ ‘ਨਮਸਕਾਰ’ ਬਾਰੇ ਦੱਸਦਾ ਹਾਂ। 1963 ਦੀ ਗੱਲ ਹੈ ਮੈਂ ਸਾਈਕਲ ਉੱਤੇ ਸ਼ਹਿਰ ਫਿਰ ਰਿਹਾ ਸਾਂ। ਰਾਤ ਦਾ ਵੇਲਾ ਸੀ। ਬਾਜ਼ਾਰ ਬਹੁਤ ਖੁਲ੍ਹਾ ਸੀ, ਸਾਈਕਲ ਤੇਜ਼ ਦੌੜ ਸਕਦਾ ਸੀ। ਜਿੱਥੇ ਕੁਝ ਵੇਖਣ ਨੂੰ ਹੋਵੇ ਉੱਥੇ ਇੱਕ ਦਮ ਰੋਕ ਵੀ ਲੈਂਦਾ ਸਾਂ। ਕੁਝ ਚਿਰ ਫਿਰ ਕੇ ਜਦੋਂ ਵਾਪਿਸ ਮੁੜ ਰਿਹਾ ਸਾਂ ਤਾਂ ਤਿੰਨ ਚਾਰ ਸੜਕਾਂ ਦੇ ਵਿਚਕਾਰ ਬਣੇ ਇੱਕ ਗੋਲ ਚੱਕਰ ਉੱਤੇ ਇੱਕ ਸੁੰਦਰ ਇਸਤਰੀ ਖਲੋਤੀ ਸੀ। ਮੇਰੇ ਵਾਲੇ ਪਾਸਿਉਂ ਇੱਕ ਕਾਰ ਵੀ ਆ ਰਹੀ ਸੀ ਜਿਸ ਦੀਆਂ ਬੱਤੀਆਂ ਦੀ ਲਿਸ਼ਕ ਉਸ ਦੇ ਮੂੰਹ ਉੱਤੇ ਪਈ। ਉਹ ਇਸ ਤਰ੍ਹਾਂ ਦੀ ਦਿੱਸੀ ਜਿਹੜੀ ਸੌ ਬੰਦਿਆਂ ਵਿਚ ਵੀ ਆਪਣਾ ਆਪ ਸੰਭਾਲ ਕੇ ਖਲੋ ਸਕਦੀ ਸੀ। ਕਾਰ ਦੀ ਬੱਤੀ ਦੀ ਲਿਸ਼ਕ ਸਾਹਮਣੇ ਵੀ ਉਹ ਕਾਹਲੀ ਨਾ ਪਈ। ਉਸ ਨੇ ਕੇਵਲ ਅੱਖਾਂ ਪਾਸੇ ਕਰ ਲਈਆਂ। ਇਸ ਲਿਸ਼ਕ ਵਿਚ ਮੈਂ ਉਸ ਨੂੰ ਹੋਰ ਸਵਾਰ ਕੇ ਵੇਖਿਆ। ਉਸ ਤਰ੍ਹਾਂ ਦੀਆਂ ਅੱਖਾਂ ਬਹੁਤ ਕੁਝ ਪੜ੍ਹਨ ਤੇ ਜਾਨਣ ਵਾਲੀ ਇਸਤਰੀ ਦੀਆਂ ਹੀ ਹੋ ਸਕਦੀਆਂ ਸਨ। ਉਸ ਤਰ੍ਹਾਂ ਫਬ ਕੇ ਖਲਣਾ ਵੀ ਘਰ ਬੈਠ ਕੇ ਨਹੀਂ ਸਿੱਖਿਆ ਜਾ ਸਕਦਾ ਸੀ, ਲੋਕਾਂ ਵਿਚ ਫਿਰ ਵੇਖ ਕੇ ਹੀ ਆ ਸਕਦਾ ਸੀ। ਉਸ ਦਾ ਪ੍ਰਭਾਵ ਮੈਨੂੰ ਕਹਾਣੀ ਲਿਖਣ ਲਈ ਪ੍ਰੇਰ ਗਿਆ। ਮੇਰੇ ਲਈ ਇਹ ਦੱਸਣਾ ਮੁਸ਼ਕਿਲ ਹੈ ਕਿ ਉਹੋ ਜਿਹੀਆਂ ਹਰ ਇਸਤਰੀਆਂ ਨਾਲੋਂ ਉਸ ਵਿਚ ਵੀ ਵੱਖਰਤਾ ਸੀ ਪਰ ਮੇਰੇ ਮਨ ਨੇ ਕਿਹਾ ਕਿ ਇਸ ਉੱਤੇ ਕਹਾਣੀ ਲਿਖਣੀ ਹੋਵੇਗੀ।
ਪਰ ਇਸ ਇਸਤਰੀ ਉੱਤੇ ਮੈਂ ਕੀ ਕਹਾਣੀ ਲਿਖਾਂ? ਨਾ ਅੱਗਾ ਪਤਾ ਨਾ ਪਿੱਛਾ, ਨਾ ਸਲਾਮ ਨਾ ਦੁਆ। ਕਈ ਦਿਨ ਮੈਂ ਆਪਣੇ ਕੰਮ ਕਾਜ ਵਿਚ ਲੱਗਾ ਰਿਹਾ ਤੇ ਉਹ ਇਸਤਰੀ ਉਸੇ ਚੌਕ ਵਿਚ ਖਲੋਤੀ ਕਹਾਣੀ ਮੰਗਦੀ ਰਹੀ। ਇੱਕ ਦਿਨ ਮੈਨੂੰ ਖਿਆਲ ਆਇਆ ਕਿ ਉਸ ਕੁੜੀ ਦੀ ਦਿਖ ਵਿਚੋਂ ਅੱਜ ਦੇ ਪੰਜਾਬ ਦਾ ਹੰਭਲਾ ਝਾਕਦਾ ਹੈ। ਉਹ ਨਵੇਂ ਪੰਜਾਬ ਦਾ ਚਿੰਨ੍ਹ ਹੈ, ਇਸ ਲਈ ਕਹਾਣੀ ਮੰਗਦੀ ਹੈ। ਨਵੇਂ ਪੰਜਾਬ ਦੇ ਚਿੰਨ੍ਹ ਹੋਰ ਵੀ ਹੋਣਗੇ ਪਰ ਇਹ ਕੁੜੀਆਂ ਵੀ ਹਨ ਜਿਹੜੀਆਂ ਪੜ੍ਹ ਲਿਖ ਕੇ ਕੰਮਾਂ ਤੇ ਲੱਗਦੀਆਂ ਹਨ, ਪੈਸੇ ਕਮਾਂਦੀਆਂ ਹਨ ਤੇ ਚੰਗਾ ਖਾਣ ਹੰਢਾਣ ਕਰਕੇ ਪਹਿਲਾਂ ਨਾਲੋਂ ਸੁੰਦਰ ਲੱਗਦੀਆਂ ਹਨ। ਪੰਜਾਬ ਦੀ ਟੋਰ ਵਿਚ ਇਨ੍ਹਾਂ ਦਾ ਆਪਣਾ ਹਿੱਸਾ ਹੈ।
ਠੀਕ ਹੈ, ਉਹ ਸੁੰਦਰ ਇਸਤਰੀ ਨਵੇਂ ਪੰਜਾਬ ਦਾ ਚਿੰਨ੍ਹ ਹੋਣ ਦੇ ਨਾਂ ਤੇ ਕਹਾਣੀ ਮੰਗਦੀ ਸੀ। ਪਰ ਇਸ ਚਿੰਨ੍ਹ ਦੀ ਕਹਾਣੀ ਬਣੇ ਕਿਸ ਤਰ੍ਹਾਂ? ਇਹ ਚਿੰਨ੍ਹ ਦੂਜੇ ਚਿੰਨ੍ਹਾਂ ਵਿਚੋਂ ਉਤਾਂਹ ਉਭਰ ਕੇ ਆਉਣਾ ਚਾਹੀਦਾ ਹੈ। ਕਈ ਦਿਨ ਪਿੱਛੋਂ ਮੈਨੂੰ ਅੰਗਰੇਜ਼ ਅਫਸਰ ਦਾ ਖਿਆਲ ਆਇਆ, ਜਿਹੜਾ ਫੌਜ ਵਿਚ ਮੇਰੇ ਨਾਲ ਹੁੰਦਾ ਸੀ। ਉਹ ਹਿੰਦੁਸਤਾਨ ਤੇ ਹਿੰਦੁਸਤਾਨੀਆਂ ਵਿਚ ਦੂਜਿਆਂ ਨਾਲੋਂ ਬਹੁਤ ਜ਼ਿਆਦਾ ਦਿਲਚਸਪੀ ਲੈਂਦਾ ਸੀ। ਕਈ ਵਾਰ ਵਿਹਲੇ ਵਕਤ ਪੰਜਾਬੀ ਕੱਪੜੇ ਪਾ ਲੈਂਦਾ। ਫਾਰਸੀ ਲਿਪੀ ਵਿਚ ਉਰਦੂ ਪੜ੍ਹਨਾ ਤੇ ਲਿਖਣਾ ਸਿੱਖਦਾ। (ਰੋਮਨ ਲਿਪੀ ਵਿਚ ਤਾਂ ਸਾਰੇ ਅਫਸਰ ਹੀ ਸਿਖਦੇ ਸਨ)। ਇਹ ਕਹਾਣੀ ਉਸ ਨਾਲ ਜੋੜੀ ਜਾ ਸਕਦੀ ਹੈ। ਉਹ ਇੰਗਲੈਂਡ ਤੋਂ ਮੁੜ ਕੇ ਏਥੇ ਆਉਂਦਾ ਹੈ ਤੇ ਮੇਰੇ ਨਾਲ ਫਿਰਦਾ ਫਿਰਾਂਦਾ ਸਭ ਕੁਝ ਨਵਾਂ ਨਵਾਂ ਵੇਖਦਾ ਹੈ। ਵੇਖਦਿਆਂ ਵੇਖਦਿਆਂ ਉਹ ਇਸਤਰੀ ਵੀ ਵੇਖ ਲੈਂਦਾ ਹੈ ਤੇ ਫਿਰ ਕਹਿੰਦਾ ਹੈ ਕਿ ਉਹੀ ਸਭ ਤੋਂ ਨਵੀਂ ਅਤੇ ਉੱਤਮ ਚੀਜ਼ ਹੈ। ਜਦੋਂ ਉਹ ਵੀਹ ਸਾਲ ਪਹਿਲਾਂ ਏਥੇ ਰਹਿੰਦਾ ਸੀ ਤਾਂ ਉਸ ਨੇ ਇਹੋ ਜਿਹੀ ਕੋਈ ਇਸਤਰੀ ਨਹੀਂ ਸੀ ਵੇਖੀ। ਇਸ ਸਾਰੀ ਸਮੱਗਰੀ ਨੂੰ ਜੁੜਦਿਆਂ ਮਹੀਨਾ ਦੋ ਮਹੀਨੇ ਲੱਗ ਗਏ। ਲਿਖਣ ਲਈ ਵਕਤ ਇਸ ਤੋਂ ਵੱਖਰਾ ਲੱਗਾ।
ਕਹਾਣੀ ਦਾ ਢਾਂਚਾ ਸੋਚਣ ਨਾਲੋਂ ਕਹਾਣੀ ਲਿਖਣ ਲਈ ਹੋਰ ਵੀ ਸੁਖਾਵਾਂ ਸਮਾਂ ਚਾਹੀਦਾ ਹੈ। ਕਈ ਲੋਕ ਇਸ ਨੂੰ ਅਲਹਾਮ ਜਾਂ ਰੱਬੀ ਪ੍ਰੇਰਨਾ ਦਾ ਸਮਾਂ ਰਹਿੰਦੇ ਹਨ। ਮੇਰੀ ਲੋੜ ਇਸ ਤੋਂ ਬਹੁਤ ਘੱਟ ਹੈ। ਬਸ ਸਾਰਾ ਦਿਨ ਆਪਣਾ ਹੋਵੇ ਤਾਂ ਜੋ ਕਿਸੇ ਵੇਲੇ ਵੀ ਘੜੀ ਵੱਲ ਨਾ ਵੇਖਣਾ ਪਵੇ। ਰਾਤ ਤੱਕ ਕਿਸੇ ਦੇ ਘਰ ਆਉਣ ਦਾ ਡਰ ਨਾ ਹੋਵੇ। ਕੋਈ ਸੱਜਰੀ ਬੇਇਜ਼ਤੀ ਨਾ ਹੋਈ ਹੋਵੇ, ਵਹੁਟੀ ਨਾਲ ਲੜਾਈ ਨਾ ਹੋਵੇ, ਨੌਕਰੀ ਨੂੰ ਕੋਈ ਨਵਾਂ ਖਤਰਾ ਨਾ ਆ ਪਿਆ ਹੋਵੇ ਤਾਂ ਸਮਝੋ ਇਸ ‘ਅਲਹਾਮ’ ਲਈ ਵਾਤਾਵਰਨ ਅਨੁਕੂਲ ਹੈ। ਮੈਨੂੰ ਇਸ ਲਈ ਫੁੱਲਾਂ ਦੀ ਜਾਂ ਖੁਸ਼ਬੋ ਦੀ ਜਾਂ ਰਹੇ ਹਰੇ ਘਾਹ ਦੀ ਜਾਂ ਮੋਮਬੱਤੀਆਂ ਦੇ ਚਾਨਣ ਦੀ ਕੋਈ ਲੋੜ ਨਹੀਂ। ਰਜ਼ਾਈ ਵਿਚ ਲੇਟ ਕੇ, ਸੋਫੇ ਉੱਤੇ, ਭੋਇੰ ਉੱਤੇ ਜਾਂ ਕਿਸੇ ਖੁੰਢ ਉੱਤੇ ਬੈਠ ਕੇ ਇਕੋ ਜਿਹੇ ਆਰਾਮ ਨਾਲ ਲਿਖ ਸਕਦਾ ਹਾਂ। ਪੈਨਸਲ ਨਾਲ ਲਿਖਣਾ ਮੈਨੂੰ ਵਧੇਰੇ ਪਸੰਦ ਹੈ ਕਿਉਂਕਿ ਇਹ ਵਿਚਾਰੀ ਕੋਈ ਨਖਰਾ ਨਹੀਂ ਕਰਦੀ।
ਇੱਕ ਹੋਰ ਲੋੜ ਇਹ ਹੈ ਕਿ ਉਹ ਕਹਾਣੀ ਉਹਨਾਂ ਦਿਨਾਂ ਵਿਚ ਹੀ ਖਤਮ ਕਰਨ ਦੀ ਮੰਗ ਨਾ ਹੋਵੇ। ਮੇਰੇ ਲਈ ਕਿਸੇ ਖਿਆਲ ਤੋਂ ਕਹਾਣੀ ਦਾ ਬਣ ਜਾਣਾ ਇੱਕ ਫੁੱਲ ਦੇ ਖਿੜਨ ਵਾਂਗ ਹੈ। ਇਹ ਬੂਟੇ ਦੇ ਸੁਭਾਅ ਅਨੁਸਾਰ ਆਪਣੇ ਦਿਨ ਲੈ ਕੇ ਹੀ ਖਿੜੇਗਾ। ਇਸ ਨੂੰ ਇਸ ਪਾਸੇ ਵੱਲ ਅਗਾਂਹ ਧੱਕਿਆ ਨਹੀਂ ਜਾ ਸਕਦਾ। ਕਾਹਲ ਕਰਕੇ ਇਸ ਨੂੰ ਧੱਕਣ ਨਾਲ ਇਸ ਦੀ ਸ਼ਕਲ ਵਿਗੜ ਜਾਵੇਗੀ। ਤੇ ਜੋ ਕੁਝ ਇਸ ਨੇ ਬਣਨਾ ਸੀ, ਉਹ ਕੁਝ ਨਹੀਂ ਬਣ ਸਕੇਗੀ।
ਕਹਾਣੀ ਲਿਖਣ ਵਿਚ ਕਈ ਵਾਰੀ ਕਈ ਕਈ ਦਿਨ ਲੱਗ ਜਾਂਦੇ ਹਨ। ਪਹਿਲਾਂ ਕਹਾਣੀ ਦਾ ਮੋਟਾ ਢਾਂਚਾ ਲਿਖ ਲੈਂਦਾ ਹਾਂ। ਇਹ ਢਾਂਚਾ ਆਮ ਅੰਗਰੇਜ਼ੀ ਵਿਚ ਹੁੰਦਾ ਹੈ। ਫਿਰ ਉਸ ਨੂੰ ਆਰੰਭ ਕਰਕੇ ਕੁਝ ਦਿਨਾਂ ਵਿਚ ਖਤਮ ਕਰਦਾ ਹਾਂ। ਕਹਾਣੀ ਲਿਖਣ ਵੇਲੇ ਇਸ ਅੰਗਰੇਜ਼ੀ ਵਿਚ ਲਿਖੇ ਢਾਂਚੇ ਨੂੰ ਵੇਖਣ ਦੀ ਲੋੜ ਨਹੀਂ ਪੈਂਦੀ। ਇਹ ਸ਼ਾਇਦ ਇਸ ਲਈ ਲਿਖਦਾ ਹਾਂ ਕਿ ਇਸ ਨਾਲ ਮਨ ਵਿਚ ਗੱਲ ਸਾਫ ਹੋ ਜਾਂਦੀ ਹੈ। ਜੇ ਰੱਬ-ਸਬਬੀ ਕਿਧਰੇ ਦੋ ਇਕੱਠੀਆਂ ਛੁੱਟੀਆਂ ਆ ਜਾਣ ਤਾਂ ਕਹਾਣੀ ਦਾ ਬਹੁਤ ਸਾਰਾ ਹਿੱਸਾ ਮੁਕ ਜਾਂਦਾ ਹੈ। ਉਸ ਤਰ੍ਹਾਂ ਦੋ ਤਿੰਨ ਘੰਟੇ ਹੀ ਰੋਜ਼ ਲਿਖਣ ਜੋਗੇ ਮਿਲਦੇ ਹਨ। ਘੰਟਾ ਅੱਧਾ ਤੇ ਸੂਰਤ ਟਿਕਾਣੇ ਕਰਦਿਆਂ ਹੀ ਲੱਗ ਜਾਂਦਾ ਹੈ। ਕਈ ਵਾਰ ਕਹਾਣੀ ਲਿਖਣੀ ਛੱਡ ਕੇ ਜਦੋਂ ਦਫਤਰ ਜਾਣਾ ਪੈਂਦਾ ਹੈ, ਤਾਂ ਔਖ ਲੱਗਦਾ ਹੈ। ਮਨ ਕਹਿੰਦਾ ਹੈ ਕਿ ਜੇ ਕਦੀ ਇਹ ਦਿਨ ਮਿਲ ਜਾਏ ਤਾਂ ਕਹਾਣੀ ਮੁਕ ਸਕਦੀ ਹੈ। ਲਿਖ ਕੇ ਮੈਨੂੰ ਬਹੁਤਾ ਕੱਟਣਾ ਵੱਢਣਾ ਨਹੀਂ ਪੈਂਦਾ। ਸ਼ਬਦਾਂ ਦੀ ਤੇ ਕਦੀ ਕਦੀ ਵਾਕਾਂ ਜਾਂ ਪੈਰਿਆਂ ਦੀ ਬਦਲੀ ਤੇ ਹੋ ਸਕਦੀ ਹੈ ਪਰ ਸਾਰੀ ਜਾਂ ਅੱਧੀ ਕਹਾਣੀ ਕਦੀ ਨਹੀਂ ਕੱਟਣੀ ਪਈ, ਕਿਉਂਕਿ ਢਾਂਚਾ ਮੇਰੇ ਮਨ ਵਿਚ ਪਹਿਲਾਂ ਹੀ ਸਾਫ ਹੁੰਦਾ ਹੈ ਤੇ ਇਹ ਬੇ-ਮੁਹਾਰੇ ਨਹੀਂ ਵਗਦੀ। ਇੱਕ ਬੈਠਕ ਵਿਚ ਮੈਂ ਕਦੀ ਕੋਈ ਕਹਾਣੀ ਨਹੀਂ ਲਿਖੀ। ਕਿਉਂਕਿ ਹਰ ਵਾਕ ਬੜਾ ਸੋਚ ਸਮਝ ਕੇ ਲਿਖਣਾ ਹੁੰਦਾ ਹੈ ਤੇ ਦਿਮਾਗੀ ਤੌਰ ਤੇ ਮੈਂ ਬਹੁਤਾ ਚੁਸਤ ਨਹੀਂ, ਇਸ ਲਈ ਕਾਫੀ ਸਮਾਂ ਲੱਗ ਜਾਂਦਾ ਹੈ। ਪਰ ਇਹ ਬਹੁਤਾ ਸਮਾਂ ਲੱਗਣ ਨਾਲ ਕਹਾਣੀ ਦੇ ਪ੍ਰਭਾਵ ਦੀ ਏਕਤਾ ਭੰਗ ਨਹੀਂ ਹੁੰਦੀ। ਮਨ ਵਿਚ ਉਸ ਦੇ ਪ੍ਰਭਾਵ ਦੀ ਏਕਤਾ ਹੈ ਤਾਂ ਕਾਗਜ਼ ਤੇ ਵੀ ਠੀਕ ਹੀ ਆਵੇਗੀ, ਭਾਵੇਂ ਉਹ ਥੋੜ੍ਹੀ ਥੋੜ੍ਹੀ ਕਰਕੇ ਪੰਜ ਦਸ ਦਿਨਾਂ ਵਿਚ ਹੀ ਕਿਉਂ ਨਾ ਲਿਖੀ ਹੋਵੇ। ਜੇ ਕਹਾਣੀ ਲਿਖਣ ਤੋਂ ਬਿਨਾਂ ਮੈਨੂੰ ਹੋਰ ਕੋਈ ਕੰਮ ਨਾ ਵੀ ਹੋਵੇ ਤਾਂ ਵੀ ਮੈਂ ਇੱਕ ਸਾਹੇ ਕਹਾਣੀ ਲਿਖਣੀ ਨਹੀਂ ਚਾਹਵਾਂਗਾ। ਨਾ ਹੀ ਮੈਂ ਹੁਣ ਤੋਂ ਬਹੁਤੀਆਂ ਕਹਾਣੀਆਂ ਲਿਖ ਸਕਾਂ।
ਜਦੋਂ ਇੱਕ ਵਾਰ ਕਹਾਣੀ ਸਾਫ ਲਖੀਚ ਕੇ ਕਿਸੇ ਪਰਚੇ ਨੂੰ ਚਲੀ ਜਾਵੇ ਤਾਂ ਉਸ ਤੋਂ ਪਿੱਛੋਂ ਮੇਰਾ ਉਸ ਨੂੰ ਪੜ੍ਹਨ ਨੂੰ ਕਦੀ ਜੀ ਨਹੀਂ ਕਰਦਾ। ਛਪ ਕੇ ਆਈ ਕਹਾਣੀ ਵੀ ਮੈਂ ਕਦੀ ਘਟ ਵਧ ਹੀ ਸਾਰੀ ਦੀ ਸਾਰੀ ਪੜ੍ਹਦਾ ਹਾਂ ਸਗੋਂ ਮੈਂ ਹੈਰਾਨ ਹੁੰਦਾ ਹਾਂ ਕਿ ਹੋਰ ਲੋਕੀਂ ਉਸ ਨੂੰ ਕਿਉਂ ਪੜ੍ਹਦੇ ਹਨ? ਕਿਤਾਬ ਦੇ ਪਰੂਫ ਪੜ੍ਹਨੇ ਤੇ ਹੋਰ ਵੀ ਔਖੇ ਲੱਗਦੇ ਹਨ। ਇਸ ਦਾ ਕੀ ਕਾਰਨ ਹੈ? ਮੁਢਲੇ ਲਿਸ਼ਕਾਰੇ ਜਾਂ ਜਜ਼ਬੇ ਦੇ ਜ਼ੋਰ ਤੇ ਕਹਾਣੀ ਲਿਖੀ ਤਾਂ ਜਾਂਦੀ ਹੈ ਪਰ ਇਹ ਉਸ ਨੂੰ ਪੂਰੀ ਤਰ੍ਹਾਂ ਪ੍ਰਗਟਾਣ ਵਿਚ ਅਸਫਲ ਰਹਿੰਦੀ ਹੈ। ਇਸ ਲਈ ਹੀ ਚੰਗੀ ਨਹੀਂ ਲੱਗਦੀ।
ਕੀ ਕਹਾਣੀਆਂ ਲਿਖਣ ਦੇ ਕੰਮ ਵਿਚ ਮੈਨੂੰ ਬੜਾ ਸੁਆਦ ਆਉਂਦਾ ਹੈ। ਹਾਂ, ਆਉਂਦਾ ਹੈ। ਪਰ ਇਸ ਦਾ ਪਤਾ ਉਸ ਬੇਸਵਾਦੀ ਤੋਂ ਲੱਗਦਾ ਹੈ ਜਿਹੜੀ, ਜਦੋਂ ਕੁਝ ਲਿਖਣ ਨੂੰ ਨਾ ਹੋਵੇ ਤਾਂ ਹੁੰਦੀ ਹੈ। ਸਾਰੇ ਲੋਕਾਂ ਤੋਂ ਵੱਖਰਾ ਇੱਕ ਭੇਤ ਪਾਲਦੇ ਰਹਿਣਾ, ਉਸ ਭੇਤ ਨੇ ਅੰਦਰੇ ਅੰਦਰ ਆਪਣਾ ਆਕਾਰ ਬਦਲਦੇ ਰਹਿਣਾ ਤੇ ਵਧੀ ਜਾਣਾ ਤੇ ਫਿਰ ਇੱਕ ਇਹੋ ਜਿਹੀ ਚੀਜ਼ ਘੜ ਦੇਣਾ ਜਿਹੜੀ ਪਹਿਲੇ ਹੈ ਹੀ ਨਹੀਂ ਸੀ, ਇਹ ਸੁਆਦ ਦੇਣ ਵਾਲੀਆਂ ਗੱਲਾਂ ਹਨ। ਪਰ ਇਹ ਸੁਆਦ ਜੀਵਨ ਦੀਆਂ ਹੋਰ ਪ੍ਰਾਪਤੀਆਂ ਤੋਂ ਵੱਖਰਾ ਹੈ। ਕਦੀ ਇਸ ਤਰ੍ਹਾਂ ਨਹੀਂ ਹੁੰਦਾ ਕਿ ਮੈਂ ਗੱਡੀ ਵਿਚ ਬੈਠਾ ਬੈਠਾ ਇਹ ਸੋਚ ਕੇ ਖੁਸ਼ ਹੋ ਜਾਵਾਂ ਕਿ ਮੈਂ ਫਲਾਨੀ ਕਹਾਣੀ ਲਿਖੀ ਸੀ। ਹਰ ਕਹਾਣੀ ਇੱਕ ਮਗਰੋਂ ਲਾਹਿਆ ਵਖਤ ਹੀ ਲੱਗਦਾ ਹੈ। ਦੂਜੇ ਪਾਸੇ ਬਾਲ ਬੱਚੇ ਨਾਰਾਜ਼ ਰਹਿੰਦੇ ਹਨ। ਮੇਰਾ ਮਨ ਏਧਰ ਰੁੱਝਾ ਰਹਿੰਦਾ ਹੈ। ਕਈ ਵਾਰੀ ਇਸ ਕੰਮ ਵਿਚ ਗੁਲਾਮੀ ਵੀ ਮਹਿਸੂਸ ਕਰੀਦੀ ਏ। ਆਪਣੇ ਖਿਆਲਾਂ ਅਤੇ ਲਿਖਣ ਦੀ ਗੁਲਾਮੀ ਛੱਡ ਕੇ ਹੋਰ ਲੋਕਾਂ ਵਾਂਗ ਆਜ਼ਾਦ ਹੋਣ ਨੂੰ ਜੀ ਕਰਦਾ ਏ। ਪਰ ਜਿੰਨਾ ਚਿਰ ਕਹਾਣੀਆਂ ਸੁਝਦੀਆਂ ਰਹਿਣਗੀਆਂ ਇਹ ਨਹੀਂ ਹੋ ਪੈਣਾ। ਹਾਂ, ਲਿਖੇ ਜਾਣ ਤੋਂ ਪਹਿਲਾਂ ਮੈਨੂੰ ਹਰ ਕਹਾਣੀ ਬੜੀ ਮਨ ਨੂੰ ਮੋਹਣ ਵਾਲੀ ਲੱਗਦੀ ਹੈ ਤੇ ਉਹਦਾ ਖਿਆਲ ਕਈ ਕਈ ਦਿਨ ਖੁਸ਼ ਰੱਖਦਾ ਹੈ।
ਜਿਵੇਂ ਮੈਂ ‘ਨਮਸਕਾਰ’ ਬਾਰੇ ਦੱਸਿਆ ਹੈ, ਜਿਸ ਖਿਆਲ ਜਾਂ ਦ੍ਰਿਸ਼ ਦੁਆਲੇ ਮੇਰਾ ਕਹਾਣੀ ਲਿਖਣ ਨੂੰ ਜੀ ਕਰਦਾ ਹੈ, ਉਸ ਦੇ ਪੂਰੇ ਅਰਥ ਦਾ ਮੈਨੂੰ ਉਸ ਵੇਲੇ ਪਤਾ ਨਹੀਂ ਹੁੰਦਾ। ਕੇਵਲ ਅੰਦਰੋ-ਅੰਦਰੀ ਇਹ ਹੀ ਪਤਾ ਹੁੰਦਾ ਹੈ ਕਿ ਇਸ ਦੇ ਕੁਝ ਅਰਥ ਨਿਕਲਦੇ ਹਨ। ਇਹ ਕੱਢੇ ਹੋਏ ਅਰਥ ਵੀ ਹਿਸਾਬ ਦੇ ਸਵਾਲ ਦੇ ਜਵਾਬ ਵਾਂਗ ਸਾਫ ਤੇ ਸਿੱਧੇ ਨਹੀਂ ਹੁੰਦੇ। ਜੀਵਨ ਵਿਚਲੀਆਂ ਘਟਨਾਵਾਂ, ਖਾਸ ਤੌਰ ‘ਤੇ ਨਾਟਕੀ ਘਟਨਾਵਾਂ ਸਰਲ ਨਹੀਂ ਹੁੰਦੀਆਂ। ਦੋ ਤੇ ਦੋ ਚਾਰ ਗਿਣਨ ਵਾਲੇ ਲੋਕ ਉਹਨਾਂ ਦੀ ਬੇਤਰਤੀਬੀ ਤੋਂ ਕਾਹਲੇ ਪੈ ਜਾਂਦੇ ਹਨ।
ਅੱਜ ਕੱਲ੍ਹ ਮੇਰਾ ਕੁਝ ਇਸ ਤਰ੍ਹਾਂ ਦਾ ਵਕਤ ਆ ਗਿਆ ਜਾਪਦਾ ਹੈ ਕਿ ਹਰ ਕਹਾਣੀ ਅਖੀਰਲੀ ਲਗਦੀ ਹੈ। ਪੁਰਾਣਿਆਂ ਵਿਸ਼ਿਆਂ ਉੱਤੇ ਲਿਖਣ ਨੂੰ ਜੀ ਨਹੀਂ ਕਰਦਾ ਤੇ ਨਵਾਂ ਜ਼ਮਾਨਾ ਮੁੱਠ ਵਿਚ ਆਉਂਦਾ ਨਹੀਂ। ਸਾਹਿਤ ਦੇ ਹੋਰ ਰੂਪਾਂ ਨਾਲੋਂ ਕਹਾਣੀ ਸਭ ਤੋਂ ਛੇਤੀ ਬਹਿਆ ਹੋ ਜਾਣ ਵਾਲਾ ਰੂਪ ਹੈ। ਲੋਕ ਨਵੀਂ ਸਮੱਗਰੀ ਦੀ ਮੰਗ ਕਰਦੇ ਹਨ ਜਿਸ ਦਾ ਅੱਜ ਦੇ ਸਮੇਂ ਨਾਲ ਕੁਝ ਜੋੜ ਹੋਵੇ। ਜਿੱਥੇ ਲੋਕੀ 1942 ਦੀ ਲਹਿਰ ਨਾਲ ਭਾਰਤ ਦੀ ਵੰਡ ਨਾਲ ਸੰਬੰਧਤ ਕੋਈ ਨਾਵਲ ਪੜ੍ਹ ਕੇ ਬਹੁਤ ਖੁਸ਼ ਹੋਣਗੇ, ਉੱਥੇ ਉਹ ਇਹਨਾਂ ਸਮਿਆਂ ਬਾਰੇ ਕਹਾਣੀਆਂ ਦੀ ਏਨੀ ਕਦਰ ਨਹੀਂ ਕਰਨ ਲੱਗੇ। ਆਜ਼ਾਦੀ ਤੋਂ ਪਹਿਲਾਂ ਅੰਗਰੇਜ਼ਾਂ ਦਾ ਹਿੰਦੁਸਤਾਨੀਆਂ ਨਾਲ ਘ੍ਰਿਣਾ ਭਰਿਆ ਸਲੂਕ ਇੱਕ ਵਧੀਆ ਨਾਵਲ ਦਾ ਵਿਸ਼ਾ ਤਾਂ ਬਣ ਸਕਦਾ ਹੈ ਪਰ ਇਹੀ ਗੱਲ ਕਿਸੇ ਕਹਾਣੀ ਨੂੰ ਉਨੀ ਸਫਲ ਨਹੀ ਬਨਾਣ ਲੱਗੀ। ਕਹਾਣੀ ਵਿਚ ਕਲਾਕਾਰ ਦੀ ਸੂਝੇ ਦੀ ਸਭ ਤੋਂ ਅਗਲੇਰੀ ਤੇ ਦੁਰਾਡੀ ਪਹੁੰਚ ਦੀ ਆਸ ਕੀਤੀ ਜਾਂਦੀ ਹੈ। ਜੋ ਫੌਜੀ ਕਾਰਵਾਈ ਵਿਚੋਂ ਉਪਮਾ ਦੇਣ ਦੀ ਆਗਿਆ ਹੋਵੇ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਕਹਾਣੀ ਸਭ ਤੋਂ ਅਗਲੀ ਤੇ ਦੁਰਾਡੀ ਚੌਕੀ ਹੈ ਤੇ ਕਹਾਣੀਕਾਰ ਬਾਰਡਰ ਸਕਾਊਟਸ ਹਨ ਜਿਹੜੇ ਹਰ ਵੇਲੇ ਹੋਰ ਅਗਾਂਹ ਘੋਖਣ ਤੇ ਜਾਂਚਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ। ਜਿਸ ਤਰ੍ਹਾਂ ਸਮਾਜ ਆਪਣੇ ਕਲਾਕਾਰਾਂ ਤੋਂ ਇਹ ਆਸ ਕਰਦਾ ਹੈ ਕਿ ਉਹ ਉਸ ਨੂੰ ਨਵੇਂ-ਨਵੇਂ ਖਿਆਲ ਦਸਣ, ਇਸੇ ਤਰ੍ਹਾਂ ਕਲਾਕਾਰਾਂ ਵਿਚੋਂ ਕਹਾਣੀਕਾਰ ਤੋਂ ਸਭ ਤੋਂ ਨਵੇਂ ਤੇ ਸਜਰੇ ਖਿਆਲਾਂ ਦਾ ਧਾਰਨੀ ਹੋਣ ਦੀ ਆਸ ਕੀਤੀ ਜਾਂਦੀ ਹੈ ਕਿਉਂਕਿ ਉਹ ਦੂਜੇ ਕਲਾਕਾਰਾਂ ਨਾਲੋਂ ਹੌਲੇ ਭਾਰ ਟੁਰਦੇ ਸਮਝੇ ਜਾਂਦੇ ਹਨ। ਇਹ ਆਸ ਤਾਂ ਹੀ ਪੂਰੀ ਕੀਤੀ ਜਾ ਸਕਦੀ ਹੈ ਜੇ ਕਹਾਣੀਕਾਰ ਦਾ ਮਨ ਇਸ ਤਰ੍ਹਾਂ ਸਾਫ ਹੋਵੇ ਕਿ ਉਹ ਲੰਘਦੇ ਤੁਰਦੇ ਪ੍ਰਭਾਵਾਂ ਨੂੰ ਚੰਗੀ ਤਰ੍ਹਾਂ ਗ੍ਰਹਿਣ ਕਰ ਸਕੇ।
ਮੈਨੂੰ ਚਿਹਰੇ ਵੇਖਣ ਜਿੰਨਾ ਸਵਾਦੀ ਹੋਰ ਕੋਈ ਕੰਮ ਨਹੀਂ ਲੱਗਦਾ। ਬੱਸਾਂ ਦੇ ਅੱਡਿਆਂ ਉੱਤੇ ਮੇਰਾ ਬਹੁਤ ਜੀ ਲਗਦਾ ਹੈ। ਇਸ ਕੰਮਾਂ ਭਰੀ ਦੁਨੀਆ ਵਿਚ ਇਹ ਸੋਚ ਕੇ ਮੈਨੂੰ ਔਖ ਹੁੰਦਾ ਹੈ ਕਿ ਭਾਵੇਂ ਹੋ ਰਹਿਆ ਕੰਮ ਵੇਖਣਾ ਮੈਨੂੰ ਬਹੁਤ ਚੰਗਾ ਲਗਦਾ ਹੈ ਤੇ ਕੰਮ ਨਾਲ ਮੈਨੂੰ ਪਿਆਰ ਹੈ ਪਰ ਮੈਂ ਆਪ ਕੋਈ ਬਹੁਤਾ ਕੰਮ ਨਹੀਂ ਕਰਦਾ। ਅਸਲ ਵਿਚ ਮੈਂ ਇੱਕ ਐਸੇ ਕੰਮ ਦੀ ਪਕੜ ਵਿਚ ਹਾਂ ਜਿਸ ਨੂੰ ਮੈਂ ਆਪ ਇੱਕ ਪੁੱਠਾ ਕੰਮ ਸਝਦਾ ਹਾਂ ਤੇ ਜਿਸ ਦੀ, ਜਾਇਜ਼ ਤੌਰ ‘ਤੇ, ਕੋਈ ਕਦਰ ਨਹੀਂ। ਪਰ ਜੇ ਮੈਂ ਇਹ ਕੰਮ ਵੀ ਨਾ ਕਰਾਂ ਤਾਂ ਇਸ ਗੱਲ ਦਾ ਕੋਈ ਜਵਾਬ ਨਹੀਂ ਹੋਵੇਗਾ ਕਿ ਮੈਂ ਕਿਸੇ ਹੋਰ ਕੰਮ ਦੇ ਯੋਗ ਨਹੀਂ। ਪਰ ਮੈਨੂੰ ਇਸ ਗੱਲ ਤੋਂ ਧੀਰਜ ਮਿਲਦਾ ਹੈ ਕਿ ਮੇਰੇ ਵੱਡੇ ਵਡੇਰੇ ਜਿਹੜੇ ਮੇਰੀ ਹੋਂਦ ਦੇ ਜ਼ਿੰਮੇਵਾਰ ਹਨ, ਵਾਹੀ ਦਾ ਬਹੁਤ ਕਰਦੇ ਰਹੇ ਹਨ ਤੇ ਉਹਨਾਂ ਦੇ ਕੀਤੇ ਕੰਮ ਦਾ ਸਦਕਾ ਮੈਨੂੰ ਇੱਥੇ ਜਿਉਣ ਦਾ ਹੱਕ ਮਿਲਦਾ ਹੈ। ਜਿਸ ਥਾਂ ਉੱਤੇ ਉਹ ਕਈ ਸਦੀਆਂ ਕੰਮ ਕਰਦੇ ਰਹੇ, ਉਹ ਹੁਣ ਪਾਕਿਸਤਾਨ ਵਿਚ ਪਰ ਉਸ ਕੰਮ ਦਾ ਸਾਂਝੇ ਦੇਸ਼ ਦੀ ਉੱਨਤੀ ਵਿਚ ਹਿੱਸਾ ਜ਼ਰੂਰ ਹੈ। ਜੇ ਨਹਿਰਾਂ ਇਸ ਆਸ ਉੱਤੇ ਪੁਟੀਆਂ ਗਈਆਂ ਕਿ ਕਿਰਸਾਨ ਮਿਹਨਤ ਕਰਕੇ ਬਹੁਤ ਫਸਲ ਉਗਾਉਣਗੇ ਜਾਂ ਸੜਕਾਂ ਤੇ ਰੇਲਾਂ ਇਸ ਲਈ ਬਣਾਈਆਂ ਗਈਆਂ ਕਿ ਇਹ ਅਨਾਜ ਹੋਰ ਥਾਂ ਲਿਜਾਣਾ ਸੌਖਾ ਹੋਵੇਗਾ ਤੇ ਨਾਲ ਹੀ ਤਾਰਾਂ, ਟੈਲੀਫੂਨ ਲਾਏ ਗਏ ਤਾਂ ਉਨ੍ਹਾਂ ਦਾ ਦੇਸ਼ ਦੀ ਉੱਨਤੀ ਵਿਚ ਹਿੱਸਾ ਬਣਦਾ ਹੈ। ਮੈਂ ਅਜਿਹੇ ਲੋਕਾਂ ਵਿਚ ਪਲਿਆ ਹਾਂ ਜਿਹੜੇ ਕਿਸੇ ਵੀ ਬਹਾਨੇ ਲੋ ਲਗਣ ਤੱਕ ਮੰਜੀ ਉੱਤੇ ਲੇਟੇ ਹੋਣਾ ਪਾਪ ਸਮਝਦੇ ਸਨ ਤੇ ਜਿਨ੍ਹਾਂ ਲਈ ਸੌਹਰੇ ਜਾਂ ਮੇਲੇ ਜਾਣ ਤੋਂ ਬਿਨਾਂ ਕਦੀ ਕੋਈ ਛੁੱਟੀ ਨਹੀਂ ਹੁੰਦੀ ਸੀ।
ਜੋ ਚੀਜ਼ਾਂ ਮੈਂ ਬਹੁਤ ਤਰਲੇ ਨਾਲ ਮੰਗਦਾ ਹਾਂ, ਉਨ੍ਹਾਂ ਵਿਚੋਂ ਇੱਕ ਆਜ਼ਾਦੀ ਹੈ। ਆਜ਼ਾਦੀ ਤੋਂ ਮੇਰਾ ਭਾਵ ਜਿੱਥੇ, ਜਿਸ ਹਾਲ ਵਿਚ ਮਰਜ਼ੀ ਹੋਵੇ ਬੈਠਾ ਜਾਂ ਫਿਰਦਾ ਰਵਾਂ, ਜਿਸ ਨਾਲ ਨਾ ਮਰਜ਼ੀ ਹੋਵੇ ਨਾ ਬੋਲਾਂ। ਜਿੱਥੇ ਨਾ ਜਾਣ ਚਾਹਵਾਂ ਉੱਥੇ ਜਾਣਾ ਨਾ ਪਵੇ। ਕਦੀ ਕਦੀ ਮਨ ਵਿਚ ਆਉਂਦਾ ਹੈ ਕਿ ਨੌਕਰੀ ਛੱਡ ਕੇ ਪਿੰਡ ਜਾ ਰਹਾਂ। ਵਾਹੀ ਕਰਾਂ। ਕਿੰਨਾ ਕਮਾਦ ਤੇ ਮੁੰਜੀ ਮੇਰੇ ਹੱਥਾਂ ਵਿਚੋਂ ਲੰਘੇਗੀ ਤੇ ਮੈਨੂੰ ਸਵਾਦ ਆਵੇਗਾ। ਫਿਰ ਸੋਚਦਾ ਹਾਂ ਕਿ ਪਿੰਡ ਵਿਚ ਏਨੀ ਆਜ਼ਾਦੀ ਨਹੀਂ ਹੋਵੇਗੀ। ਹਰ ਇੱਕ ਦਾ ਹਰ ਇੱਕ ਜਾਵੇ ਹੁੰਦਾ ਹੈ। ਜੇ ਕਿਸੇ ਨਾਲ ਗੱਲ ਨਾ ਕਰੇ ਤਾਂ ਉਸ ਨੂੰ ਬਹੁਤ ਦੁੱਖ ਲੱਗਦਾ ਹੈ, ਜਿੰਨਾ ਚਿਰ ਉਸ ਨੂੰ ਇਹ ਵਿਸ਼ਵਾਸ ਨਾ ਹੋਵੇ ਕਿ ਇਸ ਦਾ ਸਿਰ ਫਿਰਿਆ ਹੋਇਆ ਹੈ। ਪੜ੍ਹਦਿਆਂ ਹੋਇਆਂ ਹੋਸਟਲ ਤੋਂ ਪਿੰਡ ਜਾਣ ਵਿਚ ਇਹੋ ਬੇਸਵਾਦੀ ਹੁੰਦੀ ਸੀ। ਜੋ ਵੀ ਦਿਸੇ ਉਸ ਕੋਲ ਜਾ ਕੇ ਖਲੋਵੇ, ਉਸ ਨਾਲ ਕੋਈ ਗੱਲ ਕਰੋ, ਨਹੀਂ ਤੇ ਉਹ ਬਹੁਤ ਗੁੱਸਾ ਕਰੇਗਾ ਤੇ ਉੱਥੋਂ ਦੀ ਹਵਾ ਤੁਹਾਡੇ ਲਈ ਖਰਾਬ ਹੋ ਜਾਏਗੀ। ਮੇਰਾ ਕਿਆਸ ਹੈ ਕਿ ਆਪਣੇ ਹੋਰ ਲੇਖਕ ਮਿੱਤਰਾਂ ਨਾਲੋਂ ਮੈਨੂੰ ਇਸ ਆਜ਼ਾਦੀ ਦੀ ਵੱਧ ਲੋੜ ਹੈ।
ਉਂਝ ਵੀ ਮੈਂ ਸੋਚਦਾ ਹਾਂ ਕਿ ਸਦਾ ਲਈ ਪਿੰਡ ਮੁੜ ਜਾਣਾ ਇਕ ਪਿਛਾਂਹ ਨੂੰ ਪੈਰ ਹੋਵੇਗਾ। ਜਿਸ ਨਵੀਂ ਸਭਿਅਤਾ ਨੂੰ ਅਸਾਂ ਆਪਣੇ ਟੈਂ ਵਿਚ ਪੱਛਮੀ ਸੱਭਿਅਤਾਂ ਦਾ ਨਾਂ ਦਿੱਤਾ ਹੋਇਆ ਹੈ, ਉਹ ਮੈਨੂੰ ਬਹੁਤ ਖਿੱਚ ਪਾਂਦੀ ਹੈ। ਮੈਂ ਇਸ ਵੱਲ ਚੁਖੁਰੀਆਂ ਭੱਜਣਾ ਚਾਹੁੰਦਾ ਹਾਂ। ਮੈਂ ਇਸ ਨੂੰ ਕਿਸੇ ਇਕ ਦੇਸ਼ ਦੀ ਜਾਂ ਕੁਝ ਦੇਸ਼ਾਂ ਦੀ ਸਭਿਅਤਾ ਨਹੀਂ ਸਮਝਦਾ ਇਹ ਮਨੁੱਖਤਾ ਦੇ ਪੰਧ ਤੇ ਸ਼ਾਹਰਾਹ ਉੱਤੇ ਇੱਕ ਵੱਡਾ ਪੜਾਅ ਹੈ। ਜਿਹੜੇ ਦੇਸ਼ ਇਸ ਵੱਲ ਪਹਿਲਾਂ ਟੁਰ ਪਏ, ਉਹ ਇਸ ਪੜਾਅ ਨੂੰ ਆਪਣੇ ਨਾਂ ਨਹੀਂ ਲਿਖਵਾ ਸਕਦੇ ਤੇ ਨਾ ਹੀ, ਸਾਡੇ, ਪਿੰਛੋਂ ਟੁਰਿਆਂ ਲਈ ਇਹ ਪੜਾਅ ਬਗਾਨਾ ਹੈ। ਇਸ ਦੇ ਮੋਟੇ ਲੱਛਣ ਸਾਇੰਸ ਦਾ ਲੋਕਾਂ ਦੇ ਰੋਜ਼ ਦੇ ਕੰਮਾਂ ਵਿਚ ਤੇ ਖਿਆਲਾਂ ਵਿਚ ਵੜਨਾ, ਲੋਕਾਂ ਦਾ ਅਪਾਣੇ ਆਮ ਜੀਵਨ ਦੀਆਂ ਗੁੰਝਲਾਂ ਲਾਹ ਸੁਟਣੀਆਂ ਤੇ ਇਸਤਰੀਆਂ ਦਾ ਸਿੱਧੇ ਹੋ ਕੇ ਖਲੋਣਾ ਹੈ।