27ਵੇਂ ਜਨਮ ਦਿਵਸ ‘ਤੇ
ਪ੍ਰਿੰæ ਸਰਵਣ ਸਿੰਘ
21 ਅਗਸਤ ਓਸੈਨ ਬੋਲਟ ਦਾ ਜਨਮ ਦਿਨ ਹੈ। ਉਹ ਅਜੇ ਵੀ ਦੁਨੀਆਂ ਦਾ ਸਭ ਤੋਂ ਤੇਜ਼ ਦੌੜਾਕ ਹੈ, ਫਾਸਟੈਸਟ ਮੈਨ ਆਨ ਅਰਥ। ਉਸ ਨੂੰ ‘ਲਾਈਟਨਿੰਗ ਬੋਲਟ’ ਕਹਿ ਕੇ ਵਡਿਆਇਆ ਜਾਂਦੈ। ਉਹ ਬੰਦਾ ਕਾਹਦਾ, ਬਿਜਲੀ ਦਾ ਚਮਕਾਰਾ ਹੈ। ਨਿਰੀ ਨ੍ਹੇਰੀ! ਜਦੋਂ ਉਹ ਸਰਪੱਟ ਦੌੜ ਰਿਹਾ ਹੁੰਦੈ ਤਾਂ ਉਸ ਦੀ ਰਫ਼ਤਾਰ 44æ72 ਕਿਲੋਮੀਟਰ ਪ੍ਰਤੀ ਘੰਟਾ ਹੁੰਦੀ ਹੈ। 11 ਅਗਸਤ 2013 ਨੂੰ ਮਾਸਕੋ ਦੀ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿਚ ਉਹ 100 ਮੀਟਰ ਦੀ ਦੌੜ 9æ77 ਸੈਕੰਡ ‘ਚ ਲਾ ਕੇ ਫਿਰ ਮੀਰੀ ਰਿਹਾ ਹੈ। ਦੌੜ ਵੇਲੇ ਮੀਂਹ ਪੈ ਰਿਹਾ ਸੀ ਜਿਸ ਵਿਚ ਉਹ ਬਿਜਲੀ ਵਾਂਗ ਲਿਸ਼ਕਿਆ ਤੇ ਗਿੱਲੇ ਟਰੈਕ ਨੂੰ ਅੱਗ ਲਾਉਂਦਾ ਗਿਆ! 17 ਅਗਸਤ ਨੂੰ ਉਹਨੇ 200 ਮੀਟਰ ਦੀ ਦੌੜ 19æ66 ਸੈਕੰਡ ਵਿਚ ਜਿੱਤੀ। 4¿100 ਰਿਲੇਅ ਦੌੜ ਦਾ ਗੋਲਡ ਮੈਡਲ ਵੀ ਉਹਦੀ ਜੇਬ ਵਿਚ ਹੈ। ਉਹਦੇ ਜਿਹੇ ਦੌੜਾਕ ਨਿੱਤ ਨਿੱਤ ਨਹੀਂ ਜੰਮਦੇ।
ਅੰਤਰਰਾਸ਼ਟਰੀ, ਮਹਾਂਦੀਪੀ ਤੇ ਵਿਸ਼ਵ ਪੱਧਰ ਦੇ ਅਥਲੈਟਿਕ ਮੇਲਿਆਂ ‘ਚੋਂ ਉਸ ਦੇ ਜਿੱਤੇ ਤਮਗਿਆਂ ਦੀ ਗਿਣਤੀ 40 ਤੋਂ ਟੱਪ ਚੁੱਕੀ ਹੈ। 100 ਮੀਟਰ, 200 ਮੀਟਰ ਤੇ 4¿100 ਮੀਟਰ ਰੀਲੇਅ ਦੌੜਾਂ ਦੇ ਵਿਸ਼ਵ ਰਿਕਾਰਡ ਉਹਦੇ ਨਾਂ ਬੋਲਦੇ ਹਨ। ਦੌੜਾਂ ਦੇ ਸਿਰ ‘ਤੇ ਉਸ ਦੀ ਸਾਲਾਨਾ ਆਮਦਨ ਦੋ ਕਰੋੜ ਡਾਲਰ ਤੋਂ ਵੱਧ ਹੈ ਜੋ ਉਮੀਦ ਹੈ ਰੀਓ ਡਿ ਜਨੀਰੋ ਦੀਆਂ ਓਲੰਪਿਕ ਖੇਡਾਂ-2016 ਤਕ ਦਸ ਕਰੋੜ ਡਾਲਰ ਤਕ ਪੁੱਜ ਜਾਵੇਗੀ। ਜਿੰਨਾ ਉਹ ਤੇਜ਼ ਦੌੜ ਰਿਹੈ ਕਾਰੋਬਾਰੀ ਕੰਪਨੀਆਂ ਉਹਦੇ ਮਗਰ ਉਹਤੋਂ ਵੀ ਤੇਜ਼ ਦੌੜ ਰਹੀਆਂ ਨੇ। ਉਹਦੇ ਨਾਂ ‘ਚ ਏਨੀ ਬਰਕਤ ਹੈ ਕਿ ਉਹਦੀ ਵਰਤੋਂ ਕਰ ਕੇ ਕਾਰਪੋਰੇਟ ਅਦਾਰੇ ਆਪਣੇ ਮੁਨਾਫੇ ਦੂਣ ਸਵਾਏ ਕਰੀ ਜਾਂਦੇ ਹਨ। ਉਹ ਜਿਹੜੀ ਵਸਤ ਦੀ ਮਸ਼ਹੂਰੀ ਕਰਦੈ ਉਹੋ ਸੋਨਾ ਬਣ ਜਾਂਦੀ ਹੈ!
ਉਸ ਦਾ ਪੂਰਾ ਨਾਂ ਓਸੈਨ ਲੀਓ ਬੋਲਟ ਹੈ ਤੇ ਨਿੱਕਾ ਨਾਂ ਲੀਓ। ਉਹਦਾ ਜਨਮ ਜਮਾਇਕਾ ਵਿਚ ਵੈਲਸਲੇ ਤੇ ਜੈਨੀਫਰ ਦੇ ਘਰ ਟ੍ਰੀਲਾਅਨੀ ਵਿਖੇ 21 ਅਗਸਤ 1986 ਨੂੰ ਹੋਇਆ। ਜਮਾਇਕਾ ਕੈਰੀਬੀਅਨ ਸਾਗਰ ਵਿਚ ਕਿਊਬਾ ਤੋਂ 145 ਕਿਲੋਮੀਟਰ ਦੱਖਣ ਵੱਲ ਇਕ ਟਾਪੂ ਹੈ। ਕ੍ਰਿਸਟਾਫਰ ਕੋਲੰਬਸ ਨੇ ਇਹ 1494 ਵਿਚ ਲੱਭਿਆ ਸੀ। ਇਸ ਦਾ ਰਕਬਾ 10990 ਵਰਗ ਕਿਲੋਮੀਟਰ ਹੈ। ਸੌ ਕੁ ਕਿਲੋਮੀਟਰ ਦੀ ਲੰਬਾਈ ਚੌੜਾਈ ਨਾਲ ਹੀ ਏਨਾ ਰਕਬਾ ਬਣ ਜਾਂਦੈ। ਕੋਲੰਬਸ ਦੇ ਪਹੁੰਚਣ ਵੇਲੇ ਇਸ ਟਾਪੂ ‘ਤੇ ਦੋ ਸੌ ਪਿੰਡ ਸਨ। 1494 ਤੋਂ 1655 ਤਕ ਇਸ ਉਤੇ ਸਪੇਨੀਆਂ ਦਾ ਕਬਜ਼ਾ ਰਿਹਾ। 1655 ਤੋਂ ਅੰਗਰੇਜ਼ ਕਾਬਜ਼ ਹੋ ਗਏ ਜੋ 1962 ਤਕ ਰਾਜ ਕਰਦੇ ਰਹੇ। 1962 ਵਿਚ ਆਜ਼ਾਦ ਹੋਏ ਜਮਾਇਕਾ ਨੇ ਹੋਰ ਖੇਤਰਾਂ ਦੇ ਨਾਲ ਖੇਡਾਂ ਦੇ ਖੇਤਰ ਵਿਚ ਵੀ ਬੜੀਆਂ ਮੱਲਾਂ ਮਾਰੀਆਂ। ਤੇਜ਼ ਤਰਾਰ ਦੌੜਾਕਾਂ ਨੇ ਤਾਂ ਜਮਾਇਕਾ ਦੀ ਧੰਨ ਧੰਨ ਕਰਵਾ ਦਿੱਤੀ! ਪਿਛਲੇ ਕੁਝ ਸਾਲਾਂ ਤੋਂ ਇਸ ਦੇ ਸਪਰਿੰਟਰਾਂ ਦੀ ਵਿਸ਼ਵ ਉਤੇ ਝੰਡੀ ਹੈ।
ਜਮਾਇਕਾ ਦੀ ਆਬਾਦੀ ਅਜੇ ਵੀ 30 ਲੱਖ ਤੋਂ ਘੱਟ ਹੈ ਜਿਸ ਵਿਚੋਂ 10 ਲੱਖ ਦੇ ਕਰੀਬ ਇਸ ਦੀ ਰਾਜਧਾਨੀ ਕਿੰਗਸਟਨ ਵਿਚ ਰਹਿੰਦੇ ਹਨ। ਇਸ ਦੀ ਥੋੜ੍ਹੀ ਜਿਹੀ ਵਸੋਂ ‘ਚੋਂ ਹੀ ਡੇਢ ਦਰਜਨ ਤੋਂ ਵੱਧ ਅਥਲੀਟ ਓਲੰਪਿਕ ਚੈਂਪੀਅਨ ਬਣ ਚੁੱਕੇ ਹਨ। ਵੈਸਟ ਇੰਡੀਜ਼ ਦੀ ਕ੍ਰਿਕਟ ਟੀਮ ਦੇ ਵਧੇਰੇ ਖਿਡਾਰੀ ਇਸ ਟਾਪੂ ਦੇ ਜੰਮਪਲ ਹਨ। ਜਮਾਇਕਾ ਦੀ ਫੁਟਬਾਲ ਟੀਮ ਵਿਸ਼ਵ ਫੁਟਬਾਲ ਕੱਪ ਖੇਡ ਚੁੱਕੀ ਹੈ ਅਤੇ ਕੁਝ ਹੋਰ ਖੇਡਾਂ ਦੀਆਂ ਟੀਮਾਂ ਵੀ ਵਿਸ਼ਵ ਪੱਧਰ ‘ਤੇ ਚਮਕ ਚੁੱਕੀਆਂ ਹਨ। ਟਾਪੂ ਦਾ ਮੌਸਮ ਹਲਕਾ ਗਰਮ ਤੇ ਹੁੰਮਸ ਭਰਿਆ ਹੈ ਜਿਥੇ ਪੈਦਾਵਾਰ ਦੇ ਵੱਡੇ ਸਾਧਨ ਖੇਤੀਬਾੜੀ ਤੇ ਖਾਣਾਂ ਹਨ। ਮੁੱਖ ਭਾਸ਼ਾ ਅੰਗਰੇਜ਼ੀ ਤੇ ਦੂਜੀ ਭਾਸ਼ਾ ਸਪੇਨੀ ਹੈ। ਜਿੰਨੇ ਕੁ ਜਮੀਕੇ ਜਮਾਇਕਾ ‘ਚ ਰਹਿੰਦੇ ਹਨ ਓਨੇ ਕੁ ਵਿਦੇਸ਼ਾਂ ‘ਚ ਜਾ ਵਸੇ ਹਨ। ਇੰਜ ਹੀ ਕਾਫੀ ਸਾਰੇ ਵਿਦੇਸ਼ੀ ਜਮਾਇਕਾ ਨੂੰ ਆਪਣਾ ਘਰ ਬਣਾਈ ਬੈਠੇ ਹਨ। ਉਥੋਂ ਦੇ ਸਕੂਲਾਂ ਵਿਚ ਖੇਡਾਂ ਪੜ੍ਹਾਈ ਦਾ ਅੰਗ ਹਨ ਤੇ ਖੇਡਾਂ ਵਿਚ ਸਖ਼ਤ ਮਿਹਨਤ ਉਤੇ ਜ਼ੋਰ ਦਿੱਤਾ ਜਾਂਦੈ।
ਓਸੈਨ ਬੋਲਟ ਦੇ ਪੁਰਖੇ ਅਫਰੀਕੀ/ਕੈਰੀਬੀਅਨ ਨਸਲ ਦੇ ਹਨ ਜਿਨ੍ਹਾਂ ਦਾ ਧਰਮ ਇਸਾਈ ਕੈਥੋਲਿਕ ਹੈ। ਦੌੜਨ ਲੱਗਾ ਓਸੈਨ ਬੁੱਲ੍ਹਾਂ ਤੇ ਨੱਕ ਤੋਂ ਅਸਮਾਨ ਵੱਲ ਉਂਗਲ ਉਠਾਉਂਦੈ ਤੇ ਕਰਾਸ ਦਾ ਨਿਸ਼ਾਨ ਬਣਾਉਂਦੈ। ਉਸ ਦਾ ਕੱਦ 15 ਸਾਲ ਦੀ ਉਮਰ ਵਿਚ ਹੀ 6 ਫੁੱਟ 5 ਇੰਚ ਹੋ ਗਿਆ ਸੀ। ਹੁਣ ਵਜ਼ਨ 94 ਕਿੱਲੋਗਰਾਮ ਹੈ। ਰੰਗ ਤਵੇ ਵਰਗਾ ਕਾਲਾ, ਦੰਦ ਮੋਤੀਆਂ ਵਾਂਗ ਚਿੱਟੇ, ਮਸੂੜੇ ਬਦਾਮੀ, ਬੁੱਲ੍ਹ ਰਤਾ ਮੋਟੇ, ਨੱਕ ਲੰਮਾ ਤੇ ਚੌੜਾ, ਕੰਨ ਛੋਟੇ, ਮੱਥਾ ਟ੍ਰੈਕ ਵਾਂਗ ਖੁੱਲ੍ਹਾ, ਵਾਲ ਘੁੰਗਰਾਲੇ, ਘੰਡੀ ਉਚੀ ਤੇ ਉਂਗਲਾਂ ਲੰਮੀਆਂ ਹਨ। ਉਹ ਨੱਚਣ ਗਾਉਣ ਦਾ ਸ਼ੁਕੀਨ ਹੈ। ਫੁੱਟਬਾਲ ਦੀਆਂ ਸਿਰ ਤੇ ਪੈਰਾਂ ਉਤੇ ਦੇਰ ਤਕ ਬੁੱਚੀਆਂ ਪੁਆ ਸਕਦੈ। ਬੁੱਚੀਆਂ ਪੁਆਉਂਦਾ ਉਹ ਜਾਦੂਗਰ ਲੱਗਦੈ। ਦੌੜ ਜਿੱਤਣ ਪਿੱਛੋਂ ਹਵਾਈ ਜਹਾਜ਼ ਦੇ ਖੰਭਾਂ ਵਾਂਗ ਆਪਣੇ ਬਾਜ਼ੂ ਖਿਲਾਰ ਕੇ ਗੇੜਾ ਦਿੰਦੈ ਤੇ ਤੀਰ ਕਮਾਨ ਚਲਾਉਣ ਵਾਂਗ ਪੋਜ਼ ਬਣਾਉਂਦੈ। ਉਹਦੀ ਖੱਬੀ ਬਾਂਹ ਸਿੱਧੀ ਹੁੰਦੀ ਹੈ ਤੇ ਸੱਜੀ ਮੁੜਵੀਂ।
ਜਿੱਤਣ ਵੇਲੇ ਉਹ ਸੱਜੀ ਬਾਂਹ ਚੁੱਕਦੈ ਤੇ ਕਦੇ ਕਦੇ ਹਿੱਕ ਵੀ ਥਾਪੜਦੈ। ਕਦੇ ਕਿਸੇ ਉਂਗਲ ਵਿਚ ਛਾਪ ਵੀ ਪਾ ਲੈਂਦੈ ਤੇ ਗਲ ‘ਚ ਜੰਜ਼ੀਰੀ ਵੀ ਪਹਿਨ ਲੈਂਦੈ। ਜਦੋਂ ਦੌੜਦੈ ਤਾਂ ਜੰਜ਼ੀਰੀ ਵੀ ਛਾਲਾਂ ਮਾਰਦੀ ਐ। ਕਦੇ ਠੋਡੀ ਉਤੇ ਦਾੜ੍ਹੀ ਰੱਖ ਲੈਂਦੈ ਕਦੇ ਮੁਨਾ ਦਿੰਦੈ। ਬੇਸ਼ੱਕ ਸਤਾਈ ਸਾਲਾਂ ਦਾ ਹੋ ਗਿਐ ਪਰ ਅਜੇ ਮੰਗਿਆ ਵਿਆਹਿਆ ਨਹੀਂ ਗਿਆ। ਉਂਜ ਬਥੇਰੀਆਂ ਕੁੜੀਆਂ ਮਰਦੀਆਂ ਉਹਦੇ ‘ਤੇ। ਇਕ ਵਾਰ ਨੀਲੀਆਂ ਅੱਖਾਂ ਵਾਲੀ ਗੋਰੀ ਕੁੜੀ ਉਹਦੇ ਦੌੜ ਪੂਰੀ ਕਰਨ ਸਮੇਂ ਫੁੱਲਾਂ ਦਾ ਗੁਲਦਸਤਾ ਚੁੱਕੀ ਭੱਜੀ ਭੱਜੀ ਉਹਦੇ ਵੱਲ ਆਈ। ਸੰਭਲਦਿਆਂ ਵੀ ਉਨ੍ਹਾਂ ਦੀ ਟੱਕਰ ਹੋ ਗਈ। ਓਸੈਨ ਨੇ ਉਹ ਡਿੱਗਣੋਂ ਤਾਂ ਬਚਾ ਲਈ ਪਰ ਅਗਾਂਹ ਕੋਈ ਗੱਲ ਨਾ ਤੁਰੀ। ਫਿਰ ਇਕ ਕਾਲੀ ਕੁੜੀ ਭੱਜੀ ਆਈ ਜੋ ਉਹਦੇ ਨਾਲ ਹੀ ਚੰਬੜ ਗਈ। ਰੱਬ ਜਾਣੇ ਉਹਨੂੰ ਕੋਈ ਗੋਰੀ ਕੁੜੀ ਭੱਜ ਕੇ ਮਿਲੇਗੀ ਜਾਂ ਕਾਲੀ ਪਰ ਅਜੇ ਉਹ ਕਿਸੇ ਨੂੰ ਡਾਹੀ ਨਹੀਂ ਦੇ ਰਿਹਾ!
ਪਹਿਲਾਂ ਪਹਿਲ ਉਹ ਬਾਸਕਟਬਾਲ ਤੇ ਕ੍ਰਿਕਟ ਖੇਡਣ ਲੱਗਾ ਸੀ। ਉਚੀ ਛਾਲ ਵੀ ਵਾਹਵਾ ਲਾ ਲੈਂਦਾ ਸੀ ਪਰ ਉਹਦੇ ਕੋਚ ਨੇ ਛੇਤੀ ਹੀ ਉਸ ਨੂੰ ਦੌੜਾਂ ਵੱਲ ਮੋੜ ਲਿਆ। 14 ਸਾਲ ਦੀ ਉਮਰ ਵਿਚ ਉਸ ਨੇ ਸਕੂਲ ‘ਚ 80 ਮੀਟਰ ਦੀ ਅੜਿਕਾ ਦੌੜ ਜਿੱਤੀ। ਫਿਰ 200 ਮੀਟਰ ਦੌੜ ਨੂੰ ਪੈ ਗਿਆ। ਉਹ ਰਿਜਨਲ ਤੇ ਕੈਰੀਬੀਅਨ ਪੱਧਰ ‘ਤੇ ਜੂਨੀਅਰ ਵਰਗ ਦੀਆਂ ਦੌੜਾਂ ਜਿੱਤਦਾ, ਕਿੰਗਸਟਨ ਵਿਚ ਹੋਈ ਜੂਨੀਅਰ ਵਰਲਡ ਚੈਂਪੀਅਨਸ਼ਿਪ ‘ਚੋਂ 200 ਮੀਟਰ ਦੀ ਦੌੜ 20æ61 ਸੈਕੰਡ ‘ਚ ਲਾ ਕੇ ਨਵਾਂ ਮੀਟ ਰਿਕਾਰਡ ਰੱਖ ਗਿਆ। 400 ਮੀਟਰ ਦੀ ਦੌੜ ਉਸ ਨੇ 45æ28 ਸੈਕੰਡ ‘ਚ ਲਾ ਵਿਖਾਈ!
ਸ਼ੁਰੂ ਵਿਚ ਉਹ ਨਰਵਸ ਹੋ ਜਾਂਦਾ ਸੀ। ਇਕ ਵਾਰ ਦੌੜਨ ਲੱਗੇ ਨੇ ਸਪਾਈਕਸ ਹੀ ਪੁੱਠੇ ਬੰਨ੍ਹ ਲਏ ਸਨ ਪਰ ਦੌੜ ਫਿਰ ਵੀ ਜਿੱਤ ਗਿਆ। ਉਸ ਦਾ ਕਹਿਣਾ ਹੈ ਕਿ ਉਹ ਦੌੜਾਂ ਜਿੱਤਣ ਲਈ ਦੌੜਦੈ ਨਾ ਕਿ ਰਿਕਾਰਡ ਰੱਖਣ ਲਈ। ਵੈਸੇ ਉਸ ਦੇ ਰਿਕਾਰਡ ਦੰਗ ਕਰ ਦੇਣ ਵਾਲੇ ਹਨ। 100 ਮੀਟਰ ਦੌੜ 9æ58 ਸੈਕੰਡ ਬਰਲਿਨ 2009, 150 ਮੀਟਰ 14æ35 ਸੈਕੰਡ ਮਾਨਚੈਸਟਰ 2009, 200 ਮੀਟਰ 19æ19 ਸੈਕੰਡ ਬਰਲਿਨ 2009 ਤੇ 4¿100 ਮੀਟਰ ਰਿਲੇਅ ਦੌੜ 36æ84 ਸੈਕੰਡ ਲੰਡਨ ਉਲੰਪਿਕ ਖੇਡਾਂ। ਉਹਦਾ ਪਹਿਲਾ ਕੋਚ ਫਿਟਸ ਕੋਲੇਮਨ ਸੀ। ਜਦੋਂ ਉਹ ਜੂਨੀਅਰ ਐਥਲੀਟ ਵਜੋਂ ਚਮਕਿਆ ਤਾਂ ਅਮਰੀਕਾ ਨੇ ਵਜ਼ੀਫੇ ਦੀ ਪੇਸ਼ਕਸ਼ ਕੀਤੀ ਪਰ ਉਹ ਅਮਰੀਕਾ ਨਾ ਗਿਆ। ਜਮਾਇਕਾ ਦੇ ਪ੍ਰਧਾਨ ਮੰਤਰੀ ਪੀæ ਜੇæ ਪੈਟਰਸਨ ਨੇ ਉਸ ਨੂੰ ਕਿੰਗਸਟਨ ਦੀ ਯੂਨੀਵਰਸਿਟੀ ਆਫ ਟੈਕਨਾਲੋਜੀ ਵਿਚ ਦਾਖਲ ਕਰਵਾ ਦਿੱਤਾ। ਉਥੇ ਉਹ ਕੋਚ ਗਲੈਨ ਮਿਲਜ਼ ਦੀ ਕੋਚਿੰਗ ਅਧੀਨ ਨਵੇਂ ਮਾਅਰਕੇ ਮਾਰਨ ਲੱਗਾ।
ਅਕਸਰ ਖਿਡਾਰੀ ਸਪੋਰਟਸ ਇੰਜਰੀ ਦੇ ਸ਼ਿਕਾਰ ਹੋ ਜਾਂਦੇ ਹਨ। ਓਸੈਨ ਦਾ ਵੀ ਮਸਲ ਖਿੱਚਿਆ ਗਿਆ ਸੀ ਤੇ ਇਕ ਕਾਰ ਹਾਦਸਾ ਵਾਪਰ ਗਿਆ ਸੀ। 2004 ਤੋਂ 6 ਤਕ ਉਹ ਢਿੱਲਾ ਮੱਠਾ ਹੀ ਰਿਹਾ। 2007 ਵਿਚ ਉਹ ਮੁੜ ਸੰਭਲਿਆ ਤੇ 200 ਮੀਟਰ ਦੌੜ ਵਿਚ ਜਮਾਇਕਾ ਦਾ ਤੀਹ ਸਾਲ ਪੁਰਾਣਾ ਰਿਕਾਰਡ ਤੋੜਿਆ। 2008 ‘ਚ ਉਹਦੀ ਗੁੱਡੀ ਅਸਮਾਨੇ ਜਾ ਚੜ੍ਹੀ। ਨਿਊ ਯਾਰਕ ਵਿਚ 100 ਮੀਟਰ ਦੀ ਦੌੜ 9æ72 ਸੈਕੰਡ ‘ਚ ਲਾ ਕੇ ਉਹ ਨਵਾਂ ਵਿਸ਼ਵ ਰਿਕਾਰਡ ਬਣਾ ਗਿਆ। ਬੀਜਿੰਗ ਉਲੰਪਿਕ ਖੇਡਾਂ-2008 ਵਿਚ ਤਾਂ ਉਸ ਨੇ ਕਮਾਲ ਹੀ ਕਰ ਦਿੱਤੀ। 100 ਮੀਟਰ ਦੀ ਦੌੜ 9æ69 ਸੈਕੰਡ ਵਿਚ ਲਾ ਵਿਖਾਈ। ਉਹ ਹੋਰਨਾਂ ਦੌੜਾਕਾਂ ਤੋਂ ਕਾਫੀ ਅੱਗੇ ਸੀ। ਉਸ ਨੇ ਧੌਣ ਘੁਮਾ ਕੇ ਵੇਖਿਆ ਤੇ ਸੱਜੇ ਹੱਥ ਨਾਲ ਛਾਤੀ ਥਾਪੜਦਿਆਂ ਦੌੜ ਪੂਰੀ ਕੀਤੀ। ਜੇ ਉਹ ਅਜਿਹਾ ਨਾ ਕਰਦਾ ਤਾਂ ਸੰਭਵ ਸੀ ਉਹ ਦੌੜ ਹੋਰ ਵੀ ਘੱਟ ਸਮੇਂ ਵਿਚ ਪੂਰੀ ਕਰ ਦਿੰਦਾ। ਖੇਡ ਮਾਹਿਰਾਂ ਦਾ ਅਨੁਮਾਨ ਹੈ ਕਿ ਉਦਣ ਓਸੈਨ 9æ55 ਤੋਂ 9æ60 ਸੈਕੰਡ ਦੇ ਵਿਚਕਾਰ ਦੌੜ ਪੂਰੀ ਕਰ ਸਕਦਾ ਸੀ। ਉਥੇ ਉਸ ਨੇ 200 ਮੀਟਰ ਦੀ ਦੌੜ 19æ30 ਸੈਕੰਡ ਵਿਚ ਜਿੱਤ ਕੇ ਇਕ ਹੋਰ ਵਿਸ਼ਵ ਰਿਕਾਰਡ ਰੱਖਿਆ। ਓਲੰਪਿਕ ਖੇਡਾਂ ਦਾ ਤੀਜਾ ਗੋਲਡ ਮੈਡਲ 4¿100 ਮੀਟਰ ਦੀ ਰਿਲੇਅ 37æ10 ਸੈਕੰਡ ਵਿਚ ਲਾ ਕੇ ਜਿੱਤਿਆ। ਲੰਡਨ ਓਲੰਪਿਕ ਖੇਡਾਂ-2012 ਸਮੇਂ ਓਸੈਨ 100 ਮੀਟਰ 9æ63 ਸੈਕੰਡ, 200 ਮੀਟਰ 19æ32 ਤੇ 4¿100 ਮੀਟਰ ਰਿਲੇਅ 36æ84 ਸੈਕੰਡ ਵਿਚ ਦੌੜ ਕੇ ਫਿਰ ਤਿੰਨ ਗੋਲਡ ਮੈਡਲ ਜਿੱਤ ਗਿਆ। ਲਗਾਤਾਰ ਦੋ ਓਲੰਪਿਕ ਖੇਡਾਂ ‘ਚੋਂ ਇਹ ਤਿੰਨੇ ਦੌੜਾਂ ਪਹਿਲਾਂ ਕਿਸੇ ਨੇ ਨਹੀਂ ਸਨ ਜਿੱਤੀਆਂ।
2009 ਵਿਚ ਬਰਲਿਨ ਦੀ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਸਮੇਂ ਉਹ 100 ਮੀਟਰ 9æ58 ਸੈਕੰਡ ਵਿਚ ਲਾ ਗਿਆ ਜੋ ਕ੍ਰਿਸ਼ਮਾ ਹੀ ਕਿਹਾ ਜਾ ਸਕਦੈ। 200 ਮੀਟਰ 19æ19 ਸੈਕੰਡ ਵਿਚ ਲਾ ਕੇ ਕਹਿਰ ਹੀ ਕਰ ਦਿੱਤਾ! 2011 ਦੀ ਵਿਸ਼ਵ ਅਥਲੈਟਿਕ ਚੈਂਪੀਅਨਸ਼ਿਪ ਦੱਖਣੀ ਕੋਰੀਆ ਦੇ ਸ਼ਹਿਰ ਡਿਐਗੋ ਵਿਚ ਹੋਈ ਸੀ। ਉਦੋਂ ਉਹ ਪੂਰੀ ਤਿਆਰੀ ਵਿਚ ਸੀ ਪਰ 100 ਮੀਟਰ ਦੀ ਦੌੜ ਵਿਚ ਗਲਤ ਸਟਾਰਟ ਲੈਣ ਕਾਰਨ ਦੌੜ ਤੋਂ ਬਾਹਰ ਕਰ ਦਿੱਤਾ ਗਿਆ। ਵੱਡੀ ਗਿਣਤੀ ‘ਚ ਜੁੜੇ ਦਰਸ਼ਕਾਂ ਨੇ ਹਉਕਾ ਭਰਿਆ। ਝੁੰਜਲਾਹਟ ਵਿਚ ਉਸ ਨੇ ਆਪਣੀ ਜਰਸੀ ਲਾਹ ਕੇ ਚਲਾ ਮਾਰੀ ਤੇ ਨੰਗੇ ਧੜ ਪਿੱਛੇ ਮੁੜਿਆ। ਉਹਦਾ ਬਲਾਕ ਸੱਖਣਾ ਤੇ 5 ਨੰਬਰ ਲੇਨ ਸੁੰਨੀ ਹੋ ਗਈ। ਪਰ ਮਾਸਕੋ ਵਿਚ ਉਸ ਨੇ ਇਹ ਗਲਤੀ ਨਹੀਂ ਕੀਤੀ ਤੇ ਇਕ ਵਾਰ ਫਿਰ ਵਿਸ਼ਵ ਦਾ ਸਭ ਤੋਂ ਤੇਜ਼ ਦੌੜਾਕ ਸਾਬਤ ਹੋਇਆ ਹੈ।
ਓਸੈਨ ਬੋਲਟ 100 ਮੀਟਰ ਦੀ ਦੌੜ 9æ58 ਸੈਕੰਡ ਵਿਚ ਤਾਂ ਲਾ ਹੀ ਗਿਐ। ਕੀ ਇਸ ਦੌੜ ਵਿਚ ਕਦੇ 9 ਸੈਕੰਡ ਦੀ ਸੀਮਾ ਵੀ ਟੁੱਟੇਗੀ? ਵੀਹਵੀਂ ਸਦੀ ਦੇ ਸ਼ੁਰੂ ‘ਚ ਭਵਿੱਖਵਾਣੀ ਕੀਤੀ ਗਈ ਸੀ ਕਿ ਇਸ ਧਰਤੀ ਦਾ ਬੰਦਾ 100 ਮੀਟਰ ਦੀ ਦੌੜ ਕਦੇ ਵੀ 10 ਸੈਕੰਡ ਤੋਂ ਘੱਟ ਸਮੇਂ ਵਿਚ ਨਹੀਂ ਦੌੜ ਸਕੇਗਾ। ਪਰ ਇਹ ਸੀਮਾ ਮੈਕਸੀਕੋ ਦੀਆਂ ਓਲੰਪਿਕ ਖੇਡਾਂ ਸਮੇਂ 1968 ਵਿਚ ਹੀ ਟੁੱਟ ਗਈ। ਫਿਰ ਭਵਿੱਖਵਾਣੀ ਕੀਤੀ ਗਈ ਕਿ 9æ50 ਸੈਕੰਡ ਦੀ ਹੱਦ 2060 ਤਕ ਨਹੀਂ ਟੁੱਟ ਸਕੇਗੀ। ਪਰ 2009 ਵਿਚ ਹੀ ਓਸੈਨ ਬੋਲਟ ਇਸ ਹੱਦ ਦੇ ਨੇੜੇ ਪਹੁੰਚ ਗਿਆ। ਇਸ ਤੋਂ ਜਾਪਦੈ ਕਿ ਇੱਕੀਵੀਂ ਸਦੀ ਦੇ ਅੰਤ ਤਕ 9 ਸੈਕੰਡ ਦੀ ਵੀ ਖ਼ੈਰ ਨਹੀਂ। ਅਸਲ ਵਿਚ ਮਨੁੱਖੀ ਪ੍ਰਤਿਭਾ ਦੀ ਕੋਈ ਸੀਮਾ ਹੀ ਨਹੀਂ ਤੇ ਅੰਤਲੀ ਹੱਦ ਮਿਥਣੀ ਵੀ ਵਾਜਬ ਨਹੀਂ। ਓਲੰਪਿਕ ਖੇਡਾਂ ਦਾ ਆਦਰਸ਼ ਵੀ ਇਹੋ ਹੈ, ਹੋਰ ਅੱਗੇ, ਹੋਰ ਉੱਚਾ, ਹੋਰ ਤੇਜ਼!
ਆਦ ਕਾਲ ‘ਚ ਮਨੁੱਖ ਜਦੋਂ ਦੋ ਪੈਰਾਂ ‘ਤੇ ਖੜ੍ਹਨ ਜੋਗਾ ਹੋਇਆ ਸੀ ਤਾਂ ਇਹ ਵੀ ਮੁਸ਼ਕਲ ਲੱਗਦਾ ਸੀ ਕਿ ਉਹ ਕਦੇ ਦੌੜ ਵੀ ਸਕੇਗਾ। ਉਹ ਸਹਾਰੇ ਨਾਲ ਡੋਲਦਾ ਜਿਹਾ ਤੁਰਨ ਲੱਗਾ ਸੀ। ਉਸ ਨੂੰ ਇਕ ਮੀਲ ਦੀ ਦੌੜ 4 ਮਿੰਟ ਤੋਂ ਘੱਟ ਸਮੇਂ ‘ਚ ਪੂਰੀ ਕਰਨ ਲਈ 190,000 ਸਾਲ ਵਿਕਸਤ ਹੋਣਾ ਪਿਆ। ਆਖਰ 6 ਮਈ 1954 ਨੂੰ ਚਾਰ ਮਿੰਟ ਦੀ ਹੱਦ ਟੁੱਟੀ ਤਾਂ ਫਿਰ ਟੁੱਟਦੀ ਹੀ ਚਲੀ ਗਈ। ਮੀਲ ਦੀ ਦੌੜ ਦਾ ਸਮਾਂ 4:1æ6 ਸੈਕੰਡ ਤੋਂ ਘਟਾ ਕੇ 3:59æ4 ਸੈਕੰਡ ਤਕ ਲਿਆਉਣ ਲਈ ਦਸ ਵਰ੍ਹੇ ਲੱਗੇ ਸਨ ਪਰ ਇਸ ਸਮੇਂ ਨੂੰ 3:57æ9 ਸੈਕੰਡ ਤਕ ਲਿਆਉਣ ਲਈ ਸਿਰਫ਼ 46 ਦਿਨ ਹੀ ਲੱਗੇ। ਅਗਲੇ ਦਸਾਂ ਸਾਲਾਂ ਵਿਚ 366 ਦੌੜਾਕ ਮੀਲ ਦੀ ਦੌੜ 4 ਮਿੰਟ ਤੋਂ ਥੱਲੇ ਦੌੜੇ! 7 ਜੁਲਾਈ 1999 ਦੇ ਦਿਨ ਰੋਮ ਵਿਚ ਮਰਾਕੋ ਦਾ ਇਕ ਦੌੜਾਕ ਮੀਲ ਦੀ ਦੌੜ 3:43æ13 ਸੈਕੰਡ ਵਿਚ ਦੌੜ ਗਿਆ!! ਹੈ ਕੋਈ ਹੱਦ ਬੰਨਾ ਮਨੁੱਖ ਦੀ ਸਮਰੱਥਾ ਦਾ!!!
1896 ਦੀਆਂ ਪਹਿਲੀਆਂ ਓਲੰਪਿਕ ਖੇਡਾਂ ਵਿਚ ਅਮਰੀਕਾ ਦਾ ਥਾਮਸ ਬਰਕ 100 ਮੀਟਰ ਦੀ ਦੌੜ 12æ00 ਸੈਕੰਡ ਵਿਚ ਦੌੜ ਕੇ ਓਲੰਪਿਕ ਚੈਂਪੀਅਨ ਬਣਿਆ ਸੀ। ਅਗਲੀਆਂ ਓਲੰਪਿਕ ਖੇਡਾਂ ਵਿਚ ਰਿਕਾਰਡ ਬਿਹਤਰ ਤੋਂ ਬਿਹਤਰ ਹੋਣ ਲੱਗੇ ਤਾਂ ਕਿਆਸ ਅਰਾਈਆਂ ਲੱਗਣ ਲੱਗੀਆਂ ਕਿ ਭਵਿੱਖ ਦਾ ਮਨੁੱਖ ਇਹ ਦੌੜ ਘੱਟ ਤੋਂ ਘੱਟ ਕਿੰਨੇ ਸਮੇਂ ਵਿਚ ਦੌੜ ਸਕੇਗਾ?
ਮਨੁੱਖ ਦੇ ਸਰੀਰ ਤੇ ਲੱਤਾਂ ਪੈਰਾਂ ਦੀ ਬਣਤਰ ਨੂੰ ਨਿਹਾਰਦਿਆਂ ਅਤੇ ਧਰਤ ਖਿੱਚ ਦੇ ਸਿਧਾਂਤ ਨੂੰ ਮੁੱਖ ਰੱਖਦਿਆਂ 1920 ਦੇ ਆਸ-ਪਾਸ ਖੇਡ ਵਿਗਿਆਨੀਆਂ ਨੇ ਭਵਿੱਖਵਾਣੀ ਕੀਤੀ ਸੀ ਕਿ ਬੰਦਾ ਕਦੇ ਵੀ ਇਹ ਦੌੜ 10 ਸੈਕੰਡ ਤੋਂ ਘੱਟ ਸਮੇਂ ਵਿਚ ਨਹੀਂ ਦੌੜ ਸਕੇਗਾ। ਪਰ 14 ਅਕਤੂਬਰ 1968 ਨੂੰ ਅਮਰੀਕਾ ਦੇ ਜਿਮ ਹਾਈਨਜ਼ ਨੇ ਇਹ ਦੌੜ 9æ95 ਸੈਕੰਡ ਵਿਚ ਲਾ ਵਿਖਾਈ। ਉਦੋਂ ਇਹ ਕਿਹਾ ਗਿਆ ਕਿ ਮੈਕਸੀਕੋ ਸਿਟੀ ਸਮੁੰਦਰੀ ਸਤ੍ਹਾ ਤੋਂ ਕਾਫੀ ਉਚਾਈ ਉਤੇ ਹੋਣ ਕਾਰਨ ਹਵਾ ਹਲਕੀ ਸੀ ਜਿਸ ਕਰਕੇ 10 ਸੈਕੰਡ ਦੀ ਹੱਦ ਟੁੱਟ ਗਈ। ਪਰ 3 ਜੁਲਾਈ 1983 ਨੂੰ ਅਮਰੀਕਾ ਦੇ ਸ਼ਹਿਰ ਕਲੋਰਾਡੋ ਸਪਰਿੰਗਜ਼ ਵਿਚ ਕੈਲਵਿਨ ਸਮਿੱਥ ਨੇ 9æ93 ਸੈਕੰਡ ਦਾ ਸਮਾਂ ਕੱਢ ਕੇ ਉਹਦਾ ਰਿਕਾਰਡ ਵੀ ਤੋੜ ਦਿੱਤਾ! ਇਹ ਸ਼ਹਿਰ ਮੈਕਸੀਕੋ ਸਿਟੀ ਜਿੰਨੀ ਉਚਾਈ ਉਤੇ ਨਹੀਂ ਸੀ।
ਕੈਨੇਡਾ ਦਾ ਬੈਨ ਜੌਨਸਨ 30 ਅਗਸਤ 1987 ਨੂੰ ਰੋਮ ਵਿਖੇ 100 ਮੀਟਰ 9æ83 ਸੈਕੰਡ ਵਿਚ ਦੌੜ ਗਿਆ ਪਰ ਪਿੱਛੋਂ ਡੋਪ ਟੈਸਟ ‘ਚ ਦਾਗੀ ਹੋ ਜਾਣ ਕਾਰਨ ਉਹਦਾ ਰਿਕਾਰਡ ਰੱਦ ਕਰਨਾ ਪਿਆ। ਫਿਰ ਅਮਰੀਕਾ ਦੇ ਕਾਰਲ ਲੇਵਿਸ ਨੇ 24 ਸਤੰਬਰ 1988 ਨੂੰ ਸਿਓਲ ਦੀਆਂ ਓਲੰਪਿਕ ਖੇਡਾਂ ਵਿਚ 9æ92 ਸੈਕੰਡ ਦਾ ਨਵਾਂ ਰਿਕਾਰਡ ਰੱਖਿਆ। ਉਥੇ ਬੈਨ ਜੌਨਸਨ ਦਾ ਟਾਈਮ 9æ79 ਸੈਕੰਡ ਸੀ ਪਰ ਡੋਪ ਟੈਸਟ ਵਿਚ ਫੇਲ੍ਹ ਹੋਣ ਕਾਰਨ ਮੰਨਿਆ ਨਾ ਗਿਆ। 14 ਜੂਨ 1991 ਨੂੰ ਲਰੋਏ ਬੁੱਰਲ ਨਿਊ ਯਾਰਕ ਵਿਚ ਇਹ ਦੌੜ 9æ90 ਸੈਕੰਡ ਵਿਚ ਦੌੜਿਆ। 25 ਅਗਸਤ 1991 ਨੂੰ ਕਾਰਲ ਲੇਵਿਸ ਨੇ ਟੋਕੀਓ ਵਿਚ 100 ਮੀਟਰ ਦੌੜ 9æ86 ਸੈਕੰਡ ਵਿਚ ਦੌੜ ਕੇ ਵਿਸ਼ਵ ਰਿਕਾਰਡ ਫਿਰ ਆਪਣੇ ਨਾਂ ਕਰ ਲਿਆ। 6 ਜੁਲਾਈ 1994 ਨੂੰ ਲਰੋਏ ਬੁੱਰਲ ਸਵਿਟਰਜ਼ਰਲੈਂਡ ਦੇ ਸ਼ਹਿਰ ਲੁਸਾਨੇ ਵਿਚ ਇਹ ਦੌੜ 9æ85 ਸੈਕੰਡ ਵਿਚ ਦੌੜ ਗਿਆ।
27 ਜੁਲਾਈ 1996 ਨੂੰ ਐਟਲਾਂਟਾ ਦੀਆਂ ਓਲੰਪਿਕ ਖੇਡਾਂ ਵਿਚ ਕੈਨੇਡਾ ਦਾ ਡੋਨੋਵਨ ਬੈਲੀ 9æ84 ਸੈਕੰਡ ਵਿਚ ਦੌੜਿਆ। 16 ਜੂਨ 1999 ਨੂੰ ਏਥਨਜ਼ ਵਿਚ ਮੌਰਿਸ ਗਰੀਨ ਨੇ 9æ79 ਸੈਕੰਡ ਦਾ ਨਵਾਂ ਵਿਸ਼ਵ ਰਿਕਾਰਡ ਰੱਖਿਆ। 14 ਸਤੰਬਰ 2002 ਨੂੰ ਪੈਰਿਸ ਵਿਚ ਟਿਮ ਮੌਂਟਗੁਮਰੀ ਨੇ ਇਹ ਦੌੜ 9æ78 ਸੈਕੰਡ ਵਿਚ ਲਾਈ। 14 ਜੂਨ 2005 ਨੂੰ ਏਥਨਜ਼ ਵਿਖੇ ਆਸਫਾ ਪਾਵਲ 9æ77 ਸੈਕੰਡ ਵਿਚ ਦੌੜਿਆ। 9 ਸਤੰਬਰ 2007 ਨੂੰ ਇਟਲੀ ਵਿਚ ਦੌੜਦਿਆਂ ਉਸ ਨੇ 9æ74 ਸੈਕੰਡ ਦਾ ਨਵਾਂ ਵਿਸ਼ਵ ਰਿਕਾਰਡ ਰੱਖਿਆ।
ਫਿਰ ਜਮਾਇਕਾ ਦਾ ਝੱਖੜ ਓਸੈਨ ਬੋਲਟ ਅੱਗੇ ਵਧਿਆ। 31 ਮਈ 2008 ਦੇ ਦਿਨ ਨਿਊ ਯਾਰਕ ਵਿਚ ਦੌੜਦਿਆਂ ਉਹ ਵਿਸ਼ਵ ਰਿਕਾਰਡ 9æ72 ਸੈਕੰਡ ‘ਤੇ ਲੈ ਆਇਆ ਤੇ ਢਾਈ ਮਹੀਨੇ ਬਾਅਦ 16 ਅਗਸਤ ਨੂੰ ਬੀਜਿੰਗ ਦੀਆਂ ਓਲੰਪਿਕ ਖੇਡਾਂ ਵਿਚ 9æ69 ਸੈਕੰਡ ਸਮਾਂ ਕੱਢ ਗਿਆ। ਇਕ ਸਾਲ ਬਾਅਦ 16 ਅਗਸਤ ਨੂੰ ਬਰਲਿਨ ਵਿਚ ਦੌੜਦਿਆਂ ਉਸ ਨੇ ਕਮਾਲ ਹੀ ਕਰ ਦਿੱਤੀ। ਉਥੇ ਉਸ ਨੇ 100 ਮੀਟਰ ਦੌੜ 9æ58 ਸੈਕੰਡ ਵਿਚ ਦੌੜ ਵਿਖਾਈ!
ਹੁਣ ਕਿਆਸ ਅਰਾਈਆਂ ਲੱਗ ਰਹੀਆਂ ਕਿ ਬੰਦਾ ਹੋਰ ਕਿੰਨਾ ਤੇਜ਼ ਦੌੜ ਸਕੇਗਾ? ਕੀ ਕਦੇ 9 ਸੈਕੰਡ ਦੀ ਹੱਦ ਵੀ ਟੁੱਟ ਸਕੇਗੀ? ਖੇਡ ਵਿਗਿਆਨੀਆਂ ਨੇ ਇਸ ਸੰਬੰਧੀ ਜੋ ਹਿਸਾਬ ਲਾਇਆ ਹੈ ਉਸ ਮੁਤਾਬਿਕ 2060 ਤਕ ਓਸੈਨ ਬੋਲਟ ਦਾ ਹੀ ਰਿਕਾਰਡ ਕਾਇਮ ਰਹਿ ਜਾਣ ਦੀ ਸੰਭਾਵਨਾ ਹੈ। ਓਸੈਨ ਬੋਲਟ ਵੀ ਇਹ ਰਿਕਾਰਡ ਤਦ ਹੀ ਤੋੜ ਸਕਦੈ ਜੇ ਸਟਾਰਟ ਦੀ ਆਵਾਜ਼ ਉਤੇ ਉਹਦਾ ਕਦਮ ਬਲਾਕ ਤੋਂ ਹੋਰ ਤੇਜ਼ ਉਠੇ, ਆਪਣੀ ਪੂਰੀ ਸਪੀਡ ਹੋਰ ਤੇਜ਼ੀ ਨਾਲ ਫੜੇ ਤੇ ਦੌੜ ਦਾ ਅੰਤ ਵੱਧ ਰਫ਼ਤਾਰ ਨਾਲ ਕਰੇ। 2009 ਵਿਚ ਜੇ ਉਸ ਨੇ ਸਟਾਰਟ ਸਮੇਂ ਸੈਕੰਡ ਦਾ ਦਸਵਾਂ ਹਿੱਸਾ ਨਾ ਗੁਆਇਆ ਹੁੰਦਾ ਤਾਂ ਉਸ ਦਾ ਰਿਕਾਰਡ 9æ51 ਸੈਕੰਡ ਹੋਣਾ ਸੀ!
ਕੁਝ ਸਮਾਂ ਪਹਿਲਾਂ ਤਕ ਸਟਾਰਟਰ ਅੰਦਰਲੀ ਲੇਨ ਕੋਲੋਂ ਗੰਨ ਦੇ ਫਾਇਰ ਨਾਲ ਸਟਾਰਟ ਦਿਆ ਕਰਦਾ ਸੀ। ਉਸ ਦੀ ਆਵਾਜ਼ ਅੰਦਰਲੀ ਲੇਨ ਤੋਂ 0æ025 ਸੈਕੰਡ ਬਾਅਦ 11 ਮੀਟਰ ਦੂਰ ਬਾਹਰਲੀ ਲੇਨ ਤਕ ਪੁੱਜਦੀ ਸੀ। ਇੰਜ ਅੰਦਰਲੀ ਲੇਨ ਵਾਲੇ ਨੂੰ ਸਭ ਤੋਂ ਵੱਧ ਫਾਇਦਾ ਹੁੰਦਾ ਸੀ ਤੇ ਬਾਹਰਲੀ ਲੇਨ ਵਾਲੇ ਨੂੰ ਸਭ ਤੋਂ ਵੱਧ ਨੁਕਸਾਨ। ਹੁਣ ਹਰ ਦੌੜਾਕ ਦੇ ਬਲਾਕ ਪਿਛੇ ਸਪੀਕਰ ਦੀ ਬੀਪ ਲੱਗੀ ਹੁੰਦੀ ਹੈ ਤੇ ਗੰਨ ਦੀ ਆਵਾਜ਼ ਸਭ ਨੂੰ ਇਕੋ ਸਮੇਂ ਸੁਣਾਈ ਦਿੰਦੀ ਹੈ। ਆਵਾਜ਼ ‘ਤੇ ਰੀਐਕਸ਼ਨ ਟਾਈਮ ਸੈਕੰਡ ਦਾ ਦਸਵਾਂ ਹਿੱਸਾ ਲੱਗਣਾ ਚਾਹੀਦੈ। ਇਸ ਤੋਂ ਘੱਟ ਸਮਾਂ ਲੱਗੇ ਤਾਂ ਸਟਾਰਟ ਫਾਊਲ ਹੋ ਜਾਂਦੈ। ਜੇ ਵੱਧ ਸਮਾਂ ਲੱਗ ਜਾਵੇ ਤਾਂ ਦੌੜ ਪੂਰੀ ਕਰਨ ‘ਚ ਵੀ ਵੱਧ ਸਮਾਂ ਲੱਗਦੈ। ਬਰਲਿਨ ਵਿਚ ਜਿੱਦਣ ਓਸੈਨ ਬੋਲਟ ਨੇ 9æ58 ਸੈਕੰਡ ਦਾ ਸਮਾਂ ਕੱਢਿਆ ਸੀ ਉੱਦਣ ਉਹ ਬੀਪ ਉਤੇ ਸੈਕੰਡ ਦੇ ਦਸਵੇਂ ਹਿੱਸੇ ਨਾਲ ਰੀਐਕਟ ਕਰ ਜਾਂਦਾ ਤਾਂ ਉਸ ਦਾ ਸਮਾਂ 9æ51 ਸੈਕੰਡ ਹੋਣਾ ਸੀ!
ਰਹੀ ਗੱਲ ਬਲਾਕ ਤੋਂ ਉੱਠਣ ਦੀ। ਇਹਦੇ ਲਈ ਪਿੰਨੀਆਂ ਤੇ ਪੱਟਾਂ ਦੇ ਮੱਸਲ ਤਕੜੇ ਹੋਣੇ ਚਾਹੀਦੇ ਹਨ। ਪਰ ਉਹ ਏਨੇ ਮੋਟੇ ਤੇ ਭਾਰੇ ਵੀ ਨਾ ਹੋਣ ਕਿ ਭਾਰ ਨਾਲ ਦੌੜਾਕ ਬੋਝਲ ਬਣੇ। ਜਿੰਨੀ ਤੇਜ਼ੀ ਨਾਲ ਪੂਰੀ ਰਫ਼ਤਾਰ ਫੜੀ ਜਾਵੇ ਉਨਾ ਹੀ ਨਤੀਜਾ ਬਿਹਤਰ ਹੁੰਦੈ। ਦਸਵੇਂ ਮੀਟਰ ਤਕ ਫੁੱਲ ਸਪੀਡ ਹੋ ਜਾਣੀ ਚਾਹੀਦੀ ਹੈ। ਦੌੜ ਦੇ ਅੰਤਲੇ ਭਾਗ ਵਿਚ ਮਸਲ ਥਕਣੇ ਸ਼ੁਰੂ ਹੁੰਦੇ ਹਨ ਜਿਸ ਕਰਕੇ ਕਦਮ ਕਾਹਲੇ ਨਹੀਂ ਪੈਂਦੇ। ਉਸ ਹਾਲਤ ਵਿਚ ਲੰਮੇ ਕਦਮਾਂ ਨਾਲ ਦੌੜ ਦਾ ਅੰਤ ਹੋਵੇ। ਇਸ ਸਭ ਕਾਸੇ ਦੀ ਪ੍ਰਪੱਕਤਾ ਲਈ ਲੰਮੇ ਕਠਨ ਅਭਿਆਸ ਦੀ ਲੋੜ ਪੈਂਦੀ ਹੈ।
ਖੇਡ ਵਿਗਿਆਨੀ ਵੱਲੋਂ 100 ਮੀਟਰ ਦੌੜ ਦੇ ਪ੍ਰਫੈਕਟ ਦੌੜਾਕ ਦੀ ਪ੍ਰਫੈਕਟ ਸਰੀਰਕ ਬਣਤਰ ਵੀ ਉਲੀਕੀ ਗਈ ਹੈ। ਉਸ ਨਾਲ ਹੀ ਉਹ ਪ੍ਰਫੈਕਟ ਪੁਆਇੰਟ ‘ਤੇ ਪੁੱਜ ਸਕਦੈ। ਅਜਿਹੇ ਦੌੜਾਕ ਦਾ ਕੱਦ 6 ਫੁੱਟ 2 ਇੰਚ ਤੇ ਸਰੀਰਕ ਵਜ਼ਨ 87 ਕਿੱਲੋ ਯਾਨੀ 192 ਪੌਂਡ ਹੋਵੇ। ਲੱਤਾਂ ਦੀਆਂ ਹੱਡੀਆਂ ਇਕ ਮੀਟਰ ਅਤੇ ਪੱਟਾਂ ਦੇ ਬਾਰਾਂ ਇੰਚੀ ਪੱਠਿਆਂ ਵਿਚ 55-65% ਰੇਸ਼ੇ ਫਾਸਟ ਤੇ 35-45% ਮੱਠੇ ਹੋਣ। ਮੂੰਹ ਸਿਰ ਘੋਨ ਮੋਨ ਹੋਵੇ ਅਤੇ ਐਨਕਾਂ ਐਰੋਡਾਇਨਾਮਿਕ ਹੋਣ। ਸਮੁੱਚਾ ਵਜੂਦ ਤਿੱਖਾ ਚੁੰਝ ਵਰਗਾ ਹੋਵੇ ਤਾਂ ਕਿਆ ਰੀਸਾਂ! ਇੰਜ ਹਵਾ ਦੀ ਰੁਕਾਵਟ ਘੱਟ ਮਹਿਸੂਸ ਹੋਵੇਗੀ। ਜਿੰਨੀ ਦੌੜ ਤੇਜ਼ ਹੁੰਦੀ ਹੈ ਉਨੀ ਹੀ ਵੱਧ ਵਾਯੂਮੰਡਲ ਦੀ ਰੁਕਾਵਟ ਹੁੰਦੀ ਹੈ।
ਸਟਾਰਟ ਵੇਲੇ ਬੁਲ੍ਹਾਂ ‘ਤੇ ਜੀਭ ਫੇਰਨ ਜਿੰਨੀ ਸ਼ਕਤੀ ਵੀ ਅਜਾਂਈਂ ਨਾ ਗੁਆਈ ਜਾਏ। ਸਟਾਰਟ ਦੀ ਆਵਾਜ਼ ‘ਤੇ ਸੈਕੰਡ ਦੇ ਦਸਵੇਂ ਹਿੱਸੇ ‘ਚ ਬਲਾਕ ਤੋਂ ਕਦਮ ਉੱਠੇ। ਟਰੈਕ ਸਮੁੰਦਰੀ ਸਤ੍ਹਾ ਤੋਂ 1000 ਮੀਟਰ ਦੀ ਉਚਾਈ ਵਾਲਾ ਹੋਵੇ। ਮੌਸਮ 27æ7 ਸੈਲਸੀਅਸ, ਹੁੰਮਸ 11% ਤੇ ਹਵਾ ਦੀ ਰਫ਼ਤਾਰ ਪਿਛਲੇ ਪਾਸਿਓਂ 4æ4 ਮੀਲ ਪ੍ਰਤੀ ਘੰਟਾ ਹੋਵੇ। ਇਸ ਤੋਂ ਵੱਧ ਤੇਜ਼ ਹਵਾ ਹੋਵੇ ਤਾਂ ਰਿਕਾਰਡ ਨਹੀਂ ਮੰਨਿਆ ਜਾਂਦਾ। ਦੌੜਨ ਦੀ ਪੁਸ਼ਾਕ ਸਰੀਰ ਨਾਲ ਕਸਵੀਂ ਪਰ ਸਰੀਰ ਨੂੰ ਹਵਾ ਲੱਗਦੀ ਹੋਵੇ। ਸਿੰਥੈਟਿਕ ਟਰੈਕ ਉਤੇ ਦੌੜਨ ਲਈ ਸਪਾਈਕਸ ਅਜਿਹੇ ਹੋਣ ਜਿਨ੍ਹਾਂ ਦਾ ਭਾਰ 3 ਔਂਸ ਅਥਵਾ 87 ਗਰਾਮ ਤੋਂ ਵੱਧ ਨਾ ਹੋਵੇ। ਫਿਰ ਦੌੜਾਕ 29æ4 ਮੀਲ ਯਾਨੀ 47æ3 ਕਿਲੋਮੀਟਰ ਪ੍ਰਤੀ ਘੰਟਾ ਰਫ਼ਤਾਰ ਫੜ ਸਕਦੈ ਤੇ 100 ਮੀਟਰ ਦੌੜਦਿਆਂ 9 ਸੈਕੰਡ ਦੀ ਹੱਦ ਤੋੜ ਸਕਦੈ। ਸੰਭਵ ਹੈ ਇਹ ਬਾਈਵੀਂ ਸਦੀ ਚੜ੍ਹਨ ਤੋਂ ਪਹਿਲਾਂ ਹੀ ਟੁੱਟ ਜਾਵੇ ਤੇ ਬਾਈਵੀਂ ਸਦੀ ਲਈ 8 ਸੈਕੰਡ ਦੀ ਸੀਮਾ ਮਿਥਣੀ ਪਵੇ!
Leave a Reply