ਲਟ ਲਟ ਬਲ਼ਦਾ ਦੀਵਾ

ਲਾਜ ਨੀਲਮ ਸੈਣੀ
ਫੋਨ: 510-502-0551
ਅੱਜ ਬਹੁਤ ਠੰਢ ਹੈ। ਮੈਂ ਬੈੱਡ ਉਪਰ ਰਜਾਈ ਲੈ ਕੇ ਬੈਠੀ ਆਪਣੇ-ਆਪ ਨੂੰ ਸਹਿਜ ਕਰ ਰਹੀ ਹਾਂ। ਦਿਲ ਦੀ ਧੜਕਣ ਨੂੰ ਸੁਣਨ ਦੀ ਕੋਸ਼ਿਸ਼ ਕਰਦਿਆਂ ਡੂੰਘੇ-ਡੂੰਘੇ ਸਾਹ ਲੈਣੇ ਸ਼ੁਰੂ ਕੀਤੇ ਨੇ। ਮੇਰੇ ਅੰਤਰਮਨ ਵਿਚ ਜਾਮ ਹੋਏ ਹਉਕਿਆਂ ਦੀ ਵੇਦਨਾ ਨਾਲ ਮੇਰੇ ਅਹਿਸਾਸ ਪਿਘਲਦੇ ਜਾ ਰਹੇ ਹਨ।

ਮਨ ਏਨਾ ਤਰਲ ਹੋ ਗਿਐ ਕਿ ਅੱਖਾਂ ’ਚੋਂ ਆਪ-ਮੁਹਾਰੇ ਅੱਥਰੂ ਛਲਕ ਰਹੇ ਨੇ। ਯਾਦਾਂ ਦੇ ਪਰਛਾਵਿਆਂ ਵਿਚ ਖੁੱਭੀ-ਗੁਆਚੀ ਮਨਰਾਜ ਨੂੰ ਯਾਦ ਕਰ ਰਹੀ ਹਾਂ।
‘ਮਨਰਾਜ! ਸਾਡਾ ਰਿਸ਼ਤਾ ਦੁਨਿਆਵੀ ਹੀ ਨਹੀਂ ਰੂਹਾਨੀ ਵੀ ਸੀ। ਇਸ ਪਰਾਈ ਧਰਤੀ `ਤੇ ’ਕੱਲੀ ਕਿਵੇਂ ਨਿਭਾਵਾਂਗੀ ਗ੍ਰਹਿਸਥ ਦੀਆਂ ਜ਼ਿੰਮੇਵਾਰੀਆਂ? ਇਹ ਕੀ ਬਣਿਆ ਮੇਰੇ ਨਾਲ? ਕੌਣ ਵੰਡਾਵੇਗਾ ਇਹ ਪਰਬਤੋਂ ਭਾਰਾ ਦੁੱਖ? ਸਾਡਾ ਤਾਂ ਹਰ ਸਾਹ ਇਕ ਦੂਜੇ ਲਈ ਧੜਕਦਾ ਸੀ। ਹੁਣ ਤੇਰੇ ਬਿਨਾਂ ਹਰ ਸਾਹ ਮੁਹਾਲ ਬਣਦਾ ਜਾ ਰਿਹਾ। ਸਾਰੀ ਜ਼ਿੰਦਗੀ ਕਿਸ ਕੋਲ ਫੋਲਾਂਗੀ ਮਨ ਦੀਆਂ ਪਰਤਾਂ?’
ਮੈਂ ਉਸ ਨਾਲ ਮੂਕ ਵਾਰਤਾਲਾਪ ਵਿਚ ਗਲਤਾਨ ਆਪਣੇ-ਆਪ ’ਤੇ ਕਾਬੂ ਪਾਉਣ ਲਈ ਲੈਪਟਾਪ ਖੋਲ੍ਹ ਕੇ ਬੈਠ ਗਈ ਹਾਂ ਪਰ ਸਕਰੀਨ ਉਪਰ ਉਸਦਾ ਮੁਸਕਰਾਉਂਦਾ ਚਿਹਰਾ ਹੀ ਦਿਖ ਰਿਹੈ। ਉਸ ਸਮੇਂ ਦਾ ਚਿਹਰਾ ਜਦੋਂ ਮੇਰੇ ਮਾਂ-ਬਾਪ ਨੇ ਸਾਨੂੰ ਇਕ ਪਵਿੱਤਰ ਬੰਧਨ ਵਿਚ ਬੰਨ੍ਹਿਆ ਸੀ ਤੇ ਅਸੀਂ ਉਮਰ ਭਰ ਸਾਥ ਨਿਭਾਉਣ ਦੀ ਕਸਮ ਖਾਧੀ ਸੀ। ਉਸਦਾ ਸਦੀਵੀ ਵਿਛੋੜਾ ਝੱਲਿਆ ਨਹੀਂ ਜਾ ਰਿਹਾ। ਮੇਰਾ ਮਨ ਫਿਰ ਭਰ ਆਇਆ ਹੈ। ਮੈਂ ਲੈਪਟਾਪ ਬੰਦ ਕਰ ਕੇ ਹੰਝੂ ਪੂੰਝ ਕੇ ਅੱਖਾਂ ਮੀਚ ਲਈਆਂ ਹਨ।
ਅਚਾਨਕ ਮੇਰੇ ਬੇਟੇ ਬੱਬੂ ਨੇ ਮੈਨੂੰ ਹਲੂਣ ਕੇ ਕਿਹੈ, ‘ਮਾਂ! ਕੀ ਹੋਇਆ?’
ਉਹ ਕੁਰਸੀ ਖਿੱਚ ਕੇ ਮੇਰੇ ਲਾਗੇ ਬੈਠ ਗਿਐ, ‘ਮੈਨੂੰ ਪਤਾ, ਤੈਨੂੰ ਡੈਡ ਯਾਦ ਆਉਂਦਾ।’
‘ਹਾਂ ਬੇਟੇ! ਤੇਰੇ ਡੈਡ ਨੂੰ ਯਾਦ ਕਰਨ ਦੇ ਸਿਵਾ ਮੇਰੇ ਕੋਲ ਹੋਰ ਰਹਿ ਵੀ ਕੀ ਗਿਆ?’ ਮੇਰੀਆਂ ਧਾਹਾਂ ਨਿਕਲ ਗਈਆਂ ਹਨ।
‘ਮਾਂ, ਮੈਨੂੰ ਵੀ ਡੈਡ ਦੀ ਬਹੁਤ ਯਾਦ ਆਉਂਦੀ ਆ! ਉਹ ਸਾਨੂੰ ਕਿਉਂ ਛੱਡ ਗਏ?’ ਬੱਬੂ ਦੀਆਂ ਅੱਖਾਂ ਵੀ ਵਹਿ ਤੁਰੀਆਂ ਨੇ।
‘ਨਾ! ਬੇਟੇ ਰੋਣਾ ਨ੍ਹੀਂ। ਉਹ ਤਾਂ ਸਾਡਾ ਦੋਹਾਂ ਦਾ ਇਕ ਪਲ ਵੀ ਵਸਾਹ ਨ੍ਹੀਂ ਸੀ ਖਾਂਦੇ। ਨਾਲ਼ੇ ਉਨ੍ਹਾਂ ਸਰੀਰ ਈ ਛੱਡਿਆ, ਰੂਹ ਤਾਂ ਸਾਡੇ ਕੋਲ਼ ਈ ਆ।’
‘ਨੲ੍ਹੀਂ ਮਾਂ! ਮੈਂ ਬੌਤ੍ਹ ਰਿਸਰਚ ਕੀਤੀ। ਰੂਹ ਵਰਗੀ ਕੋਈ ਵੀ ਸ਼ੈਅ ਬਿਨਾਂ ਜਿਸਮ ਦੇ ਨ੍ਹੀਂ ਰਹਿ ਸਕਦੀ। ਹੁਣ ਅਸੀਂ ਕਦੇ ਵੀ ਡੈਡ ਨੂੰ ਨ੍ਹੀਂ ਮਿਲ ਸਕਦੇ। ਮੈਂ ਮੈਡੀਟੇਸ਼ਨ ਵੀ ਕਰਦਾਂ ਪਰ ਉਹ ਮੇਰੇ ਮਨ ਦੀ ਸ਼ਾਂਤੀ ਲਈ ਆ।’
‘ਤੂੰ ਸਹੀ ਕਹਿ ਰਿਹੈਂ ਬੱਬੂ! ਮੈਨੂੰ ਪਤਾ ਮਰਨ ਤੋਂ ਮਗਰੋਂ ਬੰਦੇ ਦੀ ਸਰੀਰਕ ਤੇ ਪਦਾਰਥਕ ਹੋਂਦ ਖਤਮ ਹੋ ਜਾਂਦੀ ਹੈ। ਤੈਨੂੰ ਪਤਾ, ਮੈਂ ਭੂਤ-ਪਰੇਤਾਂ ਤੇ ਰੂਹਾਂ ਦੇ ਭਟਕਦੀਆਂ ਫਿਰਦੀਆਂ ਹੋਣ ਨੂੰ ਸੱਚ ਨ੍ਹੀਂ ਮੰਨਦੀ ਪਰ ਇਹ ਮੇਰਾ ਵਿਸ਼ਵਾਸ ਆ ਕਿ ਤੇਰੇ ਡੈਡ ਦੀ ਰੂਹ ਹਾਲੇ ਵੀ ਮੇਰੀ ਰੂਹ ਵਿਚ ਧੜਕਦੀ ਆ। ਇਹ ਸਦਮਾ ਝੱਲਣ ਲਈ ਇਸ ਵਿਸ਼ਵਾਸ ਦੀ ਲੋਅ ਮੈਨੂੰ ਸ਼ਕਤੀ ਦਿੰਦੀ ਆ।’
ਉਸਦਾ ਚਿਹਰਾ ਨਿਹਾਰਦਿਆਂ ਮੈਂ ਫਿਰ ਕਿਹੈ, ‘ਉਨ੍ਹਾਂ ਦੀਆਂ ਨਿੱਘੀਆਂ ਯਾਦਾਂ ਹਰ ਵਕਤ ਸਾਡੇ ਅੰਗ-ਸੰਗ ਆ। ਇਸੇ ਕਰਕੇ ਤੂੰ ਉਨ੍ਹਾਂ ਦੀਆਂ ਬਣਾਈਆਂ ਵੀਡੀਓ ਫਿਲਮਾਂ ’ਚ ਆਪਣਾ ਬਚਪਨ ਦੇਖ ਸਕਦੈਂ। ਤੇਰੇ ਜਨਮ ਤੋਂ ਬਾਅਦ ਸਭ ਤੋਂ ਪਹਿਲਾਂ ਉਹ ਵੀਡੀਓ ਕੈਮਰਾ ਈ ਤਾਂ ਲੈ ਕੇ ਆਏ ਸੀ।’
ਮੇਰੀਆਂ ਅੱਖਾਂ ਵਿਚੋਂ ਮੁੜ ਗੰਗਾ ਵਹਿ ਤੁਰੀ ਹੈ…।
‘ਮਾਂ! ਚੁੱਪ ਕਰ! ਮੈਂ ਨ੍ਹੀਂ ਦੇਖ ਸਕਦਾ ਰੋਂਦੇ ਤੈਨੂੰ। ਮੈਨੂੰ ਡਰ ਲੱਗਦਾ ਕਿ ਹੁਣ ਕਿਤੇ ਤੈਨੂੰ ਵੀ ਨਾ ਕੁਝ ਹੋ ਜਾਏ। ਤੂੰ ਰੋ-ਰੋ ਕੇ ਅੱਖਾਂ ਖਰਾਬ ਕਰ ਲੈਣੀਆਂ।’
‘ਚੱਲ ਦੋਨੋਂ ਚੁੱਪ ਕਰ ਜਾਈਏ। ਹੁਣ ਤੂੰ ਵੀਹ ਸਾਲ ਦਾ ਹੋ ਗਿਆਂ। ਪੰਜਾਬੀ ਬੋਲਣ ਦੀ ਪੂਰੀ ਕੋਸ਼ਿਸ਼ ਕਰਦੈਂ। ਛੋਟਾ ਹੁੰਦਾ ਤੂੰ ਬਾਕੀ ਸਭ ਕੁਝ ਅੰਗ਼ਰੇਜ਼ੀ ’ਚ ਕਹਿਣਾ ਤੇ ‘ਮਾਂ’ ਸਿਰਫ ਪੰਜਾਬੀ ’ਚ। ਤੇਰੀ ਆਹ ਗੱਲ ਕਮਾਲ ਦੀ ਸੀ। ਅਸੀਂ ਦੋਏ ਹੱਸ ਪੈਂਦੇ ਸੀ।’
ਮੈਂ ਬੱਬੂ ਨੂੰ ਹਸਾਉਣ ਦੀ ਕੋਸ਼ਿਸ਼ ਕਰ ਰਹੀ ਹਾਂ ਪਰ ਉਹ ਗੰਭੀਰ ਹੋ ਗਿਐ, ‘ਮੈਨੂੰ ਪਤੈ ਮਾਂ! ਤੂੰ ਉਦਾਸ ਕਿਉਂ ਆਂ? ਮੈਂ ਯੂਨੀਵਰਸਿਟੀ ਪੜ੍ਹਨ ਜਾ ਰਿਹਾਂ, ਇਸੇ ਕਰਕੇ ਨਾ? ਮੈਂ ਵੀ ਉਦਾਸ ਆਂ, ਤੈਨੂੰ ’ਕੱਲੀ ਨੂੰ ਛੱਡ ਕੇ ਨ੍ਹੀਂ ਜਾਣਾ ਚਾਹੁੰਦਾ।’
‘ਨੲ੍ਹੀਂ ਬੇਟੇ, ਮੈਂ ਬਿਲਕੁਲ ਵੀ ਉਦਾਸ ਨ੍ਹੀਂ।’ ਮੇਰਾ ਬੋਲ ਭਾਰਾ ਤੇ ਗੱਲ ਕਰਨ ਦਾ ਲਹਿਜ਼ਾ ਬਦਲ ਗਿਐ, ‘ਆਪਣੇ ਡੈਡ ਦੇ ਜਾਣ ਤੋਂ ਬਾਅਦ ਤੂੰ ਕਿੰਨਾ ਜ਼ਿੰਮੇਵਾਰ ਹੋ ਗਿਐਂ! ਮੁਆਫ਼ ਕਰ ਦੇ, ਓਦਾਂ ਈ ਭਾਵੁਕ ਹੋ ਗਈ। ਮੈਂ ਬੌਤ੍ਹ ਖੁਸ਼ ਆਂ ਕਿਉਂਕਿ ਸਾਡਾ ਬੱਚਾ ਯੂਨੀਵਰਸਿਟੀ ਪੜ੍ਹਨ ਜਾ ਰਿਹਾ। ਚੱਲ ਹੁਣ ਸੌਂ ਜਾ। ਹੈਵ ਸਵੀਟ ਡਰੀਮਜ਼!’
ਬੱਬੂ ਆਪਣੇ ਕਮਰੇ ਵਿਚ ਚਲਾ ਗਿਐ…।
ਮੈਂ ਤੜਕੇ ਉਠ ਬੈਠੀ ਹਾਂ। ਚਾਹ ਬਣਾਉਂਦੀ ਨੂੰ ਮਨਰਾਜ ਦੇ ਬੋਲ ਯਾਦ ਆ ਰਹੇ ਹਨ। ਘਰ ਮੁੜਦੇ ਵਕਤ ਫੋਨ ਕਰਕੇ ਕਹਿਣਾ, ‘ਰੂਬੀ! ਮੈਂ ਕੰਮ ਤੋਂ ਤੁਰ ਪਿਆਂ। ਚਾਹ ਬਣਾ, ਵਧੀਆ ਜੇੲ੍ਹੀ।’
‘ਤੁਸੀਂ ਆਓ ਤਾਂ ਸੲ੍ਹੀ! ਮੈਂ ਪ੍ਰੇਮ ਦੀਆਂ ਲਾਚੀਆਂ ਕੁੱਟ ਕੇ ਪਾਊਂਗੀ।’ ਮੈਂ ਬੁਲਬੁਲ ਵਾਂਗ ਚਹਿਕ ਉਠਦੀ ਸੀ। ਉਸ ਦੇ ਘਰ ਪਹੁੰਚਣ ਤੱਕ ਚਾਹ ਟੇਬਲ ’ਤੇ ਰੱਖ ਕੇ ਉਡੀਕਣਾਂ ਮੈਨੂੰ ਵਿਸਮਾਦਤ ਕਰ ਦਿੰਦਾ ਸੀ।
‘ਵਾਹ! ਵਾਹ! ਰੂਬੀ!! ਤੇਰੀਆਂ ਪ੍ਰੇਮ ਦੀਆਂ ਲਾਚੀਆਂ ਦੀ ਮਹਿਕ ਤਾਂ ਬਾਹਰ ਤੱਕ ਆ ਰੲ੍ਹੀ ਆ!’ ਘਰ ਵੜਦੇ ਹੀ, ਉਹ ਮੈਨੂੰ ਬਾਹਾਂ ਵਿਚ ਭਰ ਲੈਂਦੇ ਤੇ ਅਸੀਂ ਚਾਹ ਪੀਂਦੇ, ਗੱਲਾਂ ਕਰਦੇ ਇਕ-ਦੂਜੇ ਵਿਚ ਇੰਝ ਗੁਆਚ ਜਾਂਦੇ ਜਿਵੇਂ ਕਈ ਜਨਮਾਂ ਦੇ ਵਿਛੜੇ ਫਿਰ ਮਿਲੇ ਹੋਈਏ। ਮਨਰਾਜ ਦੇ ਬੋਲਾਂ ਦੀ ਮਿੱਠੀ ਯਾਦ ਨਾਲ ਭਰੀ-ਭਰਾਈ ਮੈਂ ਚਾਹ ਕੱਪ ਵਿਚ ਪਾ ਰਹੀ ਹਾਂ…।
ਅਸੀਂ ਦੋਵਾਂ ਨੇ ਚਾਹ ਪੀ ਲਈ ਹੈ। ਮੈਂ ਬੱਬੂ ਵਾਸਤੇ ਲੰਚ ਅਤੇ ਡਿਨਰ ਬਣਾਉਣਾ ਸ਼ੁਰੂ ਕੀਤਾ ਏ, ਜਾਣ ਲੱਗੇ ਨੂੰ ਦੇ ਦੇਵਾਂਗੀ। ਬੱਬੂ ਦਾ ਦੋਸਤ ਸਮੀਦ ਵੀ ਆ ਗਿਆ। ਦੋਵੇਂ ਸਮਾਨ ਪੈਕ ਕਰ ਰਹੇ ਨੇ। ਮੈਂ ਬੈਠੀ ਦੇਖ ਰਹੀ ਹਾਂ…।
‘ਮੈਂ ਨਾਲ ਜਾਣ ਲਈ ਤਿਆਰ ਹੋ ਜਾਂ!’
‘ਮਾਂ, ਬੈਠ ਏਥੇ! ਮੈਂ ਤੈਨੂੰ ਨਾਲ ਨ੍ਹੀਂ ਲਿਜਾਣਾ। ਤੂੰ ਓਥੇ ਰੋਣਾ। ਮੈਂ ਤੈਨੂੰ ਰੋਂਦੀ ਨ੍ਹੀਂ ਦੇਖ ਸਕਦਾ। ਦੋ ਹਫਤੇ ਬਾਅਦ ਮੈਨੂੰ ਲੈਣ ਆਈਂ, ਪਲੀਜ਼!’
ਮਨਰਾਜ ਵੀ ਮੈਨੂੰ ਰੋਂਦੀ ਨਹੀਂ ਸੀ ਦੇਖ ਸਕਦੇ। ਵਿਆਹ ਤੋਂ ਬਾਅਦ ਏਅਰ ਪੋਰਟ ਆਉਣ ਲੱਗੇ ਮੈਨੂੰ ਇਹ ਕਹਿ ਕਿ ਹਰ ਵਾਰ ਮੰਮੀ ਦੇ ਕੋਲ ਛੱਡ ਕੇ ਆਉਂਦੇ ਸੀ, ‘ਰੂਬੀ ਤੈਨੂੰ ਏਅਰ ਪੋਰਟ ਤੱਕ ਨਾਲ ਨ੍ਹੀਂ’ ਲਿਜਾਣਾ। ਮੇਰੇ ਤੋਂ ਤੈਨੂੰ ਰੋਂਦੀ ਨੂੰ ਵੇਖਿਆ ਨ੍ਹੀ ਜਾਣਾ!’
ਮੈਂ ਵੀ ਉਨ੍ਹਾਂ ਦੀ ਖੁਸ਼ੀ ਲਈ ਮੰਮੀ ਨਾਲ ਘਰ ਦੇ ਕੰਮ ਕਰਵਾਉਣ ਵਿਚ ਰੁੱਝ ਜਾਂਦੀ ਸੀ।
‘ਮਾਂ ਕੀ ਹੋ ਗਿਆ? ਹੁਣ ਕੀ ਸੋਚਦੀ ਆਂ!’ ਬੱਬੂ ਨੇ ਮੈਨੂੰ ਗੁੰਮ-ਸੁੰਮ ਦੇਖ ਕੇ ਕਿਹਾ ਏ ਤੇ ਮੇਰਾ ਧਿਆਨ ਮਨਰਾਜ ਤੋਂ ਵਾਪਸ ਪਰਤਿਆ ਹੈ:
‘ਮੈਂ ਠੀਕ ਆਂ ਬੇਟਾ! ਤੇਰੇ ਇਸ ਫੈਸਲੇ ਦਾ ਸਤਿਕਾਰ ਕਰਦੀ ਆਂ।’
‘ਇਹ ਤਾਂ ਇੰਨ-ਬਿੰਨ ਛੋਟਾ ਮਨਰਾਜ ਈ ਬਣਦਾ ਜਾ ਰਿਹਾ।’ ਮੇਰੀ ਆਤਮਾ ਬੋਲ ਰਹੀ ਏ।
‘ਯ੍ਹਾ…ਯ੍ਹਾ!’ ਉਸਦਾ ਦੋਸਤ ਸਮੀਦ ਬੋਲ ਪਿਐ।
‘ਥੈਂਕਸ ਸਮੀਦ! ਹਮੇਸ਼ਾ ਬੱਬੂ ਦੀ ਮਦਦ ਕਰਨ ਲਈ।’
‘ਨੲ੍ਹੀਂ ਆਂਟੀ! ਧੰਨਵਾਦ ਕਿਹੜੀ ਗੱਲ ਦਾ? ਇਹ ਤਾਂ ਆਪਣੇ ਘਰ ਦਾ ਈ ਕੰਮ ਆਂ। ਮੇਰੇ ਮੰਮੀ-ਡੈਡੀ ਵੀ ਬੱਬੂ ਨੂੰ ਆਪਣਾ ਬੇਟਾ ਮੰਨਦੇ ਆ।’
‘ਹਾਂ! ਸਮੀਦ ਤੂੰ ਵੀ ਹੁਣ ਸਾਡੇ ਪਰਿਵਾਰ ਦਾ ਹਿੱਸਾਂ। ਤੁਸੀਂ ਬਚਪਨ ਦੇ ਦੋਸਤ ਓ। ਇਕ ਵਾਰੀ ਤੁਸੀਂ ਸਟੋਰ ਜਾ ਰਹੇ ਸੀ। ਤੇਰੀ ਮੰਮੀ ਨੇ ਮੈਨੂੰ ਫੋਨ ਕੀਤਾ ਤੇ ਬੱਬੂ ਨੂੰ ਆਪਣੇ ਨਾਲ ਸਟੋਰ ਲੈ ਕੇ ਜਾਣ ਲਈ ਪੁੱਛਿਆ ਤੇ ਮੈਂ ਉਸ ਵਕਤ ਸਾਫ ਨਾਂਹ ਕਰ ’ਤੀ।’
‘ਮੈਨੂੰ ਯਾਦ ਆ ਪਰ ਕਿਉਂ ਆਂਟੀ?’
‘ਦਰਅਸਲ ਮੈਂ ਕਿਸੇ ਅਫ਼ਗਾਨੀ ਨਾਲ ਆਪਣੇ ਬੱਚੇ ਨੂੰ ਭੇਜਣ ਤੋਂ ਡਰ ਗਈ ਸੀ। ਹੁਣ ਤਾਂ ਪਤਾ ਈ ਨ੍ਹੀਂ ਲੱਗਦਾ। ਕੌਣ ਕਿਹਦੇ ਘਰ ਬੈਠਾ? ਦਿਨ-ਤਿਓਹਾਰ ਵੀ ‘ਕੱਠਿਆਂ ਮਨਾਈਦੇ। ਸਾਨੂੰ ਤੁਹਾਡੀ ਈਦ ਦਾ ਚਾਅ ਰਹਿੰਦਾ ਤੇ ਤੁਹਾਨੂੰ ਸਾਡੀ ਦੀਵਾਲੀ ਦੀ ਉਡੀਕ। ਅਸੀਂ ਕਦੋਂ ਘਿਓ-ਖਿਚੜੀ ਹੋ ਗਏ ਪਤਾ ਈ ਨ੍ਹੀਂ ਲੱਗਾ?’
ਸਮੀਦ ਤੋਂ ਪਹਿਲਾਂ ਈ ਬੱਬੂ ਬੋਲ ਪਿਐ, ‘ਮਾਂ, ਸੱਚ ਕਹਿੰਨੀ ਆਂ! ਹੁਣ ਤਾਂ ਕਦੋਂ ਦੇ ਡੈਡ ਤੇ ਤੂੰ ਵੀ ਸਮੀਦ ਨੂੰ ਆਪਣਾ ਬੇਟਾ ਸਮਝਣ ਲੱਗ ਪਏ ਸੀ। ਅਫਗਾਨੀ-ਪੰਜਾਬੀ, ਭਾਈ-ਭਾਈ! ਚਲੋ ਹੁਣ ਸਾਰੇ ਖ਼ੁਸ਼ ਹੋ ਜਾਓ। ਹਾਂ! ਸੱਚ! ਮੈਂ ਸਟੋਰ ਤੋਂ ਕੁਝ ਲੈਣ ਜਾਣਾ। ਬਾਈਕ ਲਈ ਲੌਕ ਚਾੲ੍ਹੀਦਾ। ਚੱਲੋ ਮੰਮੀ ਜੀ! ਤੁਅ੍ਹਾਨੂੰ ਸਟੋਰ ਤੱਕ ਲੈ ਕੇ ਚੱਲਦਾਂ ਨਾਲ!’
‘ਚੰਗਾ, ਮੈਂ ਵੀ ਓਨੀ ਦੇਰ ਘਰ ਜਾ ਆਉਨਾਂ।’ ਆਖਦੇ ਈ ਸਮੀਦ ਚਲਾ ਗਿਆ। ਉਸਦਾ ਘਰ ਨਾਲ ਦੇ ਬਲਾਕ ’ਤੇ ਹੀ ਏ।
ਬੱਬੂ ਨੇ ਕਾਰ ਸਟਾਰਟ ਕਰ ਲਈ। ਅਸੀਂ ਦੋਵੇਂ ‘ਮਾਲ’ ਵੱਲ ਜਾ ਰਹੇ ਹਾਂ।
‘ਬੱਬੂ! ਬੇਟੇ ਸਮੇਂ ਸਿਰ ਖਾਣਾ ਖਾਣਾ, ਆਪਣਾ ਸਮਾਨ ਧਿਆਨ ਨਾਲ ਰੱਖਣਾ।’
‘ਹਾਂ ਮਾਂ ਮੈਂ ਕਰ ਲਊਂਗਾ, ਚਿੰਤਾ ਨਾ ਕਰ।’
‘ਬੇਟਾ। ਤੂੰ ਪਹਿਲੀ ਵਾਰੀ ਇਸ ਤਰ੍ਹਾਂ ਜਾ ਰਿਅ੍ਹਾਂ। ਮਾਂ ਹਾਂ ਚਿੰਤਾ ਤਾਂ ਆਪੇ ਹੋਣੀ।’
‘ਹਾਂ ਮਾਂ ਪਤਾ ਮੈਨੂੰ। ਤੂੰ ਕਾਰ ’ਚ ਈ ਬੈਠ, ਮੈਂ ਬੱਸ ਆਹ ਦੋ ਕੁ ਚੀਜ਼ਾਂ ਈ ਲੈਣੀਆਂ ਨੇ। ਹੁਣੇ ਆਇਆ।’
ਬੱਬੂ ਸਟੋਰ ਵੱਲ ਚਲਾ ਗਿਐ। ਬਿਰਹਾ ਦੀ ਕੜਕਦੀ ਧੁੱਪ ਤੋਂ ਬਚਣ ਲਈ ਮਨਰਾਜ ਦੀਆਂ ਯਾਦਾਂ ਦੀ ਸਤਰੰਗੀ ਛਤਰੀ ਤਾਣੀਂ, ਮੈਂ ਫਿਰ ਅਤੀਤ ਦੀ ਪੈੜ ਨੱਪ ਲਈ ਹੈ। ਮਨਰਾਜ ਕਾਰ ਚਲਾਉਂਦੇ-ਚਲਾਉਂਦੇ ਮੇਰਾ ਹੱਥ ਫੜ ਕੇ ਅਕਸਰ ਕਿਹਾ ਕਰਦੇ ਸੀ, ‘ਰੂਬੀ ਆਪਣਾ ਘਰ ਟਿਕਾਣੇ ’ਤੇ ਆ। ਫਰੀ ਵੇਅ, ਹਸਪਤਾਲ ਤੇ ਸਾਰੇ ਸਟੋਰ ਨੇੜੇ-ਨੇੜੇ। ਨੲ੍ਹੀਂ ਤਾਂ ਲੋਕਾਂ ਨੂੰ ਤਾਂ ਕੰਮ ‘ਤੇ ਜਾਣ ਲੱਗਿਆਂ ਪੰਦਰਾਂ ਮਿੰਟ ਫਰੀ ਵੇਅ ਤੱਕ ਪੌਂਚਦਿਆਂ ਈ ਲੱਗ ਜਾਂਦੇ।’
‘ਮਨਰਾਜ ਕਿਹੜਾ ਪਲ ਹੈ ਜਦ ਤੁਹਾਡੀਆਂ ਨਿੱਘੀਆਂ ਯਾਦਾਂ ਦਾ ਦੀਵਾ ਮੇਰੇ ਮਨ ਮੰਦਰ ਵਿਚ ਨਹੀਂ ਬਲ਼ਦਾ?’ ਮੇਰੀਆਂ ਅੱਖਾਂ ਨਮ ਹੋ ਰਹੀਆਂ ਨੇ। ਬੱਬੂ ਨੂੰ ਆਉਂਦਾ ਤੱਕ ਮੈਂ ਸੰਭਲ ਕੇ ਚੁਸਤੀ ਨਾਲ ਬੈਠ ਗਈ ਹਾਂ।
‘ਹਾਂ, ਬੇਟਾ ਲੈ ਲਿਆ ਸਮਾਨ?’
‘ਹਾਂ! ਮਾਂ ਆਈ ਗੌਟ ਇਟ। ਮੈਂ ਫੇਸ ਟਾਈਮ ਫੋਨ ਕਰੂੰਗਾ। ਆਪਣਾ ਪੂਰਾ ਧਿਆਨ ਰੱਖੂੰਗਾ। ਤੂੰ ਮਾਮੂ ਤੇ ਤਾਊ ਨੂੰ ਫੋਨ ਕਰਨਾ ਰੋਜ਼। ਮੈਨੂੰ ਬਹੁਤ ਚਿੰਤਾ ਤਾਊ ਜੀ ਦੀ। ਡੈਡ ਮੇਰੀ ਪੜ੍ਹਾਈ ਕਾਰਨ ਦਸ ਸਾਲ ਆਪਣੀ ਫੈਮਿਲੀ ਨੂੰ ਨ੍ਹੀਂ ਮਿਲੇ। ਮੈਨੂੰ ਯਾਦ ਆਉਂਦਾ ਮੇਰਾ ਤਾਇਆ ਡੈਡ ਦਾ ਅਸਥੀਆਂ ਵਾਲ਼ਾ ਬਾਕਸ ਗਲ ਲਾ ਕੇ ਰੋਂਦਾ। ਮੈਂ ਹਰ ਸਾਲ ਤਾਊ ਜੀ ਕੋਲ ਜਾਇਆ ਕਰਨਾ। ਤੂੰ ਬਹੁਤ ਚੰਗਾ ਕੀਤਾ ਜੋ ਮੈਨੂੰ ਓਥੇ ਲੈ ਕੇ ਗਈ। ਮੈਨੂੰ ਮੇਰੀਆਂ ਜੜ੍ਹਾਂ ਤੋਂ ਜਾਣੂੰ ਕਰਵਾਇਆ। ਮੇਰੀ ਮਾਂ ਬੋਲੀ, ਮੇਰਾ ਵਿਰਸਾ ਤੇ ਹੋਰ ਬਹੁਤ ਕੁਝ…। ਜੋ ਗ਼ਲਤੀ ਡੈਡ ਨੇ ਕੀਤੀ ਉਹ ਮੈਂ ਨ੍ਹੀਂ ਦੁਹਰਾਉਣੀ।’
‘ਹਾਂ ਬੇਟੇ! ਜ਼ਰੂਰ ਜਾਇਆ ਕਰੀਂ ਪਰ ਹੁਣ ਤੂੰ ਉਦਾਸ ਨਾ ਹੋ।’
‘ਨਈਂ ਹੁੰਦਾ ਮਾਂ! ਤੂੰ ਵੀ ਨ੍ਹੀਂ ਰੋਣਾ!’
ਮੈਂ ਗੱਲ-ਬਾਤ ਦਾ ਵਿਸ਼ਾ ਬਦਲਣ ਦੇ ਇਰਾਦੇ ਨਾਲ ਕਹਿੰਦੀ ਹਾਂ, ‘ਬੱਬੂ! ਬੇਟਾ ਹੁਣ ਤਾਂ ਮੈਂ ਉਠਦੇ-ਬਹਿੰਦੇ ਮਨ ਈ ਮਨ ਤੇਰੇ ਵਿਆਹ ਦੀਆਂ ਘੋੜੀਆਂ ਗਾਉਂਦੀ ਰਹਿੰਨੀ ਆਂ।’
‘ਮਾਂ! ਤੈਨੂੰ ਕਿੰਨੀ ਵਾਰੀ ਕਿਹਾ ਕਿ ਅਜੇ ਸਿਰਫ ਪੜ੍ਹਾਈ ਦੀ ਗੱਲ ਈ ਕਰਨੀ। ਵਿਆਹ ਤੇ ਘੋੜੀਆਂ ਦੀ ਨ੍ਹੀਂ! ਮੇਰੇ ਕੈਰੀਅਰ ਦੀ।’
‘ਲੈ ਮੈਂ ਤਾਂ ਗੱਲ ਈ ਕੀਤੀ ਆ। ਤੇਰੇ ਸਿਹਰਿਆਂ ਦੀ ਤਿਆਰੀ ਤਾਂ ਨ੍ਹੀਂ ਕਰ ਲਈ ਕਿਤੇ?’
‘ਮੈਨੂੰ ਪਤਾ ਹੁਣ ਤੂੰ ਕਹਿਣਾ ਬਈ ਬੱਬੂ ਸਾਡੇ ਕਲਚਰ ’ਚ ਵਿਆਹ ਦੋ ਪਰਿਵਾਰਾਂ ਦਾ ਹੁੰਦਾ। ਮੇਰਾ ਵਿਆਹ ਵੀ ਤੇਰੀ ਮਰਜ਼ੀ ਨਾਲ ਈ ਹੋਊਗਾ। ਖੁਸ਼ ਹੋ ਜਾਅ! ਤੁਅ੍ਹਾਡੇ ਸਫ਼ਲ ਵਿਆਹ ਨੂੰ ਦੇਖ ਕੇ ਮੈਂ ਇਹ ਫ਼ੈਸਲਾ ਕੀਤਾ ਹੋਇਆ। ਨਾਲੇ ਰਿਸਰਚ ਵੀ ਇਹੋ ਕਹਿੰਦੀ ਆ ਕਿ ਪਿਆਰ ਵਿਆਹ ਬਹੁਤੀ ਦੇਰ ਨ੍ਹੀਂ ਨਿਭਦੇ।’
ਮੈਂ ਕਲੀ ਵਾਂਗ ਖਿੜ ਗਈ ਹਾਂ, ‘ਅੱਛਾ! ਇਕ ਹੋਰ ਗੱਲ ਸੁਣ। ਜਦੋਂ ਅਸੀਂ ਪਿਛਲੀ ਵਾਰੀ ਇੰਡੀਆ ਗਏ ਸੀ ਨਾ, ਡਾ. ਪ੍ਰਭਜੋਤ ਕੌਰ ਨੇ ਮੇਰੇ ਜੀਵਨ ਅਤੇ ਸਾਹਿਤਕ ਸਫ਼ਰ ਬਾਰੇ ਇੰਟਰਵਿਊ ਲੈਂਦੇ ਸਵਾਲ ਕੀਤਾ ਕਿ ਰੂਬੀ ਓਧਰ ਹੁਣ ਬੱਚੇ ਅੰਤਰ-ਜਾਤੀ ਅਤੇ ਅੰਤਰ ਸਭਿਆਚਾਰਕ ਵਿਆਹ ਕਰਵਾ ਰਹੇ ਨੇ। ਪੰਜਾਬੀ ਮਾਪੇ ਕੀ ਮਹਿਸੂਸ ਕਰਦੇ ਨੇ? ਮੈਨੂੰ ਪਤਾ ਤੁਹਾਡਾ ਬੇਟਾ ਅਜਿਹਾ ਕਰੇਗਾ ਤਾਂ ਤੁਹਾਨੂੰ ਕੋਈ ਫਰਕ ਨਹੀਂ ਪੈਣਾ। ਤੁਸੀਂ ਪੜ੍ਹੇ-ਲਿਖੇ ਹੋ? ਉਨ੍ਹਾਂ ਮੈਨੂੰ ਅੱਗੇ ਕੁਝ ਬੋਲਣ ਦਾ ਮੌਕਾ ਈ ਨ੍ਹੀਂ ਦਿੱਤਾ। ਮੇਰਾ ਜਵਾਬ ਤਾਂ ਇਹ ਸੀ ਕਿ ਅੰਤਰ-ਜਾਤੀ ਨਾਲ ਫਰਕ ਨਹੀਂ ਪਵੇਗਾ ਬੱਸ ਇਕ ਮੇਰੀ ਨੂੰਹ ਗਿੱਧੇ ਦੀ ਰਾਣੀ ਹੋਵੇ ਤੇ ਦੂਜਾ ਕੁੜਮ ਸਾਹਿਤਕਾਰ।’
‘ਹਾ-ਹਾ-ਹਾ…! ਮਾਂ! ਹੁਣ ਤੇਰੀ ਮੰਗ ਕੁਝ ਜ਼ਿਆਦਾ ਈ ਨ੍ਹੀਂ ਵਧ ਗਈ?’
‘ਬੱਬੂ ਜ਼ਰੂਰ ਮਿਲੇਗਾ, ਅਸੀਂ ਕਿਹੜਾ ਰੱਬ ਦੇ ਮਾਂਹ ਪੁੱਟੇ ਆ ਪਰ ਤੇਰਾ ਵਿਆਹ ਤੇਰੀ ਪਸੰਦ ਹੋਊਗੀ। ਮੈਂ ਤਾਂ ਐਵੇਂ ਕਮਲ ਕੁੱਟਣ ਬਹਿ ਜਾਨੀ ਆਂ…।’
ਅਸੀਂ ਘਰ ਪਹੁੰਚ ਗਏ ਹਾਂ। ਬੱਬੂ ਦੇ ਜਾਣ ਦੇ ਖਿਆਲ ਨਾਲ ਮੇਰਾ ਚਿਹਰਾ ਮੁਰਝਾ ਰਿਹੈ। ਮੈਂ ਆਪਣੀਆਂ ਭਾਵਨਾਵਾਂ ਨੂੰ ਕਾਬੂ ਕਰ ਰਹੀ ਹਾਂ।
ਬੱਬੂ ਦਾ ਸਮਾਨ ਪੈਕ ਹੋ ਗਿਆ। ਸਮੀਦ ਵੀ ਆ ਗਿਐ। ਬੱਬੂ ਦੇ ਸਰਦਲ ਟੱਪਣ ਤੋਂ ਪਹਿਲਾਂ ਮੈਂ ਤੇਲ ਚੋਂਦੀ ਹਾਂ। ਬੱਬੂ ਨੂੰ ਗਲੇ ਨਾਲ ਲਾਉਂਦੇ ਹੋਏ, ਇਕ ਸੌ ਇਕ ਡਾਲਰ ਉਸ ਵੱਲ ਵਧਾਇਆ ਹੈ।
‘ਮਾਂ ਹੁਣ ਆਹ ਕੀ?’
‘ਬੇਟਾ! ਮੇਰੇ ਵਲੋਂ ਪਿਆਰ!’
‘ਸੱਚੀਂ! ਆਹ ਤੂੰ ਮੇਰੀ ਮਾਂ ਆਂ। ਰਿਸ਼ਤੇਦਾਰਾਂ ਆਂਗ ਕਿਉਂ ਕਰਨ ਲੱਗ ਪਈ? ਇੰਡੀਆ ਵਿਚ ਸਾਰੇ ਰਿਸ਼ਤੇਦਾਰ ਏਦਾਂ ਈ ਕਹਿੰਦੇ ਆ, ਬੱਬੂ ਪਿਆਰ ਫੜ ਲਾ! ਮੇਰਾ ਮਤਲਬ ਪੈਸਾ ਕਿੱਦਾਂ ਪਿਆਰ ਹੋਇਆ? ਹੁਣ ਜਦ ਵੀ ਇੰਡੀਆ ਗਿਆ ਨਾ ਸਭ ਨੂੰ ਬੰਦ ਕਰ ਦੇਣਾ। ਕਿਸੇ ਤੋਂ ਨ੍ਹੀਂ ਫੜਨਾ ਪੈਸੇ ਵਾਲਾ ਪਿਆਰ।’
‘ਅੱਛਾ ਬੇਟੇ! ਚੱਲ ਮੈਂ ਰਿਸ਼ਤੇਦਾਰਾਂ ਵਾਂਗ ਨ੍ਹੀਂ ਕਰਦੀ। ਮੈਨੂੰ ਪਤਾ ਬਈ ਤੇਰੇ ਕੋਲ ਕਰੈਡਿਟ ਕਾਰਡ ਹੈਗਾ ਪਰ ਕਈ ਵਾਰੀ ਕਿਤੇ ਕੈਸ਼ ਦੀ ਲੋੜ ਪੈ ਸਕਦੀ। ਸੋ ਰੱਖ ਲੈ।’
‘ਚੰਗਾ ਲਿਆ। ਮੈਂ ਹੁਣ ਚੱਲਦਾਂ ਪਰ ਪਰਾਮਿਸ ਕਰ ਤੂੰ ਰੋਣਾ ਨ੍ਹੀਂ।’
‘ਨੲ੍ਹੀਂ ਰੋਂਦੀ। ਤੂੰ ਪਹੁੰਚਦੇ ਈ ਫੋਨ ਕਰ ਦੇਈਂ।’
ਬੱਬੂ ਨੂੰ ਜਾਂਦੇ ਨੂੰ ਤੱਕ ਰਹੀ ਹਾਂ। ਸਮੀਦ ਨੇ ਪਿੱਕ-ਅੱਪ (ਟਰੱਕ) ਮੋੜ ਲਿਆ ਹੈ…।
ਮੈਂ ਆਪਣੇ ਬੈੱਡ ਰੂਮ ਵਿਚ ਆ ਗਈ ਹਾਂ। ਸਾਰਾ ਘਰ ਚੁੱਪ ਹੈ। ਸਭ ਕੁਝ ਸ਼ਾਂਤ ਹੈ। ਮੇਰੇ ਦਿਲ ਦੇ ਸਮੁੰਦਰ ਵਿਚ ਇਕ ਜਵਾਰਭਾਟਾ ਉਠਿਆ। ਮੈਂ ਮਨਰਾਜ ਦੀ ਫੋਟੋ ਹੱਥ ਵਿਚ ਫੜ ਕੇ ਦੌੜ ਕੇ ਬੱਬੂ ਦੇ ਕਮਰੇ ਵਿਚ ਜਾ ਉਸਦੇ ਬੈੱਡ ’ਤੇ ਡਿਗ ਪਈ ਹਾਂ। ਮੇਰੀਆਂ ਅੱਖਾਂ ਵਿਚ ਹੰਝੂਆਂ ਦੀ ਝੀਲ ਬਣ ਗਈ ਹੈ। ਸਾਹਾਂ ਵਿਚੋਂ ਅੱਗ ਵਰ੍ਹ ਰਹੀ ਆ ਪਰ ਸਰੀਰ ਬਰਫ ਵਾਂਗ ਠੰਢਾ ਹੋ ਰਿਹਾ। ਅੱਖਾਂ ਬੰਦ ਹੋ ਰਹੀਆਂ ਨੇ। ਅਰਧ-ਸੁੱਤੀ ਅਵਸਥਾ ਵਿਚ ਇਕ ਸੁਪਨੇ ਰਾਹੀਂ ਮਨਰਾਜ ਦੇ ਬੋਲ ਮੇਰੀ ਰੂਹ ਵਿਚ ਮਘ ਉਠਦੇ ਹਨ, ‘ਰੂਬੀ ਤੂੰ ਮੇਰੇ ਅੰਤਿਮ ਸਮੇਂ ਮੇਰੇ ਨਾਲ ਵਾਅਦਾ ਕੀਤਾ ਸੀ ਕਿ ਤੂੰ ਆਪਣਾ ਤੇ ਬੱਬੂ ਦਾ ਖਿਆਲ ਰੱਖੇਂਗੀ! ਤੂੰ ਤਾਂ ਖੁਦ ਸ਼ਕਤੀ ਐਂ। ਚੱਲ ਉਠ ਆਪਣੀ ਸਾਹਿਤਕ ਮੀਟਿੰਗ ਦੀ ਤਿਆਰੀ ਕਰ। ਚੁੱਕ ਆਪਣੀ ਡਾਇਰੀ ਤੇ ਘੁੰਗਰੂਆਂ ਵਾਲੀ ਕਾਨੀ।’ ਮੈਨੂੰ ਆਪਣੇ ਮਨ ਵਿਚ ਸ਼ਕਤੀ ਦਾ ਸੰਚਾਰ ਮਹਿਸੂਸ ਹੁੰਦਾ ਏ। ਮੈਂ ਉਠ ਕੇ ਪ੍ਰੋ. ਹਰਵਿੰਦਰ ਸਿੰਘ ਨੂੰ ਫੋਨ ਕਰ ਰਹੀ ਹਾਂ, ‘ਭਾਅ ਜੀ! ਸਤਿ ਸ੍ਰੀ ਅਕਾਲ!’
‘ਸਤਿ ਸ੍ਰੀ ਅਕਾਲ! ਰੂਬੀ ਕੀ ਹਾਲ ਆ?’
‘ਮਨ ਬਹੁਤ ਉਦਾਸ ਆ, ਬੱਬੂ ਯੂਨੀਵਰਸਿਟੀ ਚਲਾ ਗਿਆ।’
‘ਇਹ ਤਾਂ ਬਹੁਤ ਖ਼ੁਸ਼ੀ ਵਾਲੀ ਗੱਲ ਆ। ਤੂੰ ਹੁਣ ਆਪਣੇ ਸ਼ਬਦਾਂ ’ਤੇ ਹੋਰ ਗੂੜ੍ਹਾ ਰੰਗ ਚੜ੍ਹਾਉਣਾ। ਭੈਣੇ ਮੇਰੀਏ! ਯਾਦ ਰੱਖੀਂ, ਉਦਾਸ ਨ੍ਹੀਂ ਹੋਣਾ। ਅਮਰੀਕਾ ’ਚ ਕਾਹਦਾ ਡਰ? ਘਰੇ ਕੈਮਰਾ ਲੱਗਾ ਕਿ ਨ੍ਹੀਂ? ਅਸੀਂ ਸਭ ਤੇਰੇ ਨਾਲ ਆਂ। ਰੂਬੀ! ਤੂੰ ਡਰਨਾ ਨ੍ਹੀਂ ਬਿਲਕੁਲ ਵੀ।’
‘ਭਾਅ ਜੀ ਮੇਰੇ ਗੁਆਂਢੀ ਸਭ ਬਹੁਤ ਚੰਗੇ ਨੇ। ਅਲਾਰਮ ਲੱਗਾ ਹੋਇਆ। ਮੈਂ ਹਰ ਤਰ੍ਹਾਂ ਨਾਲ ਸੇਫ ਆਂ ਪਰ ਅੱਜ ਇਹ ਅਹਿਸਾਸ ਸਤਾ ਰਿਹਾ ਕਿ ਮੈਂ ਹੁਣ ’ਕੱਲੀ ਆਂ। ਉਂਝ ਤੁਹਾਨੂੰ ਪਤਾ ਈ ਆ ਕਿ ਡਰਦੀ ਤਾਂ ਮੈਂ ਕਿਸੇ ਤੋਂ ਵੀ ਨ੍ਹੀਂ।’
‘ਹਾਂ! ਰੂਬੀ! ਅਹਿਸਾਸ ਵਾਲੀ ਗੱਲ ਮੈਂ ਸਮਝਦਾਂ ਪਰ ਤੂੰ ਤਾਂ ਬਹੁਤ ਸਿਆਣੀ ਏਂ, ਦਿਲ ਤਕੜਾ ਰੱਖਣਾ।’
ਪ੍ਰੋ. ਹਰਵਿੰਦਰ ਸਿੰਘ ਨਾਲ ਗੱਲ ਕਰਨ ਤੋਂ ਬਾਅਦ ਮੈਂ ਐਲਬਮ ਖੋਲ੍ਹ ਕੇ ਬੈਠ ਗਈ ਹਾਂ। ਬੱਬੂ ਦਾ ਬਚਪਨ ਦੇਖ-ਦੇਖ ਖੁਸ਼ ਹੋਣ ਦੀ ਕੋਸ਼ਿਸ਼ ਕਰ ਰਹੀ ਆਂ…।
ਫੋਨ ਦੀ ਘੰਟੀ ਵੱਜਦੀ ਏ।
‘ਮਾਂ! ਅਸੀਂ ਯੂਨੀਵਰਸਿਟੀ ਪਹੁੰਚ ਗਏ। ਮੈਂ ਸਮਾਨ ਟਿਕਾਉਣ ਲੱਗਾਂ। ਸਮੀਦ ਤੈਨੂੰ ਹਰ ਰੋਜ਼ ਮਿਲ ਕੇ ਜਾਇਆ ਕਰੂਗਾ। ਚੰਗਾ ਫਿਰ! ਮੈਂ ਸਮਾਨ ਰੱਖ ’ਲਾਂ।’
‘ਚੰਗਾ ਬੇਟੇ! ਲੋਕਗੀਤਾਂ ਜਿੰਨੀ ਲੰਮੀ ਤੇ ਖ਼ੂਬਸੂਰਤ ਉਮਰ ਹੋਵੇ!’
ਮੈਂ ਆਪਣਾ ਧਿਆਨ ਦੂਜੇ ਪਾਸੇ ਲਾਉਣ ਲਈ ਹਰਿਆਣੇ ਦੇ ਪੰਜਾਬੀ ਲੋਕਗੀਤ ਪੜ੍ਹਨੇ ਸ਼ੁਰੂ ਕੀਤੇ ਨੇ। ਪੜ੍ਹਦੇ-ਪੜ੍ਹਦੇ ਮੈਂ ਬਿਨਾਂ ਕੁਝ ਖਾਧੇ-ਪੀਤੇ ਨੀਂਦ ਦੇ ਆਗੋਸ਼ ਵਿਚ ਪੁੱਜ ਗਈ ਹਾਂ…।
ਅਗਲਾ ਦਿਨ ਚੜ੍ਹ ਗਿਆ ਹੈ। ਮੈਂ ਸਕੂਲ ਆ ਗਈ ਹਾਂ…।
ਹਰ ਰੋਜ਼ ਆਪਣੇ ਆਪ ਨੂੰ ਕੰਮ ਵਿਚ ਲਾਈ ਰੱਖਦੀ ਹਾਂ। ਸਮੀਦ ਹਰ ਸ਼ਾਮ ਮੈਨੂੰ ਮਿਲਣ ਆਉਂਦੈ। ਸਵੇਰੇ ਸ਼ਾਮ ਬੱਬੂ ਦੇ ਫੋਨ ਦੀ ਉਡੀਕ ਹੀ ਮੇਰੀ ਜ਼ਿੰਦਗੀ ਨੂੰ ਅੱਗੇ ਤੋਰ ਰਹੀ ਏ…।
ਅੱਜ ਵੀਰਵਾਰ ਹੈ। ਇਕ ਬੱਚੇ ਦੀ ਆਈ ਈ ਪੀ (ਇੰਡੀਵਿਜੂਅਲ ਐਜੂਕੇਸ਼ਨ ਪਲੈਨ) ਮੀਟਿੰਗ ਹੈ। ਮੇਰੀ ਸਹਿ-ਕਰਮੀ ‘ਡਿਵੈਲਪਮੈਂਟ ਸਪੈਸ਼ਲਿਸਟ’ ਮੈਰੀ ਪਹੁੰਚ ਗਈ ਹੈ। ਅਸੀਂ ਬੱਚੇ ਦੇ ਮਾਪਿਆਂ ਦੀ ਉਡੀਕ ਕਰ ਰਹੀਆਂ ਹਾਂ।
ਉਹਨੇ ਬੱਬੂ ਬਾਰੇ ਪੁੱਛਿਐ ਤਾਂ ਮੈਂ ਖੁਸ਼ ਹੋ ਕੇ ਕਿਹਾ, ‘ਉਹ ਯੂਨੀਵਰਸਿਟੀ ਪੜ੍ਹਦੈ ਹੁਣ।’
‘ਵਾਹ! ਬਹੁਤ ਵਧੀਆ। ਰੂਬੀ ਮੈਂ ਤੈਨੂੰ ਡਰਾਉਣਾ ਨ੍ਹੀਂ ਚਾਹੁੰਦੀ ਪਰ ਧਿਆਨ ਰੱਖੀਂ ਕਿਤੇ ਉਹ ‘ਹੇਜ਼ਿੰਗ’ ਜਾਂ ‘ਡਰੱਗਜ਼’ ਵਰਗੇ ਕੰਮਾਂ ’ਚ ਨਾ ਪੈ ਜਾਏ। ਮੈਂ ਤੈਨੂੰ ਇਸ ਲਈ ਦੱਸ ਰਹੀ ਆਂ ਕਿਉਂਕਿ ਮੇਰੇ ਬੇਟੇ ਨੇ ਇਨ੍ਹਾਂ ਚੱਕਰਾਂ ’ਚ ਫਸ ਕੇ ਆਪਣੀ ਜ਼ਿੰਦਗੀ ਖਰਾਬ ਕਰ ਲਈ। ਉਹ ਜੇਲ੍ਹ ’ਚ ਹੈ।’
‘ਮੈਨੂੰ ਇਹ ਸੁਣ ਕੇ ਬਹੁਤ ਦੁੱਖ ਹੋਇਆ। ਭਲਾ ਹੇਜ਼ਿੰਗ ਕੀ ਹੁੰਦੀ ਆ?’
‘ਬੌ੍ਹਤ ਘਟੀਆ ਤੇ ਪੁੱਠਾ ਕੰਮ…।’
‘ਮੁਆਫ਼ ਕਰਨਾ! ਮੈਂ ਲੇਟ ਹੋ ਗਈ।’ ਅਚਾਨਕ ਸਹਾਇਕ ਟੀਚਰ ਜੂਲੀਆਨਾ ਨੇ ਸਾਡਾ ਧਿਆਨ ਖਿੱਚ ਲਿਐ।
ਬੱਚੇ ਦੇ ਮਾਪੇ ਵੀ ਆ ਗਏ ਨੇ। ਆਈ ਈ ਪੀ ਮੀਟਿੰਗ ਸ਼ੁਰੂ ਹੋ ਗਈ ਹੈ ਪਰ ਮੈਂ ਤਾਂ ਕਿਤੇ ਗੁਆਚ ਜਾਂਦੀ ਹਾਂ। ਮੇਰੇ ਸਿਰ ’ਚ ਡਰੱਗਜ਼ ਤੇ ਹੇਜ਼ਿੰਗ ਸ਼ਬਦਾਂ ਦੇ ਹਥੌੜੇ ਵਾਰ-ਵਾਰ ਵੱਜ ਰਹੇ ਨੇ। ਮੀਟਿੰਗ ਦੌਰਾਨ ਧਿਆਨ ਕੇਂਦ੍ਰਿਤ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੀ ਆਂ ਪਰ ਮੇਰਾ ਮਨ ਉਛਲ ਕੇ ਬਾਹਰ ਆਉਣ ਨੂੰ ਕਰ ਰਿਹਾ।
ਇਸੇ ਟੁੱਟ-ਭੱਜ ਵਿਚ ਮੀਟਿੰਗ ਮਸਾਂ ਈ ਪੂਰੀ ਕੀਤੀ ਹੈ। ਮੇਰਾ ਜਿਸਮ ਭੱਠੀ ਵਾਂਗ ਤਪ ਰਿਹੈ। ਆਪਣੀ ਸੁਪਰਵਾਈਜ਼ਰ ਨੂੰ ਫੋਨ ਕਰ ਕੇ ਘਰ ਵੱਲ ਤੁਰ ਪਈ ਹਾਂ। ਪੈਰ ਲੜਖੜਾ ਰਹੇ ਨੇ। ਮੈਂ ਕਾਰ ਸਟਾਰਟ ਕਰਕੇ ਗੱਡੀ ਰਿਵਰਸ ਕਰਨ ਦੀ ਬਜਾਏ ਐਕਸੀਲੇਟਰ ’ਤੇ ਪੈਰ ਰੱਖ ਦਿੱਤਾ। ਮੇਰੀ ਕਾਰ ਸਾਹਮਣੇ ਕਰਵ `ਤੇ ਚੜ੍ਹ ਗਈ, ਜ਼ੋਰ ਨਾਲ ਬਰੇਕ ਲਾਉਂਦੀ ਹਾਂ। ਕਾਰ ਵਿਚੋਂ ਬੰਬ ਫਟਣ ਵਰਗੀ ਆਵਾਜ਼ ਆਈ ਏ। ਘਬਰਾਹਟ ਵਿਚ ਪਾਣੀ ਦੀ ਬੋਤਲ ਖੋਲ੍ਹ ਕੇ ਪਾਣੀ ਪੀਂਦੇ ਹੋਏ ਲੰਮਾ ਸਾਹ ਲਿਐ। ਮੁੜ ਹੌਸਲਾ ਇਕੱਤਰ ਕਰ ਕੇ ਕਾਰ ਤੋਰੀ ਹੈ।
ਮੈਂ ਸੋਚਦੀ ਹਾਂ ‘ਬੱਬੂ ਨੇ ਤਾਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕੀਤੀ। ਉਹਨੂੰ ਪੁੱਛਾਂ? ਨਹੀਂ, ਐਵੇਂ ਪਰੇਸ਼ਾਨ ਹੋ ਜਾਵੇਗਾ। ਉਸਦੇ ਆਉਣ ਦਾ ਇੰਤਜ਼ਾਰ ਕਰਦੀ ਹਾਂ।’
ਮੈਂ ਲੈਪਟਾਪ ਚੁੱਕ ਹੇਜ਼ਿੰਗ ਸ਼ਬਦ ਨੂੰ ਗੂਗਲ ਕਰਨ ਲੱਗਦੀ ਹਾਂ। ਮੇਰੇ ਹੱਥ ਕੰਬ ਜਾਂਦੇ ਨੇ। ਹਿੰਮਤ ਸਾਥ ਨਹੀਂ ਦੇ ਰਹੀ। ਮੈਂ ਲੈਪਟਾਪ ਪਰ੍ਹਾਂ ਰੱਖ ਦਿੱਤਾ। ਮੈਨੂੰ ਸਾਹਮਣੇ ਕੰਧ ’ਤੇ ਟੰਗੇ ਕਲਾਕ ਦੀ ਟਿੱਕ-ਟਿੱਕ ਸੁਣਾਈ ਦਿੱਤੀ ਏ। ਮੈਂ ਕਲਾਕ ਵੱਲ ਗਹੁ ਨਾਲ ਦੇਖਦੀ ਹਾਂ। ਮੇਰੀ ਸੋਚ ਦੀ ਸੂਈ ਪੰਜ ਵਰ੍ਹੇ ਪਿੱਛੇ ਚਲੀ ਗਈ ਹੈ। ਮੈਨੂੰ ਯਾਦ ਆ ਰਿਹਾ ਕਿ ਕਈ ਵਰ੍ਹੇ ਪਹਿਲਾਂ ਮੈਂ ਇਕ ਸ਼ਨਿਚਰਵਾਰ ਪੰਜਾਬੀ ਸਟੋਰ ’ਤੇ ਸਬਜ਼ੀ ਲੈਣ ਗਈ ਨੇ ਇਕ ਬਹੁਤ ਸੋਹਣੇ ਮੁੰਡੇ ‘ਮਨੀ’ ਦੇ ਗੁੰਮ ਜਾਣ ਬਾਰੇ ਪੋਸਟਰ ਲੱਗੇ ਦੇਖੇ ਸਨ। ਘਰ ਆਈ ਤਾਂ ਮਨਰਾਜ ਜੀ ਦਾ ਚਿਹਰਾ ਉਤਰਿਆ ਹੋਇਆ ਸੀ।
‘ਕੀ ਗੱਲ ਉਦਾਸ ਹੋ ਗਏ? ਮੈਂ ਅੱਧੇ ਘੰਟੇ ਲਈ ਤਾਂ ਛੱਡ ਕੇ ਗਈ ਸੀ।’ ਮੈਂ ਬੜੀ ਨਜ਼ਾਕਤ ਨਾਲ ਕਿਹਾ ਸੀ।
ਮਨਰਾਜ ਨੇ ਅੱਗੇ ਵਧ ਕੇ ਬੱਬੂ ਨੂੰ ਆਪਣੀਆਂ ਬਾਹਵਾਂ ’ਚ ਘੁੱਟ ਕੇ ਇੰਝ ਲੁਕੋ ਲਿਆ ਸੀ ਜਿਵੇਂ ਕੋਈ ਉਸ ਤੋਂ ਝਪਟ ਕੇ ਲੈ ਚੱਲਾ ਹੋਵੇ।
‘ਕੀ ਹੋਇਆ ਕੁਛ ਬੋਲੋਗੇ ਵੀ?’
‘ਰੂਬੀ! ਤੁਅ੍ਹਾਡੇ ਜਾਣ ਬਾਅਦ ਬਲਦੀਪ ਦਾ ‘ਟੈਕਸਸ’ ਤੋਂ ਫੋਨ ਆਇਆ। ਯਾਦ ਆ ਉਸਦਾ ਇਕ ਦੋਸਤ ਕਰਮਜੀਤ ਸੈਨ ਹੋਜ਼ੇ ਰਹਿੰਦੈ। ਉਦੇ੍ਹ ਬੇਟੇ ਦੀ ਲਾਸ਼ ਸਮੁੰਦਰ ’ਚੋਂ ਲੱਭੀ।’
‘ਉਹਦਾ ਨਾਂ ਮਨੀ ਤਾਂ ਨ੍ਹੀਂ ਸੀ ਕਿਤੇ? ਸਟੋਰ `ਤੇ ਪੋਸਟਰ ਲੱਗਾ। ਬਹੁਤ ਈ ਸੋਹਣਾ ਤੇ ਭਰ-ਜਵਾਨ ਮੁੰਡਾ!…ਪਰ ਹੋਇਆ ਕੀ?’
‘ਬਲਦੀਪ ਕਹਿੰਦਾ ਯੂਨੀਵਰਸਿਟੀ ਪੜ੍ਹਨ ਗਿਆ, ਬੁਰੀ ਸੰਗਤ ’ਚ ਪੈ ਗਿਆ। ਪੜ੍ਹਾਈ ਤਾਂ ਕੀਤੀ ਨ੍ਹੀਂ। ਹੁਣ ਜਦੋਂ ਚਾਰ ਸਾਲ ਪੂਰੇ ਹੋ ਗਏ ਤਾਂ ਘਰਦਿਆਂ ਨੂੰ ਕਹਿੰਦਾ ਪਈ ਮੇਰੀ ਗਰੈਜੂਏਸ਼ਨ ਪਾਰਟੀ ਰੱਖ ਲਓ ਪਰ ਗਰੈਜੂਏਟ ਤਾਂ ਉਹ ਹੋਇਆ ਈ ਨ੍ਹੀਂ।’
‘ਫੇਰ ਮਾਪਿਆਂ ਕੋਲ ਏਨਾ ਵੱਡਾ ਝੂਠ?’
‘ਹਾਂ! ਇਹੋ ਤਾਂ ਸਮਝ ਨ੍ਹੀਂ ਆਉਂਦੀ ਪਈ ਉਨ੍ਹੇ ਏਦਾਂ ਕਿਉਂ ਕੀਤੀ? ਬਲਦੀਪ ਦੱਸਦਾ ਸੀ ਪਈ ਹੱਦੋਂ ਵੱਧ ਪਿਆਰਾ ਤੇ ਕਹਿਣੇ-ਕਾਰ ਮੁੰਡਾ ਸੀ। ਉਹਦੀ ਕਾਰ ਗੋਲਡਨ ਗੇਟ ਬਰਿੱਜ ਕੋਲ਼ ਖੜ੍ਹੀ ਸੀ। ‘ਵਾਲੈਟ’ ਕਾਰ ਸੀਟ ’ਤੇ ਪਿਆ ਸੀ। ਪੁਲਿਸ ਉਹਦੀ ਆਈ. ਡੀ. ਲੈ ਕੇ ਘਰ ਆਈ।’
‘ਮਨਰਾਜ! ਕਹਿਣ ਨੂੰ ਤਾਂ ਉਹ ਵੀ ਚੰਗੇਰੇ ਭਵਿੱਖ ਲਈ ਅਮਰੀਕਾ ਆਏ ਹੋਣਗੇ। ਮੈਂ ਤਾਂ ਬੌਤ੍ਹ ਡਰ ਗਈ ਆਂ। ਕੀ ਰੱਖਿਆ ਏਥੇ? ਭੂ-ਹੇਰਵੇ ਤੇ ਇਕੱਲਤਾ ਦੀ ਦੋਹਰੀ ਮਾਰ ਖਾਂਦੇ ਮਾਪੇ। ਲੋੜੋਂ ਵੱਧ ਆਜ਼ਾਦੀ ਦਿਨ-ਬ-ਦਿਨ ਬੱਚਿਆਂ ਦੀ ਜਾਨ ਦਾ ਖੌਅ ਬਣ ਰੲ੍ਹੀ। ਸੱਚੀਂ ਮੈਨੂੰ ਤਾਂ ਬਹੁਤ ਡਰ ਲੱਗਦਾ ਏਥੋਂ ਦੇ ਇਸ ਪੱਖ ਨੂੰ ਲੈ ਕੇ। ਵੈਸੇ ਬਾਕੀ ਸਹੂਲਤਾਂ ਦੀ ਮੈਂ ਹਰ ਤਰ੍ਹਾਂ ਕਦਰ ਕਰਦੀ ਆਂ।’ ਮੈਂ ਮਨ ਦਾ ਗੁਬਾਰ ਕੱਢਿਆ ਸੀ।
ਇਸ ਘਟਨਾ ਨਾਲ ਪੂਰਾ ਭਾਈਚਾਰਾ ਸਹਿਮ ਗਿਆ ਸੀ। ਮੇਰੇ ਦਿਲ ਦਿਮਾਗ ਵਿਚ ਤਾਂ ਇਹ ਘਟਨਾ ਸ਼ਾਇਦ ਕਿੱਲ ਬਣ ਕੇ ਚੁੱਭ ਗਈ। ਮੈਨੂੰ ਲੱਗ ਰਿਹੈ ਜਿਵੇਂ ਮੇਰੇ ਦਿਮਾਗ ਵਿਚ ਚੁੱਭਿਆ ਉਹ ਕਿੱਲ ਹੇਜ਼ਿੰਗ ਦਾ ਪਲਾਸ ਜ਼ੋਰ-ਜ਼ੋਰ ਦੀ ਖਿੱਚ ਰਿਹਾ ਹੋਵੇ। ਮੇਰੇ ਦਿਮਾਗ ਵਿਚ ਕੀੜੀਆਂ ਰੀਂਘ ਰਹੀਆਂ ਨੇ।
‘ਮਨਰਾਜ ਮੇਰਾ ਦਿਲ ਉਛਲਦੈ! ਬੱਬੂ ਠੀਕ ਹੋਵੇ!’ ਮੈਂ ਸਾਹਮਣੇ ਪਈ ਮਨਰਾਜ ਦੀ ਫੋਟੋ ਵੱਲ ਤੱਕ ਕੇ ਕਿਹੈ।
‘ਬੱਬੂ…!’ ਮੇਰੀਆਂ ਅੱਖਾਂ ਦਾ ਬੰਨ੍ਹ ਟੁੱਟ ਗਿਐ।
‘ਰੂਬੀ ਕੁਝ ਹੋਸ਼ ਕਰ! ਤੂੰ ਐਵੇਂ ਕਿਉਂ ਮੈਰੀ ਦੇ ਕਹਿਣੇ ਲੱਗ ਕੇ ਮਰਨ ਵਾਲੀ ਹਾਲਤ ਕਰ ਲਈ। ਬਿਨਾਂ ਪਾਣੀਓਂ ਮੌਜੇ ਲਾਹੀ ਬੈਠੀ ਏਂ। ਬਚਪਨ ਤੋਂ ਲੈ ਕੇ ਅੱਜ ਤੱਕ ਜਦੋਂ ਵੀ ਉਸਨੂੰ ਕਿਸੇ ਗੱਲ ਤੋਂ ਰੋਕਿਆ, ਉਸਨੇ ਇਹੋ ਹੀ ਕਿਹੈ, ‘ਮਾਂ! ਟ੍ਰਸਟ ਮੀ।’
ਬੱਬੂ ਨੂੰ ਕੱਲ੍ਹ ਨੂੰ ਲੈਣ ਤਾਂ ਜਾ ਹੀ ਰਹੀ ਏਂ, ਉਹਦੇ ਨਾਲ ਗੱਲ ਤਾਂ ਕਰ ਕੇ ਦੇਖੀਂ।’ ਮੇਰੇ ਅੰਤਰੀਵ ਨੇ ਮੈਨੂੰ ਝੰਜੋੜਿਐ…।
ਅੱਜ ਸ਼ੁੱਕਰਵਾਰ ਹੈ। ਮੈਂ ਆਪਣੇ ਦਫਤਰ ਵਿਚ ਬੈਠੀ ਹਾਂ। ਕੰਮ ਨੂੰ ਜਲਦੀ ਨਾਲ ਨਿਪਟਾਉਣ ਲਈ ਮੇਰੀਆਂ ਉਂਗਲਾਂ ਤੇਜ਼ੀ ਨਾਲ ‘ਕੀ ਬੋਰਡ’ ’ਤੇ ਨੱਚ ਰਹੀਆਂ ਨੇ। ਪੂਰੇ ਤਿੰਨ ਵਜੇ ਬੱਬੂ ਨੂੰ ਲੈਣ ਜਾਣ ਦੇ ਚਾਅ ਵਿਚ ਘੜੀ-ਮੁੜੀ ਸਾਹਮਣੇ ਕੰਧ ’ਤੇ ਲੱਗੇ ਕਲਾਕ ਵੱਲ ਨਿਗਾਹ ਮਾਰ ਲੈਂਦੀ ਹਾਂ। ਫੋਨ ਦੀ ਘੰਟੀ ਵੱਜੀ ਏ। ਮੇਰੇ ਚਿਹਰੇ ’ਤੇ ਰੌਣਕ ਆ ਗਈ ਆ, ‘ਹੈਲੋ! ਬੇਟਾ! ਮੇਰਾ ਗੁਗਲੂ ਉਠ ਗਿਆ?’
‘ਹੈਲੋ ਮਾਂ! ਮੈਂ ਆ ਵੀ ਗਿਆ।’ ਬੱਬੂ ਦੇ ਬੋਲਾਂ ਵਿਚੋਂ ਖੁਸ਼ੀ ਦੇ ਘੁੰਗਰੂ ਛਣਕੇ ਨੇ।
‘ਕੀ? ਕਿੱਥੇ? ਮਜ਼ਾਕ ਨਾ ਕਰ ਬੇਟਾ। ਕੰਮ ਮੁਕਾ ਲੈਣ ਦੇ ਤਾਂ ਕਿ ਤੈਨੂੰ ਲੈਣ ਆ ਸਕਾਂ। ਸਮੀਦ ਨੂੰ ਇਕ ਵਾਰੀ ਫੋਨ ਕਰਕੇ ਯਾਦ ਕਰਵਾ ਦੇ। ਮੈਂ ਉਦੇ੍ਹ ਨਾਲ ਈ ਆਉਣਾ।’
‘ਮਾਂ! ਸਰਪਰਾਈਜ਼! ਆਹ ਦੇਖ ਮੈਂ ਤੇਰੇ ਕੰਮ ਦੀ ਪਾਰਕਿੰਗ ’ਚ ਖੜ੍ਹਾਂ।’ ਕਹਿੰਦੇ ਈ ਬੱਬੂ ਨੇ ਫੋਨ ਦਾ ਕੈਮਰਾ ਚਲਾ ਲਿਐ।
‘ਕੀ? ਅੰਦਰ ਆ ਜਾ! ਬੱਬੂ ਬਾਹਰ ਕਿਉਂ?’
ਮੈਂ ਸਭ ਕੁਝ ਛੱਡ ਕੇ ਬਾਹਰ ਵੱਲ ਭੱਜੀ ਹਾਂ। ਹਾਲ ਵੇਅ ਵਿਚ ਮਿਲਦੇ ਹੀ ਬੱਬੂ ਨੂੰ ਗਲੇ ਲਾ ਕੇ ਪਾਗਲਾਂ ਦੀ ਤਰ੍ਹਾਂ ਉਸਦਾ ਮੱਥਾ ਚੁੰਮਦੀ ਹਾਂ।
‘ਮੈਂ ਜਲਦੀ ਵਿਹਲਾ ਹੋ ਗਿਆ ਸੀ। ਸੋਚਿਆ ਤੈਨੂੰ ਸਰਪਰਾਈਜ਼ ਦੇਮਾਂ। ਮੈਂ ਸਮੀਦ ਨਾਲ ਘਰ ਨੂੰ ਚੱਲਦਾਂ। ਤੂੰ ਕੰਮ ਮੁਕਾ ਕੇ ਆ ਜਾਈਂ।’
‘ਨੲ੍ਹੀਂ ਬੇਟਾ! ਮੈਂ ਹੁਣੇ ਸੁਪਰਵਾਈਜ਼ਰ ਤੋਂ ਛੁੱਟੀ ਲੈ ਕੇ ਤੇਰੇ ਨਾਲ ਈ ਚੱਲਦੀ ਆਂ। ਤੈਨੂੰ ਭੁੱਖ ਲੱਗੀ ਹੋਊ ਤੇ ਸਮੀਦ ਨੂੰ ਵੀ?’
‘ਨੲ੍ਹੀਂ ਮਾਂ! ਅਸੀਂ ਭੁੱਖੇ ਨ੍ਹੀਂ। ‘ਚਿਪੋਟਲੇ’ ਖਾਧਾ ਰਾਹ ’ਚ। ਮੈਂ ਚੱਲ ਕੇ ਚਾਹ ਬਣਾਉਨਾ। ਤੂੰ ਬਾਅਦ ’ਚ ਆ ਜਾਈਂ।’
ਮੈਂ ਉਸ ਵੱਲ ਗਹੁ ਨਾਲ ਤੱਕਦੀ ਹਾਂ ਮੈਨੂੰ ‘ਇੰਨ-ਬਿੰਨ ਮਨਰਾਜ’ ਦਿਖਾਈ ਦੇ ਰਿਹਾ।
‘ਮਾਂ! ਕੀ ਸੋਚਦੀ ਏਂ? ਰੁੱਸ ਗਈ? ਬੋਲ ਵੀ! ਮੈਂ ਜਾਮਾ ਹੁਣ!’ ਬੱਬੂ ਨੇ ਮੇਰਾ ਹੱਥ ਹਿਲਾਇਐ।
‘ਕੁਛ ਨ੍ਹੀਂ ਬੇਟਾ! ਚੰਗਾ ਤੁਸੀਂ ਚੱਲੋ! ਮੈਂ ਬਾਅਦ ‘ਚ ਆਈ।’
ਮੈਨੂੰ ਸਮਝ ਨਹੀਂ ਆਉਂਦੀ ਇਹ ਸੱਚਮੁਚ ਹਰ ਗੱਲ ਮਨਰਾਜ ਵਾਂਗ ਹੀ ਕਿਉਂ ਕਰਨ ਲੱਗ ਪਿਆ? ਮੈਂ ਆਪਣੀ ਸੋਚ ਨੂੰ ਝਟਕਦੀ ਹਾਂ।
‘ਚੰਗਾ ’ਫੇ ਚੱਲਦੇ ਆਂ…!’
ਮੈਂ ਪੂਰੇ ਚਾਰ ਵਜੇ ਕੰਮ ਤੋਂ ਘਰ ਆ ਗਈ ਹਾਂ।
‘ਮਾਂ ਚਾਹ ਬਣਾ ਲਈ। ਆਹ ਦੇਖ ਡੈਡ ਦੇ ਤੇ ਤੇਰੇ ਫੇਵਰਟ ਕੱਪ ਤੇ ਫੁੱਲਵੜੀਆਂ ਵੀ।’ ਬੱਬੂ ਸੱਚਮੁਚ ਹੀ ਮਨਰਾਜ ਵਾਂਗ ਮੇਰੀ ਉਡੀਕ ਕਰ ਰਿਹਾ…।
ਚਾਹ ਪੀ ਕੇ ਉਪਰ ਆ ਗਏ ਹਾਂ। ਬੱਬੂ ਆਪਣੇ ਬੈੱਡ ’ਤੇ ਸਿਰਾਹਣੇ ਨਾਲ ਢੋਅ ਲਾ ਕੇ ਬੈਠ ਗਿਆ। ਮੈਂ ਵੀ ਉਸਦੇ ਕੋਲ ਹੀ ਬੈਠ ਗਈ ਹਾਂ। ਬੱਬੂ ਮਨਰਾਜ ਵਾਂਗ ਆਪਣਾ ਹੱਥ ਘੁਮਾਉਂਦਾ ਬੋਲਿਐ, ‘ਮਾਂ ਮੈਂ ਤੈਨੂੰ ਕਦੀ ਵੀ ’ਕੱਲੀ ਨਾ ਛੱਡਾਂ ਪਰ ਮੇਰੀ ਮਰਜੂਬੀ ਆ।’
‘ਹਾ-ਹਾ-ਹਾ! ਮਰਜੂਬੀ ਨ੍ਹੀਂ, ਮਜਬੂਰੀ ਹੁੰਦੀ ਆ ਬੇਟਾ।’
‘ਮਾਂ ਹੱਸ ਨਾ! ਮੇਰੀ ਮਾਂ ਬੋਲੀ ਦਾ ਮਜ਼ਾਕ ਨਾ ਬਣਾ। ਸੁਣ ਲੈ! ਮੇਰਾ ਨ੍ਹੀਂ ਦਿਲ ਲੱਗਦਾ ਓਥੇ। ਮੈਨੂੰ ਘਰ ਬੌਤ੍ਹ ਯਾਦ ਆਉਂਦਾ। ਤੇਰੇ ਹੱਥਾਂ ਦੇ ਪਰੌਂਠੇ…।’
‘ਦੇਖ ਬੇਟੇ! ਦਿਲ ਤਾਂ ਮੇਰਾ ਵੀ ਨ੍ਹੀਂ ਲੱਗਦਾ ਪਰ ਹੁਣ ਪੜ੍ਹਾਈ ਵੀ ਤਾਂ ਜ਼ਰੂਰੀ ਆ। ਚੱਲ ਤੂੰ ਮੈਨੂੰ ਯੂਨੀਵਰਸਿਟੀ ਦੀ ਕੋਈ ਗੱਲ ਸੁਣਾ।’
‘ਮਾਂ! ਯੂਨੀਵਰਸਿਟੀ ਬਹੁਤ ਚੰਗੀ ਆ ਪਰ ਛੀ-ਛੀ-ਛੀ! ਕੁਛ ਵਿਦਿਆਰਥੀ ਬਹੁਤ ਗੰਦੇ ਓਥੇ। ਕੁਛ ਗੱਲਾਂ ਤਾਂ ਏਦਾਂ ਦੀਆਂ ਕਿ ਤੂੰ ਸੋਚ ਵੀ ਨ੍ਹੀਂ ਸਕਦੀ।’
‘ਕਿਉਂ ਬੇਟੇ ਗੰਦੇ ਕਿਉਂ?’
‘ਮਾਂ ਡਰੱਗ ਬਹੁਤ ਆ। ਮੇਰਾ ਰੂਮਮੇਟ ਹਿਸਪੈਨਕ ਆ ਤੇ ਉਹ ਕੁੜੀ ਲੈ ਆਉਂਦਾ ਕਮਰੇ ’ਚ।’
‘ਹਾਏ ਮੈਂ ਮਰ ਜਾਂ! ਇਹਨੂੰ ਅਮਰੀਕਾ ਕਹਿੰਦੇ ਆ?’
‘ਤਾਂ ਹੋਰ ਕੀ? ਮੈਂ ਤਾਂ ਲਾਇਬ੍ਰੇਰੀ ਚਲਾ ਜਾਨਾਂ…ਮੈਨੂੰ ਪਤਾ ਮੇਰਾ ਡੈਡ ਹੈ ਨ੍ਹੀਂ। ਮੇਰੇ ਲਈ ਪੜ੍ਹਨਾ ਬਹੁਤ ਜ਼ਰੂਰੀ ਆ।’
‘ਸ਼ੁਕਰ ਆ! ਬੇਟੇ ਤੈਨੂੰ ਸੋਝੀ ਆ। ਤੂੰ ਦੱਸ ਕੋਈ ਹੋਰ ਦੋਸਤ ਵੀ ਬਣਾਇਆ? ਇੰਡੀਅਨ ਕੁੜੀਆਂ ਵੀ ਹੋਣਗੀਆਂ ਓਥੇ?’
‘ਮਾਂ! ਮੈਨੂੰ ਪਤਾ ਤੂੰ ਕੀ ਸੋਚਦੀ ਆਂ? ਇੰਡੀਅਨ ਕੁੜੀਆਂ ਦੀ ਗੱਲ ਸੁਣ ਲਾ … ਇਕ ਦਿਨ ਮੈਂ ਸਟੋਰ ਗਿਆ। ਮੇਰਾ ਕਲਾਸਮੇਟ ਕਾਰ ’ਚੋਂ ਉਤਰਿਆ। ਇਕ ਇੰਡੀਅਨ ਕੁੜੀ ਵੀ ਬਾਹਰ ਨਿਕਲੀ। ਹੱਥ ਮਿਲਾ ਕੇ ਕਹਿੰਦੀ ‘ਹਾਏ’ ਮੈਂ ਸਿਮਰ ਤੇ ਤੇਰਾ ਨਾਂ ਕੀ? ਮੈਂ ਕਿਅ੍ਹਾ ਬੱਬੂ। ਕਹਿੰਦੀ, ਤੈਨੂੰ ਮਿਲ ਕੇ ਚੰਗਾ ਲੱਗਾ ‘ਬਾਬੂ’। ਤੂੰ ਇੰਡੀਅਨ ਆਂ?’ ਉਹ ਸ਼ਰਾਬ ਨਾਲ ਰੱਜੀ ਪਈ ਸੀ। ਮੈਂ ਓਥੋਂ ਖਿਸਕਣ ਦੀ ਗੱਲ ਕੀਤੀ।’
‘ਚੱਲ ਚੰਗਾ ਕੀਤਾ ਬੇਟੇ! ਮੈਂ ਤਾਂ ਸੁਣਿਐ ਓਥੇ ਹੇਜ਼ਿੰਗ …?’
‘ਮਾਂ! ਓਏ ਤੇਰੀ ਭਰਾਵਾ! ਤੈਨੂੰ ਆਹ ਹੇਜ਼ਿੰਗ ਦੱਸਿਆ ਕਿਹਨੇ?’
‘ਡਿਵੈਲਪਮੈਂਟ ਸਪੈਸ਼ਲਿਸਟ ਮੈਰੀ ਨੇ। ਬੇਟੇ ਮੇਰੀ ਤਾਂ ਸੋਚ-ਸੋਚ ਕੇ ਮਰਨ ਆਲੀ ਹਾਲਤ ਹੋ ਗਈ। ਉਹਦਾ ਮੁੰਡਾ ਜੇਲ੍ਹ ’ਚ ਸੀ।’
‘ਹੇਜ਼ਿੰਗ ਓਥੇ ਕਰਦੇ ਆ ਪਰ ਸਾਰੇ ਨ੍ਹੀ। ੲ੍ਹੇਦੇ ’ਚ ਗੋਰੇ ਮੁੰਡੇ ਈ ’ਜ਼ਾਦਾ ਹੁੰਦੇ। ਇਹ ਬਹੁਤ ਕੁੱਤਾ ਕੰਮ ਆਂ! ਈਅ ਊ ਗੰਦਾ! ਮੈਨੂੰ ਪਤਾ ਸੀ ਤੂੰ ਡਰ ਜਾਣਾਂ। ਮੈਂ ਏਸੇ ਲਈ ਤਾਂ ਤੈਨੂੰ ਦੱਸਿਆ ਨ੍ਹੀਂ। ਮੈਰੀ ਵੀ ਤਾਂ ਗੋਰੀ ਆ। ਤਾਂ ਈ ਉਦ੍ਹਾ ਮੁੰਡਾ…।’
‘…ਪਰ ਬੇਟਾ ਉਹ ਕਰਦੇ ਕੀ ਆ? ਤੂੰ ਮੇਰੇ ਤੋਂ ਕੁਛ ਵੀ ਛੁਪਾਉਣਾ ਨ੍ਹੀਂ। ਮੈਂ ਤੇਰੀ ਮਾਂ ਵੀ ਆਂ ਤੇ ਦੋਸਤ ਵੀ।’
‘ਦੋਸਤ ਮਾਂ! ਸੁਣ ਲੈ ਫਿਰ ਹੇਜ਼ਿੰਗ ਇਕ ਤਰ੍ਹਾਂ ਰੈਗਿੰਗ। ਓਥੇ ਕਲੱਬ ਬਣੇ ਆਂ। ਓਥੇ ਸਿਰਫ ਮੁੰਡੇ ਈ ਜਾਂਦੇ। ਕੁੜੀਆਂ ਦੇ ਕਲੱਬ ਵੱਖਰੇ ਆ। ਉਹ ਨੇਕਿਡ ਹੋ ਜਾਂਦੇ ਤੇ ਇਕ ਦੂਜੇ ਦੇ ਸੈਂਸਟਿਵ ਬੌਡੀ ਪਾਰਟਸ ਫੜ ਕੇ ਜ਼ੋਰ-ਜ਼ੋਰ ਦੀ ਖਿੱਚਦੇ ਆ।’
‘…ਪਰ ਏਦਾਂ ਕਿਉਂ? ਦੇਖੀਂ ਮੇਰਾ ਪੁੱਤ ਕਿਤੇ…।’
‘ਹੂੰ! ਕਹਿੰਦੇ ਆ ਏਦਾਂ ਕਰਕੇ ਸਟਰੌਂਗ ਬਣਦਾ। ਇਹ ਬਹੁਤ ਘਟੀਆ ਗੱਲ ਆ। ਤੂੰ ਡਰਨਾ ਨ੍ਹੀਂ। ਤੈਨੂੰ ਪਤਾ ਤੂੰ ਤਾਂ ਮੈਨੂੰ ਹਮੇਸ਼ਾਂ ਚੰਗੀ ਸੋਚ ਦਾ ਸਬਕ ਈ ਪੜ੍ਹਾਇਆ। ਮੈਂ ਪੜ੍ਹਾਈ ’ਤੇ ਤਾਂ ਈ ਫੋਕਸ ਕਰ ਸਕੂੰਗਾ, ਜੇ ਤੂੰ ਖ਼ੁਸ਼ ਰੲ੍ਹੇਂ। ਤੂੰ ਹਮੇਸ਼ਾ ਕਹਿੰਨੀ ਆਂ ਆਦਮੀ ਆਪਣੀ ਸੰਗਤ ਤੋਂ ਪਛਾਣ ਹੁੰਦਾ। ਓਥੇ ਮੇਰੇ ਸਾਰੇ ਦੋਸਤ ਚੰਗੇ ਆ! ਦੋ ਗੋਰੇ ਦੋਸਤ ਵੀ ਹੈਗੇ। ਸਾਰੇ ਇਕੋ-ਜੲ੍ਹੇ ਨ੍ਹੀਂ ਹੁੰਦੇ। ਮੈਂ ਹੁਣ ਬਹੁਤ ਥੱਕ ਗਿਆਂ।’
‘ਹਾਂ ਬੱਬੂ! ਮੈਂ ਪੂਰੀ ਕੋਸ਼ਿਸ਼ ਕਰਾਂਗੀ ਖ਼ੁਸ਼ ਰਹਿਣ ਦੀ। ਚਲ ਹੁਣ, ਸੌਂ ਜਾ। ਤੂੰ ਠੀਕ ਕਹਿ ਰਿਅ੍ਹੈਂ, ਇਹ ਘਟੀਆ ਨ੍ਹੀਂ ਬਹੁਤ ਘਟੀਆ ਕੰਮ ਆਂ।’
‘ਏਦਾਂ ਦੇ ਕੁਛ ਲੋਕ ਈ ਬਲਾਤਕਾਰੀ ਬਣਦੇ ਨੇ। ਵੱਡੇ ਮਰਦ? ਇੰਡੀਆ ’ਚ ਥਾਂ-ਥਾਂ ਕੰਧਾਂ ਕਾਲ਼ੀਆਂ ਕੀਤੀਆਂ ਲਿਖ-ਲਿਖ ਕੇ ‘ਮਰਦਾਨਾ ਤਾਕਤ ਬਹਾਲ ਕਰੋ’ ਤੇ ਆਹ ਅਮਰੀਕਾ ’ਚ ਨਵੀਂ ਗੱਲ ਸੁਣ ਲਈ ਹੇਜ਼ਿੰਗ! ਸ਼ਰਮ ਨ੍ਹੀਂ ਆਉਂਦੀ ਮਾਸੂਮ ਕਲੀਆਂ ਲਿਤਾੜਦੇ। ਮੈਂ ਇਸ ਟਾਪਿਕ ’ਤੇ ਜ਼ਰੂਰ ਲਿਖਾਂਗੀ।’ ਮੈਂ ਆਪ ਮੁਹਾਰੇ ਬੋਲੀ ਜਾ ਰਹੀ ਹਾਂ।
‘ਮਾਂ ਕਲੀਆਂ ਲਿਤਾੜਦੇ ਕੀ ਹੁੰਦਾ?’
‘ਰੇਪ! ਹੋਰ ਕੀ ਬੇਟਾ?’
‘ਹਾਂ! ਸੱਚੀਂ ਰੇਪ ਵੀ ਤਾਂ ਕਰਦੇ ਆ। ਹੋਰ ਸੁਣ ਲਾ ਅਮੀਰ ਲੋਕ ਆਪਣੇ ਮੁੰਡਿਆਂ ਨੂੰ ਚੰਗਾ ਵਕੀਲ ਕਰ ਕੇ ਜ਼ਮਾਨਤ ’ਤੇ ਛੁਡਾ ਲਿਆਉਂਦੇ ਤੇ ਗਰੀਬਾਂ ਦੇ ਜੇਲ੍ਹ ਵਿਚ ਈ ਸੜਦੇ ਰਹਿ ਜਾਂਦੇ। ਮਾਂ! ਆਈ ਲਵ ਯੂ!’ ਆਖਦੇ ਹੀ ਬੱਬੂ ਨੇ ਪਾਸਾ ਵੱਟਿਆ ਏ।
‘ਆਈ ਲਵ ਯੂ ਟੂ ਬੇਟਾ!’
ਬੱਬੂ ਸੌਂ ਗਿਆ। ਮੈਂ ਕੋਲ ਪਈ ਕੁਰਸੀ ’ਤੇ ਬੈਠ ਕੇ ਅੱਖਾਂ ਬੰਦ ਕਰ ਲਈਆਂ ਨੇ। ਮੈਨੂੰ ਯਾਦ ਆ ਰਿਹੈ, ‘ਇਕ ਵਾਰੀ ਮਨਰਾਜ ਨੇ ਦੱਸਿਆ ਸੀ ਕਿ ਜਦੋਂ ਉਹ ਵਿਆਹ ਕਰਵਾ ਕੇ ਆਇਆ ਸੀ ਤਾਂ ਉਸਦੇ ਨਾਲ ਦੇ ਸਾਥੀ ਜੋ ਪਹਿਲਾਂ ਈ ਵਿਆਹੇ ਹੋਏ ਸਨ, ਆਪਣੀ ਸਰੀਰਕ ਤ੍ਰਿਪਤੀ ਲਈ ‘ਕਾਲ ਗਰਲਜ਼’ ਲੈ ਆਉਂਦੇ ਸਨ। ਉਹ ਮਨ ਹੀ ਮਨ ਸੋਚਦਾ ਸੀ ਕਿ ਜਿਹੜੀਆਂ ਇੰਡੀਆ ਵਿਚ ਬੈਠੀਆਂ ਇਨ੍ਹਾਂ ਦਾ ਇੰਤਜ਼ਾਰ ਕਰਦੀਆਂ ਨੇ ਉਨ੍ਹਾਂ ਦਾ ਭਲਾ ਕੀ ਕਸੂਰ? ਫਿਰ ਮੇਰਾ ਹੱਥ ਫੜ ਕੇ ਆਖਦਾ ਸੀ ਕਿ ਕਾਲਜ ਪੜ੍ਹਦੇ ਵਕਤ ਵੀ ਮੈਨੂੰ ਇਹ ਪਤਾ ਹੁੰਦਾ ਸੀ ਪਈ ਪੜ੍ਹਨ ਆਏ ਆਂ ਤੇ ਪੜ੍ਹ ਕੇ ਈ ਜਾਣਾ। ਰੂਬੀ ਮੇਰੇ ਸਿਰ ’ਤੇ ਕਿਹੜਾ ਬਾਪ ਸੀ?’
ਬੱਬੂ ਨੇ ਪਾਸਾ ਪਰਤਿਆ ਏ। ਉਸ ਵੱਲ ਧਿਆਨ ਨਾਲ ਤੱਕਦੀ ਹਾਂ। ਮਨਰਾਜ ਵਰਗੇ ਤਿੱਖੇ ਨਕਸ਼ ਤੇ ਚਿਹਰੇ ਦੀ ਸਾਦਗੀ ਮੇਰਾ ਮਨ ਮੋਹ ਰਹੀ ਹੈ। ਮੈਂ ਆਪੇ ਨੂੰ ਸਹਿਜ ਕਰਨ ਲਈ ਆਪਣੇ ਦਿਲ ਦੀ ਧੜਕਣ ਸੁਣਨੀ ਸ਼ੁਰੂ ਕੀਤੀ ਏ। ‘ਇਹ ਵੀ ਤਾਂ ਉਸੇ ਮਨਰਾਜ ਦਾ ਬੇਟਾ, ਉਹਦੇ ਵਰਗਾ ਹੀ ਨਿਕਲੇਗਾ।’ ਮੇਰੇ ਧੁਰ ਅੰਦਰੋਂ ਆਵਾਜ਼ ਆਈ ਏ।
ਮੈਂ ਆਪਣੀਆਂ ਅੱਖਾਂ ਬੰਦ ਕਰ ਲਈਆਂ ਨੇ। ਆਲੇ-ਦੁਆਲੇ ਵਗ ਰਹੀ ਡਰ ਦੀ ਹਵਾ ਚੱਲਣੋਂ ਬੰਦ ਹੋ ਗਈ ਹੈ। ਮੇਰੇ ਮਨ-ਮਸਤਕ ਵਿਚ ਸਦੀਵੀ ਪ੍ਰੇਮ ਦੀ ਬੱਤੀ ਵੱਟ ਕੇ ਧਰਿਆ ਦੀਵਾ, ਵਿਸ਼ਵਾਸ ਦੇ ਤੇਲ ਨਾਲ ਲਟ ਲਟ ਬਲ਼ ਰਿਹੈ। ਇਸ ਦੀ ਲੋਅ ਮੇਰੀ ਰੂਹ ਨੂੰ ਰੁਸ਼ਨਾਅ ਰਹੀ ਹੈ।