ਮੀਡੀਆ ਤੇ ਖੇਡਾਂ: ਪ੍ਰੋ. ਕੁਲਬੀਰ ਸਿੰਘ

ਪ੍ਰਿੰ. ਸਰਵਣ ਸਿੰਘ
ਪ੍ਰੋ. ਕੁਲਬੀਰ ਸਿੰਘ ਪੰਜਾਬੀ ਮੀਡੀਆ ਦਾ ਜਾਣਿਆ ਪਛਾਣਿਆ ਨਾਂ ਹੈ। ਚਾਲੀ ਕੁ ਸਾਲ ਪਹਿਲਾਂ ਜਦੋਂ ਉਹ ਢੁੱਡੀਕੇ ਕਾਲਜ ਵਿਚ ਪੜ੍ਹਾਉਣ ਲੱਗਾ ਤਾਂ ਬੇਪਛਾਣ ਸੀ ਪਰ ਸਮਾਂ ਪਾ ਕੇ ਉਸ ਦੀ ਮੀਡੀਆ ਸ਼ਖ਼ਸੀਅਤ ਪੰਜਾਬ ਤੇ ਭਾਰਤ ਤੋਂ ਬਾਹਰ, ਸਿੰਗਾਪੁਰ, ਇੰਗਲੈਂਡ, ਆਸਟ੍ਰੇਲੀਆ, ਨਿਊਜ਼ੀਲੈਂਡ, ਅਮਰੀਕਾ ਤੇ ਕੈਨੇਡਾ ਤਕ ਪਛਾਣੀ ਜਾਣ ਲੱਗੀ ਹੈ।

ਉਸ ਨੂੰ ਪੰਜਾਬ ਰਤਨ ਅਵਾਰਡ, ਸ਼੍ਰੋਮਣੀ ਪੱਤਰਕਾਰ ਅਵਾਰਡ, ਪੰਜਾਬੀ ਮੀਡੀਆ ਦਾ ਮਾਣ ਅਵਾਰਡ ਅਤੇ ਐਕਸੇਲੈਂਸ ਅਵਾਰਡ ਫਾਰ ਪ੍ਰਮੋਟਿੰਗ ਪੰਜਾਬੀ ਮੀਡੀਆ ਆਦਿ ਦਰਜਨ ਤੋਂ ਵੱਧ ਮਾਣ-ਸਨਮਾਨ ਮਿਲ ਚੁੱਕੇ ਹਨ। ਉਸ ਦਾ ਕਾਲਮ ‘ਟੈਲੀਵੀਜ਼ਨ ਸਮੀਖਿਆ’ ਤੀਹ ਸਾਲਾਂ ਤੋਂ ਲਗਾਤਾਰ ਛਪ ਰਿਹੈ। ਪਹਿਲਾਂ ‘ਪਰਵਾਸੀ ਪੰਜਾਬੀ ਮੀਡੀਆ’ ਕਾਲਮ ਛਪਦਾ ਰਿਹਾ। ਉਸ ਦੀਆਂ ਬਿਜਲਈ ਮੀਡੀਆ ਸੰਬੰਧੀ ਪੰਜ ਪੁਸਤਕਾਂ, ‘ਦੂਰਦਰਸ਼ਨ ਜਲੰਧਰ: ਇਤਿਹਾਸ ਤੇ ਵਿਕਾਸ’, ‘ਹੁਣ ਪ੍ਰਸਾਰਨ ਜਲੰਧਰ ਤੋਂ’, ‘ਪਰਵਾਸੀ ਪੰਜਾਬੀ ਮੀਡੀਆ ਭਾਗ ਪਹਿਲਾ’, ‘ਪਰਵਾਸੀ ਪੰਜਾਬੀ ਮੀਡੀਆ ਭਾਗ ਦੂਜਾ’, ‘ਪਹਿਲੀ ਵਿਸ਼ਵ ਪੰਜਾਬੀ ਮੀਡੀਆ ਕਾਨਫਰੰਸ’ ਤੇ ਸਫ਼ਰਨਾਮਾ ‘ਆਸਟ੍ਰੇਲੀਆ ਵਿਚ ਵੀਹ ਦਿਨ’, ਪ੍ਰਕਾਸਿ਼ਤ ਹੋਈਆਂ ਹਨ। ਇੰਗਲੈਂਡ-ਸਕਾਟਲੈਂਡ ਦਾ ਸਫ਼ਰਨਾਮਾ ਛਪਾਈ ਅਧੀਨ ਹੈ।
ਉਸ ਦਾ ਜਨਮ 15 ਜਨਵਰੀ 1957 ਨੂੰ ਪਿੰਡ ਛੱਜਲਵੱਡੀ ਜਿ਼ਲ੍ਹਾ ਅੰਮ੍ਰਿਤਸਰ ਵਿਚ ਹੈੱਡਮਾਸਟਰ ਚਾਨਣ ਸਿੰਘ ਦੇ ਘਰ ਹੋਇਆ। ਮੈਂ ਉਸ ਨੂੰ 1980ਵਿਆਂ ਤੋਂ ਜਾਣਦਾਂ ਜਦੋਂ ਉਹ ਢੁੱਡੀਕੇ ਕਾਲਜ ਵਿਚ ਮੇਰੇ ਨਾਲ ਪੰਜਾਬੀ ਪੜ੍ਹਾਉਣ ਲੱਗਾ। ਉਦੋਂ ਉਹ ਛਾਂਟਵੇਂ ਜੁੱਸੇ ਦਾ ਸੋਹਣਾ ਸੁਨੱਖਾ ਨੌਜੁਆਨ ਸੀ ਜੋ ਬੈਡਮਿੰਟਨ `ਚ ਮੈਨੂੰ ਹਰਾ ਦਿੰਦਾ। ਜਿੱਦਣ ਖੇਡਣ ਵਾਲੇ ਚਾਰ ਜਣੇ ਜੁੜ ਜਾਂਦੇ ਉੱਦਣ ਹਰੇਕ ਉਸ ਨੂੰ ਆਪਣੀ ਟੀਮ ਵਿਚ ਪਾਉਣ ਦੀ ਮੰਗ ਕਰਦਾ। `ਕੱਠੇ ਖਾਣ-ਪੀਣ, ਸਿਹਤ ਬਣਾਉਣ ਤੇ ਖੇਡਣ ਮੱਲਣ ਦੀ ਚੇਟਕ ਉਸ ਨੂੰ ਢੁੱਡੀਕੇ ਦੇ ਮਾਹੌਲ ਨੇ ਲਾਈ ਜੋ ਉਸ ਨੇ ਨਾ ਅਬੋਹਰ-ਮੁਕਤਸਰ ਜਾ ਕੇ ਛੱਡੀ ਤੇ ਨਾ ਜਲੰਧਰ ਰਹਿੰਦਿਆਂ ਛੱਡ ਹੋਈ। ਲਾਜਪਤ ਰਾਏ ਖੇਡ ਮੇਲੇ ਢੁੱਡੀਕੇ ਦੇ ਨਜ਼ਾਰੇ ਤਾਂ ਉਸ ਨੂੰ ਹੁਣ ਤਕ ਵੀ ਨਹੀਂ ਭੁੱਲੇ ਹੋਣਗੇ। ਜੇ ਉਹ 65 ਸਾਲਾਂ ਦਾ ਅਜੇ ਵੀ ਜੁਆਨ ਦਿਸ ਰਿਹੈ ਤਾਂ ਉਹਦੇ ਪਿੱਛੇ ਸਾਡੀ ਸੰਗਤ ਦਾ ਵੀ ਕੁਝ ਨਾ ਕੁਝ ਯੋਗਦਾਨ ਤਾਂ ਹੋਵੇਗਾ ਹੀ। ਰਹਿੰਦੀ ਕਸਰ ਸਪੋਰਟਸ ਕਾਲਜ ਜਲੰਧਰ ਵਾਲਿਆਂ ਨੇ ਕੱਢ ਦਿੱਤੀ ਹੋਵੇਗੀ।
ਕੁਲਬੀਰ ਸਿੰਘ ਐੱਮਏ ਪੰਜਾਬੀ ਆਨਰਜ਼ ਵਿਚੋਂ ਗੋਲਡ ਮੈਡਲਿਸਟ ਸੀ ਜੋ ਢੁੱਡੀਕੇ ਕਾਲਜ ਵਿਚ ਲੈਕਚਰਾਰ ਲੱਗਣ ਦੇ ਕੰਮ ਆਇਆ। ਅਸੀਂ ਉਸ ਨੂੰ ਖੁੱਲ੍ਹੇ-ਡੁੱਲ੍ਹੇ ਘਰ ਦਾ ਚੁਬਾਰਾ ਲੈ ਦਿੱਤਾ, ਜਿੱਥੇ ਸਾਡੀਆਂ ਵੀ ਮਹਿਫ਼ਲਾਂ ਲੱਗ ਜਾਂਦੀਆਂ। ਕੁਲਬੀਰ ਸੇਵਾਭਾਵੀ ਨੌਜੁਆਨ ਸੀ ਜੋ ਸਭਨਾਂ ਦਾ ਦਿਲ ਮੋਂਹ ਲੈਂਦਾ। ਢੁੱਡੀਕੇ ਪੜ੍ਹਾਉਂਦਿਆਂ ਉਸ ਦਾ ਅਬੋਹਰ ਕਾਲਜ ਵਿਚ ਪੜ੍ਹਾਉਂਦੀ ਪ੍ਰੋ. ਕਵਲਜੀਤ ਕੌਰ ਨਾਲ ਮੰਗਣਾ ਹੋ ਗਿਆ ਜਿਸ ਨੇ ਆਪਣੇ ਮੰਗੇਤਰ ਕੁਲਬੀਰ ਨੂੰ ਚਿੱਠੀਆਂ ਲਿਖਣ ਦਾ ਰਿਕਾਰਡ ਹੀ ਤੋੜ ਦਿੱਤਾ। ਪਹਿਲਾਂ ਤੀਜੇ ਚੌਥੇ ਦਿਨ ਤੇ ਫਿਰ ਆਏ ਦਿਨ ਚਿੱਠੀ! ਪਾਣੀ ਪਿਆਉਣ ਵਾਲੀ ਮਾਈ ਚਿੱਠੀ ਸਟਾਫ ਰੂਮ `ਚ ਲਿਆਉਂਦੀ ਤਾਂ ‘ਆਗੀ’ ਕਹਿ ਕੇ ਸਾਡੇ ਹਾਸੇ ਦੀਆਂ ਫੁੱਲਝੜੀਆਂ ਖਿੜਦੀਆਂ ਜੀਹਦੇ ਨਾਲ ਮਾਈ ਵੀ ਦੰਦਾਂ `ਚ ਚੁੰਨੀ ਲੈ ਕੇ ਹੱਸਦੀ!
ਜੇ ਕਿਤੇ ਉਹ ਚਿੱਠੀਆਂ ਸੰਭਾਲ ਲਈਆਂ ਹੋਣ ਤਾਂ ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੀਆਂ ਜੀਤਾਂ ਦੇ ਨਾਂ ਚਿੱਠੀਆਂ ਵਾਂਗ ਪ੍ਰੋ. ਕਵਲਜੀਤ ਕੌਰ ਦੀਆਂ ਪ੍ਰੋ. ਕੁਲਬੀਰ ਸਿੰਘ ਦੇ ਨਾਂ ਚਿੱਠੀਆਂ ਦੀ ਵੱਖਰੀ ਕਿਤਾਬ ਬਣ ਸਕਦੀ ਹੈ। ਹੁਣ ਢੁੱਡੀਕੇ ਦਾ ਕਿੱਸਾ ਹੋਰ ਨਾ ਹੀ ਛੇੜਾਂ ਤਾਂ ਚੰਗਾ, ਨਹੀਂ ਤਾਂ ਜਸਵੰਤ ਸਿੰਘ ਕੰਵਲ ਦੀਆਂ ਗੱਲਾਂ ਤੁਰ ਪੈਣੀਆਂ ਜਿਸ ਨੇ ਕੁਲਬੀਰ ਸਿੰਘ ਨੂੰ ਮੇਰਾ ਰੇਖਾ ਚਿੱਤਰ ਲਿਖਣ ਲਈ ਪ੍ਰੇਰਿਆ ਸੀ। ਪੇਸ਼ ਹਨ ਉਸ ਦੀਆਂ ਖੇਡ ਲਿਖਤਾਂ:

ਮੀਡੀਆ ਅਤੇ ਖੇਡਾਂ
ਮੀਡੀਆ ਨੇ ਖੇਡਾਂ ਦੀ ਚਮਕ ਦਮਕ ਦੁੱਗਣੀ ਚੌਗਣੀ ਕਰ ਦਿੱਤੀ ਹੈ। ਧਰਤੀ ਦੇ ਕਿਸੇ ਕੋਨੇ ਵਿਚ ਵੀ ਮੈਚ ਚੱਲਦਾ ਹੋਵੇ ਤਾਂ ਅਸੀਂ ਆਪਣੇ ਬੈੱਡਰੂਮ ਵਿਚ ਸਰ੍ਹਾਣੇ ਨਾਲ ਢੋਅ ਲਾ ਕੇ ਉਸਦਾ ਆਨੰਦ ਮਾਣ ਸਕਦੇ ਹਾਂ। ਹਰੇਕ ਅਖ਼ਬਾਰ ਨੇ ਖੇਡ-ਪੰਨਾ ਰਾਖਵਾਂ ਰੱਖਿਆ ਹੋਇਆ। ਹਰੇਕ ਨਿਊਜ਼ ਚੈਨਲ ਖੇਡਾਂ ਨੂੰ ਵਿਸ਼ੇਸ਼ ਥਾਂ ਦਿੰਦਾ ਹੈ। ਬਹੁਤ ਸਾਰੇ ਖੇਡ ਚੈਨਲ ਚੌਵੀ ਘੰਟੇ ਖੇਡਾਂ ਦਾ ਪ੍ਰਸਾਰਨ ਕਰਦੇ ਹਨ। ਇੱਕ ਖੇਡ-ਪ੍ਰੇਮੀ ਨੂੰ ਹੋਰ ਕੀ ਚਾਹੀਦੈ? ਅਸਲ ਵਿਚ ਦੋਹਾਂ ਦੀ ਦਵੱਲੀ ਲੋੜ ਹੈ। ਮੀਡੀਆ ਖੇਡਾਂ ਰਾਹੀਂ ਪੈਸਾ ਕਮਾਉਂਦੈ ਤੇ ਖੇਡਾਂ ਨੂੰ ਦੁਨੀਆਂ ਦੇ ਘਰ-ਘਰ ਪਹੁੰਚਾਉਂਦੈ। ਖੇਡਾਂ ਅਤੇ ਮੀਡੀਆ ਦੋਹਾਂ ਦਾ ਪ੍ਰਚਾਰ ਪ੍ਰਸਾਰ ਵਧਿਆ ਹੈ ਅਤੇ ਇਹ ਇਨ੍ਹਾਂ ਦੇ ਪਰਸਪਰ ਰਿਸ਼ਤੇ ਰਾਹੀਂ ਸੰਭਵ ਹੋਇਆ ਹੈ। ਇਸ ਦਵੱਲੀ ਲੋੜ ਵਿਚੋਂ ਹੀ ਖੇਡ-ਮੀਡੀਆ ਨੇ ਜਨਮ ਲਿਆ ਹੈ।
ਅਜੋਕੇ ਸਮੇਂ ਖੇਡਾਂ `ਚ ਮੀਡੀਆ ਦੀ ਅਹਿਮ ਭੂਮਿਕਾ ਹੈ। ਮੀਡੀਆ ਖੇਡਾਂ ਨੂੰ ਵੱਡੀ ਪੱਧਰ ਤੇ ਪ੍ਰਭਾਵਿਤ ਕਰਨ ਲੱਗਾ ਹੈ। ਖੇਡ-ਪ੍ਰਸਾਰਨ ਤੇ ਖੇਡ-ਕੁਮੈਂਟਰੀ ਨੇ ਖੇਡ-ਦਰਸ਼ਕਾਂ ਦੀ ਗਿਣਤੀ ਲੱਖਾਂ ਕਰੋੜਾਂ ਤੱਕ ਪਹੁੰਚਾ ਦਿੱਤੀ ਹੈ। ਦੋਹਾਂ ਦਾ ਆਪਸ ਵਿਚ ਨਹੁੰ-ਮਾਸ ਵਾਲਾ ਰਿਸ਼ਤਾ ਬਣ ਗਿਆ ਹੈ। ਟੈਲੀਵਿਜ਼ਨ ਪ੍ਰਸਾਰਨ ਬਿਨਾਂ ਖੇਡਾਂ ਅਧੂਰੀਆਂ ਲੱਗਦੀਆਂ ਹਨ। ਓਲੰਪਿਕ ਖੇਡਾਂ ਦੌਰਾਨ ਖੇਡ-ਪੱਤਰਕਾਰਾਂ ਤੇ ਖੇਡ-ਬੁਲਾਰਿਆਂ ਦੀ ਮੰਗ ਬਹੁਤ ਵਧ ਜਾਂਦੀ ਹੈ। ਖੇਡਾਂ ਨੂੰ ਸੋਸ਼ਲ ਮੀਡੀਆ ਤੇ ਡਿਜੀਟਲ ਮੀਡੀਆ ਨੇ ਵੀ ਵੱਡੀ ਪੱਧਰ ਤੇ ਪ੍ਰਭਾਵਿਤ ਕੀਤਾ ਹੈ। ਜਿੱਥੇ ਭਾਰਤੀ ਖੇਡ ਮੀਡੀਆ ਨੇ ਇਤਿਹਾਸ ਰਚ ਦਿੱਤਾ ਹੈ ਉਥੇ ਪੰਜਾਬੀ ਖੇਡ ਮੀਡੀਆ ਨੇ ਵੀ ਵੱਡੀਆਂ ਮੱਲਾਂ ਮਾਰੀਆਂ ਹਨ। ਵਿਸ਼ਵ ਕਬੱਡੀ ਕੱਪ ਨੂੰ ਘਰ-ਘਰ ਵਿਖਾਉਣ `ਚ ਪੰਜਾਬੀ ਮੀਡੀਆ ਨੇ ਵੱਡਾ ਯੋਗਦਾਨ ਪਾਇਆ ਸੀ।
ਭਾਰਤ ਵਿਚ ਖੇਡ ਮੀਡੀਆ ਦੀ ਸ਼ੁਰੂਆਤ ਅਖ਼ਬਾਰਾਂ `ਚ ਖੇਡ ਪੰਨੇ ਪ੍ਰਕਾਸ਼ਿਤ ਹੋਣ ਨਾਲ ਹੋਈ। ਖੇਡ ਕਾਲਮਾਂ ਨੇ ਖੇਡ ਮੀਡੀਆ ਨੂੰ ਉਤਸ਼ਾਹਿਤ ਕਰਨ ਵਿਚ ਵੱਡਾ ਹਿੱਸਾ ਪਾਇਆ। ਪੰਜਾਬੀ ਖੇਡ ਪੱਤਰਕਾਰੀ ਵਿਚ ਇਹ ਭੂਮਿਕਾ ਪ੍ਰਿੰ. ਸਰਵਣ ਸਿੰਘ ਦੇ ਹਫ਼ਤਾਵਾਰ ਤੇ ਮਹੀਨਾਵਾਰ ਕਾਲਮਾਂ ਨੇ ਬਾਖ਼ੂਬੀ ਨਿਭਾਈ ਹੈ। ਦੂਜੇ ਪਾਸੇ ਟੈਲੀਵਿਜ਼ਨ ਦੇ ਪਰਦੇ ਨੇ ਭਾਰਤੀਆਂ ਦੀ ਖੇਡਾਂ ਵਿਚ ਦਿਲਚਸਪੀ ਕਈ ਗੁਣਾ ਵਧਾ ਦਿੱਤੀ ਹੈ। ਜਦ ਕੌਮਾਂਤਰੀ ਕ੍ਰਿਕਟ ਮੈਚ ਹੋ ਰਹੇ ਹੋਣ ਤਾਂ ਟੈਲੀਵਿਜ਼ਨ ਦਾ ਜਲੌਅ ਵੇਖਣ ਵਾਲਾ ਹੁੰਦੈ। ਕ੍ਰਿਕਟ ਦੇ ਸ਼ੌਕੀਨ ਕੰਮ-ਕਾਜ ਛੱਡ ਸਾਰਾ-ਸਾਰਾ ਦਿਨ ਟੀਵੀ ਮੂਹਰੇ ਬੈਠੇ ਰਹਿੰਦੇ ਹਨ। ਚੌਕਾਂ, ਚੁਰਾਹਿਆਂ ਵਿਚ ਵੱਡੇ ਟੀਵੀ ਸਕਰੀਨ ਲੱਗ ਜਾਂਦੇ ਹਨ। ਇਉਂ ਲੱਗ ਰਿਹਾ ਹੁੰਦੈ ਜਿਵੇਂ ਖੇਡਾਂ ਮੀਡੀਆ ਤੇ ਹਾਵੀ ਹੋ ਗਈਆਂ ਹਨ। ਮੀਡੀਆ ਰਾਹੀਂ ਜਿੰਨਾ ਖੇਡਾਂ ਦਾ ਪ੍ਰਚਾਰ ਪ੍ਰਸਾਰ ਹੋ ਰਿਹਾ ਹੈ, ਓਨਾ ਹੀ ਖੇਡਾਂ ਰਾਹੀਂ ਮੀਡੀਆ ਵਧ ਫੁੱਲ ਰਿਹੈ।
ਟੈਲੀਵਿਜ਼ਨ ਨੇ ਮੀਡੀਆ ਅਤੇ ਖੇਡਾਂ ਦੇ ਪ੍ਰਸਪਰ ਰਿਸ਼ਤੇ ਨੂੰ ਬੁਲੰਦੀਆਂ ਤੇ ਪਹੁੰਚਾ ਦਿੱਤਾ ਹੈ। ਸਿੱਧੇ ਪ੍ਰਸਾਰਨ ਨੇ ਖੇਡਾਂ ਪ੍ਰਤੀ ਦੁਨੀਆਂ ਦੀ ਦਿਲਚਸਪੀ ਤੇ ਉਤਸੁਕਤਾ ਬੇਹੱਦ ਵਧਾ ਦਿੱਤੀ ਹੈ। ਖੇਡਾਂ ਦੇ ਸਿੱਧੇ ਪ੍ਰਸਾਰਨ ਦੇ ਖੇਤਰ ਵਿਚ ਜੋ ਧਾਂਕ ਅੱਜ ਟੈਲੀਵਿਜ਼ਨ ਦੀ ਹੈ ਉਹੀ ਧਾਂਕ ਕਦੇ ਰੇਡੀਓ ਦੀ ਹੁੰਦੀ ਸੀ। ਰੇਡੀਓ ਰਾਹੀਂ ਖੇਡਾਂ ਦੀ ਕੁਮੈਂਟਰੀ ਅੱਜ ਵੀ ਸੁਣੀ ਜਾਂਦੀ ਹੈ ਕਿਉਂਕਿ ਰੇਡੀਓ ਦਾ ਪਹੁੰਚ-ਘੇਰਾ ਬੜਾ ਵਿਸ਼ਾਲ ਹੈ। ਅਖ਼ਬਾਰਾਂ ਨੂੰ ਛਪਣ-ਗਿਣਤੀ ਅਤੇ ਟੈਲੀਵਿਜ਼ਨ ਚੈਨਲਾਂ ਨੂੰ ਦਰਸ਼ਕ-ਗਿਣਤੀ ਅਨੁਸਾਰ ਇਸ਼ਤਿਹਾਰ ਮਿਲਦੇ ਹਨ। ਕ੍ਰਿਕਟ ਦੇ ਕੌਮਾਂਤਰੀ ਮੈਚਾਂ ਦੇ ਸਿੱਧੇ ਪ੍ਰਸਾਰਨ ਸਮੇਂ ਦਰਸ਼ਕਾਂ ਦੀ ਗਿਣਤੀ ਕਰੋੜਾਂ ਤੱਕ ਜਾ ਪੁੱਜਦੀ ਹੈ। ਨਤੀਜੇ ਵਜੋਂ ਇਸ਼ਤਿਹਾਰਬਾਜ਼ੀ ਲਈ 10 ਸਕਿੰਟ ਦੇ ਸਲਾਟ ਦਾ ਰੇਟ ਕਰੋੜਾਂ ਰੁਪਏ ਹੋ ਜਾਂਦਾ ਹੈ। ਖੇਡਾਂ ਅਤੇ ਮੀਡੀਆ ਦੀ ਇਸ ਜੁਗਲਬੰਦੀ ਨੇ ਖੇਡ ਸੰਸਥਾਵਾਂ ਅਤੇ ਮੀਡੀਆ ਅਦਾਰਿਆਂ ਨੂੰ ਮਾਲਾ-ਮਾਲ ਕਰ ਦਿੱਤਾ ਹੈ।
ਮੀਡੀਆ ਅਤੇ ਖੇਡਾਂ ਦੋਹਾਂ ਦੇ ਗਲੋਬਲ ਅਤੇ ਸਥਾਨਕ ਦਾਇਰੇ ਹਨ। ਦੋਵੇਂ ਇਕੱਠੇ ਇੱਕ ਦੂਸਰੇ ਲਈ ਕੰਮ ਕਰਦੇ ਹਨ। ਡਿਜੀਟਲ ਅਤੇ ਸੋਸ਼ਲ ਮੀਡੀਆ ਸਦਕਾ ਖੇਡਾਂ ਨੂੰ ਨਵੇਂ ਖੰਭ ਨਿਕਲ ਆਏ ਹਨ। ਸਿੰਗਾਪੁਰ ਦਾ ਕੁਮੈਂਟੇਟਰ ਵਾਲਟਰ ਲਿਮ ਕਹਿੰਦਾ ਹੈ ਕਿ ਸੋਸ਼ਲ ਮੀਡੀਆ ਅਤੇ ਖੇਡਾਂ ਦਾ ਜੋੜ ਮੇਲ ਸਵਰਗਾਂ ਵਿਚ ਬਣਿਆ ਹੈ। ਖੇਡ ਪ੍ਰੇਮੀ, ਖਿਡਾਰੀ, ਖੇਡ ਕਲੱਬ, ਖੁੱਲ੍ਹ ਕੇ ਸੋਸ਼ਲ ਮੀਡੀਆ ਰਾਹੀਂ ਆਪਣੇ ਹਾਵ-ਭਾਵ ਪ੍ਰਗਟਾਉਂਦੇ ਹਨ। ਖੇਡ ਸ਼ਖ਼ਸੀਅਤਾਂ ਟਵੀਟ ਕਰਦੀਆਂ ਹਨ ਜੋ ਅਗਲੇ ਦਿਨ ਅਖ਼ਬਾਰਾਂ ਦੀਆਂ ਖ਼ਬਰਾਂ ਬਣ ਜਾਂਦੀਆਂ ਹਨ। ਵੈੱਬ ਚੈਨਲਾਂ, ਵੀਡੀਓ ਚੈਨਲਾਂ ਤੇ ਬਲੌਗਜ਼ ਨੇ ਖੇਡ ਰਿਪੋਰਟਿੰਗ ਦੇ ਢੰਗ ਤਰੀਕੇ ਬਦਲ ਦਿੱਤੇ ਹਨ।
ਖੇਡ ਸੰਸਥਾਵਾਂ ਨੇ ਆਪਣੇ ਮੀਡੀਆ ਪਲੇਟਫ਼ਾਰਮ ਅਤੇ ਕੰਪਨੀਆਂ ਖੜ੍ਹੀਆਂ ਕਰ ਲਈਆਂ ਹਨ, ਜਿਹੜੀਆਂ ਖ਼ਬਰਾਂ ਤੇ ਖੇਡਾਂ ਦੇ ਪ੍ਰਸਾਰਨ ਵਿਚ ਰਵਾਇਤੀ ਮੀਡੀਆ ਨੂੰ ਪਛਾੜ ਰਹੀਆਂ ਹਨ। ਖੇਡ ਮੀਡੀਆ ਦਾ ਇਹ ਬਦਲਦਾ ਲੈਂਡਸਕੇਪ ਹੈ, ਜਿੱਥੇ ਖੇਡ ਸੰਸਥਾਵਾਂ, ਖੇਡ ਪ੍ਰੇਮੀਆਂ ਨੂੰ ਆਪਣੇ ਸੋਸ਼ਲ ਤੇ ਡਿਜੀਟਲ ਚੈਨਲਾਂ ਰਾਹੀਂ ਸਿੱਧੇ ਤੌਰ ਤੇ ਆਪਣੀ ਸਟੋਰੀ ਦੱਸਦੀਆਂ ਹਨ। ਸੋਸ਼ਲ ਅਤੇ ਡਿਜੀਟਲ ਮੀਡੀਆ ਨੇ ਖੇਡਾਂ ਦੀ ਆਵਾਜ਼ ਦੇ ਨਾਲ-ਨਾਲ ਖੇਡਾਂ ਦਾ ਚਿਹਰਾ ਵੀ ਬਦਲ ਦਿੱਤਾ ਹੈ। ਖੇਡ ਪ੍ਰੇਮੀਆਂ, ਖੇਡ ਸਿਤਾਰਿਆਂ, ਖੇਡ ਕਲੱਬਾਂ ਅਤੇ ਖੇਡ ਮੀਡੀਆ ਦਰਮਿਆਨ ਪੈਦਾ ਹੋਇਆ ਇਹ ਨਵਾਂ ਰਿਸ਼ਤਾ, ਨੇੜ-ਭਵਿੱਖ ਵਿਚ ਖੇਡ-ਆਵਾਜ਼ ਅਤੇ ਖੇਡ-ਚਿਹਰੇ ਨੂੰ ਹੋਰ ਕਿੰਨਾ ਬਦਲੇਗਾ ਕਹਿਣਾ ਮੁਸ਼ਕਲ ਹੈ। ਟੈਲੀਵਿਜ਼ਨ ਸਕਰੀਨ, ਸੋਸ਼ਲ ਮੀਡੀਆ ਤੇ ਡਿਜੀਟਲ ਮੀਡੀਆ ਨੇ ਖੇਡਾਂ ਦੀ ਦੁਨੀਆ ਨੂੰ ਕਿੰਨਾ ਅਤੇ ਕਿਵੇਂ ਬਦਲ ਦਿੱਤਾ ਹੈ, ਖੇਡ-ਖੋਜਾਰਥੀਆਂ ਲਈ ਖੋਜ ਦਾ ਵਿਸ਼ਾ ਹੈ।
ਖੇਡ ਸਾਹਿਤ ਦਾ ਮੋਢੀ ਸਰਵਣ ਸਿੰਘ
ਪ੍ਰਿੰ.ਸਰਵਣ ਸਿੰਘ ਪੰਜਾਬੀ ਖੇਡ ਸਾਹਿਤ ਦਾ ਮੋਢੀ ਵੀ ਹੈ ਤੇ ਧਰੂ ਤਾਰਾ ਵੀ। ਖੇਡ ਲੇਖਕ ਤੇ ਖੇਡ ਬੁਲਾਰੇ ਵਜੋਂ ਉਸ ਨੇ ਪੰਜਾਬੀ ਜਗਤ ਵਿਚ ਆਪਣੀ ਧਾਂਕ ਜਮਾਈ ਹੋਈ ਹੈ। ਉਮਰ ਦੇ ਅੱਠ ਦਹਾਕੇ ਪਾਰ ਕਰ ਕੇ ਵੀ ਉਹ ਰੋਜ਼ 6-7 ਕਿਲੋਮੀਟਰ ਤੁਰਦਾ ਤੇ 7-8 ਘੰਟੇ ਪੜ੍ਹਨ ਲਿਖਣ `ਚ ਲਾਉਂਦਾ ਹੈ ਅਤੇ ਹਰ ਸਾਲ ਇੱਕ ਦੋ ਕਿਤਾਬਾਂ ਲਿਖ ਮਾਰਦਾ ਹੈ। ਅਖ਼ਬਾਰਾਂ, ਰਸਾਲਿਆਂ ਦੇ ਕਾਲਮ ਵੱਖਰੇ। ਹੁਣ ਤੱਕ ਉਸ ਦੀਆਂ 40 ਤੋਂ ਵੱਧ ਪੁਸਤਕਾਂ ਵਿਚੋਂ ਪੱਚੀ ਕੁ ਤਾਂ ਖੇਡਾਂ ਖਿਡਾਰੀਆਂ ਬਾਰੇ ਹੀ ਹਨ।
ਉਹਦੇ ਸਫ਼ਰਨਾਮੇ ‘ਅੱਖੀਂ ਵੇਖ ਨਾ ਰੱਜੀਆਂ’ ਤੇ ‘ਫੇਰੀ ਵਤਨਾਂ ਦੀ’ ਅਤੇ ਸਵੈ-ਜੀਵਨੀ ‘ਹਸੰਦਿਆਂ ਖੇਲੰਦਿਆਂ’ ਕੋਈ ਪਾਠਕ ਪੜ੍ਹਨੀ ਸ਼ੁਰੂ ਕਰ ਲਵੇ ਤਾਂ ਵਿਚਾਲੇ ਨਹੀਂ ਛੱਡ ਸਕਦਾ। ਪਹਿਲਾਂ ਉਹ ਉੱਚ ਪੱਧਰ ਦਾ ਖਿਡਾਰੀ ਸੀ, ਹੁਣ ਉੱਚ-ਕੋਟੀ ਦਾ ਖੇਡ ਲੇਖਕ ਤੇ ਖੇਡ ਬੁਲਾਰਾ ਹੈ। ਖਿਡਾਰੀ ਦੀ ਸਰਗਰਮ ਖੇਡ-ਉਮਰ ਤਾਂ ਸੀਮਤ ਹੀ ਹੁੰਦੀ ਹੈ ਪਰ ਖੇਡ ਲੇਖਕ ਤਾ-ਉਮਰ ਚੌਕੇ ਛੱਕੇ ਮਾਰ ਸਕਦਾ ਹੈ, ਜਿਵੇਂ ਉਹ ਮਾਰ ਹੀ ਰਿਹ ਹੈ। ਅਖ਼ਬਾਰਾਂ ਲਈ ਲਿਖਣਾ, ਟੂਰਨਾਮੈਂਟਾਂ ਚ ਬੋਲਣਾ, ਪੁਸਤਕਾਂ ਪ੍ਰਕਾਸ਼ਿਤ ਕਰਾਉਣੀਆਂ ਉਸ ਦਾ ਸ਼ੌਕ ਹੀ ਨਹੀਂ, ਜਨੂੰਨ ਹੈ। ਨਾਲ ਸਚਿੱਤਰ ਮੈਗ਼ਜ਼ੀਨ ‘ਖੇਡ ਸੰਸਾਰ’ ਕੱਢਣਾ ਇਸ਼ਕ। ਉਸ ਨੇ ਅੰਤਰਰਾਸ਼ਟਰੀ ਖੇਡ ਮੈਗਜ਼ੀਨ ਨੂੰ ਪੱਕੇ ਪੈਰੀਂ ਕਰਨ ਲਈ ਘਰੋਂ ਪੰਦਰਾਂ-ਪੰਦਰਾਂ ਦਿਨ ਬਾਹਰ ਰਹਿ ਕੇ ਕੈਨੇਡਾ ਦੇ ਲੰਮੇ ਟੂਰ ਵੀ ਲਾਏ।
1982-83 `ਚ ਜਦ ਮੈਂ ਸਰਕਾਰੀ ਕਾਲਜ ਢੁੱਡੀਕੇ ਵਿਚ ਉਸ ਨੂੰ ਪਹਿਲੀ ਵਾਰ ਮਿਲਿਆ ਤਾਂ ਉਹ ਖੇਡ ਸਾਹਿਤ ਦਾ ਭਰ ਵਗਦਾ ਦਰਿਆ ਸੀ। ਇੱਕੋ ਵਿਧਾ ਚੁਣ ਕੇ, ਨਿੱਠ ਕੇ ਲਿਖਣ ਦੀ ਪ੍ਰੇਰਨਾ ਮੈਨੂੰ ਉਸ ਤੋਂ ਮਿਲੀ। ਚੁਸਤ ਦਰੁਸਤ ਸਿਹਤ ਲਈ ਤੋਰੇ-ਫੇਰੇ ਤੇ ਖੇਡਣ ਨੂੰ ਜੀਵਨ-ਸ਼ੈਲੀ ਦਾ ਹਿੱਸਾ ਬਣਾ ਲੈਣਾ ਵੀ ਮੈਂ ਉਸ ਤੋਂ ਸਿੱਖਿਆ। ਢੁੱਡੀਕੇ ਕਾਲਜ ਦੇ ਵਿਹੜੇ ਵਿਚ ਸਾਡੇ ਬੈਡਮਿੰਟਨ ਦੇ ਗਹਿਗੱਚ ਮੁਕਾਬਲੇ ਹੁੰਦੇ ਸਨ ਜਿਥੋਂ ਬੈਡਮਿੰਟਨ ਖੇਡਣ ਦੀ ਆਦਤ ਪਈ। ਮੁਕਤਸਰ ਬਦਲੀ ਹੋਣ ਤੇ ਮੈਂ ਅਬੋਹਰ ਰਹਿਣ ਲੱਗਾ ਤਾਂ ਮੇਰੇ ਘਰ ਦੇ ਨੇੜੇ ਹੀ ਡੀਏਵੀ ਕਾਲਜ ਸੀ। ਕਾਲਜ ਦੇ ਪ੍ਰਿੰਸੀਪਲ ਸਾਹਿਬ ਨੇ ਬੈਡਮਿੰਟਨ ਕਲੱਬ ਬਣਾਈ ਹੋਈ ਸੀ। ਕਲੱਬ ਦੇ ਮੈਂਬਰ ਹਰ ਰੋਜ਼ ਸ਼ਾਮ ਨੂੰ ਬੈਡਮਿੰਟਨ ਖੇਡਦੇ। ਮੀਂਹ ਜਾਵੇ ਹਨੇਰੀ ਜਾਵੇ ਪ੍ਰਿੰਸੀਪਲ ਸਾਹਿਬ ਰੈਕਟ ਫੜ ਕੇ ਗਰਾਊਂਡ `ਚ ਪਹੁੰਚ ਜਾਂਦੇ। ਮੈਂ ਵੀ ਕਲੱਬ ਦਾ ਮੈਂਬਰ ਬਣ ਗਿਆ ਤੇ ਹਰ ਰੋਜ਼ ਗਰਾਊਂਡ ਜਾਣ ਲੱਗਾ। ਮੇਰੀ ਖੇਡ ਵੇਖ ਕੇ ਪ੍ਰਿੰਸੀਪਲ ਸਾਹਿਬ ਜੋੜੀ ਬਣਾਉਣ ਲਈ ਮੈਨੂ ੰਆਪਣੇ ਵੱਲ ਕਰ ਲੈਂਦੇ। ਮੁਕਤਸਰ ਤੋਂ ਜਲੰਧਰ ਬਦਲੀ ਕਰਵਾਈ ਤਾਂ ਹੰਸਰਾਜ ਸਟੇਡੀਅਮ ਦੀ ਬੈਡਮਿੰਟਨ ਕਲੱਬ ਜੁਆਇਨ ਕਰ ਲਈ। ਢੁੱਡੀਕੇ ਦੀ ਪਈ ਆਦਤ ਲੰਮਾ ਸਮਾਂ ਚੱਲੀ। ਆਪਣੇ ਬੱਚਿਆਂ ਨੂੰ ਵੀ ਖੇਡਣ ਮੱਲ੍ਹਣ ਦੀ ਆਦਤ ਪਾਉਣ ਲਈ ਮੈਂ ਕਈ ਸਾਲ ਸ਼ੌਕੀਆ ਤੌਰ ਤੇ ਬੈਡਮਿੰਟਨ ਖਿਡਾਉਂਦਾ, ਸਿਖਾਉਂਦਾ ਰਿਹਾ।
ਆਪਣੇ ਪਿੰਡ ਚਕਰ ਤੋਂ ਚੱਲੇ ਸਰਵਣ ਸਿੰਘ ਦੇ ਪੈਰਾਂ ਵਿਚ ਉਮਰ-ਭਰ ਚੱਕਰ ਪਿਆ ਰਿਹਾ। ਦੁਨੀਆਂ ਭਰ ਦੇ ਖੇਡ ਮੇਲਿਆਂ `ਚ ਕੁਮੈਂਟਰੀ ਕਰਨ ਲਈ ਕਦੇ ਕਿਤੇ, ਕਦੇ ਕਿਤੇ। ਦਿੱਲੀ ਦੀ ਪ੍ਰੋਫੈ਼ਸਰੀ, ਢੁੱਡੀਕੇ ਪ੍ਰੋਫ਼ੈਸਰੀ, ਮੁਕੰਦਪੁਰ ਪ੍ਰਿੰਸੀਪਲੀ ਤੇ ਬਰੈਂਪਟਨ ਵਿਖੇ 21ਵੀਂ ਸਦੀ ਦੀ ਮੈਰਾਥਨ ਦੌੜਦਿਆਂ ਉਸ ਨੇ ਚਕਰ ਤੇ ਢੁੱਡੀਕੇ ਨੂੰ ਕਦੇ ਵੀ ਮਨੋਂ ਨਾ ਵਿਸਾਰਿਆ। ਸਰਵਣ ਸਿੰਘ ਦਿੱਲੀ ਦੀ ਪ੍ਰੋਫ਼ੈਸਰੀ ਨਾ ਛੱਡਦਾ ਤਾਂ ਆਪਣੀ ਪ੍ਰਤਿਭਾ ਦੇ ਬਲ `ਤੇ ਪੂਰੇ ਭਾਰਤ ਵਿਚ ਪਹਿਚਾਣ ਬਣਾ ਲੈਂਦਾ। ਪਰ ਹੁਣ ਪੂਰੇ ਪੰਜਾਬੀ ਜਗਤ ਵਿਚ ਬਣ ਗਈ ਹੈ। ਉਹ ਜਿਹੜੀ ਵੀ ਮਹਿਫ਼ਲ `ਚ ਬੈਠ ਜਾਂਦੇ ਦਿਲਚਸਪ ਗੱਲਾਂ ਤੇ ਚੁਟਕਲਿਆਂ ਨਾਲ ਸਾਰਿਆਂ ਨੂੰ ਆਪਣਾ ਬਣਾ ਲੈਂਦੇ। ਮਹਿਫ਼ਲ ਵਿਚ ਸ਼ਾਮਲ ਸੱਜਣਾਂ ਨੂੰ ਉਨ੍ਹਾਂ ਦੀਆਂ ਰੌਚਕ ਗੱਲਾਂ ਚਿਰਾਂ ਤੱਕ ਚੇਤੇ ਰਹਿੰਦੀਆਂ ਜੋ ਮੈਨੂੰ ਹੁਣ ਵੀ ਚੇਤੇ ਹਨ। ਲੰਮੀ ਸੈਰ ਕਰਨੀ ਤੇ ਖੇਡਣਾ ਮੱਲ੍ਹਣਾ ਉਨ੍ਹਾਂ ਨੂੰ ਡਾਢਾ ਭਾਉਂਦਾ ਹੈ। ਢੁੱਡੀਕੇ ਪੜ੍ਹਾਉਂਦਿਆਂ ਇਮਤਿਹਾਨਾਂ `ਚ ਜਗਰਾਉਂ ਕਾਲਜ ਦੀ ਡਿਊਟੀ ਲਵਾ ਲੈਣੀ। ਜਾਂਦਿਆਂ ਬੱਸ ਤੇ ਚਲੇ ਜਾਣਾ, ਮੁੜਦਿਆਂ ਜਗਰਾਵਾਂ ਤੋਂ ਢੁੱਡੀਕੇ ਦਾ 16 ਕਿਲੋਮੀਟਰ ਪੈਂਡਾ ਤੁਰ ਕੇ ਤੈਅ ਕਰਨਾ!
ਜਸਵੰਤ ਸਿੰਘ ਕੰਵਲ ਤੇ ਉਹ ਦੋਵੇਂ ਪੰਜਾਬੀ ਵਾਰਤਕ ਦੇ ਸ਼ਾਹ-ਸਵਾਰ ਹਨ। ਕੰਵਲ ਪਿੰਡੋਂ ਬਾਹਰਲੀ ਕੋਠੀ ਦੇ ਪ੍ਰਕਿਰਤਕ ਮਾਹੌਲ ਵਿਚ ਰਹਿੰਦਾ ਸੀ। ਉਸ ਨੇ ਟਿਊਬਵੈਲ ਦੇ ਪਾਣੀਨੂੰ ਅੱਠ ਫੁੱਟ ਉੱਚੀ ਬੰਨੀ ਤੋਂ ਸੁੱਟ ਕੇ ਝਰਨੇ ਦੀ ਆਵਾਜ਼ ਦਾ ਸੰਗੀਤ ਗੁੰਜਾਅ ਰੱਖਿਆ ਸੀ। ਉਸ ਝਰਨੇ ਕੋਲ ਲੱਕੜ ਦੀ ਪੁਰਾਣੀ ਕੁਰਸੀ ਤੇ ਬੈਠ ਕੇ ਲਿਖਦਾ ਸੀ। ਅਸੀਂ ਜਾਂਦੇ ਤਾਂ ਸਾਨੂੰ ਵੀ ਉਥੇ ਬਿਠਾਉਂਦਾ। ਉਸ ਨੇ ਸਰਵਣ ਸਿੰਘ ਬਾਰੇ ਲੇਖ ਲਿਖਿਆ ‘ਖੇਡਾਂ ਦਾ ਵਣਜਾਰਾ’ ਤੇ ਮੈਨੂੰ ਵੀ ਕਿਹਾ ਕਿ ਕੁਛ ਲਿਖਾਂ।
ਪ੍ਰਿੰ. ਸਰਵਣ ਸਿੰਘ ਲਗਾਤਾਰ ਲਿਖਣ ਵਾਲਾ ਲੇਖਕ ਹੈ। ਏਨੀ ਲਗਨ, ਏਨਾ ਸਿਰੜ ਬੜੇ ਘੱਟ ਲੇਖਕਾਂ ਵਿਚ ਹੁੰਦੈ। ਜਿੰਨਾ ਉਹ ਲਿਖਣ ਪ੍ਰਤੀ ਸੁਚੇਤ ਹੈ, ਓਨਾ ਹੀ ਸਿਹਤ ਪ੍ਰਤੀ ਚੇਤੰਨ ਹੈ। ਕਿੰਨੀਆਂ ਕੈਲਰੀਜ਼ ਲਈਆਂ, ਕਿੰਨੀਆਂ ਖ਼ਰਚ ਕੀਤੀਆਂ, ਪੂਰਾ ਹਿਸਾਬ ਰੱਖਦਾ ਹੈ। ਸਿਹਤ ਪ੍ਰਤੀ, ਵਜ਼ਨ ਪ੍ਰਤੀ ਅਜਿਹੀ ਚੇਤੰਨਤਾ, ਅਜਿਹੀ ਲਗਨ ਮੈਂ ਬੜੇ ਘੱਟ ਲੋਕਾਂ ਵਿਚ ਵੇਖੀ ਹੈ। ਖਿਡਾਰੀਆਂ ਬਾਰੇ ਲਿਖਣ ਲਈ ਉਹ ਖਿਡਾਰੀਆਂ ਨਾਲ ਮੇਲ-ਮੁਲਾਕਾਤਾਂ ਕਰਦਾ ਹੈ। ਸਾਂਝਾਂ ਸਿਰਜਦਾ ਹੈ। ਫਿਰ ਜਿਹੜਾ ਰੇਖਾ ਚਿੱਤਰ ਉਸ ਦੀ ਕਲਮ ਚੋਂ ਨਿਕਲਦਾ ਹੈ ਉਹ ਬਾਕਮਾਲ ਹੁੰਦੈ। ਖਿਡਾਰੀ ਦੀ ਅੰਦਰਲੀ ਤੇ ਬਾਹਰਲੀ ਸ਼ਖ਼ਸੀਅਤ ਨੂੰ ਸ਼ਾਖਸਾਤ ਕਾਗਜ਼ ਤੇ ਉਤਾਰ ਦਿੰਦਾ ਹੈ। ਪਾਠਕ ਖਿਡਾਰੀ ਦੀ ਖੇਡ ਕਲਾ, ਖੇਡ ਮੁਹਾਰਤ ਤੇ ਸਮੁੱਚੀ ਸ਼ਖ਼ਸੀਅਤ ਸਬੰਧੀ ਜਾਣ ਕੇ ਅਸ਼-ਅਸ਼ ਕਰ ਉੱਠਦਾ ਹੈ।
ਦਿੱਲੀ ਤੋਂ ਢੁੱਡੀਕੇ ਕਾਲਜ ਆਉਣ ਲਈ ਉਸ ਨੂੰ ਜਸਵੰਤ ਸਿੰਘ ਕੰਵਲ ਨੇ ਹੀ ਪ੍ਰੇਰਿਤ ਕੀਤਾ ਸੀ। ਉਹ ਢੁੱਡੀਕੇ ਆਇਆ ਤਾਂ ਢੁੱਡੀਕੇ ਦਾ ਹੋ ਕੇ ਰਹਿ ਗਿਆ। ਪਰ ਪੈਰਾਂ ਦਾ ਚੱਕਰ ਅਜੇ ਜਾਰੀ ਸੀ। ਅਜੇ ਮੁਕੰਦਪੁਰ ਪ੍ਰਿੰਸੀਪਲ ਬਣ ਕੇ ਜਾਣਾ ਸੀ। ਮੁਕੰਦਪੁਰ ਗਿਆ ਤਾਂ ਮੁਕੰਦਪੁਰੀਆ ਹੋ ਗਿਆ। ਚਕਰ-ਢੁੱਡੀਕੇ-ਮੁਕੰਦਪੁਰ-ਬਰੈਂਪਟਨ ਸਰਵਣ ਸਿੰਘ ਦੀ ਸ਼ਖ਼ਸੀਅਤ ਤੇ ਲੇਖਣੀ ਨਾਲ ਇਕਮਿਕ ਹੋ ਗਏ। ਲਾਸ ਏਂਜਲਸ ਦੀਆਂ ਓਲੰਪਿਕ ਖੇਡਾਂ ਵੇਖਣ ਜਾਣਾ ਸੀ ਪਰ ਜਾ ਨਾ ਸਕੇ। ਟੈਲੀਵਿਜ਼ਨ ਵੇਖ ਕੇ ਕਾਲਮ ਲਿਖਦੇ ਰਹੇ ‘ਝੀਤਾਂ `ਚੋਂ ਵੇਖੀਆਂ ਓਲੰਪਿਕ ਖੇਡਾਂ’ ਜਿਹੜਾ ਬੜਾ ਪਸੰਦ ਕੀਤਾ ਗਿਆ।
ਅਖ਼ਬਾਰਾਂ, ਮੈਗਜ਼ੀਨਾਂ ਵਿਚ ਛਪਦੇ ਹਫ਼ਤਾਵਾਰ, ਮਹੀਨਾਵਾਰ ਕਾਲਮਾਂ ਦੇ ਲੇਖਾਂ ਨੂੰ ਸੋਧ ਕੇ ਪੁਸਤਕ-ਰੂਪ ਵਿਚ ਛਪਾਉਣ ਲਈ ਵੀ ਉਹ ਸਮਾਂ ਕੱਢ ਲੈਂਦੇ ਹਨ। ਹਫ਼ਤਾਵਾਰ ਕਾਲਮ ਲਿਖਣੇ ਬੜੇ ਸਿਰੜ ਤੇ ਸਬਰ ਦਾ ਕੰਮ ਹੈ। ਜੇ ਇਹ ਕਾਲਮ ਦੇਸ਼ ਦੁਨੀਆਂ ਦੀਆਂ ਇੱਕ ਤੋਂ ਵਧੇਰੇ ਅਖ਼ਬਾਰਾਂ ਵਿਚ ਪ੍ਰਕਾਸ਼ਿਤ ਹੁੰਦੇ ਹੋਣ ਤਾਂ ਜ਼ਿੰਮੇਵਾਰੀ ਹੋਰ ਵੀ ਵਧ ਜਾਂਦੀ ਹੈ। ਪ੍ਰਿੰ. ਸਰਵਣ ਸਿੰਘ ਇਹ ਜ਼ਿੰਮੇਵਾਰੀ ਬੜੀ ਮਿਹਨਤ ਤੇ ਸੰਜੀਦਗੀ ਨਾਲ 1965 ਤੋਂ ਨਿਭਾਉਂਦੇ ਆ ਰਹੇ ਹਨ। ਉਨ੍ਹਾਂ ਦੀ ਪੰਜਾਬੀ ਖੇਡ ਸਾਹਿਤ ਸਿਰਜਣ ਦੀ ਮੈਰਾਥਨ ਅਜੇ ਵੀ ਜਾਰੀ ਹੈ। ਕੋਈ ਦੂਸਰਾ ਉਨ੍ਹਾਂ ਦੇ ਨੇੜੇ-ਤੇੜੇ ਵੀ ਨਹੀਂ।
ਕਹਾਣੀਕਾਰ ਕਰਤਾਰ ਸਿੰਘ ਦੁੱਗਲ ਨੂੰ ਇੱਕ ਟੈਲੀਵਿਜ਼ਨ ਇੰਟਰਵਿਊ ਵਿਚ ਪੁੱਛਿਆ, “ਤੁਸੀਂ ਐਨਾ ਕਿਵੇਂ ਲਿਖ ਲੈਂਦੇ ਹੋ?” ਉਨ੍ਹਾਂ ਦਾ ਜਵਾਬ ਸੀ, “ਮੈਂ ਦਿੱਲੀ ਹੋਵਾਂ, ਚੰਡੀਗੜ੍ਹ ਹੋਵਾਂ, ਲੰਡਨ ਹੋਵਾਂ ਜਾਂ ਨਿਊਯਾਰਕ, ਸਵੇਰੇ 4 ਵਜੇ ਉੱਠ ਕੇ ਲਿਖਣ ਬੈਠ ਜਾਂਦਾ ਹਾਂ। ਇੰਨ-ਬਿੰਨ ਇਹੀ ਅਦਬੀ-ਅਨੁਸ਼ਾਸਨ ਪ੍ਰਿੰ. ਸਰਵਣ ਸਿੰਘ ਦਾ ਹੈ। ਉਹ ਬਰੈਂਪਟਨ ਹੋਣ, ਚਕਰ ਚਾਹੇ ਮੁਕੰਦਪੁਰ ਹੋਣ, ਸਵੇਰ ਸਾਰ ਹੀ ਪੜ੍ਹਨ-ਲਿਖਣ ਲੱਗ ਜਾਂਦੇ ਹਨ। ਇਸੇ ਕਾਰਨ ਪੁਸਤਕਾਂ ਦੀ ਰੇਲਗੱਡੀ ਬਣਾ ਛੱਡੀ ਹੈ ਅਤੇ ਹਰੇਕ ਅਖ਼ਬਾਰ/ ਮੈਗਜ਼ੀਨ ਵਿਚ ਉਨ੍ਹਾਂ ਦਾ ਨਾਂ ਬੋਲਦਾ ਹੈ। ਉਨ੍ਹਾਂ ਦੀ ਲਿਖਣ-ਸ਼ੈਲੀ ਵੀ ਵਿਲੱਖਣ ਹੈ। ਪਾਠਕ ਪੜ੍ਹਦਾ-ਪੜ੍ਹਦਾ ਨਾਲ ਹੋ ਤੁਰਦਾ ਹੈ। ਵਰਿਆਮ ਸਿੰਘ ਸੰਧੂ ਨੇ ਉਨ੍ਹਾਂ ਬਾਰੇ ‘ਪੰਜਾਬੀ ਵਾਰਤਕ ਦਾ ਉੱਚਾ ਬੁਰਜ ਸਰਵਣ ਸਿੰਘ’ ਪੁਸਤਕ ਸੰਪਾਦਿਤ ਕੀਤੀ ਹੈ ਜੋ ਆਪਣੀ ਤਰ੍ਹਾਂ ਦਾ ਅਭਿਨੰਦਨ ਗ੍ਰੰਥ ਹੈ।
ਉਨ੍ਹਾਂ ਨੇ ਜਿੰਨਾ ਲਿਖਿਆ ਨਿੱਜੀ ਪਹੁੰਚ ਕਰ ਕੇ ਲਿਖਿਆ। ਜਦੋਂ ਵੀ ਕਿਤੇ ਖੇਡ-ਮੁਕਾਬਲੇ ਜਾਂ ਟੂਰਨਾਮੈਂਟ ਵੇਖਣ ਜਾਣਾ, ਖਿਡਾਰੀਆਂ ਨੂੰ ਮਿਲਣਾ ਤਾਂ ਗੱਲਾਂ ਬਾਤਾਂ ਡਾਇਰੀ ਤੇ ਨੋਟ ਕਰਦੇ ਜਾਣਾ। ਨੋਟ ਕੀਤੇ ਨੂੰ ਫਿਰ ਕਲਾਤਮਿਕ ਵਿਸਥਾਰ ਦਿੰਦੇ ਜਾਣਾ। ਹਾਸ-ਵਿਅੰਗ ਦੀ ਚਾਸ਼ਨੀ ਚ ਗੁੰਨ ਕੇ ਅਜਿਹਾ ਰੰਗ ਚਾੜ੍ਹਨਾ ਕਿ ਪਾਠਕ ਦੇ ਮਨ ਅੰਦਰ ਫੁਲਝੜੀਆਂ ਚੱਲਣ ਲਾ ਦੇਣਾ। ਉਸ ਦਾ ‘ਖਿਡਾਰੀਆਂ ਦੇ ਵਹਿਮ ਭਰਮ’ ਲੇਖ ਜਦ ਕਾਲਜ ਦੀਆਂ ਕਲਾਸਾਂ ਵਿਚ ਪੜ੍ਹਾਈਦਾ ਸੀ ਤਾਂ ਵਿਦਿਆਰਥੀ ਹੱਸ-ਹੱਸ ਦੂਹਰੇ ਹੋ ਜਾਂਦੇ ਸਨ।
ਹੁਣ ਬੇਸ਼ਕ ਅਖ਼ਬਾਰਾਂ, ਮੈਗ਼ਜ਼ੀਨਾਂ ਵਿਚ ਲਿਖਣ ਵਾਲੇ ਦਰਜਨਾਂ ਖੇਡ ਲੇਖਕ ਪੈਦਾ ਹੋ ਗਏ ਹਨ ਪਰ ਸਰਵਣ ਸਿੰਘ ਕਿਸੇ ਨਹੀਂ ਬਣ ਜਾਣਾ ਕਿਉਂਕਿ ਖੇਡ ਸਾਹਿਤ ਦੀ ਲੰਮੀ ਮੈਰਾਥਨ ਦੌੜਨ ਦਾ ਦਮ ਹਰੇਕ ਵਿਚ ਨਹੀਂ। ਐਨਾ ਅਨੁਸ਼ਾਸਨ, ਐਨਾ ਜ਼ਬਤ, ਐਨਾ ਠਰ੍ਹੰਮਾ, ਐਨਾ ਸਬਰ, ਐਨਾ ਸਹਿਜ ਉਹ ਕਿੱਥੋਂ ਲਿਆਉਣਗੇ? ਉਹ ਦੁਨੀਆਂ ਭਰ `ਚ ਵੱਸੇ ਪੰਜਾਬੀ ਭਾਈਚਾਰੇ ਦਾ, ਲੇਖਕ ਵਰਗ ਦਾ ਮਾਣ ਹਨ। ਉਨ੍ਹਾਂ ਦੀ ਲੇਖਣੀ ਤੇ, ਉਨ੍ਹਾਂ ਦੇ ਯੋਗਦਾਨ ਤੇ ਜਿੰਨਾ ਮਾਣ ਕੀਤਾ ਜਾਵੇ ਥੋੜ੍ਹਾ ਹੈ। ਖੇਤਰੀ ਭਾਸ਼ਾ ਵਿਚ ਲਿਖਣ ਦੀ ਕਦਰ ਪਵਾਉਣੀ ਹੋਵੇ ਤਾਂ ਕੋਈ ਸਰਵਣ ਸਿੰਘ ਵਾਂਗ ਲਿਖਣਾ ਸਿੱਖੇ। ਕੈਨੇਡਾ ਵਿਚ ‘ਪਤਝੜ ਦੀ ਬਹਾਰ’ ਦੇ ਰੰਗਾਂ ਬਾਰੇ ਪੜ੍ਹ ਕੇ ਤਾਂ ਮਨ ਅਸ਼-ਅਸ਼ ਹੀ ਕਰ ਉੱਠਿਆ। ਜਦ ਜਸਵੰਤ ਸਿੰਘ ਕੰਵਲ ਤੇ ਪ੍ਰੋ. ਸਰਵਣ ਸਿੰਘ ਢੁੱਡੀਕੇ ਦੇ ਖੇਡ ਮੇਲੇ ਦੌਰਾਨ ਕਮੈਂਟਰੀ ਕਰਦੇ ਤਾਂ ਲੋਕਾਂ ਦਾ ਧਿਆਨ ਖੇਡ ਵੱਲ ਘੱਟ ਤੇ ਕਮੈਂਟਰੀ ਵੱਲ ਵੱਧ ਹੁੰਦਾ ਸੀ।
ਪ੍ਰਿੰ. ਸਰਵਣ ਸਿੰਘ ਦਿਲਚਸਪ ਗੱਲਾਂ ਤੇ ਚੁਟਕਲਿਆਂ ਨਾਲ ਖੁਸ਼ ਰਹਿਣਾ ਅਤੇ ਦੂਸਰਿਆਂ ਨੂੰ ਖੁਸ਼ ਰੱਖਣਾ ਜਾਣਦੇ ਹਨ ਪਰ ਮੈਂ ਉਨ੍ਹਾਂ ਦੀ ਖੁਸ਼ੀ ਉਦੋਂ ਹੋਰ ਵੀ ਡੁਲ੍ਹ-ਡੁਲ੍ਹ ਪੈਂਦੀ ਵੇਖੀ ਜਦੋਂ ਪੰਜਾਬੀ ਦੇ ਸਿਰਮੌਰ ਕਵੀ, ਆਲੋਚਕ ਤੇ ਅਧਿਆਪਕ ਡਾ. ਹਰਭਜਨ ਸਿੰਘ ਨੇ ਉਨ੍ਹਾਂ ਦੀ ਖੇਡ-ਲੇਖਣੀ ਬਾਰੇ ਆਰਸੀ ਵਿਚ ਪ੍ਰਸ਼ੰਸਾਮਈ ਲੇਖ ‘ਸ਼ਬਦਾਂ ਦਾ ਓਲੰਪੀਅਨ’ ਲਿਖਿਆ। ਉਨ੍ਹਾਂ ਨੇ ਪਤਾ ਨਹੀਂ ਕਿੰਨਿਆਂ ਨੂੰ ਖੇਡ ਸਾਹਿਤ ਪੜ੍ਹਨ ਲਾਇਆ, ਕਿੰਨਿਆਂ ਨੂੰ ਖੇਡ ਸਾਹਿਤ ਲਿਖਣ ਲਾਇਆ ਤੇ ਕਿੰਨਿਆਂ ਨੂੰ ਖੇਡਾਂ ਖੇਡਣ ਲਾਇਆ। ਉਨ੍ਹਾਂ `ਚੋਂ ਮੈਂ ਵੀ ਇੱਕ ਹਾਂ।
ਪੱਤਰਕਾਰੀ ਦੇ ਖੇਤਰ ਵਿਚ, ਖੇਡ ਪੱਤਰਕਾਰੀ ਦਾ ਵਿਲੱਖਣ ਸਥਾਨ ਹੈ। ਅਖ਼ਬਾਰਾਂ ਵਿਸ਼ੇਸ਼ ਖੇਡ-ਪੰਨੇ ਪ੍ਰਕਾਸ਼ਿਤ ਕਰਦੀਆਂ ਹਨ। ਟੈਲੀਵਿਜ਼ਨ ਚੈਨਲ ਮਹੱਤਵਪੂਰਨ ਮੈਚਾਂ ਨੂੰ ਬਹੁਤ ਮਹੱਤਵ ਦਿੰਦੇ ਹਨ। ਜਦ ਭਾਰਤੀ ਕ੍ਰਿਕਟ ਟੀਮ ਦਾ ਪਾਕਿਸਤਾਨ ਟੀਮ ਨਾਲ ਮੈਚ ਹੁੰਦਾ ਹੈ ਤਦ ਖੇਡ ਚੈਨਲਾਂ ਦਾ ਜਨੂੰਨ ਵੇਖਣ ਵਾਲਾ ਹੁੰਦਾ ਹੈ। ਅਜਿਹੇ ਮੈਚ ਦੌਰਾਨ 10 ਸਕਿੰਟ ਦੇ ਇਸ਼ਤਿਹਾਰ ਦਾ ਰੇਟ ਕਰੋੜਾਂ ਤੱਕ ਪਹੁੰਚ ਜਾਂਦਾ ਹੈ। ਪੰਜਾਬੀ ਮੀਡੀਆ ਦੇ ਪ੍ਰਚਾਰ ਪ੍ਰਸਾਰ ਸਦਕਾ ਪੰਜਾਬੀ ਖੇਡ ਪੱਤਰਕਾਰੀ ਅਤੇ ਪੰਜਾਬੀ ਖੇਡ ਸਾਹਿਤ ਨੇ ਪੰਜਾਬੀ ਪਾਠਕਾਂ, ਦਰਸ਼ਕਾਂ ਦਾ ਧਿਆਨ ਖਿੱਚਿਆ ਹੈ। ਇਹਦੇ ਵਿਚ ਪ੍ਰਿੰ. ਸਰਵਣ ਸਿੰਘ ਦਾ ਅਹਿਮ ਯੋਗਦਾਨ ਹੈ। ਉਨ੍ਹਾਂ ਦੀਆਂ 40 ਪੁਸਤਕਾਂ `ਚੋਂ 25 ਪੁਸਤਕਾਂ ਖੇਡਾਂ ਤੇ ਖਿਡਾਰੀਆਂ ਸਬੰਧੀ ਹੀ ਹਨ। ਇਨ੍ਹਾਂ ਤੋਂ ਇਲਾਵਾ ਕਹਾਣੀਆਂ ਹਨ, ਰੇਖਾ ਚਿੱਤਰ ਹਨ, ਸਫ਼ਰਨਾਮੇ ਹਨ, ਹਾਸ-ਵਿਅੰਗ ਹੈ ਤੇ ਪੇਂਡ ੂਜਨ-ਜੀਵਨ ਬਾਰੇ ਲੇਖ ਹਨ।
ਉਨ੍ਹਾਂ ਦੀਆਂ ਪੁਸਤਕਾਂ ਪੰਜਾਬ ਦੇ ਉੱਘੇ ਖਿਡਾਰੀ, ਖੇਡ ਸੰਸਾਰ, ਖੇਡ ਜਗਤ ਵਿਚ ਭਾਰਤ, ਪੰਜਾਬੀ ਖਿਡਾਰੀ, ਪਿੰਡ ਦੀ ਸੱਥ ਚੋਂ, ਖੇਡ ਮੈਦਾਨ ਚੋਂ, ਉਲੰਪਿਕ ਖੇਡਾਂ, ਅੱਖੀਂ ਵੇਖ ਨਾ ਰੱਜੀਆਂ, ਬਾਤਾਂ ਵਤਨ ਦੀਆਂ, ਪੰਜਾਬ ਦੀਆਂ ਦੇਸੀ ਖੇਡਾਂ, ਖੇਡ ਜਗਤ ਦੀਆਂ ਬਾਤਾਂ, ਖੇਡ ਪਰਿਕਰਮਾ, ਖੇਡ ਦਰਸ਼ਨ, ਉਲੰਪਿਕ ਖੇਡਾਂ ਦੀ ਸਦੀ, ਖੇਡ ਮੇਲੇ ਵੇਖਦਿਆਂ, ਫੇਰੀ ਵਤਨਾਂ ਦੀ, ਪੰਜਾਬ ਦੇ ਚੋਣਵੇਂ ਖਿਡਾਰੀ, ਖੇਡਾਂ ਦੀ ਦੁਨੀਆਂ, ਹਸੰਦਿਆਂ ਖੇਲੰਦਿਆਂ, ਕਬੱਡੀ ਕਬੱਡੀ ਕਬੱਡੀ, ਮੇਲੇ ਕਬੱਡੀ ਦੇ, ਅੱਖੀਂ ਡਿੱਠਾ ਕਬੱਡੀ ਵਰਲਡ ਕੱਪ, ਖੇਡ ਅਤੇ ਸਿਹਤ ਵਾਰਤਾ, ਕਿੱਸਾ ਕਬੱਡੀ ਦਾ, ਏਥਨਜ਼ ਤੋਂ ਲੰਡਨ, ਗੋਲਡਨ ਗੋਲ, ਪੰਜਾਬ ਦੇ ਕੋਹੇਨੂਰ ਤਿੰਨ ਭਾਗ, ਰੰਗਾਂ ਦੀ ਗਾਗਰ ਵਾਲਾ ਸਰਦਾਰਾ ਸਿੰਘ ਜੌਹਲ, ਮੇਰੇ ਵਾਰਤਕ ਦੇ ਰੰਗ, ਕੰਪਿਊਟਰ ਦਾ ਧਨੰਤਰ, ਸ਼ਬਦਾਂ ਦਾ ਜਾਦੂਗਰ ਆਦਿ ਸਭ ਚਰਚਿਤ ਹਨ। ਉਨ੍ਹਾਂ ਦੀਆਂ ਕੁੱਝ ਪੁਸਤਕਾਂ ਅਤੇ ਲੇਖ ਵੱਖ-ਵੱਖ ਯੂਨੀਵਰਸਿਟੀਆਂ ਦੀਆਂ ਵੱਖ-ਵੱਖ ਕਲਾਸਾਂ ਦੇ ਸਿਲੇਬਸ ਵਿਚ ਸ਼ਾਮਲ ਹਨ। ਉਨ੍ਹਾਂ ਦੇ ਸ਼ਬਦਾਂ ਵਿਚ ਖੇਡ ਸਾਹਿਤ ਦਾ ਉਦੇਸ਼ ਖੇਡਾਂ ਤੇ ਖਿਡਾਰੀਆਂ ਬਾਰੇ ਜਾਣਕਾਰੀ ਦੇਣਾ ਹੈ ਪਰ ਖੇਡ ਸਾਹਿਤ ਦੀ ਰਚਨਾ ਕਰਨ ਵਾਲੇ ਸਿਰਮੌਰ ਲੇਖਕ ਸਬੰਧੀ ਲਿਖਣਾ ਤਾਂ ਸਾਡੀ ਵੀ ਜ਼ਿੰਮੇਵਾਰੀ ਹੈ ਕਿਉਂਕਿ ਬਹੁਤੇ ਲੇਖਕ ਤੇ ਕਲਾਕਾਰ ਆਪਣੀ ਗੱਲ ਆਪ ਕਰਨ ਤੋਂ ਸੰਕੋਚ ਕਰਦੇ ਹਨ।
ਪ੍ਰਿੰ. ਸਰਵਣ ਸਿੰਘ ਲਿਖਤਾਂ ਲਿਖਦੇ ਨਹੀਂ, ਲਿਖਤਾਂ ਜਿਊਂਦੇ ਹਨ। ਲਿਖਣਾ ਉਨ੍ਹਾਂ ਦਾ ਸ਼ੌਕ ਹੀ ਨਹੀਂ, ਜਿਊਣ-ਢੰਗ ਵੀ ਹੈ। ਮੈਨੂੰ ਲੱਗਦੈ ਉਹ ਖੇਡਾਂ ਬਾਰੇ ਲਿਖਣ ਲਈ ਹੀ ਪੈਦਾ ਹੋਏ ਹਨ। 1965-66 ਤੋਂ ਖੇਡ ਸਾਹਿਤ ਵਿਚ ਉਨ੍ਹਾਂ ਦੀ ਝੰਡੀ ਹੈ। ਮੈਂ ਕਈ ਵਾਰ ਸੋਚਦਾਂ, ਖੇਡਾਂ ਬਾਰੇ, ਖਿਡਾਰੀਆਂ ਬਾਰੇ, ਖੇਡ-ਜਗਤ ਬਾਰੇ, ਏਨੀ ਵਿਸ਼ਾਲ ਜਾਣਕਾਰੀ ਰੱਖਣ ਵਾਲੇ ਐਸੇ ਖੋਜੀ ਖੇਡ ਲੇਖਕ ਨੂੰ ਕਿਸੇ ਯੂਨੀਵਰਸਿਟੀ ਵੱਲੋਂ ਖੇਡ ਸਾਹਿਤ ਦੀ ਆਨਰੇਰੀ ਡਿਗਰੀ ਨਾਲ ਸਨਮਾਨਿਤ ਕੀਤਾ ਜਾਣਾ ਚਾਹੀਦੈ। ਹੁਣ ਉਹ ਉਮਰ ਦੀ ਪੌੜੀ ਦਾ 83ਵਾਂ ਡੰਡਾ ਚੜ੍ਹਨ ਵਾਲੇ ਹਨ। ਅਸੀਂ ਕਾਮਨਾ ਕਰਦੇ ਹਾਂ ਕਿ ਉਹ ਵੀ ਆਪਣੇ ਮੁਰਸ਼ਦ ਜਸਵੰਤ ਸਿੰਘ ਕੰਵਲ ਵਾਂਗ ਸੈਂਚਰੀ ਮਾਰਨ।