ਮੇਜਰ ਕੁਲਾਰ ਬੋਪਾਰਾਏ ਕਲਾਂ
ਫੋਨ: 916-273-2856
ਬਾਈ ਇਕਬਾਲ ਸਿੰਘ ਦਾ ਫੋਨ ਆਉਂਦਾ ਤਾਂ ਉਹ ਮਿਲਣ ਦੀ ਤਾਂਘ ਹਮੇਸ਼ਾ ਲੋਚਦਾ। ਸਾਡੀ ਦੋਵਾਂ ਦੀ ਤਾਂਘ ਪਿਛਲੇ ਐਤਵਾਰ ਪੂਰੀ ਹੋ ਗਈ ਜਦੋਂ ਅਸੀਂ ਦੋਵਾਂ ਨੇ ਪਿਆਰ ਦੀ ਗਲਵੱਕੜੀ ਘੁੱਟ ਕੇ ਪਾਈ ਹੀ ਨਹੀਂ ਸਗੋਂ ਕਾਫੀ ਸਮਾਂ ਛੱਡੀ ਵੀ ਨਹੀਂ। ਬਾਈ ਕਾਫੀ ਸਮੇਂ ਤੋਂ ਆਪਣੀ ਹੱਡ-ਬੀਤੀ ਸੁਣਾਉਣੀ ਚਾਹੁੰਦਾ ਸੀ। ਜੋ ਉਸ ਨੇ ਸੁਣਾਇਆ, ਐਤਕੀਂ ਉਹ ਲਿਖ ਰਿਹਾ ਹਾਂ।
ਬਾਈ ਇਕਬਾਲ ਨੇ ਦੱਸਿਆ, ਮੈਂ ਹਰਪਾਲ ਨੂੰ ਪਹਿਲੀ ਵਾਰ ਗੁਰਦੇਵ ਨਗਰ ਵਿਚ ਕਿਸੇ ਮਸ਼ਹੂਰ ਕਾਮੇਡੀਅਨ ਦੀ ਕੋਠੀ ਵਿਚ ਮਿਲਿਆ ਸੀ ਜਿਥੇ ਉਹ ਢੋਲ ਵਜਾਉਣਾ ਸਿੱਖ ਰਿਹਾ ਸੀ। ਮੈਂ ਚਿਮਟਾ ਵਧੀਆ ਖੜਕਾਉਣ ਲੱਗ ਪਿਆ ਸੀ। ਅਹਿਮਦਗੜ੍ਹ ਮੰਡੀ ਕੋਲ ਦਾ ਮੱਧਰੇ ਜਿਹੇ ਕੱਦ ਦਾ ਸਾਡਾ ਏਜੰਟ ਸੀ। ਉਸ ਕੋਠੀ ਵਿਚ ਸ਼ੁਰੂ ਹੋਈ ਸੀ ਢੋਲ ਅਤੇ ਚਿਮਟੇ ਦੀ ਪੱਕੀ ਯਾਰੀ। ਏਜੰਟ ਨੇ ਸਾਨੂੰ ਕਿਸੇ ਗਾਇਕ ਨਾਲ ਸਾਜ਼ੀ ਬਣਾ ਕੇ ਅਮਰੀਕਾ ਛੱਡਣਾ ਸੀ। ਤਿੰਨ ਮਹੀਨਿਆਂ ਵਿਚ ਅਸੀਂ ਪੂਰੇ ਚੰਗਿਆੜੇ ਕੱਢਣ ਲੱਗ ਪਏ। ਸਾਡੀ ਦੋਵਾਂ ਦੀ ਘੱਟ ਪੜ੍ਹਾਈ ਸਾਡੀ ਟਾਈ ਪਹਿਲਾਂ ਹੀ ਦੱਸ ਦਿੰਦੀ ਸੀ। ਜਿਸ ਦਿਨ ਅਸੀਂ ਦਿੱਲੀਉਂ ਵੀਜ਼ਾ ਲੈਣ ਗਏ ਸਾਂ, ਪੱਠੇ-ਵੱਢ ਜੱਟ ਕੋਟ-ਪੈਂਟ ਵਿਚ ਨੂੜੇ ਪਏ ਸੀ। ਸਾਨੂੰ ਵੀਜ਼ਾ ਮਿਲ ਗਿਆ। ਦੋ ਵੱਖੋ-ਵੱਖ ਖੁੱਡਿਆਂ ਦੇ ਚੀਨੇ ਕਬੂਤਰ ਫਿਰ ਇਕੋ ਛਤਰੀ ਤੋਂ ਲੰਮੀ ਪਰਵਾਜ਼ ਭਰ ਗਏ। ਏਜੰਟ ਸਾਨੂੰ ਛੱਡ ਕੇ ‘ਨੌਂ ਦੋ ਗਿਆਰਾਂ’ ਹੋ ਗਿਆ। ਧੱਕੇ-ਜੱਫੇ ਲਾਉਂਦਿਆਂ ਇਕ ਪੰਜਾਬੀ ਨੇ ਆਪਣੇ ਰੈਸਟੋਰੈਂਟ ਵਿਚ ਕੰਮ ਦੇ ਦਿੱਤਾ। ਚਾਰ ਮਹੀਨੇ ਪਤੀਲੇ ਮਾਂਜੇ; ਫਿਰ ਕੋਈ ਪੰਜਾਬੀ ਰੋਟੀ ਖਾਣ ਆਇਆ ਤਾਂ ਉਸ ਨੇ ਪਛਾਣ ਲਿਆ ਕਿ ਦੋਵੇਂ ਮਲਵਈ ਲੱਗਦੇ ਨੇ। ਉਸ ਨੂੰ ਸਾਰਾ ਕੁਝ ਦੱਸਿਆ ਤਾਂ ਉਹ ਸਾਨੂੰ ਰੈਸਟੋਰੈਂਟ ਤੋਂ ਕੱਢ ਲਿਆਇਆ ਤੇ ਯੂਬਾ ਸਿਟੀ ਦੇ ਖੇਤਾਂ ਵਿਚ ਲਿਆ ਛੱਡਿਆ। ਉਥੇ ਪੁੱਜ ਕੇ ਇੰਜ ਲੱਗਿਆ ਜਿਵੇਂ ਪੰਜਾਬ ਹੀ ਆ ਗਏ ਹੋਈਏ। ਅਸੀਂ ਭਈਆਂ ਵਾਂਗ ਖੇਤ ਹੀ ਰਹਿੰਦੇ। ਸਾਡਾ ਮਾਲਕ ਵਧੀਆ ਬੰਦਾ ਨਿਕਲਿਆ, ਉਸ ਨੇ ਸਾਡੇ ਦੋਵਾਂ ਦੇ ਰਿਫਿਊਜੀ ਕੇਸ ਕਰਵਾ ਦਿੱਤੇ।
“ਬਾਈ ਜੀ, ਤੁਸੀਂ ਪਿੰਡ ਵਿਆਹੇ ਸੀ ਕਿ ਕੁਆਰੇ ਹੀ ਸੀ?” ਮੈਂ ਪੁੱਛ ਬੈਠਾ।
“ਬਾਈ ਕੁਲਾਰ, ਮੇਰੇ ਦੋ ਛੋਟੇ ਛੋਟੇ ਮੁੰਡੇ ਸੀ ਤੇ ਹਰਪਾਲ ਦੇ ਇਕ ਮੁੰਡਾ ਤੇ ਇਕ ਕੁੜੀ।” ਇਕਬਾਲ ਨੇ ਗੱਲ ਅਗਾਂਹ ਤੋਰੀ, “ਤਿੰਨ ਮਹੀਨਿਆਂ ਬਾਅਦ ਮੇਰਾ ਕੇਸ ਤਾਂ ਪਾਸ ਹੋ ਗਿਆ ਪਰ ਹਰਪਾਲ ਦਾ ਕੇਸ ਕੱਛੂ-ਚਾਲੇ ਹੋ ਗਿਆ। ਮੈਂ ਖੇਤਾਂ ਦਾ ਕੰਮ ਛੱਡ ਕੇ ਸਟੋਰ ਵੱਲ ਹੋ ਗਿਆ। ਹਰਪਾਲ ਦਾ ਝੰਡਾ ਖੇਤਾਂ ਵਿਚ ਹੀ ਝੂਲਦਾ ਰਿਹਾ। ਉਹ ਰੋਟੀ ਮਾਲਕ ਨਾਲ ਹੀ ਖਾ ਲੈਂਦਾ। ਰਹਿਣਾ ਵੀ ਮੁਫ਼ਤ ਵਿਚ ਸੀ। ਜਿੰਨੇ ਡਾਲਰ ਕਮਾਉਂਦਾ, ਪਿੰਡ ਭੇਜ ਦਿੰਦਾ। ਹੌਲੀ-ਹੌਲੀ ਚੱਲਦੇ ਕੇਸ ਨੇ ਉਸ ਨੂੰ ਵਰਕ ਪਰਮਿਟ ਦਿਵਾ ਦਿੱਤਾ, ਤੇ ਉਹ ਲਾਇਸੰਸ ਲੈ ਕੇ ਟਰੱਕ ‘ਤੇ ਚੜ੍ਹ ਗਿਆ। ਕੱਪੜਿਆਂ ਵਾਲਾ ਬੈਗ ਉਸ ਨੇ ਮੇਰੇ ਅਪਾਰਟਮੈਂਟ ਵਿਚ ਰੱਖ ਲਿਆ। ਮੇਰੀ ਘਰਵਾਲੀ ਦੋਵੇਂ ਮੁੰਡੇ ਲੈ ਕੇ ਆ ਗਈ। ਮੁੰਡੇ ਪੜ੍ਹਨ ਲਾ ਦਿੱਤੇ। ਮੈਂ ਕੰਮ ਕਰਦਾ, ਘਰਵਾਲੀ ਬੱਚਿਆਂ ਨੂੰ ਛੱਡਣ-ਲਿਆਉਣ ‘ਤੇ ਹੀ ਰਹਿੰਦੀ। ਮੇਰੇ ਇਕੱਲੇ ਦੀ ਕਮਾਈ ਨਾਲ ਤਾਂ ਰੋਟੀ-ਟੁੱਕ ਹੀ ਮਸਾਂ ਜੁੜਦਾ। ਜੇ ਮੈਂ ਟਰੱਕ ‘ਤੇ ਚੜ੍ਹਦਾ ਸੀ ਤਾਂ ਪਿੱਛੇ ਬੱਚਿਆਂ ਦਾ ਔਖਾ ਸੀ। ਕਈ ਵਾਰ ਤਾਂ ਮੈਂ ਵੀ ਅੱਕਿਆ ਹੋਇਆ ਆਖ ਦਿੰਦਾ ਕਿ ਹਰਪਾਲ ਵਾਂਗ ਮੇਰਾ ਕੇਸ ਵੀ ਲਟਕ ਜਾਂਦਾ, ਕਮ-ਸੇ-ਕਮ ਚਾਰ ਡਾਲਰ ਤਾਂ ਜੋੜ ਲੈਂਦਾ! ਉਧਰ ਹਰਪਾਲ ਕਹਿੰਦਾ, ਕੇਸ ਪਾਸ ਹੋ ਜਾਵੇ ਤਾਂ ਮੈਂ ਕੋਈ ਬਿਜ਼ਨਸ ਲੈ ਲਵਾਂ।
ਹਰਪਾਲ ਨੂੰ ਕਈਆਂ ਨੇ ਸਲਾਹ ਦਿੱਤੀ ਕਿ ਕਿਸੇ ਗੋਰੀ-ਕਾਲੀ ਨਾਲ ਵਿਆਹ ਕਰਵਾ ਕੇ ਪੱਕਾ ਹੋ ਜਾਵੇ। ਉਹ ਕਹਿ ਛੱਡਦਾ-ਜਿਸ ਨਾਲ ਲਾਵਾਂ ਲਈਆਂ ਨੇ, ਉਸ ਨਾਲ ਹੀ ਨਿਭ ਜਾਵੇ, ਹੋਰ ਤੋਂ ਮੁਆਫੀ ਹੀ ਚੰਗੀ ਹੈ। ਹਰਪਾਲ ਦਾ ਕੇਸ ਕੋਰਟ ਕਚਹਿਰੀਆਂ ਵਿਚ ਗੇੜੇ ਕਢਵਾਈ ਗਿਆ, ਪਰ ਗਰੀਨ ਕਾਰਡ ਦੀ ਕੋਈ ਉਮੀਦ ਨਾ ਬੱਝੀ। ਹੁਣ ਸਾਨੂੰ ਪਿੰਡੋਂ ਆਇਆਂ ਅੱਠ ਦੀਵਾਲੀਆਂ ਲੰਘ ਚੁੱਕੀਆਂ ਸਨ। ਨੌਵੀਂ ਦੀਵਾਲੀ ‘ਤੇ ਹਰਪਾਲ ਪਿੰਡ ਜਾਣਾ ਚਾਹੁੰਦਾ ਸੀ। ਮੈਂ ਮਿੰਨਤਾਂ ਤਰਲੇ ਕੀਤੇ ਕਿ ਪਿੰਡ ਨਾ ਜਾਹ, ਉਥੇ ਜ਼ਿੰਦਗੀ ਨਰਕ ਬਣ ਜਾਊਗੀ। ਇਸ ਤਰ੍ਹਾਂ ਦਾ ਦੇਸ਼ ਛੱਡ ਕੇ ਨਹੀਂ ਜਾਈਦਾ। ਲੋਕ ਤਾਂ ਸਿੱਧੇ-ਅਸਿੱਧੇ ਢੰਗ-ਤਰੀਕੇ ਵਰਤ ਕੇ ਇੱਥੇ ਪਹੁੰਚਦੇ ਹਨ, ਤੇ ਤੂੰ ਸਭ ਕੁਝ ਛੱਡ ਕੇ ਤੁਰਿਆ ਜਾਂਦਾ ਏਂ। ਮੈਂ ਮਸਾਂ ਉਸ ਨੂੰ ਰੋਕਿਆ।
ਹਰਪਾਲ ਰੁਕ ਤਾਂ ਗਿਆ ਪਰ ਉਸ ਦੇ ਦਿਮਾਗ ਵਿਚ ਹਮੇਸ਼ਾ ਪਿੰਡ ਘੁੰਮਦਾ ਰਹਿੰਦਾ। ਆਪਣੇ ਬੱਚੇ ਤੇ ਘਰਵਾਲੀ ਉਸ ਨੂੰ ਕਦੇ ਨਾ ਭੁੱਲਦੇ। ਆਪਣੀ ਮਾਂ ਨਾਲ ਗੱਲ ਕਰਦਾ ਤਾਂ ਰੋਣੋਂ ਨਾ ਹਟਦਾ। ਬਾਪੂ ਉਸ ਦਾ ਹਮੇਸ਼ਾ ਕਹਿੰਦਾ- ਪਾਲਿਆ ਆ ਜਾ ਪੁੱਤਰਾ! ਮੈਂ ਸ਼ਰੀਕਾਂ ਤੋਂ ਉਂਗਲ ਜਿੰਨੀ ਚੀਜ਼ ਵੀ ਉਧਾਰੀ ਨਹੀਂ ਮੰਗੀ, ਦੇਖੀਂ! ਮੈਨੂੰ ਕਿਤੇ ਆਖਰੀ ਸਮੇਂ ਸ਼ਰੀਕਾਂ ਦਾ ਮੋਢਾ ਨਾ ਉਧਾਰਾ ਲੈਣਾ ਪੈ ਜਾਵੇ। ਹਰਪਾਲ ਦੇ ਮਾਪੇ ਵੀ ਆਪਣੀ ਜਗ੍ਹਾ ਸੱਚੇ ਸਨ। ਥੋੜ੍ਹਾ ਸਮਾਂ ਲੰਘਿਆ ਤਾਂ ਹਰਪਾਲ ਦਾ ਐਕਸੀਡੈਂਟ ਹੋ ਗਿਆ। ਉਹ ਆਪ ਤਾਂ ਬਚ ਗਿਆ, ਪਰ ਟਰੱਕ-ਟਰੇਲਰ ਸੁਆਹ ਹੋ ਗਿਆ। ਇੰਸ਼ੋਰੈਂਸ ਨਾਲ ਕਾਨੂੰਨੀ ਲੜਾਈ ਲੜ ਕੇ ਉਸ ਨੇ ਆਪਣੇ ਨੁਕਸਾਨ ਦੀ ਰਕਮ ਵਸੂਲ ਲਈ। ਲੋਕਾਂ ਨਾਲ ਲੈਣ-ਦੇਣ ਬਰਾਬਰ ਕਰਨ ਲੱਗ ਪਿਆ। ਫਿਰ ਇਕ ਦਿਨ ਇੰਡੀਅਨ ਅੰਬੈਂਸੀ ਤੋਂ ਐਮਰਜੈਂਸੀ ਸਲਿਪ ਲੈਣ ਤੁਰਨ ਲੱਗਿਆ ਤਾਂ ਮੇਰੇ ਕੋਲੋਂ ਫਿਰ ਨਾ ਰਿਹਾ ਗਿਆ। ਮੈਂ ਫਿਰ ਕਹਿ ਦਿੱਤਾ ਕਿ ਬਾਈ! ਆਪਾਂ ਇਕ ਵਾਰ ਵਕੀਲ ਨਾਲ ਰਾਇ ਕਰ ਲਈਏ, ਸ਼ਾਇਦ ਆਪਣਾ ਕੰਮ ਬਣਨ ਵਾਲਾ ਹੀ ਹੋਵੇ। ਹਰਪਾਲ ਨੇ ਕਿਹਾ-ਮੈਂ ਵਕੀਲਾਂ, ਦਲੀਲਾਂ ਤੇ ਅਪੀਲਾਂ ਨੂੰ ਗਿਆਰਾਂ ਸਾਲਾਂ ਤੋਂ ਦੇਖ ਰਿਹਾ ਹਾਂ, ਹੁਣ ਸਿਰ ਤੋਂ ਪਾਣੀ ਲੰਘ ਚੁੱਕਾ ਹੈ। ਬੱਚੇ ਵੱਡੇ ਹੋ ਰਹੇ ਨੇ, ਉਨ੍ਹਾਂ ਨੂੰ ਹੁਣ ਮੇਰੀ ਜ਼ਰੂਰਤ ਹੈ। ਮਾਪਿਆਂ ਨੂੰ ਹੁਣ ਡੰਗੋਰੀ ਦੀ ਲੋੜ ਹੈ। ਕੱਲ੍ਹ ਨੂੰ ਜਦੋਂ ਬੱਚੇ ਵਿਆਹ ਦਿੱਤੇ ਤੇ ਮਾਪੇ ਜਹਾਨੋਂ ਤੁਰ ਗਏ, ਤਾਂ ਮੇਰੇ ਹੱਥ ਕੀ ਆਇਆ? ਬਾਕੀ ਰੋਟੀ ਪਾਣੀ ਜੋਗਾ ਮੈਂ ਜੋੜ ਲਿਆ ਹੈ, ਜੇ ਨਾ ਸਰਿਆ ਤਾਂ ਤੇਰੇ ਕੋਲੋਂ ਮੰਗਾ ਲਵਾਂਗਾ, ਪਰ ਹੁਣ ਮੈਨੂੰ ਨਾ ਰੋਕੀਂ। ਅੱਜ ਮੈਨੂੰ ਵਾਪਸ ਜਾਣ ਦਾ ਉਨਾ ਹੀ ਚਾਅ ਹੈ, ਜਿੰਨਾ ਦਿੱਲੀ ਤੋਂ ਜਹਾਜ਼ ਚੜ੍ਹਨ ਲੱਗੇ ਨੂੰ ਸੀ।
ਹਰਪਾਲ ਟਿਕਟ ਲੈ ਪਿੰਡ ਪਹੁੰਚ ਗਿਆ। ਸਾਡਾ ਮਹੀਨਾ ਭਰ ਦਿਲ ਨਾ ਲੱਗਿਆ। ਫਿਰ ਮਜਬੂਰੀਆਂ ਨੇ ਭੱਜ-ਨੱਠ ਵਿਚ ਰੋਲ ਦਿੱਤਾ। ਹਰਪਾਲ ਨਾਲ ਫੋਨ ‘ਤੇ ਗੱਲ ਕਰ ਕੇ ਮਨ ਹੌਲਾ ਕਰ ਲੈਂਦਾ। ਮੇਰੇ ਬੱਚੇ ਵੀ ਉਡਾਰ ਹੋਣ ਲੱਗੇ, ਪਰ ਅਜੇ ਘਰਵਾਲੀ ਘਰ ਜੋਗੀ ਹੀ ਸੀ, ਮੈਨੂੰ ਸਾਹ ਦਿਵਾਉਣ ਜੋਗੀ ਨਹੀਂ ਸੀ ਹੋਈ। ਉਧਰ, ਹਰਪਾਲ ਨੇ ਜਾ ਕੇ ਇਕ ਸਾਲ ਤਾਂ ਬਾਹਰ ਪੈਰ ਨਾ ਕੱਢਿਆ। ਸਾਲ ਪਿੱਛੋਂ ਦੋ ਪਲਾਟ ਖਰੀਦ ਲਏ। ਸ਼ਹਿਰ ਆਪਣੇ ਕਿਸੇ ਸੱਜਣ ਕੋਲ ਦੁਕਾਨ ‘ਤੇ ਬੈਠਾ ਰਹਿੰਦਾ ਤੇ ਹੌਲੀ-ਹੌਲੀ ਉਸ ਨੇ ਪ੍ਰਾਪਰਟੀ ਡੀਲਰ ਵਜੋਂ ਪੈਰ ਮਜ਼ਬੂਤ ਕਰ ਲਏ। ਜ਼ਮੀਨਾਂ ਅਤੇ ਪਲਾਟਾਂ ਦੀ ਕੀਮਤ ਘੰਟਿਆਂ ਬਾਅਦ ਚੜ੍ਹਦੀ ਜਾਂਦੀ। ਉਸ ਦੇ ਖਰੀਦੇ ਪਲਾਟ ਚਾਰ ਗੁਣਾਂ ਵਧਦੇ ਗਏ। ਚਹੁੰ-ਪੰਜਾਂ ਸਾਲਾਂ ਵਿਚ ਹਰਪਾਲ ਨੇ ਰੁਪਈਆ ਇੰਜ ਇਕੱਠਾ ਕੀਤਾ, ਜਿਵੇਂ ਜੱਟ ਤੰਗਲੀ ਨਾਲ ਤੂੜੀ ਇਕੱਠੀ ਕਰਦਾ ਹੈ।
ਸ਼ਹਿਰ ਵਿਚ ਖਰੀਦੇ ਪਲਾਟ ਵਿਚ ਸੱਠ ਲੱਖ ਰੁਪਏ ਲਾ ਕੇ ਕੋਠੀ ਪਾਈ। ਬੱਚਿਆਂ ਨੂੰ ਚੰਗੇ ਸਕੂਲਾਂ ਵਿਚ ਪੜ੍ਹਨੇ ਪਾਇਆ। ਹਰਪਾਲ ਦੇ ਮਾਂ ਬਾਪ ਵੀ ਦੂਣੇ ਹੋ ਗਏ। ਉਨ੍ਹਾਂ ਨੂੰ ਵੀ ਪਤਾ ਸੀ ਕਿ ਘਰ ਦੇ ਵਿਹੜੇ ਪੁੱਤਾਂ ਨਾਲ ਹੀ ਭਰੇ ਚੰਗੇ ਲੱਗਦੇ ਹਨ। ਹਰਪਾਲ ਦੀ ਭੈਣ ਬੇਸ਼ੱਕ ਪਹਿਲਾਂ ਆ ਕੇ ਮਾਂ-ਬਾਪ ਦਾ ਦੁੱਖ ਵੰਡਾ ਜਾਂਦੀ ਸੀ, ਪਰ ਉਹ ਵੀ ਹੁਣ ਆਪਣੇ ਘਰ ਭੱਜਣ ਦੀ ਕਾਹਲ ਕਰਦੀ। ਉਸ ਦਾ ਜੋਗੀਆਂ ਵਾਲਾ ਫੇਰਾ ਮਾਪਿਆਂ ਨੂੰ ਖੁਸ਼ ਨਾ ਕਰਦਾ, ਉਂਜ ਹੁਣ ਮਾਪੇ ਬਾਗੋ-ਬਾਗ ਸਨ। ਹਰਪਾਲ ਦੀ ਧੀ ਪਲੱਸ ਟੂ ਕਰ ਕੇ ਆਇਲੈਟ ਕਰਨ ਲੱਗ ਪਈ। ਪੁੱਤ ਪਲੱਸ ਵਨ ਵਿਚ ਦਾਖਲ ਹੋ ਗਿਆ। ਹਰਪਾਲ ਜਿਹੜਾ ਹਰੇ ਪੱਤੇ ਨੂੰ ਉਡੀਕਦਾ ਰਹਿੰਦਾ ਸੀ, ਅੱਜ ਉਸ ਦੇ ਵਿਹੜੇ ਖੁਸ਼ੀਆਂ ਦੀ ਹਰਿਆਵਲ ਨੱਚ ਰਹੀ ਸੀ।
ਇਕਬਾਲ ਨੇ ਦੱਸਿਆ, ਮੇਰੇ ਦੋਵੇਂ ਪੁੱਤਰ ਸਕੂਲ ਵਿਚੋਂ ਨਿਕਲੇ ਤਾਂ ਕਾਲਜ ਜਾ ਵੜੇ। ਕਾਲਜ ਵੜਨ ਸਾਰ ਹੀ ਉਨ੍ਹਾਂ ਨੂੰ ਅਮਰੀਕਾ ਦੇ ਕਲਚਰ ਨੇ ਆਪਣੀ ਬੁੱਕਲ ਵਿਚ ਲਪੇਟ ਲਿਆ। ਸਾਡੇ ਪਿਆਰ ਦਾ ਮੁੱਲ ਉਹ ਪੁੱਠੀਆਂ ਕਰਤੂਤਾਂ ਕਰ ਕੇ ਮੋੜਨ ਲੱਗੇ। ਮੇਰੀ ਜ਼ਿੰਦਗੀ ਨੂੰ ਫਿਕਰਾਂ ਨੇ ਘੇਰ ਲਿਆ। ਹੱਸਦੇ ਰਹਿੰਦੇ ਚਿਹਰੇ ‘ਤੇ ਕਾਲੀ ਸਿਆਹੀ ਫਿਰਨ ਲੱਗੀ। ਫਿਰ ਇਕ ਦਿਨ ਤਾਂ ਵੱਡੇ ਪੁੱਤ ਨੇ ਮਰਨ ਬਰਾਬਰ ਕਰ ਦਿੱਤਾ, ਜਦੋਂ ਕਿਹਾ ਕਿ ਮੈਂ ਆਪਣੇ ਨਾਲ ਪੜ੍ਹਦੀ ਅਫਰੀਕਨ ਮੂਲ ਦੀ ਕਾਲੀ ਕੁੜੀ ਨਾਲ ਵਿਆਹ ਕਰਵਾਉਣਾ ਹੈ।
ਮੇਰੇ ਦਿਲ ਦੇ ਅਰਮਾਨਾਂ ਨੂੰ ਪੁੱਤਰ ਨੇ ਬਿਨਾਂ ਤੀਲੀ ਤੋਂ ਫੂਕ ਸੁੱਟਿਆ ਸੀ। ਮੈਂ ਤਾਂ ਪੁੱਤਰਾਂ ਨੂੰ ਪੜ੍ਹਾ ਕੇ ਆਪਣੇ ਯਾਰ ਹਰਪਾਲ ਦੀ ਧੀ ਦੇ ਕਾਬਲ ਬਣਾਉਣਾ ਚਾਹੁੰਦਾ ਸੀ ਤੇ ਹਰਪਾਲ ਨੂੰ ਮੁੜ ਅਮਰੀਕਾ ਵਿਚ ਦੇਖਣਾ ਚਾਹੁੰਦਾ ਸੀ, ਪਰ ਪੁੱਤਰਾਂ ਲਈ ਸਾਡੀ ਯਾਰੀ ਕੋਈ ਮਾਅਨਾ ਨਹੀਂ ਸੀ ਰੱਖਦੀ। ਉਨ੍ਹਾਂ ਨੂੰ ਤਾਂ ਆਪਣੀ ਮੌਜ-ਮਸਤੀ ਪਿਆਰੀ ਸੀ। ਅਖੀਰ ਵੱਡਾ ਪੁੱਤ ਘਰ ਹੀ ਛੱਡ ਗਿਆ। ਵੱਡੇ ਵਾਂਗ ਛੋਟਾ ਨਾ ਹੱਥੋਂ ਨਿਕਲ ਜਾਵੇ, ਇਸ ਗੱਲੋਂ ਚੱਤੇ ਪਹਿਰ ਡਰਦੇ ਰਹਿੰਦੇ। ਇੰਜ ਲੱਗਦਾ ਜਿਵੇਂ ਉਹ ਸਾਡੇ ਮਾਪੇ ਹੋਣ ਤੇ ਅਸੀਂ ਉਨ੍ਹਾਂ ਦੇ ਧੀ-ਪੁੱਤ।
ਹਰਪਾਲ ਦੀ ਧੀ ਆਇਲੈਟ ਕਰ ਕੇ ਪੜ੍ਹਾਈ ਦੇ ਤੌਰ ‘ਤੇ ਕੈਨੇਡਾ ਆ ਗਈ। ਪੁੱਤ ਅਗਾਂਹ ਪੜ੍ਹੀ ਗਿਆ। ਹਰਪਾਲ ਨੇ ਹੌਲੀ-ਹੌਲੀ ਇਲਾਕੇ ਦੇ ਐਮæਐਲ਼ਏæ ਤੱਕ ਆਉਣੀ-ਜਾਣੀ ਬਣਾ ਲਈ। ਸ਼ਹਿਰ ਵਿਚ ਵੀ ਚਾਰ ਭਾਈ ਪੁੱਛ ਕੇ ਗੱਲ ਕਰਨ ਲੱਗ ਗਏ। ਲੀਡਰੀ ਕੋਟੇ ਵਿਚੋਂ ਹੀ ਵੀਜ਼ਾ ਲੁਆ ਕੇ ਸਾਰਾ ਯੂਰਪ ਘੁੰਮ ਗਿਆ ਤੇ ਮੇਰੀ ਕਾਰ ਘਰ ਤੋਂ ਸਟੋਰ ਤੱਕ ਹੀ ਘੁੰਮਦੀ ਰਹਿੰਦੀ। ਕਾਰ ਵੀ ਦਸਾਂ ਸਾਲਾਂ ਬਾਅਦ ਮਸਾਂ ਬਦਲੀ ਸੀ। ਕੰਮ ਦੀ ਭੱਜ-ਨੱਠ ਕਰਦਿਆਂ ਸਮਾਂ ਬੀਤਦਾ ਗਿਆ। ਮੇਰਾ ਗਰੀਨ ਕਾਰਡ ਆ ਗਿਆ। ਮੈਂ ਮਹੀਨੇ ਦੀ ਛੁੱਟੀ ਲੈ ਪਿੰਡ ਚਲਿਆ ਗਿਆ। ਦੂਜੇ ਦਿਨ ਹੀ ਜਾਹ ਕੇ ਹਰਪਾਲ ਨੂੰ ਮਿਲਿਆ। ਮੈਂ ਤਾਂ ਉਸ ਦਾ ਘਰ-ਬਾਰ ਤੇ ਕੰਮ-ਕਾਜ ਦੇਖ ਕੇ ਹੈਰਾਨ ਹੋ ਗਿਆ। ਮੈਨੂੰ ਆਪਣੇ ਆਪ ਇੰਜ ਲੱਗਿਆ ਕਿ ਜਿਵੇਂ ਮੈਂ ਗਰੀਬੀ ਦਾ ਭੰਨ੍ਹਿਆ ਅੱਜ ਅਮਰੀਕਾ ਤੋਂ ਨਹੀਂ, ਉਸ ਪੰਜਾਬੋਂ ਆਇਆ ਹੋਵਾਂ ਜਿਸ ਪੰਜਾਬ ਨੂੰ ਛੱਡ ਕੇ ਬੇਗਾਨੇ ਮੁਲਕ ਦੀ ਹਿੱਕ ਨੂੰ ਚੁੰਬੜੇ ਸੀ। ਹਰਪਾਲ ਦੀ ਚੜ੍ਹਾਈ ਦੇਖ ਕੇ ਮੈਨੂੰ ਆਪਣੇ ਬੋਲਾਂ ‘ਤੇ ਸ਼ਰਮਿੰਦਗੀ ਹੋਣ ਲੱਗੀ ਕਿ ਇੰਡੀਆ ਜ਼ਿੰਦਗੀ ਨਰਕ ਬਣ ਜਾਊਗੀ, ਪਰ ਮੈਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਸੀ ਕਿ ਪਰਮਾਤਮਾ ਨੇ ਜਦੋਂ ਦੇਣਾ ਤਾਂ ਇਥੇ ਵੀ ਦੇ ਦੇਣਾ ਤੇ ਉਥੇ ਵੀ!
ਹਰਪਾਲ ਨੇ ਧੀ ਕੈਨੇਡਾ ਵਿਆਹ ਦਿੱਤੀ। ਪੁੱਤ ਨੂੰ ਇੰਡੀਆ ਵਿਚ ਹੀ ਵਿਆਹ ਲਿਆ। ਦੋ ਵਕਤ ਦੀ ਰੋਟੀ ਮਿਲਦੀ ਹੈ ਤੇ ਮਨ ਸ਼ਾਂਤੀ ਵਿਚ ਹੈ। ਇਕ-ਦੋ ਸੌਦੇ ਕਰਵਾ ਕੇ ਰੋਟੀ ਜੋਗਾ ਕਰੀ ਜਾਂਦਾ ਹੈ। ਜ਼ਮੀਨ ਦਾ ਮਾਮਲਾ ਤੇ ਰਕਮ ਦਾ ਵਿਆਜ਼ ਦਿਨੋ-ਦਿਨ ਖਾਤੇ ਵਿਚ ਰੌਣਕ ਲਾਈ ਜਾਂਦੇ ਹਨ। ਇੱਧਰ ਮੇਰਾ ਵੱਡਾ ਪੁੱਤ ਤਾਂ ਪੱਕਾ ਹੀ ਕਾਲਿਆਂ ਦੀ ਕਾਲੋਨੀ ਵਿਚ ਰਹਿੰਦਾ ਹੈ। ਛੋਟੇ ਨੂੰ ਜੇ ਵਿਆਹ ਬਾਰੇ ਪੁੱਛੀਦਾ ਹੈ ਤਾਂ ਉਹ ਅੱਗਿਉਂ ਆਖ ਦਿੰਦਾ ਹੈ, ਪਾਪਾ ਇਹ ਤੇਰਾ ਬਿਜ਼ਨਸ ਨਹੀਂ ਹੈ। ਜਦੋਂ ਲੋੜ ਪਈ, ਮੈਂ ਆਪੇ ਕਰਵਾ ਲਾਊਂਗਾ। ਤੇ ਮੈਂ ਬਿੱਲ ਬੱਤੀਆਂ ਜੋਗਾ ਕਮਾਈ ਜਾਂਦਾ ਹਾਂ।”
ਬਾਈ ਇਕਬਾਲ ਦੀ ਕਹਾਣੀ ਸੁਣ ਕੇ ਮੈਂ ਵੀ ਸੋਚਣ ਲਈ ਮਜਬੂਰ ਹੋ ਗਿਆ ਕਿ ਜੇ ਰੱਬ ਚਾਹੇ ਤਾਂ ਮੰਜੀ ਖੰਜੂਰ ਥੱਲੇ ਵੀ ਡਾਹੀ ਜਾ ਸਕਦੀ ਹੈ ਤੇ ਠੰਢੀ ਛਾਂ ਦਾ ਅਨੰਦ ਲਿਆ ਜਾ ਸਕਦਾ ਹੈ।
Leave a Reply