‘ਆਪ` ਸਰਕਾਰ ਦੀ ਕੈਬਨਿਟ ਵਿਚ ਨਵੇਂ ਚਿਹਰਿਆਂ ਉਤੇ ਭਰੋਸਾ

10 ਮੰਤਰੀਆਂ ਵਿਚੋਂ 8 ਪਹਿਲੀ ਵਾਰ ਵਿਧਾਨ ਸਭਾ ਪਹੁੰਚੇ
ਚੰਡੀਗੜ੍ਹ: ਪੰਜਾਬ ਵਿਚ ਨਵੀਂ ਬਣੀ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਦੇ 10 ਮੰਤਰੀਆਂ ਨੇ ਹਲਫ਼ ਲੈ ਲਿਆ ਹੈ, ਜਿਨ੍ਹਾਂ ‘ਚੋਂ ਪੰਜ ਮਾਲਵੇ ਦੇ, ਚਾਰ ਮਾਝੇ ਅਤੇ ਇਕ ਦੋਆਬੇ ਖੇਤਰ ਦੇ ਵਿਧਾਇਕ ਸ਼ਾਮਲ ਹਨ। ਇਨ੍ਹਾਂ 10 ਵਿਚੋਂ ਸਿਰਫ 2 ਚਿਹਰੇ ਹੀ ਪੁਰਾਣੇ ਹਨ, ਜਦੋਂਕਿ 8 ਚਿਹਰੇ ਪਹਿਲੀ ਵਾਰ ਵਿਧਾਨ ਸਭਾ ਪਹੁੰਚੇ ਹਨ। ਵਿਧਾਨ ਸਭਾ ਹਲਕਾ (ਰਾਖਵਾਂ) ਦਿੜ੍ਹਬਾ ਤੋਂ ਆਮ ਆਦਮੀ ਪਾਰਟੀ (ਆਪ) ਦੀ ਟਿਕਟ ‘ਤੇ ਦੂਜੀ ਵਾਰ ਚੋਣ ਜਿੱਤੇ ਐਡਵੋਕੇਟ ਹਰਪਾਲ ਸਿੰਘ ਚੀਮਾ ਦੇ ਕੈਬਨਿਟ ਮੰਤਰੀ ਬਣਨ ਨਾਲ ਕਰੀਬ 35 ਸਾਲ ਬਾਅਦ ਕੋਈ ਪੰਜਾਬ ਵਜ਼ਾਰਤ ਵਿਚ ਹਲਕੇ ਦੀ ਨੁਮਾਇੰਦਗੀ ਕਰਨ ਜਾ ਰਿਹਾ ਹੈ। ਪੇਸ਼ੇ ਤੋਂ ਵਕੀਲ ਹਰਪਾਲ ਚੀਮਾ ਮੁੱਖ ਮੰਤਰੀ ਭਗਵੰਤ ਮਾਨ ਦੇ ਕਰੀਬੀ ਮੰਨੇ ਜਾਂਦੇ ਹਨ। ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਉਹ ਵਿਰੋਧੀ ਧਿਰ ਦੇ ਨੇਤਾ ਰਹੇ ਸਨ।

ਬਰਨਾਲਾ ਨੂੰ ਲਗਭਗ 35 ਸਾਲਾਂ ਦੇ ਵਕਫੇ ਤੋਂ ਬਾਅਦ ਕੋਈ ਸਰਕਾਰ ਵਿਚ ਕੈਬਨਿਟ ਮੰਤਰੀ ਨਸੀਬ ਹੋਇਆ ਹੈ। 1985-87 ਤੱਕ ਮਰਹੂਮ ਸੁਰਜੀਤ ਸਿੰਘ ਬਰਨਾਲਾ ਮੁੱਖ ਮੰਤਰੀ ਰਹੇ ਸਨ, ਜਿਸ ਤੋਂ ਬਾਅਦ 32 ਸਾਲਾ ਗੁਰਮੀਤ ਸਿੰਘ ਮੀਤ ਹੇਅਰ ਨੂੰ ਕੈਬਨਿਟ ਦੀ ਨੁਮਾਇੰਦਗੀ ਹਾਸਲ ਹੋਈ ਹੈ। ਉਹ ਦਿੱਲੀ ਵਿੱਚ ਸਿਵਲ ਸਰਵਿਸ ਦੀ ਤਿਆਰੀ ਦੌਰਾਨ ਅੰਨਾ ਹਜ਼ਾਰੇ ਦੇ ਅੰਦੋਲਨ ਨਾਲ ਜੁੜੇ ਰਹੇ। ਇਸ ਦੌਰਾਨ ਉਹ ਅਰਵਿੰਦ ਕੇਜਰੀਵਾਲ ਦੇ ਸੰਪਰਕ ‘ਚ ਆ ਗਏ। ਮੀਤ ਹੇਅਰ ਦੇ ਪਰਿਵਾਰ ਦਾ ਕੋਈ ਸਿਆਸੀ ਪਿਛੋਕੜ ਨਹੀਂ ਹੈ।
ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵਿਧਾਨ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਚੋਣ ਜਿੱਤੇ ਐਡਵੋਕੇਟ ਹਰਜੋਤ ਸਿੰਘ ਬੈਂਸ ਨੂੰ ਪੰਜਾਬ ਕੈਬਨਿਟ ਵਿਚ ਸ਼ਾਮਲ ਕੀਤਾ ਹੈ। ਉਹ ਪੰਜ ਦਹਾਕੇ ਬਾਅਦ ਸਿੱਖ ਚਿਹਰੇ ਵਜੋਂ ਚੋਣ ਜਿੱਤ ਕੇ ਪੰਜਾਬ ਵਜ਼ਾਰਤ ਵਿਚ ਇਸ ਹਲਕੇ ਦੀ ਨੁਮਾਇੰਦਗੀ ਕਰਨਗੇ। ਉਨ੍ਹਾਂ ਲੰਡਨ ਸਕੂਲ ਆਫ ਇਕਨਾਮਿਕਸ ਤੋਂ ਸਿੱਖਿਆ ਹਾਸਲ ਕੀਤੀ ਹੈ। ਉਹ ਅੰਨਾ ਹਜਾਰੇ ਦੇ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਦਾ ਵੀ ਹਿੱਸਾ ਰਹੇ ਹਨ।
ਅੱਖਾਂ ਦੇ ਮਾਹਿਰ ਡਾਕਟਰ ਵਜੋਂ ਸ੍ਰੀ ਮੁਕਤਸਰ ਸਾਹਿਬ ਦੇ ਸਰਕਾਰੀ ਹਸਪਤਾਲ ਵਿਚ ਸੇਵਾਵਾਂ ਨਿਭਾਉਣ ਵਾਲੇ 46 ਸਾਲਾ ਡਾ. ਬਲਜੀਤ ਕੌਰ ਹੁਣ ਕੈਬਨਿਟ ਮੰਤਰੀ ਬਣ ਕੇ ਲੋਕਾਂ ਦੀ ਸੇਵਾ ਕਰਨਗੇ। ਉਹ ਚੋਣ ਮੀਟਿੰਗਾਂ ਵਿਚ ਵੀ ਲੋਕਾਂ ਦੀਆਂ ਅੱਖਾਂ ਦੀ ਜਾਂਚ ਕਰਦੇ ਰਹੇ ਹਨ। ਪੰਜਾਬ ਦੀ ਕੈਬਨਿਟ ਵਿਚ ਫਿਲਹਾਲ ਉਹ ਇਕੱਲੇ ਮਹਿਲਾ ਕੈਬਨਿਟ ਮੰਤਰੀ ਹਨ। ਬਲਜੀਤ ਕੌਰ ਲੋਕ ਸਭਾ ਹਲਕਾ ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਸਾਬਕਾ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ ਦੀ ਧੀ ਹਨ।
ਹਲਕਾ ਭੋਆ ਤੋਂ ਜਿੱਤੇ ਲਾਲ ਚੰਦ ਕਟਾਰੂਚੱਕ ਦੇ ਕੈਬਨਿਟ ਮੰਤਰੀ ਬਣਨ ਨਾਲ ਹਲਕੇ ਨੂੰ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਕੈਬਨਿਟ ਦੀ ਨੁਮਾਇੰਦਗੀ ਮਿਲੀ ਹੈ। ਉਹ ਪਹਿਲਾਂ ਸੀ.ਪੀ.ਐੱਮ. ਅਤੇ ਆਰ.ਐਮ.ਪੀ.ਆਈ. ਨਾਲ ਸਰਗਰਮ ਸਨ। ਉਹ ਗੈਰ-ਕਾਨੂੰਨੀ ਮਾਈਨਿੰਗ ਵਿਰੁੱਧ ਲੜਦੇ ਆ ਰਹੇ ਹਨ।
ਵਿਧਾਨ ਸਭਾ ਹਲਕਾ ਪੱਟੀ ਤੋਂ ਪਹਿਲੀ ਵਾਰ ਚੋਣ ਜਿੱਤੇ ਲਾਲਜੀਤ ਸਿੰਘ ਭੁੱਲਰ ਨੂੰ ਪੰਜਾਬ ਦਾ ਕੈਬਨਿਟ ਮੰਤਰੀ ਬਣਾਇਆ ਗਿਆ ਹੈ। ਉਨ੍ਹਾਂ ਅਕਾਲੀ ਦਲ ਦੇ ਸਾਬਕਾ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਮਾਤ ਦਿੱਤੀ ਹੈ। ਲਾਲਜੀਤ ਸਿੰਘ ਪੇਸ਼ੇ ਵਜੋਂ ਆੜ੍ਹਤ ਦਾ ਕਾਰੋਬਾਰ ਕਰਦੇ ਸਨ।
ਪੰਜਾਬ ਵਿਚ ਸਭ ਤੋਂ ਵੱਧ ਵੋਟਾਂ ਹਾਸਲ ਕਰਨ ਵਾਲੇ ਮਾਨਸਾ ਤੋਂ ਵਿਧਾਇਕ ਡਾ. ਵਿਜੈ ਸਿੰਗਲਾ ਨੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਡਾ. ਵਿਜੈ ਸਿੰਗਲਾ ਪੇਸ਼ੇ ਵਜੋਂ ਦੰਦਾਂ ਦੇ ਡਾਕਟਰ ਹਨ। ਇਸ ਸਬੰਧੀ ਦਿਲਚਸਪ ਗੱਲ ਇਹ ਵੀ ਹੈ ਕਿ ਡਾ. ਸਿੰਗਲਾ ਤੋਂ ਹਾਰੇ ਸਿੱਧੂ ਮੂਸੇਵਾਲਾ ਵੀ ਉਨ੍ਹਾਂ ਕੋਲੋਂ ਦੰਦਾਂ ਦਾ ਇਲਾਜ ਕਰਵਾਉਂਦਾ ਰਿਹਾ ਹੈ।
ਹੁਸ਼ਿਆਰਪੁਰ ਹਲਕੇ ਤੋਂ ਪਹਿਲੀ ਵਾਰ ਚੋਣ ਜਿੱਤ ਕੇ ਵਿਧਾਨ ਸਭਾ ਪਹੁੰਚੇ ਬ੍ਰਹਮ ਸ਼ੰਕਰ ਜਿੰਪਾ ਨੂੰ ਨਵੀਂ ਸਰਕਾਰ ‘ਚ ਕੈਬਨਿਟ ਮੰਤਰੀ ਬਣਾਏ ਜਾਣ ‘ਤੇ ਜ਼ਿਲ੍ਹੇ ‘ਚ ਖੁਸ਼ੀ ਦੀ ਲਹਿਰ ਹੈ। ਜਿੰਪਾ ਤੋਂ ਪਹਿਲਾਂ ਸੁੰਦਰ ਸ਼ਾਮ ਅਰੋੜਾ ਕਾਂਗਰਸ ਸਰਕਾਰ ਸਮੇਂ ਅਤੇ ਤੀਕਸ਼ਣ ਸੂਦ ਅਕਾਲੀ-ਭਾਜਪਾ ਸਰਕਾਰ ‘ਚ ਕੈਬਨਿਟ ਮੰਤਰੀ ਰਹੇ ਹਨ।
ਹਲਕਾ ਜੰਡਿਆਲਾ ਗੁਰੂ ਤੋਂ ਵਿਧਾਇਕ ਹਰਭਜਨ ਸਿੰਘ ਈ.ਟੀ.ਓ. ਨੂੰ ਪੰਜਾਬ ਦੀ ਵਜ਼ਾਰਤ ਵਿਚ ਥਾਂ ਮਿਲੀ ਹੈ। ਜੰਡਿਆਲਾ ਗੁਰੂ ਵਿਚ ਹੀ ਮੁਢਲੀ ਪੜ੍ਹਾਈ ਕਰਨ ਵਾਲੇ ਹਰਭਜਨ ਸਿੰਘ ਨੇ ਸਾਲ 2012 ਵਿਚ ਉਨ੍ਹਾਂ ਪੀ.ਸੀ.ਐੱਸ. ਦੀ ਪ੍ਰੀਖਿਆ ਪਾਸ ਕੀਤੀ ਅਤੇ ਉਪਰੰਤ ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਵਿਚ ਬਤੌਰ ਈ.ਟੀ.ਓ. ਨਿਯੁਕਤ ਹੋਏ। ਉਨ੍ਹਾਂ ਪੰਜ ਸਾਲ ਬਤੌਰ ਈਟੀਓ ਨੌਕਰੀ ਕੀਤੀ ਅਤੇ 2017 ਵਿਚ ਆਮ ਆਦਮੀ ਪਾਰਟੀ ਤੋਂ ਪ੍ਰਭਾਵਿਤ ਹੋ ਕੇ ਨੌਕਰੀ ਤੋਂ ਸੇਵਾਮੁਕਤੀ ਲੈ ਲਈ।
ਕੁਲਦੀਪ ਸਿੰਘ ਧਾਲੀਵਾਲ ਦੇ ਕੈਬਨਿਟ ਮੰਤਰੀ ਬਣਨ ਨਾਲ ਹਲਕਾ ਅਜਨਾਲਾ ਨੂੰ 25 ਸਾਲ ਬਾਅਦ ਮੁੜ ਕੈਬਨਿਟ ਰੈਂਕ ਹਾਸਲ ਹੋਇਆ ਹੈ। ਇਸ ਤੋਂ ਪਹਿਲਾਂ 1997 ਦੀਆਂ ਵਿਧਾਨ ਸਭਾ ਚੋਣਾਂ ਵਿਚ ਡਾ. ਰਤਨ ਸਿੰਘ ਅਜਨਾਲਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵਿਚ ਕੈਬਨਿਟ ਮੰਤਰੀ ਬਣੇ ਸਨ। ਕੁਲਦੀਪ ਧਾਲੀਵਾਲ ਪਾਰਟੀ ਦੇ ਮਾਝਾ ਜੋਨ ਦੇ ਪ੍ਰਧਾਨ ਰਹਿਣ ਤੋਂ ਇਲਾਵਾ ਕਿਸਾਨ ਵਿੰਗ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਦੀ ਜ਼ਿੰਮੇਵਾਰੀ ਵੀ ਨਿਭਾਅ ਰਹੇ ਹਨ। ਕੁਲਦੀਪ ਸਿੰਘ ਪੇਸ਼ੇ ਵਜੋਂ ਕਿਸਾਨ ਹਨ।
ਲੁਧਿਆਣਾ ਨੂੰ ਮੰਤਰੀ ਮੰਡਲ `ਚ ਨਹੀਂ ਮਿਲੀ ਥਾਂ
ਚੰਡੀਗੜ੍ਹ: ਪੰਜਾਬ ਦੇ ਸਭ ਤੋਂ ਵੱਡੇ ਜ਼ਿਲ੍ਹੇ ਅਤੇ ਸਭ ਤੋਂ ਜ਼ਿਆਦਾ ਵਿਧਾਨ ਸਭਾ ਹਲਕਿਆਂ ਵਾਲੇ ਜ਼ਿਲ੍ਹੇ ਨੂੰ ਨਵੇਂ ਮੁੱਖ ਮੰਤਰੀ ਭਗਵੰਤ ਮਾਨ ਦੀ ਕੈਬਨਿਟ ‘ਚ ਕੋਈ ਜਗ੍ਹਾ ਨਹੀਂ ਮਿਲੀ। ਲੁਧਿਆਣਾ ਜ਼ਿਲ੍ਹੇ ਦੀਆਂ 14 ਵਿਧਾਨ ਸਭਾ ਸੀਟਾਂ ‘ਚੋਂ 13 ਵਿਧਾਨ ਸਭਾ ਸੀਟਾਂ ‘ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੇਤੂ ਰਹੇ ਸਨ। ਇਸ ਦੇ ਬਾਵਜੂਦ ਲੁਧਿਆਣਾ ਜ਼ਿਲ੍ਹੇ ਨੂੰ ਭਗਵੰਤ ਮਾਨ ਨੇ ਕੈਬਨਿਟ ‘ਚ ਜਗ੍ਹਾ ਨਹੀਂ ਦਿੱਤੀ। ਕੈਬਨਿਟ ‘ਚ ਲੁਧਿਆਣਾ ਦੇ ਵਿਧਾਇਕਾਂ ਨੂੰ ਸ਼ਾਮਲ ਨਾ ਕੀਤੇ ਜਾਣ ਕਾਰਨ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਨਾਲ-ਨਾਲ ਸ਼ਹਿਰ ਵਾਸੀਆਂ ‘ਚ ਵੀ ਨਿਰਾਸ਼ਾ ਹੈ।