ਜਾਤ ਪ੍ਰਥਾ ਦੇ ਖਾਤਮੇ ਬਿਬਾਂ ਚੰਗੇ ਸਮਾਜ ਦੀ ਸਿਰਜਣਾ ਅਸੰਭਵ: ਅਰੁੰਧਤੀ

ਪਟਿਆਲਾ: ਪਹਿਲੀ ਵਾਰ ਪੰਜਾਬੀ ਯੂਨੀਵਰਸਿਟੀ ਪੁੱਜੇ ਕੌਮਾਂਤਰੀ ਲੇਖਿਕਾ ਤੇ ਸਮਾਜਿਕ ਕਾਰਕੁਨ ਅਰੁੰਧਤੀ ਰਾਏ ਨੇ ਆਖਿਆ ਕਿ ਆਧੁਨਿਕ ਯੁਗ ‘ਚ ਨਿੱਗਰ ਤੇ ਉਸਾਰੂ ਸਮਾਜ ਦੀ ਸਿਰਜਣਾ ਦੀਆਂ ਬਾਤਾਂ ਪੈਣ ਲੱਗੀਆਂ ਹਨ, ਪਰ ਇਹ ਰੂਪ ਹਕੀਕੀ ਨਹੀਂ ਹੈ ਕਿਉਂਕਿ ਜਾਤ ਪ੍ਰਥਾ ਦਾ ਪ੍ਰਕੋਪ ਹਾਲੇ ਵੀ ਸਮਾਜ ਵਿਚ ਬਰਕਰਾਰ ਹੈ। ਉਨ੍ਹਾਂ ਆਖਿਆ ਕਿ ਚੰਗੇ ਸਮਾਜ ਦੀ ਸਿਰਜਣਾ ਜਾਤ ਪ੍ਰਥਾ ਦੇ ਖਾਤਮੇ ਤੋਂ ਬਗੈਰ ਨਹੀਂ ਹੋ ਸਕਦੀ।

ਇਹ ਸਮਾਗਮ ਯੂਨੀਵਰਸਿਟੀ ਦੇ ਐਜੂਕੇਸ਼ਨਲ ਮਲਟੀ ਮੀਡੀਆ ਰਿਸਰਚ ਸੈਂਟਰ ਵੱਲੋਂ ਕਰਵਾਇਆ ਗਿਆ ਜਿਥੇ ਵਿਭਾਗ ਦੇ ਡਾਇਰੈਕਟਰ ਦਲਜੀਤ ਅਮੀ ਨੇ ਲੇਖਿਕਾ ਨਾਲ ਸੰਵਾਦ ਰਚਾਇਆ। ਲੇਖਿਕਾ ਅਰੁੰਧਤੀ ਰਾਏ ਨੇ ਜਾਤ, ਧਰਮ ਅਤੇ ਭਾਸ਼ਾ ਦੀਆਂ ਵੰਡੀਆਂ ਤੋਂ ਉੱਪਰ ਉੱਠ ਕੇ ਆਪਸੀ ਇਕਜੁੱਟਤਾ ਦੀ ਲੋੜ ‘ਤੇ ਜੋਰ ਦਿੱਤਾ। ਕਿਸਾਨੀ ਸੰਘਰਸ਼ ਦੌਰਾਨ ਪੰਜਾਬੀਆਂ ਦੀ ਭੂਮਿਕਾ ਦੀ ਸ਼ਲਾਘਾ ਕਰਦਿਆਂ, ਉਨ੍ਹਾਂ ਕਿਹਾ ਕਿ ਇਸ ਸੰਘਰਸ਼ ਨੇ ਇਕ ਉਮੀਦ ਪੈਦਾ ਕੀਤੀ ਹੈ ਤੇ ਅਵਾਮ ਨੂੰ ਦੱਸਿਆ ਹੈ ਕਿ ਆਪਣੇ ਹੱਕਾਂ ਲਈ ਹਕੂਮਤ ਦੀ ਅੱਖ ਵਿਚ ਅੱਖ ਪਾ ਕੇ ਗੱਲ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ।
ਉਨ੍ਹਾਂ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਦੇਸ਼ ਨੂੰ ਸਿਰਫ ਚਾਰ ਲੋਕ ਚਲਾ ਰਹੇ ਹਨ, ਜਿਨ੍ਹਾਂ ਵਿਚੋਂ ਦੋ ਖਰੀਦਦਾਰੀ ਤੇ ਦੋ ਵੇਚਣ ਦਾ ਕੰਮ ਕਰ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਮੁੱਖ ਧਾਰਾ ਦੇ ਮੀਡੀਆ ਸਣੇ ਸੂਬੇ ਦੀ ਬਹੁਤੀ ਮਸ਼ੀਨਰੀ ਦੁਰਵਰਤੋਂ ਦੇ ਰਾਹ ਪਾ ਦਿੱਤੀ ਗਈ ਹੋਵੇ ਤਾਂ ਲੋਕਾਂ ਦਾ ਜਮਹੂਰੀਅਤ ਵਿੱਚ ਭਰੋਸਾ ਕਾਇਮ ਰਹਿਣਾ ਮੁਸ਼ਕਲ ਹੈ।