ਬਾਦਲਾਂ ਖਿਲਾਫ ਬਾਗੀ ਸੁਰਾਂ ਹੋਰ ਤਿੱਖੀਆਂ ਹੋਈਆਂ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਵਿਚ ਨਮੋਸ਼ੀ ਵਾਰੀ ਹਾਰ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਬਾਦਲ ਵਿਚ ਬਾਗੀ ਸੁਰਾਂ ਤਿੱਖੀਆਂ ਹੋ ਗਈਆਂ ਹਨ। ਹਾਰ ਪਿੱਛੋਂ ਜਿਥੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਕੁਰਸੀ ਤੋਂ ਲਾਂਭੇ ਕਰਨ ਦੀ ਮੰਗ ਜ਼ੋਰ ਫੜ ਰਹੀ ਹੈ, ਉਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਵੀ ਬਾਦਲ ਪਰਿਵਾਰ ਦਾ ਗਲਬਾ ਖਤਮ ਕਰਨ ਦੀ ਆਵਾਜ਼ ਉਠੀ ਹੈ।

ਸ਼੍ਰੋਮਣੀ ਕਮੇਟੀ ਦੀਆਂ ਪੰਥਕ ਰਵਾਇਤਾਂ ਤੇ ਗੁਰਮਤਿ ਸਿਧਾਂਤ ਨੂੰ ਕਾਇਮ ਰੱਖਣ ਲਈ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਆਗੂਆਂ, ਸਿੱਖ ਵਿਦਵਾਨਾਂ, ਬੁੱਧੀਜੀਵੀਆਂ, ਚਿੰਤਕਾਂ ਤੇ ਧਾਰਮਿਕ ਸ਼ਖ਼ਸੀਅਤਾਂ ਨੇ ਮੀਟਿੰਗ ਕਰਕੇ ਰਣਨੀਤੀ ਤੈਅ ਕੀਤੀ ਹੈ। ਇਸ ਮੌਕੇ ਸ਼੍ਰੋਮਣੀ ਕਮੇਟੀ ਨੂੰ ਬਾਦਲ ਪਰਿਵਾਰ ਤੋਂ ਮੁਕਤ ਕਰਾ ਕੇ ਪੰਥਕ ਸੋਚ ਦੇ ਧਾਰਨੀ ਵਿਅਕਤੀਆਂ ਦੀ ਕਮੇਟੀ ਬਣਾਉਣ ਲਈ ਵਿਚਾਰ-ਵਟਾਂਦਰਾ ਕੀਤਾ ਗਿਆ।
ਉਧਰ, ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਅਕਾਲੀ ਦਲ ਨਾਲੋਂ ਨਾਤਾ ਤੋੜਨ ਦਾ ਐਲਾਨ ਕਰਦਿਆਂ ਕਿਹਾ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੁਣ ਨਿਰੋਲ ਧਾਰਮਿਕ ਕੰਮਾਂ ‘ਤੇ ਆਪਣਾ ਧਿਆਨ ਕੇਂਦਰਿਤ ਕਰੇਗੀ। ਚੁਫੇਰਿਉਂ ਉਠੀ ਬਗਾਵਤ ਨੂੰ ਬਾਦਲ ਪਰਿਵਾਰ ਵੀ ਵੱਡੀ ਚੁਣੌਤੀ ਮੰਨਣ ਲੱਗਾ ਹੈ। ਇਸੇ ਲਈ ਪ੍ਰਕਾਸ਼ ਸਿੰਘ ਬਾਦਲ ਪਿਛਲੇ ਕਾਫੀ ਦਿਨਾਂ ਤੋਂ ਸਿਆਸੀ ਸਰਗਰਮੀਆਂ ਵਿਚ ਜੁਟੇ ਹੋਏ ਹਨ।
ਵਿਧਾਨ ਸਭਾ ਚੋਣਾਂ ਵਿਚ ਸੁਖਬੀਰ ਬਾਦਲ ਦੀ ਅਗਵਾਈ ਨੂੰ ਅਵਾਮ ਵੱਲੋਂ ਮੁੱਢੋਂ ਨਕਾਰੇ ਜਾਣ ਤੋਂ ਬਾਅਦ ਅਕਾਲੀ ਦਲ ਦੀ ਅਣ-ਐਲਾਨੀ ਰਹਿਨੁਮਾਈ ਪ੍ਰਕਾਸ਼ ਸਿੰਘ ਬਾਦਲ ਦੀ ਸਿਆਸੀ ਮਜਬੂਰੀ ਬਣ ਗਈ ਹੈ। ਸਿਆਸੀ ਸਫ਼ਾਂ ਵਿਚ ਜ਼ਿੰਦਗੀ ਦੀ ਸਭ ਤੋਂ ਵੱਡੀ ਹਾਰ ਝੱਲਣ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਜਨਤਕ ਸਫ਼ਾਂ ਵਿਚ ਪਰਤਦਿਆਂ ਲੰਬੀ ਹਲਕੇ ਦੇ ਪਿੰਡਾਂ ਵਿਚ ਧੰਨਵਾਦੀ ਦੌਰਾ ਸ਼ੁਰੂ ਕੀਤਾ। ਸ੍ਰੀ ਬਾਦਲ ਹਲਕਾ ਲੰਬੀ ਵਿਚ ਬਦਲਾਅ ਦੀ ਲਹਿਰ ਤਹਿਤ 11,361 ਵੋਟਾਂ ਦੇ ਫਰਕ ਨਾਲ ਹਾਰੇ ਹਨ। ਸੂਬੇ ਵਿਚ ਬੇਹੱਦ ਮਜ਼ਬੂਤ ਅਤੇ ਵੱਡਾ ਕਾਡਰ ਹੋਣ ਦੇ ਬਾਵਜੂਦ ਤਿੰਨ ਸੀਟਾਂ ਤੱਕ ਸਿਮਟ ਜਾਣਾ ਨਾਲ ਅਕਾਲੀ ਦਲ ਲਈ ਚੰਗਾ ਸੰਕੇਤ ਨਹੀਂ ਹੈ। ਉਧਰ, ਸੁਖਬੀਰ ਬਾਦਲ ਨੇ ਵੀ ਪੂਰੇ ਸੂਬੇ ਵਿਚ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਹੋਇਆ ਹੈ।