ਸਰਕਾਰ ਸੰਭਾਲਦੇ ਸਾਰ ‘ਆਪ’ ਘਿਰੀ

ਰਾਜ ਸਭਾ ਦੀ ਮੈਂਬਰੀ ਦੇ ਮਾਮਲੇ ਵਿਚ ਪਬਲਿਕ ਨਾਰਾਜ਼
ਚੰਡੀਗੜ੍ਹ: ‘ਰੰਗਲਾ ਪੰਜਾਬ` ਬਣਾਉਣ ਅਤੇ ਪੰਜਾਬੀਆਂ ਦੇ ਹੱਕਾਂ ਲਈ ਖੜ੍ਹਨ ਦੇ ਵਾਅਦਿਆਂ ਨਾਲ ਤਕਰੀਬਨ ਹਫਤਾ ਪਹਿਲਾਂ ਹੋਂਦ ਵਿਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ, ਰਾਜ ਸਭਾ ਵਿਚ ਨਾਮਜ਼ਦਗੀਆਂ ਨੂੰ ਲੈ ਕੇ ਕਸੂਤੀ ਫਸ ਗਈ ਹੈ। ਰਾਜ ਸਭਾ ਵਿਚ ਗੈਰ-ਪੰਜਾਬੀਆਂ ਨੂੰ ਭੇਜਣ ਦੇ ਮਾਮਲੇ ਉਤੇ ਜਿਥੇ ਵਿਰੋਧੀ ਧਿਰਾਂ ਨੇ ਪਾਰਟੀ ਨੂੰ ਘੇਰ ਲਿਆ ਹੈ, ਉਥੇ ਪੰਜਾਬ ਤੇ ਪੰਜਾਬੀਅਤ ਦੇ ਦਰਦੀ ਵੀ ਸਵਾਲ ਕਰ ਰਹੇ ਹਨ ਕਿ ਭਗਤ ਸਿੰਘ ਦੀ ਸੋਚ ਉਤੇ ਪਹਿਰਾ ਦੇਣ ਦੀਆਂ ਗੱਲਾਂ ਕਰਨ ਵਾਲੀ ਪਾਰਟੀ ਕਿਹੜੇ ਰਾਹ ਤੁਰ ਪਈ ਹੈ? ਇਸ ਦੇ ਰੋਸ ਵਜੋਂ ਭਗਵੰਤ ਮਾਨ ਦੇ ਸੰਗਰੂਰ ਸਥਿਤ ਘਰ ਅੱਗੇ ਧਰਨਾ ਵੀ ਲੱਗ ਗਿਆ ਹੈ।

ਯਾਦ ਰਹੇ ਕਿ ਆਮ ਆਦਮੀ ਪਾਰਟੀ ਨੇ ਰਾਜ ਸਭਾ ਲਈ 5 ਨਾਮ ਤੈਅ ਕੀਤੇ ਹਨ। ਇਨ੍ਹਾਂ ਵਿਚ ‘ਆਪ` ਦੇ ਪੰਜਾਬ ਮਾਮਲਿਆਂ ਦੇ ਸਹਿ-ਇੰਚਾਰਜ ਅਤੇ ਦਿੱਲੀ ਤੋਂ ਵਿਧਾਇਕ ਰਾਘਵ ਚੱਢਾ, ਪੰਜਾਬ ਚੋਣਾਂ ਵਿਚ ਪਾਰਟੀ ਦੇ ਸਿਆਸੀ ਰਣਨੀਤੀਕਾਰ ਡਾ. ਸੰਦੀਪ ਪਾਠਕ, ਸਾਬਕਾ ਕ੍ਰਿਕਟਰ ਹਰਭਜਨ ਸਿੰਘ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਚਾਂਸਲਰ ਅਸ਼ੋਕ ਮਿੱਤਲ ਅਤੇ ਲੁਧਿਆਣਾ ਦੇ ਪ੍ਰਸਿੱਧ ਉਦਯੋਗਪਤੀ ਸੰਜੀਵ ਅਰੋੜਾ ਦੇ ਨਾਮ ਸ਼ਾਮਲ ਹਨ। ਇਨ੍ਹਾਂ ਸਾਰੇ ਉਮੀਦਵਾਰਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਨਾਮਜ਼ਦਗੀ ਪੱਤਰ ਦਾਖਲ ਕੀਤੇ।
‘ਆਪ` ਦੇ ਪੰਜੇ ਉਮੀਦਵਾਰਾਂ ਦਾ ਬਿਨਾਂ ਮੁਕਾਬਲਾ ਚੁਣਿਆ ਜਾਣਾ ਤੈਅ ਹੈ। ਹੋਰ ਪਾਰਟੀਆਂ ਨੇ ਰਾਜ ਸਭਾ ਲਈ ਕੋਈ ਨਾਮਜ਼ਦਗੀ ਦਾਖਲ ਨਹੀਂ ਕੀਤੀ ਹੈ। ਸਿਆਸੀ ਧਿਰਾਂ ਦੇ ਦੋਸ਼ ਹਨ ਕਿ ਇਨ੍ਹਾਂ ਵਿਚੋਂ ਕੋਈ ਵੀ ਪੰਜਾਬ ਦੇ ਮੁੱਦੇ ਚੁੱਕਣ ਵਾਲਾ ਨਹੀਂ ਹੈ। ਪੰਥਕ ਅਤੇ ਕਿਸਾਨ ਜਥੇਬੰਦੀਆਂ ਦਾ ਦੋਸ਼ ਹੈ ਕਿ ਭਾਵੇਂ ਇਕੱਲਾ ਹਰਭਜਨ ਸਿੰਘ ਪੰਜਾਬ ਤੋਂ ਹੈ ਪਰ ਪਿਛਲੇ ਸਮੇਂ ਵਿਚ ਖੇਤੀ ਕਾਨੂੰਨ ਸਣੇ ਪੰਜਾਬ ਦੇ ਮਸਲਿਆਂ ਉਤੇ ਕਦੇ ਵੀ ਬੋਲਣ ਦੀ ਹਿੰਮਤ ਨਹੀਂ ਕੀਤੀ। ਪੰਜਾਬੀਆਂ ਨੇ ਇਸ ਵਾਰ ਆਪ ਨੂੰ ਦਿਲ ਖੋਲ੍ਹ ਕੇ ਫਤਵਾ ਦਿੱਤਾ ਹੈ। 117 ਵਿਚੋਂ ਆਪ ਨੂੰ 93 ਵਿਧਾਨ ਸਭਾ ਸੀਟਾਂ ਦਿੱਤੀਆਂ ਹਨ। ਇਸ ਲਈ ਤਕਰੀਬਨ ਸਾਰੀਆਂ ਸਿਆਸੀ ਧਿਰਾਂ ਦਾ ਸਫਾਇਆ ਹੀ ਹੋ ਗਿਆ ਤੇ ਰਾਜ ਸਭਾ ਦੀਆਂ ਪੰਜੇ ਸੀਟਾਂ ਵੀ ਆਪ ਹਿੱਸੇ ਆ ਗਈਆਂ।
ਦਰਅਸਲ, ਰਾਜ ਸਭਾ ਮੈਂਬਰਾਂ ਦੇ ਨਾਮ ਐਲਾਨਣ ਵਿਚ ਕੀਤੀ ਜਾ ਰਹੀ ਦੇਰੀ ਕਾਰਨ ਪਹਿਲਾਂ ਹੀ ਕਿਆਸ ਲਗਾਏ ਜਾ ਰਹੇ ਸਨ ਕਿ ਇਸ ਵਾਰ ਪੰਜਾਬ ਦੇ ਪੱਲੇ ਕੁਝ ਵੀ ਪੈਣ ਵਾਲਾ ਨਹੀਂ ਹੈ। ਪਾਰਟੀ ਨੇ ਨਾਮਜ਼ਦਗੀਆਂ ਦੇ ਆਖਰੀ ਦਿਨ ਆਪਣੇ ਪੰਜੇ ਮੈਂਬਰਾਂ ਦੇ ਨਾਵਾਂ ਦਾ ਐਲਾਨ ਕੀਤਾ। ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਸਮੇਂ ਵੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਉਤੇ ਦਿੱਲੀ ਤੋਂ ਪੰਜਾਬ ਵਿਚ ਸੱਤਾ ਚਲਾਉਣ ਦਾ ਮੁੱਦਾ ਭਖਿਆ ਸੀ। ਇਹ ਮੁੱਦਾ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਵੀ ਖੂਬ ਗਰਮ ਰਿਹਾ ਸੀ ਜਦੋਂ ਪਾਰਟੀ ਨੇ ਸੂਬੇ ਵਿਚ ਮੁੱਖ ਮੰਤਰੀ ਉਮੀਦਵਾਰ ਐਲਾਨਣ ਤੋਂ ਨਾਂਹ ਕਰ ਦਿੱਤੀ ਸੀ ਤੇ ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੂੰ ਸਰਕਾਰ ਬਣਨ ਉਤੇ ਪੰਜਾਬ ਲਿਆਉਣ ਦੀ ਗੱਲ ਉਡੀ ਸੀ। ਇਸ ਵਾਰ ਵੀ ਜਦੋਂ ਦਿੱਲੀ ਤੋਂ ਸਰਕਾਰ ਚਲਾਉਣ ਦਾ ਮੁੱਦਾ ਗਰਮ ਸੀ ਤਾਂ ਆਪ ਨੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਉਮੀਦਵਾਰ ਐਲਾਨ ਕੀਤੇ ਗੱਲ ਇਕ ਪਾਸੇ ਕਰ ਦਿੱਤੀ। ਹੁਣ 93 ਵਿਧਾਨ ਸਭਾ ਸੀਟਾਂ ਮਿਲਣ ਪਿੱਛੋਂ ਰਾਜ ਸਭਾ ਦੀਆਂ 5 ਸੀਟਾਂ ਵੀ ਆਪ ਦੇ ਹਿੱਸਾ ਆ ਗਈਆਂ ਹਨ।
ਇਸ ਤੋਂ ਪਹਿਲਾਂ ਪੰਜਾਬ ਨਾਲ ਸਬੰਧਤ ਪੰਜ ਰਾਜ ਸਭਾ ਮੈਂਬਰਾਂ ‘ਚ ਪ੍ਰਤਾਪ ਸਿੰਘ ਬਾਜਵਾ, ਸ਼ਮਸ਼ੇਰ ਸਿੰਘ ਦੂਲੋਂ, ਸ਼ਵੇਤ ਮਲਿਕ, ਨਰੇਸ਼ ਗੁਜਰਾਲ ਅਤੇ ਸੁਖਦੇਵ ਸਿੰਘ ਢੀਂਡਸਾ ਦਾ ਕਾਰਜਕਾਲ 9 ਅਪਰੈਲ ਨੂੰ ਖ਼ਤਮ ਹੋ ਰਿਹਾ ਹੈ, ਜਦੋਂ ਕਿ ਦੋ ਹੋਰ ਮੈਂਬਰਾਂ ਬਲਵਿੰਦਰ ਸਿੰਘ ਭੂੰਦੜ ਤੇ ਅੰਬਿਕਾ ਸੋਨੀ ਦਾ ਕਾਰਜਕਾਲ 4 ਜੁਲਾਈ ਨੂੰ ਖ਼ਤਮ ਹੋਵੇਗਾ।
ਸਿਆਸੀ ਧਿਰਾਂ ਦਾ ਦੋਸ਼ ਹੈ ਕਿ ‘ਆਪ` ਨੇੇ ਵੱਡਾ ਫਤਵਾ ਦੇਣ ਵਾਲੇ ਪੰਜਾਬੀਆਂ ਨੂੰ ਵੱਡੀ ਮਾਯੂਸੀ ਦਿੱਤੀ ਹੈ। ਪੰਜਾਬ ਜੋ ਮੁਲਕ ਦੀ ਇਕ ਘੱਟ ਗਿਣਤੀ ਦੀ ਨੁਮਾਇੰਦਗੀ ਵਾਲਾ ਸੂਬਾ ਹੈ, ਤੋਂ ਹੀ ਰਾਜ ਸਭਾ ਵਿਚ ਪੰਜਾਬੀ ਚਿਹਰਾ ਨਾ ਭੇਜੇ ਜਾਣ ਪਾਰਟੀ ਦੀ ਨੀਅਤ ਉਤੇ ਸਵਾਲ ਖੜ੍ਹੇ ਕਰਦਾ ਹੈ। ਪੰਥਕ ਧਿਰਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਇਕ ਵੀ ਪੰਥਕ ਚਿਹਰਾ, ਕੋਈ ਔਰਤ ਜਿਨ੍ਹਾਂ ਦੀ 50 ਪ੍ਰਤੀਸ਼ਤ ਵਸੋਂ ਹੈ ਅਤੇ ਕਿਸਾਨੀ ਪ੍ਰਧਾਨ ਸੂਬੇ ਵਿਚੋਂ ਕਿਸੇ ਇਕ ਵੀ ਕਿਸਾਨ ਨੂੰ ਨੁਮਾਇੰਦਗੀ ਦੇਣ ਦੇ ਕਾਬਲ ਨਾ ਸਮਝਣਾ ਸੂਬੇ ਦੇ ਵੋਟਰਾਂ ਨਾਲ ਵੱਡਾ ਧੋਖਾ ਹੈ। ਦਿਲਚਸਪ ਗੱਲ ਇਹ ਹੈ ਕਿ ‘ਆਪ` ਵੱਲੋਂ ਰਾਜ ਸਭਾ ਲਈ ਜੋ ਪੰਜ ਉਮੀਦਵਾਰ ਬਣਾਏ ਗਏ ਹਨ, ਉਨ੍ਹਾਂ ਵਿਚੋਂ ਤਿੰਨ ਸੰਦੀਪ ਪਾਠਕ, ਰਾਘਵ ਚੱਢਾ ਅਤੇ ਸੰਜੀਵ ਅਰੋੜਾ ਦਿੱਲੀ ਨਿਵਾਸੀ ਹਨ ਅਤੇ ਸੰਜੀਵ ਅਰੋੜਾ ਦੇ ਫੇਸਬੁਕ ਪੇਜ ਅਨੁਸਾਰ ਕਥਿਤ ਤੌਰ ਉਤੇ ਉਹ ਭਾਜਪਾ ਦੀ ਦਿੱਲੀ ਕਾਰਜਕਾਰਨੀ ਦੇ ਮੈਂਬਰ ਵੀ ਹਨ। ਅਜਿਹੇ ਵਿਚ ਆਮ ਆਦਮੀ ਪਾਰਟੀ ਦੀ ਨੀਅਤ ਉਤੇ ਸਵਾਲ ਉੱਠਣੇ ਸੁਭਾਵਕ ਹੀ ਹਨ।
ਇਸੇ ਦੌਰਾਨ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਰਾਜ ਸਭਾ ਲਈ ਦਿੱਲੀ ਦੇ ਆਗੂਆਂ ਨੂੰ ਉਮੀਦਵਾਰ ਬਣਾਉਣ ਨਾਲ ਸਾਬਤ ਹੋ ਗਿਆ ਕਿ ਪੰਜਾਬ ਦੀ ‘ਆਪ` ਸਰਕਾਰ ਦਿੱਲੀ ਦੀ ਕਠਪੁਤਲੀ ਬਣ ਕੇ ਚੱਲੇਗੀ।
ਉਨ੍ਹਾਂ ਕਿਹਾ ਹੈ ਕਿ ਅਕਾਲੀ ਸਰਕਾਰ ਵੇਲੇ ਰਾਜ ਸਭਾ ਵਿਚ ਪੰਜਾਬ ਦੇ ਪ੍ਰਮੁੱਖ ਅਕਾਲੀ ਆਗੂਆਂ ਨੂੰ ਭੇਜਿਆ ਜਾਂਦਾ ਸੀ। ‘ਆਪ` ਸਰਕਾਰ ਦੀ ਇਹ ਕਾਰਗੁਜ਼ਾਰੀ ਪੰਜਾਬ ਦੇ ਲੋਕਾਂ ਦਿੱਤੇ ਵੱਡੇ ਬਹੁਮਤ ਦਾ ਅਪਮਾਨ ਅਤੇ ਅਣਦੇਖੀ ਹੈ। ਪੰਜਾਬ ਦੇ ਲੋਕਾਂ ਨੂੰ ਹੌਲੀ-ਹੌਲੀ ਪਤਾ ਲੱਗੇਗਾ ਕਿ ਝੂਠੇ ਪ੍ਰਚਾਰ ਰਾਹੀਂ ਸੱਤਾ ਵਿੱਚ ਆਈ ‘ਆਪ` ਸਰਕਾਰ ਤੋਂ ਕੁਝ ਹਾਸਲ ਨਹੀਂ ਹੋਵੇਗਾ ਸਗੋਂ ਇਹ ਪੰਜਾਬ ਤੋਂ ਪਾਣੀਆਂ ਸਮੇਤ ਹੋਰ ਬਹੁਤ ਕੁਝ ਦਿੱਲੀ ਲੈ ਜਾਵੇਗੀ।