ਭਗਵਾਂ ਪ੍ਰਚਾਰਤੰਤਰ, ਮੋਦੀ ਸਰਕਾਰ ਦਾ ਸਿਆਸੀ ਏਜੰਡਾ ਅਤੇ ‘ਦਿ ਕਸ਼ਮੀਰ ਫਾਈਲਜ਼’

ਬੂਟਾ ਸਿੰਘ
ਫੋਨ: +91-94634-74342
ਜੰਮੂ ਕਸ਼ਮੀਰ ਵਿਚ ਸਵੈ-ਨਿਰਣੇ ਲਈ ਲਹਿਰ ਦੇ ਉਭਰਨ ਦੇ ਸਮੇਂ ਤੋਂ ਲੈ ਕੇ ਇਕ ਲੱਖ ਦੇ ਕਰੀਬ ਕਸ਼ਮੀਰੀ ਮਾਰੇ ਜਾ ਚੁੱਕੇ ਹਨ ਪਰ ਸੰਘੀ ਫਿਲਮਸਾਜ਼ ਦੀ ‘ਡੂੰਘੀ ਖੋਜ’ ਅਨੁਸਾਰ ਉੱਥੇ ਸਿਰਫ ਕਸ਼ਮੀਰ ਪੰਡਿਤਾਂ ਦੀ ਨਸਲਕੁਸ਼ੀ ਹੋਈ ਹੈ। ਫੌਜ ਅਤੇ ਪਾਕਿਸਤਾਨ ਪੱਖੀ ਦਹਿਸ਼ਤੀ ਗਰੁੱਪਾਂ ਵੱਲੋਂ ਕਸ਼ਮੀਰੀਆਂ ਦਾ ਕਤਲੇਆਮ ਅਤੇ ਲੁੱਟਮਾਰ, ਹਿਰਾਸਤੀ ਕਤਲ, ਕੁਨਨ-ਪੌਸ਼ਪੁਰਾ ਵਰਗੇ ਸਮੂਹਿਕ ਬਲਾਤਕਾਰਾਂ ਦੇ ਹੌਲਨਾਕ ਕਾਂਡ, ਪੈਲੈਟ ਗੰਨਾਂ ਨਾਲ ਅੰਨ੍ਹੇ ਕੀਤੇ ਨੌਜਵਾਨ, ਅਗਵਾ ਕਰਕੇ ਲਾਪਤਾ ਕਰ ਦਿੱਤੇ ਗਏ ਨੌਜਵਾਨ, ਉਨ੍ਹਾਂ ਦਹਿ-ਹਜ਼ਾਰਾਂ ਔਰਤਾਂ ਦਾ ਸੰਤਾਪ ਜਿਨ੍ਹਾਂ ਦੇ ਘਰਾਂ ਦੇ ਮਰਦ ਅਗਵਾ ਕਰਨ ਪਿੱਛੋਂ ਮਾਰ ਕੇ ਖਪਾ ਦਿੱਤੇ ਗਏ, ਥਾਂ-ਥਾਂ ਬਣੀਆਂ ਅਣਪਛਾਤੀਆਂ ਕਬਰਾਂ ਵਗੈਰਾ ਇਹ ਸਭ ਫਿਲਮਸਾਜ਼ ਅਨੁਸਾਰ ਭਾਰਤੀ ਫੌਜ ਨੂੰ ਬਦਨਾਮ ਕਰਨ ਲਈ ਘੜਿਆ ਕੋਰਾ ਝੂਠ ਹੈ। ਬਸ ਉਹੀ ਸੱਚ ਹੈ ਜੋ ਆਰ.ਐਸ.ਐਸ.-ਭਾਜਪਾ ਕਹਿ ਰਹੀ ਹੈ।

ਇਨ੍ਹੀਂ ਦਿਨੀਂ ਫਿਲਮਸਾਜ਼ ਵਿਵੇਕ ਅਗਨੀਹੋਤਰੀ ਦੀ ਬਣਾਈ ਫਿਲਮ ‘ਦਿ ਕਸ਼ਮੀਰ ਫਾਈਲਜ਼’ ਖੂਬ ਚਰਚਾ ‘ਚ ਹੈ। ਇਹ ਉਹੀ ਅਗਨੀਹੋਤਰੀ ਹੈ ਜਿਸ ਨੇ ‘ਸ਼ਹਿਰੀ ਨਕਸਲੀ’ ਦੀ ਨਿਆਰੀ ਪਰਿਭਾਸ਼ਾ ਈਜਾਦ ਕੀਤੀ ਸੀ ਕਿ ਆਪਣੇ ਦਿਮਾਗ ਤੋਂ ਕੰਮ ਲੈਣ ਵਾਲਾ ਹਰ ਉਹ ਅਧਿਆਪਕ ‘ਸ਼ਹਿਰੀ ਨਕਸਲੀ’ ਹੈ ਜੋ ਆਪਣੇ ਵਿਦਿਆਰਥੀਆਂ ਨੂੰ ਧਾਰਮਿਕ ਗ੍ਰੰਥਾਂ ਅਤੇ ਰੂੜੀਵਾਦੀ ਸੰਸਕ੍ਰਿਤੀ ਉੱਪਰ ਸਵਾਲ ਕਰਨੇ ਸਿਖਾਉਂਦਾ ਹੈ। ਯੂ.ਪੀ., ਗੁਜਰਾਤ, ਹਰਿਆਣਾ ਸਮੇਤ ਭਾਜਪਾ ਦੀਆਂ ਕਈ ਸਰਕਾਰਾਂ ਵੱਲੋਂ ਫਿਲਮ ਨੂੰ ਟੈਕਸ ਤੋਂ ਛੋਟ ਦਿੱਤੀ ਗਈ ਹੈ। ਨਰਿੰਦਰ ਮੋਦੀ ਜਿੱਥੇ ਬੀ.ਜੇ.ਪੀ. ਦੀ ਪਾਰਲੀਮੈਂਟਰੀ ਇਕੱਤਰਤਾ ਵਿਖੇ ‘ਦਿ ਕਸ਼ਮੀਰ ਫਾਈਲਜ਼’ ਨੂੰ ਇਹ ਕਹਿ ਕੇ ਪ੍ਰੋਮੋਟ ਕਰਦਾ ਹੈ ਕਿ ਐਸੀਆਂ ਫਿਲਮਾਂ ‘ਅਕਸਰ ਹੀ ਬਣਾਈਆਂ ਜਾਣੀਆਂ ਚਾਹੀਦੀਆਂ ਹਨ ਕਿਉਂਕਿ ਇਸ ਵਿਚ ਉਹ ‘ਸੱਚ’ ਦਿਖਾਇਆ ਗਿਆ ਹੈ ਜਿਸ ਨੂੰ ਸਾਲਾਂ ਤੋਂ ਦਬਾ ਕੇ ਰੱਖਿਆ ਗਿਆ ਸੀ। ਨਾਲ ਹੀ ਉਹ ਵਿਚਾਰ-ਪ੍ਰਗਟਾਵੇ ਦੀ ਆਜ਼ਾਦੀ ਦੇ ਹੱਕ ‘ਚ ਆਵਾਜ਼ ਉਠਾਉਣ ਵਾਲੇ ‘ਬੇਚੈਨ’ ਆਲੋਚਕਾਂ ਨੂੰ ਖਾਸ ਨਿਸ਼ਾਨਾ ਬਣਾਉਂਦਾ ਹੈ ਕਿ ਉਹ ਤੱਥਾਂ ਨੂੰ ਸਵੀਕਾਰ ਕਰਨ ਦੀ ਬਜਾਏ ਫਿਲਮ ਨੂੰ ਬਦਨਾਮ ਕਰਨ ਲਈ ਮੁਹਿੰਮ ਚਲਾ ਰਹੇ ਹਨ।
ਸੰਘ ਦਾ ਮੁਖੀ ਮੋਹਨ ਭਾਗਵਤ ਫਿਲਮਸਾਜ਼ ਅਤੇ ਉਸ ਦੀ ਟੀਮ ਨਾਲ ਉਚੇਚੇ ਤੌਰ ‘ਤੇ ਮੁਲਾਕਾਤ ਕਰਦਾ ਹੈ। ਭਾਗਵਤ ‘ਸੱਚ ਦੀ ਭਾਲ ਕਰਨ ਵਾਲਿਆਂ’ ਨੂੰ ਇਹ ਫਿਲਮ ਲਾਜ਼ਮੀ ਦੇਖਣ ਦੀ ਸਿਫਾਰਸ਼ ਕਰਦਾ ਹੈ ਕਿਉਂਕਿ ਇਹ ‘ਸ਼ਾਨਦਾਰ ਸਕ੍ਰਿਪਟ, ਡੂੰਘੀ ਖੋਜ, ਮੁਕੰਮਲ ਕਲਾਤਮਕ ਕਿਰਤ’ ਹੈ। ਆਮ ਤੌਰ ‘ਤੇ ਸਮਾਜ ਨੂੰ ਚੰਗੀ ਸੇਧ ਦੇਣ ਵਾਲੀਆਂ ਫਿਲਮਾਂ ਨੂੰ ਟੈਕਸ ਤੋਂ ਛੋਟ ਦੇ ਕੇ ਉਤਸ਼ਾਹਤ ਕੀਤਾ ਜਾਂਦਾ ਹੈ ਪਰ ਸੰਘ ਬ੍ਰਿਗੇਡ ਲਈ ਫਿਲਮਾਂ ਆਪਣੇ ਨਫਰਤ ਦੇ ਏਜੰਡੇ ਨੂੰ ਪ੍ਰਚਾਰਨ ਦਾ ਸੰਦ ਹਨ। ਮੁੱਖਧਾਰਾ ਸਿਨਮਾ ਕਦੇ ਵੀ ਸੱਚ ਨੂੰ ਇਮਾਨਦਾਰੀ ਨਾਲ ਪੇਸ਼ ਨਹੀਂ ਕਰਦਾ। ਕਲਾਤਮਕ ਫਿਲਮਾਂ ਵਿਚ ਬਹੁਤ ਸਾਰੀ ਕਲਪਨਾ ਹੋ ਹੀ ਸਕਦੀ ਹੈ ਪਰ ਇਹ ਤਾਂ ਖੁੱਲ੍ਹ-ਮ-ਖੁੱਲ੍ਹਾ ਨਫਰਤ ਦੀ ਪਟਾਰੀ ਹੈ। ਸੰਘ ਬ੍ਰਿਗੇਡ ਵੱਲੋਂ ਇਸ ਨੂੰ ਕਸ਼ਮੀਰ ਦਾ ਐਸਾ ਪ੍ਰਮਾਣਿਕ ਇਤਿਹਾਸ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ ਜਿਸ ਨੂੰ ਸਿਆਸੀ ਜਮਾਤ ਅਤੇ ਮਨੁੱਖੀ ਹੱਕਾਂ ਦੇ ਕਾਰਕੁਨਾਂ ਯਾਨੀ ‘ਸ਼ਹਿਰੀ ਨਕਸਲੀਆਂ’ ਵੱਲੋਂ ਲੁਕੋਇਆ ਗਿਆ ਹੈ ਜਦਕਿ ਕਸ਼ਮੀਰੀ ਪੰਡਿਤਾਂ ਦੀ ਦਾਸਤਾਂ ਲੁਕੀ-ਛਿਪੀ ਨਹੀਂ ਹੈ।
ਜਿਸ ਨੂੰ ਸੰਘ ਮੁਖੀ ‘ਡੂੰਘੀ ਖੋਜ ਵਾਲੀ ਕਲਾਤਮਕ ਕਿਰਤ’ ਦੱਸਦਾ ਹੈ, ਉਹ ਦਰਅਸਲ ਸੋਸ਼ਲ ਮੀਡੀਆ ਉੱਪਰ ਪਰੋਸੀ ਜਾਂਦੀ ਅਤਿਅੰਤ ਘਟੀਆ ਦਰਜੇ ਦੀ, ਮੁਸਲਿਮ ਵਿਰੋਧੀ ਅਤੇ ਕਸ਼ਮੀਰ ਦੇ ਸਵੈ-ਨਿਰਣੇ ਦੇ ਹੱਕ ‘ਚ ਆਵਾਜ਼ ਉਠਾਉਣ ਵਾਲਿਆਂ ਦੀ ਕਿਰਦਾਰਕੁਸ਼ੀ ਕਰਨ ਵਾਲੀ ਨਫਰਤੀ ਪ੍ਰਚਾਰ ਸਮੱਗਰੀ ਦਾ ਫਿਲਮੀ ਰੂਪ ਹੈ। ਫਿਲਮ ਸਮੂਹ ਮੁਸਲਿਮ ਕਸ਼ਮੀਰੀਆਂ ਨੂੰ ਬੇਕਿਰਕ ਦਹਿਸ਼ਤਗਰਦ, ਮਜ਼ਲੂਮ ਪੰਡਿਤਾਂ ਨੂੰ ਤਸੀਹੇ ਦੇ ਕੇ ਸੁਆਦ ਲੈਣ ਵਾਲੇ ਹੈਵਾਨ, ਗੁਆਂਢੀ ਪੰਡਿਤਾਂ ਨੂੰ ਲੁੱਟਣ ਵਾਲੇ ਧਾੜਵੀ, ਹਿੰਦੂ ਔਰਤਾਂ ਨੂੰ ਬੇਪੱਤ ਕਰਨ ਵਾਲੇ ਦਾਨਵ ਬਣਾ ਕੇ ਪੇਸ਼ ਕਰਦੀ ਹੈ। ਪਾਕਿਸਤਾਨ ਪੱਖੀ ਦਹਿਸ਼ਤੀ ਗਰੁੱਪਾਂ ਅਤੇ ਆਜ਼ਾਦ ਕਸ਼ਮੀਰ ਲਈ ਲੜਨ ਵਾਲੇ ਧਰਮਨਿਰਪੱਖ ਹਿੱਸਿਆਂ ਸਭ ਨੂੰ ਜਾਣ-ਬੁੱਝ ਕੇ ਰਲਗੱਡ ਕੀਤਾ ਗਿਆ ਹੈ। ਕਸ਼ਮੀਰੀ ਪੰਡਿਤਾਂ ਨੂੰ ਜਬਰੀ ਮੁਸਲਮਾਨ ਬਣਾਉਣ ਦੀ ਮਨਘੜਤ ਕਹਾਣੀ ਵੀ ਪਰੋਸੀ ਗਈ ਹੈ। ਮੁਸਲਿਮ ਦਹਿਸ਼ਤਗਰਦਾਂ ਵੱਲੋਂ 24 ਕਸ਼ਮੀਰੀ ਹਿੰਦੂ ਔਰਤ-ਮਰਦਾਂ-ਬੱਚਿਆਂ ਨੂੰ ਵਾਰੀ-ਵਾਰੀ ਗੋਲੀ ਮਾਰ ਕੇ ਮਾਰਨ ਅਤੇ ਇਕ ਔਰਤ ਨੂੰ ਨਿਰਵਸਤਰ ਕਰਨ ਅਤੇ ਆਰੀ ਮਸ਼ੀਨ ਨਾਲ ਵੱਢਣ ਦੇ ਦ੍ਰਿਸ਼ ਖਾਸ ਮਨੋਰਥ ਨਾਲ ਦਿਖਾਏ ਗਏ ਹਨ। ਕਥਿਤ ਮੁਸਲਿਮ ਦਹਿਸ਼ਤੀਆਂ ਵੱਲੋਂ ਕਸ਼ਮੀਰੀ ਪੰਡਿਤਾਂ ਦੇ ਕਤਲਾਂ ਦੀ ਤੁਲਨਾ ਨਾਜ਼ੀਆਂ ਵੱਲੋਂ ਯਹੂਦੀਆਂ ਦੀ ਨਸਲਕੁਸ਼ੀ ਨਾਲ ਕਰਨ ਤੋਂ ਫਿਲਮਸਾਜ਼ ਦੀ ਮਨਸ਼ਾ ਸਪਸ਼ਟ ਹੋ ਜਾਂਦੀ ਹੈ।
ਜੰਮੂ ਕਸ਼ਮੀਰ ਵਿਚ ਸਵੈ-ਨਿਰਣੇ ਲਈ ਲਹਿਰ ਦੇ ਉਭਰਨ ਦੇ ਸਮੇਂ ਤੋਂ ਲੈ ਕੇ ਇਕ ਲੱਖ ਦੇ ਕਰੀਬ ਕਸ਼ਮੀਰੀ ਮਾਰੇ ਜਾ ਚੁੱਕੇ ਹਨ ਪਰ ਸੰਘੀ ਫਿਲਮਸਾਜ਼ ਦੀ ‘ਡੂੰਘੀ ਖੋਜ’ ਅਨੁਸਾਰ ਉੱਥੇ ਸਿਰਫ ਕਸ਼ਮੀਰ ਪੰਡਿਤਾਂ ਦੀ ਨਸਲਕੁਸ਼ੀ ਹੋਈ ਹੈ। ਫੌਜ ਅਤੇ ਪਾਕਿਸਤਾਨ ਪੱਖੀ ਦਹਿਸ਼ਤੀ ਗਰੁੱਪਾਂ ਵੱਲੋਂ ਕਸ਼ਮੀਰੀਆਂ ਦਾ ਕਤਲੇਆਮ ਅਤੇ ਲੁੱਟਮਾਰ, ਹਿਰਾਸਤੀ ਕਤਲ, ਕੁਨਨ-ਪੌਸ਼ਪੁਰਾ ਵਰਗੇ ਸਮੂਹਿਕ ਬਲਾਤਕਾਰਾਂ ਦੇ ਹੌਲਨਾਕ ਕਾਂਡ, ਪੈਲੈਟ ਗੰਨਾਂ ਨਾਲ ਅੰਨ੍ਹੇ ਕੀਤੇ ਨੌਜਵਾਨ, ਅਗਵਾ ਕਰਕੇ ਲਾਪਤਾ ਕਰ ਦਿੱਤੇ ਗਏ ਨੌਜਵਾਨ, ਉਨ੍ਹਾਂ ਦਹਿ-ਹਜ਼ਾਰਾਂ ਔਰਤਾਂ ਦਾ ਸੰਤਾਪ ਜਿਨ੍ਹਾਂ ਦੇ ਘਰਾਂ ਦੇ ਮਰਦ ਅਗਵਾ ਕਰਨ ਪਿੱਛੋਂ ਮਾਰ ਕੇ ਖਪਾ ਦਿੱਤੇ ਗਏ, ਥਾਂ-ਥਾਂ ਬਣੀਆਂ ਅਣਪਛਾਤੀਆਂ ਕਬਰਾਂ ਵਗੈਰਾ ਇਹ ਸਭ ਫਿਲਮਸਾਜ਼ ਅਨੁਸਾਰ ਭਾਰਤੀ ਫੌਜ ਨੂੰ ਬਦਨਾਮ ਕਰਨ ਲਈ ਘੜਿਆ ਕੋਰਾ ਝੂਠ ਹੈ। ਬਸ ਉਹੀ ਸੱਚ ਹੈ ਜੋ ਆਰ.ਐਸ.ਐਸ.-ਭਾਜਪਾ ਕਹਿ ਰਹੀ ਹੈ।
ਫਿਲਮ ਤੱਥਾਂ ਨੂੰ ਤੋੜ-ਮਰੋੜ ਕੇ ਅਤੇ ਖਾਸ ਤੱਥਾਂ ਨੂੰ ਦਬਾ ਕੇ ਜੋ ਤਸਵੀਰ ਪੇਸ਼ ਕਰਦੀ ਹੈ, ਉਸ ਅਨੁਸਾਰ ਸਿਰਫ ਤੇ ਸਿਰਫ ਆਰ.ਐਸ.ਐਸ.-ਭਾਜਪਾ ਹੀ ਹੈ ਜੋ ਕਸ਼ਮੀਰੀ ਪੰਡਿਤਾਂ ਦੀ ਖੈਰ-ਖਵਾਹ ਹੈ ਜਿਸ ਨੇ ਧਾਰਾ 370 ਦਾ ਖਾਤਮਾ ਕਰਕੇ ਰਿਆਸਤ ਦੀ ਤਰੱਕੀ ਦਾ ਰਾਹ ਖੋਲ੍ਹਿਆ। ਕਿ ਹੋਰ ਕਿਸੇ ਪ੍ਰਧਾਨ ਮੰਤਰੀ ਵਿਚ ਮੋਦੀ ਦੀ ਤਰ੍ਹਾਂ ਧਾਰਾ 370 ਤੋਂ ਕਸ਼ਮੀਰ ਨੂੰ ਮੁਕਤ ਕਰਾਉਣ ਦੀ ਹਿੰਮਤ ਨਹੀਂ ਸੀ। ਫਿਲਮ ਅਨੁਸਾਰ ਕਥਿਤ ਧਰਮ-ਨਿਰਪੱਖ, ਯਾਨੀ ਕਾਂਗਰਸ ਵਰਗੀਆਂ ਰਾਜਨੀਤਕ ਤਾਕਤਾਂ ਤਾਂ ਮੁਸਲਮਾਨਾਂ ਨੂੰ ਖੁਸ਼ ਕਰਨ ਲਈ ਕਸ਼ਮੀਰੀ ਪੰਡਿਤਾਂ ਦਾ ਮੁੱਲ ਵੱਟਣ ਵਾਲੀਆਂ ਗਿਰਝਾਂ ਹਨ। ਕਿ ਰਾਜੀਵ ਗਾਂਧੀ ਨੇ ਕਸ਼ਮੀਰੀ ਪੰਡਿਤਾਂ ਦੀ ਮੱਦਦ ਨਹੀਂ ਕੀਤੀ ਜਦਕਿ ਇਤਿਹਾਸਕ ਤੱਥ ਇਹ ਹੈ ਕਿ ਕਸ਼ਮੀਰੀ ਪੰਡਿਤਾਂ ਦੇ ਕਤਲੇਆਮ ਅਤੇ ਹਿਜ਼ਰਤ ਦੇ ਵਕਤ ਭਾਰਤ ਵਿਚ ਵਿਸ਼ਵਨਾਥ ਪ੍ਰਤਾਪ ਸਿੰਘ ਦੀ ਅਗਵਾਈ ਵਾਲੀ ਸਰਕਾਰ ਸੀ ਜੋ ਬੀ.ਜੇ.ਪੀ. ਦੀ ਹਮਾਇਤ ਨਾਲ ਹੋਂਦ ‘ਚ ਆਈ ਸੀ।
ਇਹ ਜੱਗ ਜ਼ਾਹਿਰ ਤੱਥ ਹੈ ਕਿ ਕਸ਼ਮੀਰੀ ਲੋਕਾਂ ਦੀ ਨਸਲਕੁਸ਼ੀ ਲਈ ਸਮੁੱਚੀ ਭਾਰਤੀ ਹੁਕਮਰਾਨ ਜਮਾਤ ਅਤੇ ਇਸ ਦੇ ਜੰਮੂ ਕਸ਼ਮੀਰ ਵਿਚਲੇ ਜੋਟੀਦਾਰ ਸਿਆਸਤਦਾਨ ਮੁੱਖ ਜ਼ਿੰਮੇਵਾਰ ਹਨ ਜੋ ਕਸ਼ਮੀਰੀ ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਰਾਇਸ਼ੁਮਾਰੀ ਰਾਹੀਂ ਮਸਲੇ ਦਾ ਰਾਜਨੀਤਕ ਹੱਲ ਕਰਨ ਦੀ ਬਜਾਏ ਹਮੇਸ਼ਾ ਕਪਟੀ ਚਾਲਾਂ ਚੱਲਦੇ ਰਹੇ ਅਤੇ ਜਿਨ੍ਹਾਂ ਨੇ ਇਸ ਸਰਜ਼ਮੀਨ ਨੂੰ ਕੁਚਲਣ ਲਈ ਫੌਜ ਨੂੰ ਖੁੱਲ੍ਹੀ ਛੁੱਟੀ ਦੇ ਕੇ ਕਤਲਗਾਹ ਬਣਾਇਆ ਹੋਇਆ ਹੈ। ਚਾਹੇ ਕਾਂਗਰਸ ਹੈ ਜਾਂ ਬੀ.ਜੇ.ਪੀ. ਜਾਂ ਕੋਈ ਹੋਰ ਹਕੂਮਤ, ਭਾਰਤ ਦੀ ਹੁਕਮਰਾਨ ਜਮਾਤ ਕਦੇ ਵੀ ਕਸ਼ਮੀਰੀ ਪੰਡਿਤਾਂ ਦੇ ਮੁੜ-ਵਸੇਬੇ ਅਤੇ ਜਾਨ-ਮਾਲ ਦੀ ਸੁਰੱਖਿਆ ਲਈ ਇਮਾਨਦਾਰ ਅਤੇ ਸੁਹਿਰਦ ਨਹੀਂ ਰਹੀ। ਆਰ.ਐਸ.ਐਸ.-ਬੀ.ਜੇ.ਪੀ. ਦੀ ਭੂਮਿਕਾ ਸਭ ਤੋਂ ਜ਼ਿਆਦਾ ਘਿਨਾਉਣੀ ਹੈ।
ਕਸ਼ਮੀਰੀ ਪੰਡਿਤ ਭਾਈਚਾਰੇ ਨੂੰ ਕਸ਼ਮੀਰ ਦੇ ਸਵੈ-ਨਿਰਣੇ ਦੇ ਸੰਘਰਸ਼ ਦੇ ਵਿਰੋਧ ‘ਚ ਖੜ੍ਹਾ ਕਰਨ ਲਈ ਉਨ੍ਹਾਂ ਦੇ ਕਤਲਾਂ ਅਤੇ ਹਿਜ਼ਰਤ ਨੂੰ ਵਧਾ-ਚੜ੍ਹਾ ਕੇ ਫਿਰਕੂ ਰੰਗਤ ਦੇਣ ਦਾ ਮਾਸਟਰ-ਮਾਈਂਡ ਭਾਜਪਾਈ ਗਵਰਨਰ ਜਗਮੋਹਨ ਮਲਹੋਤਰਾ ਸੀ ਜਿਸ ਨੇ ਦਹਿਸ਼ਤ ਅਤੇ ਅਸੁਰੱਖਿਆ ਦਾ ਮਾਹੌਲ ਪੈਦਾ ਕਰਕੇ ਯੋਜਨਾਬੱਧ ਹਿਜਰਤ ਨੂੰ ਅੰਜਾਮ ਦਿੱਤਾ। ਫਿਰਕੂ ਕੱਟੜਪੰਥੀ ਗੁੱਟਾਂ ਵੱਲੋਂ ਸਿਰਫ ਕਸ਼ਮੀਰੀ ਪੰਡਿਤਾਂ ਦੇ ਹੀ ਨਹੀਂ ਸਗੋਂ ਕਸ਼ਮੀਰੀ ਮੁਸਲਿਮ ਨਾਗਰਿਕਾਂ ਦੇ ਵੀ ਕਤਲ ਕੀਤੇ ਗਏ। ਜਿਨ੍ਹਾਂ ਦਾ ਭਾਰਤ ਦੀਆਂ ਇਨਸਾਫਪਸੰਦ ਤਾਕਤਾਂ ਵੱਲੋਂ ਹਮੇਸ਼ਾ ਵਿਰੋਧ ਕੀਤਾ ਜਾਂਦਾ ਰਿਹਾ ਹੈ।
ਇਹ ਫਿਲਮ ਹਿੰਸਾ ਦਾ ਸ਼ਿਕਾਰ ਹੋਏ ਕਸ਼ਮੀਰ ਪੰਡਿਤਾਂ ਦੀ ਗਿਣਤੀ ਨੂੰ ਬੇਹੱਦ ਵਧਾ-ਚੜ੍ਹਾ ਕੇ ਪੇਸ਼ ਕਰਦੀ ਹੈ ਕਿ ਹਥਿਆਰਬੰਦ ਲੜਾਈ ਸ਼ੁਰੂ ਹੋਣ ਤੋਂ ਲੈ ਕੇ 4000 ਕਸ਼ਮੀਰੀ ਪੰਡਿਤਾਂ ਦੀ ਹੱਤਿਆ ਕਰ ਦਿੱਤੀ ਗਈ ਅਤੇ ਪੰਜ ਲੱਖ ਹਿਜਰਤ ਕਰਨ ਲਈ ਮਜਬੂਰ ਹੋ ਗਏ ਜਦਕਿ ਕਸ਼ਮੀਰੀ ਪੰਡਿਤ ਸੰਘਰਸ਼ ਸੰਮਤੀ ਦੇ ਸਰਵੇਖਣ ਅਨੁਸਾਰ ਇਹ ਗਿਣਤੀ 399 ਤੋਂ ਲੈ ਕੇ 650 ਤੱਕ ਹੈ।
ਖੋਜਕਾਰ ਅਲੈਗਜੈਂਡਰ ਇਵਾਨਜ਼ ਦਾ ਕਹਿਣਾ ਹੈ ਕਿ 1990 ‘ਚ ਕਸ਼ਮੀਰ 160000-170000 ਕਸ਼ਮੀਰੀ ਪੰਡਿਤ ਸਨ ਜਿਨ੍ਹਾਂ ‘ਚੋਂ ਜ਼ਿਆਦਾਤਰ ਹਿੰਸਾ ਕਾਰਨ ਉੱਥੋਂ ਛੱਡ ਕੇ ਆ ਗਏ। ਜੰਮੂ ਕਸ਼ਮੀਰ ਸਰਕਾਰ ਦੀ ਵੈੱਬਸਾਈਟ ਕਹਿੰਦੀ ਹੈ ਕਿ 60000 ਕਸ਼ਮੀਰ ਹਿੰਦੂ ਪਰਿਵਾਰਾਂ ਨੇ ਕਸ਼ਮੀਰ ਘਾਟੀ ‘ਚੋਂ ਹਿਜਰਤ ਕੀਤੀ। ਫਿਲਮ ਦੇ ਦਾਅਵੇ ਇਨ੍ਹਾਂ ਵਿਚੋਂ ਕਿਸੇ ਵੀ ਅੰਕੜੇ ਨਾਲ ਮੇਲ ਨਹੀਂ ਖਾਂਦੇ।
ਨਫਰਤ ਭੜਕਾਉਣ ਲਈ ਫਿਲਮ ਸਾਰੇ ਹੀ ਕਸ਼ਮੀਰੀ ਮੁਸਲਮਾਨਾਂ ਨੂੰ ਪੂਰੇ ਭਾਈਚਾਰੇ ਦੇ ਤੌਰ ‘ਤੇ ਗੁਆਂਢੀ ਕਸ਼ਮੀਰੀ ਪੰਡਿਤਾਂ ਦੇ ਦੁਸ਼ਮਣ ਬਣਾ ਕੇ ਪੇਸ਼ ਕਰਦੀ ਹੈ ਜਦ ਕਿ ਹਕੀਕਤ ਇਹ ਹੈ ਕਿ ਕਸ਼ਮੀਰ ਮੁਸਲਮਾਨ ਨਾ ਸਿਰਫ ਖੁਦ ਪਾਕਿਸਤਾਨ ਪੱਖੀ ਦਹਿਸ਼ਤੀ ਗਰੋਹਾਂ ਹੱਥੋਂ ਕਤਲ ਹੋਏ, ਸਗੋਂ ਉਨ੍ਹਾਂ ਵੱਲੋਂ ਖਤਰਾ ਮੁੱਲ ਲੈ ਕੇ ਆਪਣੇ ਗੁਆਂਢੀ ਕਸ਼ਮੀਰੀ ਪੰਡਿਤਾਂ ਦੀ ਰਾਖੀ ਕਰਨ ਅਤੇ ਉਨ੍ਹਾਂ ਨੂੰ ਆਪਣਾ ਅਨਿੱਖੜ ਹਿੱਸਾ ਸਮਝਣ ਦੀਆਂ ਵੀ ਬੇਸ਼ੁਮਾਰ ਮਿਸਾਲਾਂ ਹਨ ਜੋ ਕਸ਼ਮੀਰੀਅਤ ਦੀ ਸੱਚੀ ਧਰਮਨਿਰਪੱਖ ਭਾਵਨਾ ਦੀ ਤਰਜ਼ਮਾਨੀ ਕਰਦੀਆਂ ਹਨ।
ਫਿਲਮ ਸਿਰਫ ਕਸ਼ਮੀਰੀ ਪੰਡਿਤਾਂ ਦੀ ਗੱਲ ਕਰਦੀ ਹੈ ਪਰ ਉਨ੍ਹਾਂ ਅਤਿਅੰਤ ਘਿਨਾਉਣੇ ਕਤਲ ਕਾਂਡਾਂ ਬਾਰੇ ਚੁੱਪ ਹੈ ਜੋ ਪੁਲਿਸ ਅਤੇ ਭਾਰਤੀ ਫੌਜ ਵੱਲੋਂ ਕੀਤੇ ਗਏ। ਜਦੋਂ ਦਰਜਨਾਂ ਆਮ ਕਸ਼ਮੀਰੀਆਂ ਨੂੰ ਬੇਕਿਰਕੀ ਨਾਲ ਗੋਲੀਆਂ ਨਾਲ ਭੁੰਨ ਦਿੱਤਾ ਗਿਆ। ਫਿਲਮ ਚਿੱਟੀਸਿੰਘਪੁਰਾ ਕਤਲੇਆਮ ਵਰਗੇ ਕਾਂਡਾਂ ਦੀ ਗੱਲ ਨਹੀਂ ਕਰਦੀ ਜਦੋਂ 20 ਮਾਰਚ 2000 ਨੂੰ ਘਾਟੀ ਦੇ ਇਸ ਪਿੰਡ ‘ਚ 36 ਸਿੱਖਾਂ ਨੂੰ ਰਾਤ ਸਮੇਂ ਫੌਜ ਦੀਆਂ ਵਰਦੀਆਂ ਪਾਈ ਗਰੋਹ ਵੱਲੋਂ ਘਰਾਂ ਤੋਂ ਬਾਹਰ ਧੂਹ ਕੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਅਮਰੀਕਨ ਰਾਸ਼ਟਰਪਤੀ ਬਿੱਲ ਕਲਿੰਟਨ ਦੀ ਭਾਰਤ ਫੇਰੀ ਮੌਕੇ ਹੋਏ ਇਸ ਕਤਲੇਆਮ ਨੂੰ ਕਸ਼ਮੀਰੀ ਗਰੁੱਪਾਂ ਦੇ ਖਾਤੇ ਪਾਇਆ ਗਿਆ ਪਰ ਹਕੀਕਤ ਦੇ ਸੰਕੇਤ ਹੋਰ ਸਨ।
ਅਮਰੀਕਾ ਦੀ ਸਾਬਕਾ ਸੈਕਟਰੀ ਆਫ ਸਟੇਟ ਮੈਡਲੀਨ ਅਲਬ੍ਰਾਈਟ ਨੇ ਰਾਸ਼ਟਰਪਤੀ ਬਿਲ ਕਲਿੰੰਟਨ ਦੇ ਹਵਾਲੇ ਨਾਲ ਆਪਣੀ ਕਿਤਾਬ ‘ਦਿ ਮਾਈਟੀ ਐਂਡ ਦਿ ਆਲਮਾਈਟੀ’ ਵਿਚ ਇਸ ਕਤਲੇਆਮ ਬਾਰੇ ਲਿਖਿਆ – ‘ਮੇਰੀ ਭਾਰਤ ਫੇਰੀ ਦੌਰਾਨ ਕੁਝ ਹਿੰਦੂ ਅਤਿਵਾਦੀਆਂ ਨੇ ਅਠੱਤੀ ਸਿੱਖਾਂ ਦਾ ਕਤਲੇਆਮ ਕਰਕੇ ਆਪਣਾ ਗੁੱਸਾ ਕੱਢਣ ਦਾ ਫੈਸਲਾ ਕੀਤਾ। ਜੇ ਮੈਂ ਉਸ ਫੇਰੀ ‘ਤੇ ਨਾ ਗਿਆ ਹੁੰਦਾ ਤਾਂ ਉਹ ਪੀੜਤ ਸ਼ਾਇਦ ਅੱਜ ਜਿਊਂਦੇ ਹੁੰਦੇ।’ ਇਸ ਟਿੱਪਣੀ ਤੋਂ ਬੁਖਲਾਏ ਭਾਰਤੀ ਹੁਕਮਰਾਨਾਂ ਦੇ ਦਬਾਓ ਹੇਠ ਪ੍ਰਕਾਸ਼ਕ ਨੂੰ ਕਿਤਾਬ ਵਿਚੋਂ ‘ਹਿੰਦੂ ਮਿਲੀਟੈਂਟਸ’ ਹਟਾ ਕੇ ‘ਐਂਗਰੀ ਰੈਡੀਕਲ’ ਸ਼ਬਦ ਪਾਉਣਾ ਪਿਆ ਸੀ।
ਕਸ਼ਮੀਰੀਆਂ ਅਤੇ ਭਾਰਤ ਦੇ ਹੋਰ ਲੋਕਾਂ ਦੀ ਨਸਲਕੁਸ਼ੀ ਦੀਆਂ ਸਮੂਹ ਫਾਈਲਾਂ ਇਮਾਨਦਾਰੀ ਨਾਲ ਖੁੱਲ੍ਹਣੀਆਂ ਹੀ ਚਾਹੀਦੀਆਂ ਹਨ। ਇਸ ਬਾਰੇ ਮਨੁੱਖੀ ਹੱਕਾਂ ਦੀਆਂ ਜਥੇਬੰਦੀਆਂ ਨੇ ਤੱਥ ਖੋਜ ਰਿਪੋਰਟਾਂ ਰਾਹੀਂ ਹਾਲਾਤ ਦਾ ਦਸਤਾਵੇਜ਼ੀਕਰਨ ਕਰਕੇ ਬਹੁਤ ਵੱਡਮੁੱਲਾ ਕੰਮ ਕੀਤਾ ਹੋਇਆ ਹੈ ਜਿਸ ਨੂੰ ਦਬਾਉਣ ਲਈ ਗੌਤਮ ਨਵਲਖਾ, ਖੁਰਮ ਪਰਵੇਜ਼ ਵਰਗੇ ਮਨੁੱਖੀ ਹੱਕਾਂ ਦੇ ਸਿਰਕੱਢ ਘੁਲਾਟੀਆਂ ਨੂੰ ਝੂਠੇ ਕੇਸਾਂ ਵਿਚ ਜੇਲ੍ਹਾਂ ਵਿਚ ਡੱਕਿਆ ਹੋਇਆ ਹੈ। ਦਰਅਸਲ, ਭਗਵੀਂ ਹਕੂਮਤ ਦੇ ਹਿਤ ਕਸ਼ਮੀਰ ਦੇ ਸਮੂਹ ਲੋਕਾਂ ਵੱਲੋਂ ਝੱਲੇ ਜਾ ਰਹੇ ਸੰਤਾਪ, ਆਰ.ਐਸ.ਐਸ.-ਬੀ.ਜੇ.ਪੀ. ਦੇ ਰਾਜ ਵਿਚ ਗੁਜਰਾਤ ਕਤਲੇਆਮ 2002, ਕੋਵਿਡ ਮਹਮਾਰੀ ਅਤੇ ਕਾਰਪੋਰੇਟ ਹਿਤੈਸ਼ੀ ਨੀਤੀਆਂ ਰਾਹੀਂ ਜੰਗਲਾਂ-ਪਹਾੜਾਂ ਵਿਚੋਂ ਆਦਿਵਾਸੀ ਲੋਕਾਂ ਦੇ ਉਜਾੜੇ ਅਤੇ ਨਸਲਕੁਸ਼ੀ ਉੱਪਰ ਪਰਦਾ ਪਾਈ ਰੱਖਣ ‘ਚ ਹਨ। ਇਸੇ ਲਈ ਫਿਲਮ ਕਸ਼ਮੀਰੀ ਪੰਡਿਤ ਭਾਈਚਾਰੇ ਦੇ ਦੁੱਖ-ਤਕਲੀਫਾਂ ਨੂੰ ਇਨਸਾਨੀ ਸੰਵੇਦਨਸ਼ੀਲਤਾ ਨਾਲ ਪੇਸ਼ ਕਰਨ ਦੀ ਬਜਾਏ ਉਨ੍ਹਾਂ ਦੇ ਸੰਤਾਪ ਨੂੰ ਭਗਵੇਂ ਰੰਗ ‘ਚ ਰੰਗ ਕੇ ਪੇਸ਼ ਕਰਦੀ ਹੈ। ਇਸ ਨੂੰ ਦੇਖਦਿਆਂ ਪੂਰੇ ਭਗਵੇਂ ਤੰਤਰ ਦਾ ਫਿਲਮ ਦੇ ਪ੍ਰਚਾਰ ‘ਚ ਜੁੱਟਣਾ ਹੈਰਾਨੀਜਨਕ ਨਹੀਂ ਹੈ। ਇਹ ਆਰ.ਐਸ.ਐਸ.-ਬੀ.ਜੇ.ਪੀ. ਵੱਲੋਂ ਜੰਮੂ ਕਸ਼ਮੀਰ ਬਾਰੇ ਤੱਥਾਂ ਨੂੰ ਆਪਣੇ ਫਾਸ਼ੀਵਾਦੀ ਨਜ਼ਰੀਏ ਅਨੁਸਾਰ ਤੱਥਾਂ ਨੂੰ ਪ੍ਰਸੰਗ ਨਾਲੋਂ ਤੋੜ-ਮਰੋੜ ਕੇ ਪੇਸ਼ ਕਰਨ ਅਤੇ ਖਾਸ ਤੱਥਾਂ ਨੂੰ ਦਬਾ ਕੇ ਆਪਣੀ ਪਸੰਦ ਦਾ ਝੂਠਾ ਬਿਰਤਾਂਤ ਸਿਰਜਣ ਦਾ ਸਿੱਕੇਬੰਦ ਨਮੂਨਾ ਹੈ। ਬੁੱਧੀਜੀਵੀ ਵਰਗ ਨੇ ਕਸ਼ਮੀਰੀ ਪੰਡਿਤਾਂ ਦੇ ਸੰਤਾਪ ਵੱਲ ਘੱਟ ਧਿਆਨ ਦਿੱਤਾ ਹੋ ਸਕਦਾ ਹੈ। ਪਰ ਉਹ ਕਦੇ ਵੀ ਕੱਟੜਪੰਥੀ ਦਹਿਸ਼ਤਵਾਦ ਦੇ ਹਮਾਇਤੀ ਨਹੀਂ ਰਹੇ ਜਿਵੇਂ ਫਿਲਮ ਤੱਥਾਂ ਨਾਲ ਖਿਲਵਾੜ ਕਰਦੀ ਹੈ। ਜੇ.ਐਨ.ਯੂ. ‘ਚ 2016 ‘ਚ ਕਸ਼ਮੀਰ ਬਾਰੇ ਨਾਅਰਿਆਂ ਨੂੰ, ਜਿਨ੍ਹਾਂ ਦੀ ਕੋਈ ਪ੍ਰਮਾਣਿਕਤਾ ਨਹੀਂ ਹੈ, ਕਸ਼ਮੀਰੀ ਪੰਡਿਤ ਭਾਈਚਾਰੇ ਦੇ ਸੰਤਾਪ ਨਾਲ ਇਸ ਲਈ ਜੋੜਿਆ ਗਿਆ ਹੈ ਤਾਂ ਜੁ ਉਸ ਬੁੱਧੀਜੀਵੀ ਹਿੱਸੇ ਬਾਰੇ ਨਫਰਤ ਭੜਕਾਈ ਜਾ ਸਕੇ ਜੋ ਕਸ਼ਮੀਰ ਮਸਲੇ ਦੇ ਰਾਜਨੀਤਕ ਹੱਲ ਦੀ ਗੱਲ ਕਰਦਾ ਹੈ। ਇਹ ਕਸ਼ਮੀਰੀ ਲੋਕਾਂ ਨਾਲ ਭਾਰਤੀ ਹੁਕਮਰਾਨ ਜਮਾਤ ਦੇ ਵਿਸ਼ਵਾਸਘਾਤ ਨੂੰ ਇਤਿਹਾਸ ਦੇ ਪੰਨਿਆਂ ‘ਚੋਂ ਮਿਟਾ ਦੇਣ ਲਈ ਘੜਿਆ ਝੂਠਾ ਬਿਰਤਾਂਤ ਹੈ।
ਕਸ਼ਮੀਰੀ ਪੰਡਿਤਾਂ ਸਮੇਤ ਸਮੂਹ ਕਸ਼ਮੀਰੀਆਂ ਨੂੰ ਨਿਆਂ ਮਿਲਣਾ ਚਾਹੀਦਾ ਹੈ ਪਰ ਆਰ.ਐਸ.ਐਸ.-ਬੀ.ਜੇ.ਪੀ. ਜਾਂ ਹੋਰ ਕਿਸੇ ਵੀ ਲੋਕ ਵਿਰੋਧੀ ਰਾਜਨੀਤਕ ਤਾਕਤ ਨੂੰ ਇਸ ਬਹਾਨੇ ਕਸ਼ਮੀਰੀ ਪੰਡਿਤਾਂ ਦੇ ਸੰਤਾਪ ਉੱਪਰ ਰਾਜਨੀਤਕ ਰੋਟੀਆਂ ਸੇਕਣ ਅਤੇ ਨਫਰਤ ਫੈਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਇਹ ਚੰਗੀ ਗੱਲ ਹੈ ਕਿ ਕਸ਼ਮੀਰੀ ਪੰਡਿਤਾਂ ਦੇ ਜਾਗਰੂਕ ਹਿੱਸਿਆਂ ਨੇ ਇਸ ਝੂਠੇ ਬਿਰਤਾਂਤ ਨੂੰ ਰੱਦ ਕੀਤਾ ਹੈ ਪਰ ਸਿਨੇਮਾ ਘਰਾਂ ਦੇ ਅੰਦਰ ਅਤੇ ਬਾਹਰ ਇਸ ਫਿਲਮ ਰਾਹੀਂ ਭੜਕ ਰਹੀ ਫਿਰਕੂ ਨਫਰਤ ਅਤੇ ਜਨੂਨ ਚਿੰਤਾਜਨਕ ਹੈ। ‘ਕਸ਼ਮੀਰ ਫਾਈਲਜ਼’ ਉੱਪਰ ਚਰਚਾਵਾਂ ਕਰਵਾ ਕੇ ਇਸ ਕਥਿਤ ਫਿਲਮ ਪਿੱਛੇ ਕੰਮ ਕਰਦੀ ਘਿਨਾਉਣੀ ਸਿਆਸਤ ਦਾ ਪਰਦਾਫਾਸ਼ ਕੀਤਾ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਸਾਰੀਆਂ ਹੀ ਤਾਕਤਾਂ ਦੇ ਚਿਹਰੇ ਨੰਗੇ ਕਰਨੇ ਚਾਹੀਦੇ ਹਨ ਜੋ ਕਸ਼ਮੀਰ ਪੰਡਿਤਾਂ ਅਤੇ ਹੋਰ ਕਸ਼ਮੀਰੀਆਂ ਦੇ ਦਰਦਨਾਕ ਹਾਲਾਤ ਲਈ ਜ਼ਿੰਮੇਵਾਰ ਹਨ।