ਗੋਆ ਦੀ ਆਜ਼ਾਦੀ ਦਾ ਸ਼ਹੀਦ ਕਰਨੈਲ ਸਿੰਘ ਈਸੜੂ

15 ਅਗਸਤ ਦਾ ਦਿਨ ਭਾਰਤੀ ਇਤਿਹਾਸ ਵਿਚ ਵਿਸ਼ੇਸ਼ ਥਾਂ ਰੱਖਦਾ ਹੈ। ਸੰਨ 1947 ਦੇ ਇਸੇ ਦਿਨ ਅੰਗਰੇਜ਼ ਸਾਮਰਾਜ ਖਿਲਾਫ ਬੜੇ ਸਿਰੜੀ, ਲੰਬੇ ਤੇ ਲਹੂ ਵੀਟਵੇਂ ਸੰਘਰਸ਼ ਪਿੱਛੋਂ ਆਜ਼ਾਦੀ ਪ੍ਰਾਪਤ ਹੋਈ ਸੀ, ਅੰਗੇਰਜ਼ੀ ਝੰਡਾ ਯੂਨੀਅਨ ਜੈਕ ਲੱਥ ਚੁੱਕਾ ਸੀ ਅਤੇ ਕੌਮੀ ਝੰਡਾ ਤਿਰੰਗਾ ਫੱਰਾਟੇ ਮਾਰ ਰਿਹਾ ਸੀ, ਪਰ ਭਾਰਤ ਦੀ ਸਰਕਾਰ ਅੱਗੇ ਵਿਰਾਟ ਔਕੜਾਂ ਖੜ੍ਹੀਆਂ ਸਨ। 

 

ਗਿਆਨ ਸਿੰਘ ਬਿਲਗਾ
ਫੋਨ: 661-397-7330
ਉਨ੍ਹਾਂ ਦੀ ਸ਼ਹਾਦਤ ਦੇ ਅਸੀਂ
ਸੱਚੇ ਗੁਆਹ ਬਣ ਕੇ,
ਉਨ੍ਹਾਂ ਦੇ ਖੂਨ ਦੀ ਗਾਥਾ
ਹੈ ਦੀਵਾਰ ‘ਤੇ ਲਿਖਣੀ।
15 ਅਗਸਤ ਦਾ ਦਿਨ ਭਾਰਤੀ ਇਤਿਹਾਸ ਵਿਚ ਵਿਸ਼ੇਸ਼ ਥਾਂ ਰੱਖਦਾ ਹੈ। ਸੰਨ 1947 ਦੇ ਇਸੇ ਦਿਨ ਅੰਗਰੇਜ਼ ਸਾਮਰਾਜ ਖਿਲਾਫ ਬੜੇ ਸਿਰੜੀ, ਲੰਬੇ ਤੇ ਲਹੂ ਵੀਟਵੇਂ ਸੰਘਰਸ਼ ਪਿੱਛੋਂ ਆਜ਼ਾਦੀ ਪ੍ਰਾਪਤ ਹੋਈ ਸੀ, ਅੰਗੇਰਜ਼ੀ ਝੰਡਾ ਯੂਨੀਅਨ ਜੈਕ ਲੱਥ ਚੁੱਕਾ ਸੀ ਅਤੇ ਕੌਮੀ ਝੰਡਾ ਤਿਰੰਗਾ ਫੱਰਾਟੇ ਮਾਰ ਰਿਹਾ ਸੀ, ਪਰ ਭਾਰਤ ਦੀ ਸਰਕਾਰ ਅੱਗੇ ਵਿਰਾਟ ਔਕੜਾਂ ਖੜ੍ਹੀਆਂ ਸਨ। ਦੇਸ਼ ਦੇ ਛੋਟੇ-ਛੋਟੇ ਟੁਕੜਿਆਂ ਗੋਆ, ਦਮਨ, ਦੀਵ ਅਤੇ ਨਗਰ ਹਵੇਲੀ ਉਤੇ ਅਜੇ ਵੀ ਪੁਰਤਗਾਲੀ ਸਾਮਰਾਜ ਪੈਰ ਪਸਾਰੀ ਬੈਠਾ ਸੀ। ਦੇਸੀ ਰਿਆਸਤਾਂ ਦੇ ਰਾਜੇ, ਹੈਦਰਾਬਾਦ ਵਾਂਗ ਆਪਣਾ ਵੱਖਰਾ ਰਾਜ ਕਾਇਮ ਰੱਖਣ ਲਈ ਤਰਲੋਮੱਛੀ ਹੋ ਰਹੇ ਸਨ। ਧਨਾਢ ਲੋਕ ਜਗੀਰਦਾਰੀ ਜਾਰੀ ਰੱਖਣ ਦੇ ਆਹਰ ਵਿਚ ਸਨ। ਦੇਸ਼ ਦੀ ਫਿਰਕੂ ਵੰਡ ਨਾਲ ਪੰਜਾਬ ਅਤੇ ਬੰਗਾਲ ਵਿਚ ਹਿੰਦੂ-ਸਿੱਖ-ਮੁਸਲਮਾਨ ਫਸਾਦ, ਜਾਇਦਾਦ ਦੀ ਸਾੜ-ਫੂਕ, ਬਹੂ-ਬੇਟੀਆਂ ਦੀ ਬੇਪਤੀ, ਆਬਾਦੀ ਦਾ ਤਬਾਦਲਾ, ਲੋਕਾਂ ਦੇ ਮੁੜ ਵਸੇਬੇ ਤੇ ਰੁਜ਼ਗਾਰ ਵਰਗੀਆਂ ਸਮੱਸਿਆਵਾਂ ਤੁਰੰਤ ਹੱਲ ਮੰਗਦੀਆਂ ਸਨ।
ਦੇਸ਼ ਦੀਆਂ ਸਭੇ ਰਾਜਸੀ ਪਾਰਟੀਆਂ ਅਤੇ ਆਮ ਜਨਤਾ ਉਸ ਵੇਲੇ ਦੀ ਨਹਿਰੂ ਸਰਕਾਰ ਤੋਂ ਗੋਆ, ਦਮਨ, ਦੀਵ ਤੇ ਨਗਰ ਹਵੇਲੀ ਦੇ ਪੁਰਤਗਾਲੀ ਇਲਾਕਿਆਂ ਨੂੰ ਆਜ਼ਾਦ ਕਰਵਾਉਣ ਲਈ ਜ਼ੋਰ ਪਾ ਰਹੀਆਂ ਸਨ। ਕਿਤੇ ਇਹ ਮਸਲਾ ਕੌਮਾਂਤਰੀ ਸਮੱਸਿਆ ਨਾ ਬਣ ਜਾਵੇ, ਨਹਿਰੂ ਦੀ ਕਾਂਗਰਸ ਸਰਕਾਰ, ਪੁਰਤਗਾਲੀ ਸਰਕਾਰ ਨਾਲ ਰਾਜਸੀ ਪੱਧਰ ‘ਤੇ ਨਿਬੇੜਾ ਕਰਨ ਤੋਂ ਕੰਨੀ ਕਤਰਾ ਰਹੀ ਸੀ। ਅੱਠ ਸਾਲ ਦੀ ਲੰਬੀ ਉਡੀਕ ਪਿੱਛੋਂ ਸਮੁੱਚੇ ਦੇਸ਼ ਭਗਤਾਂ ਨੇ ਵਲੰਟੀਅਰ ਭਰਤੀ ਕਰਨੇ ਅਰੰਭ ਕੀਤੇ ਤਾਂ ਜੋ ਪੁਰ-ਅਮਨ ਰਹਿੰਦਿਆਂ ਜਮਹੂਰੀ ਜਦੋ-ਜਹਿਦ ਅਰੰਭੀ ਜਾਵੇ ਅਤੇ ਗੋਆ ਦੀ ਸਰਹੱਦ ਪਾਰ ਕਰ ਕੇ ਕੌਮੀ ਝੰਡਾ ਗੱਡਿਆ ਜਾਵੇ। ਇਸ ਕਾਰਜ ਲਈ 15 ਅਗਸਤ 1955 ਦਾ ਦਿਨ ਮਿਥਿਆ ਗਿਆ। ਵੱਖ-ਵੱਖ ਰਾਜਾਂ ਤੋਂ ਜਥੇ ਮਹਾਂਰਾਸ਼ਟਰ ਪੁੱਜਣ ਲੱਗੇ। ਪੰਜਾਬ ਦੇ ਜਥੇ ਦੀ ਅਗਵਾਈ ਸ਼ਹੀਦ-ਏ-ਆਜ਼ਮ-ਭਗਤ ਸਿੰਘ ਦੇ ਸਾਥੀ ਪੰਡਤ ਕਿਸ਼ੋਰੀ ਲਾਲ ਕਰ ਰਹੇ ਸਨ। ਕਰਨੈਲ ਸਿੰਘ ਈਸੜੂ ਅਧਿਆਪਕ ਦੀ ਨੌਕਰੀ ਛੱਡ ਕੇ ਜਥੇ ਵਿਚ ਸ਼ਾਮਿਲ ਹੋ ਗਏ।
ਕਰਨੈਲ ਸਿੰਘ ਦਾ ਜਨਮ ਚੱਕ ਨੰਬਰ 50, ਜ਼ਿਲ੍ਹਾ ਲਾਇਲਪੁਰ ਵਿਚ 1930 ਵਿਚ ਅਕਤੂਬਰ ਮਹੀਨੇ ਮਾਤਾ ਹਰਨਾਮ ਕੌਰ ਅਤੇ ਪਿਤਾ ਸੁੰਦਰ ਸਿੰਘ ਦੇ ਘਰ ਹੋਇਆ ਸੀ। ਘਰ ਦੀ ਗਰੀਬੀ ਦੂਰ ਕਰਨ ਲਈ ਸੁੰਦਰ ਸਿੰਘ ਘਰ ਦੱਸੇ ਬਗੈਰ ਫੌਜ ਵਿਚ ਭਰਤੀ ਹੋ ਗਿਆ। ਤਨਖਾਹ 7 ਰੁਪਏ ਮਹੀਨਾ ਲੱਗੀ ਜਿਸ ਵਿਚੋਂ ਉਹ 5 ਰੁਪਏ ਘਰ ਭੇਜ ਦਿੰਦੇ। ਕਰਨੈਲ ਸਿੰਘ ਨੇ ਖੁਸ਼ਪੁਰ ਦੇ ਪ੍ਰਾਇਮਰੀ ਸਕੂਲ ਤੋਂ ਪੰਜ ਜਮਾਤਾਂ ਪਾਸ ਕਰ ਲਈਆਂ। ਆਪ ਛੇ ਭੈਣ ਭਰਾ ਸਨ। ਸਭ ਤੋਂ ਵੱਡਾ ਤਖਤ ਸਿੰਘ ਪ੍ਰਿੰਸੀਪਲ ਬਣਿਆ ਜਿਨ੍ਹਾਂ ਨੇ ਪੰਜਾਬੀ ਗਜ਼ਲ ਦੇ ਖੇਤਰ ਵਿਚ ਵੀ ਵਾਹਵਾ ਨਾਮਣਾ ਖੱਟਿਆ। ਫਿਰ ਹਰਚੰਦ ਸਿੰਘ ਅਤੇ ਫਿਰ ਭੈਣਾਂ ਹਰਬੰਸ ਕੌਰ, ਸਵਰਨ ਕੌਰ ਤੇ ਕਰਨੈਲ ਕੌਰ।
ਉਸ ਸਮੇਂ ਅੰਗਰੇਜ਼ ਸਰਕਾਰ ਬਾਰਾਂ ਆਬਾਦ ਕਰਨਾ ਚਾਹੁੰਦੀ ਸੀ। ਸੁੰਦਰ ਸਿੰਘ ਨੇ ਸਸਤੇ ਭਾਅ ਦੋ ਮੁਰੱਬੇ ਮੁੱਲ ਲੈ ਲਏ ਪਰ ਚਾਚਾ ਇੰਦਰ ਸਿੰਘ ਨੇ ਕਾਗਜ਼ੀ ਘੁਣਤਰਾਂ ਰਾਹੀਂ ਜ਼ਮੀਨ ਆਪਣੇ ਨਾਂ ਕਰਵਾ ਲਈ। ਗਰੀਬੀ ਦੇ ਝੰਬੇ ਸੁੰਦਰ ਸਿੰਘ ਨੂੰ ਫਿਰ ਨੌਕਰੀ ਦਾ ਸਹਾਰਾ ਲੈਣਾ ਪਿਆ। ਸਰਫੇ ਨਾਲ ਪੈਸੇ ਜੋੜ ਕੇ ਮੰਝੀ ਬਾਰ ਖਾਲਸਪੁਰ ਜ਼ਿਲ੍ਹਾ ਮਿੰਟਗੁੰਮਰੀ ਵਿਚ ਇਕ ਮੁਰੱਬਾ ਜ਼ਮੀਨ ਖਰੀਦ ਲਈ। ਟੱਬਰ ਦਾ ਗੁਜ਼ਾਰਾ ਕੁਝ ਸੁਖਾਲਾ ਹੋਣ ਲੱਗਾ, ਪਰ ਪਾਕਿਸਤਾਨ ਬਣਨ ਕਰ ਕੇ ਸਭ ਕੁਝ ਛੱਡ-ਛਡਾ ਕੇ ਪਿੰਡ ਈਸੜੂ ਜ਼ਿਲ੍ਹਾ ਲੁਧਿਆਣਾ ਆਪਣੇ ਜੱਦੀ ਪਿੰਡ ਆਣ ਡੇਰੇ ਲਾਏ।
ਈਸੜੂ ਨੇੜੇ ਪਿੰਡ ਕੰਗਾਂ ਘਰਾਲਾ ਵਿਚ ਕੱਟ-ਕਟਾ ਕੇ 22 ਘੁਮਾਂ ਜ਼ਮੀਨ ਅਲਾਟ ਹੋਈ। ਕਰਨੈਲ ਸਿੰਘ ਨੇ ਹਾਈ ਸਕੂਲ ਖੰਨਾ ਤੋਂ ਚੰਗੇ ਨੰਬਰਾਂ ‘ਚ ਦਸਵੀਂ ਪਾਸ ਕਰ ਲਈ। ਕਿਤਾਬਾਂ ਪੜ੍ਹਨ ਦਾ ਸ਼ੌਂਕ ਮੁੱਢ ਤੋਂ ਹੀ ਸੀ। ਇਕ ਵਾਰੀ ਰਾਹ ਜਾਂਦਿਆਂ 7 ਰੁਪਏ ਲੱਭੇ ਜਿਸ ਦੀਆਂ ਉਨ੍ਹਾਂ ਖੰਨੇ ਮੋਹਣ ਲਾਲ ਦੀ ਦੁਕਾਨ ਤੋਂ ਕਿਤਾਬਾਂ ਖਰੀਦ ਲਈਆਂ। ਗੁਰਬਖ਼ਸ਼ ਸਿੰਘ ਦੇ ਮਾਸਿਕ ਰਸਾਲੇ ‘ਪ੍ਰੀਤਲੜੀ’ ਦੇ ਉਹ ਪੱਕੇ ਪਾਠਕ ਸਨ ਜਿਸ ਦੇ ਵਿਚਾਰ ਗ੍ਰਹਿਣ ਕਰ ਕੇ ਵਿਗਿਆਨਕ ਸੋਚ ਦੇ ਧਾਰਣੀ ਬਣੇ। ਖਾਲਸਾ ਕਾਲਜ ਖੰਨਾ ਵਿਚ ਦਾਖਲਾ ਲੈਣ ਗਏ। ਪ੍ਰਿੰਸੀਪਲ ਗੁਰਦਿੱਤ ਸਿੰਘ ਕੋਲ ਵਿੱਦਿਆ ਪ੍ਰਾਪਤੀ ਲਈ ਉਤਸ਼ਾਹ ਤੇ ਘਰੇਲੂ ਤੰਗੀ ਦਾ ਜ਼ਿਕਰ ਕੀਤਾ। ਉਨ੍ਹਾਂ ਫੀਸ ਮੁਆਫੀ ਲਈ ਫਾਰਮ ਭਰ ਕੇ ਦੇਣ ਨੂੰ ਕਿਹਾ। ਸ਼ ਈਸੜੂ ਨੇ ਸਾਫ ਇਨਕਾਰ ਕਰਦਿਆਂ ਉਤਰ ਦਿੱਤਾ, “ਮੇਰੀ ਫੀਸ ਤੁਸੀਂ ਭਰ ਦਿਆ ਕਰਨੀ, ਇਵਜ਼ ਵਿਚ ਮੈਂ ਤੁਹਾਡਾ ਘਰੇਲੂ ਕੰਮ ਕਰ ਦਿਆਂ ਕਰਾਂਗਾ।”
ਉਨ੍ਹਾਂ ਦੀ ਸ਼ਖ਼ਸੀਅਤ ਤਰਾਸ਼ਣ, ਸੁਆਰਨ ਤੇ ਨਿਖਾਰਨ ਵਿਚ ਆਜ਼ਾਦ ਸਿੰਘ ਖਟੜਾ, ਕਾਮਰੇਡ ਭੀਮ ਸਿੰਘ ਅਤੇ ਭਰਤ ਪ੍ਰਕਾਸ਼ ਦਾ ਵੱਡਮੁੱਲਾ ਯੋਗਦਾਨ ਸੀ। ਵਿਦਿਆਰਥੀਆਂ, ਕਿਸਾਨਾਂ, ਮਜ਼ਦੂਰਾਂ ਨੂੰ ਜਥੇਬੰਦ ਕਰਨ ਹਿੱਤ ਉਨ੍ਹਾਂ ਅਹਿਮ ਭੂਮਿਕਾ ਨਿਭਾਈ। ਖਾਲਸਾ ਕਾਲਜ ਖੰਨਾ ਦੇ ਪ੍ਰਬੰਧਕਾਂ ਨੇ ਵਿਦਿਆਰਥੀਆਂ ਦੀਆਂ ਫੀਸਾਂ ਦੁੱਗਣੀਆਂ ਕਰ ਦਿੱਤੀਆਂ। ਏæਐਸ਼ ਸਕੂਲ ਖੰਨਾ ਦੀ ਗਰਾਊਂਡ ਵਿਚ ਉਨ੍ਹਾਂ ਦੀ ਪ੍ਰਧਾਨਗੀ ਹੇਠ ਵੱਡਾ ਜਲਸਾ ਹੋਇਆ। ਉਨ੍ਹਾਂ ਵਲੋਂ ਪੜ੍ਹੀ ਗਈ ਕਵਿਤਾ ਦੀਆਂ ਪਹਿਲੀਆਂ ਸਤਰਾਂ ਸਨ,
ਹੋ ਕੇ ਰਹੇਗੀ ਧਰਤੀ ਸਾਡੀ,
ਦੇਸ਼ ਅਸਾਡਾ ਹੋ ਕੇ ਰਹੇਗਾ।
ਕਾਮਰੇਡ ਰਾਮ ਸਿੰਘ ਕਿਰਤੀ ਦਾ ਸ਼ ਈਸੜੂ ਨੂੰ ਸਹਿਯੋਗ ਨਿਰੰਤਰ ਮਿਲਦਾ ਰਿਹਾ। ਉਨ੍ਹਾਂ ਦੀ ਅਗਵਾਈ ਵਿਚ ਵਿਦਿਆਰਥੀਆਂ ਦੀ ਜਿੱਤ ਹੋਈ। ਇਹ ਉਨ੍ਹਾਂ ਦੀ ਪਹਿਲੀ ਜਥੇਬੰਦਕ ਜਿੱਤ ਸੀ।
ਪਿੰਡ ਚੀਮਾ ਦੇ ਦੇਸ਼ ਭਗਤ ਕਾਮਰੇਡ ਕਰਤਾਰ ਸਿੰਘ ਦੀਆਂ ਲੋਕ ਪੱਖੀ ਸਰਗਰਮੀਆਂ ਕਰ ਕੇ ਜ਼ਿਲ੍ਹੇ ਭਰ ਦੀ ਪੁਲਿਸ ਪਿੰਡ ਦੇ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਸੀ। ਦਿਨ ਮਿਥ ਕੇ ਇਲਾਕੇ ਦੇ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਤੇ ਵਿਦਿਆਰਥੀਆਂ ਦਾ ਸਾਂਝਾ ਜਲਸਾ ਤੇ ਮਾਰਚ ਜਥੇਬੰਦ ਕੀਤਾ ਗਿਆ ਜਿਸ ਦੀ ਅਗਵਾਈ ਕਰਦਿਆਂ ਉਨ੍ਹਾਂ ਨੇ ਪੁਲਿਸ ਨੂੰ ਵਾਰਨਿੰਗ ਦਿੱਤੀ ਕਿ ਜੇ ਗੈਰ ਜਮਹੂਰੀ ਢੰਗ ਵਰਤ ਕੇ ਆਮ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਨੋਂ ਨਾ ਹਟੇ ਤਾਂ ਸਭ ਜਥੇਬੰਦ ਹੋ ਕੇ ਟਾਕਰਾ ਕਰਨ ਤੋਂ ਨਹੀਂ ਝਿਜਕਣਗੇ। ਇਸ ਪਿੱਛੋਂ ਪੁਲਿਸ ਨੂੰ ਪਿੰਡ ਘੇਰਨ ਦਾ ਹੌਸਲਾ ਨਾ ਪਿਆ।
ਕਾਲਜ ਦੀ ਪੜ੍ਹਾਈ ਵਿਚੇ ਛੱਡ ਕੇ ਉਹ ਸਰਕਾਰੀ ਪ੍ਰਾਇਮਰੀ ਸਕੂਲ ਬੰਬੀ (ਲੁਧਿਆਣਾ) ਅਨਟ੍ਰੇਂਡ ਅਧਿਆਪਕ ਦੇ ਤੌਰ ‘ਤੇ ਨਿਯੁਕਤ ਹੋ ਗਏ ਅਤੇ ਟੀਚਰਜ਼ ਟ੍ਰੇਨਿੰਗ ਸੈਂਟਰ ਜਗਰਾਉਂ ਵਿਖੇ ਐਮਰਜੈਂਸੀ ਟੀਚਰਜ਼ ਟ੍ਰੇਨਿੰਗ ਵਿਚ ਦਾਖਲਾ ਵੀ ਲੈ ਲਿਆ। ਜਦੋਂ ਗੋਆ ਨੂੰ ਆਜ਼ਾਦ ਕਰਵਾਉਣ ਲਈ ਜਥਾ ਬਣਿਆ ਤਾਂ ਉਸ ਵਿਚ ਸ਼ਾਮਿਲ ਹੋ ਗਏ। ਜਥੇ ਦੇ ਆਗੂ ਪੰਡਿਤ ਕਿਸ਼ੋਰੀ ਲਾਲ ਨੇ ਬੜਾ ਸਮਝਾਇਆ ਕਿ ਇਸ ਵਿਚ ਸਰਕਾਰੀ ਮੁਲਾਜ਼ਮ ਸ਼ਾਮਲ ਨਹੀਂ ਹੋਣਗੇ, ਪਰ ਉਹ ਪੱਕਾ ਮਨ ਬਣਾ ਕੇ ਆਇਆ ਸੀ। ਕਹਿਣ ਲੱਗਾ, “ਪੰਡਤ ਜੀ, ਜਾਣ ਦਾ ਕਿਰਾਇਆ ਮੈਂ ਸਾਇਕਲ ਵੇਚ ਕੇ ਬਣਾ ਲਿਆ ਹੈ ਤੇ ਟਿਕਟ ਲੈ ਲਈ ਹੈ। ਆਉਣ ਦਾ ਪ੍ਰਬੰਧ ਜਿਸ ਹਾਲ ਵਿਚ ਵੀ ਹੋਵੇ, ਤੁਹਾਨੂੰ ਕਰਨਾ ਪਵੇਗਾ।” ਉਹ ਦਿੱਲੀ ਜਾਣ ਵਾਲੀ ਗੱਡੀ ਵਿਚ ਜਾ ਸਵਾਰ ਹੋਇਆ।
ਉਸ ਦੀ ਸ਼ਹੀਦੀ ਅਤੇ ਆਖਰੀ ਦਿਨਾਂ ਬਾਰੇ ਵਿਸਥਾਰ ਦਿੰਦੀਆਂ ਉਹ ਚਿੱਠੀਆਂ ਹਨ ਜੋ ਉਸ ਨੇ ਦਿੱਲੀ, ਪੂਨਾ, ਬੇਲਗਾਉਂ ਤੱਕ ਦੇ ਸਫ਼ਰ ਬਾਰੇ ਆਪਣੇ ਦੋਸਤਾਂ ਤੇ ਭੈਣ ਕਰਨੈਲ ਕੌਰ ਜੋ ਅੱਜ ਕੱਲ੍ਹ ਬੇਕਰਜ਼ਫੀਲਡ (ਕੈਲੀਫੋਰਨੀਆ) ਵਿਖੇ ਆਪਣੀ ਧੀ ਕੋਲ ਰਹਿੰਦੇ ਹਨ, ਨੂੰ ਲਿਖੀਆਂ। ਜਥੇ ਦੇ ਆਗੂ ਪੰਡਿਤ ਕਿਸ਼ੋਰੀ ਲਾਲ ਵੱਲੋਂ ‘ਨਵਾਂ ਜ਼ਮਾਨਾ’ ਅਖ਼ਬਾਰ ਦੇ 16 ਅਗਸਤ 1958 ਵਾਲੇ ਅੰਕ ਵਿਚ ਲਿਖੇ ਲੇਖ ਤੋਂ ਵੀ ਚਾਨਣ ਪੈਂਦਾ ਹੈ। ‘ਗੁਰਮੁਖ ਮਾਰਗ’ ਮਾਸਕ ਰਸਾਲੇ ਦੇ ਅਗਸਤ 2004 ਅਤੇ ਜੁਲਾਈ 2006 ਦੇ ਅੰਕਾਂ ਵਿਚ ਬੀਬੀ ਕਰਨੈਲ ਕੌਰ ਵੱਲੋਂ ਆਪਣੇ ਭਰਾ ਦੇ ਸੁਭਾਅ ਤੇ ਦੇਸ਼ ਭਗਤੀ ਬਾਰੇ ਲਿਖੇ ਲੇਖਾਂ ਤੋਂ ਸੂਹ ਮਿਲਦੀ ਹੈ। ਕਰਨੈਲ ਕੌਰ ਵੱਲੋਂ ਲਿਖੀ ਇਕ ਖੁੱਲ੍ਹੀ ਕਵਿਤਾ ਇਸੇ ਦੀ ਤਰਜਮਾਨੀ ਕਰਦੀ ਹੈ।
ਪੰਡਿਤ ਕਿਸ਼ੋਰੀ ਲਾਲ ਆਪਣੇ ਲੇਖ ਵਿਚ ਲਿਖਦੇ ਹਨ, “ਕਲਿਆਣ ਬੰਬਈ ਜਾ ਰਹੀ ਗੱਡੀ ਜਿਸ ਨੇ ਅੱਗੇ ਪੂਨੇ ਬੇਲਗਾਉਂ ਤੱਕ ਜਾਣਾ ਸੀ, ਵਿਚ ਭਾਰਤ ਦੇ ਵੱਖ-ਵੱਖ ਭਾਗਾਂ ਤੋਂ ਜੁੜੇ ਵਲੰਟੀਅਰ ਆਪਣੀ ਆਪਣੀ ਭਾਸ਼ਾ ਵਿਚ ਦੇਸ਼ ਭਗਤੀ ਦੇ ਗੀਤ ਗਾ ਕੇ ਮਾਹੌਲ ਸਿਰਜ ਰਹੇ ਸਨ। ਪੰਜਾਬ ਦੇ ਜਥੇ ਦੀ ਸ਼ਾਨ ਹੀ ਨਿਰਾਲੀ ਸੀ। ਬੇਲਗਾਉਂ ਤੋਂ ਗੋਆ ਦੀ ਸਰਹੱਦ ਬਾਦਾ ਤੱਕ ਟਰੱਕਾਂ ਵਿਚ ਜਾਣਾ ਸੀ, ਪਰ ਮਹਾਂਰਾਸ਼ਟਰ ਸਰਕਾਰ ਨੇ ਟਰੱਕਾਂ ‘ਤੇ ਪਾਬੰਦੀ ਲਾ ਦਿੱਤੀ। ਪੰਜਾਬ ਦੇ ਜਥੇ ਨੂੰ ਬਾਦਾ ਤੱਕ ਬੱਸ ਦੀਆਂ ਟਿਕਟਾਂ ਮਿਲ ਗਈਆਂ। 15 ਅਗਸਤ 1955 ਦਾ ਉਹ ਦਿਨ ਚੜ੍ਹਿਆ। ਜੱਥਾ ਸਰਹੱਦ ਵੱਲ ਮਾਰਚ ਕਰਨ ਲੱਗਾ। ਦੇਸੀ-ਵਿਦੇਸ਼ੀ ਪੱਤਰਕਾਰ ਰਿਪੋਰਟ ਲੈਣ ਲਈ ਜਥੇ ਦੇ ਸੱਜੇ ਖੱਬੇ ਚੱਲ ਰਹੇ ਸਨ। ਆਗੂਆਂ ਦਾ ਡਰ ਸੀ ਕਿ ਗੋਲੀ ਚੱਲਣ ਦੀ ਹਾਲਤ ਵਿਚ ਭਗਦੜ ਨਾ ਮਚੇ। ਸਰਹੱਦ ਪਾਰ ਕਰਦਿਆਂ ਹੀ ਪੁਰਤਗਾਲੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਝੰਡੇ ਵਾਲਾ ਜਥਾ ਰੁਕਿਆ। ਉਨ੍ਹਾਂ ਦੇ ਪੱਟ ਗੋਲੀਆਂ ਨੇ ਛਲਣੀ ਕਰ ਦਿੱਤੇ ਸਨ। ਲੇਟ ਜਾਣ ਦਾ ਹੁਕਮ ਹੋਇਆ। ਕੋਈ ਭਗਦੜ ਨਹੀਂ ਮਚੀ। ਝੰਡੇ ਵੱਲ ਸਾਰਿਆਂ ਦੀਆਂ ਅੱਖਾਂ ਸਨ। ਮਧੂਕਰ ਦੇ ਜ਼ਖ਼ਮੀ ਹੋਣ ਨਾਲ ਝੰਡਾ ਟੇਢਾ ਹੋ ਗਿਆ। ਇਕ ਇਸਤਰੀ ਵਲੰਟੀਅਰ ਲਾਈਨਾਂ ਚੀਰਦੀ ਹੋਈ ਝੰਡਾ ਉਚਾ ਚੁਕਣ ਲਈ ਅੱਗੇ ਵਧੀ। ਦੋ ਗੋਲੀਆਂ ਉਸ ਦੀ ਬਾਂਹ ਵਿਚੀਂ ਲੰਘ ਚੁੱਕੀਆਂ ਸਨ। ਉਸ ਵੀਰ ਪੁੱਤਰੀ ਨੂੰ ਸਾਂਭਣ ਲਈ ਚਿਤਲੇ ਖੜ੍ਹਾ ਹੋ ਗਿਆ ਤੇ ਧਰਤੀ ਉਤੇ ਕੌਮੀ ਝੰਡਾ ਗੱਡ ਦਿੱਤਾ।
æææਬਰਾਂਡੇ ਵਾਲੀ ਬੰਦੂਕ ਦਾ ਮੂੰਹ ਹੁਣ ਮੇਰੀ (ਪੰਡਿਤ ਕਿਸ਼ੋਰੀ ਲਾਲ) ਦੀ ਛਾਤੀ ਵੱਲ ਸੀ, ਪਰ ਕਰਨੈਲ ਸਿੰਘ ਦੌੜਦਾ ਹੋਇਆ ਅੱਗੇ ਵਧਿਆ, (ਪੰਡਤ ਜੀ ਨੂੰ) ਧੱਕਾ ਦੇ ਕੇ ਧਰਤੀ ਉਤੇ ਸੁੱਟ ਦਿੱਤਾ। ਗੋਲੀ ਲੱਗਣ ਕਾਰਨ ਕਰਨੈਲ ਸਿੰਘ ਉਛਲ ਕੇ ਚਾਰ ਕਦਮ ਅੱਗੇ ਜਾ ਡਿੱਗਾ। ਸਾਥੀ ਚਿਤਲੇ ਅਤੇ ਉਸ ਦੇ ਰਖਿਅਕਾਂ ਨੇ ਉਸ ਨੂੰ ਦਬਾ ਲਿਆ। ਇਹ ਤਾਂ ਪੰਜਾਬ ਦਾ ਸੂਰਮਾ ਕਰਨੈਲ ਸਿੰਘ ਸੀ ਜੋ ਸ਼ਹੀਦੀ ਜਾਮ ਪੀ ਗਿਆ ਸੀ। ਸੱਤ ਗੋਲੀਆਂ ਮਧੂਕਰ ਦੇ ਸਰੀਰ ਨੂੰ ਵੀ ਛਲਣੀ ਕਰ ਗਈਆਂ ਸਨ।”
ਇਨ੍ਹਾਂ ਦੋਵਾਂ ਦੀਆਂ ਦੇਹਾਂ ਪੂਨੇ ਵਿਚ ਅਗਨ ਭੇਟ ਕੀਤੀਆਂ ਗਈਆਂ। ਉਸ ਦਿਨ ਸਮੁੱਚੇ ਮਹਾਂਰਾਸ਼ਟਰ ਵਿਚ ਹੜਤਾਲ ਹੋਈ। ਪੰਡਿਤ ਜੀ ਨੇ ਸਤਿਆ ਗ੍ਰਹਿ ਸਮਿਤੀ ਵੱਲੋਂ ਕਰਨੈਲ ਸਿੰਘ ਦੀਆਂ ਅਸਥੀਆਂ ਕਲਸ ਵਿਚ ਪ੍ਰਾਪਤ ਕੀਤੀਆਂ ਅਤੇ ਵਾਪਸੀ ਸਫ਼ਰ ਸਮੇਂ ਹਰ ਸਟੇਸ਼ਨ ‘ਤੇ ਵੱਡੀ ਗਿਣਤੀ ਵਿਚ ਲੋਕ ਉਨ੍ਹਾਂ ਦੇ ਸੁਆਗਤ ਲਈ ਆ ਜੁੜਦੇ ਸਨ। ਪੰਡਿਤ ਕਿਸ਼ੋਰੀ ਲਾਲ ਸ਼ਹੀਦ ਕਰਨੈਲ ਸਿੰਘ ਦੇ ਇਹ ਸ਼ਬਦ ਕਈ ਵਾਰੀ ਦੁਹਰਾਇਆ ਕਰਦੇ ਸਨ, “ਪੰਡਤ ਜੀ, ਜਾਣ ਦਾ ਕਿਰਾਇਆ ਮੈਂ ਸਾਇਕਲ ਵੇਚ ਕੇ ਬਣਾ ਲਿਆ ਹੈ ਤੇ ਟਿਕਟ ਲੈ ਲਈ ਹੈ। ਆਉਣ ਦਾ ਪ੍ਰਬੰਧ ਜਿਸ ਹਾਲ ਵਿਚ ਵੀ ਹੋਵੇ, ਤੁਹਾਨੂੰ ਕਰਨਾ ਪਵੇਗਾ।”
15 ਅਗਸਤ ਦੇ ਦਿਨ ਸਾਰੀਆਂ ਰਾਜਸੀ ਪਾਰਟੀਆਂ ਪਿੰਡ ਈਸੜੂ ਆਪੋ-ਆਪਣੀਆਂ ਰਾਜਸੀ ਕਾਨਫਰੰਸ ਕਰ ਕੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੀਆਂ ਹਨ, ਹਰ ਵਾਰ ਸ਼ਹੀਦ ਦੇ ਜੱਦੀ ਘਰ ਨੂੰ ਸਾਂਭਣ-ਸੰਭਾਲਣ, ਸੁਆਰਨ ਤੇ ਨਵੀਂ ਦਿੱਖ ਦੇਣ ਦੇ ਵਾਇਦੇ ਕਰ ਕੇ ਭੁੱਲ ਜਾਂਦੀਆਂ ਹਨ। ਅਗਲੇ ਸਾਲ ਫਿਰ ਉਹੀ ਕੁਝ ਹੁੰਦਾ ਹੈ। ਇਹ ਸਿਲਸਿਲਾ ਨਿਰੰਤਰ ਚੱਲ ਰਿਹਾ ਹੈ। ਸ਼ਹੀਦ ਕਰਨੈਲ ਸਿੰਘ ਬਸਤੀਬਾਦੀ ਪ੍ਰਬੰਧ ਦਾ ਜੂਲਾ ਲਾਹੁਣ ਲਈ ਜ਼ਿੰਦਗੀ ਭਰ ਜੂਝਿਆ। ਆਓ! ਨਵ-ਬਸਤੀਵਾਦ ਦੀ ਵਗ ਰਹੀ ਹਨੇਰੀ ਠੱਲ੍ਹਣ ਲਈ ਅੱਗੇ ਆਈਏ। ਇਹੀ ਇਸ ਸੂਰਬੀਰ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
ਜੂਝਦੇ ਹੋਏ ਲਹੂ ਦਾ
ਕਿੱਸਾ ਸੁਣਾਉਂਦੇ ਰਹੀਦਾ,
ਪੌਣ ਦੀ ਝੋਲੀ ‘ਚ
ਖੁਸ਼ਬੂ ਗੀਤ ਪਾਉਂਦੇ ਰਹੀਦਾ।

ਭੈਣ ਕਰਨੈਲ ਕੌਰ ਦੀ ਕਾਵਿਕ ਸ਼ਰਧਾਂਜਲੀ
ਸ਼ਹੀਦ ਕਰਨੈਲ ਸਿੰਘ ਈਸੜੂ ਦੀ ਭੈਣ ਬੀਬੀ ਕਰਨੈਲ ਕੌਰ ਅੱਜ ਕੱਲ੍ਹ ਆਪਣੀ ਧੀ ਕੋਲ ਬੇਕਰਜ਼ਫੀਲਡ (ਕੈਲੀਫੋਰਨੀਆ, ਅਮਰੀਕਾ) ਵਿਚ ਰਹਿ ਰਹੀ ਹੈ। ਜਿਥੇ ਵੀ ਕਿਤੇ ਦੇਸ਼ ਦੇ ਸ਼ਹੀਦਾਂ ਨੂੰ ਯਾਦ ਕਰਨ ਲਈ ਸਮਾਗਮ ਹੁੰਦੇ ਹਨ, ਪ੍ਰਬੰਧਕ ਭੈਣ ਕਰਨੈਲ ਕੌਰ ਨੂੰ ਸਨਮਾਨਤ ਕਰਨ ਤੋਂ ਨਹੀਂ ਖੁੰਝਦੇ। ਬੀਬੀ ਕਰਨੈਲ ਕੌਰ ਨੂੰ ਆਪਣੇ ਵੀਰ ਕਰਨੈਲ ਸਿੰਘ ਦੀ ਸ਼ਹੀਦੀ ‘ਤੇ ਬੜਾ ਫਖ਼ਰ ਹੈ। ਉਹ ਭਾਵੇਂ ਘੱਟ ਪੜ੍ਹੇ-ਲਿਖੇ ਹਨ, ਪਰ ਹੇਠਾਂ ਦਿੱਤੀ ਖੁੱਲ੍ਹੀ ਕਵਿਤਾ ਉਨ੍ਹਾਂ ਦੇ ਜਜ਼ਬਾਤ ਦੀ ਤਰਜਮਾਨੀ ਕਰਦੀ ਹੈ ਜਿਸ ਰਾਹੀਂ ਉਨ੍ਹਾਂ ਆਪਣੇ ਵੀਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਹਨ:

ਜਦੋਂ ਜ਼ੁਲਮ ਹੱਦ ਅਨੰਤ ਹੁੰਦੀ
ਝੱਖੜ ਜ਼ੁਲਮ ਦਾ ਘੱਟਾ ਹੈ ਪਸਰ ਜਾਂਦਾ,
ਹਰ ਪਾਸੇ ਹੀ ਜ਼ੁਲਮ ਹੈ ਪਸਰ ਜਾਂਦਾ।

ਸੂਰਜ ਅਮਨ ਦਾ ਡਰ ਅਲੋਪ ਹੁੰਦਾ
ਐਸੇ ਹਨੇਰੇ ਨੂੰ ਜੱਗ ਤੋਂ ਕੱਢਣੇ ਲਈ
ਉਦੋਂ ਖੂਨ ਸ਼ਹੀਦਾਂ ਦਾ ਡੁੱਲ੍ਹਦਾ ਹੈ।
ਹਨੇਰੀ ਜ਼ੁਲਮ ਦੀ ਹੈ ਅਲੋਪ ਹੁੰਦੀ
ਬੂਟਾ ਆਜ਼ਾਦੀ ਵਾਲਾ ਫਲਦਾ ਫੁੱਲਦਾ ਹੈ।

ਪੁਰਤਗਾਲੀਆਂ ਜ਼ੁਲਮ ਅਨੰਤ ਕੀਤੇ
ਗੋਆ ਤਾਈਂ ਗੁਲਾਮ ਹੀ ਰੱਖਣੇ ਲਈ।
ਭਰਤੀ ਕੌਮੀ ਪ੍ਰਵਾਨਿਆਂ ਦੀ ਹੋਣ ਲੱਗੀ
ਸੁਣ ਸੁਣ ਕੇ ਜ਼ੁਲਮ ਬੇਦੋਸ਼ਿਆਂ ‘ਤੇ
ਗਰਮੀ ਉਨ੍ਹਾਂ ਦੇ ਹੱਡਾਂ ‘ਚੋਂ ਚੋਣ ਲੱਗੀ।

ਗੋਆ ਛੱਡ ਦਿਓ ਇਹ ਹੈ ਅੰਗ ਸਾਡਾ
ਉਚੀ ਨਾਹਰਾ ਸੀ ਉਨ੍ਹਾਂ ਗਜਾ ਦਿੱਤਾ।
15 ਅਗਸਤ ਨੂੰ ਗੋਆ ਦੀ ਧਰਤ ਅੰਦਰ
ਉਨ੍ਹਾਂ ਆਪਣਾ ਕਦਮ ਵਧਾ ਦਿੱਤਾ।

ਲਿਖਾਂ ਸਿਫ਼ਤ ਕੀ ਵੀਰੇ ਕਰਨੈਲ ਦੀ ਮੈਂ
ਜੀਹਨੇ ਜ਼ਿੰਦਗੀ ਨੂੰ ਘੋਲ ਘੁਮਾ ਦਿੱਤਾ,
ਛਾਤੀ ਵਿਚ ਗੋਲੀ ਖਾ ਕੇ ਵੈਰੀਆਂ ਦੀ
ਕਰਜ਼ਾ ਕਰਨੈਲ ਨੇ ਦੇਸ਼ ਤੋਂ ਲਾਹ ਦਿੱਤਾ।

ਕੀਤਾ ਜੱਗ ਦੇ ਵਿਚ ਹੈ ਨਾਮ ਰੌਸ਼ਨ
ਮੇਰੇ ਦੇਸ਼ ਦੇ ਸੋਹਣੇ ਸਿਤਾਰਿਆ ਓਏ।
ਗੋਆ ਤਾਈਂ ਆਜ਼ਾਦ ਕਰਵਾਉਣ ਖ਼ਾਤਰ
ਆਪਾ ਵਾਂਗ ਪਤੰਗੇ ਦੇ ਵਾਰਿਆ ਓਏ।
ਤੇਰਾ ਨਾਮ ਜਹਾਨ ‘ਤੇ ਰਹੂ ਰੌਸ਼ਨ
ਮੇਰੇ ਵੀਰ ਕਰਨੈਲ ਪਿਆਰਿਆ ਉਏ।
-ਕਰਨੈਲ ਕੌਰ ਈਸੜੂ

Be the first to comment

Leave a Reply

Your email address will not be published.