ਫਿਰਕੂ ਨਫਰਤ ਦੀ ਸੁਲਗਦੀ ਗਾਥਾ ‘ਕਸ਼ਮੀਰ ਫਾਈਲਜ਼’

ਡਾ. ਕੁਲਦੀਪ ਕੌਰ
ਫੋਨ: +91-98554-04330
ਭਾਰਤ ਵਿਚ ਕੇਂਦਰੀ ਸੱਤਾ ਉਤੇ ਕਾਬਜ਼ ਭਾਰਤੀ ਜਨਤਾ ਪਾਰਟੀ ਅਤੇ ਇਸ ਦੀ ਸਿਆਸੀ ਸਰਪ੍ਰਸਤ ਆਰ.ਐਸ.ਐਸ. ਮੁਲਕ ਦੇ ਸਿਆਸੀ ਖੇਤਰ ਵਿਚ ਹੀ ਨਹੀਂ, ਕਲਾ ਸਮੇਤ ਹੋਰ ਬਹੁਤ ਸਾਰੇ ਖੇਤਰਾਂ ਵਿਚ ਵੀ ਹਿੰਦੂ ਰਾਸ਼ਟਰ ਦਾ ਏਜੰਡਾ ਜ਼ੋਰ-ਸ਼ੋਰ ਨਾਲ ਚਲਾ ਰਹੀਆਂ ਹਨ ਇਸ ਕਾਰਜ ਵਿਚ ਮੁਸਲਮਾਨਾਂ ਨੂੰ ਮੁੱਖ ਤੌਰ ‘ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤਾਂ ਕਿ ਫਿਰਕੂ ਭਾਵਨਾਵਾਂ ਭੜਕਾ ਕੇ ਧਾਰਮਿਕ ਧਰੁਵੀਕਰਨ ਕੀਤਾ ਜਾ ਸਕੇ।

ਹਾਲ ਹੀ ਵਿਚ ਆਈ ਫਿਲਮ ‘ਦਿ ਕਸ਼ਮੀਰ ਫਾਈਲਜ਼’ ਅਜਿਹੀ ਹੀ ਫਿਲਮ ਹੈ ਜਿਸ ਵਿਚ ਕਸ਼ਮੀਰੀ ਪੰਡਿਤਾਂ ਉਤੇ ਵਧੀਕੀਆਂ ਦੇ ਬਹਾਨੇ ਮੁਸਲਮਾਨਾਂ ਖਿਲਾਫ ਭੜਕਾਹਟ ਪੈਦਾ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਇਸ ਬਾਰੇ ਸਿਥਾਰ ਸਹਿਤ ਚਰਚਾ ਡਾ. ਕੁਲਦੀਪ ਕੌਰ ਨੇ ਆਪਣੇ ਇਸ ਲੇਖ ‘ਚ ਕੀਤੀ ਹੈ।
ਫਿਲਮ ‘ਕਸ਼ਮੀਰ ਫਾਈਲਜ਼` ਦੇਖਣ ਤੋਂ ਪਹਿਲਾ ‘ਤਾਸ਼ਕੰਦ ਫਾਈਲਜ਼` ਅਤੇ ‘ਬੁੱਧ ਇੰਨ ਟ੍ਰੈਫਿਕ ਜਾਮ` ਫਿਲਮਾਂ ਦੇਖਣਾ ਇਸ ਲਈ ਜ਼ਰੂਰੀ ਹੈ ਕਿ ਭਾਰਤੀ ਫਿਲਮਸਾਜ਼ਾਂ ਦੀ ਅਗਲੀ ਨਸਲ ਅਤੇ ਭਾਰਤੀ ਦਰਸ਼ਕਾਂ ਦੀਆਂ ਅਗਲੀਆਂ ਪੀੜ੍ਹੀਆਂ ਇਹ ਜਾਣ ਸਕਣ ਕਿ ਫਿਲਮ ਨੂੰ ਕਿਵੇਂ ਨਹੀਂ ਬਣਾਉਣਾ ਚਾਹੀਦਾ। ਸਿਨੇਮਾ ਮਨੁੱਖੀ ਤਰਾਸਦੀਆਂ, ਵਿਚਾਰਾਂ, ਸਭਿਅਤਾ ਦੇ ਸਵਾਲਾਂ ਅਤੇ ਹੋਂਦ ਜਾਂ ਪਛਾਣ ਦੇ ਮਸਲਿਆਂ ਨੂੰ ਜ਼ਬਾਨ ਤਾਂ ਦੇ ਸਕਦਾ ਹੈ ਪਰ ਇਸ ਦਾ ਇਸਤੇਮਾਲ ਨਸਲਵਾਦੀ/ਧਾਰਮਿਕ ਧਰੁਵੀਕਰਨ ਜਾਂ ਗੈਰ-ਵਿਗਿਆਨਕ, ਤਰਕਹੀਣ ਤੇ ਪ੍ਰਸੰਗ ਨਾਲੋਂ ਨਿਖੇੜ ਕੇ ਇਤਿਹਾਸਕਾਰੀ ਕਰਨ ਲਈ ਨਹੀਂ ਕੀਤਾ ਜਾ ਸਕਦਾ। ਸਿਨੇਮਾ ਦੇ ਇਤਿਹਾਸ ਵਿਚ ਅਜਿਹੀਆਂ ਅਨੇਕਾਂ ਫਿਲਮਾਂ ਹਨ ਜਿਨ੍ਹਾਂ ਵਿਚ ਮਨੁੱਖਾਂ ਨਾਲ ਹੁੰਦੀ ਲੁਪਤ ਤੇ ਜ਼ਾਹਿਰ ਹਿੰਸਾ ਦੀਆਂ ਮਹੀਨ ਤੋਂ ਮਹੀਨ ਪਰਤਾਂ ਫਰੋਲੀਆਂ ਗਈਆਂ ਹਨ, ਮਨੁੱਖੀ ਅਧਿਕਾਰਾਂ ਦੇ ਘਾਣ ਬਾਰੇ ਆਮ ਲੋਕਾਈ ਨੂੰ ਹੋਰ ਸੰਵੇਦਨਸ਼ੀਲ ਤਰੀਕਿਆਂ ਨਾਲ ਸੋਚਣ ਲਈ ਜਾਗਰੂਕ ਕੀਤਾ ਗਿਆ ਹੈ, ਮਨੁੱਖੀ ਕਤਲੇਆਮ ਤੋਂ ਬਾਅਦ ਜ਼ਾਲਮਾਂ, ਹਤਿਆਰਿਆਂ ਤੇ ਦਹਿਸ਼ਤਗਰਦਾਂ ਦੀ ‘ਜਿੱਤ` ਨੂੰ ਨਿਰਾਰਥਕ ਸਾਬਿਤ ਕੀਤਾ ਗਿਆ ਹੈ, ਮਨੁੱਖੀ ਜੰਗਾਂ/ਦੰਗਿਆਂ/ਖਾਨਾਜੰਗੀਆਂ ਤੇ ਨਸਲਘਾਤਾਂ ਵਿਚੋਂ ਸਾਬਤ ਬਚੇ ਲੋਕਾਂ ਲਈ ਮਮਤਾ, ਹਮਦਰਦੀ ਤੇ ਹਰ ਸੰਭਵ ਮਦਦ ਦਾ ਹੋਕਾ ਦਿੱਤਾ ਗਿਆ ਹੈ ਪਰ ਇਹ ਕਿੱਦਾਂ ਦੀ ਫਿਲਮ ਹੈ ਜਿਸ ਵਿਚ ਪੀੜਤਾਂ ਨੂੰ ਮੋਹਰੇ ਵਾਂਗ ਇਸਤੇਮਾਲ ਕਰਕੇ ਉਨ੍ਹਾਂ ਦੇ ਭਵਿੱਖ ‘ਤੇ ਹੀ ਸਵਾਲੀਆਂ ਨਿਸ਼ਾਨ ਲਗਾ ਦਿੱਤਾ ਗਿਆ ਹੈ। ਫਿਲਮ ਰਾਹੀਂ ਘੱਟ-ਗਿਣਤੀਆਂ ਤੇ ਸਿਆਸੀ-ਸਮਾਜਿਕ ਤੌਰ ‘ਤੇ ਆਪਣੀ ਜ਼ਿੰਦਗੀ ਦੀ ਜੰਗ ਲੜ ਰਹੇ ਲੋਕਾਂ ਖਿਲਾਫ ਤੇ ਉਨ੍ਹਾਂ ਲਈ ਕਿਸੇ ਵੀ ਪੱਧਰ ‘ਤੇ ਬੋਲਣ-ਲਿਖਣ-ਪੜ੍ਹਨ ਜਾਂ ਪੈਰਵੀ ਕਰਨ ਵਾਲੀਆਂ ਧਿਰਾਂ ਨੂੰ ਹੀ ਮੁਜਰਿਮਾਂ ਦੇ ਕਟਹਿਰੇ ਵਿਚ ਖੜ੍ਹਾ ਕਰ ਦਿੱਤਾ ਗਿਆ ਹੈ।
ਇਸ ਫਿਲਮ ਦੀ ਪ੍ਰਚਾਰਕ ਲਾਬੀ ਦੀ ਲਿਸਟ ਬਹੁਤ ਲੰਮੀ ਹੈ ਪਰ ਇਸ ਨਾਲ ਸਬੰਧਿਤ ਨਵ-ਫਾਸ਼ੀਵਾਦੀ ਗਲੋਬਲ ਪ੍ਰਚਾਰ (ਡਿਸਕੋਰਸ) ਦਾ ਝਲਕਾਰਾ ਵਾਰ-ਵਾਰ ਫਿਲਮ ਵਿਚ ਪੈਂਦਾ ਹੈ। ਫਿਲਮ ਇਸਲਾਮੋਫੋਬੀਆ ਨੂੰ ਕਈ ਗੁਣਾ ਜ਼ਰਬ ਦਿੰਦੀ ਹੈ। ਫਿਲਮ ਵਿਚੋਂ 9/11 ਤੋਂ ਬਾਅਦ ਅਮਰੀਕਨ ਤੇ ਬਾਰਤਾਨਵੀ ਮੁੱਖਧਾਰਾ ਦੇ ਮੁਲਲਮਾਨਾਂ ਖਿਲਾਫ ਸਿਰਜੇ ਵੱਡੇ ਬਿਰਤਾਤਾਂ ਨੂੰ ਆਸਾਨੀ ਨਾਲ ਪੜ੍ਹਿਆ ਜਾ ਸਕਦਾ ਹੈ। ਫਿਲਮ ਆਲਮੀ ਪੱਧਰ ‘ਤੇ ਉੱਭਰ ਰਹੇ ਨਵ-ਫਾਸ਼ੀਵਾਦੀ ਰੁਝਾਨਾਂ ਦੇ ਹੱਕ ਵਿਚ ਭੁਗਤਦੀ ਹੈ ਜਿਸ ਵਿਚ ‘ਹਿੰਸਾ` ਬਾਰੇ ਪੂਰੀ ਬਹਿਸ ਨੂੰ ਸਿਰਫ ‘ਬੰਦੂਕ ਦੀ ਗੋਲੀ` ਜਾਂ ‘ਕਤਲ ਕਰਨ` ਤੱਕ ਮਹਿਦੂਦ ਕਰ ਦਿੱਤਾ ਗਿਆ ਹੈ। ਇਸ ਵਿਚ ਸਟੇਟ ਦੇ ਫੌਜੀਕਰਨ ਅਤੇ ਨਾਗਰਿਕਾਂ ਦੀ ਸੁਰੱਖਿਆ ਨੂੰ ਕੱਟੜ ਰਾਸ਼ਟਰਵਾਦ ਦੀ ਜ਼ਹਿਰੀਲੀ ਪੁੱਠ ਚਾੜ੍ਹਦਿਆਂ ਇਸ ਤੱਥ ਨੂੰ ਬਿਲਕੁਲ ਨਜ਼ਰਅੰਦਾਜ਼ ਕਰ ਦਿੱਤਾ ਗਿਆ ਹੈ ਕਿ ਇਸ ਤਰਾਸਦੀ ਸਮੇਂ ਪੂਰਾ ਤੰਤਰ ਤੇ ਪ੍ਰਬੰਧ ਤਾਂ ਪੀੜਤ ਧਿਰ ਦਾ ‘ਆਪਣਾ` ਹੀ ਸੀ, ਫਿਰ ਇਸ ਸਭ ਕਿਉਂ ਤੇ ਕਿਵੇਂ ਵਾਪਰਨ ਦਿੱਤਾ ਗਿਆ?
ਇੰਨੀ ਬੇਰਹਿਮੀ ਤੇ ਕਰੂਰਤਾ ਦੇ ਦੌਰ ਵਿਚ ਭਾਰਤੀ ਅਦਾਲਤਾਂ, ਸੰਸਦ ਤੇ ਸਰਕਾਰ ਆਖਿਰ ਕਰ ਕੀ ਰਹੀ ਸੀ? ਕੀ ਅਸੀਂ ‘ਭਾਰਤ ਦੇ ਨਾਗਰਿਕ` ਇੰਝ ਦੰਗਿਆਂ, ਕਤਲੇਆਮਾਂ, ਨਫਰਤਾਂ ਤੇ ਸਿਆਸੀ-ਧਾਰਮਿਕ ਵਿਚ ਮਰਨ, ਕਤਲ ਹੋਣ ਜਾਂ ਉੱਜੜਨ ਲਈ ਹੀ ਪੈਂਦਾ ਹੁੰਦੇ ਹਾਂ? ਕਿਉਂ 1947, 1984, 1992, 2002 ਵਾਰ-ਵਾਰ ਵਾਪਰਦੇ ਹਨ? ਕੀ ਕੋਈ ਅਜਿਹੀ ਫਿਲਮ ਨਹੀਂ ਬਣਾਈ ਜਾ ਸਕਦੀ ਜਿਹੜੀ ਪਿਛਲੀ ਪੂਰੀ ਸਦੀ ਦੌਰਾਨ ਵਾਪਰੇ ਅਜਿਹੇ ਅਣਮਨੁੱਖੀ ਵਰਤਾਰਿਆਂ ਦੀ ਸਿਆਸੀ-ਆਰਥਿਕਤਾ ਅਤੇ ਧਾਰਮਿਕ ਫਿਰਕਾਪ੍ਰਸਤੀ ਦੀ ਕੱਟੜਤਾ ਨੂੰ ਸੰਬੋਧਿਤ ਹੋ ਸਕੇ?
ਇਸ ਫਿਲਮ ਦੇ ਨਿਰਮਾਣ ਅਤੇ ਪ੍ਰਚਾਰ ਦਾ ਪਹਿਲਾ ਸਿਰਾ ਜਰਮਨ ਤਾਨਾਸ਼ਾਹ ਹਿਟਲਰ ਅਤੇ ਉਸ ਦੇ ਪ੍ਰਾਪੇਗੰਡਾ ਮੰਤਰੀ ਗੋਇਬਲਜ਼ ਦੁਆਰਾ ਨਿਰਮਾਣ ਕਰਵਾਈ ਫਿਲਮ ‘ਦਿ ਇੰਟਰਨਲ ਜਿਊ` ਨਾਲ ਜਾ ਜੁੜਦਾ ਹੈ। ਉਸ ਫਿਲਮ ਦੀ ਰਿਲੀਜ਼ ਤੋਂ ਕੁਝ ਦਿਨ ਪਹਿਲਾ ਜਰਮਨੀ ਸਰਕਾਰ ਨੇ ਇੱਕ ਫੋਟੋ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ ਜਿਸ ਵਿਚ 265 ਫੋਟੋਆਂ ਰੱਖੀਆਂ ਗਈਆਂ। ਹਰ ਫੋਟੋ ਦਾ ਸਿਰਲੇਖ ਅਜਿਹਾ ਸੀ ਜੋ ਯਹੂਦੀਆਂ ਦੇ ਇਤਿਹਾਸ, ਉਨ੍ਹਾਂ ਦੇ ਸਾਹਿਤ, ਕਲਾ, ਸਭਿਆਚਾਰਕ ਪ੍ਰੰਪਰਾਵਾਂ ਤੇ ਖਾਣ-ਪੀਣ, ਪਹਿਨਣ ਦੀਆਂ ਆਦਤਾਂ ਨੂੰ ਘਟੀਆ, ਗੰਦਾ ਤੇ ਅਸਭਿਅਕ ਦੱਸਦਾ ਸੀ। 1938 ਵਿਚ ਗੋਇਬਲਜ਼ ਨੇ ਕੁਝ ਕੈਮਰਾਮੈਨਾਂ ਨੂੰ ਪੋਲੈਂਡ ਭੇਜਿਆ ਜਿਨ੍ਹਾਂ ਨੇ ਉੱਥੇ ਪੂਰਾ ਸਾਲ ਲਗਾਤਾਰ ਯਹੂਦੀਆਂ ਦੀਆਂ ਨਿਸ-ਦਿਨ ਦੀਆਂ ਗਤੀਵਿਧੀਆਂ ਰਿਕਾਰਡ ਕੀਤੀਆਂ। ਬਹੁਤ ਸਾਲਾਂ ਬਾਅਦ ਪਤਾ ਲੱਗਿਆ ਕਿ ਇਨ੍ਹਾਂ ‘ਅਸਲੀ` ਕਿਰਦਾਰਾਂ ਵਿਚੋਂ ਬਹੁਤੇ ਤਾਂ ਹਿਟਲਰ ਦੇ ਹੀ ਸਿਪਾਹੀ ਸਨ ਜਿਨ੍ਹਾਂ ਨੇ ਫਿਲਮ ਵਿਚ ਜਾਣ-ਬੁੱਝ ਕੇ ਅਜਿਹੀਆਂ ਹਰਕਤਾਂ ਕੀਤੀਆਂ ਤਾਂ ਕਿ ਯਹੂਦੀਆਂ ਦੀ ਕਿਰਦਾਰਕੁਸ਼ੀ ਕੀਤੀ ਜਾ ਸਕੇ। ਗੋਇਬਲਜ਼ ਅਨੁਸਾਰ ਫਿਲਮ ਅਜਿਹੀ ਹੋਵੇ ਜਿਹੜੀ ਜਰਮਨ ਨਾਜ਼ੀਆਂ ਨੂੰ ਉੱਚ ਨਸਲ, ਉੱਚ ਕਿਰਦਾਰ ਤੇ ਉੱਚ ਵਿਚਾਰਾਂ ਵਾਲੇ ਤੇ ਯਹੂਦੀਆਂ ਨੂੰ ਅਸਭਿਅਕ, ਬਰਬਰ, ਜ਼ਾਲਮ ਤੇ ਭਾਵਨਾ-ਰਹਿਤ ਸਾਬਿਤ ਕਰ ਸਕੇ ਜਿਸ ਨਾਲ ਉਨ੍ਹਾਂ ਨੂੰ ਨਿਕਟ ਭਵਿੱਖ ਵਿਚ ‘ਸਬਕ ਸਿਖਾਉਣਾ` ਲਈ ਵਰਤੇ ਗਏ ਢੰਗ-ਤਰੀਕਿਆਂ ‘ਤੇ ਕੋਈ ਵੀ ਸੁਹਿਰਦ ਇਨਸਾਨ ਉਂਗਲ ਨਾ ਚੁੱਕ ਸਕੇ। ਇਸ ਫਿਲਮ ਵਿਚ ਵੀ ਇੱਕ ਖਾਸ ਦਹਿਸ਼ਤਗਰਦ ਦੀ ਇੰਟਰਵਿਊ ਰਾਹੀਂ ਇਹ ਸੰਦੇਸ਼ ਦੇਣ ਦੀ ਕੋਸ਼ਿਸ ਕੀਤੀ ਗਈ ਹੈ ਕਿ ਮੁਸਲਮਾਨ ਵਿਚ ਨਾ ਤਾਂ ਕੋਈ ਆਤਮਾ ਹੁੰਦੀ ਹੈ, ਨਾ ਹੀ ਉਸ ਵਿਚ ਨੈਤਕਿਤਾ ਨਾਮ ਦੀ ਕੋਈ ਚੀਜ਼ ਹੈ। ਉਹ ਇੰਨਾ ਕੱਟੜ ਅਤੇ ਨਿਰਦਈ ਹੈ ਕਿ ਮੌਕਾ ਆਉਣ ਉਤੇ ਆਪਣੀ ਮਾਂ ਨੂੰ ਵੀ ਕਤਲ ਕਰ ਸਕਦਾ ਹੈ। ਦਿਲਚਸਪ ਤੱਥ ਇਹ ਹੈ ਕਿ ਆਧੁਨਿਕ, ਲੋਕਤੰਤਰੀ ਤੇ ਬਹੁ-ਸਭਿਆਚਾਰ ਦਾ ਲਕਬ ਲਈ ਫਿਰਦੇ ਹਾਲੀਵੁੱਡ ਸਿਨੇਮਾ ਦੀ ਬਹੁਤ ਸਾਰੀਆਂ ਫਿਲਮਾਂ ਅਜਿਹੀਆਂ ਹਨ ਜਿਨ੍ਹਾਂ ਦਾ ਬਿਉਰਾ ਵਿਵੇਕ ਅਗਨੀਹੋਤਰੀ ਦੀ ਫਿਲਮ ਦੇ ਦਹਿਸ਼ਤਗਰਦ ਨਾਲ ਮਿਲਦਾ ਹੈ। ਇਸ ਪ੍ਰਸੰਗ ਵਿਚ ਗੌਰ ਕਰਨ ਵਾਲਾ ਮੁੱਦਾ ਇਹ ਹੈ ਕਿ ਇਹ ਫਿਲਮਾਂ ਮੁਸਲਮਾਨ ਵਿਰੋਧੀ ਤਾਂ ਹਨ ਹੀ, ਪਿਤਾ-ਪੁਰਖੀ ਖਾਸੇ, ਕਾਲੇ ਲੋਕਾਂ ਵਿਰੁਧ, ਸਮਾਜਵਾਦ ਵਿਰੋਧੀ ਤੇ ਵੱਖਰੀ ਕਬਾਇਲੀ ਜਾਂ ਇਲਾਕਾਈ ਪਛਾਣ, ਵੱਖਰੀ ਜ਼ਬਾਨ, ਵੱਖਰੇ ਸਭਿਆਚਾਰ, ਵੱਖਰੀ ਲਿੰਗਕ ਪਛਾਣ ਅਤੇ ਵਿਚਾਰਾਂ ਦੇ ਵਖਰੇਵੇਂ ‘ਤੇ ਸਿੱਧਾ ਟੱਕ ਮਾਰਦੀਆਂ ਹਨ। ਉਨ੍ਹਾਂ ਵਿਚ ਅਰਬ ਲੋਕਾਂ, ਕਾਲਿਆਂ ਤਅੇ ਆਦਿਵਾਸੀਆਂ ਨੂੰ ਖਲਨਾਇਕ ਜਾਂ ਦਹਿਸ਼ਤਗਰਦ ਦੇ ਤੌਰ ‘ਤੇ ਪੇਸ਼ ਕੀਤਾ ਜਾਂਦਾ ਹੈ। ਇਨ੍ਹਾਂ ਵਰਗਾਂ ਬਾਰੇ ਮਿੱਥਾਂ ਸਿਰਜਣ ਤੇ ਰੂੜੀਵਾਦੀ ਚਿਤਰਨ ਵਿਚ ਸਭ ਤੋਂ ਪ੍ਰਮੁੱਖ ਫਿਲਮ ਹੈ ‘ਟਰੂ ਲਾਈਜ਼`। ਇਸ ਫਿਲਮ ਵਿਚ ਮੁੱਖ ਦਹਿਸ਼ਤਗਰਦ ਫਲਸਤੀਨੀ ਹੈ, ਤੇ ਫਿਲਮ ਦਾ ਸਭ ਤੋਂ ਵੱਧ ਦੁਹਰਾਇਆ ਜਾਣ ਵਾਲਾ ਸੰਵਾਦ ਹੈ- ‘ਇਹ ਅਰਬ ਇੱਕ ਦਿਨ ਸਾਨੂੰ ਵੇਚ ਦੇਣਗੇ`। ਇੱਕ ਹੋਰ ਫਿਲਮ ‘ਦਿ ਰੂਲਜ਼ ਆਫ ਇੰਗੇਜ਼ਮੈਂਟ` ਦਰਸਾਉਂਦੀ ਹੈ ਕਿ ਕਿਵੇਂ ਮੁਸਲਮਾਨਾਂ ਤੇ ਅਰਬਾਂ ਦੇ ਬੱਚੇ ਤੇ ਔਰਤਾਂ ਵੀ ਦਹਿਸ਼ਤਗਰਦ ਹੀ ਹੁੰਦੇ ਹਨ। ਦਿਲਚਸਪ ਤੱਥ ਇਹ ਹੈ ਕਿ ਦੂਜਾ ਪਾਸਾ ਦਿਖਾਉਂਦੀਆਂ ਫਿਲਮਾਂ ਜਿਵੇਂ ‘ਇੰਨ ਦਿ ਵੈਲੀ ਆਫ ਇਲਾਹ` ਨਾ ਸਿਰਫ ਬੁਰੀ ਤਰ੍ਹਾਂ ਬਾਕਸ ਆਫਿਸ ‘ਤੇ ਫਲਾਪ ਹੋ ਜਾਂਦੀਆਂ ਹਨ ਸਗੋਂ ਹਰ ਤਰ੍ਹਾਂ ਦੇ ਇਨਾਮ-ਸਨਮਾਨ ਤੋਂ ਵੀ ਵਾਂਝੀਆਂ ਰਹਿ ਜਾਂਦੀਆਂ ਹਨ। ਇਸ ਦਾ ਦੂਜਾ ਅਰਥ ਇਹ ਵੀ ਨਿਕਲਦਾ ਹੈ ਕਿ ਜਿਸ ਫਿਲਮ ਇੰਡਸਟਰੀ ਵਿਚ 98 ਫੀਸਦ ਨਿਰਮਾਣ, ਨਿਰਦੇਸ਼ਨ ਅਤੇ ਵੇਚਣ-ਵੱਟਣ ਤੇ ਸਾਮਰਾਜਵਾਦੀ ਤੇ ਬਸਤੀਵਾਦੀ ਤਾਕਤਾਂ ਦਾ ਕਬਜ਼ਾ ਹੋਵੇ, ਉਹ ਫਿਰ ਸੱਚ ਦੀ ਹਾਮੀ ਭਰ ਕੇ ਆਪਣੀ ਕਮਾਈ ਦਾ ਨੁਕਸਾਨ ਕਿਉਂ ਕਰੇ? ਇੱਥੇ ਪੂੰਜੀ ਦੇ ਮੁਨਾਫੇ ਅੱਗੇ ਸਾਰੀਆਂ ਮਨੁੱਖੀ ਕਦਰਾਂ-ਕੀਮਤਾਂ ਤੇ ਆਦਰਸ਼ ਖੋਖਲੇ ਸਾਬਿਤ ਹੁੰਦੇ ਹਨ। ਇਸ ਦੀ ਪ੍ਰਤੱਖ ਉਦਾਹਰਨ ਫਿਲਮ ‘ਦਿ ਸਟੋਨ ਮਰਚੈਂਟ` ਹੈ ਜਿਸ ਵਿਚ ਅਰਬਾਂ ਨੂੰ ਰੋਮ ਦੇ ਹਵਾਈ ਅੱਡੇ ਅਤੇ ਯਾਤਰੀਆਂ ਨੂੰ ਅੰਨ੍ਹੇਵਾਹ ਗੋਲੀਆਂ ਨਾਲ ਭੁੰਨਦੇ ਦਿਖਾਇਆ ਗਿਆ ਹੈ।
ਫਿਲਮ ‘ਕਸ਼ਮੀਰ ਫਾਈਲਜ਼` ਦੇਖਦਿਆ ਵਾਰ-ਵਾਰ ਦੀਪਾ ਮਹਿਤਾ ਦੁਆਰਾ ਨਿਰਦੇਸ਼ਤ ਸੀਰੀਜ਼ ‘ਲੈਲਾ` ਦੇ ਦ੍ਰਿਸ਼ ਅੱਖਾਂ ਅੱਗੇ ਉੱਭਰਦੇ ਹਨ। ਉਸ ਫਿਲਮ ਵਿਚ ਇਸ ਫਿਲਮ ਦੇ ਲੁਪਤ ਸੁਨੇਹੇ ਦੀ ਤਰਜ਼ ‘ਤੇ ਸਥਾਪਿਤ ਹੋਏ ‘ਆਰੀਆਵਰਤ` ਦੇ ‘ਸ਼ੁੱਧੀਕਰਨ` ਕੈਂਪ ਹਨ। ਫਿਲਮ ‘ਕਸ਼ਮੀਰ ਫਾਈਲਜ਼` ਦੁਆਰਾ ਪ੍ਰਚਾਰ ਕੀਤੇ ਝੂਠ ਕਿ ਸਾਰੇ ਕਸ਼ਮੀਰੀ ਲੋਕਾਂ ਦਾ ਜ਼ਬਰਸਦਤੀ ਧਰਮ ਪਰਿਵਰਤਨ ਕਰਵਾ ਕੇ ਉਨ੍ਹਾਂ ਨੂੰ ਹਿੰਦੂ ਬਣਾਇਆ ਗਿਆ ਹੈ, ਦੀ ਸਿਆਸਤ ਦਾ ਅਗਲਾ ਪਿੜ ‘ਲੈਲਾ` ਵਿਚ ਜਾ ਖੁੱਲ੍ਹਦਾ ਹੈ ਜਿੱਥੇ ਰਾਜਾ ਦੀ ਥਾਂ ਤਕਨੀਕ ਤੇ ਪੂੰਜੀ ਦੀ ਅਥਾਹ ਸੱਤਾ ਦੇ ਨਸ਼ੇ ਵਿਚ ਚੂਰ ਤਾਨਾਸ਼ਾਹ ਖੁਦ ਤੋਂ ਜ਼ਰਾ ਵੀ ਅਲੱਗ ਦਿਸਦੇ, ਸੋਚਦੇ, ਖਾਂਦੇ-ਪੀਦੇ ਲੋਕਾਂ ਨੂੰ ਨੇਸਤਨਾਬੂਦ ਕਰਨ ‘ਤੇ ਉਤਾਰੂ ਹੈ। ਇਹ ਸੀਰੀਜ਼ ਇੱਕ ਮੁਲਕ ਨੂੰ ਨਫਰਤ ਤੇ ਧਾਰਮਿਕ ਕੱਟਤੜਾ ਦੀ ਬੇਦੀ ‘ਤੇ ਹਲਾਲ ਕਰਨ ਦੀ ਕਹਾਣੀ ਹੈ। ਇਸ ਮੁਲਕ ਵਿਚੋਂ ਮਨੁੱਖੀ ਆਜ਼ਾਦੀਆਂ, ਸਾਹਿਤ ਵਿਧਾਵਾਂ, ਕਲਾਵਾਂ ਤੇ ਚਿੰਤਨ ਦੇ ਖੇਮੇ ਪੂਰੀ ਤਰ੍ਹਾਂ ਉਖੜ ਚੁੱਕੇ ਹਨ। ਉਹ ਮੁਲਕ ਨਾਲ ਨਾਗਰਿਕਾਂ ਦੀਆਂ ਜ਼ਿੰਦਗੀਆਂ ਨਾਲ ਇੱਦਾਂ ਖੇਡਦਾ ਹੈ ਜਿਵੇਂ ਕਿਸੇ ਵੀਡੀਉ ਗੇਮ ਵਿਚ ਬੱਚੇ ਲਗਾਤਾਰ ਸਿਰਫ ਸਵਾਦ ਲਈ ਹਜ਼ਾਰਾਂ ਕਿਰਦਾਰਾਂ ਨੂੰ ਮਾਰ ਦਿੰਦੇ ਹਨ। ਹੁਣ ਦੇ ਹਾਲਾਤ ਵਿਚ ਇਸ ਦਾ ਪ੍ਰਛਾਵਾਂ ‘ਕਸ਼ਮੀਰ ਫਾਈਲਜ਼` ਵਿਚੋਂ ਦੇਖਿਆ ਜਾ ਸਕਦਾ ਹੈ।
ਫਿਲਮ ‘ਕਸ਼ਮੀਰ ਫਾਈਲਜ਼` ਵਿਚ ਕੁਝ ਨੁਕਤਿਆਂ ਨੂੰ ਵਾਰ-ਵਾਰ ਆਧਾਰ ਬਣਾ ਕੇ ਕਿਰਦਾਰਾਂ ਰਾਹੀਂ ਉਨ੍ਹਾਂ ਦਾ ਪ੍ਰਚਾਰ ਕਰਨ ਦੀ ਕੋਸ਼ਿਸ ਕੀਤੀ ਗਈ ਹੈ ਪਰ ਕਹਾਣੀ ਦੇ ਕਿਰਦਾਰ ਉਨ੍ਹਾਂ ਨੁਕਤਿਆਂ ਦੇ ਜੁਗਾੜ ਵਿਚ ਫਿੱਟ ਨਹੀਂ ਬੈਠਦੇ। ਉਦਾਹਰਨ ਵਜੋਂ ਪੁਸ਼ਕਰ ਦੇ ਦੋਸਤ ਜਿਹੜੇ ਚੰਗੇ ਅਹੁਦਿਆਂ ‘ਤੇ ਹੋਣ ਅਤੇ ਉਸ ਦੀ ਤਰਾਸਦੀ ਬਾਰੇ ਸਾਰਾ ਕੁਝ ਜਾਣਨ ਦੇ ਬਾਵਜੂਦ ਤੀਹ ਸਾਲਾਂ ਤੱਕ ਉਸ ਦੀ ਕਿਸੇ ਵੀ ਤਰ੍ਹਾਂ ਦੀ ਮਦਦ ਨਹੀਂ ਕਰਦੇ। ਅਜਿਹਾ ਹੀ ਸੱਤਾਧਾਰੀ ਧਿਰ ਬਾਰੇ ਕਿਹਾ ਜਾ ਸਕਦਾ ਹੈ। ਦੂਜੇ ਨੁਕਤੇ ਅਨੁਸਾਰ ਕ੍ਰਿਸ਼ਨਾ ਜੋ ਕਹਾਣੀ ਦਾ ਮੁੱਖ ਕਿਰਦਾਰ ਹੈ, ਦੇ ਪਿਤਾ ਦਾ ਕਤਲ 19 ਜਨਵਰੀ, 1990 ਨੁੰ ਹੁੰਦਾ ਹੈ ਜਦਕਿ ਉਸ ਦੀ ਮਾਂ ਤੇ ਉਸ ਦਾ ਭਰਾ ਇਸ ਤੋਂ 13 ਸਾਲ ਬਾਅਦ 2003 ਵਿਚ ਨੰਦੀਮਰਗ ਦੇ ਕਤਲੇਆਮ ਵਿਚ ਮਾਰੇ ਜਾਂਦੇ ਹਨ। ਉਨ੍ਹਾਂ ਦੋਹਾਂ ਭਰਾਵਾਂ ਦੀ ਉਮਰ ਦੋਵਾਂ ਥਾਵਾਂ ‘ਤੇ ਇੱਕੋ ਰਹਿੰਦੀ ਹੈ। ਕਿੰਨਾ ਅਜੀਬ ਹੈ ਕਿ ਪੂਰੀ ਫਿਲਮ ਵਿਚ ਉਨ੍ਹਾਂ ਸਾਲਾਂ ਵਿਚ ਮਾਰੇ ਗਏ ਮੁਸਲਮਾਨਾਂ ਦਾ ਜ਼ਿਕਰ ਤੱਕ ਨਹੀਂ ਜਦਕਿ ਦਹਿਸ਼ਤਗਰਦਾਂ ਦੀਆਂ ਗੋਲੀਆਂ ਨੇ ਹਿੰਦੂ-ਮੁਸਲਮਾਨ ਦਾ ਕੋਈ ਫਰਕ ਨਹੀਂ ਕੀਤਾ। ਇਹ ਸਿਰਫ ਫਿਲਮ ਬਣਾਉਣ ਵਾਲਿਆਂ ਦੀ ਅੱਖ ਦਾ ਟੀਰ ਹੈ ਕਿ ਉਨ੍ਹਾਂ ਨੂੰ ਤਸਵੀਰ ਦਾ ਇੱਕੋ ਪਾਸਾ ਦਿਸਿਆ। ਉਨ੍ਹਾਂ ਦਾ ਇਹੀ ਟੀਰ ਜੇ.ਐਨ.ਯੂ. ਦੀ ਕਿਰਦਾਰਕੁਸ਼ੀ ਕਰਦੇ ਸਮੇਂ ਨਜ਼ਰ ਆਉਂਦਾ ਹੈ ਜਿੱਥੇ ਉਹ ਅਧਿਆਪਨ ਵਰਗੇ ਕਿੱਤੇ ਉੱਤੇ ਕਾਲਖ ਮਲਦਿਆਂ ਜ਼ਰਾ ਵੀ ਲਿਹਾਜ਼ ਨਹੀਂ ਕਰਦੇ। ਫਿਲਮ ਵਿਚ ਅਸਲੀ ਖਲਨਾਇਕ ‘ਦਹਿਸ਼ਤਗਰਦਾਂ` ਅਤੇ ਉਨ੍ਹਾਂ ਦੀ ਸਾਲਾਂ ਤੱਕ ਪੁਸ਼ਤਪਨਾਹੀ ਕਰਨ ਵਾਲੇ ਧਾਰਮਿਕ ਫਿਰਕਾਪ੍ਰਸਤਾਂ ਨੂੰ ਨਹੀਂ ਸਗੋਂ ਮਨੁੱਖੀ ਅਧਿਕਾਰਾਂ ਲਈ ਬੋਲਣ ਵਾਲਿਆਂ, ਬੁੱਧੀਜੀਵੀਆਂ, ਸਵਾਲ ਕਰਨ ਵਾਲੀਆਂ ਔਰਤ ਚਿੰਤਕਾਂ ਅਤੇ ਸਮਾਜਿਕ ਮੁੱਦਿਆਂ ‘ਤੇ ਗੱਲ ਕਰਨ ਵਾਲੇ ਮੀਡੀਆ ਨੂੰ ਬਣਾਇਆ ਗਿਆ ਹੈ। ਇਸ ਦਾ ਪ੍ਰਸੰਗ ਵੀ ਸਪਸ਼ਟ ਹੋ ਜਾਂਦਾ ਹੈ ਜਦੋਂ ਮੁਲਕ ਦਾ ਗ੍ਰਹਿ ਮੰਤਰੀ ਖੁਦ ਮੰਨਦਾ ਹੈ ਕਿ ‘ਮਨੁੱਖੀ ਅਧਿਕਾਰ` ਵਿਦੇਸ਼ੀ ਧਾਰਨਾ ਹੈ ਤੇ ਪ੍ਰਧਾਨ ਮੰਤਰੀ ਸੰਸਦ ਵਿਚ ਆਪਣੇ ਹੱਕ ਮੰਗਣ ਵਾਲਿਆਂ ਦਾ ‘ਅੰਦੋਲਨਜੀਵੀ` ਕਹਿ ਕੇ ਮਜ਼ਾਕ ਉਡਾਉਂਦਾ ਹੈ।
ਇਹ ਤੱਥ ਮਹਤੱਵਪੂਰਨ ਹੈ ਕਿ ਇਸ ਫਿਲਮ ਨੂੰ ਹਿੰਦੀ ਸਿਨੇਮਾ ਵਿਚ ਮੁਸਲਿਮ ਕਿਰਦਾਰਾਂ ਦੀ ਪੇਸ਼ਕਾਰੀ ਨਾਲੋਂ ਤੋੜ ਕੇ ਨਾ ਪੜ੍ਹਿਆ ਜਾਵੇ, ਉਲਟਾ ਇਹ ਫਿਲਮ ਅਜਿਹੀਆਂ ਹਜ਼ਾਰਾਂ ਫਿਲਮਾਂ ਵਿਚੋਂ ਇੱਕ ਹੈ ਜਿਨ੍ਹਾਂ ਰਾਹੀ ਘੱਟ-ਗਿਣਤੀਆਂ ਤੇ ਵੱਖਰੀ ਜੀਵਨ ਸ਼ੈਲੀ ਨੂੰ ਦਹਿਸ਼ਤਗਰਦੀ ਜਾਂ ਮੂਰਖਤਾ ਨਾਲ ਜੋੜਿਆ ਜਾਂਦਾ ਹੈ। ਮੁਲਕ ਦੀ ਅਖੰਡਤਾ ਬਹੁਤ ਚੰਗੀ ਗੱਲ ਹੈ ਪਰ ਉਸ ਲਈ ਮੁਲਕ ਵਾਸੀਆਂ ਦਾ ਸਾਬਤ-ਸਬੂਤੇ ਜ਼ਿੰਦਾ ਬਚਣਾ ਤੇ ਆਤਮ-ਸਨਮਾਨ ਨਾਲ ਜਿਊਣਾ ਪਹਿਲੀ ਸ਼ਰਤ ਹੈ। ਸਿਆਸਤ ਵਿਚ ਆਪਣੇ ਸੌੜੇ ਹਿੱਤ ਪੂਰ ਰਹੇ ਨੇਤਾਵਾਂ ਦੀਆਂ ਗਲਤੀਆਂ ਤੇ ਅਸਫਲਤਾਵਾਂ ਕਿਵੇਂ ਨਿਰਦੋਸ਼ਾਂ ਦੀਆਂ ਜ਼ਿੰਦਗੀਆਂ ਦਾਅ ‘ਤੇ ਲਾ ਸਕਦੀਆਂ ਹਨ, ਇਸ ਦਾ ਸਬਕ ਇਸ ਫਿਲਮ ਵਿਚ ਹੈ ਪਰ ਇਹ ਸਬਕ ਅਧੂਰਾ ਹੈ। ਇਸ ਦੇ ਅਗਲੇ ਪੰਨੇ ਭਾਰਤੀ ਨਾਗਰਿਕਾਂ ਦੇ ਬਹੁਤ ਸਾਰੇ ਹੋਰ ਵਰਗਾਂ ਨਾਲ ਵਾਪਰੀਆਂ ਅਜਿਹੀਆਂ ਹੀ ਗੈਰ-ਮਨੁੱਖੀ ਫਾਈਲਾਂ ਨਾਲ ਭਰੇ ਪਏ ਹਨ। ਅਸਲ ਮਸਲਾ ਇਨ੍ਹਾਂ ਫਾਈਲਾਂ ਦੇ ਨਿਬੇੜੇ ਅਤੇ ਪੀੜਤਾਂ ਨੂੰ ਇਨਸਾਫ ਦੇਣ ਤੇ ਭਵਿੱਖ ਵਿਚ ਅਜਿਹੀ ਸਿਆਸਤ ਦੀ ਫਾਈਲ ਸਦਾ ਲਈ ਠੱਪ ਕਰਨ ਦਾ ਹੈ।