‘ਇਪਟਾ’ ਵੱਲ ਕਦਮ

ਬਲਰਾਜ ਸਾਹਨੀ
ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਆਪਣੇ ਵੇਲਿਆਂ ਦਾ ਪ੍ਰਸਿੱਧ ਅਦਾਕਾਰ ਬਲਰਾਜ ਸਾਹਨੀ (1 ਮਈ 1913-13 ਅਪਰੈਲ 1973) ਲਿਖਾਰੀ ਵੀ ਸੀ। ਉਸ ਨੇ ਆਪਣੇ ਫਿਲਮੀ ਰੁਝੇਵਿਆਂ ਵਿਚੋਂ ਲਿਖਣ ਲਈ ਸਮਾਂ ਕੱਢਿਆ ਅਤੇ ਪੰਜਾਬੀ ਸਾਹਿਤ ਜਗਤ ਦੀ ਝੋਲੀ ਵਾਰਤਕ ਦੀਆਂ ਕਈ ਕਿਤਾਬਾਂ ਪਾਈਆਂ। ਅਸੀਂ ਆਪਣੇ ਪਾਠਕਾਂ ਨਾਲ ਉਸ ਦੀ ਲੰਮੀ ਅਤੇ ਦਿਲਚਸਪ ਲਿਖਤ ‘ਮੇਰੀ ਫਿਲਮੀ ਆਤਮ-ਕਥਾ’ ਸਾਂਝੀ ਕਰ ਰਹੇ ਹਾਂ।

ਚੇਤਨ ਆਨੰਦ ਨੇ ਉਸ ਵੇਲੇ ਜਿਸ ਵੱਡੇ ਜਿਗਰੇ ਦਾ ਸਬੂਤ ਦਿੱਤਾ, ਉਸ ਦੀ ਜਿਤਨੀ ਤਾਰੀਫ ਕਰਾਂ, ਘੱਟ ਹੈ। ਦੋਸਤ ਦਾ ਮਾਣ ਰੱਖਣ ਲਈ ਉਸ ਨੇ ਇਕ ਚੰਗਾ ਕਾਂਟਰੈਕਟ ਹੱਥ ‘ਚੋਂ ਛੱਡ ਦਿਤਾ। ਉਸ ਦੀ ਥਾਂ ਕੋਈ ਹੋਰ ਹੁੰਦਾ ਤਾਂ ਉਲਟਾ ਮੈਨੂੰ ਆਪਣੇ ਹੋਸ਼ ਦੀ ਦਵਾ ਕਰਨ ਲਈ ਆਖਦਾ। ਅਜ ਤੀਕਰ ਫਿਲਮਾਂ ਵਿਚ ਕੌਣ ਐਸਾ ਨੌਵਾਰਿਦ ਆਇਆ ਹੈ ਜਿਸ ਨੂੰ ਸਟੂਡੀਓ ਵਿਚ ਪੈਰ ਧਰਦਿਆਂ ਹੀ ਹਜ਼ਾਰ ਰੁਪਏ ਮਹੀਨੇ ਦੀ ਨੌਕਰੀ ਪੇਸ਼ ਕੀਤੀ ਜਾਵੇ? ਇਤਨਾ ਹੀ ਨਹੀਂ, ਉਹਨੇ ਮੈਨੂੰ ਤੇ ਮੇਰੇ ਪਰਵਾਰ ਨੂੰ ਵੀ ਮੋਢਿਆਂ ਉਤੇ ਚੁੱਕੀ ਫਿਰਨ ਦੀ ਬੇਮਿਆਦ ਜ਼ਿੰਮੇਵਾਰੀ ਆਪਣੇ ਉੱਪਰ ਲੈ ਲਈ।
ਪਿੱਛੋਂ ਪਤਾ ਨਹੀਂ ਗੱਲ ਕਿਵੇਂ ਬਾਹਰ ਨਿਕਲ ਗਈ ਕਿ ਦਮੋ ਵੀ ਫਿਲਮਾਂ ਵਿਚ ਕੰਮ ਕਰੇਗੀ। ਮੇਰੇ ਮਾਤਾ-ਪਿਤਾ ਨੂੰ ਇਸ ਗੱਲ ਦਾ ਸਖਤ ਸਦਮਾ ਹੋਇਆ। ਘਰ ਦਾ ਵਾਤਾਵਰਣ ਇਤਨਾ ਕਸ਼ੀਦ ਹੋ ਗਿਆ ਕਿ ਦਮੋ ਕੋਲ ਦੋਨਾਂ ਬੱਚਿਆਂ ਨੂੰ ਨਾਲ ਲੈ ਕੇ ਬੰਬਈ ਤੁਰ ਆਉਣ ਤੋਂ ਸਿਵਾ ਕੋਈ ਚਾਰਾ ਨਾ ਰਿਹਾ। ਪਰੀਖਸ਼ਤ ਓਦੋਂ ਚਾਰ ਸਾਲ ਦਾ ਸੀ, ਤੇ ਸ਼ਬਨਮ ਹੋਵੇਗੀ ਦਸ ਕੁ ਮਹੀਨਿਆਂ ਦੀ।
ਹੁਣ ਅਸੀਂ ਚੇਤਨ ਦੇ ਓਸੇ ਪਹਾੜੀ ਬੰਗਲੇ ਵਰਗੇ ਘਰ ਵਿਚ ਸਾਂ। ਇਕ ਕਮਰੇ ਵਿਚ ਚੇਤਨ ਤੇ ਉਸ ਦੀ ਪਤਨੀ ਉਮਾ, ਦੂਜੇ ਵਿਚ ਚੇਤਨ ਦੇ ਨਿੱਕੇ ਵੀਰ, ਦੇਵ (ਦੇਵ ਆਨੰਦ) ਤੇ ਗੋਲਡੀ (ਵਿਜੇ ਆਨੰਦ), ਤੀਜੇ ਵਿਚ ਦਮੋ ਮੈਂ ਤੇ ਬੱਚੇ, ਤੇ ਡਰਾਇੰਗ-ਰੂਮ ਵਿਚ ਹਮੀਦ ਬੱਟ ਤੇ ਉਸ ਦੀ ਪਤਨੀ ਅਜ਼ਰਾ ਮੁਮਤਾਜ਼ ਨੇ ਡੇਰਾ ਲਾਇਆ ਹੋਇਆ ਸੀ। ਅਜ਼ਰਾ ਉਦੇ ਸ਼ੰਕਰ ਦੇ ਨਿਰਤ-ਮੰਡਲ ਦੀ ਸੁਵਿਖਿਆਤ ਨਰਤਕੀ ਸੀ ਉਦੇ ਸ਼ੰਕਰ ‘ਕਲਪਨਾ’ ਫਿਲਮ ਬਨਾਣ ਮਦਰਾਸ ਚਲੇ ਗਏ ਸਨ, ਤੇ ਅਜ਼ਰਾ ਕੇਂਦਰ ਛੱਡ ਕੇ ਬੰਬਈ ਆ ਗਈ ਸੀ।
ਉਮਾ ਉਪਰ ਇਤਨਾ ਵੱਡਾ ਬੋਝ ਪਾ ਛੱਡਣ ਦਾ ਦਮੋ ਨੂੰ ਹਰ ਵਕਤ ਮਲਾਲ ਰਹਿੰਦਾ ਸੀ ਪਰ ਓਦੋਂ ਉਮਰ ਐਸੀ ਸੀ ਕਿ ਬੇਆਰਮੀਆਂ ਵਿਚੋਂ ਵੀ ਸੁਆਦ ਲੱਭਦੇ ਸਨ। ਉਮਾ ਵੀ ਹਰ ਵੇਲੇ ਹੱਸਦੀ-ਖੇਡਦੀ ਨਜ਼ਰ ਆਉਂਦੀ, ਜਿਵੇਂ ਸਾਰੇ ਰਲ ਕੇ ਕਿਸੇ ਪਿਕਨਿਕ ‘ਤੇ ਆਏ ਹੋਏ ਹੋਈਏ।
ਅਜ ਮੇਰੇ ਕੋਲ ਆਪਣਾ ਮਕਾਨ ਹੈ ਤੇ ਘਰ ਦੇ ਪੰਜ ਜੀਆਂ ਲਈ ਦਸ ਕਮਰੇ ਹਨ। ਤਿੰਨ ਮੋਟਰਾਂ ਹਨ। ਚੇਤਨ, ਦੇਵ, ਵਿਜੇ, ਮੈਥੋਂ ਵੀ ਕਿਤੇ ਵਧ ਚੜ੍ਹ ਕੇ ਅਮੀਰੀਆਂ ਭੋਗ ਰਹੇ ਹਨ ਪਰ ਸ਼ੈਦ ਉਹ ਵੀ ਇਸ ਗਲ ਨੂੰ ਤਸਲੀਮ ਕਰਨਗੇ ਕਿ ਹੁਣ ਜ਼ਿੰਦਗੀ ਵਿਚ ਉਹ ਮਜ਼ਾ ਨਹੀਂ ਜੋ ਓਦੋਂ ਸੀ।
ਸਵੇਰੇ ਨਾਸ਼ਤਾ ਕਰਕੇ ਚੇਤਨ ਤੇ ਮੈਂ ਘਰੋਂ ਨਿਕਲ ਜਾਂਦੇ ਤੇ ਫਲੋਰਾ ਫਾਊਂਟਨ ਦੇ ਨੇੜੇ ਇੰਡੀਆ ਕਾਫੀ ਹਾਊਸ ਵਿਚ ਜਾ ਬੈਠਦੇ। ਬੜੀ ਰੂਮਾਨੀ ਜਗ੍ਹਾ ਸੀ ਉਹ ਉਹਨਾਂ ਦਿਨਾਂ ਵਿਚ। ਕਿਸੇ ਟੇਬਲ ਉਤੇ ਕਾਂਗਰਸੀ, ਕਿਸੇ ਉੱਤੇ ਕਮਿਊਨਿਸਟ, ਕਿਸੇ ਉਤੇ ਸੋਸ਼ਲਿਸਟ ਬਹਿਸਾਂ ਚਲ ਰਹੀਆਂ ਹੁੰਦੀਆਂ। ਇਸ ਤੋਂ ਇਲਾਵਾ ਪੱਤਰਕਾਰਾਂ, ਚਿੱਤਰਕਾਰਾਂ, ਨਿਰਤਕਾਰਾਂ, ਤੇ ਕਿਸਮ-ਕਿਸਮ ਦੇ ਹੋਰ ਭੁੱਖੜ ਜਾਂ ਨੀਮ-ਭੁੱਖੜ ‘ਕਾਰਾਂ’ ਦਾ ਜਮਘਟ ਰਹਿੰਦਾ। ਉਹਨਾਂ ਦੇ ਜੀਨੀਅਸ ਉੱਪਰ ਮਰਨ ਵਾਲੀਆਂ ਤਿੱਤਲੀਆਂ ਵੀ ਫੜਫੜਾਂਦੀਆਂ। ਬੜੀ ਹਰਕਤ ਸੀ ਏਸ ਵਾਤਾਵਰਨ ਵਿਚ। ਉਹ ਵਿਚਾਰਾਂ ਅਤੇ ਆਦਰਸ਼ਾਂ ਦੀ ਹਰਕਤ ਸੀ ਜਾਂ ਉਹਨਾਂ ਦੇ ਉਹਲੇ ਆਪਣੇ ਕਾਰਜ ਸੰਵਾਰਨ ਦੀ, ਕਿਹਾ ਨਹੀਂ ਸੀ ਜਾ ਸਕਦਾ ਪਰ ਹਰਕਤ ਬਹੁਤ ਸੀ। ਵਕਤ ਜੁ ਐਸਾ ਸੀ। ਲੜਾਈ ਆਪਣੇ ਆਖਰੀ ਸਾਹਾਂ ਉਤੇ ਸੀ, ਯੂ. ਐਨ. ਓ. ਦੇ ਵਿਧਾਨ ਬਣ ਰਹੇ ਸਨ, ਗਾਂਧੀ-ਜਿਨਾਹ ਮੁਲਾਕਾਤਾਂ ਨੇੜੇ ਆ ਰਹੀਆ ਸਨ।
ਚੇਤਨ ਦਾ ਟੇਬਲ ਰਫਤਾ-ਰਫਤਾ ਕੇਂਦਰੀ ਟੇਬਲ ਬਣ ਜਾਂਦਾ ਸੀ। ਅਨੇਕਾਂ ਦਿਲਚਸਪ ਹਸਤੀਆਂ ਪੱਠੇ ਦੀਆਂ ਕੁਰਸੀਆਂ ਘਸੀਟ-ਘਸੀਟ ਕੇ ਆਲੇ-ਦੁਆਲੇ ਆ ਬੈਠਦੀਆਂ। ਸ਼ਹਿਰ ਦੇ ਸੁਸੰਸਕ੍ਰਿਤ ਹਲਕਿਆਂ ਵਿਚ ਚੇਤਨ ਦਾ ਚੋਖਾ ਪ੍ਰਭਾਵ ਜਾਪਦਾ ਸੀ। ਭਾਰਤੀ ਸਾਰਾਭਾਈ ਚਾਹੁੰਦੀ ਸੀ ਕਿ ਉਹ ਉਸ ਦਾ ਲਿਖਿਆ ਨਾਟਕ ਨਿਰਦੇਸ਼ਤ ਕਰੇ। ਰਾਜਾ ਰਾਓ ਆਪਣੇ ਨਵੇਂ ਨਾਵਲ ਬਾਰੇ ਉਸ ਕੋਲੋਂ ਸਲਾਹਾਂ ਮੰਗਦਾ। ਰਾਮ ਗੋਪਾਲ ਉਹਨੂੰ ਆਪਣੇ ਨਾਲ ਲੰਡਨ ਚਲਣ ਦੀਆਂ ਦਾਅਵਤਾਂ ਦੇਂਦਾ। ਫੇਰ ਅਚਾਨਕ ਟੈਲੀਫੋਨ ਖੜਕਦਾ। ਮੈਨੇਜਰ ਅਖਵਾ ਭੇਜਦਾ, “ਮਿਸਟਰ ਪਾਸਤਾ ਨੇ ਤੁਹਾਨੂੰ ਆਪਣੇ ਦਫਤਰ ਸੱਦਿਆ ਹੈ” ਜਾਂ “ਮਿਸਟਰ ਹਿਤੇਨ ਚੌਧਰੀ ਤੁਹਾਨੂੰ ਯਾਦ ਕਰ ਰਹੇ ਹਨ।”
ਝੱਟ ਅਸੀਂ ਕਾਫੀ ਦੀਆਂ ਪਿਆਲੀਆਂ ਛੱਡ ਕੇ ਬਾਹਰ ਨੱਠ ਪੈਂਦੇ। ਉਮੈਦਾਂ ਅਸਮਾਨ ਉਤੇ ਜਾ ਚੜ੍ਹਦੀਆਂ। ਹੁਣ ਜ਼ਰੂਰ ‘ਨੀਚਾ ਨਗਰ’ ਲਈ ਫਾਈਨੈਂਸ ਦਾ ਇੰਤਜ਼ਾਮ ਹੋ ਗਿਆ ਹੋਵੇਗਾ। ਮਿਸਟਰ ਪਾਸਤਾ ਤੇ ਹਿਤੇਨ ਚੌਧਰੀ, ਦੋਨਾਂ ਦਾ ਵਿਚਾਰਸ਼ੀਲ ਧਨਾਢਾਂ ਵਿਚ ਰਸੂਖ ਸੀ। ‘ਨੀਚਾ ਨਗਰ’ ਜਿਹੀ ਫਿਲਮ ਲਈ, ਜਿਸ ਵਿਚ ਬਾਕਸ ਆਫਿਸ ਮਨੋਰੰਜਨ ਦਾ ਕੋਈ ਮਸਾਲਾ ਜਾਂ ਕੋਈ ਫਿਲਮ ਸਟਾਰ ਨਹੀਂ ਸੀ, ਕਿਸੇ ਐਸੇ ਪਾਸਿਓਂ ਹੀ ਆਰਥਕ ਸਹਾਇਤਾ ਮਿਲਣ ਦੀ ਆਸ ਕੀਤੀ ਜਾ ਸਕਦੀ ਸੀ।
ਦਿਨੇ ਅਸੀਂ ਫੋਰਟ ਇਲਾਕੇ ਦੇ ਆਲੀਸ਼ਾਨ ਦਫਤਰਾਂ ਦੀਆਂ ਪੌੜੀਆਂ ਚੜ੍ਹਦੇ ਤੇ ਸ਼ਾਮੀਂ ਕਾਲਬਾਦੇਵੀ ਤੇ ਗਰਾਂਟ ਰੋਡ ਦੇ ਸੇਠਾਂ ਦੀਆਂ, ਜਿਹੜੇ ਫਿਲਮਾਂ ਨੂੰ ਸਿਰਫ ਮੁਨਾਫੇ ਦੇ ਦ੍ਰਿਸ਼ਟੀਕੋਣ ਤੋਂ ਵੇਖਦੇ ਸਨ। ਮੈਨੂੰ ਕੁਝ ਪਤਾ ਨਹੀਂ ਸੀ ਕਿ ਇਹ ਲਗਾਤਾਰ ਪੌੜੀਆਂ ਚੜ੍ਹਣਾ-ਲਹਿਣਾ ਕਿਸ ਮਰਜ਼ ਦੀ ਦਵਾ ਸਾਬਤ ਹੋਵੇਗਾ। ਸਿਰਫ ਇਤਨਾ ਯਾਦ ਹੈ ਕਿ ਹਰ ਥਾਂ ਪੌੜੀਆਂ ਹੱਦ ਤੋਂ ਵਧ ਹਨੇਰੀਆਂ ਤੇ ਗੰਦੀਆਂ ਹੁੰਦੀਆਂ ਸਨ।
ਲੜਾਈ ਦਾ ਜ਼ਮਾਨਾ ਹੋਣ ਕਰਕੇ ਕੱਚੀ ਫਿਲਮ ਦਾ ਰਾਸ਼ਨ ਸੀ। ਉਹ ਸਿਰਫ ਓਸੇ ਪ੍ਰੋਡਿਊਸਰ ਨੂੰ ਮਿਲਦੀ ਸੀ ਜਿਸ ਕੋਲ ਲਾਈਸੈਂਸ ਹੋਵੇ। ਲਾਈਸੈਂਸ ਲੈਣ ਲਈ ਲੋਕੀਂ ਹਰ ਪ੍ਰਕਾਰ ਦੀ ਤਿਕੜਮ ਕਰਦੇ ਸਨ ਕਿਉਂਕਿ ਮਿਲਦਿਆਂ ਸਾਰ ਉਹ ਬਾਜ਼ਾਰ ਵਿਚ ਡੇਢ ਦੋ ਲੱਖ ਰੁਪਏ ਤੋਂ ਵਿਕ ਸਕਦਾ ਸੀ; ਮਤਲਬ ਇਹ ਕਿ ਜਿਸ ਨੂੰ ਸਿੱਧਾ ਸਰਕਾਰੋਂ ਲਾਈਸੈਂਸ ਮਿਲਿਆ ਹੋਵੇ, ਉਸ ਲਈ ਸਟਾਰ ਰਹਿਤ ਫਿਲਮ ਬਨਾਣ ਵਿਚ ਕੋਈ ਘਾਟਾ ਨਹੀਂ ਸੀ ਸਗੋਂ ਜੇ ਫਿਲਮ ਕਾਮਯਾਬ ਹੋ ਜਾਵੇ ਤਾਂ ਮੁਨਾਫੇ ਦੂਣੇ-ਚੌਣੇ। ਕਮ-ਸੇ-ਕਮ ਚੇਤਨ ਏਸੇ ਉਮੀਦ ਉੱਤੇ ਚੱਲ ਰਿਹਾ ਸੀ। ਜੇ ਚੇਤਨ ਮੇਰਾ ਤੇ ਦਮੋ ਦਾ ਖਿਆਲ ਛੱਡ ਕੇ ਇਕ ਅੱਧੇ ਸਟਾਰ ਨੂੰ ਘੇਰ ਲੈਂਦਾ ਤਾਂ ਸਾਰੀਆਂ ਮੁਸ਼ਕਿਲਾਂ ਚੁਟਕੀਆਂ ਵਿਚ ਹੱਲ ਹੋ ਸਕਦੀਆਂ ਸਨ ਪਰ ਚੇਤਨ ਦੋਸਤ ਨਾਲ ਕੀਤੇ ਅਹਿਦ ਨੂੰ ਨਿਭਾਉਣ ਉੱਤੇ ਤੁਲਿਆ ਹੋਇਆ ਸੀ।
ਦਿਨੋ-ਦਿਨ ਮੇਰੀ ਆਰਥਕ ਦਸ਼ਾ ਨਿੱਘਰਦੀ ਜਾ ਰਹੀ ਸੀ। ਵਲੈਤੋਂ ਲਿਆਂਦੀ ਮਾੜੀ-ਮੋਟੀ ਪੂੰਜੀ ਪਰੂਣ ‘ਚੋਂ ਪਾਣੀ ਵਾਂਗ ਵਗਦੀ ਜਾ ਰਹੀ ਸੀ। ਘਰੋਂ ਪੈਸੇ ਮੰਗਵਾਉਣ ਦਾ ਸਵਾਲ ਹੀਂ ਨਹੀਂ ਸੀ ਪੈਦਾ ਹੁੰਦਾ ਪਰ ਸਭ ਤੋਂ ਜ਼ਿਆਦਾ ਪਰੇਸ਼ਾਨ ਕਰਨ ਵਾਲੀ ਚੀਜ਼ ਸੀ ਬੇਕਾਰ ਬੈਠਣਾ। ਵਕਤ ਨੂੰ ਧੱਕਾ ਦੇਣਾ ਬਹੁਤ ਵੱਡੀ ਸਮੱਸਿਆ ਬਣ ਗਿਆ ਸੀ। ਫਿਲਮ ਡਾਇਰੈਕਟਰ ਫਨੀ ਮਜੂਮਦਾਰ ਦਾ ਘਰ ਪਾਲੀ ਹਿਲ ਉਤੇ ਚੇਤਨ ਦੇ ਘਰ ਦੇ ਨੇੜੇ ਸੀ। ਨਿਊ ਥੀਏਟਰਜ਼ ਵਿਚ ਉਹਨਾਂ ‘ਕਪਾਲ ਕੁੰਡਲਾ’ ਤੇ ‘ਡਾਕਟਰ’ ਬਣਾ ਕੇ ਸ਼ੁਹਰਤ ਕਮਾਈ ਸੀ, ਤੇ ਹੁਣ ਬੰਬਈ ਆ ਗਏ ਸਨ। ਉੱਘੇ ਡਾਇਰੈਕਟਰਾਂ ਵਿਚ ਗਿਣੇ ਜਾਂਦੇ ਸਨ। ਚੇਤਨ ਚੁੱਪ-ਚੁਪੀਤੇ ਉਹਨਾਂ ਕੋਲ ਮੇਰੀ ਸਿਫਾਰਸ਼ ਕਰ ਆਇਆ। ਉਹਨਾਂ ਮੈਨੂੰ ਦਾਦਰ ਆਪਣੇ ਦਫਤਰ ਬੁਲਾ ਭੇਜਿਆ।
ਦਾਦਰ ਮੇਨ ਰੋਡ ਉਸ ਜ਼ਮਾਨੇ ਵਿਚ ਬੰਬਈ ਦਾ ਹਾਲੀਵੁੱਡ ਸੀ। ਵੱਡੇ-ਵੱਡੇ ਸਟੂਡੀਓ ‘ਸ਼੍ਰੀ ਸਾਊਂਡ’, ‘ਰਣਜੀਤ’, ‘ਅਮਰ’, ‘ਮਿਨਰਵਾ’, ‘ਕਾਰਦਾਰ’, ‘ਰਾਜਕਮਲ’ ਆਦਿ ਏਸੇ ਗੁਆਂਢ ਵਿਚ ਸਨ। ਏਸੇ ਕਰਕੇ ਓਥੇ ਫਿਲਮ ਪ੍ਰੋਡਿਊਸਰਾਂ ਦੇ ਦਫਤਰਾਂ ਦੀ ਵੀ ਭਰਮਾਰ ਸੀ। ਹੁਣ ਉਹ ਗੱਲ ਨਹੀਂ ਰਹੀ, ਕਿਉਂਕਿ ਸਟੂਡੀਓ ਤੇ ਦਫਤਰ ਵੀ ਦੂਰ-ਦੂਰ ਖਿੰਡਰ ਗਏ ਹਨ। ਉਹਨਾਂ ਦੇ ਚਿਹਨ-ਚੱਕਰ ਵੀ ਬਦਲ ਗਏ ਹਨ, ਤੇ ਫਿਲਮੀ ਲੋਕਾਂ ਦੇ ਰੰਗ-ਢੰਗ ਵੀ। ਓਦੋਂ ਲੰਮੇ ਵਾਲ, ਤਿਰਛੀਆਂ ਮੁੱਛਾਂ ਤੇ ਕਲਮਾਂ, ਅੱਖਾਂ ਵਿਚ ਜਾਂਨਿਸਾਰਤਾ, ਤੋਰ ਵਿਚ ਮਸਤੀ, ਫਿਲਮ ਐਕਟਰ ਦੇ ਜਾਣੇ-ਪਛਾਣੇ ਲੱਛਣ ਸਨ, ਤੇ ਦਾਦਰ ਮੇਨ ਰੋਡ ਉਤੇ ਪੈਰ ਧਰਦਿਆਂ ਹੀ ਇਹਨਾਂ ਦਾ ਜਲਵਾ ਸਾਫ ਦਿਸ ਪੈਂਦਾ ਸੀ।
ਸਟੇਸ਼ਨ ਵਲੋਂ ਦਾਖਲ ਹੁੰਦਿਆਂ ਦਾਦਰ ਮੇਨ ਰੋਡ ਦਾ ਪਹਿਲਾ ਮੁਕਾਮ ‘ਦਾਦਰ ਬਾਰ’ ਸੀ। ਇਹ ਵੱਡਾ ਸਾਰਾ ਸ਼ਰਾਬਖਾਨਾ ਸੀ ਜੋ ਹੁਣ ਦਾਰੂਬੰਦੀ ਕਾਰਨ ਕੇਵਲ ਭੋਜਨਸ਼ਾਲਾ ਹੋ ਕੇ ਰਹਿ ਗਿਆ ਹੈ ਪਰ ਪੁਰਾਣੇ ਵਕਤਾਂ ਦੇ ਦਿਲ-ਫਰੇਬ ਬੋਰਡ ਅਜੇ ਵੀ ਬਾਹਰ ਲਗੇ ਹੋਏ ਹਨ, ਤੇ ਅੰਦਰ ਥਾਂ-ਥਾਂ ਮੁਖੜੇ ਨਿਹਾਰਨ ਲਈ ਆਦਮ-ਕੱਦ ਸ਼ੀਸ਼ੇ ਵੀ। ਫਿਲਮ ਪ੍ਰੋਡਿਊਸਰਾਂ, ਐਕਟਰਾਂ, ਡਾਇਰੈਕਟਰਾਂ ਦੀ ਮੰਨੀ ਹੋਈ ਠਾਹਰ ਸੀ ਉਹ। ਸਹਿਗਲ, ਚੰਦਰ ਮੋਹਨ, ਮੋਤੀ ਲਾਲ, ਈਸ਼ਵਰ ਲਾਲ ਵੀ ਕਦੇ ਨਾਂ ਕਦੇ ਓਥੇ ਜ਼ਰੂਰ ਆ ਕੇ ਬੈਠਦੇ ਹੋਣਗੇ, ਇਸ ਵਿਚ ਮੈਨੂੰ ਜ਼ਰਾ ਵੀ ਸ਼ੱਕ ਨਹੀਂ। ਓਦੋਂ ਆਮਦਨੀਆਂ ਵਿਚ ਏਨਾ ਆਕਾਸ਼ ਪਾਤਾਲ ਦਾ ਫਰਕ ਨਹੀਂ ਸੀ ਆਇਆ। ਸ਼ਖਸੀਅਤਾਂ ਉਪਰ ਪੈਸੇ ਦੇ ਇਤਨੇ ਸਪਸ਼ਟ ਮਾਪ-ਟੱਕ ਨਹੀਂ ਸਨ ਲੱਗੇ। ਮੇਲ-ਮਿਲਾਪ ਭਾਵੇਂ ਦਿਨ-ਬਦਿਨ ਘਟਦਾ ਜਾ ਰਿਹਾ ਸੀ ਪਰ ਅਜ ਵਾਂਗ ਉੱਕਾ ਖਤਮ ਨਹੀਂ ਸੀ ਹੋ ਗਿਆ। ਦਾਰੂਬੰਦੀ ਦਾ ਕਾਨੂੰਨ ਬਣਨ ਤੋਂ ਪਹਿਲਾਂ ਇਕ-ਅੱਧ ਵਾਰ ਮੈਂ ਵੀ ਦਾਦਰ-ਬਾਰ ਵਿਚ ਸ਼ਰਾਬ ਪੀਤੀ ਸੀ, ਤੇ ਅਣਗਿਣਤ ਸ਼ੀਸ਼ੀਆਂ ਵਿਚ ਮੁਖੜਾ ਨਿਹਾਰਿਆ ਸੀ – ਸ਼ੈਦ ਜ਼ਿਆ ਸਰਹੱਦੀ ਦੀ ਸੁਹਬਤ ਵਿਚ। ਬਿਲਕੁਲ ਐਸੀ ਜਗ੍ਹਾ ਸੀ ਜਿਸ ਦੇ ਖਿਲਾਫ ਧਰਮ ਸਥਾਨਾਂ ਵਿਚ ਲੈਕਚਰ ਦਿੱਤੇ ਜਾਂਦੇ ਹਨ, ਜਾਂ ਨਾਟਕਾਂ ਵਿਚ ਨਕਸ਼ਾਂ ਬੰਨ੍ਹਿਆ ਜਾਂਦਾ ਹੈ। ਅਜ ਕੋਈ ਉੱਚੇ ਦਰਜੇ ਦਾ ਐਕਟਰ ਜਾਂ ਪ੍ਰੋਡਿਊਸਰ ਅਜਿਹੀ ਘਟੀਆ ਥਾਂ ਪੈਰ ਧਰਨਾ ਪਸੰਦ ਨਹੀਂ ਕਰੇਗਾ।
ਦਾਦਰ-ਬਾਰ ਅੱਗੋਂ ਲੰਘਦਾ ਮੈਂ ਕਾਰੋਨੇਸ਼ਨ ਮੈਨਸ਼ਨ ਵਿਚ ਵੜਿਆ, ਜਿਥੇ ਫਨੀ-ਦਾ ਦਾ ਦਫਤਰ ਸੀ। ਉਹ ਆਪਣੀ ਵੱਡੀ ਸਾਰੀ ਟੇਬਲ ਉਤੇ ਬੈਠੇ ਸਨ। ਉਹਨਾਂ ਮੈਨੂੰ ਸਾਹਮਣੇ ਸੋਫੇ ਤੇ ਬੈਠਣ ਲਈ ਕਿਹਾ। ਉਮਰ ਵਿਚ ਉਹ ਮੇਰੇ ਈ ਹਾਣ ਦੇ ਲਗਦੇ ਸਨ, ਸ਼ੈਦ ਇਕ ਅੱਧ ਵਰ੍ਹਾ ਛੋਟੇ ਈ ਹੋਣ। ਚਿਹਰੇ ਉਤੇ ਕੋਮਲਤਾ ਤੇ ਮਿਠਾਸ ਸੀ ਜੋ ਬੰਗਾਲੀਆਂ ਦਾ ਖਾਸਾ ਹੈ। ਓਥੇ ਕੁਝ ਹੋਰ ਬੰਦੇ ਵੀ ਬੈਠੇ ਹੋਏ ਸਨ। ਵਿਚ-ਵਿਚ ਉਹ ਉਹਨਾਂ ਨਾਲ ਵੀ ਗੱਲਾਂ ਕਰਦੇ ਪਰ ਬਹੁਤ ਸਾਰਾ ਵਕਤ ਉਹ ਮੈਨੂੰ ਘੂਰਦੇ ਜਾਂਦੇ ਸਨ ਜੋ ਮੇਰੇ ਲਈ ਬੜਾ ਅਜੀਬ ਜਿਹਾ ਅਨੁਭਵ ਸੀ। ਕਹਿ ਨਹੀਂ ਸਕਦਾ ਕਿ ਉਹ ਮੇਰੇ ਹੁਲੀਏ ਨੂੰ ਪਸੰਦ ਕਰ ਰਹੇ ਸਨ, ਜਾਂਚ ਰਹੇ ਸਨ, ਸਰਾਹ ਰਹੇ ਸਨ, ਜਾਂ ਉਸ ਉਪਰ ਮੋਹਿਤ ਹੋਰ ਰਹੇ ਸਨ। ਮੈਂ ਆਪ ਕੀ ਪ੍ਰਤੀਕਿਰਿਆ ਦਰਸਾਵਾਂ, ਸਮਝ ਨਹੀਂ ਸੀ ਆ ਰਿਹਾ। ਇਹ ਤਾਂ ਨਹੀਂ ਸਾਂ ਕਹਿ ਸਕਦਾ ਕਿ ਪਹਿਲਾਂ ਕਦੇ ਕਿਸੇ ਮਰਦ ਨੇ ਮੇਰੇ ਵਲ ਇੰਜ ਘੂਰਿਆ ਨਹੀਂ ਸੀ। ਫੇਰ ਵੀ ਇਹ ਯਰਕਾਊ ਅਨੁਭਵ ਸੀ।
ਹੋ ਸਕਦਾ ਹੈ ਕਿ ਉਹ ਮੇਰੇ ਅੰਦਰ ਸੁੱਤੀ ਪਈ ਕਲਾ ਨੂੰ ਚਖਸ਼ੂ-ਪ੍ਰੇਰਨਾ ਦੇ ਰਹੇ ਹੋਣ। ਇਹ ਸੋਚ ਕੇ ਮੈਂ ਵੀ ਯਥਾ-ਸ਼ਕਤੀ ਉਹਨਾਂ ਨਾਲ ਆਪਣੇ ਦਿਲ ਦੇ ਤਾਰ ਮੇਲਣ ਦੀ ਕੋਸ਼ਿਸ਼ ਕਰਦਾ ਰਿਹਾ।
ਥੋੜ੍ਹੀ ਦੇਰ ਬਾਅਦ ਬਾਕੀ ਲੋਕ ਉੱਠ ਕੇ ਚਲੇ ਗਏ। ਸ਼ੈਦ ਉਹਨਾਂ ਨੂੰ ਅਨੁਮਾਨ ਹੋ ਗਿਆ ਸੀ ਕਿ ਦਾਦਾ ਨੇ ਮੇਰੇ ਨਾਲ ਕੋਈ ਪ੍ਰਾਈਵੇਟ ਗੱਲ ਕਰਨੀ ਹੈ, ਜਾਂ ਉਹਨਾਂ ਨੂੰ ਕੋਈ ਸੂਖਸ਼ਮ ਜਿਹਾ ਇਸ਼ਾਰਾ ਦਿੱਤਾ ਗਿਆ ਸੀ। ਇਹ ਵੀ ਫਿਲਮੀ ਦੁਨੀਆ ਦਾ ਇਕ ਦਸਤੂਰ ਹੈ। ਕਾਮਯਾਬ ਫਿਲਮੀ ਡਾਇਰੈਕਟਰਾਂ, ਪ੍ਰੋਡਿਊਸਰਾਂ ਤੇ ਐਕਟਰਾਂ ਦੇ ਦਰਬਾਰ ਸਦਾ ਸੱਜੇ ਰਹਿੰਦੇ ਹਨ। ਦਰਬਾਰੀਆਂ ਨੂੰ ਆਮ ਤੌਰ ‘ਤੇ ‘ਚਮਚੇ’ ਦੇ ਨਾਂ ਨਾਲ ਸੱਦਿਆ ਜਾਂਦਾ ਹੈ। ਤਖਲੀਏ ਲਈ ਬਸ ਚੁਟਕੀ ਮਾਰਨ ਦੀ ਲੋੜ ਹੈ।
ਜਦੋਂ ਅਸੀਂ ਇਕੱਲੇ ਰਹਿ ਗਏ ਤਾਂ ਫਨੀ-ਦਾ (ਇੰਡਸਟਰੀ ਵਿਚ ਉਹ ਇਸੇ ਨਾਂ ਨਾਲ ਮਸ਼ਹੂਰ ਹਨ) ਕਹਿਣ ਲੱਗੇ ਕਿ ਆਪਣੀ ਵਰਤਮਾਨ ਪਿਕਚਰ ‘ਜਸਟਿਸ’ (ਇਨਸਾਫ) ਵਿਚ ਉਹ ਮੈਨੂੰ ਛੋਟਾ ਰੋਲ ਦੇਣਗੇ – ਹੀਰੋ ਦੇ ਦੋਸਤ ਦਾ। ਅਗਲੀ ਪਿਕਚਰ ਵਿਚ ਉਹ ਮੈਥੋਂ ਹੀਰੋ ਦਾ ਤਾਂ ਨਹੀਂ ਪਰ ਇਕ ਕੇਂਦਰੀ ਰੋਲ ਕਰਾਉਣਗੇ, ਤੇ ਫੇਰ ਉਸ ਤੋਂ ਅਗਲੀ ਪਿਕਚਰ ਵਿਚ ਹੀਰੋ ਦਾ। ਮੈਂ ਉਹਨਾਂ ਦਾ ਧੰਨਵਾਦ ਕੀਤਾ ਤੇ ਖੁਸ਼-ਖੁਸ਼ ਘਰ ਚਲਾ ਆਇਆ। ਹੁਣ ਮੈਨੂੰ ਕਾਂਟਰੈਕਟ ਮਿਲ ਗਿਆ ਸੀ, ਤੇ ਮੈਂ ਦਾਅਵੇ ਨਾਲ ਆਪਣੇ ਆਪ ਨੂੰ ਫਿਲਮ ਐਕਟਰ ਕਹਿ ਸਕਦਾ ਸਾਂ।
ਚੇਤਨ ਨੇ ਪੁਛਿਆ, “ਪੈਸੇ-ਵੈਸੇ ਦੀ ਕੋਈ ਗੱਲ ਨਹੀਂ ਹੋਈ?”
“ਨਹੀਂ।”
“ਕਰਨੀ ਸੀ ਨਾ।”
“ਉਹਨਾਂ ਤਿੰਨ ਪਿਕਚਰਾਂ ਦਾ ਨਕਸ਼ਾ ਬੰਨ੍ਹ ਦਿਤਾ ਮੇਰੇ ਸਾਹਮਣੇ। ਉਹਨਾਂ ਵਿਚੋਂ ਕਿਹੜੀ ਦੀ ਕਰਦਾ?”
ਚੇਤਨ ਚੁੱਪ ਰਿਹਾ। ਉਹ ਸਮਝ ਗਿਆ ਹੋਵੇਗਾ ਕਿ ਮੇਰੀ ਆਕੜ ਪਹਿਲਾਂ ਨਾਲੋਂ ਕਾਫੀ ਹੇਠਾਂ ਡਿੱਗ ਚੁੱਕੀ ਸੀ।
ਅੱਜ ਕਾਂਟਰੈਕਟ ਹੋਇਆ ਹੈ, ਭਲਕੇ ਕੰਮ ਸ਼ੁਰੂ ਹੋ ਜਾਵੇਗਾ, ਐਸਾ ਮੇਰਾ ਅਨੁਮਾਨ ਸੀ ਪਰ ਦਿਨ ਉਤੇ ਦਿਨ, ਹਫਤਿਆਂ ਉਤੇ ਹਫਤੇ ਲੰਘਣ ਲਗ ਪਏ। ਨਾ ਕੰਮ, ਤੇ ਨਾ ਪੈਸੇ ਦੇ ਹੀ ਕੋਈ ਆਸਾਰ ਨਜ਼ਰ ਆਏ ਪਰ ਸ਼ੂਟਿੰਗ ਦਾ ਖਿਆਲ ਮੇਰੇ ਮਨ-ਮੰਡਲ ਉਤੇ ਪੂਰੀ ਤਰ੍ਹਾਂ ਛਾ ਗਿਆ ਸੀ। ਨਾਈ ਤੋਂ ਵਾਲ ਕਟਵਾਉਣ ਦੀ ਇਜਾਜ਼ਤ ਵੀ ਪਹਿਲਾਂ ਫਨੀ-ਦਾ ਦੇ ਦਫਤਰੋਂ ਜਾ ਕੇ ਮੰਗਦਾ, ਕਿਉਂਕਿ ਕਿਸੇ ਤੋਂ ਸੁਣ ਲਿਆ ਸੀ ਕਿ ਜੇ ਵਾਲ ਘਟ-ਵਧ ਹੋ ਜਾਣ ਨਾਲ “ਕੰਟੀਨਯੂਟੀ’ ਵਿਚ “ਜੰਪ” ਆ ਜਾਂਦਾ ਹੈ। ਕੰਟੀਨਯੂਟੀ ਕੀ ਬਲਾ ਸੀ ਤੇ ਜੰਪ ਕੀ, ਮੈਨੂੰ ਨਹੀਂ ਸੀ ਪਤਾ ਪਰ ਮੈਂ ਐਸਾ ਕੋਈ ਕਦਮ ਨਹੀਂ ਸਾਂ ਉਠਾਉਣਾ ਚਾਹੁੰਦਾ ਜਿਸ ਨਾਲ ਆਰਟ ਨੂੰ ਨੁਕਸਾਨ ਪਹੁੰਚੇ। ਕੀ ਪਤਾ ਕਿਸ ਦਿਨ ਅਚਾਨਕ ਸ਼ੂਟਿੰਗ ਨਿਕਲ ਆਵੇ। ਇਹੋ ਜਿਹੀਆਂ ਹਾਸੋਹੀਣੀਆਂ ਹਰਕਤਾਂ ਫਿਲਮਾਂ ਦੇ ਨਵੇਂ ਰੰਗਰੂਟ ਆਮ ਕਰਦੇ ਹਨ। ਸਾਬਣ ਮੱਲ-ਮੱਲ ਮੂੰਹ ਧੋਂਦੇ ਹਨ, ਕਰੀਮਾਂ ਥੱਪਦੇ ਹਨ, ਸ਼ੀਸ਼ੇ ਅਗੇ ਤਰ੍ਹਾਂ-ਤਰ੍ਹਾਂ ਦੇ ਪੋਜ਼ ਬਣਾਉਂਦੇ ਹਨ। ਉਹਨਾਂ ਨੂੰ ਅਜੇ ਪਤਾ ਨਹੀਂ ਹੁੰਦਾ ਕਿ ਐਕਟਿੰਗ-ਕਲਾ ਦਾ ਜ਼ਿਆਦਾ ਸੰਬੰਧ ਚਿੰਤਨ ਨਾਲ ਹੈ, ਬਾਹਰੀ ਚੀਜ਼ਾਂ ਇਤਨਾ ਮਹੱਤਵ ਨਹੀਂ ਰਖਦੀਆਂ।
ਇਕ ਦਿਨ ਅਖਬਾਰ ਵਿਚ ਪੜ੍ਹਿਆ, ਕਿਸੇ ‘ਪੀਪਲਜ਼ ਥੇਟਰ’ ਦਾ ਡਰਾਮਾ ਹੋਣ ਵਾਲਾ ਸੀ। ਚੀਨ ਦੇ ‘ਪੀਪਲਜ਼ ਥੇਟਰ’ ਬਾਰੇ ਤਾਂ ਜਾਣਦਾ ਸਾਂ, ਹਿੰਦੁਸਤਾਨ ਵਿਚ ਪੀਪਲਜ਼ ਥੇਟਰ ਕਿੱਥੋਂ ਆ ਗਿਆ? ਚੇਤਨ ਤੋਂ ਪੁਛਿਆ। ਉਹਨੂੰ ਵੀ ਕੁਝ ਨਹੀਂ ਸੀ ਪਤਾ। ਸ਼ਾਮੀਂ ਜਦੋਂ ਪੌੜੀਆਂ ਲਹਿਣ-ਚੜ੍ਹਨ ਦੀ ਕਵੈਦ ਕਰਦੇ ਬੀ. ਪੀ. ਸਾਮੰਤ ਐਂਡ ਕੰਪਨੀ ਦੇ ਦਫਤਰ ਪੁੱਜੇ ਤਾਂ ਮੈਂ ਮਸ਼ਹੂਰ ਫਿਲਮੀ ਪੱਤਰਕਾਰ ਵੀ. ਪੀ. ਸਾਠੇ ਤੋਂ ਪੁੱਛ ਬੈਠਾ, “ਮਿਸਟਰ ਸਾਠੇ, ਬੰਬਈ ਵਿਚ ਕੋਈ ਪੀਪਲਜ਼ ਥੇਟਰ ਵੀ ਹੈ?”
“ਕਿਉਂ ਨਹੀਂ। ਮੈਂ ਆਪ ਉਸ ਦਾ ਮੈਂਬਰ ਹਾਂ।” ਉਹਨਾਂ ਹੱਸ ਕੇ ਜਵਾਬ ਦਿੱਤਾ, “ਓਸੇ ਦੀ ਇਕ ਮੀਟਿੰਗ ਵਿਚ ਜਾ ਰਿਹਾ ਹਾਂ। ਚੱਲਣਾ ਹੈ, ਤਾਂ ਤੁਸੀਂ ਵੀ ਚਲੋ। ਖਵਾਜਾ ਅਹਿਮਦ ਅੱਬਾਸ ਆਪਣਾ ਨਵਾਂ ਨਾਟਕ ਪੜ੍ਹਨਗੇ।”
ਮੇਰੇ ਇਸਰਾਰ ਕਰਨ ਉਤੇ ਚੇਤਨ ਵੀ ਨਾਲ ਤੁਰ ਪਿਆ।
ਓਪੇਰਾ ਹਾਊਸ ਦੇ ਨੇੜੇ, ਇਕ ਗਲੀ ਵਿਚ, ਪ੍ਰੋਫੈਸਰ ਦੇਵਧਰ ਦੀ ਸੰਗੀਤ-ਸ਼ਾਲਾ ਸੀ। ਨਿੱਕਾ ਜਿਹਾ ਹਾਲ ਵੀ ਸੀ ਉਸ ਦਾ ਜਿਸ ਵਿਚ ਸੌ ਕੁ ਬੰਦਾ ਬਹਿ ਸਕਦਾ ਸੀ। ਇਕ ਬੰਨੇ ਨਿੱਕਾ ਜਿਹਾ ਸਟੇਜ ਸੀ। ਉਹ ਹਰ ਸ਼ਾਮ ਇਪਟਾ ਦੀਆਂ ਸਰਗਰਮੀਆਂ ਦਾ ਕੇਂਦਰ ਬਣ ਜਾਂਦਾ ਸੀ।
ਹਾਲ ਵਿਚ ਵੀਹ ਕੁ ਮੁੰਡੇ-ਕੁੜੀਆਂ ਪੱਖੇ ਹੇਠ ਬੈਠੇ ਹੋਏ ਸਨ। ਅੱਬਾਸ ਪਾਠ ਸ਼ੁਰੂ ਕਰਨ ਵਾਲਾ ਸੀ। ਗਾਇਬਾਨਾਂ ਤੌਰ ‘ਤੇ ਅਸੀਂ ਇਕ-ਦੂਜੇ ਨੂੰ ਜਾਣਦੇ ਸਾਂ। ਲੰਡਨ ਮੈਂ ਉਸ ਦੀਆਂ ਕੁਝ ਉਰਦੂ ਕਹਾਣੀਆਂ ਵੀ ਪੜ੍ਹੀਆਂ ਸਨ ਪਰ ਮਿਲੇ ਕਦੇ ਨਹੀਂ ਸਾਂ। ਅੱਬਾਸ ਨੇ ਬੈਠਿਆਂ-ਬੈਠਿਆਂ ਹੀ ਸਾਡੇ ਨਾਲ ਹੱਥ ਮਿਲਾਏ, ਤੇ ਫੇਰ ਪਾਠ ਆਰੰਭ ਕੀਤਾ। ਨਾਟਕ ਦੇ ਵਾਰਤਾਲਾਪ ਚੁਸਤ, ਤਨਜ਼ੀਆ ਅਤੇ ਸਰੋਤਿਆਂ ਨੂੰ ਬਾਰ-ਬਾਰ ਹਸਾਉਣ ਵਾਲੇ ਸਨ ਪਰ ਨਾਟਕ ਕਿਸ ਪੱਧਰ ਦਾ ਸੀ, ਇਸ ਦਾ ਅਨੁਮਾਨ ਕੇਵਲ ਇਕ ਵਾਰ ਸੁਣਿਆਂ ਨਹੀਂ ਸੀ ਕੀਤਾ ਜਾ ਸਕਦਾ। ਜਜ਼ਬਾਤੀ ਗਹਿਰਾਈ, ਜਾਂ ਡਾਰਾਮਾਈ ਉਠਾਨ ਬਹੁਤੀ ਨਹੀਂ ਦਿਸੀ। ਅਜੇ ਮੈਂ ਇਹ ਗੱਲਾਂ ਸੋਚ ਹੀ ਰਿਹਾ ਸਾਂ ਕਿ ਅੱਬਾਸ ਨੇ ਵਿਚਿਤਰ ਘੋਸ਼ਣਾ ਕਰ ਦਿਤੀ- “ਸਾਥੀਓ, ਬੜੀ ਖੁਸ਼ੀ ਕੀ ਬਾਤ ਹੈ ਕਿ ਆਜ ਹਮਾਰੇ ਦਰਮਿਆਨ ਬਲਰਾਜ ਸਾਹਨੀ ਮੌਜੂਦ ਹੈਂ। ਅਬ ਮੈਂ ਯਿਹ ਡਰਾਮਾ ਉਨ ਕੇ ਹਵਾਲੇ ਕਰਤਾ ਹੂੰ, ਔਰ ਦਰਖਾਸਤ ਕਰਤਾ ਹੂੰ ਕਿ ਵੋਹ ਇਸੇ ਡਾਇਰੈਕਟ ਕਰੇਂ।”
ਮੈਂ ਬੁੱਤ ਜਿਹਾ ਬਣ ਕੇ ਵੇਖਦਾ ਰਹਿ ਗਿਆ ਪਰ ਨਾਂਹ-ਨੁੱਕਰ ਕਰਨ ਦੀ ਮੂਰਖਤਾ ਮੈਂ ਨਾ ਕੀਤੀ। ਵਿਹਲਾ ਬੈਠ-ਬੈਠ ਕੇ ਤੰਗ ਆਇਆ ਹੋਇਆ ਸਾਂ, ਕੁਝ ਕਰਨ ਨੂੰ ਤਾਂ ਮਿਲੇਗਾ।
ਤੇ ਇੰਜ ਅਕਸਮਾਤ ਮੇਰੇ ਜੀਵਨ ਦਾ ਐਸਾ ਦੌਰ ਸ਼ੁਰੂ ਹੋਇਆ ਜਿਸ ਦੀ ਛਾਪ ਮੇਰੇ ਜੀਵਨ ਉਤੇ ਅਮਿੱਟ ਹੈ। ਅਜ ਵੀ ਮੈਂ ਆਪਣੇ ਆਪ ਨੂੰ ਇਪਟਾ ਦਾ ਕਲਾਕਾਰ ਕਹਿਣ ਵਿਚ ਗੌਰਵ ਮਹਿਸੂਸ ਕਰਦਾ ਹਾਂ