ਮਾਨਸ ਤੋਂ ਦੇਵਤਾ: ਉਂਗਲਾਂ ਨਾਲ ਦੇਖਣ ਵਾਲ਼ਾ ਨੇਤਰਹੀਣ ਰਾਜਾ ਰਾਮ

ਗੁਰਬਚਨ ਸਿੰਘ ਭੁੱਲਰ
(ਸੰਪਰਕ: +91-80763-63058)
ਸਾਡੇ ਘਰੋਂ ਸਭ ਤੋਂ ਨੇੜੇ ਰਾਜਾ ਰਾਮ ਦੀ ਹੱਟੀ ਪੈਂਦੀ ਸੀ। ਇਹ ਮੇਰੇ ਬਚਪਨ ਦੇ ਉਸ ਜ਼ਮਾਨੇ ਦੀ ਗੱਲ ਹੈ ਜਦੋਂ ਸ਼ਹਿਰੀ ਦੁਕਾਨਾਂ ਦਾ ਪੇਂਡੂ ਘਰਾਂ ਨਾਲ ਸਿੱਧਾ ਸੰਪਰਕ ਨਹੀਂ ਸੀ ਬਣਿਆ। ਪੇਂਡੂ ਲੋਕ ਕਿਸੇ ਵਿਆਹ-ਸਾਹੇ ਦੀ ਖਰੀਦ ਕਰਨ ਸਮੇਂ ਜਾਂ ਥੋਕ ਵਿਚ ਕੁਛ ਖਰੀਦਣ ਦੀ ਲੋੜ ਪਈ ਤੋਂ ਜਾਂ ਫੇਰ ਪਿੰਡ ਦੀਆਂ ਦੁਕਾਨਾਂ ਵਿਚੋਂ ਕੋਈ ਚੀਜ਼ ਨਾ ਮਿਲਣ ਕਰਕੇ ਹੀ ਸ਼ਹਿਰ ਵੱਲ ਮੂੰਹ ਕਰਦੇ ਸਨ। ਅਜਿਹੇ ਮੌਕੇ ਸਾਡੇ ਪਿੰਡ ਦੇ ਲੋਕ ਫੂਲ ਮੰਡੀ ਦਾ ਰੁਖ਼ ਕਰਦੇ। ਸ਼ਹਿਰਾਂ ਨੂੰ ਓਦੋਂ ਮੰਡੀ ਹੀ ਕਿਹਾ ਜਾਂਦਾ ਸੀ। ਉਨ੍ਹਾਂ ਦੀਆਂ ਰੋਜ਼-ਰੋਜ਼ ਦੀਆਂ ਸਾਧਾਰਨ ਲੋੜਾਂ ਪਿੰਡ ਦੀਆਂ ਦੁਕਾਨਾਂ ਪੂਰੀਆਂ ਕਰ ਦਿੰਦੀਆਂ ਸਨ। ਅਜਿਹੀ ਦੁਕਾਨ ਨੂੰ ਹੱਟ ਜਾਂ ਹੱਟੀ ਕਿਹਾ ਜਾਂਦਾ ਸੀ।

ਭਾਸ਼ਾਈ ਉਚਾਰਨ ਅਨੁਸਾਰ ਥੋੜ੍ਹੇ ਬਦਲੇ ਹੋਏ ਰੂਪ ਵਿਚ ਸ਼ਬਦ ਹੱਟ ਦੂਰ-ਦੂਰ ਤੱਕ ਵਰਤਿਆ ਜਾਂਦਾ ਹੈ। ਦਿੱਲੀ ਵਿਚ, ਖਾਸ ਕਰਕੇ ਪ੍ਰੰਪਰਈ ਕਲਾਵਾਂ ਦੇ ਵਾਧੇ ਵਾਸਤੇ, ਸਰਕਾਰ ਨੇ ਕਈ ਥਾਈਂ ‘ਦਿੱਲੀ ਹਾਟ’ ਖੋਲ੍ਹੀਆਂ ਹੋਈਆਂ ਹਨ। ਬੰਗਾਲ ਦਾ ਜ਼ਿਕਰ ਚੱਲਿਆਂ ਹਾਟ ਅਕਸਰ ਹੀ ਸੁਣਨ ਵਿਚ ਆਉਂਦਾ ਹੈ। ਦੁਕਾਨ ਜਾਂ ਮੰਡੀ ਨਾਲ ਲੁੱਟ ਦਾ ਭਾਵ ਜੁੜਿਆ ਹੋਇਆ ਹੈ, ਹੱਟ ਲੈਣ-ਦੇਣ ਦਾ, ਆਦਾਨ-ਪ੍ਰਦਾਨ ਦਾ ਸਭਿਆਚਾਰਕ ਸੰਕਲਪ ਸੀ। ਇਸੇ ਕਰਕੇ ਭਾਈ ਵੀਰ ਸਿੰਘ ਨੇ ਦੁਕਾਨ ਜਾਂ ਮੰਡੀ ਨਹੀਂ, ਮਹਿਕ ਦੀ ਹੱਟ ਲਾਈ ਸੀ।
ਸਾਡੇ ਪਿੰਡ ਵਿਚ ਰਾਜਾ ਰਾਮ ਦੀ ਵੀ ਹੱਟ ਹੀ ਸੀ। ਹੁਣ ਜਦੋਂ ਮੈਂ ਉਸ ਸਮੇਂ ਰਾਜਾ ਰਾਮ ਦੀ ਹੱਟ ਤੋਂ ਅਤੇ ਕਿਸੇ ਸ਼ਹਿਰੀ ਦੁਕਾਨ ਤੋਂ ਕੀਤੀ ਖਰੀਦ ਯਾਦ ਕਰਦਾ ਹਾਂ, ਇਕ ਦਿਲਚਸਪ ਫ਼ਰਕ ਮਨ ਵਿਚ ਉਭਰਦਾ ਹੈ, ਰੂੰਗੇ ਦਾ ਫ਼ਰਕ, ਜਿਸ ਨੂੰ ਕਈ ਲੋਕ ਝੂੰਗਾ ਵੀ ਆਖਦੇ ਹਨ। ਹੱਟ ਤੋਂ ਕੁਛ ਖਰੀਦਿਆਂ, ਮੰਗੇ ਤੋਂ ਬਿਨਾਂ, ਘੱਟ-ਵੱਧ ਖ਼ਰੀਦ ਅਨੁਸਾਰ ਹੀ ਖਾਣ ਵਾਲੀ ਕੋਈ ਚੀਜ਼ ਥੋੜ੍ਹੀ ਜਾਂ ਬਹੁਤੀ, ਸਸਤੀ ਜਾਂ ਮਹਿੰਗੀ ਮੁਫ਼ਤ ਮਿਲਦੀ ਸੀ, ਛੋਟੀਆਂ-ਛੋਟੀਆਂ ਮਿੱਠੀਆਂ ਗੋਲ਼ੀਆਂ, ਰਿਉੜੀਆਂ, ਪਤਾਸੇ, ਚੂਰਨ ਦੀਆਂ ਕਰਾਰੀਆਂ ਗੋਲੀਆਂ, ਅੰਬਾਂ ਦੀ ਰੁੱਤ ਵਿਚ ਛੋਟਾ ਜਿਹਾ ਚੂਸਣ ਵਾਲ਼ਾ ਅੰਬ ਵੀ। ਇਸੇ ਨੂੰ ਰੂੰਗਾ ਕਿਹਾ ਜਾਂਦਾ ਸੀ। ਜੇ ਕੋਈ ਕੰਜੂਸ ਬਾਣੀਆ ਰੂੰਗਾ ਹੱਥ ਘੁੱਟ ਕੇ ਦਿੰਦਾ, ਬੱਚੇ ਉਹਦੀ ਦੁਕਾਨ ਵਿਚ ਘੱਟ ਜਾਂਦੇ। ਰਾਜਾ ਰਾਮ ਦਾ ਹੱਥ ਖੁੱਲ੍ਹਾ ਸੀ।
ਮਗਰੋਂ ਜਦੋਂ ਉਮਰ ਸਾਡੀ ਮਾਸੂਮੀਅਤ ਖੋਹ ਲੈਂਦੀ ਹੈ, ਇਹ ਪਤਾ ਲੱਗ ਜਾਂਦਾ ਹੈ ਕਿ ਇਸ ‘ਮੁਫ਼ਤ’ ਰੂੰਗੇ ਦਾ ਪੜਤਾ ਹਰੇਕ ਬਾਣੀਏ ਨੇ ਪਹਿਲਾਂ ਹੀ ਰੱਖ ਲਿਆ ਹੁੰਦਾ ਸੀ। ਉਸ ਉਮਰੇ ਪਰ ਸਾਡੇ ਲਈ ਮੁਫ਼ਤ ਮਿਲਿਆ ਰੂੰਗਾ ਵੱਡੀ ਪ੍ਰਾਪਤੀ ਹੁੰਦਾ ਸੀ। ਜੇ ਕੋਈ ਮੁੰਡਾ ਰੂੰਗਾ ਥੋੜ੍ਹਾ ਦੇਖ ਕੇ ਗਿਲਾ ਕਰਦਾ, “ਬੱਸ ਐਨਾ ਹੀ?” ਤਾਂ ਵੀ ਬਾਣੀਆ ਉਹਨੂੰ “ਚੱਲ ਭੱਜ ਇਥੋਂ” ਨਹੀਂ ਸੀ ਆਖਦਾ ਸਗੋਂ ਥੋੜ੍ਹਾ ਜਿਹਾ ਹੋਰ ਦੇ ਕੇ ਸਰਚਾ ਦਿੰਦਾ। ਅਸਲ ਵਿਚ ਇਹ ਰੂੰਗਾ ਹੀ ਹੁੰਦਾ ਸੀ ਜੋ ਸਾਨੂੰ ਨਿਆਣਿਆਂ ਨੂੰ ਰਾਜਾ ਰਾਮ ਵਰਗਿਆਂ ਦੀਆਂ ਹੱਟਾਂ ਵੱਲ ਖਿੱਚਣ ਵਾਸਤੇ ਚੁੰਬਕ ਦਾ ਕੰਮ ਕਰਦਾ।
ਇਸੇ ਕਾਰਨ ਜਦੋਂ ਖੇਡ ਵਿਚ ਮਗਨ ਕਿਸੇ ਮੁੰਡੇ ਨੂੰ ਮਾਂ ਆਖਦੀ, “ਵੇ ਮੁੰਡਿਆ, ਘਰੇ ਆ, ਕੰਮ ਐ”, ਉਹ ਨਾਬਰ ਹੋ ਜਾਂਦਾ, “ਮਾਂ ਤੂੰ ਆਪੇ ਕਰ ਲੈ ਆਬਦਾ ਕੰਮ-ਕੁੰਮ, ਮੈਂ ਨਹੀਂ ਆੜੀਆਂ ਤੋਂ ਗਾਲ਼ਾਂ ਲੈਂਦਾ ਖੇਡ ਵਿਚਾਲੇ ਛੱਡ ਕੇ!” ਪਰ ਜੇ ਮਾਂ ਆਖਦੀ, “ਵੇ ਮੁੰਡਿਆ, ਜਾਹ ਮੈਨੂੰ ਰਾਜੇ ਦੀ ਹੱਟ ਤੋਂ ਸੌਦਾ ਲਿਆ ਦੇ”, ਉਹ ਖਿੱਦੋ, ਖੂੰਡੀ, ਗੁੱਲੀ ਜਾਂ ਡੰਡਾ, ਜੋ ਕੁਛ ਵੀ ਹੱਥ ਵਿਚ ਹੁੰਦਾ, ਨਾਲ ਦੇ ਖੇਡਣ ਵਾਲਿਆਂ ਦੀ ਕੋਈ ਪਰਵਾਹ ਕੀਤੇ ਬਿਨਾਂ, ਉਥੇ ਹੀ ਸੁੱਟ ਕੇ “ਮੈਂ ਹੁਣੇ ਆਇਆ ਯਾਰ” ਆਖਦਾ ਅਤੇ ਮਾਂ ਮਗਰ ਤੁਰ ਪੈਂਦਾ। ਉਹ ਝੋਲ਼ੀ ਵਿਚ ਦਾਣੇ ਪੁਆਉਂਦਾ ਅਤੇ ਹੱਟ ਨੂੰ ਭੱਜ ਲੈਂਦਾ। ਦੋਵਾਂ ਵਾਰ ਦੇ ਰਵੱਈਏ ਵਿਚਲੇ ਫ਼ਰਕ ਦਾ ਕਾਰਨ ਰੂੰਗਾ ਹੀ ਹੁੰਦਾ ਸੀ।
ਨਵੀਆਂ ਪੀੜ੍ਹੀਆਂ ਨੂੰ ਇਹ ਗੱਲ ਦੱਸਣੀ ਵੀ ਠੀਕ ਹੋਵੇਗੀ ਕਿ ਸਾਡੀ ਪੇਂਡੂ ਪੀੜ੍ਹੀ ਨਕਦ ਪੈਸਿਆਂ ਦੀ ਥਾਂ ਕੁੜਤੇ ਦੀ ਝੋਲ਼ੀ ਵਿਚ ਦਾਣੇ ਲੈ ਕੇ ਦੁਕਾਨ ਤੋਂ ਕੁਛ ਲੈਣ ਕਿਉਂ ਜਾਂਦੀ ਸੀ। ਪੈਸਾ, ਜੋ ਦਰਮਿਆਨੀ ਜਮਾਤ ਦੀ ਹੇਠਲੀ ਪਰਤ ਕਹਾਉਂਦੇ ਬੰਦਿਆਂ ਵੱਲੋਂ ਵੀ ਅੱਜ ਬੇਕਿਰਕੀ ਨਾਲ ਪਾਣੀ ਵਾਂਗ ਵਹਾਇਆ-ਰੋੜ੍ਹਿਆ ਜਾਂਦਾ ਹੈ, ਓਦੋਂ ਇਸ ਪਰਤ ਨੂੰ ਵੀ ਬੜੀ ਮੁਸ਼ਕਲ ਨਾਲ ਹੱਥ ਆਉਂਦਾ ਸੀ। ਹੁਣ ਤਾਂ ਸਕੂਲੀ ਵਿਦਿਆਰਥੀ ਘਰੋਂ ਮਿਲੇ ਹੋਏ ਜੇਬ ਖਰਚ ਵਜੋਂ ਸੌ-ਸੌ ਦੇ ਨੋਟ ਅਤੇ ਮੋਬਾਈਲ ਚਾਰਜ ਕਰਵਾਉਣ ਲਈ ਪੰਜ-ਪੰਜ ਸੌ ਦੇ ਨੋਟ ਚੁੱਕੀ ਫਿਰਦੇ ਹਨ, ਉਸ ਸਮੇਂ ਅਜਿਹੇ ਲੋਕ ਵੀ ਹੁੰਦੇ ਸਨ ਜਿਨ੍ਹਾਂ ਨੇ ਸੌ ਦਾ ਨੋਟ ਹੋਰਾਂ ਦੇ ਹੱਥਾਂ ਵਿਚ ਹੀ ਦੇਖਿਆ ਹੁੰਦਾ ਸੀ ਅਤੇ ਉਨ੍ਹਾਂ ਨੂੰ ਆਪਣੀ ਜੇਬ ਵਿਚ ਪਾਉਣਾ ਕਦੀ ਨਸੀਬ ਨਹੀਂ ਸੀ ਹੋਇਆ ਹੁੰਦਾ। ਗ਼ਰੀਬਾਂ ਬਿਚਾਰਿਆਂ ਦੀ ਤਾਂ ਗੱਲ ਹੀ ਕੀ ਕਰਨੀ ਹੋਈ ਜਿਨ੍ਹਾਂ ਦੇ ਹੱਥ-ਪੱਲੇ ਨਾ ਓਦੋਂ ਕੁਛ ਸੀ, ਨਾ ਅੱਜ ਹੈ ਤੇ ਨਾ, ਸ਼ਾਇਦ, ਦਿਸਣਯੋਗ ਭਵਿੱਖ ਵਿਚ ਹੀ ਹੋਵੇਗਾ! ਪਰ ਹੁਣ ਇਕ ਰੁਪਈਏ ਦੀ ਇੱਜ਼ਤ ਏਨੀ ਕੁ ਰਹਿ ਗਈ ਹੈ ਕਿ ਅੱਜ ਅਣਖੀਲੇ ਮੰਗਤੇ ਵੀ ਇਕ ਰੁਪਈਏ ਦੀ ਭੀਖ ਲੈਣ ਤੋਂ ਇਨਕਾਰੀ ਹਨ।
ਮੈਨੂੰ ਇਕ ਅਜੀਬ ਘਟਨਾ ਯਾਦ ਆਉਂਦੀ ਹੈ। ਸਵਰਗਵਾਸੀ ਪੀ. ਏ. ਸੰਗਮਾ, ਜੋ ਮਗਰੋਂ ਲੋਕ ਸਭਾ ਦੇ ਸਪੀਕਰ ਬਣੇ, ਅਜੇ ਭਾਰਤ ਸਰਕਾਰ ਵਿਚ ਕਿਰਤ ਮੰਤਰੀ ਸਨ। ਆਦਿਵਾਸੀਆਂ ਵਾਲੇ ਭੋਲ਼ੇ ਤੇ ਸਾਦੇ ਸੁਭਾਅ ਕਾਰਨ ਉਹ ਖੇਤਾਂ ਵਿਚ ਬਟੇਰੇ ਭਾਲਦੇ ਫਿਰਦੇ ਸ਼ਿਕਾਰੀਆਂ ਵਾਂਗ ਇਧਰ-ਉਧਰ ਬੰਦੂਕਾਂ ਸਿੰਨ੍ਹਦੇ ਕਾਲੇ ਪਟਕਿਆਂ ਵਾਲੇ ਅੰਗ-ਰੱਖਿਅਕ ਲੈ ਕੇ ਪਾਂ-ਪਾਂ ਦੇ ਕੰਨ-ਪਾੜਵੇਂ ਰੌਲ਼ੇ ਨਾਲ ਬਾਹਰ ਨਹੀਂ ਸਨ ਨਿਕਲਦੇ, ਸਾਧਾਰਨ ਬੰਦੇ ਵਾਂਗ ਤੁਰ ਪੈਂਦੇ। ਇਕ ਦਿਨ ਦਿੱਲੀ ਵਿਚ ਉਨ੍ਹਾਂ ਦੀ ਕਾਰ ਲਾਲਬੱਤੀ ਕਾਰਨ ਰੁਕੀ ਤਾਂ ਖੁੱਲ੍ਹੀ ਖਿੜਕੀ ਵਿਚੋਂ ਇਕ ਮੰਗਤੇ ਨੇ ਹੱਥ ਵਧਾ ਦਿੱਤਾ। ਸੰਗਮਾ ਜੀ ਬਟੂਏ ਵਿਚੋਂ ਇਕ ਰੁਪਈਏ ਦਾ ਨੋਟ ਕੱਢ ਕੇ ਉਹਦੀ ਹਥੇਲ਼ੀ ਉੱਤੇ ਧਰਨ ਲੱਗੇ ਤਾਂ ਮੰਗਤੇ ਨੇ ਝੱਟ ਹੱਥ ਪਿੱਛੇ ਖਿੱਚ ਲਿਆ ਅਤੇ ਆਪਣੇ ਠੂਠੇ ਵਿਚੋਂ ਦੋ ਦਾ ਨੋਟ ਚੁੱਕ ਕੇ ਉਨ੍ਹਾਂ ਵੱਲ ਵਧਾ ਦਿੱਤਾ।
ਮੰਗਤੇ ਦੇ ਪੜ੍ਹਾਏ ਗੂੜ੍ਹ ਆਰਥਿਕਤਾ ਦੇ ਇਸ ਸਬਕ ਨਾਲ਼ ਸੰਗਮਾ ਦੰਗ ਰਹਿ ਗਏ! ਅਗਲੇ ਦਿਨ ਉਨ੍ਹਾਂ ਨੇ ਇਹ ਘਟਨਾ ਲੋਕ ਸਭਾ ਵਿਚ ਸੁਣਾ ਕੇ ਕਿਹਾ, ਜਿਹੜੀ ਗੱਲ ਮੈਨੂੰ ਆਰਥਿਕਤਾ ਦੇ ਅੰਕੜੇ ਅਤੇ ਮਾਹਿਰ ਨਹੀਂ ਸਨ ਸਮਝਾ ਸਕੇ, ਉਹ ਇਸ ਘਟਨਾ ਨੇ ਸਮਝਾ ਦਿੱਤੀ ਹੈ ਕਿ ਬਿਚਾਰੇ ਰੁਪਈਏ ਨੂੰ ਤਾਂ ਹੁਣ ਪੁੱਛਦਾ ਹੀ ਕੋਈ ਨਹੀਂ! ਉਨ੍ਹਾਂ ਨੇ ਇਹ ਵਾਅਦਾ ਵੀ ਕੀਤਾ ਕਿ ਅਗਲੀ ਵਾਰ ਜਦੋਂ ਉਹ ਕਿਰਤ ਮੰਤਰੀ ਹੋਣ ਦੇ ਨਾਤੇ ਉਜਰਤਾਂ ਸੰਬੰਧੀ ਕਿਸੇ ਬੈਠਕ ਦੀ ਪ੍ਰਧਾਨਗੀ ਕਰਨਗੇ, ਉਹ ਜ਼ਰੂਰ ਕਿਰਤੀਆਂ ਦੀ ਉਜਰਤ ਵਧਾਉਣ ਦੇ ਹੱਕ ਵਿਚ ਭੁਗਤਣਗੇ। ਜਿਥੇ ਅੱਜ ਮੰਗਤੇ ਰੁਪਈਏ ਦਾ ਨੋਟ ਲੈਣੋਂ ਇਨਕਾਰੀ ਹਨ, ਅਸੀਂ ਕੋਈ ਮੇਲਾ ਦੇਖਣ ਜਾਣ ਸਮੇਂ ਅੱਜ ਦੇ ਛੇ ਪੈਸਿਆਂ ਜਿੰਨਾ ਆਨਾ ਲੈ ਕੇ ਬਾਗੋਬਾਗ ਹੋ ਜਾਂਦੇ ਸੀ ਕਿਉਂਕਿ ਓਦੋਂ ਖਾਣ ਵਾਲੀ ਚੀਜ਼ ਆਨੇ ਦੇ ਚੌਥੇ ਹਿੱਸੇ, ਭਾਵ ਇਕ ਪੈਸੇ ਦੀ ਵੀ ਚੰਗੀ-ਖਾਸੀ ਮਿਲ ਜਾਂਦੀ ਸੀ।
ਰਾਜਾ ਰਾਮ ਨੇਤਰਹੀਣ ਸੀ। ਸੂਖ਼ਮ ਜਿਹੇ ਸਰੀਰ ਵਾਲ਼ਾ ਪਰ ਚੁਸਤ-ਫੁਰਤ। ਉਹਦੇ ਚਿਹਰੇ ਉੱਤੇ ਮਾਤਾ ਦੇ ਮੱਧਮ-ਮੱਧਮ ਦਾਗ਼ ਸਨ ਜਿਸ ਨੇ ਉਹਦੀਆਂ ਅੱਖਾਂ ਨਸ਼ਟ ਕਰ ਕੇ ਬਿਲਕੁਲ ਜੋਤਹੀਣ ਬਣਾ ਦਿੱਤੀਆਂ ਸਨ। ਉਹਦਾ ਵੇਸ ਸਿੱਖਾਂ ਵਾਲਾ ਸੀ। ਸੂਖ਼ਮ ਜਿਹੀ ਅਣਛੋਹੀ ਸੱਸੀ ਦਾੜ੍ਹੀ, ਜੂੜੇ ਵਿਚ ਸਾਂਭੇ ਹੋਏ ਕੇਸਾਂ ਉੱਤੇ ਛੋਟੀ ਜਿਹੀ ਕੇਸਕੀ ਲਪੇਟੀ ਹੋਈ, ਸਿੱਖਾਂ ਵਾਲਾ ਕਛਹਿਰਾ। ਓਦੋਂ ਨੇਤਰਹੀਣ ਬੱਚਿਆਂ ਨੂੰ, ਹੋਰ ਕੋਈ ਵੀ ਸਾਧਨ ਜਾਂ ਰਾਹ ਨਾ ਹੋਣ ਕਰਕੇ, ਗੁਰਦੁਆਰੇ ਭੇਜ ਦਿੱਤਾ ਜਾਂਦਾ ਸੀ, ਜਿਥੇ ਭਾਈ ਜੀ ਬਾਲਕ ਨੂੰ ਉਹਦੀ ਪ੍ਰਤਿਭਾ ਅਤੇ ਰੁਚੀ ਅਨੁਸਾਰ ਕੀਰਤਨ ਦੀ, ਨਹੀਂ ਤਾਂ ਫੇਰ ਢੋਲਕੀ ਜਾਂ ਬਾਜਾ ਬਜਾਉਣ ਦੀ ਸਿੱਖਿਆ ਦੇ ਦਿੰਦਾ ਸੀ। ਇਸੇ ਕਰਕੇ ਕੀਰਤਨੀ ਮੰਡਲੀਆਂ ਵਿਚ ਅਕਸਰ ਹੀ ਸੂਰਮੇ ਦਿਸਦੇ ਸਨ ਅਤੇ ਅੱਜ ਵੀ ਦਿਸਦੇ ਹਨ।
ਉਸ ਜ਼ਮਾਨੇ ਵਿਚ ਦੌਧਰ ਪਿੰਡ ਦਾ ਗੁਰਦੁਆਰਾ ਇਸ ਨੇਕ ਕਾਰਜ ਲਈ ਸਾਡੇ ਇਲਾਕੇ ਵਿਚ ਮਸ਼ਹੂਰ ਸੀ। ਕੱਚੀ ਉਮਰੇ ਏਨੀ ਸਮਝ ਨਹੀਂ ਸੀ ਕਿ ਮੈਂ ਰਾਜਾ ਰਾਮ ਤੋਂ ਇਹ ਸਭ ਪੁੱਛ ਲੈਂਦਾ। ਇਹ ਗੱਲ ਤਾਂ ਪੱਕੀ ਹੈ ਕਿ ਉਹ ਜ਼ਰੂਰ ਕਿਸੇ ਗੁਰਦੁਆਰੇ ਭੇਜਿਆ ਗਿਆ ਹੋਵੇਗਾ। ਕੀਰਤਨ ਜਾਂ ਢੋਲਕੀ-ਬਾਜੇ ਦੀ ਸਿੱਖਿਆ ਉਹਨੇ ਲਈ ਕਿ ਨਹੀਂ, ਕੋਈ ਪਤਾ ਨਹੀਂ, ਪਰ ਕਿਸੇ ਕਾਰਨ ਉਹ ਕੀਰਤਨੀਆ ਜਾਂ ਸਾਜੀ ਬਣਿਆ ਨਹੀਂ ਸੀ। ਹਾਂ, ਉਹਦਾ ਵੇਸ ਜ਼ਰੂਰ ਉਹਦੇ ਇਸ ਸਿੱਖਿਆ ਵਿਚੋਂ ਲੰਘੇ ਹੋਣ ਦੀ ਸਾਹਦੀ ਭਰਦਾ ਸੀ। ਤੇ ਇਹ ਵੇਸ ਉਹਨੇ ਸਾਰੀ ਉਮਰ ਨਿਭਾਇਆ।
ਮਨੁੱਖੀ ਇਤਿਹਾਸ ਵਿਚ ਅਨੇਕ ਨੇਤਰਹੀਣ (ਜਾਂ ਹੋਰ ਅੰਗਹੀਣ) ਹੋਏ ਹਨ ਜਿਨ੍ਹਾਂ ਨੇ ਅੰਗਾਂ ਵਾਲਿਆਂ ਨਾਲੋਂ ਵੱਡੇ ਕਾਰਨਾਮੇ ਕੀਤੇ ਹਨ। ਅੱਜ ਵੀ ਅਜਿਹੇ ਲੋਕਾਂ ਦੀ ਕੋਈ ਘਾਟ ਨਹੀਂ। ਰਾਜਾ ਰਾਮ ਦਾ ਇਕ ਭਰਾ ਹੋਰ ਸੀ, ਉਸ ਤੋਂ ਵੱਡਾ ਰੰਗੀ ਰਾਮ। ਉਹ ਬਾਲ-ਬੱਚੇ ਵਾਲ਼ਾ ਸੀ ਅਤੇ ਪੂਰਾ ਧੋਤੀ-ਬੰਨ੍ਹ ਨੱਤੀਆਂ ਵਾਲਾ ਬਾਣੀਆ ਸੀ। ਰਾਜਾ ਰਾਮ ਦਾ, ਸਰੀਰਕ ਬੱਜ ਕਾਰਨ, ਅਣਵਿਆਹਿਆ ਰਹਿ ਜਾਣਾ ਕੁਦਰਤੀ ਸੀ। ਮੰਡੀਉਂ ਸੌਦਾ-ਸੂਤ ਲਿਆਉਣ ਦਾ ਕੰਮ ਅਤੇ ਘਰ-ਕਬੀਲਦਾਰੀ ਦਾ ਹਰ ਰੁਝੇਵਾਂ ਰੰਗੀ ਰਾਮ ਦੇ ਜ਼ਿੰਮੇ ਸੀ। ਵਿਹਲੇ ਵੇਲੇ ਉਹ ਹੱਟ ਵਿਚ ਆ ਤਾਂ ਬੈਠਦਾ ਪਰ ਇਕ ਗੋਡੇ ਉੱਤੇ ਦੂਜੀ ਲੱਤ ਰੱਖ ਕੇ ਮੌਜ ਨਾਲ਼ ਗੱਦੀ ਉੱਤੇ ਅਧ-ਲਿਟਿਆ ਜਿਹਾ ਪਿਆ ਰਹਿੰਦਾ। ਹੱਟ ਵਿਚ ਉਹਦੇ ਹੁੰਦਿਆਂ ਵੀ ਗਾਹਕਾਂ ਨੂੰ ਰਾਜਾ ਰਾਮ ਹੀ ਭੁਗਤਾਉਂਦਾ ਸੀ। ਜੇ ਕੋਈ ਗਾਹਕ ਆਖ ਦਿੰਦਾ, “ਰੰਗੀ ਰਾਮਾ, ਜਦੋਂ ਤੂੰ ਹਾਜ਼ਰ ਹੈਂ, ਰਾਜਾ ਰਾਮ ਨੂੰ ਬੈਠਣ ਦੇ। ਤੂੰ ਜੋਖ ਸੌਦਾ!” ਉਹ ਕੱਚਾ ਜਿਹਾ ਹੋ ਕੇ ਆਖਦਾ, “ਓ ਭਾਈ, ਰਾਜਾ ਰਾਮ ਦੀਆਂ ਰਾਜਾ ਰਾਮ ਹੀ ਜਾਣੇ! ਮੈਨੂੰ ਨਹੀਂ ਕੋਈ ਸਮਝ ਇਹਦੀਆਂ ਰੱਖੀਆਂ ਚੀਜ਼ਾਂ ਦੀ!”
ਭਲੇ ਜ਼ਮਾਨੇ ਸਨ ਜਦੋਂ ਅਜੇ ਮਾੜੇ ਬੰਦਿਆਂ ਵਿਚ ਵੀ ਇਨਸਾਨੀਅਤ ਬਾਕੀ ਸੀ। ਹੁਣ ਦੀ ਬੁੱਧੀ ਅਨੁਸਾਰ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਅਜਿਹੀ ਨੌਬਤ ਕਦੀ ਨਹੀਂ ਆਈ ਹੋਵੇਗੀ ਜਦੋਂ ਕਿਸੇ ਗਾਹਕ ਨੇ ਰਾਜਾ ਰਾਮ ਨੂੰ ਗੱਲੀਂ ਲਾ ਕੇ ਹੱਟ ਤੋਂ ਕੋਈ ਚੀਜ਼ ਚੁੱਪ-ਚੁਪੀਤੇ ਜੇਬ ਵਿਚ ਪਾ ਲਈ ਹੋਵੇ। ਕਿਸੇ ਨਿੱਘਰੇ ਹੋਏ ਬੰਦੇ ਨੇ ਵੀ ਕਦੀ ਏਨਾ ਨਿੱਘਰਨਾ ਠੀਕ ਨਹੀਂ ਸਮਝਿਆ ਹੋਵੇਗਾ!
ਜਦੋਂ ਕੋਈ ਗਾਹਕ ਰਾਜਾ ਰਾਮ ਦੀ ਤੱਕੜੀ ਵਿਚ ਦਾਣੇ ਪਾਉਂਦਾ, ਉਹ ਟੋਹ ਕੇ ਭਾਰ ਦਾ ਅੰਦਾਜ਼ਾ ਲਾਉਂਦਾ ਅਤੇ ਦੂਜੇ ਪੱਲੜੇ ਵਿਚ ਵੱਟੇ ਰਖਦਾ। ਤੱਕੜੀ ਦਾ ਬੋਦਾ ਉਹ ਗੂਠੇ ਦੇ ਨਾਲ ਵਾਲੀ ਉਂਗਲ ਤੇ ਬੋਲ਼ੀ ਉਂਗਲ ਵਿਚ ਫੜਦਾ ਅਤੇ ਗੂਠੇ ਤੇ ਚੀਚੀ ਨਾਲ ਤੱਕੜੀ ਦੀ ਡੰਡੀ ਦੇ ਦੋਵੇਂ ਪਾਸੇ ਮਹਿਸੂਸਦਾ ਰਹਿੰਦਾ। ਜਦੋਂ ਡੰਡੀ ਬਰਾਬਰ ਹੋ ਜਾਂਦੀ, ਉਹ ਗਾਹਕ ਦੀ ਤਸੱਲੀ ਲਈ ਗੂਠਾ ਤੇ ਚੀਚੀ ਹਟਾ ਕੇ ਤੱਕੜੀ ਦੀ ਡੰਡੀ ਦਿਖਾ ਦਿੰਦਾ। ਉਹ ਗਾਹਕ ਨੂੰ ਦਾਣਿਆਂ ਦਾ ਭਾਅ ਦੱਸ ਕੇ ਪੈਸੇ ਦਸਦਾ ਅਤੇ ਉਹਨੂੰ ਪੁਛਦਾ ਕਿ ਉਹਨੇ ਕੀ-ਕੀ ਲੈਣਾ ਹੈ। ਉਹਨੇ ਚੀਜ਼ਾਂ ਵਾਲੇ ਡੱਬੇ ਤੇ ਪੀਪੀਆਂ-ਪੀਪੇ ਆਪਣੇ ਹਿਸਾਬ ਨਾਲ ਹੀ ਰੱਖੇ ਹੋਏ ਸਨ ਅਤੇ ਉਨ੍ਹਾਂ ਸਭਨਾਂ ਦਾ ਉਹਨੂੰ ਚੇਤਾ ਸੀ। ਉਹ ਜਿਥੋਂ ਕੁਛ ਚੁਕਦਾ, ਉਥੇ ਹੀ ਟਿਕਾ ਦਿੰਦਾ। ਇਉਂ ਉਹ ਹਰ ਸੌਦਾ ਵੀ ਦਾਣਿਆਂ ਵਾਂਗ ਹੀ ਪੂਰਾ-ਪੂਰਾ ਜੋਖ ਦਿੰਦਾ। ਰਾਜਾ ਰਾਮ ਦੀ ਯਾਦ-ਸ਼ਕਤੀ ਤਾਂ ਆਪਾਂ ਠੀਕ ਡੱਬੇ ਵਿਚੋਂ ਠੀਕ ਸੌਦਾ ਜੋਖਣ ਤੋਂ ਦੇਖ ਹੀ ਲਈ ਹੈ, ਅੱਖਾਂ ਵਾਲਿਆਂ ਤੋਂ ਵੱਡੀ ਉਹਦੀ ਸਮਰੱਥਾ ਦੀ ਜਿਹੜੀ ਕਥਾ ਤੁਹਾਨੂੰ ਹੁਣ ਸੁਣਾਉਣ ਲੱਗਿਆ ਹਾਂ, ਉਹ ਚੇਤੇ ਕਰ ਕੇ ਹਾਸਾ ਤਾਂ ਆਉਂਦਾ ਹੀ ਹੈ, ਉਹਦੇ ਭਰਾ, ਬਿਚਾਰੇ ਰੰਗੀ ਰਾਮ ਉੱਤੇ ਤਰਸ ਵੀ ਆਉਂਦਾ ਹੈ।
ਓਦੋਂ ਸਾਡੇ ਇਲਾਕੇ ਵਿਚ ਕੱਕੇ ਰੇਤੇ ਦੇ ਟਿੱਬੇ ਹੁੰਦੇ ਜਿਨ੍ਹਾਂ ਉੱਤੇ ਕਿਸਾਨ ਦੀ ਮਾਲਕੀ ਤਾਂ ਹੁੰਦੀ ਪਰ ਪੈਦਾ ਉੱਕਾ ਹੀ ਕੁਛ ਨਹੀਂ ਸੀ ਹੁੰਦਾ। ਟਿੱਬਿਆਂ ਦੀ ਭਰਮਾਰ ਕਾਰਨ ਤੇਜ਼ ਹਵਾ ਅਕਸਰ ਰੇਤਲੀ ਹਨੇਰੀ ਦਾ ਰੂਪ ਲੈ ਲੈਂਦੀ। ਸਾਡੇ ਇਲਾਕੇ ਦੇ ਪਿੰਡ ਕਲਿਆਣਾਂ ਦੇ ਟਿੱਬੇ ਮਸ਼ਹੂਰ ਸਨ। ਲੋਕ ਰੌਲ਼ਾ ਪਾਉਂਦੇ, “ਆ ਗਈ ਬਈ ਨ੍ਹੇਰੀ ਕਲਿਆਣਾਂ ਦੇ ਟਿੱਬਿਆਂ ਤੋਂ, ਚੀਜ਼-ਵਸਤ ਸਾਂਭੋ ਫਟਾਫਟ!” ਜਦੋਂ ਹਨੇਰੀ ਰੁਕਦੀ, ਉਹ ਵਿਹੜਿਆਂ ਵਿਚ ਕਲਿਆਣਾਂ ਦੇ ਟਿੱਬਿਆਂ ਤੋਂ ਲਿਆਂਦਾ ਹੋਇਆ ਕੱਕਾ ਰੇਤਾ ਵਿਛਾ ਚੁੱਕੀ ਹੁੰਦੀ। ਸੁਆਣੀਆਂ ਇਕ ਦੂਜੀ ਨੂੰ ਆਖਦੀਆਂ, “ਨੀ ਭੈਣੇ, ਅੱਜ ਤਾਂ ਜਾਏ-ਖਾਣੀ ਨ੍ਹੇਰੀ ਨੇ ਦੋ ਬੱਠਲ ਰੇਤਾ ਵਿਹੜੇ ਵਿਚ ਲਿਆ ਸਿੱਟਿਆ!”
ਕਈ ਵਾਰ ਹਨੇਰੀ ਗਰਮੀਆਂ ਦੀ ਅੱਧੀ ਰਾਤ ਛੱਤਾਂ ਉੱਤੇ ਘੂਕ ਸੁੱਤੇ ਪਏ ਲੋਕਾਂ ਨੂੰ ਅਚਾਨਕ ਆ ਦਬਦੀ। ਸਭ ਹੜਬੜਾ ਕੇ ਜਾਗਦੇ ਅਤੇ ਭਾਜੜਾਂ ਪੈ ਜਾਂਦੀਆਂ। ਜੁਆਕ ਚੀਕ-ਚਿਹਾੜਾ ਪਾ ਦਿੰਦੇ। ਜਨਾਨੀਆਂ ਉਡਦੇ ਜਾਂਦੇ ਲੀੜੇ-ਲੱਤੇ ਸਾਂਭਦੀਆਂ। ਪੌੜੀਆਂ ਕਿਹੜਾ ਚੌੜੀਆਂ ਸੀਮਿੰਟੀ ਹੁੰਦੀਆਂ ਸਨ। ਛੱਤ ਉੱਤੇ ਚੜ੍ਹਨ-ਉੱਤਰਨ ਲਈ ਕੰਧ ਨਾਲ਼ ਬਾਂਸ ਦੀ ਪੌੜੀ ਲੱਗੀ ਹੋਈ ਹੁੰਦੀ ਸੀ। ਬੰਦੇ ਦੇ ਭਾਰ ਨਾਲ਼ ਉਹ ਲਚਕਣ ਲਗਦੀ। ਇਉਂ ਲਚਕਦੀ-ਡੋਲਦੀ ਪੌੜੀ ਰਾਹੀਂ ਚੜ੍ਹਨਾ-ਉਤਰਨਾ ਵੱਖਰੀ ਮੁਸੀਬਤ ਹੁੰਦਾ।
ਇਕ ਵਾਰ ਅਜਿਹੀ ਹੀ ਹਫੜਾ-ਦਫ਼ੜੀ ਵਿਚ ਗੁਆਂਢੀਆਂ ਨੇ ਹਨੇਰੀ ਦੇ ਖੜਕੇ-ਦੜਕੇ ਤੇ ਜੁਆਕਾਂ ਦੇ ਰੌਲ਼ੇ-ਰੱਪੇ ਦੇ ਬਾਵਜੂਦ ਰੰਗੀ ਰਾਮ ਦੀ ਤਰਲੇ-ਭਰੀ ਅਧ-ਰੋਣੀ ਆਵਾਜ਼ ਸੁਣੀ, “ਰਾਜਾ ਰਾਮਾ, ਤੂੰ ਮਗਰੋਂ ਉੱਤਰੀਂ, ਪਹਿਲਾਂ ਸਾਨੂੰ ਸਾਰਿਆਂ ਨੂੰ ਬਾਂਹੋਂ ਫੜ-ਫੜ ਪੌੜੀ ਉਤਾਰ!” ਹਨੇਰੀ ਦੀ ਮੁਸੀਬਤ ਵਿਚ ਵੀ ਗੁਆਂਢੀਆਂ ਦਾ ਹਾਸਾ ਨਿੱਕਲ ਗਿਆ। ਮਗਰੋਂ ਲੋਕ ਛੇੜਦੇ, “ਰੰਗੀ ਰਾਮਾ, ਤੈਨੂੰ ਅੱਖਾਂ ਵਾਲੇ ਨੂੰ ਸੂਰਮਾ ਰਾਜਾ ਰਾਮ ਪੌੜੀ ਉਤਾਰਨਾ ਚਾਹੀਦਾ ਸੀ, ਤੂੰ ਉਲਟਾ ਉਹਦਾ ਆਸਰਾ ਭਾਲਦਾ ਸੀ!” ਉਹ ਕੱਚਾ ਜਿਹਾ ਹੋ ਕੇ ਆਖਦਾ, “ਓ ਭਾਈ, ਸਾਡੇ ਬਿਚਾਰੇ ਰਾਜਾ ਰਾਮ ਦੀ ਤਾਂ ਸਦਾ ਹੀ ਨ੍ਹੇਰੀ ਐ। ਅਚਾਨਕ ਨ੍ਹੇਰੀ ਨੇ ਇਉਂ ਆ ਦੱਬੇ, ਸਾਨੂੰ ਤਾਂ ਪਤਾ ਹੀ ਕੁਛ ਨਾ ਲੱਗੇ, ਚੜ੍ਹਦਾ-ਛਿਪਦਾ ਪਾਸਾ ਕਿਧਰ ਐ ਤੇ ਪੌੜੀ ਕਿਸ ਪਾਸੇ ਐ। ਸੱਚੀ ਗੱਲ ਐ, ਸਾਨੂੰ ਤਾਂ ਸਾਡੇ ਰਾਜਾ ਰਾਮ ਨੇ ਹੀ ਪਾਰ ਲਾਇਆ!”
ਰਾਜਾ ਰਾਮ ਦਾ ਵੇਸ ਤਾਂ ਜ਼ਰੂਰ ਸਿੱਖਾਂ ਵਾਲ਼ਾ ਸੀ ਪਰ ਉਹਨੇ ਅੰਮ੍ਰਿਤ ਨਹੀਂ ਸੀ ਛਕਿਆ ਹੋਇਆ। ਉਹਦਾ ਨਾਂ ਇਹੋ ਸੂਹ ਦਿੰਦਾ ਸੀ। ਜੇ ਉਹ ਅੰਮ੍ਰਿਤਧਾਰੀ ਹੁੰਦਾ, ਉਹ ਰਾਜਾ ਰਾਮ ਦੀ ਥਾਂ ਰਾਜਾ ਸਿੰਘ, ਰਾਮ ਸਿੰਘ ਜਾਂ ਰਾਜਾ ਰਾਮ ਸਿੰਘ ਜਾਂ ਕੋਈ ਹੋਰ ਸਿੰਘ ਹੁੰਦਾ। ਪਰ ਸੁਭਾਅ ਦੇ ਪੱਖੋਂ ਉਹ ਗੁਰਬਾਣੀ ਵਿਚ ਦੱਸੇ ਹੋਏ ਗੁਰਮੁਖ ਬੰਦੇ ਦਾ ਸਰੂਪ ਸੀ। ਉਹ ਸ਼ਾਂਤ ਤੇ ਮਿੱਠ-ਬੋਲੜਾ ਸੀ ਅਤੇ ਬੁੱਢੇ ਤੋਂ ਲੈ ਕੇ ਬਾਲ ਤੱਕ ਨਾਲ ਇਕੋ ਜਿੰਨੀ ਨਿਮਰਤਾ ਤੇ ਅਪਣੱਤ ਨਾਲ਼ ਪੇਸ਼ ਆਉਂਦਾ। ਮੈਂ ਕਦੀ ਇਕ ਵਾਰ ਵੀ ਉਹਨੂੰ ਕਿਸੇ ਨਾਲ਼, ਗੁੱਸੇ ਹੋਣਾ ਤੇ ਝਗੜਨਾ ਤਾਂ ਇਕ ਪਾਸੇ, ਉੱਚੀ ਬੋਲਦਾ ਵੀ ਨਹੀਂ ਸੀ ਦੇਖਿਆ-ਸੁਣਿਆ। ਉਹ ਮੇਰੇ ਚੇਤੇ ਵਿਚ ਵਸੇ ਹੋਏ ਉਨ੍ਹਾਂ ਬੰਦਿਆਂ ਵਿਚੋਂ ਹੈ ਜਿਨ੍ਹਾਂ ਦੀ ਜਦੋਂ ਯਾਦ ਆਉਂਦੀ ਹੈ, ਸਾਉਣ ਦੀ ਪਹਿਲੀ ਫ਼ੁਹਾਰ ਵਾਂਗ ਆਉਂਦੀ ਹੈ!