ਬਜ਼ੁਰਗ ਬਾਦਲ ਨੂੰ ਪੈਨਸ਼ਨ ਹੁਣੇ ਈ ਕਿਉਂ ਬੁਰੀ ਲੱਗੀ?

ਤਰਲੋਚਨ ਸਿੰਘ ‘ਦੁਪਾਲਪੁਰ’
ਬਜ਼ੁਰਗ ਆਗੂ ਸ. ਪ੍ਰਕਾਸ਼ ਸਿੰਘ ਬਾਦਲ ਨੇ ਵਿਧਾਨ ਸਭਾ ਚੋਣਾਂ ਵਿਚ ਹੋਈ ‘ਰਿਕਾਰਡ ਤੋੜ’ ਹਾਰ ਮਗਰੋਂ ਜੋ ਹੁਣ ਪੈਨਸ਼ਨ ਲੈਣ ਤੋਂ ਇਨਕਾਰ ਕੀਤਾ ਹੈ, ਉਸ ਨੇ ਲੱਦੇ ਊਠ ਤੋਂ ਛਾਨਣੀ ਲਾਹੁਣ ਵਾਲ਼ਾ ਮੁਹਾਵਰਾ ਚੇਤੇ ਕਰਵਾ ਦਿੱਤਾ ਹੈ।

ਚੰਡੀਗੜ੍ਹੋਂ ਛਪਦੀ ‘ਪੰਜਾਬੀ ਟ੍ਰਿਬਿਊਨ’ ਦੇ 18 ਮਾਰਚ 2022 ਵਾਲ਼ੇ ਅੰਕ ਵਿਚ ਪੰਜਾਬ ਰਾਜ ਦੇ ਵਿਧਾਨਕਾਰਾਂ ਨੂੰ ਮਿਲਦੀ
ਪੈਨਸ਼ਨ ਬਾਰੇ ਛਪੀ ਇਕ ਰਿਪੋਰਟ ਵਿਚ ਲਿਖਿਆ ਹੋਇਆ ਹੈ:
‘…ਭਾਵੇਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਸਾਬਕਾ ਵਿਧਾਇਕ ਵਾਲ਼ੀ ਪੈਨਸ਼ਨ ਲੈਣ ਤੋਂ ਇਨਕਾਰ ਕਰ ਦਿੱਤਾ ਹੈ ਪਰ ਉਹ 5.26 ਲੱਖ ਪ੍ਰਤੀ ਮਹੀਨਾ ਪੈਨਸ਼ਨ ਲੈਣ ਦੇ ਹੱਕਦਾਰ ਬਣ ਗਏ ਸਨ।’
ਇਸ ਤੋਂ ਇਲਾਵਾ ਐੱਮ.ਐੱਲ.ਏ ਸਾਹਿਬਾਨ ਦੀਆਂ ਪੈਨਸ਼ਨਾਂ ਬਾਰੇ ਇਹ ਜਾਣਕਾਰੀ ਵੀ ਇਸੇ ਖਬਰ ਵਿਚ ਦਰਜ ਹੈ, ‘ਨਿਯਮਾਂ ਅਨੁਸਾਰ ਜੋ ਇਕ ਵਾਰ ਵਿਧਾਇਕ ਬਣ ਜਾਂਦਾ ਹੈ ਉਹ ਸਭ ਭੱਤਿਆਂ ਸਮੇਤ 75,150 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਾ ਹੱਕਦਾਰ ਬਣ ਜਾਂਦਾ…ਜੇ ਦੋ ਵਾਰ ਵਿਧਾਇਕ ਬਣਦਾ ਤਾਂ ਸਵਾ ਲੱਖ ਰੁਪਏ, ਤਿੰਨ ਵਾਰੀ ਬਣਨ ’ਤੇ ਪੌਣੇ ਦੋ ਲੱਖ ਪ੍ਰਤੀ ਮਹੀਨਾ…।’
ਇਹ ਵੇਰਵੇ ਪੜ੍ਹ ਕੇ ਮਨ ’ਚ ਸਵਾਲ ਉੱਠਦਾ ਹੈ ਕਿ ਸੰਨ ਸਤਵੰਜਾ ਵਿਚ ਪਹਿਲੀ ਵਾਰ ਐੱਮ .ਐੱਲ.ਏ ਬਣ ਕੇ 95-96 ਸਾਲ ਦੀ ਉਮਰ ਤਕ ‘ਖੁਸ਼ੀ ਖੁਸ਼ੀ’ ਪੈਨਸ਼ਨਾਂ ਦੀਆਂ ਰਕਮਾਂ ਲੈਣ ਵਾਲ਼ੇ ਕਰੋੜਾਂ ਅਰਬਾਂਪਤੀ ਸ੍ਰੀ ਬਾਦਲ ਨੂੰ, ਪੈਨਸ਼ਨ ਰੂਪੀ ‘ਘਰੇ ਆਉਂਦੀ ਲੱਛਮੀਂ’ਅਚਾਨਕ ਹੁਣੇ ਹੀ ਕਿਉਂ ‘ਬੁਰੀ’ ਲੱਗਣ ਲੱਗ ਪਈ ਹੋਵੇਗੀ? ਬਾਰਾਂ ਵਾਰ ਚੋਣਾਂ ਲੜ ਕੇ ਸਦਾ ਜੇਤੂ ਰਹਿਣ ਵਾਲ਼ੇ ਬਜ਼ੁਰਗ ਬਾਦਲ ਨੂੰ ਹੁਣ ਅਖੀਰੀ ਉਮਰੇ ਤੇਰ੍ਹਵੀਂ ਚੋਣ ਵਿਚ ਇਕ ਸਧਾਰਨ ਜਿਹੇ ਕਿਸਾਨ ਹੱਥੋਂ ਬੁਰੀ ਤਰ੍ਹਾਂ ਹਾਰਨ ਬਾਅਦ ਪੈਨਸ਼ਨ ‘ਦਾਨ ਕਰਨ’ ਦਾ ਫੁਰਨਾ ਚਾਣਚੱਕ ਕਿਉਂ ਫੁਰਿਆ ਹੋਊ? ਇਨ੍ਹਾਂ ਸਵਾਲਾਂ ਦੇ ਜਵਾਬ, ਅਗਲੀਆਂ ਕੁਝ ਸਤਰਾਂ ਵਿਚ ਹਨ।
ਸੰਨ 70-71 ਵਿਚ ਜਦ ਮੈਂ ਸਕੂਲੇ ਪੜ੍ਹਨ ਲੱਗ ਪਿਆ ਤਾਂ ਸਾਡੇ ਪਿੰਡ ਬੋਹੜ ਥੱਲੇ ਖੇਡਣ ਵੇਲੇ ਉੱਥੇ ਬਹਿਣ ਵਾਲ਼ੇ ਬਜ਼ੁਰਗ ਬਾਪੂਆਂ ਦੀਆਂ ਗੱਲਾਂ ਸੁਣਨ ਦਾ ਭੁਸ ਵੀ ਪੈ ਗਿਆ ਮੈਨੂੰ! ਸਾਡੇ ਇਲਾਕੇ ਦੇ ਇਕ ਕਜੂੰਸ ਬੰਦੇ ਦੀ ਗੱਲ ਕਰ ਕੇ
ਉਹ ਬੜਾ ਹੱਸਦੇ! ਕਹਿੰਦੇ ਉਸ ਕੰਜੂਸ ਦੀ ਘਰਵਾਲ਼ੀ ਭੱਜ ਗਈ। ਜਦ ਲੋਕ ਉਹਦੇ ਕੋਲ਼ ਅਫਸੋਸ ਕਰਨ ਜਾਣ ਤਾਂ ਉੁਹ ਅੱਗਿਉਂ ਅੰਦਰ ਪਏ ਸੰਦੂਕ ਵੱਲ ਹੱਥ ਕਰ ਕੇ ਕਿਹਾ ਕਰੇ,
“…ਭਰਾਵੋ, ਅੰਦਰ ਵੜਨ ਨੂੰ ਮੇਰੀ ਵੱਢੀ ਰੂਹ ਨ੍ਹੀ ਕਰਦੀ…ਸੰਦੂਕ ਦੇਖ ਕੇ ਸੱਲ ਉੱਭਰਦਾ ਐ ਮੇਰੇ…ਜੇ ‘ਕੰਜਰੀ’ ਨੇ ਜਾਣਾ ਈ ’ਤੀ, ਤਾਂ ਆਹ ਲੱਕੜੀ (ਸੰਦੂਕ) ਨੂੰ ਤਾਂ ਅੱਗ ਲਾ ਜਾਂਦੀ ਜਾਣ ਲੱਗੀ…!”
ਠਹਾਕੇ ਮਾਰ ਮਾਰ ਹੱਸਦਿਆਂ ਬੁੜ੍ਹਿਆਂ ਨੇ ਉਸ ਸੰਦੂਕ ਦੀ ਹੋਣੀ ਦੱਸ ਕੇ ਗੱਲ ਨਬੇੜਨੀ, ਅਖੇ ਛੜੇ ਰਹਿ ਗਏ ਉਸ ਕੰਜੂਸ ਨੇ ‘ਸੱਲ ਲਾਉਣਾ ਸੰਦੂਕ’ ਕਿਸੇ ਲਾਂਭਦੇ ਪਿੰਡ ਦੇ ਬੰਦੇ ਨੂੰ ਮੁਫਤੋ ਮੁਫਤੀ ਚੁਕਾ ਦਿੱਤਾ ਸੀ!`
ਹੁਣ ਜ਼ਰਾ ਬਜ਼ੁਰਗ ਬਾਦਲ ਦੀ ਪੈਨਸ਼ਨ ਬਾਰੇ ਸੋਚੋ, ਜਿਸ ਵਿਧਾਨ ਸਭਾ ਵਿਚ ਹੁਣ ਨਾ ਉਹ ਆਪ, ਨਾ ਉਨ੍ਹਾਂ ਦੇ ਹੱਥੀਂ ਲਾਏ ਬੂਟਿਆਂ ’ਚੋਂ ਉਨ੍ਹਾਂ ਦਾ ਪੁੱਤ, ਨਾ ਪੁੱਤ ਦਾ ਸਾਲ਼ਾ ਸਾਹਿਬ, ਨਾ ਨੂੰਹ, ਨਾ ਜਵਾਈ ਅਤੇ ਨਾ ਹੀ ਕੋਈ ਹੋਰ ਅੰਗ-ਸਾਕ ਬੈਠਾ ਹੋਵੇ… ਸਾਰਿਆਂ ਨੂੰ ‘ਝਾੜੂ’ ਨੇ ਮੱਖਣ ’ਚੋਂ ਵਾਲ਼ ਵਾਂਗ ਕੱਢ ਮਾਰਿਆ ਹੋਵੇ, ਉਸ ਵਿਧਾਨ ਸਭਾ ਤੋਂ ਆਉਣ ਵਾਲ਼ੀ ਪੈਨਸ਼ਨ ਨੇ, ਉਕਤ ਵਾਰਤਾ ਵਿਚਲੇ ਸੰਦੂਕ ਵਾਂਗ ਸ੍ਰੀ ਬਾਦਲ ਨੂੰ ਸੱਲ ਹੀ ਲਾਉਣਾ ਸੀ? ਸੋ ਉਨ੍ਹਾਂ ਨੇ ਚੜ੍ਹਦੇ ਮਹੀਨੇ ਆਪਣੇ ਲੱਗਣ ਵਾਲ਼ੇ ਸੱਲ ਦਾ ਇਲਾਜ ਕਰ ਲਿਆ!!
ਜਾਂ ਫਿਰ ਉਨ੍ਹਾਂ ਵਲੋਂ ਪੈਨਸ਼ਨ ‘ਦਾਨ ਵਜੋਂ’ ਮੋੜਨ ਦਾ ਇਕ ਕਾਰਨ ਹੋਰ ਇਹ ਵੀ ਹੋ ਸਕਦਾ ਐ,
ਕਹਿੰਦੇ ਦੋ ਦੋਸਤ ਕਿਸੇ ਸੁੰਨਸਾਨ ਜਗਾਹ ਇਕੱਠੇ ਤੁਰੇ ਜਾ ਰਹੇ ਸਨ। ਝਾੜੀਆਂ ’ਚ ਲੁਕਿਆ ਬੈਠਾ ਇਕ ਲੁਟੇਰਾ
ਅਚਾਨਕ ਉਨ੍ਹਾਂ ਮੋਹਰੇ ਆ ਖੜ੍ਹਾ ਹੋਇਆ! ਕਹਿੰਦਾ ਕੱਢ ਦਿਉ ਜੋ ਜੋ ਕੁਝ ਜੇਬਾਂ ਵਿਚ ਹੈਗਾ। ਦੋਹਾਂ ’ਚੋਂ ਇਕ ਜਣਾ ਬਹੁਤ ਚੁਸਤ ਚਲਾਕ ਸੀ। ਉਸ ਨੇ ਫੁਰਤੀ ਨਾਲ਼ ਆਪਣੀ ਜੇਬ ’ਚੋਂ ਸੌ ਰੁਪਏ ਦਾ ਨੋਟ ਕੱਢ ਕੇ ਆਪਣੇ ਦੋਸਤ ਨੂੰ ਫੜਾਉਂਦਿਆਂ ਕਿਹਾ, “ਲੈ ਫੜ ਭਰਾਵਾ ਆਪਣਾ ਹੁਧਾਰ!”ਨਾਲ਼ੇ ਚੋਰ ਨੂੰ ਕਹਿੰਦਾ,”ਜੀ ਮੇਰੇ ਕੋਲ਼ ਤਾਂ ਆਹੀ ਇਕੋ ਨੋਟ ਸੀਗਾ… ਉਹ ਵੀ ਮੈਂ ਹੁਧਾਰਾ ਲਿਆ ਹੋਇਆ ਸੀ ਇਹਤੋਂ…!”
ਦੋਹਾਂ ਮਿਸਾਲਾਂ ’ਚੋਂ ਤੁਹਾਨੂੰ ਜਿ਼ਆਦਾ ਕਿਹੜੀ ਢੁਕਵੀਂ ਲੱਗੀ? ਇਹ ਤੁਹਾਡੀ ਮਰਜ਼ੀ!