ਸ਼ਹੀਦ ਭਗਤ ਸਿੰਘ ਦੀ ਘੋੜੀ ਦਾ ਇਤਿਹਾਸ

ਗੌਤਮ ਸਚਦੇਵ
ਭਗਤ ਸਿੰਘ ਦੀ ਸ਼ਹਾਦਤ ਤੋਂ ਬਾਅਦ ਇਕ ਘੋੜੀ ਬੜੀ ਮਸ਼ਹੂਰ ਹੋ ਗਈ। ਭਗਤ ਸਿੰਘ ਦੀ ਇਹ ਘੋੜੀ ਮੇਲਾ ਰਾਮ ਤਾਇਰ ਦੀ ਲਿਖੀ ਹੋਈ ਹੈ। ਇਸ ਬਾਰੇ ਹਿੰਦੀ ਲੇਖਕ ਗੌਤਮ ਸਚਦੇਵ ਨੇ ਇਹ ਲੇਖ ਮਾਰਚ 2002 ਵਿਚ ਪੰਜਾਬੀ ਵਿਚ ਲਿਖਿਆ ਸੀ ਅਤੇ ਸ਼ਾਇਰ ਦੇ ਤਖੱਲਸ ਦੇ ਸ਼ਬਦ-ਜੋੜ ਤਾਇਰ ਦੀ ਥਾਂ ਤਾਹਿਰ ਵਰਤੇ ਸਨ। ਵੰਡ ਦੀਆਂ ਕਹਾਣੀਆਂ (ਕਹਾਣੀ ਸੰਗ੍ਰਹਿ ‘ਸਾਢੇ ਸੱਤ ਦਰਜਨ ਪਿੰਜਰੇ`) ਲਿਖਣ ਵਾਲੇ ਗੌਤਮ ਸਚਦੇਵ ਨੇ ਇਹ ਘੋੜੀ ਮੇਲਾ ਰਾਮ ਤਾਇਰ ਦੇ ਮੂੰਹੋਂ ਸੁਣੀ ਤੇ ਲਿੱਪੀਬੱਧ ਕੀਤੀ। ਇਹ ਘੋੜੀ 23 ਮਾਰਚ 1932 ਨੂੰ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੀ ਪਹਿਲੀ ਬਰਸੀ ਮੌਕੇ ਲਾਹੌਰ ਵਿਚ ਸ਼ਾਇਰ ਮੇਲਾ ਰਾਮ ਤਾਇਰ ਨੇ ਟਾਂਗੇ ‘ਤੇ ਖਲੋ ਕੇ ਗਾਈ ਸੀ। ਸ਼ਹੀਦਾਂ ਦੀ ਬਰਸੀ ਮਨਾਉਣ ਉਤੇ ਹਕੂਮਤ ਨੇ ਮੁਕੰਮਲ ਪਾਬੰਦੀ ਲਾ ਦਿੱਤੀ ਸੀ ਪਰ ਪਾਬੰਦੀ ਦੇ ਬਾਵਜੂਦ ਬਰਸੀ ਦੇ ਜਲਸਿਆਂ ਵਿਚ ਕੋਈ ਇਕ ਲੱਖ ਲੋਕਾਂ ਨੇ ਹਿੱਸਾ ਲਿਆ ਸੀ।

ਗਮ ਅਤੇ ਸਦਮੇ ਵਿਚ ਅਕਸਰ ਲੋਕ ਜਾਂ ਤਾਂ ਰੋ-ਪਿੱਟ ਕੇ ਮਨ ਹੌਲਾ ਕਰ ਲੈਂਦੇ ਹਨ ਜਾਂ ਉਹਨੂੰ ਰੁਮਾਨੀ ਬਣਾ ਲੈਂਦੇ ਹਨ। ਸਰਦਾਰ ਭਗਤ ਸਿੰਘ ਦੇ ਸ਼ਹੀਦ ਹੋਣ ਤੋਂ ਪੰਜਾਬ ਵਿਚ ਸ਼ਹਾਦਤ ਦੀ ਵਡਿਆਈ ਦੀ ਲਹਿਰ ਚੱਲ ਪਈ। ਸ਼ਾਇਰਾਂ ਨੇ ਇਸ ਲਹਿਰ ਨੂੰ ਕਾਫੀ ਖੂਬਸੂਰਤ ਬਣਾਇਆ ਅਤੇ ਇਹ ਖਿਆਲ ਪੇਸ਼ ਕੀਤਾ ਕਿ ਗੱਭਰੂ ਭਗਤ ਸਿੰਘ ਨੇ ਮੌਤ ਨੂੰ ਪ੍ਰਨਾਇਆ ਹੈ। ਲੋਕ ਹੰਝੂਆਂ ਨਾਲ ਭਗਤ ਸਿੰਘ ਦੇ ਵਿਆਹ ਦੀਆਂ ਘੋੜੀਆਂ ਵੀ ਗਾਉਣ ਲੱਗ ਪਏ। ਉਸ ਸਮੇਂ ਇਕ ਘੋੜੀ ਬਹੁਤ ਮਸ਼ਹੂਰ ਹੋਈ। ਇਹ ਵਾਕਿਆ ਮੇਰੇ ਜਨਮ ਤੋਂ ਤਕਰੀਬਨ ਦਸ ਵਰ੍ਹੇ ਪਹਿਲਾਂ ਦਾ ਹੈ ਪਰ ਆਪਣੀ ਮਾਂ ਕੋਲੋਂ ਮੈਂ ਇਹ ਘੋੜੀ ਆਪਣੇ ਬਚਪਨ ਵਿਚ ਕਈ ਵਾਰੀ ਸੁਣੀ ਹੈ।
ਅੱਜ ਇਸ ਘੋੜੀ ਬਾਰੇ ਗੱਲ ਕਰਨ ਵੇਲੇ ਸੋਚਦਾ ਹਾਂ ਕਿ ਭਗਤ ਸਿੰਘ ਦੇ ਵਿਆਹ ਕਰਨ ਦੀ ਕਲਪਨਾ ਹੈ ਤਾਂ ਬੜੀ ਸੋਹਣੀ ਪਰ ਸਵਾਲ ਇਹ ਹੈ ਕਿ ਕੀ ਮੌਤ ਨਾਲ ਵਿਆਹ ਕੀਤਾ ਜਾ ਸਕਦਾ ਹੈ ਅਤੇ ਉਹ ਖੁਸ਼ੀਆਂ ਮਾਣੀਆਂ ਜਾ ਸਕਦੀਆਂ ਹਨ ਜੋ ਵਿਆਹ ਕਰ ਕੇ ਹੁੰਦੀਆਂ ਹਨ? ਇਹ ਕੈਸਾ ਵਿਆਹ ਹੈ ਕਿ ਲਾੜੇ ਦੀ ਜਾਨ ਕੱਢ ਲਵੇ, ਜਦੋਂਕਿ ਲਾੜੀ ਹੋਰੀਂ ਵਿਧਵਾ ਹੋਣ ਲਈ ਵੀ ਵਿਆਹ ਕਰਨ? ਖੁਦ ਭਗਤ ਸਿੰਘ ਨੂੰ ਮੌਤ ਨੂੰ ਵਹੁਟੀ ਬਣਾਉਣਾ ਪੈਂਦਾ ਤਾਂ ਉਹ ਕੀ ਸੋਚਦਾ, ਇਹ ਤਾਂ ਨਹੀਂ ਕਿਹਾ ਜਾ ਸਕਦਾ ਪਰ ਇਸ ਗੱਲ ਦਾ ਉਹਨੂੰ ਪੂਰਾ ਯਕੀਨ ਸੀ ਕਿ ਫਾਂਸੀ ਦੇ ਨਾਲ ਹੀ ਜ਼ਿੰਦਗੀ ਮੁੱਕ ਜਾਏਗੀ ਜੋ ਮੁੜ ਕੇ ਕਦੇ ਨਹੀਂ ਮਿਲਣੀ। ਮਰਨ ਵਾਲੇ ਦੇ ਮੁੜ ਕੇ ਜਨਮ ਲੈਣ ਦੀ ਗੱਲ ਬਿਲਕੁਲ ਗਲਤ ਹੈ।
ਫਾਂਸੀ ਚੜ੍ਹਨ ਤੋਂ ਪਹਿਲਾਂ ਜੇਲ੍ਹ ਵਿਚ ਲਿਖੇ ਆਪਣੇ ਲੇਖ ‘ਮੈਂ ਨਾਸਤਕ ਕਿਉਂ ਹਾਂ’ ਵਿਚ ਭਗਤ ਸਿੰਘ ਨੇ ਸਾਫ ਕਿਹਾ ਕਿ ਮੌਤ ਨਾਲ ਸਭ ਕੁਝ ਖਤਮ ਹੋ ਜਾਣਾ ਹੈ ਅਤੇ ਮੈਂ ਤਾਂ ਅਗਲੇ ਜਨਮ ਵਿਚ ਕੁਝ ਹੋਰ ਹੋਣ ਜਾਂ ਸਵਰਗ ਪ੍ਰਾਪਤ ਕਰਨ ਦੀ ਕਲਪਨਾ ਤਕ ਨਹੀਂ ਕਰ ਸਕਦਾ। ਖੈਰ, ਇਹ ਸਵਾਲ ਪੁੱਛਣ ਜਾਂ ਮੌਤ ਨਾਲ ਸ਼ਾਦੀ ਦੀ ਕਲਪਨਾ ਅੱਗੇ ਸਵਾਲੀਆ ਨਿਸ਼ਾਨ ਲਾਉਣ ਦੀ ਅਕਲ ਤਾਂ ਮੈਨੂੰ ਬਹੁਤ ਬਾਅਦ ਵਿਚ ਆਈ ਪਰ ਜਦ ਮੈਂ ਨਿੱਕੇ ਹੁੰਦਿਆਂ ਭਗਤ ਸਿੰਘ ਦੀ ਮੌਤ ਵਾਲੀ ਘੋੜੀ ਸੁਣਦਾ ਸੀ ਤਾਂ ਮੈਨੂੰ ਇਹ ਬਹੁਤ ਚੰਗੀ ਲੱਗਦੀ ਸੀ। ਕਹਿ ਸਕਦਾ ਹਾਂ ਕਿ ਇਹ ਘੋੜੀ ਮੈਂ ਪੰਘੂੜੇ ਵਿਚ ਲੋਰੀ ਵਾਂਙ ਸੁਣੀ ਸੀ ਕਿਉਂਕਿ ਮੇਰੀ ਮਾਂ ਅਤੇ ਭੂਆ ਨੂੰ ਇਹ ਬਹੁਤ ਪਸੰਦ ਸੀ। ਫਿਰ ਜਦ ਮੈਂ ਹੋਸ਼ ਸੰਭਾਲੀ ਤਾਂ ਮੇਰੇ ਦਿਲ ਵਿਚ ਇਸ ਦੇ ਸ਼ਾਇਰ ਨਾਲ ਮਿਲਣ ਦੀ ਖੁਆਹਿਸ਼ ਪੈਦਾ ਹੋਈ। ਥੋੜ੍ਹੀ-ਬਹੁਤ ਪੁੱਛ-ਗਿੱਛ ਕੀਤੀ ਪਰ ਕੁਝ ਪਤਾ ਨਾ ਲੱਗਾ।
ਵਕਤ ਲੰਘਦਾ ਗਿਆ। ਅੱਜ ਤੋਂ ਤਕਰੀਬਨ ਬਾਰਾਂ ਵਰ੍ਹੇ ਪਹਿਲਾਂ (ਇਹ ਲੇਖ ਮਾਰਚ 2002 ਵਿਚ ਲਿਖਿਆ ਗਿਆ ਸੀ, ਇਸ ਹਿਸਾਬ ਨਾਲ ਹੁਣ 32 ਵਰ੍ਹੇ ਹੋ ਗਏ) ਕੁਝ ਅਜਿਹਾ ਸਬਬ ਬਣਿਆ ਕਿ ਇਸ ਘੋੜੀ ਦੇ ਸ਼ਾਇਰ ਮੇਲਾ ਰਾਮ ਤਾਹਿਰ ਹੋਰਾਂ ਨਾਲ ਮੁਲਾਕਾਤ ਹੋ ਗਈ। ਮੈਨੂੰ ਪਤਾ ਨਹੀਂ ਸੀ ਕਿ ਉਹ ਮੇਰੇ ਸਹੁਰਾ ਸਾਹਿਬ ਦੇ ਪੁਰਾਣੇ ਸਾਥੀ ਰਹੇ ਹਨ। ਮੇਰੇ ਮਰਹੂਮ ਸਹੁਰਾ ਸਾਹਿਬ ਰਾਮ ਲਭਾਇਆ ਚਾਨਣਾ ਆਜ਼ਾਦੀ ਘੁਲਾਟੀਏ ਰਹੇ ਸਨ ਅਤੇ ਸ਼ਹੀਦ ਭਗਤ ਸਿੰਘ ਦੇ ਭਰਾ ਕੁਲਤਾਰ ਸਿੰਘ ਦੇ ਦੋਸਤ ਵੀ ਸਨ। ਦੋਵਾਂ ਨੇ ਇਕੱਠੇ ਵਪਾਰ ਵੀ ਕੀਤਾ। ਮੈਂ ਲੰਡਨ ਤੋਂ ਦਿੱਲੀ ਗਿਆ ਹੋਇਆ ਸੀ ਅਤੇ ਆਪਣੇ ਸਹੁਰਿਆਂ ਕੋਲ ਠਹਿਰਿਆ ਹੋਇਆ ਸੀ। ਸ਼ਾਇਰ ਮੇਲਾ ਰਾਮ ਤਾਹਿਰ ਵੀ ਦਿੱਲੀ ਆਏ ਹੋਏ ਸਨ ਅਤੇ ਚਾਨਣਾ ਸਾਹਿਬ ਨੇ ਉਨ੍ਹਾਂ ਨੂੰ ਘਰ ਖਾਣੇ ‘ਤੇ ਬੁਲਾਇਆ। ਉਸ ਮੁਲਾਕਾਤ ਵਿਚ ਮੇਰੀ ਉਨ੍ਹਾਂ ਨਾਲ ਲੰਮੀ ਗੱਲਬਾਤ ਹੋਈ ਅਤੇ ਮੇਰੀ ਫਰਮਾਇਸ਼ ‘ਤੇ ਉਨ੍ਹਾਂ ਆਪਣੀ ਘੋੜੀ ਰਿਕਾਰਡ ਕਰਵਾਈ।
ਰਿਕਾਰਡ ਕਰਨ ਵਿਚ ਕੀ-ਕੀ ਤਕਲੀਫਾਂ ਆਈਆਂ, ਇਹ ਅਲੱਗ ਕਹਾਣੀ ਹੈ; ਪਰ ਮੁਖਤਸਰ ਗੱਲ ਇਹ ਹੈ ਕਿ ਟੇਪ ਰਿਕਾਰਡਰ ਹੀ ਨਾ ਚੱਲਿਆ ਅਤੇ ਗੁਆਂਢੀਆਂ ਕੋਲੋਂ ਟੇਪ ਰਿਕਾਰਡਰ ਮੰਗ ਕੇ ਮੈਂ ਤਾਹਿਰ ਜੀ ਦੀਆਂ ਯਾਦਾਂ ਅਤੇ ਉਨ੍ਹਾਂ ਦੇ ਸੁਰ ਵਿਚ ਘੋੜੀ ਰਿਕਾਰਡ ਕੀਤੀ। ਉਸ ਸਮੇਂ ਉਨ੍ਹਾਂ ਦੱਸਿਆ ਕਿ ਉਹ ਸੌ ਵਰ੍ਹਿਆਂ ਦੇ ਹੋ ਚੁੱਕੇ ਹਨ ਪਰ ਉਨ੍ਹਾਂ ਨੂੰ ਘੋੜੀ ਪੂਰੀ ਯਾਦ ਸੀ ਅਤੇ ਆਵਾਜ਼ ਵਿਚ ਵੀ ਵਾਹਵਾ ਮਿਠਾਸ ਸੀ। ਸਰਗੋਧੇ ਵਾਲੇ ਪੰਜਾਬੀ ਲਹਿਜੇ ਵਿਚ ਉਨ੍ਹਾਂ ਨੇ ਘੋੜੀ ਸੁਣਾਈ।
ਸ਼ਾਇਰ ਮੇਲਾ ਰਾਮ ਤਾਹਿਰ ਖੁਦ ਮੀਆਂਵਾਲੀ-ਸਰਗੋਧੇ ਵਾਲੇ ਪਾਸੇ ਦੇ ਸਨ। ਉਨ੍ਹਾਂ ਦੱਸਿਆ ਕਿ ਸਰਦਾਰ ਭਗਤ ਸਿੰਘ ਦੀ ਫਾਂਸੀ ਤੋਂ ਇਕ ਮਹੀਨੇ ਮਗਰੋਂ ਝੰਗ ਵਿਚ ਸ਼ਹੀਦੀ ਜਲਸਾ ਹੋਇਆ ਸੀ ਜਿੱਥੇ ਉਨ੍ਹਾਂ ਆਪਣੀ ਇਹ ਘੋੜੀ ਸੁਣਾਈ ਸੀ। ਬਕੌਲ ਤਾਹਿਰ ਘੋੜੀ ਸੁਣਾਉਣ ਦੀ ਫਰਮਾਇਸ਼ ਸਟੇਜ ‘ਤੇ ਬੈਠੇ ਪੰਡਿਤ ਨਹਿਰੂ ਤੇ ਕਮਲਾ ਨਹਿਰੂ ਨੇ ਕੀਤੀ ਅਤੇ ਸਰਦਾਰ ਭਗਤ ਸਿੰਘ ਦੇ ਪਿਤਾ ਸਰਦਾਰ ਕਿਸ਼ਨ ਸਿੰਘ ਤਾਂ ਘੋੜੀ ਸੁਣ ਕੇ ਰੋਣ ਲੱਗ ਪਏ। ਉੱਥੇ ਬੈਠੀ ਦੋ ਲੱਖ ਦੀ ਖਲਕਤ ਦਾ ਵੀ ਬੁਰਾ ਹਾਲ ਸੀ।
ਇਸ ਘੋੜੀ ਵਿਚ ਤਾਹਿਰ ਸਾਹਿਬ ਨੇ ਵਿਆਹ ਦੀਆਂ ਸਾਰੀਆਂ ਰਸਮਾਂ ਨੂੰ ਸਾਂਗ ਰੂਪਕ ਅਲੰਕਾਰ ਵਿਚ ਬਿਆਨ ਕੀਤਾ ਹੈ। ਘੋੜੀ ਇੰਞ ਸ਼ੁਰੂ ਹੁੰਦੀ ਹੈ:
ਆਓ ਨੀ ਭੈਣੋ ਰਲ-ਮਿਲ ਗਾਵੀਏ ਘੋੜੀਆਂ
ਜੰਞ ਤਾਂ ਹੋਈ ਏ ਤਈਆਰ ਵੇ ਹਾਂ
ਮੌਤ ਕੁੜੀ ਨੂੰ ਪ੍ਰਨਾਵਣ ਚੱਲਿਆ
ਭਗਤ ਸਿੰਘ ਸਰਦਾਰ ਵੇ ਹਾਂ
ਘੋੜੀ ਚੜ੍ਹਨ ਵਾਲਾ ਲਾੜਾ ਸਿਰ ‘ਤੇ ਮੁਕਟ ਪਾਉਂਦਾ ਹੈ ਅਤੇ ਸਿਹਰਾ ਬੰਨ੍ਹਦਾ ਹੈ ਜਦੋਂਕਿ ਮੌਤ ਨੂੰ ਪ੍ਰਨਾਉਣ ਵਾਲੇ ਨੇ ਮੂੰਹ ਉੱਤੇ ਕਾਲੀ ਟੋਪੀ ਪਾਈ ਹੋਈ ਹੈ:
ਫਾਂਸੀ ਦੀ ਟੋਪੀ ਵਾਲਾ ਮੁਕਟ ਬਣਾ ਕੇ
ਸਿਹਰਾ ਤਾਂ ਬੱਧਾ ਝਾਲਰਦਾਰ ਵੇ ਹਾਂ
ਭਾਰਤ ਦੀ ਮਾਤਾ ਉੱਤੋਂ ਛੰਦਾ ਚਾ ਕੀਤਾ
ਪਾਣੀ ਤਾਂ ਪੀਤਾ ਉੱਤੋਂ ਵਾਰ ਵੇ ਹਾਂ
ਸ਼ਾਇਰ ਨੇ ਲਾੜੇ ਦੀ ਮਾਂ ਲਈ ਖੁਦ ਭਾਰਤ ਮਾਤਾ ਦੀ ਕਲਪਨਾ ਕੀਤੀ ਹੈ। ਇਸ ਲਾੜੇ ਲਈ ਹੰਝੂਆਂ ਦੀ ਘੜੋਲੀ ਭਰੀ ਗਈ ਅਤੇ ਲਹੂ ਦੀ ਮੌਲੀ ਬੱਧੀ ਗਈ ਹੈ; ਲੇਕਿਨ ਮਹਿੰਦੀ ਲਾਈ ਹੈ, ਹੱਥਕੜੀਆਂ ਦਾ ਗਾਨਾ ਬੰਨ੍ਹਣ ਵਾਲੇ ਫਿਰੰਗੀਆਂ ਨੇ:
ਹੰਝੂਆਂ ਦੇ ਪਾਣੀ ਨਾਲ ਭਰ ਕੇ ਘੜੋਲੀ
ਲਹੂ ਦੀ ਰਾਖੀ ਏ ਮੌਲੀ ਤਾਰ ਵੇ ਹਾਂ
ਖੂਨੀ ਮਹਿੰਦੀ ਚਾ ਤੈਨੂੰ ਲਾਈ ਫਿਰੰਗੀਆਂ,
ਹੱਥਕੜੀਆਂ ਦਾ ਗਾਨਾ ਤਈਆਰ ਵੇ ਹਾਂ
ਖਾਰੇ ਚੜ੍ਹਨ ਅਤੇ ਵਾਗ ਗੁੰਦਣ ਦੀਆਂ ਰਸਮਾਂ ਦੀ ਕਲਪਨਾ ਸ਼ਾਇਰ ਨੇ ਇੰਞ ਕੀਤੀ ਹੈ:
ਫਾਂਸੀ ਦੇ ਤਖਤ ਨੂੰ ਖਾਰਾ ਬਣਾ ਕੇ
ਬੈਠਾ ਤਾਂ ਚੌਂਕੜੀ ਮਾਰ ਵੇ ਹਾਂ
ਵਾਗ ਪਕੜਾਈ ਵੇ ਤੈਥੋਂ ਭੈਣਾਂ ਨੇ ਮੰਗਣੀ
ਭੈਣਾਂ ਦਾ ਰੱਖੀਂ ਵੀਰਾ ਭਾਰ ਵੇ ਹਾਂ
ਇਸ ਅਨੋਖੇ ਵਿਆਹ ਵਿਚ ਵਾਜੇ ਵੀ ਵੱਜੇ ਅਤੇ ਬਾਬਲ ਸੀ ਮਹਾਤਮਾ ਗਾਂਧੀ:
ਮਾਤਮੀ ਵਾਜੇ ਵੱਜਦੇ ਬੂਹੇ ਭਾਰਤ ਤੇ
ਮਾਰੂ ਦਾ ਰਾਗ ਉਚਾਰ ਵੇ ਹਾਂ
ਬਾਬਲ ਗਾਂਧੀ ਧਰਮੀ ਕਾਜ ਰਚਾਇਆ
ਲਗਨ ਮਹੂਰਤ ਵਿਚਾਰ ਵੇ ਹਾਂ
ਸਰਦਾਰ ਭਗਤ ਸਿੰਘ ਦੇ ਸਾਂਢੂ ਤੇ ਸਰਬਾਲ੍ਹੇ ਕੌਣ ਸੀ ਅਤੇ ਜਾਂਞੀ ਕੌਣ ਸਨ?
ਹਰੀ ਕ੍ਰਿਸ਼ਨ ਵੀ ਤੇਰਾ ਬਣਿਆ ਹੈ ਸਾਂਢੂ,
ਢੁੱਕੇ ਤੁਸੀਂ ਇੱਕੇ ਵਾਰ ਵੇ ਹਾਂ
ਰਾਜਗੁਰੂ ਤੇ ਸੁਖਦੇਵ ਸਹਿਬਾਲੜੇ,
ਤੁਰਿਆ ਏ ਤੂੰ ਤਾਂ ਵਿਚਕਾਰ ਵੇ ਹਾਂ
ਪੈਂਤੀ ਕਰੋੜ ਤੇਰੇ ਜਾਂਞੀ ਵੇ ਲਾੜਿਆ
ਪੈਦਲ ਤੇ ਕਈ ਅਸਵਾਰ ਵੇ ਹਾਂ
ਕਾਲੀਆਂ ਪੁਸ਼ਾਕਾਂ ਪਾ ਕੇ ਜੰਞ ਹੈ ਤੁਰ ਪਈ
ਤਾਹਿਰ ਵੀ ਹੋਏ ਨੇ ਤਈਆਰ ਵੇ ਹਾਂ।
ਇਸ ਘੋੜੀ ਨੂੰ ਰਿਕਾਰਡ ਕਰਾਉਣ ਸਮੇਂ ਕਿਉਂਕਿ ਭਾਰਤ ਦੀ ਆਬਾਦੀ ਪੈਂਤੀ ਕਰੋੜ ਤੋਂ ਵਧ ਕੇ ਅੱਸੀ ਕਰੋੜ ਹੋ ਚੁੱਕੀ ਸੀ, ਇਸ ਲਈ ਤਾਹਿਰ ਹੋਰਾਂ ਨੇ ਪੈਂਤੀ ਕਰੋੜ ਕਹਿ ਕੇ ਫਿਰ ਇਹ ਤਰਮੀਮ ਵੀ ਕਰ ਦਿੱਤੀ – ਅੱਸੀ ਕਰੋੜ ਤੇਰੇ ਜਾਂਞੀ ਵੇ ਲਾੜਿਆ… ਅੱਜ ਆਪਣੀ ਇਸ ਰਿਕਾਰਡਿੰਗ ਨੂੰ ਸੁਣਦਿਆਂ ਮੈਂ ਸੋਚਦਾ ਹਾਂ – ਖਵਰੇ ਮੇਲਾ ਰਾਮ ਤਾਹਿਰ ਆਪਣੀ ਘੋੜੀ ਰਿਕਾਰਡ ਕਰਾਉਣ ਲਈ ਹੀ ਦਿੱਲੀ ਆਏ ਸਨ; ਕਿਉਂਕਿ ਕੁਝ ਹਫਤਿਆਂ ਪਿੱਛੋਂ ਮੈਨੂੰ ਮੇਰੇ ਸਹੁਰਾ ਸਾਹਿਬ ਨੇ ਦੱਸਿਆ ਕਿ ਤਾਹਿਰ ਜੀ ਦਾ ਦੇਹਾਂਤ ਹੋ ਗਿਆ ਹੈ।