ਸੰਨ ਸੰਤਾਲੀ ਅਤੇ ਗਲੀ ਨੰਬਰ ਸੱਤ ਦੇ ਕਿੱਸੇ

ਮਨਮੋਹਨ ਬਾਵਾ
ਸਾਲ 1947 ਵਿਚ ਹਿੰਦੁਸਤਾਨ ਦੀ ਵੰਡ ਦੇ ਵਕਤ ਲੋਕਾਂ, ਖਾਸਕਰ ਪੰਜਾਬੀਆਂ ਨੂੰ ਬਹੁਤ ਦੁੱਖ ਝਾਗਣੇ ਪਏ। ਮਾਰ-ਧਾੜ, ਕਤਲੋ-ਗਾਰਤ ਨਾਲ ਸਮੁੱਚਾ ਖਿੱਤਾ ਜਿਵੇਂ ਕੰਬ ਉਠਿਆ ਸੀ ਅਤੇ ਲੋਕ ਰਾਤੋ-ਰਾਤ ਘਰੋਂ ਬੇਘਰ ਹੋ ਗਏ ਸਨ। ਇਹ ਜ਼ਖਮ ਅੱਜ ਤੱਕ ਜਿਉਂ ਦੇ ਤਿਉਂ ਹਰੇ ਹਨ ਲੋਕ ਉਨ੍ਹਾਂ ਵਕਤਾਂ ਨੂੰ ਯਾਦ ਕਰ-ਕਰਕੇ ਅੱਖਾਂ ਵਿਚੋਂ ਹੁੰਝੂ ਕੇਰਦੇ ਹਨ। ਉਘੇ ਲਿਖਾਰੀ ਮਨਮੋਹਨ ਬਾਵਾ ਨੇ ਉਸ ਵਕਤ ਦਿੱਲੀ ਦੇ ਇਕ ਮੁਹੱਲੇ ਦਾ ਹਾਲ ਬਿਆਨ ਕੀਤਾ ਹੈ ਜਿਸ ਵਿਚ ਧੜਕਦੀ ਜ਼ਿੰਦਗੀ ਦੇ ਦਰਸ਼ਨ ਵੀ ਹੁੰਦੇ ਹਨ ਅਤੇ ਨਾਲ ਹੀ ਮੁਸੀਬਤਾਂ ਵਿਚ ਫਸੇ ਜਿਊੜਿਆਂ ਬਾਰੇ ਚਰਚਾ ਵੀ ਹੈ।

ਕੁਝ ਵਿਸ਼ੇਸ਼ ਅਤੇ ਮਹੱਤਵਪੂਰਨ ਘਟਨਾਵਾਂ ਨੂੰ ਇਤਿਹਾਸ ਦੇ ਪੰਨਿਆਂ ‘ਚ ਸਥਾਨ ਪ੍ਰਾਪਤ ਹੁੰਦਾ ਹੈ ਪਰ ਬਹੁਤ ਸਾਰੀਆਂ ਨਿੱਕੀਆਂ-ਨਿੱਕੀਆਂ ਘਟਨਾਵਾਂ (ਜਿਨ੍ਹਾਂ ਨਾਲ ਇਤਿਹਾਸ ਬੱਝਦਾ ਹੈ) ਸਾਡੀਆਂ ਸਿਮ੍ਰਤੀਆਂ ਦਾ ਹਿੱਸਾ ਬਣ ਜਾਂਦੀਆਂ ਅਤੇ ਸਾਡੇ ਇਸ ਦੁਨੀਆ ਤੋਂ ਚਲੇ ਜਾਣ ਤੋਂ ਬਾਅਦ ਹਮੇਸ਼ਾ ਲਈ ਲੋਪ ਹੋ ਜਾਂਦੀਆਂ ਹਨ; ਜਾਂ ਜਿਨ੍ਹਾਂ ਨੂੰ ਸਮੁੱਚੇ ਤੌਰ ‘ਤੇ 1942, 47 ਜਾਂ 84 ਆਦਿ ਕਹਿ ਕੇ ਯਾਦ ਕੀਤਾ ਜਾਂਦਾ ਹੈ।
ਸਤਾਹਟ ਵਰ੍ਹੇ, ਅੱਧੀ ਸਦੀ ਤੋਂ ਵੱਧ ਕੋਈ ਘੱਟ ਸਮਾਂ ਨਹੀਂ ਹੁੰਦਾ। ਉਦੋਂ ਦਿੱਲੀ ਬਹੁਤ ਛੋਟੀ ਹੁੰਦੀ ਸੀ ਅਤੇ ਸਾਈਕਲ ‘ਤੇ ਕਿਤੇ ਵੀ ਅੱਧੇ-ਪੌਣੇ ਘੰਟੇ ‘ਚ ਪਹੁੰਚਿਆ ਜਾ ਸਕਦਾ ਸੀ। ਚਾਂਦਨੀ ਚੌਕ ਵਾਲਾ ਪਾਸਾ, ਪੁਰਾਣੀ ਦਿੱਲੀ ਨੂੰ ਛੱਡ ਕੇ ਜ਼ਿਆਦਾਤਰ ਬਾਬੂਆਂ ਦੀਆਂ ਕਾਲੋਨੀਆਂ, ਲੋਧੀ ਰੋਡ, ਲੱਛਮੀ ਬਾਈ ਨਗਰ, ਦੇਵ ਨਗਰ, ਰਾਸ਼ਟਰਪਤੀ ਭਵਨ ਜਾਂ ਗੋਲ ਮਾਰਕੀਟ ਦੇ ਆਲੇ-ਦੁਆਲੇ। ਉਦੋਂ ਮੈਂ ਵੀ ਸਰਕਾਰੀ ਦਫਤਰ ‘ਚ ਕੰਮ ਕਰਦਾ ਆਪਣੇ ਵੱਡੇ ਭਰਾ ਨਾਲ ਉਨ੍ਹਾਂ ਦੇ ਕੁਆਰਟਰ ‘ਚ ਦੇਵ ਨਗਰ (ਕਰੋਲ ਬਾਗ) ਰਹਿੰਦਾ ਸਾਂ। ਇਹ ਸਰਕਾਰੀ ਕੁਆਰਟਰ ਕਾਫੀ ਖੁੱਲ੍ਹੇ-ਡੁੱਲ੍ਹੇ ਸਨ। ਜਦ ਪੱਛਮੀ ਪੰਜਾਬ ਵੱਲੋਂ ਰਫਿਊਜੀ ਆਉਣੇ ਸ਼ੁਰੂ ਹੋਏ ਤਾਂ ਇੱਕ-ਇੱਕ ਕੁਆਰਟਰ ‘ਚ ਤਿੰਨ-ਤਿੰਨ, ਚਾਰ-ਚਾਰ ਪਰਿਵਾਰ ਰਹਿਣ ਲੱਗ ਪਏ ਸਨ।
ਗਲੀ ਨੰਬਰ 7 ਵਿਚ ਮੇਰੇ ਕੁਆਰਟਰ ਦਾ ਨੰਬਰ 26, ਸੱਜੇ ਖੱਬੇ 22, 24, 28, 30, 32 ਆਦਿ ਅਤੇ ਸਾਹਮਣੇ ਸੜਕ ਤੋਂ ਪਾਰ 21, 23, 25, 27 ਆਦਿ। ਨਾਵਾਂ ਦੀ ਥਾਵੇਂ ਆਮ ਕਰਕੇ ਅਠਾਈ ਨੰਬਰ ਵਾਲਾ, ਤੀਹ ਨੰਬਰ ਵਾਲੀ; ਨੰਬਰਾਂ ਨਾਲ ਹੀ ਉਨ੍ਹਾਂ ‘ਚ ਰਹਿਣ ਵਾਲਿਆਂ ਨੂੰ ਸੰਬੋਧਿਤ ਕੀਤਾ ਜਾਂਦਾ। ਮੇਰੇ ਘਰ ਦੇ ਨਾਲ, ਇੱਕ ਗਲੀ ਛੱਡ ਕੇ ਅਠਾਈ ਨੰਬਰ ‘ਚ ਬੰਨੂਵਾਲ (ਫਰੰਟੀਅਰ ਦਾ ਖੇਤਰ) ਪਖਤੂਨਾਂ ਦਾ ਇਲਾਕਾ ਜਿਸ ਨੂੰ ਵਜ਼ੀਰਸਤਾਨ ਵੀ ਕਿਹਾ ਜਾਂਦਾ ਹੈ। ਇਹ ਵੀ ਸੰਸਕ੍ਰਿਤ ਦਾ ਪ੍ਰਾਚੀਨ ਸ਼ਬਦ ‘ਵਜਰਸਕਾਨ’ ਤੋਂ ਵਿਗੜ ਕੇ ਬਣਿਆ ਹੈ। ਇਸ ‘ਚ ਰਹਿਣ ਵਾਲਾ ਮੁੰਡਾ ਮੇਰਾ ਜਮਾਤੀ, ਨਾਮ ਫਕੀਰਾ (ਫਕੀਰ ਚੰਦ), ਮੇਰੇ ਨਾਲ ਪੰਜਾਬੀ ਅਤੇ ਘਰ ਵਿਚ ਸਿਰਾਕੀ ਜਾਂ ਪਸ਼ਤੋ ‘ਚ ਗੱਲਾਂ ਕਰਦਾ। ਇਨ੍ਹਾਂ ਦੇ ਸਾਹਮਣੇ ਸੜਕ ਤੋਂ ਪਾਰ ਨੂਰ ਮੁਹੰਮਦ ਖਾਂ, ਇਹ ਵੀ ਉਸੇ ਪਾਸੇ ਦਾ ਰਹਿਣ ਵਾਲਾ। ਫਕੀਰੇ ਦੇ ਪਿਤਾ ਤੇ ਖਾਨ ਸਾਹਿਬ ਅਫਸਰੀ ਅਹੁਦੇ ‘ਤੇ ਸਨ, ਸ਼ਾਇਦ ਸੁਪਰਡੈਂਟ। ਖਾਨ ਸਾਹਿਬ ਦਾ ਮੁੰਡਾ ਸਾਡੇ ਨਾਲੋਂ ਇੱਕ ਕਲਾਸ ਉੱਪਰ। ਖੂਬ ਲੰਮਾ ਚੌੜਾ, ਪਠਾਣਾਂ ਵਾਂਗ ਜਦਕਿ ਅਸੀਂ ਐਂਮ.ਬੀ., ਰਾਮਜਸ ਜਾਂ ਖਾਲਸਾ ਸਕੂਲਾਂ ‘ਚ ਪੜ੍ਹਦੇ, ਇਹ ਸ਼ਮਸ਼ਾਦ ਖਾਂ ਆਪਣੇ ਸਾਈਕਲ ‘ਤੇ ਸਵਾਰ ਹੋ ਕੇ ਪੰਜ ਛੇ ਕਿਲੋਮੀਟਰ ਦੂਰ, ਬਿਰਲਾ ਮੰਦਰ ਕੋਲ, ਹਰਕੋਟਰ ਬਟਲਰ ਹਾਈ ਸਕੂਲ ਪੜ੍ਹਨ ਜਾਂਦਾ।
ਇਸੇ ਸਕੂਲ ‘ਚ ਇਕੱਤੀ ਨੰਬਰ ‘ਚ ਰਹਿੰਦਾ ਸਿੱਖ ਮੁੰਡਾ ਕਰਤਾਰਾ ਵੀ ਪੜ੍ਹਦਾ ਸੀ; ਖੂਬ ਸੋਹਣਾ, ਸੁਨੱਖਾ ਅਤੇ ਚੰਗੇ, ਪ੍ਰੈਸ ਕੀਤੇ ਕੱਪੜੇ ਪਾਉਂਦਾ। ਸ਼ਮਸ਼ਾਦ ਖਾਂ ਕਾਫੀ ਲੜਾਕੇ ਅਤੇ ਧੱਕੇਸ਼ਾਹੀ ਸੁਭਾਅ ਦਾ, ਕਰਤਾਰੇ ਨੂੰ ਛੇੜਦਾ ਅਤੇ ਤੰਗ ਕਰਦਾ। ਕਰਤਾਰੇ ਨੇ ਇਸ ਬਾਰੇ ਸਕੂਲ ਦੇ ਪ੍ਰਿੰਸੀਪਲ ਕੋਲ ਉਸ ਦੀਆਂ ਸ਼ਿਕਾਇਤਾਂ ਵੀ ਕੀਤੀਆਂ ਪਰ ਉਸ ‘ਤੇ ਕੋਈ ਅਸਰ ਨਹੀਂ ਹੋਇਆ। ਆਖਰ ਕਰਤਾਰੇ ਨੇ ਉਹ ਸਕੂਲ ਛੱਡ ਕੇ ਮੇਰੇ ਵਾਲੇ ਖਾਲਸਾ ਸਕੂਲ ‘ਚ ਦਾਖਲਾ ਲੈ ਲਿਆ। ਇਸ ਦੇ ਨਾਲ ਹੀ ਉਹ ਖਾਕੀ ਨਿੱਕਰ ਪਾ ਕੇ ‘ਸੰਘ’ ਦੀ ਸ਼ਾਖਾ ਵਿਚ ਵੀ ਜਾਣ ਲੱਗ ਪਿਆ। ਚਾਹੇ ਹੁਣ ਸ਼ਮਸ਼ਾਦ ਉਸ ਨੂੰ ਸੰਘੀ-ਭੰਗੀ ਜਾਂ ਨੀਕਰ ਕਹਿ ਕੇ ਛੇੜਦਾ ਪਰ ਦੂਰੋਂ-ਦੂਰੋਂ। ਹੁਣ ਕਰਤਾਰੇ ਨਾਲ ਸੰਘੀ ਮੁੰਡੇ ਹੁੰਦੇ, ਲਾਠੀਆਂ ਵਾਲੇ।
ਇੱਕੀ ਨੰਬਰ ਵਾਲੇ ਜਿਨ੍ਹਾਂ ਨੂੰ ਆਮ ਕਰਕੇ ਜਲੰਧਰੀਏ ਦੇ ਨਾਮ ਨਾਲ ਜਾਣਿਆ ਜਾਂਦਾ, ਉਨ੍ਹਾਂ ਦੇ ਤਿੰਨ ਜਵਾਨ ਧੀਆਂ, ਖੂਬ ਸੋਹਣੀਆਂ, ਜਿਨ੍ਹਾਂ ਨੂੰ ਉਨ੍ਹਾਂ ਦੀ ਮਾਂ ਡੱਕ-ਡੱਕ ਕੇ ਰੱਖਣ ਦਾ ਯਤਨ ਕਰਦੀ। ਫਿਰ ਵੀ ਉਹ ਕਦੀ ਤੇਈ ਨੰਬਰ ਵਾਲੇ ਅਤੇ ਕਦੇ ਫਕੀਰੇ ਨਾਲ ਅੱਖਾਂ ਲੜਾਉਣ ਤੋਂ ਬਾਜ਼ ਨਾ ਆਉਂਦੀਆਂ। ਫਕੀਰੇ ਦੀ ਅਸਲੀ ਆਸ਼ਨਾਈ ਤੀਹ ਨੰਬਰ ਵਾਲੀ ਸ਼ਿਆਮਲਾ ਨਾਮ ਦੀ ਕੁੜੀ ਨਾਲ ਸੀ; ਰੰਗ ਕਾਫੀ ਪੱਕਾ ਪਰ ਅੱਖਾਂ ਮੋਟੀਆਂ-ਮੋਟੀਆਂ ਅਤੇ ਬੁੱਲ੍ਹਾਂ ‘ਤੇ ਚੜ੍ਹਦੀ ਜਵਾਨੀ ਵਾਲੀ ਰਹੱਸਮਈ ਮੁਸਕਾਨ। ਉਹ ਕਿੱਥੇ ਮਿਲਦੇ ਅਤੇ ਕਿਵੇਂ ਮਿਲਦੇ ਸਨ? ਇਸ ਬਾਰੇ ਸਾਰੇ ਸੂਹ ਕੱਢਣ ਦੇ ਯਤਨ ਕਰਦੇ ਪਰ ਕਿਸੇ ਨੂੰ ਕੁਝ ਨਾ ਪਤਾ ਲੱਗਦਾ। ਕੁਝ ਵਰ੍ਹਿਆਂ ਬਾਅਦ ਜਦ ਫਕੀਰਾ ਉੱਥੋਂ ਚਲਾ ਗਿਆ ਅਤੇ ਸ਼ਿਆਮਲਾ ਨਾਲ ਮੇਰੀ ਥੋੜ੍ਹੀ ਬਹੁਤ ਨੇੜਤਾ ਹੋ ਗਈ ਤਾਂ ਇਸ ਬਾਰੇ ਉਸ ਨੇ ਮੈਨੂੰ ਕਾਫੀ ਕੁਝ ਦੱਸਿਆ ਸੀ।
ਸ਼ਿਆਮਲਾ ਅਤੇ ਫਕੀਰੇ ਦੇ ਕੁਆਰਟਰਾਂ ਵਿਚਕਾਰ ਦੇਸ਼ ਦੀ ਵੰਡ ਤੋਂ ਤਿੰਨ-ਚਾਰ ਮਹੀਨੇ ਪਹਿਲਾਂ ਹੀ ਇੱਕ ਸਿੱਖ ਪਰਿਵਾਰ ਰਾਵਲਪਿੰਡੀ ਤੋਂ ਆ ਕੇ ਰਹਿਣ ਲੱਗਾ। ਪਰਿਵਾਰ ‘ਚ ਦੋ ਭਰਾ, ਇੱਕ ਭੈਣ ਅਤੇ ਇੱਕ ਮਾਂ। ਇਨ੍ਹਾਂ ਦੀ ਭੈਣ ਦਾ ਰੰਗ ਵੀ ਪੱਕਾ, ਚਾਹੇ ਸ਼ਿਆਮਲਾ ਵਾਂਗ ਕਾਲਾ ਨਹੀਂ ਸੀ। ਪ੍ਰਕਿਰਤੀ ਕੁੜੀਆਂ ਨੂੰ ਇਹ ਸ਼ਿਆਮ ਰੰਗ ਦੇਣ ਤੋਂ ਬਾਅਦ ਬਾਕੀ ਕੁੜੀਆਂ ਤੋਂ ਕੁਝ ਵਾਧੂ ਵੀ ਦੇ ਦਿੰਦੀ ਹੈ। ਸ਼ਿਆਮਲਾ ਦੀਆਂ ਅੱਖਾਂ ‘ਚ ਅਥਾਹ ਕਸ਼ਿਸ਼ ਅਤੇ ਇਸ ਕ੍ਰਿਸ਼ਨ ਕੌਰ ਦੀ ਆਵਾਜ਼ ਸੁਰੀਲੀ। ਸਿਰ ‘ਤੇ ਖਾਲਸਾ ਵਾਂਗ ਜੂੜਾ ਕਰਦੀ, ਇੱਕ ਪ੍ਰੋਫੈਸਰ ਕਹਾਏ ਜਾਣ ਵਾਲੇ ਨਾਲ ਮਿਲ ਕੇ ਐਤਵਾਰ ਵਾਲੇ ਦਿਨ ਕੀਰਤਨ ਕਰਦੀ। ਹਰ ਐਤਵਾਰ ਕਿਸੇ ਨਾ ਕਿਸੇ ਦੇ ਘਰ ਕੀਰਤਨ ਹੁੰਦਾ ਸੀ। ਇਸ ਦੇ ਦੋਵੇਂ ਭਰਾ ਸ਼ਮਸ਼ਾਦ ਪਠਾਣ ਵਾਂਗ ਧੱਕੇਸ਼ਾਹੀ ਕਿਸਮ ਦੇ ਸਨ ਜਿਨ੍ਹਾਂ ਨੂੰ ਅੰਗਰੇਜ਼ੀ ਵਿਚ ‘ਬੁਲੀ’ ਕਿਹਾ ਜਾਂਦਾ ਹੈ। ਇਹ ਬੁਲੀ ਕਿਸਮ ਦੇ ਲੋਕ ਚਾਹੇ ਵਿਦਿਆਰਥੀ ਹੋਣ, ਚਾਹੇ ਅਫਸਰ, ਚਾਹੇ ਬਦਮਾਸ਼, ਚਾਹੇ ਜੱਟ ਜ਼ਿਮੀਦਾਰ ਤੇ ਚਾਹੇ ਰਾਜੇ, ਆਪਣੇ ਤੋਂ ਕਮਜ਼ੋਰਾਂ ਨੂੰ ਤੰਗ ਕਰਨਾ, ਕੁੱਟਣਾ ਅਤੇ ਆਪਣੇ ਤੋਂ ਉੱਪਰਲਿਆਂ, ਅਫਸਰਾਂ, ਤਾਕਤਵਰਾਂ ਦੇ ਸਨਮੁਖ ਜੀ-ਜੀ ਕਰਦੇ ਰਹਿਣਾ ਇਨ੍ਹਾਂ ਦੀ ਖਸਲਤ ਦਾ ਹਿੱਸਾ ਹੁੰਦੀ ਹੈ। ਇਹ ਸਿੱਖ ਮੁੰਡੇ ਸੜਕ ਤੋਂ ਲੰਘਣ ਵਾਲੇ ਮੋਚੀ, ਰੇਹੜੀ ਵਾਲਿਆਂ ‘ਤੇ ਬੇਮਤਲਬ ਰੋਹਬ ਜਮਾਉਂਦੇ, ਗਾਲ੍ਹਾਂ ਕੱਢ-ਕੱਢ ਕੇ ਗੱਲਾਂ ਕਰਦੇ।
ਸਰਕਾਰੀ ਕੁਆਰਟਰਾਂ ਦੇ ਨਾਲ ਲੱਗਦੀ ਰੋਹਤਕ ਰੋਡ, ਉਸ ਤੋਂ ਪਰ੍ਹੇ ਬਾਏ ਰੋਹਿਲਾ ਦਾ ਰੇਲਵੇ ਸਟੇਸ਼ਨ ਅਤੇ ਸਟੇਸ਼ਨ ਨਾਲ ਖੁੱਲ੍ਹੇ ਘਾਹ ਦੇ ਮੈਦਾਨ ਜਿੱਥੇ ਧੋਬੀਆਂ ਦੇ ਘੋੜੇ ਅਤੇ ਖੋਤੇ ਘਾਹ ਚਰਦੇ ਰਹਿੰਦੇ।
ਸੁਣਨ ‘ਚ ਆਇਆ ਕਿ ਹਿੰਦੁਸਤਾਨ ਛੇਤੀ ਹੀ ਆਜ਼ਾਦ ਹੋ ਜਾਵੇਗਾ ਅਤੇ ਅੰਗਰੇਜ਼ ਸਾਡਾ ਦੇਸ਼ ਛੱਡ ਕੇ ਚਲੇ ਜਾਣਗੇ। ਮੈਂ ਉਦੋਂ ਤੱਕ ਆਜ਼ਾਦੀ ਦਾ ਪੂਰਾ ਮਤਲਬ ਨਹੀਂ ਸਾਂ ਸਮਝਦਾ। ਸੋਚਣ ਲੱਗਾ ਕਿ ਜੇ ਅੰਗਰੇਜ਼ ਸਰਕਾਰ ਨਾ ਰਹੀ ਤਾਂ ਮੇਰੇ ਭਰਾ ਦੀ ਨੌਕਰੀ ਵੀ ਜਾਂਦੀ ਰਹੇਗੀ। ਉਹ ਵੀ ਅੰਗਰੇਜ਼ ਸਰਕਾਰ ਦੇ ਨੌਕਰ ਸਨ। ਇਸ ਦੇ ਨਾਲ ਹੀ ਕੰਧਾਂ ਉੱਤੇ ਕੋਲਿਆਂ ਨਾਲ ‘ਪਾਕਿਸਤਾਨ ਜ਼ਿੰਦਾਬਾਦ’ ਲਿਖਿਆ ਨਜ਼ਰ ਆਉਣ ਲੱਗਾ। ਅਸਲੀਅਤ ਇਹ ਕਿ ਉਨ੍ਹਾਂ ਲਿਖਣ ਵਾਲਿਆਂ ਨੂੰ ਵੀ ‘ਪਾਕਿਸਤਾਨ’ ਦਾ ਪੂਰਾ ਮਤਲਬ ਨਹੀਂ ਸੀ ਪਤਾ। ਜਿਉਂ-ਜਿਉਂ ਪੰਦਰਾਂ ਅਗਸਤ ਨੇੜੇ ਆਉਂਦਾ ਗਿਆ, ਪੱਛਮੀ ਪੰਜਾਬ ਤੋਂ ਨੱਸ ਕੇ ਆਏ ਰਫਿਊਜੀਆਂ ਦੁਆਰਾ ਉੱਥੇ ਹੋ ਰਹੀ ਮਾਰ-ਕਾਟ ਦੀਆਂ ਖਬਰਾਂ ਵੀ ਆਉਣ ਲੱਗੀਆਂ। ਤੀਸ ਹਜ਼ਾਰੀ, ਕਿੰਗਜ਼ ਵੇਅ ਆਦਿ ਸਥਾਨਾਂ ‘ਤੇ ਰਫਿਊਜੀ ਕੈਂਪ ਲੱਗ ਗਏ। ਇਸ ਤੀਸ ਹਜ਼ਾਰੀ ਮੈਦਾਨ ਜਿੱਥੇ ਅੱਜ ਤੋਂ ਢਾਈ ਤਿੰਨ ਸੌ ਵਰ੍ਹੇ ਪਹਿਲਾਂ ਬਘੇਲ ਸਿੰਘ ਦੀ ਤੀਹ ਹਜ਼ਾਰ ਖਾਲਸਾ ਫੌਜ ਨੇ ਡੇਰੇ ਲਾਏ ਸਨ ਅਤੇ ਕਿੰਗਜ਼ ਵੇਅ ਕੈਂਪ ਜਿੱਥੇ 1911 ਵਿਚ ਅੰਗਰੇਜ਼ ਬਾਦਸ਼ਾਹ ਜਾਰਜ ਪੰਚਮ ਨੇ ਦਰਬਾਰ ਲਾਇਆ ਸੀ।
ਹੋਰ ਕਈ ਕੁਆਰਟਰਾਂ ਵਾਂਗ ਸਾਡੇ ਘਰ ਵੀ ਲਾਹੌਰ ਤੋਂ ਮੇਰੀ ਮਾਸੀ ਦਾ ਟੱਬਰ ਆ ਗਿਆ। ਇੱਕਾ-ਦੁੱਕਾ ਹੋਰ ਵੀ। ਸਭ ਤੋਂ ਜ਼ਿਆਦਾ ਭੀੜ ਬੰਨੂਵਾਲ ਫਕੀਰੇ ਦੇ ਘਰ, ਤਿੰਨ-ਚਾਰ ਟੱਬਰ। ਰਾਤ ਨੂੰ ਸੌਣ ਲੱਗਿਆਂ ਉਨ੍ਹਾਂ ਦੇ ਕੁਆਰਟਰ ਸਾਹਮਣੇ ਅਤੇ ਨਾਲ ਦੀ ਗਲੀ ਵਿਚ ਮੰਜਿਆਂ ਦੀ ਲਾਇਨ ਲੱਗ ਜਾਂਦੀ। ਇਨ੍ਹਾਂ ਰਫਿਊਜੀਆਂ ਵਿਚ ਕਈ ਨਵੇਂ ਵਿਆਹੇ ਜੋੜੇ ਵੀ ਸਨ ਅਤੇ ਇਨ੍ਹਾਂ ਨਵ-ਵਿਆਹੁਤਾ ਜੋੜਿਆਂ ਨੂੰ ਇਕੱਲਿਆਂ ਸਾਥ ਮਾਨਣ ਦਾ ਅਵਸਰ ਦੇਣ ਲਈ ਕਦੀ-ਕਦੀ ਪਰਿਵਾਰ ਦੇ ਬਾਕੀ ਸਾਰੇ ਜਣੇ ਕੋਈ ਬਹਾਨਾ ਲਾ ਕੇ ਕਿਤੇ ਚਲੇ ਜਾਂਦੇ।
ਇਹ ਰਫਿਊਜੀ ਆਪਣੇ ਨਾਲ ਆਪਣੇ ‘ਤੇ ਹੋਏ ਜ਼ੁਲਮਾਂ, ਨੰਗੀਆਂ ਤੀਵੀਆਂ ਦੇ ਜਲੂਸਾਂ ਅਤੇ ਗੱਡੀਆਂ ਦੇ ਵੱਢੇ ਜਾਣ ਦੀਆਂ ਦਿਲ ਕੰਬਾਉਣ ਵਾਲੀਆਂ ਖਬਰਾਂ ਵੀ ਆਪਣੇ ਨਾਲ ਲੈ ਕੇ ਆਏ। ਦਿੱਲੀ ‘ਚ ਮਾਰ-ਧਾੜ ਸ਼ੁਰੂ ਹੋ ਗਈ। ਕਰੋਲ ਬਾਗ, ਪਹਾੜ ਗੰਜ, ਬਾਬਾ ਹਿੰਦੂ ਰਾਓ ਆਦਿ ਬਸਤੀਆਂ ‘ਚੋਂ ਅੱਗ ਦੀਆਂ ਲਾਟਾਂ ਨਿਕਲਣ ਲੱਗੀਆਂ। ਸੁਣਨ ‘ਚ ਆਇਆ ਕਿ ਸਰਦਾਰ ਵੱਲਭ ਭਾਈ ਪਟੇਲ ਉਸ ਵੇਲੇ ਦੀ ਨਵੀਂ ਸਰਕਾਰ ਦੇ ਗ੍ਰਹਿ ਮੰਤਰੀ ਸਨ। ਉਸ ਦੀ ਸ਼ਹਿ ਸੀ ਕਿ ਮੁਸਲਮਾਨਾਂ ਨੂੰ ਮਾਰ-ਮਾਰ ਕੇ ਦਿੱਲੀ ਨੂੰ ਇਨ੍ਹਾਂ ਤੋਂ ਖਾਲੀ ਕਰਵਾ ਲਿਆ ਜਾਵੇ। ਦੂਜੇ ਪਾਸੇ ਜਵਾਹਰ ਲਾਲ ਨਹਿਰੂ ਖੁੱਲ੍ਹੀ ਜੀਪ ‘ਚ ਬੈਠ ਕੇ ਮਹਿੰਦਰ ਸਿੰਘ ਰੰਧਾਵਾ (ਜੋ ਉਸ ਵੇਲੇ ਦਾ ਡਿਪਟੀ ਕਮਿਸ਼ਨਰ ਸੀ) ਨੂੰ ਨਾਲ ਲੈ ਕੇ ਹਿੰਦੂ-ਸਿੱਖ ਫਸਾਦੀਆਂ ਦੇ ਜਲੂਸਾਂ ਨੂੰ ਰੋਕ-ਰੋਕ ਕੇ ਇਸ ਮਾਰ-ਕਾਟ ਨੂੰ ਬੰਦ ਕਰਨ ਬਾਰੇ ਤਕਰੀਰਾਂ ਕਰਦਾ।
ਇਹ ਅਫਵਾਹ ਵੀ ਫੈਲਣ ਲੱਗੀ ਕਿ ਦਿੱਲੀ ਤੋਂ ਮੁਸਲਮਾਨਾਂ ਦੇ ਕਾਫਲੇ ਪੱਛਮੀ ਪੰਜਾਬ (ਪਾਕਿਸਤਾਨ) ਜਾਣ ਲਈ ਜਦ ਨਿਕਲਣਗੇ ਤਾਂ ਸਾਡੇ ਕੁਆਰਟਰਾਂ ਕੋਲੋਂ ਰੋਹਤਕ ਰੋਡ ਤੋਂ ਹੋ ਕੇ ਲੰਘਦਿਆਂ ਲੁੱਟ-ਮਾਰ ਕਰਨਗੇ। ਇਹ ਵੀ ਸੁਣਨ ‘ਚ ਆਇਆ ਕਿ ਦਿੱਲੀ ਦੀ ਹੋਂਦ ਨਾਲ ਲੱਗਦੇ ‘ਮੇਓ’ (ਮੁਸਲਮਾਨ ਕਬੀਲਾ) ਲੋਕਾਂ ਦੇ ਪਿੰਡ ਇਕੱਠੇ ਹੋ ਕੇ ਦਿੱਲੀ ਦੇ ਮੁਸਲਮਾਨ ਭਰਾਵਾਂ ਦੀ ਸਹਾਇਤਾ ਕਰਨ ਦਿੱਲੀ ਵੱਲ ਆ ਰਹੇ ਹਨ। ਇਨ੍ਹਾਂ ਵੀ ਰੋਹਤਕ ਰੋਡ ਤੋਂ ਹੋ ਕੇ ਲੰਘਣਾ ਸੀ। ਨਤੀਜੇ ਵਜੋਂ ਸਾਡੇ ਕੁਆਰਟਰਾਂ ‘ਚ ਰਾਤ ਵੇਲੇ ਪਹਿਰੇ ਸ਼ੁਰੂ ਹੋ ਗਏ। ਜਦੋਂ ਅਫਵਾਹਾਂ ਬਹੁਤ ਗਰਮ ਹੋ ਜਾਂਦੀਆਂ ਤਾਂ ਕੁਆਰਟਰਾਂ ਦੀ ਬਸਤੀ ਦੇ ਸਾਰੇ ਲੋਕ ਆਪਣੀਆਂ ਛੱਤਾਂ ‘ਤੇ ਇੱਟਾਂ ਪੱਥਰ, ਮਿੱਟੀ ਦੇ ਤੇਲ ਦੀਆਂ ਪੀਪੀਆਂ ਅਤੇ ਤਰ੍ਹਾਂ-ਤਰ੍ਹਾਂ ਦੇ ਹਥਿਆਰ ਲੈ ਕੇ ਬੈਠ ਜਾਂਦੇ। ਰੁਮਾਂਸ ਕਰਨ ਵਾਲਿਆਂ ਲਈ ਵੀ ਚੰਗਾ ਅਵਸਰ। ਸੁਣਿਆ ਕਿ ਇੱਕੀ ਨੰਬਰ ਵਾਲਿਆਂ ਦੀ ਵਿਚਕਾਰਲੀ ਕੁੜੀ ਦਾ ਰੁਮਾਂਸ ਤੇਈ ਨੰਬਰ ਵਾਲੇ ਰਾਮ ਕੁਮਾਰ ਨਾਲ ਖੂਬ ਜ਼ੋਰਾਂ ‘ਤੇ ਸ਼ੁਰੂ ਹੋ ਗਿਆ ਹੈ। ਬਾਈ ਨੰਬਰ ਵਾਲੇ ਰੋਹਤਕੀ ਦੇ ਘਰ ਰੋਹਤਕ ਤੋਂ ਉਸ ਦੀ ਮਾਸੀ ਦੀ ਧੀ ਆਈ ਹੋਈ ਅਤੇ ਰੋਹਤਕੀ ਦਾ ਰੁਮਾਂਸ ਆਪਣੀ ਮਾਸੀ ਦੀ ਧੀ ਨਾਲ ਜ਼ੋਰਾਂ ‘ਤੇ ਹੈ।
ਉਨ੍ਹੀਂ ਦਿਨੀਂ ਮੁੰਡਿਆਂ ਕੁੜੀਆਂ ਲਈ ਅੱਜ ਦੇ ਵਿਪਰੀਤ ਮਿਲਣ ਜੁਲਣ ਦੇ ਅਵਸਰ ਬਹੁਤ ਘੱਟ, ਤਕਰੀਬਨ ਨਾਂਹ ਦੇ ਬਰਾਬਰ। ਸਾਰੇ ਰੁਮਾਂਸ ਰਿਸ਼ਤੇਦਾਰਾਂ, ਦੋਸਤਾਂ ਦੀਆਂ ਕੁੜੀਆਂ ਨਾਲ ਜਾਂ ਆਂਢ-ਗੁਆਂਢ ਵਾਲੀਆਂ ਨਾਲ। ਹੁਣ ਵਾਂਗ ਨਾ ਤਾਂ ਕੁੜੀਆਂ ਬਾਜ਼ਾਰਾਂ ’ਚ ਘੁੰਮਦੀਆਂ ਸਨ ਅਤੇ ਨਾ ਹੀ ਇਕੱਲੀਆਂ ਕਿਤੇ ਜਾਂਦੀਆਂ। ਜਦੋਂ ਸਿੰਧ, ਮੁਲਤਾਨ ਤੇ ਰਾਵਲਪਿੰਡੀ, ਲਾਹੌਰ ਆਦਿ ਤੋਂ ਆਈਆਂ ਤੀਵੀਆਂ ਨੂੰ ਦਿੱਲੀ ਦੇ ਰਹਿਣ ਵਾਲਿਆਂ ਨੇ ਬਾਜ਼ਾਰਾਂ-ਚੁਰਸਤਿਆਂ ‘ਤੇ ਖੜ੍ਹੇ ਗੋਲ ਗੱਪੇ, ਚਾਟ ਪਕੌੜੇ ਖਾਂਦੇ ਵੇਖਿਆ ਤਾਂ ਹੈਰਾਨੀ ਨਾਲ ਦੰਦਾਂ ‘ਚ ਉਂਗਲਾਂ ਪਾਉਣ ਲੱਗੇ।
ਸਾਡੇ ਕੁਆਰਟਰਾਂ ‘ਚ ਹਾਲੇ ਵੀ ਮੁਸਲਮਾਨ ਪਰਿਵਾਰ ਰਹਿ ਰਹੇ ਸਨ, ਸਹਿਮੇ-ਸਹਿਮੇ, ਡਰੇ-ਡਰੇ। ਮੇਰੇ ਘਰ ਤੋਂ ਜ਼ਰਾ ਕੁ ਦੂਰ ਕੁਆਰਟਰਾਂ ਵਿਚਕਾਰ ਇੱਕ ਟਿੱਲੇ ‘ਤੇ ਇੱਕ ਮਸੀਤ, ਪੰਦਰਾਂ ਕੁ ਵਰ੍ਹੇ ਪਹਿਲਾਂ ਦੀ ਬਣੀ ਹੋਈ, ਜ਼ਿਆਦਾਤਰ ਲੱਕੜੀ ਦੀ। ਮੈਂ ਜਦੋਂ ਵੀ ਉਸ ਮਸੀਤ ਕੋਲੋਂ ਲੰਘਦਾ ਸਾਂ ਤਾਂ ਉਸ ਦੀ ਛੱਤ ਉੱਤੇ ਖੜ੍ਹੇ ਮੁਸਲਮਾਨ ਮੁੰਡੇ ਮੈਨੂੰ ‘ਸਿਖੜਾ ਸਿਖੜਾ’ ਕਹਿੰਦੇ ਜਾਂ ਹੋਰ ਕਈ ਤਰ੍ਹਾਂ ਦੀਆਂ ਗਾਲ੍ਹਾਂ ਕੱਢਦੇ, ਪੱਥਰ ਮਾਰਦੇ। ਇਸ ਮਸਜਿਦ ਵਿਚ ਕੁਆਰਟਰਾਂ ‘ਚ ਰਹਿ ਰਹੇ ਮੁਸਲਮਾਨਾਂ ਦੀਆਂ ਮੀਟਿੰਗਾਂ ਹੁੰਦੀਆਂ। ਸੰਘੀ ਮੁੰਡੇ ਕਹਿੰਦੇ- ਸਾੜ ਦਿਓ ਇਸ ਨੂੰ ਪਰ ਹਿੰਮਤ ਕਿਸੇ ਦੀ ਨਾ ਪੈਂਦੀ।
ਪਿਛਲੇ ਕੁਝ ਮਹੀਨਿਆਂ ‘ਚ ਕਰਤਾਰੇ ਦੇ ਵਿਅਕਤੀਤਵ ‘ਚ ਵੀ ਬਹੁਤ ਪਰਿਵਰਤਨ ਆ ਗਿਆ ਸੀ; ਇੱਕ ਸਵੈ-ਵਿਸ਼ਵਾਸ ਜੋ ਸ਼ਾਇਦ ਸੰਘ ਦੀਆਂ ਸ਼ਾਖਾਵਾਂ ‘ਚ ਜਾਣ ਕਰਕੇ ਸੀ ਜਾਂ ਬਦਲਦੇ ਮਾਹੌਲ ਕਾਰਨ। ਕਰਤਾਰੇ ਨੂੰ ਸ਼ਮਸ਼ਾਦ ਖਾਂ ਦੀਆਂ ਵਧੀਕੀਆਂ ਨਹੀਂ ਸੀ ਭੁੱਲੀਆਂ। ਉਸ ਦੇ ਸਿਰ ‘ਚ ਵੀ ਗਰਮੀ ਚੜ੍ਹ ਗਈ ਅਤੇ ਇੱਕ ਦਿਨ ਤਲਵਾਰ ਕੱਢ ਕੇ ਸ਼ਮਸ਼ਾਦ ਖਾਂ ਦੇ ਘਰ ਸਾਹਮਣੇ ਖੜ੍ਹਾ ਹੋਇਆ ਅਤੇ ਉਸ ਨੂੰ ਲਲਕਾਰ ਕੇ ਬੋਲਿਆ, “ਆ ਬਾਹਰ ਨਿਕਲ ਓਏ ਸ਼ਿਕਾਰੀ ਕੁੱਤਿਆ, ਅੱਜ ਮੈਂ ਤੈਨੂੰ ਮਜ਼ਾ ਚਖਾਵਾਂ।” ਉਸ ਦੀ ਵਿਉਂਤ ਸੀ ਕਿ ਜਿਉਂ ਹੀ ਉਹ ਬਾਹਰ ਨਿਕਲੇਗਾ, ਉਸ ਦੇ ਦੋ-ਤਿੰਨ ਸੰਘੀ ਸਾਥੀ ਪਿੱਛਿਉਂ ਆ ਕੇ ਉਸ ਨੂੰ ਫੜ ਲੈਣਗੇ ਅਤੇ ਕਰਤਾਰ ਸਿੰਘ ਉਸ ਦੇ ਢਿੱਡ ‘ਚ ਕਿਰਪਾਨ ਖੋਭ ਦੇਵੇਗਾ।
ਹੁਣ ਨਾ ਤਾਂ ਸ਼ਮਸ਼ਾਦ ਹੀ ਬਾਹਰ ਨਿਕਲਿਆ ਅਤੇ ਨਾ ਹੀ ਕੋਈ ਮੁਸਲਮਾਨ ਆਪਣੇ ਘਰੋਂ ਨਿਕਲਣ ਦੀ ਹਿੰਮਤ ਕਰਦਾ ਸੀ। ਬਾਜ਼ਾਰੋਂ ਸਮਾਨ ਮੰਗਵਾਉਣਾ ਹੁੰਦਾ ਤਾਂ ਕਿਸੇ ਹਿੰਦੂ ਗੁਆਂਢੀ ਤੋਂ ਮੰਗਵਾਉਂਦੇ। ਅੱਧੇ ਕੁ ਪਰਿਵਾਰ ਘਰ ਛੱਡ ਕੇ ਜਾ ਚੁੱਕੇ ਸਨ। ਇਨ੍ਹੀਂ ਦਿਨੀਂ ਸ਼ਮਸ਼ਾਦ ਦਾ ਬਾਪ ਨੂਰ ਮੁਹੰਮਦ ਖਾਂ ਹਨੇਰਾ ਪਏ ਫਕੀਰੇ ਦੇ ਘਰ ਆਇਆ ਅਤੇ ਉਸ ਦੇ ਬਾਪ ਨਾਲ ਕਾਫੀ ਦੇਰ ਤੱਕ ਪਸ਼ਤੋ ‘ਚ ਗੱਲਾਂ ਕਰਦਾ ਰਿਹਾ।
ਫਕੀਰੇ ਤੋਂ ਜੋ ਕੁਝ ਮੈਨੂੰ ਪਤਾ ਲੱਗਾ, ਉਹ ਇਸ ਤਰ੍ਹਾਂ ਸੀ: ਜੇ ਹਿੰਦੁਸਤਾਨ ਦੇ ਇਸ ਪਾਸੇ ਰਹਿਣ ਵਾਲਿਆਂ ਨੂੰ ਪਤਾ ਹੁੰਦਾ ਕਿ ਪਾਕਿਸਤਾਨ ਨੇ ਉਨ੍ਹਾਂ ਨੂੰ ਘਰੋਂ ਬੇ-ਘਰ ਕਰ ਦੇਣਾ ਹੈ ਤਾਂ ਉਹ ਪਾਕਿਸਤਾਨ ਕਦੇ ਨਾ ਮੰਗਦੇ; ਉਨ੍ਹਾਂ ‘ਚੋਂ ਬਹੁਤਿਆਂ ਨੂੰ ਇਹ ਵੀ ਖੁਸ਼ਫਹਿਮੀ ਸੀ ਕਿ ਪਾਕਿਸਤਾਨ ਦੀ ਸੀਮਾ ਰੇਖਾ ਰਾਵੀ ਨਹੀਂ ਬਲਕਿ ਜਮੁਨਾ ਨਦੀ ਹੋਵੇਗੀ ਅਤੇ ਦਿੱਲੀ-ਆਗਰਾ ਵੀ ਪਾਕਿਸਤਾਨ ਵਿਚ।
ਫਿਰ ਇੱਕ ਰਾਤ ਸਾਰਾ ਆਕਾਸ਼ ਅੱਗ ਦੀਆਂ ਲਾਟਾਂ ਦੀ ਰੋਸ਼ਨੀ ਨਾਲ ਭਰ ਉੱਠਿਆ। ਲੱਕੜੀ ਦੀ ਬਣੀ ਮਸੀਤ ‘ਚ ਭਾਂਬੜ ਉੱਠੇ ਅਤੇ ਕੁਝ ਪਲਾਂ ‘ਚ ਮਸੀਤ ਸੜ ਕੇ ਸੁਆਹ ਹੋ ਗਈ। ਬਾਅਦ ‘ਚ ਪਤਾ ਲੱਗਾ ਕਿ ਮਸੀਤ ਨੂੰ ਸਾੜਨ ਵਾਲਿਆਂ ‘ਚ ਕਰਤਾਰੇ ਦਾ ਹੱਥ ਵੀ ਸੀ। ਮਸੀਤ ਦੇ ਸੜ ਜਾਣ ਨਾਲ ਰਹਿ ਰਹੇ ਮੁਸਲਮਾਨ ਪਰਿਵਾਰਾਂ ਦੇ ਹੌਸਲੇ ਬਿਲਕੁਲ ਹੀ ਢਹਿ ਗਏ। ਉਸ ਤੋਂ ਅਗਲੀ ਹੀ ਰਾਤ ਬਾਕੀ ਦੇ ਸਾਰੇ ਪਰਿਵਾਰ ਚੁੱਪ-ਚਾਪ ਗਾਇਬ ਹੋ ਗਏ। ਜਾਣ ਤੋਂ ਪਹਿਲਾਂ ਰਾਤ ਵੇਲੇ ਨੂਰ ਮੁਹੰਮਦ ਖਾਂ ਫਕੀਰੇ ਦੇ ਬਾਪ ਕੋਲ ਆਇਆ ਅਤੇ ਆਪਣੇ ਪੁੱਤਰ ਸ਼ਮਸ਼ਾਦ ਦੀ ਸਹਾਇਤਾ ਨਾਲ ਕੁਝ ਕੱਪੜਿਆਂ, ਭਾਂਡਿਆਂ ਦੇ ਸੰਦੂਕ ਅਤੇ ਬਿਸਤਰੇ ਉਨ੍ਹਾਂ ਦੇ ਘਰ ਛੱਡ ਗਿਆ, “ਅਸੀਂ ਤਾਂ ਲਿਜਾ ਨਹੀਂ ਸਕਦੇ, ਲੁਟੇਰੇ ਲੁੱਟ ਕੇ ਲੈ ਜਾਣ, ਇਸ ਤੋਂ ਤਾਂ ਚੰਗਾ ਹੈ ਕਿ ਜੋ ਹਿੰਦੂ ਭਰਾ ਬੰਨੂੰ ਕੋਹਾਟ ਤੋਂ ਉਜੜ ਕੇ ਤੁਹਾਡੇ ਘਰ ਆਏ ਹਨ, ਉਨ੍ਹਾਂ ਦੇ ਕੰਮ ਆਉਣ…।”
ਉਨ੍ਹਾਂ ਦੇ ਘਰਾਂ ‘ਤੇ ਕੁਝ ਦਿਨ ਤੱਕ ਜਿੰਦਰੇ ਲੱਗੇ ਰਹੇ। ਕੁਆਰਟਰਾਂ ਦੇ ਬਾਊ ਚਾਹੇ ਲਲਚਾਈਆਂ ਨਜ਼ਰਾਂ ਨਾਲ ਉਨ੍ਹਾਂ ਜਿੰਦਰਿਆਂ ਵੱਲ ਤੱਕਦੇ ਰਹੇ ਪਰ ਜਿੰਦਰੇ ਤੋੜਨ ਦਾ ਹੌਸਲਾ ਕਿਸੇ ਦਾ ਨਾ ਪਿਆ। ਚਾਰ-ਪੰਜ ਦਿਨਾਂ ਬਾਅਦ ਨਾਲ ਦੀਆਂ ਬਸਤੀਆਂ ਵੱਲੋਂ ਤੀਹ-ਤੀਹ, ਚਾਲੀ-ਚਾਲੀ ਦੀਆਂ ਟੋਲੀਆਂ ‘ਚ ਫਸਾਦੀ, ਮੁਸਲਮਾਨਾਂ ਦੇ ਕੁਆਰਟਰਾਂ ‘ਚ ਆਣ ਵੜੇ ਅਤੇ ਜਿੰਦਰੇ ਤੋੜ ਕੇ ਲੁੱਟ-ਮਾਰ ਕਰਦੇ ਰਹੇ। ਜਿਸ ਦੇ ਹੱਥ ਜੋ ਲੱਗਿਆ, ਲੈ ਕੇ ਭੱਜ ਗਿਆ।
ਮੇਰੇ ਘਰ ਤੋਂ ਕੁਝ ਕੁ ਦੂਰ ਇੱਕ ਕੁਆਰਟਰ ‘ਚ ਫੈਰੋਜ਼ ਨਾਮ ਦਾ ਮੇਰਾ ਦੋਸਤ ਰਹਿੰਦਾ ਸੀ, ਕਾਫੀ ਵੱਡਾ ਪਰਿਵਾਰ। ਜਦੋਂ ਉਨ੍ਹਾਂ ਦੇ ਘਰ ਦਾ ਜਿੰਦਰਾ ਟੁੱਟਿਆ ਤਾਂ ਉਤਸੁਕਤਾ ਵਜੋਂ ਮੈਂ ਵੀ ਅੰਦਰ ਵੜ ਗਿਆ। ਇਹ ਪਹਿਲੀ ਵਾਰ ਸੀ ਕਿ ਮੈਂ ਫੈਰੋਜ਼ ਦੇ ਘਰ ਅੰਦਰ ਗਿਆ ਸਾਂ। ਇਸ ਤੋਂ ਪਹਿਲਾਂ ਬਾਹਰੋਂ ਆਵਾਜ਼ ਮਾਰ ਕੇ ਬੁਲਾ ਲਿਆ ਕਰਦਾ ਸਾਂ। ਅੰਦਰ ਸਭ ਕੁਝ ਇਸ ਤਰ੍ਹਾਂ ਸੀ ਜਿਵੇਂ ਘਰ ਦੇ ਮਾਲਕ ਵਾਪਸ ਆ ਕੇ ਮੁੜ ਰਹਿਣ ਲੱਗ ਪੈਣਗੇ ਪਰ ਸਭ ਤੋਂ ਹੈਰਾਨੀ ਦੀ ਗੱਲ ਇਹ ਕਿ ਇੱਕ ਕਮਰੇ ‘ਚ ਦਸ-ਬਾਰਾਂ ਵਰ੍ਹਿਆਂ ਦਾ ਮੁੰਡਾ ਲੰਮਾ ਪਿਆ ਸੀ। ਲੁਟੇਰਿਆਂ ਨੇ ਉਸ ਨੂੰ ਹੱਥ ਨਹੀਂ ਲਾਇਆ। ਬਸ ਲੁੱਟ-ਮਾਰ ਕਰਦੇ ਰਹੇ। ਮੁੰਡੇ ਨਾਲ ਗੱਲਬਾਤ ਕਰਨ ਤੋਂ ਬਾਅਦ ਪਤਾ ਲੱਗਾ ਕਿ ਉਹ ਬਹੁਤ ਬਿਮਾਰ ਹੈ। ਬਚਣ ਦੀ ਕੋਈ ਆਸ ਨਹੀਂ। ਉਂਝ ਵੀ ਉਹ ਇਸ ਪਰਿਵਾਰ ਦਾ ਫਾਲਤੂ ਜਿਹਾ ਜੀਅ ਸੀ, ਯਤੀਮ ਜਿਹਾ ਅਤੇ ਪਰਿਵਾਰ ਵਾਲੇ ਉਸ ਨੂੰ ਇਸ ਹਾਲਤ ‘ਚ ਮਰਨ ਲਈ ਛੱਡ ਕੇ ਚਲੇ ਗਏ ਸਨ।
ਇੱਕ-ਦੋ ਮਹੀਨੇ ਦੇ ਰੌਲੇ-ਰੱਪੇ ਅਤੇ ਮਾਰ-ਧਾੜ ਤੋਂ ਬਾਅਦ ਸਭ ਕੁਝ ਸ਼ਾਂਤ ਹੋ ਗਿਆ ਪਰ ਪਹਿਲਾਂ ਵਾਂਗ ਕੁਝ ਵੀ ਨਹੀਂ ਸੀ ਰਿਹਾ। ਦਿੱਲੀ ਦੇ ਪੁਰਾਣੇ ਅਤੇ ਨਵੇਂ ਵਾਸੀਆਂ ਦੇ ਜੀਵਨ ‘ਚ ਕਿਤੇ ਹੌਲੀ-ਹੌਲੀ ਅਤੇ ਕਿਤੇ ਤੇਜ਼ੀ ਨਾਲ ਪਰਿਵਰਤਨ ਆ ਰਿਹਾ ਸੀ। ਇਸ ਤੋਂ ਪਹਿਲਾਂ ਸੱਤ ਵਾਰੀ ਉੱਜੜੀ ਅਤੇ ਵਸੀ ਦਿੱਲੀ ਹੁਣ ਬੜੀ ਤੇਜ਼ੀ ਨਾਲ ਬਰਬਾਦ ਅਤੇ ਆਬਾਦ ਹੋ ਰਹੀ ਸੀ।
ਰਫਿਊਜੀਆਂ ਨੂੰ ਜਿੱਥੇ ਵੀ ਥਾਂ ਮਿਲੀ, ਉਹ ਵੜ ਗਏ। ਮੁਸਲਮਾਨਾਂ ਦੇ ਖਾਲੀ ਕੀਤੇ ਮਕਾਨਾਂ ‘ਚ, ਖਾਲੀ ਪਈਆਂ ਮਿਲਟਰੀ ਦੀਆਂ ਬੈਰਕਾਂ ‘ਚ, ਪੁਰਾਣੇ ਕਿਲ੍ਹੇ ਅਤੇ ਹਮਾਯੂੰ ਦੇ ਮਕਬਰੇ ਦੁਆਲੇ ਵਾਲੀਆਂ ਪੁਰਾਣੀਆਂ ਕੰਧਾਂ ‘ਚ ਬਣੇ ਮਘੋਰਿਆ ‘ਚ ਅਤੇ ਜਿਸ ਨੂੰ ਕਿਤੇ ਥਾਂ ਨਾ ਮਿਲੀ, ਉਹ ਤੰਬੂਆਂ ‘ਚ।
ਕਰੋਲ ਬਾਗ ਦੀਆਂ ਸੜਕਾਂ ਦੇ ਦੋਵੇਂ ਪਾਸੇ ਜਿੱਥੇ 1942-45 ‘ਚ ਅੰਗਰੇਜ਼ੀ ਸਰਕਾਰ ਨੇ ਜਪਾਨੀਆਂ ਦੇ ਹਮਲੇ ਦੇ ਡਰ ਤੋਂ ਟੋਏ ਪੁੱਟ ਕੇ ਮੋਰਚੇ ਬਣਾਏ ਹੋਏ ਸਨ, ਉਹ ਭਰੇ ਗਏ ਅਤੇ ਉੱਥੇ ਰਫਿਊਜੀਆਂ ਨੇ ਲੱਕੜੀ ਦੇ ਖੋਖੇ ਬਣਾ ਲਏ; ਅੱਗੇ ਦੁਕਾਨ ਅਤੇ ਪਿੱਛੇ ਰਹਿਣ ਲਈ। ਲਾਹੌਰ ਅਤੇ ਰਾਵਲਪਿੰਡੀ ਦੇ ਵੱਡੇ-ਵੱਡੇ ਰੈਸਟੋਰੈਂਟਾਂ ਦੇ ਮਾਲਕ ਰੇੜ੍ਹੀਆਂ ਲਾ ਕੇ ਸਮਾਨ ਵੇਚਣ ਲੱਗੇ। ਜਿਸ ਨੂੰ ਜੋ ਕੰਮ ਮਿਲਿਆ, ਕਰਨਾ ਸ਼ੁਰੂ ਕਰ ਦਿੱਤਾ। ਉਹ ਅਜਮਲ ਖਾਂ ਰੋਡ ਜਿਸ ਉੱਤੇ ਗੁੱਲੀ ਡੰਡਾ ਖੇਡਦੇ-ਖੇਡਦੇ ਅਸੀਂ ਸਕੂਲ ਜਾਇਆ ਆਇਆ ਕਰਦੇ ਸਾਂ, ਹੁਣ ਦੁਕਾਨਾਂ ਹੀ ਦੁਕਾਨਾਂ ਖੁੱਲ੍ਹ ਗਈਆਂ ਅਤੇ ਲਾਹੌਰੀਆਂ ਨੇ ਉਸ ਨੂੰ ‘ਅਨਾਰਕਲੀ ਬਾਜ਼ਾਰ’ ਦਾ ਨਾਮ ਦੇ ਦਿੱਤਾ।
ਉਹ ਕਰੋਲ ਬਾਗ ਜਿੱਥੇ ਡਾਕਟਰ ਹਰਿਭਜਨ ਸਿੰਘ ਦੇ ਇਲਾਵਾ ਹੋਰ ਕੋਈ ਲੇਖਕ ਨਹੀਂ ਸੀ ਦਿਸਦਾ, ਹੁਣ ਈਸ਼ਵਰ ਚਿਤਰਕਾਰ, ਦਵਿੰਦਰ ਸਿੰਘ (ਰੇਡੀਓ ਵਾਲਾ), ਡਾ. ਹਰਚਰਨ ਸਿੰਘ (ਨਾਟਕਕਾਰ), ਪ੍ਰੋ. ਪਿਆਰਾ ਸਿੰਘ ਭੌਰ (ਜੋ ਬਾਅਦ ਵਿਚ ਲੁਧਿਆਣੇ ਜਾ ਕੇ ਪ੍ਰੋ. ਪ੍ਰਮਿੰਦਰ ਸਿੰਘ ਕਹਾਏ ਜਾਣ ਲੱਗੇ), ਗੁਰਦਿੱਤ ਸਿੰਘ ਆਦਿ ਸਾਹਿਤਕਾਰਾਂ ਦੀਆਂ ਮਹਿਫਲਾਂ ਲੱਗਣ ਲੱਗੀਆਂ। ਚਾਹ ਦੀਆਂ ਦੁਕਾਨਾਂ ਅਤੇ ਦੁਕਾਨਾਂ ਦੇ ਬਾਹਰ ਪਏ ਲੱਕੜੀ ਦੇ ਬੈਂਚਾਂ ਉੱਤੇ।
ਸਾਡੇ ਕੁਆਰਟਰਾਂ ‘ਚ ਵੀ ਕਾਫੀ ਕੁਝ ਵਾਪਰ ਗਿਆ। ਫਕੀਰੇ ਦੀ ਸ਼ਿਆਮਲਾ ਅਚਾਨਕ ਗਾਇਬ ਹੋ ਗਈ। ਬਾਅਦ ‘ਚ ਪਤਾ ਲੱਗਾ ਕਿ ਉਸ ਦੇ ਬਾਪ ਨੇ ਫਕੀਰੇ ਅਤੇ ਸ਼ਿਆਮਲਾ ਦੇ ਇਸ਼ਕ ਦੇ ਨਤੀਜਿਆਂ ਦੇ ਡਰ ਤੋਂ ਸ਼ਿਆਮਲਾ ਨੂੰ ਕਿਤੇ ਦੂਰ ਨਰਸਿੰਗ ਦਾ ਕੋਰਸ ਕਰਨ ਲਈ ਭੇਜ ਦਿੱਤਾ ਹੈ। ਰੋਹਤਕੀ ਨੇ ਆਪਣੀ ਮਾਸੀ ਦੀ ਧੀ ਘਰ ਬਿਠਾ ਲਈ। ਕੀਰਤਨੀਏ ਜੱਥੇ ਦੀ ਕਿਸ਼ਨ ਕੌਰ ਨੇ ‘ਪ੍ਰੋਫੈਸਰ’ ਨਾਲ ਵਿਆਹ ਕਰਾ ਲਿਆ, ਜਾਂ ਉਂਝ ਹੀ ਇਕੱਠੇ ਰਹਿਣ ਲੱਗੇ। ਮੇਰੀ ਮਾਸੀ ਦਾ ਮੁੰਡਾ ਮੁੜ ਲਾਹੌਰ ਚਲਾ ਗਿਆ। ਲੁਕਦਿਆਂ ਛਿਪਦਿਆਂ ਆਪਣੇ ਘਰ ‘ਚ ਕੰਧ ਟੱਪ ਕੇ ਵੜ ਗਿਆ ਅਤੇ ਆਪਣੀਆਂ ਬੀ.ਐਸ.ਸੀ. ਦੀਆਂ ਕਿਤਾਬਾਂ ਲੈ ਆਇਆ। ਸਭ ਤੋਂ ਹੈਰਾਨੀ ਦੀ ਗੱਲ ਇਹ ਕਿ ਫੈਰੋਜ਼ ਦੇ ਘਰ ‘ਚ ਪਏ ਬਿਮਾਰ ਮੁੰਡੇ ‘ਤੇ ਰਹਿਮ ਕਰਦਿਆਂ ਇੱਕ ਆਦਮੀ ਉਸ ਨੂੰ ਚੁੱਕ ਕੇ ਘਰ ਲੈ ਗਿਆ, ਇਲਾਜ ਕਰਵਾਇਆ ਅਤੇ ਫਿਰ ਉਸ ਦੇ ਕਿਸੇ ਦੂਰ ਦੇ ਰਿਸ਼ਤੇਦਾਰ ਦੇ ਘਰ ਅਲੀਗੜ੍ਹ ਛੱਡ ਆਇਆ। ਬਾਅਦ ‘ਚ ਇਹ ਵੀ ਪਤਾ ਲੱਗਾ ਕਿ ਉਸ ਦੇ ਪਰਿਵਾਰ ਦੇ ਬਾਕੀ ਸਾਰੇ ਲੋਕ ਜੋ ਉਸ ਨੂੰ ਮਰਨ ਲਈ ਛੱਡ ਕੇ ਚਲੇ ਗਏ ਸਨ, ਇੱਕ ਕਾਫਲੇ ਨਾਲ ਪੰਜਾਬ ‘ਚੋਂ ਲੰਘਦਿਆਂ ਮਾਰੇ ਗਏ। ਸਿਰਫ ਇਹੀ ਮੁੰਡਾ ਬਚਿਆ…।