ਠੇਡਾ

ਭਗਵੰਤ ਰਸੂਲਪੁਰੀ
ਫੋਨ: 94170-64350
ਭਗਵੰਤ ਰਸੂਲਪੁਰੀ ਨੇ ਸਮਾਜ ਦੀ ਪੌੜੀ ਦੇ ਸਭ ਤੋਂ ਹੇਠਲੇ ਪੌਡਿਆਂ ‘ਤੇ ਵਿਚਰ ਰਹੇ ਆਮ ਲੋਕਾਂ ਨੂੰ ਆਪਣੀਆਂ ਕਹਾਣੀਆਂ ਦਾ ਹਿੱਸਾ ਬਣਾਇਆ ਹੈ। ਪਿੱਛੇ ਜਿਹੇ ਉਸ ਦਾ ਨਾਵਲ ‘ਜ਼ਰਖੇਜ਼’ ਵੀ ਪ੍ਰਕਾਸ਼ਿਤ ਹੋਇਆ ਹੈ। ‘ਠੇਡਾ’ ਕਹਾਣੀ ਵਿਚ ਅਜਿਹੇ ਪਰਿਵਾਰ ਦੀ ਕਹਾਣੀ ਬਿਆਨ ਕੀਤੀ ਗਈ ਹੈ ਜਿਸ ਦੇ ਸਾਰੇ ਜੀਆਂ ਦੇ ਮੂੰਹ ਵੱਖ-ਵੱਖ ਕਾਰਨਾਂ ਕਰਕੇ ਵੱਖ-ਵੱਖ ਰਾਹਾਂ ਵੱਲ ਹਨ ਪਰ ਇਸ ਆਡੋ-ਪਾਟ ਤੋਂ ਤੰਗ ਘਰ ਦਾ ਬਜ਼ੁਰਗ ਸੰਭਲਣ ਦਾ ਯਤਨ ਕਰਦਾ ਹੈ।

ਹੁੱਕਾ ਪੀਂਦਿਆਂ ਚਾਨਣ ਅੰਦਰ ਵੱਲ ਝਾਕਦਾ ਬੋਲਦਾ ਏ, “ਪ੍ਰਕਾਸ਼ੋ! ਅੰਦਰੋਂ ਮੰਜਾ ਚੁੱਕ ਲਿਆ… ਮਿੰਦਰੀ ਆਈ ਆ… ਕੁੜੀ ਦੇ ਵਿਆਹ ਦੀ ਭੇਲੀ ਲੈ ਕੇ।”
ਪ੍ਰਕਾਸ਼ੋ ਅੰਦਰੋਂ ਭੱਜੀ ਆਉਂਦੀ ਏ। ਕੁੜੀ ਦੇ ਨੇੜੇ ਆ ਕੇ, “ਨੀਂ ਮਿੰਦਰੀ! ਅੰਦਰ ਧੁਸ ਦੇ ਕੇ ਆ ਵੜੀ, ਦਰਾਂ ‘ਚ ਤੇਲ ਤਾਂ ਚਵਾ ਲੈਣ ਦਿੰਦੀ। ਸ਼ਗਨਾਂ ਦਾ ਕੰਮ ਹੁੰਦਾ। ਚੱਲ ਉੱਠ! ਭੇਲੀ ਆਲੀ ਗੰਢ ਨੂੰ ਦਲਾਨ ਅੰਦਰ ਲੈ ਆ, ਮੈਂ ਦਰਾਂ ‘ਚ ਤੇਲ ਵੀ ਚਵਾ ਲਵਾਂ।” ਪ੍ਰਕਾਸ਼ੋ ਕਾਹਲੀ ਨਾਲ ਸ਼ਗਨ ਵਾਲਾ ਕੰਮ ਨਿਬੇੜ ਦੇਣਾ ਚਾਹੁੰਦੀ ਏ। ਘਰ ਆਈ ਮਿੰਦਰੋ ਨੂੰ ਵੇਖ ਉਹਨੂੰ ਚਾਅ ਚੜ੍ਹ ਜਾਂਦਾ ਏ।
ਉਧਰੋਂ ਚਾਨਣ ਨੂੰ ਸਾਹਮਣੇ ਕੋਠੇ ‘ਤੇ ਘੁੰਮਦਾ ਆਪਣਾ ਮੁੰਡਾ ਸ਼ਾਮ ਸਿੰਘ ਦਿਸਦਾ ਏ। ਉਹ ਸ਼ਾਮੇ ਨੂੰ ‘ਵਾਜ ਮਾਰ ਕੇ ਸੱਦ ਲੈਂਦਾ ਏ। ਐਨੇ ਨੂੰ ਨ੍ਹਾਮਾ ਵੀ ਆ ਜਾਂਦਾ ਏ। ਸ਼ਾਮ ਸਿੰਘ ਸਿਰ ‘ਤੇ ਪਟਕਾ ਬੰਨ੍ਹ ਕੇ ਆ ਬੈਠਦਾ ਏ। ਛੋਟਾ ਮੁੰਡਾ ਰਾਮਾ ਤਾਂ ਚਾਨਣ ਦੇ ਨਾਲ ਹੀ ਰਹਿੰਦਾ ਏ। ਇਹ ਤਿੰਨੇ ਮੁੰਡੇ ਚਾਨਣ ਦੇ ਨੇ। ਸਾਰੇ ਆਪਣੇ-ਆਪਣੇ ਘਰ ਜੁਦੇ ਕੀਤੇ ਹੋਏ ਨੇ। ਉਹਨੇ ਚੜ੍ਹਦੀ ਉਮਰੇ ਸਾਰਿਆਂ ਦੇ ਵਿਆਹ ਕਰ ਦਿੱਤੇ ਸਨ- “ਲਓ ਬਈ, ਆਪਣੀ ਕਮਾਓ ਤੇ ਖਾਓ।” ਮਿੰਦਰੋ ਸਾਰਿਆਂ ਨਾਲੋਂ ਵੱਡੀ ਸੀ ਜਿਸ ਦੀ ਕੁੜੀ ਦਾ ਵਿਆਹ ਸੀ।
ਵਿਹੜੇ ‘ਚ ਪ੍ਰਕਾਸ਼ੋ ਚਾਨਣ ਦੇ ਨੇੜੇ ਆ ਕੇ ਕਹਿਣ ਲੱਗਦੀ ਏ, “ਮੈਂ ਕਿਹਾ ਮਿੰਦਰੋਂ ਦੇ ਭਾਪਾ! ਨ੍ਹੇਰਾ ਕਾਹਨੂੰ ਕਰਨਾ। ਮਿੰਦਰੋ ਕੁੜੀ ਦੇ ਦਿਨ ਲੈ ਕੇ ਆਈ ਆ, ਐਵੇਂ ਗਿੱਲਾ ਪੀਹਣ ਨਾ ਪਾ ਕੇ ਬੈਠ ਜਾਵੀਂ… ਮੈਂ ਓਨਾ ਚਿਰ ਸ਼ਰੀਕੇ-ਭਾਈਚਾਰੇ ਨੂੰ ਕਹਿ ਆਵਾਂ। ਸ਼ਗਨਾਂ ਦਾ ਕੰਮ ਵੇਲੇ ਸਿਰ ਨਿਬੇੜ ਲਈਏ।”
“ਚਲੋ-ਚਲੋ।” ਰਾਮਾ ਤੇ ਨ੍ਹਾਮਾ ਇਕੱਠੇ ਉੱਠਦੇ ਕਹਿੰਦੇ ਨੇ। ਸ਼ਾਮ ਸਿੰਘ ਆਪਣੇ ਭਾਪੇ ਚਾਨਣ ਨੂੰ ਆਸਰਾ ਦਿੰਦਾ ਅੰਦਰ ਦਲਾਨ ‘ਚ ਲੈ ਤੁਰਦਾ ਏ। ਸਾਰੇ ਥਾਓਂ-ਥਾਈਂ ਮੰਜਿਆਂ ‘ਤੇ ਬੈਠ ਜਾਂਦੇ ਨੇ। ਸ਼ਰੀਕੇ ਦੀਆਂ ਬੁੜ੍ਹੀਆਂ ਆ ਜਾਂਦੀਆਂ ਨੇ। ਕੁਝ ਬੰਦੇ ਆ ਬੈਠਦੇ ਨੇ। ‘ਵਧਾਈਆਂ ਨੀਂ ਕੁੜੀਏ… ਵਧਾਈਆਂ’ ਦੀਆਂ ਆਵਾਜ਼ਾਂ ਤੋਂ ਬਾਅਦ ਸਾਰੇ ਟਿਕ ਜਾਂਦੇ ਨੇ।
“ਭੈਣੇ ਕਿਹੜਾ ਪੈਲੇਸ ਕੀਤਾ ਫੇ?” ਨ੍ਹਾਮਾ ਗੱਲ ਤੋਰਨ ਲਈ ਕਹਿੰਦਾ ਏ।
“ਪੈਲਸ ਤੇ ਭਰਾਵਾ ਖਬਰ ਨੀਂ ਰੈਲ-ਰੈਲ ਕਹਿੰਦੇ ਸੀ, ਕਾਰਡ ‘ਤੇ ਲਿਖਿਆ ਸਾਰਾ ਕੁਛ।”
“ਆਨੰਦ ਕਾਰਜ ਤਾਂ ਪਿੰਡ ਆਲੇ ਗੁਰਦਵਾਰੇ ਹੋ ਜੂ ਗੇ।” ਸ਼ਾਮ ਸਿੰਘ ਸਿਰ ‘ਤੇ ਬੰਨ੍ਹਿਆ ਪਟਕਾ ਠੀਕ ਕਰਦਾ ਬੋਲਦਾ ਏ।
“ਨਾ ਭਰਾਵਾ! ਸ਼ੁਭ-ਸ਼ੁਭ ਬੋਲ! ਲਾਗਲੇ ਪਿੰਡ ਸਾਡਾ ਚਰਚ ਜੂ ਆ… ਉੱਥੇ ਈ ਸ਼ਗਨਾਂ ਦੇ ਕੰਮ ਹੋ ਜਾਣੇ ਨੇ। ਪਾਸਟਰ ਜੀ ਨੇ ਮੈਰਜ ਕਰ ਦੇਣੀ ਆ। ਮੁੰਡੇ-ਕੁੜੀ ਨੇ ਇਕ ਦੂਜੇ ਦੇ ਹਾਰ ਪਾ ਦੇਣੇ ਆ। ਉੱਥੇ ਈ ਕੇਕ ਕੱਟ ਦੇਣਾ… ਤੈਨੂੰ ਪਤਾ ਤਾਂ ਹੈ… ਫੇ ਤੂੰ ਹਟਦਾ ਨੀਂ ਚੁਆਤੀ ਲਾਉਣ ਤੋਂ… ਨਾਲੇ ਕੁੜੀ ਕਹਿੰਦੀ ਸੀ, ਮਾਮਿਆਂ ਨੂੰ ਕਹੀਂ, ਮੈਂ ਵਿਆਹ ‘ਤੇ ਗਾਊਨ ਪਾਉਣਾ… ਦੁੱਧ ਚਿੱਟਾ… ਓ੍ਹਨੇਂ ਆਪੇ ਪਸੰਦ ਕਰ ਲੈਣਾ… ਤੁਸੀਂ ਪੈਸੇ ਨਾਨਕਾ ਛੱਕ ‘ਚ ਰੱਖ ਦਿਓ।” ਮਿੰਦਰੀ ਸ਼ਾਮ ਸਿੰਘ ਵੱਲ ਝਾਕਦੀ ਕਹਿੰਦੀ ਏ।
“ਅੱਛਾ… ਛਾ… ਆ।” ਵਿਹੜੇ ਦੀਆਂ ਦੋ-ਤਿੰਨ ਬੁੜ੍ਹੀਆਂ ਹੈਰਾਨ ਜਿਹੀਆਂ ਹੋ ਜਾਂਦੀਆਂ ਨੇ।
“ਹੁਣ ਤਾਂ ਉਲਟੀ ਨ੍ਹੇਰੀ ਵਗਣ ਲੱਗ ਪੀ ਆ…।” ਰਾਮਾ ਹੋਰ ਕਹਿੰਦਾ-ਕਹਿੰਦਾ ਰੁਕ ਜਾਂਦਾ ਏ। ਚਾਨਣ ਗੁੱਸੇ ਨਾਲ ਉਹਦੇ ਵੱਲ ਝਾਕਦਾ ਏ। ਰਾਮੇ ਦੇ ਗਲ ‘ਚ ਪਾਇਆ ‘ਹਰਿ’ ਦਾ ਲਾਕਟ ਬਲਬ ਦੀ ਪੀਲੀ ਰੌਸ਼ਨੀ ਨਾਲ ਚਮਕਦਾ ਏ।
“ਚਲ ਕੋਈ ਨਾ… ਸਾਰੇ ਗੁਰੂ ਦੇ ਘਰ ਆ।” ਸ਼ਰੀਕੇ ‘ਚੋਂ ਇਕ ਬਜ਼ੁਰਗ ਤੋਲਵੇਂ ਬੋਲ ਬੋਲਦਾ ਏ।
“ਚੱਲ ਕੁੜੀਏ ਤੂੰ ਆਪਣਾ ਕਾਰਜ ਕਰ।” ਪ੍ਰਕਾਸ਼ੋ ਸਾਰਿਆਂ ਦੀ ਸੋਚ ਤੋੜ ਦਿੰਦੀ ਏ।
“ਠਹਿਰ ਬੀਬੀ! ਪਹਿਲਾਂ ਪ੍ਰਾਰਥਨਾ ਤਾਂ ਕਰ ਲਈਏ।” ਮਿੰਦਰੀ ਉੱਠਦੀ ਬੋਲਦੀ ਏ। ਉਹ ਪ੍ਰਾਰਥਨਾ ਲਈ ਅਜੇ ਹੱਥ ਜੋੜਦੀ ਹੀ ਏ ਕਿ ਉਹਦਾ ਭਰਾ ਸ਼ਾਮ ਸਿੰਘ ਮੰਜੇ ਤੋਂ ਉੱਠ ਕੇ ਬਾਹਰ ਵੱਲ ਤੁਰਨ ਲੱਗਦਾ ਕਹਿੰਦਾ ਏ, “ਤੂੰ ਕਰੀ ਜਾ… ਅਸੀਂ ਤਾਂ ਕਰਦੇ ਨੀਂ।”
“ਮਿੰਦਰੀ ਭੈਣ! ਇਹ ਖੇਖਣ ਆਪਣੇ ਘਰ ਈ ਕਰਿਆ ਕਰੋ। ਏਥੇ ਤਾਂ ਜੈ ਗੁਰਦੇਵ-ਧੰਨ ਗੁਰਦੇਵ ਈ ਚੱਲਦਾ।” ਰਾਮਾ ਸਾਹਮਣੇ ਕੰਧ ‘ਤੇ ਟੰਗੀਆਂ ‘ਆਪਣੇ ਗੁਰੂਆਂ-ਸੰਤਾਂ’ ਦੀਆਂ ਤਸਵੀਰਾਂ ਅੱਗੇ ਮੱਥਾ ਟੇਕਦਾ ਬਾਹਰ ਨਿਕਲ ਤੁਰਦਾ ਏ। ਨ੍ਹਾਮੇ ਨੇ ਭਾਵੇਂ ਬਿਆਸ ਜਾ ਕੇ ‘ਨਾਮ-ਦਾਨ’ ਲਿਆ ਹੋਇਆ ਏ ਪਰ ਉਹ ਖੜ੍ਹਾ ਰਹਿੰਦਾ ਏ। ਉਧਰ ਚਾਨਣ ਦੀ ਬੁੜ-ਬੁੜ ਵਧ ਜਾਂਦੀ ਏ। ਖੂੰਡੀ ਦੇ ਸਹਾਰੇ ਖੜ੍ਹਾ ਉਹ ਡੋਲਣ ਲੱਗ ਪੈਂਦਾ ਏ। ਨ੍ਹਾਮਾ ਉਹਨੂੰ ਸਾਂਭਦਾ ਏ, “ਭਾਪਾ ਤੂੰ ਚਿੰਤਾ ਨਾ ਕਰ।” ਨ੍ਹਾਮਾ ਆਪਣੇ ਭਾਪੇ ਨੂੰ ਸ਼ਾਂਤ ਰਹਿਣ ਲਈ ਕਹਿੰਦਾ ਏ।
“ਰਹਿਣ ਦੇ ਤੂੰ… ਰਹਿਣ ਦੇ ਤੂੰ… ਤੂੰ ਵੀ ਕਿਹੜਾ ਘੱਟ ਏਂ। ਤੈਨੂੰ ਵੀ ਮੇਰੇ ਹੁੱਕੇ ਤੋਂ ਮੁਸ਼ਕ ਆਉਂਦੀ। ਜਿਹਨੂੰ ਨਿੱਕਾ ਹੁੰਦਾ ਮੂੰਹ ‘ਚ ਪਾ ਚੁੰਘਣ ਲੱਗ ਪੈਂਦਾ ਸੀ।” ਉਹ ਨ੍ਹਾਮੇ ਵੱਲ ਖਾ ਜਾਣ ਵਾਲੀਆਂ ਨਜ਼ਰਾਂ ਨਾਲ ਝਾਕਦਾ ਏ। ਫਿਰ ਪ੍ਰਕਾਸ਼ੋ ਵੱਲ ਹੁੰਦਾ ਏ, “ਸਾਲੀ ਗੰਦੀ ‘ਲਾਦ ਜੰਮ ਧਰੀ ਮੇਰੇ ਘਰ।” ਬੁੜ-ਬੁੜ ਕਰਦਾ ਚਾਨਣ ਗਿੱਲੇ ਗੋਹੇ ਵਾਂਗ ਧੁਖਣ ਲੱਗਦਾ ਏ।
ਇਕ ਵਾਰ ਤਾਂ ਦਲਾਨ ‘ਚ ਚੁੱਪ ਪਸਰ ਜਾਂਦੀ ਏ।
ਮਿੰਦਰੋ ਛਾਤੀ ‘ਤੇ ਪੱਥਰ ਰੱਖ, ਹੱਥ ਜੋੜ ਕੇ ਪ੍ਰਾਰਥਨਾ ਕਰਨ ਲੱਗ ਪੈਂਦੀ ਏ, “ਹੇ ਪ੍ਰਭੂ… ਹੇ ਪ੍ਰਭੂ… ਮਾਫ ਕਰੀਂ… ਮਾਫ ਕਰੀਂ… ਬਦ ਰੂਹਾਂ ਨੂੰ ਦੂਰ ਕਰੀਂ… ਸਾਰੇ ਕਾਰਜ ਪੂਰੇ ਕਰੀਂ।” ਕੁਝ ਪਲ ਪ੍ਰਾਰਥਨਾ ਕਰਨ ਉਪਰੰਤ ਚੁੱਪ ਕਰ ਜਾਂਦੀ ਏ। ਦਲਾਨ ‘ਚ ਹਿੱਲ-ਜੁਲ ਹੋਣ ਲੱਗ ਪੈਂਦੀ ਏ। ਸ਼ਾਮ ਸਿੰਘ ਅਤੇ ਰਾਮਾ ਝੱਗ ਛੱਡਦੇ ਮੁੜ ਦਲਾਨ ‘ਚ ਆ ਮੰਜਿਆਂ ‘ਤੇ ਬੈਠ ਜਾਂਦੇ ਨੇ।
ਚਾਨਣ ਰਾਮ ਨੂੰ ਸੋਚਾਂ ਜਕੜ ਲੈਂਦੀਆਂ ਨੇ। ਉਹਦੀ ਸੋਚ ਨੂੰ ਸ਼ਾਮ ਸਿੰਘ ਦੇ ਸਿਰ ‘ਤੇ ਬੰਨ੍ਹਿਆ ਪੀਲੇ ਰੰਗ ਦਾ ਪਟਕਾ ਜਕੜ ਲੈਂਦਾ ਏ।
… ਜਦੋਂ ਸ਼ਾਮੇ ਦਾ ਵਿਆਹ ਕੀਤਾ ਸੀ ਤਾਂ ਉਹਦੀ ਬੋਲ-ਬਾਣੀ ‘ਚ ਓਪਰਾਪਨ ਆਉਣਾ ਸ਼ੁਰੂ ਹੋ ਗਿਆ ਸੀ। ਉਹਦੀ ਘਰ ਆਲੀ ਦੇ ਮਾਪੇ ਸਾਰੇ ਸਿੱਖੀ ਸਰੂਪ ਵਾਲੇ ਸਨ। ਹੈ ਤਾਂ ਉਨ੍ਹਾਂ ਦੇ ਜਾਤ-ਗੋਤ ਵਾਲੇ ਪਰ ਉਨ੍ਹਾਂ ਦੇ ਬਾਬੇ-ਪੜਦਾਦੇ ਨੇ ਗੁਰਦੁਆਰੇ ਜਾ ਕੇ ਅੰਮ੍ਰਿਤ ਛਕ ਲਿਆ ਸੀ ਤੇ ਸਾਰਾ ਟੱਬਰ ਸਿੰਘ ਸਜ ਗਿਆ ਸੀ। ਉਸ ਦੀਆਂ ਅਗਲੀਆਂ ਪੀੜ੍ਹੀਆਂ ਨੇ ਕੇਸ ਰੱਖਣੇ ਸ਼ੁਰੂ ਕਰ ਦਿੱਤੇ ਸਨ ਤੇ ਗੁਰੂ ਘਰ ਜਾਣਾ ਸ਼ੁਰੂ ਕਰ ਦਿੱਤਾ ਸੀ। ਜਦੋਂ ਸ਼ਾਮੇ ਦੇ ਆਨੰਦ ਗੁਰਦੁਆਰੇ ਵਿਚ ਪੜ੍ਹੇ ਜਾ ਰਹੇ ਸਨ… ਮਿੰਦਰੀ ਤਾਂ ਅੰਦਰ ਮੱਥਾ ਟੇਕਣ ਵੀ ਨਹੀਂ ਸੀ ਗਈ। ਨਾ ਹੀ ਉਹਦੇ ਘਰ ਆਲਾ ਸੈਮ ਮਸੀਹ ਗਿਆ ਸੀ ਜੋ ਸਤਨਾਮ ਤੋਂ ਸੈਮ ਬਣ ਗਿਆ ਸੀ। ਉਦੋਂ ਸ਼ਾਮ ਦੇ ਸਿਰ ਦੀ ਪੱਗ ‘ਤੇ ਲੱਗੀ ਕਲਗੀ ਵੀ ਉਨ੍ਹਾਂ ਦੇ ਵਿਹੜੇ ਦੇ ਕਿਸੇ ਜਵਾਈ ਨੇ ਲਾਹ ਕੇ ਗ੍ਰੰਥ ਸਾਹਿਬ ਅੱਗੇ ਰੱਖੀ ਸੀ। ਉਹਦੇ ਸਹੁਰਿਆਂ ਨੇ ਇਹ ਗੱਲ ਪਹਿਲਾਂ ਹੀ ਵਿਚੋਲੇ ਦੇ ਕੰਨਾਂ ‘ਚੋਂ ਕੱਢ ਕੇ ਚਾਨਣ ਰਾਮ ਨੂੰ ਦੱਸ ਦਿੱਤੀ ਸੀ ਕਿ ਮੁੰਡਾ ਪੱਗ ਬੰਨ੍ਹ ਤੇ ਕਲਗੀ ਲਾ ਕੇ ਆਵੇ। ਜਦੋਂ ਸ਼ਾਮ ਦੇ ਆਨੰਦ ਕਾਰਜ ਦੀ ਰਸਮ ਪਿੰਡ ਦੇ ਚੜ੍ਹਦੀ ਵਾਲੇ ਪਾਸੇ ਸਿੰਘ ਸਭਾ ਗੁਰਦੁਆਰੇ ‘ਚ ਕਰਨ ਦਾ ਪਤਾ ਲੱਗਾ ਸੀ ਤਾਂ ਰਾਮਾ ਅੜ ਗਿਆ ਸੀ, “ਭਾਪਾ ਇਹ ਕੀ ਗੱਲ ਹੋਈ। ਪਿੰਡ ‘ਚ ਸਤਿਗੁਰੂ ਰਵਿਦਾਸ ਧਾਮ ਹੈਗਾ ਤਾਂ ਹੈ। ਤੁਸੀਂ ਯਾਰ ਗੱਲ-ਗੱਲ ‘ਤੇ ਥੱਲੇ ਲੱਗੀ ਜਾ ਰਹੇ ਹੋ। ਇਹ ਕੀ ਗੱਲ ਹੋਈ। ਰਿਸ਼ਤਾ ਕਰਨ ਲੱਗਾ ਬੰਦਾ ਸਾਰਾ ਕੁਝ ਵੇਖਦਾ। ਮੈਨੂੰ ਜਾਅਲੀ ਬੰਦੇ ਪਸੰਦ ਨੀਂ।”
ਚਾਨਣ ਰਾਮ ਉਦੋਂ ਖਿਝ ਕੇ ਬੋਲਿਆ ਸੀ, “ਮੈਂ ਹੁਣ ਢੂਹਾ ਦਿਆਂ… ਦਸ ਕੀ ਕਰਾਂ… ਦਿਨ ਬੱਝੇ ਹੋਏ ਨੇ। ਮੇਰੇ ਵੱਲੋਂ ਭਾਵੇਂ ਜਿੱਥੇ ਮਰਜੀ ਆਨੰਦ ਪੜ੍ਹਾ ਦੇਣ ਰੜੇ ਮੈਦਾਨ… ਭਾਵੇਂ… ਮੇਰੀ ਤਾਂ ਹੁਣ ਵੇਲਣੇ ‘ਚ ਬਾਂਹ ਆਈ ਹੋਈ ਆ…।”
“ਚੱਲ ਠੀਕ ਆ ਫੇ… ਆਉਣਾ ਤਾਂ ਏਸ ਘਰ ‘ਚ ਈ ਆ ਵਹੁਟੀ ਬਣ ਕੇ… ਵੇਖਾਂਗੇ ਫੇ।” ਰਾਮੇ ਦਾ ਕੁੱਤਾ ਵੀ ਫਸ ਗਿਆ ਸੀ।
ਜਦੋਂ ਵਹੁਟੀ ਆਈ ਸੀ ਤਾਂ ਸ਼ਾਮੇ ਦਾ ਰੰਗ ਦਿਨ ਪਰ ਦਿਨ ਬਦਲਣ ਲੱਗਾ ਸੀ। ਘਰ ਦਾ ਮਾਹੌਲ ਉਹਦੇ ਪੇਕਿਆਂ ਦੇ ਮਾਹੌਲ ਤੋਂ ਬਿਲਕੁਲ ਵੱਖਰਾ ਸੀ। ਜਦੋਂ ਉਹਨੇ ਆਪਣੇ ਪੇਕਿਆਂ ਦਾ ਪੀੜ੍ਹਾ ਘਰ ‘ਚ ਡਾਹੁਣ ਦੀ ਕੋਸ਼ਿਸ਼ ਕੀਤੀ ਸੀ ਤਾਂ ਰਾਮੇ ਨੇ ਟਿੰਡ ‘ਚ ਕਾਨਾ ਪਾ ਦਿੱਤਾ ਸੀ, “ਭਾਬੀ ਏਸ ਘਰ ਤਾਂ ਜੈ ਗੁਰਦੇਵ-ਧੰਨ ਗੁਰਦੇਵ ਹੀ ਹੋਣੀ ਐ। ਸਾਡੇ ਦਾਦੇ ਪੜਦਾਦੇ ਤਾਂ ਮਰੇ ਡੰਗਰਾ ਦਾ ਚੰਮ ਲਾਹੁੰਦੇ ਰਹੇ ਤੇ ਖਾਂਦੇ ਰਹੇ ਨੇ। ਅਹੀਂ ਨੀਂ ਆਪਣੇ ਗੁਰੂ ਦਾ ਲੜ ਛੱਡਦੇ… ਜੇ ਬਾਹਲੀ ਗੱਲ ਐ ਤੇ ਲਾ ਲੈ ਜਿੰਨਾ ਜ਼ੋਰ ਲਾਉਣਾ। ਪਾਣੀ ਇਨ੍ਹਾਂ ਪੁਲਾਂ ਹੇਠ ਦੀ ਲੰਘਣਾ ਏ।” ਤੇ ਜਿੱਦ ‘ਚ ਆਈ ਸ਼ਾਮੇ ਦੀ ਵਹੁਟੀ ਨੇ ਪੇਕਿਆਂ ਦਾ ਪੀੜ੍ਹਾ ਸ਼ਾਮੇ ਦੇ ਸਿਰ ‘ਤੇ ਚੁਕਾ ਕੇ ਵੱਖਰੇ ਘਰ ‘ਚ ਡਾਹ ਲਿਆ ਸੀ। ਫਿਰ ਦਿਨਾਂ ਵਿਚ ਸ਼ਾਮੇ ਦਾ ਕਾਇਆ ਕਲਪ ਸ਼ਾਮੇ ਤੋਂ ਸ਼ਾਮ ਸਿੰਘ ਦਾ ਹੋਣਾ ਸ਼ੁਰੂ ਹੋ ਗਿਆ ਸੀ। ਉਸ ਨੇ ਪੱਗ ਬੰਨ੍ਹਣੀ ਤੇ ਦਾੜ੍ਹੀ ਵਧਾਉਣੀ ਸ਼ੁਰੂ ਕਰ ਦਿੱਤੀ ਸੀ। ਉਦੋਂ ਸੱਚਮੁੱਚ ਚਾਨਣ ਰਾਮ ਦੇ ਸਿਰ ‘ਚ ਟਸ-ਟਸ ਹੋਈ ਸੀ। ਸ਼ਾਮ ਸਿੰਘ ਆਪਣੇ ਸ਼ਰੀਕੇ ਨਾਲ ਮਿਲਣ ਦੀ ਬਜਾਇ ਪਿੰਡ ‘ਚ ਰਮਦਾਸੀਆਂ ਦੇ ਘਰਾਂ ‘ਚ ਜਾਣ ਆਉਣ ਲੱਗ ਪਿਆ ਸੀ। ਰਾਮਾ ਭਰਾ ਤੋਂ ਸ਼ਰੀਕ ਬਣ ਗਿਆ ਸੀ। ਰਿਸ਼ਤੇਦਾਰੀ ਵਿਚ ਆਉਣ ਜਾਣ ਲੱਗਿਆਂ ਦੋਹਾਂ ਦਾ ਇੱਟ-ਖੜੱਕਾ ਹੁੰਦਾ ਰਹਿੰਦਾ ਸੀ। ਚਾਨਣ ‘ਸਾਲੀ ਗੰਦੀ ‘ਲਾਦ… ਸਾਲੀ ਗੰਦੀ ‘ਲਾਦ’ ਕਹਿੰਦਾ ਘਰ ਦੀ ਨੁੱਕਰੇ ਹੁੱਕੇ ਦੇ ਲੰਮੇ-ਲੰਮੇ ਸੂਟੇ ਖਿੱਚਣ ਲੱਗ ਪੈਂਦਾ ਸੀ।
“ਲਓ ਭਾਪਾ ਜੀ ਕਾਰਡ।” ਮਿੰਦਰੀ ਆਪਣੀ ਕੁੜੀ ਦੇ ਵਿਆਹ ਦਾ ਕਾਰਡ ਦੇ ਕੇ ਚਾਨਣ ਰਾਮ ਦਾ ਧਿਆਨ ਤੋੜ ਦਿੰਦੀ ਏ। ਉਹ ਹੱਥ ‘ਚ ਫੜੇ ਖੂੰਡੇ ਨੂੰ ਇਕ ਪਾਸੇ ਰੱਖ ਕਾਰਡ ਦੋਵਾਂ ਹੱਥਾਂ ਨਾਲ ਫੜ ਕੇ ਬੜੇ ਅਦਬ ਨਾਲ ਮੱਥੇ ਲਾਉਂਦਾ ਏ।
“ਹੇ ਰੰਬੀ ਵਾਲੇ ਸਤਿਗੁਰੂ! ਮਿਹਰ ਕਰੀਂ।” ਉਹਦੇ ਅੰਦਰੋਂ ਕਿਤਿਓਂ ਆਵਾਜ਼ ਨਿਕਲਦੀ ਏ।
ਚਾਨਣ ਰਾਮ ਦੀਆਂ ਅੱਖਾਂ ਭਰ ਆਉਂਦੀਆਂ ਨੇ। ਉਹ ਕਾਰਡ ਨੂੰ ਪੁੱਠਾ ਸਿੱਧਾ ਕਰਕੇ ਗੌਰ ਨਾਲ ਵੇਖਦਾ ਏ। ਫੇਰ ਰਾਮੇ ਵੱਲ ਵੇਖ ਕਾਰਡ ਉਹਦੇ ਵੱਲ ਵਧਾ ਦਿੰਦਾ ਏ। ਰਾਮਾ ਉਹਦੀਆਂ ਸੋਚਾਂ ਨੂੰ ਜਕੜ ਲੈਂਦਾ ਏ।
ਰਾਮਾ ਚਾਨਣ ਰਾਮ ਦਾ ਪੇਟ ਘਰੋੜੀ ਦਾ ਮੁੰਡਾ ਏ। ਸਾਇਕਲ ‘ਤੇ ਬਿਠਾ ਕੇ ਚਾਨਣ ਅਕਸਰ ਹੀ ਉਹਨੂੰ ਆਪਣੇ ਗੁਰਾਂ ਦੇ ਡੇਰੇ ‘ਤੇ ਲੈ ਜਾਂਦਾ ਸੀ। ਡੇਰੇ ਸੰਤਾਂ ਦੀ ਹਜ਼ੂਰੀ ‘ਚ ਬੈਠ ਕੇ ਰਾਮਾ ਗਵਾਚ ਹੀ ਜਾਂਦਾ ਸੀ। ਵੱਡਾ ਹੋਇਆ, ਸੇਵਾ ‘ਤੇ ਜਾਣ ਲੱਗ ਪਿਆ ਸੀ। ਹੋਰ ਵੱਡਾ ਹੋਇਆ ਤਾਂ ਨੌਜਵਾਨ ਸਭਾ ‘ਚ ਰਲ ਕੇ ‘ਰਵਿਦਾਸ ਧਾਮ’ ਬਣਾਉਣ ਲਈ ਜ਼ੋਰ ਲਾਉਣ ਲੱਗ ਪਿਆ ਸੀ। ਖਜ਼ਾਨਚੀ ਬਣਿਆ ਤਾਂ ਦੁਬਈ-ਮਾਸਕਟ ਗਏ ਆਪਣੇ ਸ਼ਰੀਕੇ ਦੇ ਭਰਾਵਾਂ ਤੋਂ ਪੈਸੇ ਮੰਗਵਾ ਕੇ ਧਾਮ ‘ਤੇ ਲਾਉਣ ਲੱਗ ਪਿਆ ਸੀ ਪਰ ਉਹਦਾ ਵੱਡਾ ਭਰਾ ਸ਼ਾਮਾ ਤਾਂ ਸ਼ਾਮ ਸਿੰਘ ਬਣ ਕੇ ਪਹਿਲਾਂ ਹੀ ਉਨ੍ਹਾਂ ਨਾਲੋਂ ਟੁੱਟ ਗਿਆ ਸੀ। ਨ੍ਹਾਮਾ ਵੀ ਪੈਰ ਖਿੱਚਣ ਲੱਗ ਪਿਆ ਸੀ। ਜਦੋਂ ਇਕ ਵਾਰ ਰਾਮੇ ਨੇ ਆਪਣੀ ਵੱਡੀ ਭੈਣ ਮਿੰਦਰੀ ਨੂੰ ਘਰ ‘ਚ ਰੱਖੇ ਸੰਤ ਸਮਾਗਮ ਵਿਚ ਆਉਣ ਲਈ ਕਿਹਾ ਸੀ ਤਾਂ ਉਹਨੇ ਇੱਟ ਵਰਗਾ ਜਵਾਬ ਉਹਦੇ ਮੱਥੇ ਮਾਰਿਆ ਸੀ, “ਨਾ ਭਰਾਵਾ! ਤੈਨੂੰ ਪਤੈ ਨੀਂ ਅਹੀਂ ਤਾਂ ਹੁਣ ਚਰਚ ਜਾਂਦੇ ਐਂ। ਸਵੇਰ ਸ਼ਾਮ ਪ੍ਰਭੂ ਦੀ ਪ੍ਰਾਰਥਨਾ ਕਰੀਦੀ ਐ। ਜੇ ਢਿੱਲੇ ਮੱਠੇ ਹੋ ਜਾਈਏ ਤਾਂ ‘ਦੁਆ’ ਕਰ ਲਈ ਦੀ ਐ… ਠੀਕ ਹੋ ਜਾਈਦਾ ਐ… ਡਾਕਟਰ ਦੀ ਦਵਾਈ ਤਾਂ ਹੁਣ ਕਾਟ ਨੀਂ ਕਰਦੀ… ਅਹੀਂ ਨੀਂ ਕਿਸੇ ਅੱਗੇ ਹੱਥ ਜੋੜੀਦੇ, ਨਾਲੇ ਤੇਰਾ ਜੀਜਾ ਵੀ ਪਸੰਦ ਨੀਂ ਕਰਦਾ। ਹੁਣ ਭਰਾਵਾ ਸਾਨੂੰ ਪਾਪਾਂ ਦੇ ਭਾਗੀ ਨਾ ਬਣਾ… ਅਹੀਂ ਜਿੱਥੇ ਹੈਗੇ ਆਂ, ਖੁਸ਼ ਐਂ। ਪ੍ਰਭੂ ਦੀ ਬੜੀ ਮਿਹਰ ਆ।”
ਗੱਲ ਸੁਣ ਕੇ ਰਾਮੇ ਦਾ ਤਾਂ ਲਹੂ ਖੌਲਣ ਲੱਗ ਪਿਆ ਸੀ, “ਭੈਣ ਮਿੰਦਰੋ! ਤੂੰ ਆਪਣੇ ਗੁਰੂ ਤੋਂ ਮੁੱਖ ਮੋੜ ਕੇ ਚੰਗਾ ਨੀਂ ਕੀਤਾ। ਮੈਂ ਤਾਂ ਜਿਨ੍ਹਾਂ ਘਰਾਂ ‘ਚ ਜੰਮਿਆ, ਉਨ੍ਹਾਂ ‘ਚ ਹੀ ਮਰੂੰ। ਤੇ ਗੱਲ ਸੁਣ ਲੈ ਜੇ ਤੂੰ ਹੁਣ ਨੀਂ ਆਣਾ ਤੇ ਮੇਰੀ ਮਕਾਣੇ ਵੀ ਨਾ ਆਵੀਂ। ਅੱਜ ਤੋਂ ਤੂੰ ਮੇਰੇ ਵੱਲੋਂ ਮਰ ਗਈ, ਮੈਂ ਤੇਰੇ ਵਲੋਂ ਮਰ ਗਿਆ।” ਉਹ ਅੰਦਰੋਂ ਖੇਰੂੰ-ਖੇਰੂੰ ਹੋ ਗਿਆ ਸੀ। ਇਸ ਤਰ੍ਹਾਂ ਉਹ ਅਕਸਰ ਆਪੇ ਤੋਂ ਬਾਹਰ ਹੋ ਜਾਂਦਾ ਸੀ। ਜਦੋਂ ਕੋਈ ‘ਆਪਣਾ’ ਭੈਣ-ਭਰਾ ਉਨ੍ਹਾਂ ਦੀਆਂ ਰਸਮਾਂ ਤੇ ਗੁਰੂ ਦੀ ਬੇਅਦਬੀ ਕਰਦਾ ਸੀ।
“ਲੈ ਭਰਾਵਾ! ਨੌਹਾਂ ਨਾਲੋਂ ਮਾਸ ਵੀ ਕਦੇ ਵੱਖ ਹੋਏ ਐ। ਹਂੈ ਤੂੰ ਸਾਡਾ ਭਰਾ ਈ। ਇਕੋ ਮਾਂ ਦੇ ਪੇਟੋਂ ਤਾਂ ਆਪਾਂ ਜੰਮੇ ਆਂ। ਤੇਰੇ ਜੀਜੇ ਨੇ ਵੀ ਆਉਣ ਤੋਂ ਕੰਨੀਂ ਕਤਰਾਉਣਾ ਆ। ਮੈਂ ਵੀ ਬਚਨਾਂ ਦੀ ਬੱਧੀ ਹੋਈ ਗੁਲਾਮ ਆਂ।… ਨਾਲੇ ਮੇਰੀ ਹੁਣ ਸੁਰਤੀ ਪ੍ਰਭੂ ਵੱਲ ਲੱਗ ਗਈ ਏ।” ਉਹ ਵਾਰ-ਵਾਰ ਗਲ ‘ਚ ਪਾਏ ਸਲੀਬ ਦੇ ਲਾਕਟ ਨੂੰ ਮੱਥੇ ਨਾਲ ਲਾ ਰਹੀ ਸੀ।
ਘਰ ਵਿਚ ਰੱਖੇ ਸੰਤ ਸਮਾਗਮ ‘ਚ ਉਨ੍ਹਾਂ ਦੇ ਡੇਰੇ ਦੇ ਸੰਤ ਪਹੁੰਚੇ ਸਨ। ਉਹਦਾ ਵੱਡਾ ਭਰਾ ਸ਼ਾਮ ਸਿੰਘ ਵੀ ਨਹੀਂ ਸੀ ਆਇਆ। ਤੇ ਦੂਜਾ ਭਰਾ ਨ੍ਹਾਮਾ ਇਹ ਕਹਿ ਕੇ ਇਕ ਦਿਨ ਪਹਿਲਾਂ ਘਰੋਂ ਚਲੇ ਗਿਆ ਸੀ ਕਿ ਸਾਡੀ ਤਾਂ ਡੇਰੇ ‘ਸੇਵਾ’ ਲੱਗੀ ਹੋਈ ਐ। ਉੱਥੇ ਪਹੁੰਚਣਾ ਜ਼ਰੂਰੀ ਐ। ਅਗਲੇ ਐਤਵਾਰ ਤੋਂ ਸਤਿਸੰਗ ਸ਼ੁਰੂ ਹੋ ਜਾਣੇ ਨੇ। ਸੇਵਾ ਤਾਂ ਭਰਾਵਾ ਕਰਮਾਂ ਵਾਲੇ ਬੰਦੇ ਨੂੰ ਮਿਲਦੀ ਐ। ਅਸੀਂ ਤਾਂ ਮਹਾਰਾਜ ਦਾ ਹੁਕਮ ਸੁਣ ਕੇ ਈ ਧੰਨ-ਧੰਨ ਹੋ ਜਾਈਦਾ।”
ਉਸ ਸੰਤ ਸਮਾਗਮ ਵਿਚ ਰਾਮੇ ਨੇ ਸਾਰੀ ਸੰਗਤ ਨੂੰ ‘ਹਰਿ’ ਵਾਲੇ ਲਾਕਟ ਵੰਡੇ ਸੀ। ਸਾਰੀ ਸੰਗਤ ਲਾਕਟ ਲੈ ਕੇ ਧੰਨ-ਧੰਨ ਹੋ ਗਈ ਸੀ। ਸੰਤ ਸਮਾਗਮ ਵਿਚ ‘ਅੰਮ੍ਰਿਤ ਬਾਣੀ’ ਦਾ ਪਾਠ ਹੋਇਆ ਸੀ। ਸ਼ਬਦ ਗਾਇਨ ਵੀ ਦੇਰ ਤਕ ਚੱਲਦਾ ਰਿਹਾ ਸੀ।
ਰਾਮੇ ਵੱਲ ਚਾਨਣ ਰਾਮ ਦੇ ਵਧੇ ਹੱਥ ਨੂੰ ਝਟਕਾ ਲੱਗਦਾ ਏ। ਉਸ ਦਾ ਧਿਆਨ ਉਖੜ ਜਾਂਦਾ ਏ। ਪਲ ਭਰ ਚਾਨਣ ਦੇ ਹੱਥ ‘ਚ ਫੜੇ ਕਾਰਡ ਨੂੰ ਰਾਮਾ ਗਹਿਰੀ ਨਜ਼ਰ ਨਾਲ ਵੇਖਦਾ ਏ। ਕਾਰਡ ‘ਤੇ ਛਪੀ ਸਲੀਬ ਵੇਖ ਕੇ ਕਾਰਡ ਫੜਨ ਲਈ ਵਧਣ ਲੱਗੇ ਹੱਥ ਉੱਥੇ ਹੀ ਜੰਮ ਜਾਂਦੇ ਨੇ। ਇਕ ਦਮ ਉਹਦੇ ਮਨ ‘ਚ ਵੱਡੀ ਭੈਣ ਮਿੰਦਰੀ ਦੇ ਵਿਆਹ ਦਾ ਕਾਰਡ ਆ ਜਾਂਦਾ ਏ ਜਿਹਦੇ ਉੱਤੇ ‘ਹਰਿ’ ਦਾ ਨਿਸ਼ਾਨ ਸੁਨਹਿਰੀ ਰੰਗ ‘ਚ ਛਪਵਾਇਆ ਸੀ। ਉਹਦੇ ਵਿਆਹ ਦੇ ਕਾਰਡ ‘ਤੇ ਹੀ ਨਹੀਂ ਬਲਕਿ ਉਨ੍ਹਾਂ ਦੇ ਘਰ ‘ਚ ਹੁੰਦੇ ਹਰ ਸਮਾਗਮ ਸਮੇਂ ਛਪੇ ਕਾਰਡ ‘ਤੇ ‘ਹਰਿ’ ਸੁਨਹਿਰੀ ਅੱਖਰਾਂ ‘ਚ ਛਪਦਾ ਸੀ।
“ਭਾਪਾ ਬੀਬੀ ਨੂੰ ਈ ਫੜਾ ਦੇ ਕਾਰਡ।” ਰਾਮਾ ਆਪਣੀ ਬੀਬੀ ਪ੍ਰਕਾਸ਼ੋ ਵੱਲ ਆਪਣੇ ਭਾਪੇ ਦਾ ਹੱਥ ਕਰ ਦਿੰਦਾ ਏ। ਪ੍ਰਕਾਸ਼ੋ ਕਾਰਡ ਨੂੰ ਝੱਟ ਫੜ ਲੈਂਦੀ ਏ। ਕਾਰਡ ਵੱਲ ਉਹ ਬੜੀ ਗਹੁ ਨਾਲ ਵੇਖਦੀ ਏ।
“ਧੀਏ! ਭਲਾ ਆਹ ਲੀਕਾਂ ਜਿਹੀਆਂ ਕਾਹਦੀਆਂ ਵਾਹੀਆ ਹੋਈਆਂ।”
“ਲੈ ਬੀਬੀ ਹੱਦ ਹੋ ਗਈ, ਇਹ ਸਾਡੇ ਪ੍ਰਭੂ ਦੀ ਸਲੀਬ ਦਾ ਨਿਸ਼ਾਨ ਐ। ਤੈਨੂੰ ਪਤੈ ਤਾਂ ਹੈ… ਅਸੀਂ ਇਹੀ ਨਿਸ਼ਾਨ ਬਣਾਉਂਦੇ ਐਂ। ਖੁਸ਼ੀ-ਗਮੀ ਵੇਲੇ।”
“ਗੁਰੂ ਭਲਾ ਕਰੇ ਧੀਏ… ਸਭ ਦਾ ਭਲਾ ਕਰੇ… ਤੇਰੇ ਕਾਰਜ ਸਤਗੁਰੂ ਰੰਬੀ ਆਲਾ ਪੂਰੇ ਕਰੇ ਧੀਏ। ਏਥੇ ਹੈ ਈ ਕੀ ਆ ਹੋਰ…।” ਪ੍ਰਕਾਸ਼ੋ ਕਹਿੰਦੀ ਹੋਈ ਆਪਣੇ ਗਲ ‘ਚ ਪਾਇਆ ‘ਹਰਿ’ ਦਾ ਲਾਕਟ ਮੱਥੇ ਨੂੰ ਲਾਉਂਦੀ ਏ। ਨ੍ਹਾਮਾ ਆਪਣੀ ਬੀਬੀ ਕੋਲੋਂ ਕਾਰਡ ਫੜ ਕੇ ਪੜ੍ਹਦਾ ਏ। ਏਧਰ-ਉਧਰ ਘੁੰਮਾ ਕੇ ਹੋਰ ਗਹੁ ਨਾਲ ਪੜ੍ਹਦਾ ਏ। ਤੇ ਮਿੰਦਰੀ ਨੂੰ ਕਹਿਣ ਲੱਗਦਾ ਏ, “ਭੈਣੇ! ਤੁਹਾਡੇ ਉਥੇ ਪੈਲੇਸ ‘ਚ ਮੀਟ-ਸ਼ਰਾਬ ਤਾਂ ਚੱਲੂਗਾ ਈ! ਅਸੀਂ ਹੈਗੇ ਆਂ ਵੈਸ਼ਨੂੰ ਬੰਦੇ… ਸਤਿਸੰਗੀ ਤੇ ਨਿਤਨੇਮੀ! … ਅਹੀਂ ਤਾਂ ਜਿੱਥੇ ਮੀਟ ਰਿੱਝਦਾ ਉੱਥੇ ਖੜ੍ਹਦੇ ਨੀਂ, ਮਹਿਕ ਲੈਣੀ ਵੀ ਪਾਪ ਸਮਝਦੇ ਆਾਂ। ਨਾਲੇ ਪੈਲੇਸ ‘ਚ ਹਲਵਾਈ ਕਿਹੜਾ ਸੁੱਚਮ ਰੱਖਦੇ ਐ, ਉਹੀ ਕੜਸ਼ੀ ਨਾਲ ਚਿਕਨ ਪਾਈ ਜਾਂਦੇ ਐ ਤੇ ਉਹਦੇ ਨਾਲ ਦਾਲਾਂ-ਸਬਜ਼ੀਆਂ।”
“ਨਾ ਭਰਾਵਾ! ਮਾਮਿਆਂ ਨੇ ਤਾਂ ਆਣਾ ਈ ਆਣਾ ਐ। ਥੋਡੇ ਤੋਂ ਬਿਨਾਂ ਵਿਆਹ ਕਿਵੇਂ ਧੁਰ ਚੜ੍ਹੂ। ਮਾਮਿਆਂ ਨੇ ਤੇ ਮੋਹਰੇ ਹੋ ਕੇ ਸਾਰੇ ਕਾਜ ਕਰਨੇ ਹੁੰਦੇ ਐ… ਮਿਲਣੀਆਂ ਹੋਣੀਆਂ ਐ। ਤੂੰ ਭਰਾਵਾ ਬਹੁਤੀ ਚਿੰਤਾ ਨਾ ਕਰ। ਥੋਡੇ ਲਈ ਮੈਂ ਵੱਖਰੇ ਟੇਬਲ ਲਵਾ ਦਊਂ। ਐਵੇਂ ਸਗਨਾਂ ਆਲੇ ਕੰਮ ‘ਚ ਖਰੋੜ ਨੀਂ ਕਰੀਦੀ ਹੁੰਦੀ।” ਮਿੰਦਰੀ ਅਪਣੱਤ ਨਾਲ ਕਹਿੰਦੀ ਏ।
“ਨਾਲੇ ਅਸੀਂ ਥੋਡੇ ਚਰਚ ‘ਚ ਕਿਓਂ ਜਾਈਏ। ਤੁਸੀਂ ਕੁੜੀ ਦਾ ਵਿਆਹ ਇਕ ਵਾਰੀ ਛੱਡ ਕੇ ਸੌ ਵਾਰੀ ਕਰੋ ਪਰ ਭੈਣੇ ਗੱਲ ਸੁਣ ਲੈ, ਮੈਂ ਅੰਮ੍ਰਿਤਧਾਰੀ ਗੁਰੂ ਦਾ ਬੰਦਾ ਆਂ, ਮੈਂ ਤਾਂ ਜਾਂਦਾ ਨੀਂ… ਮੇਰੀ ਤਾਂ ਪੱਥਰ ‘ਤੇ ਲੀਕ ਐ… ਮੇਰੇ ਹਿੱਸੇ ਭਾਪੇ ਹੁਣੀਂ ਜੋ ਡੰਨ ਲਾਉਣਗੇ, ਉਹ ਦੇ ਦਊਂ। ਲੰਘਦਾ ਵੜਦਾ ਕੁੜੀ ਨੂੰ ਸਗਨ ਵੀ ਦੇ ਜਾਊਂ। ਐਵੇਂ ਬਾਅਦ ‘ਚ ਕਹੇਂ ਬੀ ਦੱਸਿਆ ਨੀਂ।” ਸ਼ਾਮ ਸਿੰਘ ਵੀ ਸਿੱਧੀ ਗੱਲ ਮਿੰਦਰੀ ਦੇ ਮੱਥੇ ਮਾਰਦਾ ਏ।
ਰਾਮਾ ਤਾਂ ਪਹਿਲਾਂ ਈ ਵਿਗੜਿਆ ਬੈਠਾ ਸੀ।
ਤਿੰਨਾਂ ਭਰਾਵਾਂ ਦੀ ਖਿੱਚ-ਧੂਹ ਵੇਖ ਕੇ ਚਾਨਣ ਰਾਮ ਨੂੰ ਚੇਤੇ ਆਉਂਦਾ ਏ ਕਿ ਤਿੰਨਾਂ ਭਰਾਵਾਂ ਦੀ ਕਦੇ ਆਪਸ ‘ਚ ਵੀ ਨਹੀਂ ਸੀ ਬਣਦੀ। ਤਿੰਨਾਂ ਦੇ ਆਪਣੇ-ਆਪਣੇ ਰਾਹ ਬਣ ਗਏ ਸਨ। ਚੌਥੀ ਉਨ੍ਹਾਂ ਦੀ ਭੈਣ ਦਾ ਵੀ ਵੱਖਰਾ ਰਾਹ ਸੀ। ਸਾਰੇ ਆਪਸ ਵਿਚ ਖਿੱਚ-ਧੂਹ ਕਰਦੇ ਰਹਿੰਦੇ ਸਨ। ਜਦੋਂ ਕਦੇ ਮਿੰਦਰੀ ਆਪਣੇ ਭਰਾਵਾਂ ਨੂੰ ਮਿਲਣ ਆਉਂਦੀ ਤਾਂ ਸਾਰੇ ਭਰਾ ਆਪਣੇ-ਆਪਣੇ ਮੋਰਚਿਆਂ ‘ਚ ਬੈਠ ਕੇ ਉਹਨੂੰ ਜ਼ਲੀਲ ਕਰਦੇ ਰਹਿੰਦੇ ਸਨ। ਤੇ ਆਪਸ ਵਿਚ ਵੀ ਝਗੜਦੇ ਰਹਿੰਦੇ ਸਨ। ਹੁਣ ਵੀ ਸਭ ਨੇ ਲੀਕ ਖਿੱਚ ਲਈ ਸੀ। ਚਾਨਣ ਨੂੰ ਆਪਣੇ ਪੁਰਖਿਆਂ ਦਾ ਚੇਤਾ ਆਉਂਦਾ ਏ। ਕਿਵੇਂ ਘਰ ‘ਚ ਸਭ ਤੋਂ ਸਿਆਣੇ ਬਜ਼ੁਰਗ ਮਗਰ ਬਾਕੀ ਟੱਬਰ ਲੱਗ ਤੁਰਦਾ ਸੀ। ਹੁਣ ਤਾਂ ਕਲਯੁੱਗ ਆ ਗਿਆ ਏ। ਇਕ ਵਾਰੀ ਅੱਕੇ ਹੋਏ ਨੇ ਪ੍ਰਕਾਸ਼ੋ ਨੂੰ ਕਿਹਾ ਵੀ ਸੀ, “ਮਿੰਦਰੀ ਦੀ ਬੀਬੀ, ਪਤਾ ਨੀਂ ਤੇਰੇ ਜੰਮੇ ਨਿਆਣੇ ਐਹੋ ਜਿਹੇ ਕਿਉਂ ਨਿਕਲੇ ਨੇ। ਹਰ ਇਕ ਦਾ ਅੱਡ ਰਾਹ ਏ। ਸਾਡੀ ਸਿਆਣ ਮੱਤ ‘ਚ ਕੋਈ ਕਮੀ ਰਹਿ ਗਈ, ਜਿਹੜੇ ਸਾਡੇ ਨਿਆਣੇ ਸਾਡੇ ਮਗਰ ਨੀਂ ਲੱਗੇ। ਇਕੋ ਲਹੂ ‘ਚ ਐਨੀਆਂ ਵੰਡੀਆਂ ਕਿਵੇਂ ਪੈ ਗਈਆਂ ਨੇ।”
“ਵੇ ਚਾਨਣਾ ਤੂੰ ਤਾਂ ਹਨੇਰੇ ‘ਚ ਘੁੰਮੀ ਜਾਂਦਾ ਏਂ… ਨਿਆਣੇ ਤਾਂ ਤੇਰੇ ਅਰਗੇ ਈ ਨੇ। ਜਮਾਂ ਤਿੰਨਾਂ ਦਾ ਮੜੰਗਾ ਤੇਰੇ ‘ਤੇ ਐ… ਹੋਰ ਮੈਂ ਪਿੱਛਿਓਂ ਲੈ ਆਈ। ਜਦੋਂ ਲਹੂ ‘ਚ ਈ ਚਟਿਆਈ ਆ ਜਾਵੇ ਫੇ ਮਾਪੇ ਦਸ ਢੂਹਾ ਦੇਣ…ਨਾਲੇ ਬੰਦੇ ਨੂੰ ਮੱਤ ਤਾਂ ਈ ਆਉਂਦੀ ਐ ਜੇ ਉਹ ਆਪਣੇ ਸ਼ਰੀਕੇ-ਭਾਈਚਾਰੇ ‘ਚ ਰਹੇ… ਤੂੰ ਗੱਲ ਕਰਨ ਲੱਗਾ ਦੇਖ ਸੋਚ ਲਿਆ ਕਰ… ਐਵੇਂ ਜੱਭਲੀਆਂ ਮਾਰਨ ਲੱਗ ਜਾਂਦੈਂ।” ਪ੍ਰਕਾਸ਼ੋ ਗੁੱਸੇ ‘ਚ ਆਈ ਚਾਨਣ ਦੀ ਝਾੜ-ਝੰਬ ਕਰ ਦਿੰਦੀ ਏ।
“ਮੇਰਾ ਟੱਬਰ ਈ ਮੇਰੇ ਕਹਿਣੇ ਤੋਂ ਬਾਹਰ ਹੋ ਗਿਆ… ਚਾਰ ਨਿਆਣੇ ਜੰਮੇ… ਚਾਰਾਂ ਦੇ ਅੱਡ ਅੱਡ ਰਾਹ… ਸਾਡਾ ਪਿਓ ਤੇ ਬਾਬਾ ਹੁੰਦਾ ਸੀ… ਜਾਹ ਤਾਂ ਕੋਈ ਚੀਂ-ਪੀਂ ਕਰ ਜੇ… ਚਿੱਤੜਾਂ ‘ਤੇ ਖੂੰਡਾ ਮਾਰਦੇ ਸੀ। ਹੁਣ ਤਾਂ ਬੰਦੇ ਕੋਲ਼ੋਂ ਆਪਣਾ ਟੱਬਰ ਨੀਂ ਸਾਂਭਿਆ ਜਾਂਦੈ… ਚਾਰੇ ਪਾਸੇ ਨੇਰ੍ਹੀ ਚੱਲੀ ਹੋਈ ਐ।” ਚਾਨਣ ਨੂੰ ਲੱਗਣ ਲੱਗ ਪੈਂਦਾ ਏ ਕਿ ਉਹ ਤਾਂ ਹਨੇਰੇ ‘ਚ ਟੱਕਰਾਂ ਮਾਰੀ ਜਾ ਰਿਹਾ ਏ।
ਪ੍ਰਕਾਸ਼ੋ ਠੰਢੀ-ਸੀਲ ਹੋ ਕੇ ਬੋਲਦੀ ਏ, “ਮੇਰੀ ਗੱਲ ਸੁਣ! ਮਿੰਦਰੀ ਦੇ ਭਾਪਾ!!… ਤੂੰ ਕਾਹਤੋਂ ਚੱਤੋ-ਪਹਿਰ ਚਿੰਤਾ ‘ਚ ਡੁੱਬਾ ਰਹਿੰਦਾ। ਨਿਆਣੇ ਆਪਣੇ-ਆਪਣੇ ਘਰ ਐ। ਜੋ ਮਰਜ਼ੀ ਕਰਨ। ਮੈਨੂੰ ਦੱਸ, ਤੈਂ ਪਿੰਨੀਆਂ ਲੈਣੀਆਂ ਨੇ। ਹੁਣ ਬਹੁਤੀ ਲੰਘ ਗਈ ਐ… ਥੋੜ੍ਹੀ ਰਹਿ ਗਈ ਐ… ਜਿੱਥੇ ਮਰਜ਼ੀ ਜਾਣ… ਸਾਰੇ ਹੈ ਤਾਂ ਸਤਿਗੁਰੂ ਦੇ ਘਰ ਈ ਨਾ… ਕੰਨ ਈ ਫੜਨੇ ਆ… ਚਾਹੇ ਸਿੱਧੇ ਫੜ ਲੈਣ… ਚਾਹੇ ਲੱਤਾਂ ਹੇਠ ਦੀ ਫੜ ਲੈਣ… ਸਿੱਧੇ ਲਟਕ ਜਾਣ ਚਾਹੇ ਪੁੱਠੇ ਲਟਕ ਜਾਣ।”
ਐਨੇ ਨੂੰ ਮਿੰਦਰੀ ਭੇਲੀ ਦੀ ਗੰਢ ਖੋਲ੍ਹ ਦਿੰਦੀ ਏ। ਲੱਡੂਆਂ ਦੀ ਮਹਿਕ ਫੈਲਦਿਆਂ ਚਾਨਣ ਰਾਮ ਦਾ ਧਿਆਨ ਟੁੱਟ ਜਾਂਦਾ ਏ। ਉਹਦੇ ਮਨ ‘ਚੋਂ ਸਾਰੀਆਂ ਗੱਲਾਂ ਕਿਰ ਜਾਂਦੀਆਂ ਨੇ।
“ਲਓ ਬਈ ਲੱਡੂ ਤਾਂ ਵਾਹਵਾ ਮਹਿਕਾਂ ਛੱਡਦੇ ਨੇ। ਦੇਸੀ ਘਿਓ ਦੇ ਲੱਗਦੇ ਨੇ।” ਚਾਨਣ ਰਾਮ ਦੇ ਚਿਹਰੇ ‘ਤੇ ਖੇੜਾ ਆ ਜਾਂਦਾ ਏ।
“ਲਿਆ ਭੈਣੇ! ਬੁੱਕ ‘ਚ ਈ ਦੋ-ਚਾਰ ਰੱਖ ਦੇ, ਢਿੱਡ ‘ਚ ਖੋਹ ਪੈਣ ਲੱਗ ਪਈ ਏ।” ਨ੍ਹਾਮਾ ਵੀ ਲੱਡੂਆਂ ਵੱਲ ਉਲਰਦਾ ਏ।
ਐਨੇ ਨੂੰ ਰਾਮਾ ਲੱਡੂ ਚੁੱਕ ਕੇ ਖਾਣ ਲੱਗਦਾ ਏ, “ਲੱਡੂ ਤਾਂ ਸਵਾਦ ਐ ਬਈ।”
ਚਾਨਣ ਇਕ ਵਾਰ ਸਾਰੇ ਸ਼ਰੀਕੇ ਤੇ ਆਪਣੇ ਟੱਬਰ ਵੱਲ ਵੇਖਦਾ ਏ… ਸਾਰਿਆਂ ਦੇ ਚਿਹਰੇ ਖਿੜੇ ਹੋਏ ਨੇ। ਇਕ ਵਾਰ ਤਾਂ ਉਹਨੂੰ ਲੱਗਦਾ ਏ ਕਿ ਸਾਰੇ ‘ਕੱਠੇ ਈ ਨੇ। ਘਰ ‘ਚ ਚਾਰ ਭਾਂਡੇ ਖੜਕਦੇ ਈ ਰਹਿੰਦੇ ਨੇ। ਉਹ ਛਾਤੀ ‘ਤੇ ਪੱਥਰ ਰੱਖ ਬੀਤੀਆਂ ਗੱਲਾਂ ਹਊ-ਪਰੇ ਕਰਨ ਦੇ ਆਹਰ ਲੱਗ ਜਾਂਦਾ ਏ।
ਪ੍ਰਕਾਸ਼ੋ ਭੇਲੀ ਦੀ ਸੀਰਨੀ ਤੇ ਲੱਡੂ ਲਿਫਾਫਿਆ ‘ਚ ਪਾ ਕੇ ਸ਼ਰੀਕੇ ਦੀਆਂ ਬੁੜ੍ਹੀਆਂ ਤੇ ਆਪਣੇ ਟੱਬਰ ਦੀਆਂ ਵਹੁਟੀਆਂ ਨੂੰ ਦੇਣ ਲੱਗ ਪੈਂਦੀ ਏ। ਸਭ ਦਾ ਧਿਆਨ ਭੇਲੀ ਲੈਣ ਤੇ ਖਾਣ ‘ਚ ਲੱਗ ਜਾਂਦਾ ਏ। ਚਾਨਣ ਰਾਮ ਖੂੰਡੇ ‘ਤੇ ਭਾਰ ਪਾ ਕੇ ਉੱਠਦਾ ਏ। ਝੁਕ ਕੇ ਮਿੰਦਰੀ ਦੀ ਖੋਲ੍ਹੀ ਹੋਈ ਗੰਢ ‘ਚੋਂ ਲੱਡੂ ਚੁੱਕਦਾ ਏ ਤੇ ਬਾਹਰ ਵਿਹੜੇ ‘ਚ ਬੈਠਣ ਲਈ ਤੁਰ ਪੈਂਦਾ ਏ।
“ਮੈਂ ਕਿਹਾ ਮਿੰਦਰੀ ਦੇ ਭਾਪਾ, ਬਾਹਲਾ ਮਿੱਠਾ ਨਾ ਖਾਵੀਂ… ਐਵੇਂ ਤੇਰੀ ਸ਼ੂਗਰ ਵਧ ਜਾਊ… ਫੇ ਸਾਨੂੰ ‘ਵਾਜਾਂ ਮਾਰੂ।” ਪ੍ਰਕਾਸ਼ੋ ਚਾਨਣ ਨੂੰ ਨਸੀਹਤ ਦਿੰਦੀ ਏ ਪਰ ਚਾਨਣ ਕੰਨ ਵਲ੍ਹੇਟ ਕੇ ਦਲਾਨ ‘ਚੋਂ ਬਾਹਰ ਪੈਰ ਰੱਖਦਾ ਕਹਿੰਦਾ ਏ… “ਪ੍ਰਕਾਸ਼ੋ! ਸਾਰੀ ਉਮਰ ਜ਼ਹਿਰ ਦੇ ਫੁੱਕੇ ਈ ਮਾਰੇ ਨੇ… ਭੋਰਾ ਮਿੱਠਾ ਵੀ ਖਾ ਲੈਣ ਦਿਆ ਕਰ… ਦੋਹਤੀ ਦੇ ਵਿਆਹ ਦਾ ਤਾਂ ਮੈਨੂੰ ਚਾਅ ਈ ਬਾਹਲਾ ਏ।” ਤੇ ਉਹ ਚਾਨਣ ‘ਚ ਡੱਠੇ ਮੰਜੇ ਵੱਲ ਖੂੰਡੀ ਦੇ ਸਹਾਰੇ ਹੌਲੀ-ਹੌਲੀ ਪੈਰ ਪੁੱਟਦਾ ਤੁਰ ਪੈਂਦਾ ਏ।
ਵਿਹੜੇ ‘ਚ ਤਾਂ ਨ੍ਹੇਰਾ ਉੱਤਰ ਆਇਆ ਏ। ਚਾਨਣ ਨ੍ਹੇਰੇ ‘ਚ ਠੇਡਾ ਖਾ ਕੇ ਉਖੜ ਕੇ ਡਿੱਗਣ ਲੱਗਦਾ ਏ। ਖੂੰਡੀ ਹੱਥੋਂ ਤਿਲਕ ਜਾਂਦੀ ਏ… ਚਾਨਣ ਨੂੰ ਚੇਤੇ ਆਉਂਦਾ ਏ ਵੱਡਾ ਮੁੰਡਾ ਸ਼ਾਮਾ ਕਿਵੇਂ ਉਹਦੇ ਹੱਥੋਂ ਤਿਲਕ ਕੇ ਪਰੇ ਰਮਦਾਸੀਆਂ ਦੀ ਬੁੱਕਲ ‘ਚ ਜਾ ਡਿੱਗਾ ਸੀ… ਮਿੰਦਰੀ ਨੇ ਵਿਹੜੇ ਆਲਿਆਂ ਨਾਲੋਂ ਵਰਕਾ ਈ ਪਾੜ‘ਤਾ ਸੀ… ਤੇ ਨ੍ਹਾਮਾ ਮੀਟ-ਆਂਡਾ, ਸ਼ਰਾਬ, ਹੁੱਕੇ-ਬੀੜੀ ਤੋਂ ਜਮਾਂ ਨੱਕ ਭੰਨ ਗਿਆ ਸੀ… ਸਾਨੂੰ ਤਾਂ ਕਈ ਵਾਰ ਪਾਪੀ ਵੀ ਕਹਿ ਦਿੰਦਾ ਸੀ… ਲਾ ਪਾ ਕੇ ਛੋਟਾ ਰਾਮਾ ਈ ਬਚਿਆ ਸੀ… ਹੁਣ ਉਸਨੇ ਈ ਉਹਦੀ ਡੰਗੋਰੀ ਬਣਨਾ ਸੀ… ਉਹਨੇ ਵੀ ਨਾਨਕੇ ਛੱਕ ਲਿਜਾਣ ਵੇਲੇ ਮੂਤ ਜਾਣਾ। ਜਦੋਂ ਉਹਨੂੰ ਪੌਣ ਆਉਂਦੀ ਏ ਤਾਂ ਉਹ ਵੀ ਕਈ ਵਾਰ ਦੁਰ-ਬਚਨਾਂ ‘ਤੇ ਉੱਤਰ ਆਉਂਦਾ… ਵੱਡੇ ਭਰਾ ਤੋਂ ਲੈ ਕੇ ਥੱਲੇ ਤਕ ਸਭ ਨੂੰ ਇਕੋ ਰੱਸੇ ‘ਚ ਲਪੇਟ ਦਿੰਦਾ… ਹੁਣ ਕੀ ਕਰੀਏ, ਮਿੰਦਰੀ ਹੈ ਤਾਂ ਆਖਰ ਧੀ ਈ ਨਾ… ਸ਼ੈਦ ਉਹ ਵੀ ਪੁੜਾਂ ਵਿਚਾਲੇ ਪਿਸਦੀ ਹੋਵੇ… ਇਕ ਪਾਸੇ ਸਲੀਬ ਏ… ਦੂਜੇ ਪਾਸੇ ਹਰਿ ਏ… ਤੀਜੇ ਪਾਸੇ ਰਾਮ ਸਿਓਂ ਦੀ ਸਰਦਾਰੀ ਏ… ਚੌਥੇ ਪਾਸੇ ਨ੍ਹਾਮਾ ਸਤਸੰਗੀ ਏ… ਨੁੱਕਰੇ ਲੱਗਾ ਉਹਦਾ ਪਿਓ ਏ… ਹੁਣ ਤਾਂ ਕਿਸੇ ਨੂੰ ਕਹਿਣ ਦਾ ਸਮਾਂ ਈ ਨੀਂ ਰਿਹਾ। ਹਰ ਕੋਈ ਗੁਣੀ ਗਿਆਨੀ ਬਣਿਆ ਫਿਰਦਾ ਏ।
“ਵੇਖੀਂ ਭਾਪਾ! ਕੀ ਹੋ ਗਿਆ ਤੈਨੂੰ? ਠੇਡਾ ਖਾ ਕੇ ਡਿੱਗਣ ਲੱਗਾ ਸੀ। ਖਿਆਲ ਨਾਲ ਤੁਰਿਆ ਕਰ।” ਪਿੱਛਿਓਂ ਆਏ ਬੋਲਾਂ ਨਾਲ ਚਾਨਣ ਸੰਭਲਣ ਲਗਦਾ ਏ ਤੇ ਚਾਨਣ ਦੇ ਹੱਥ ‘ਚ ਫੜਿਆ ਲੱਡੂ ਥੱਲੇ ਡਿੱਗ ਕੇ ਖਿੱਲਰ ਜਾਂਦਾ ਏ… ਐਨੇ ਨੂੰ ਉਹਦਾ ਛੋਟਾ ਮੁੰਡਾ ਰਾਮਾ ਉਹਨੂੰ ਡਿੱਗਦੇ ਨੂੰ ਬੋਚ ਲੈਂਦਾ ਏ।
“ਉਏ ਰਾਮਿਆ, ਸਾਡੇ ਤੇ ਪਿੱਛਿਓਂ ਵੀ ਠੇਡੇ ਵੱਜਦੇ ਰਹੇ ਨੇ… ਅਹੀਂ ਤਾਂ ਵੀ ਨੀਂ ਡਿੱਗੇ…।” ਚਾਨਣ ਦੀ ਸੋਚ ਕਈ ਸਾਲ ਪਿਛਾਂਹ ਚਲੇ ਜਾਂਦੀ ਏ।
… ਜਦੋਂ ਖਿੱਦੋ-ਖੂੰਡੀ ਖੇਡਦਿਆਂ ਉਹਦੇ ਤਾਏ ਦਾ ਮੁੰਡਾ, ਗੋਲਾਂ ਵੱਲ ਖਿੱਦੋ ਲਿਜਾਂਦਿਆਂ ਪਿੱਛਿਓਂ ਪੈਰ ਦਾ ਠੇਡਾ ਮਾਰ ਦਿੰਦਾ ਸੀ… ਪਰ ਉਹ ਡਿੱਗਦਾ ਡਿੱਗਦਾ ਸੰਭਲ ਜਾਂਦਾ ਸੀ… ਤੇ ਗੋਲ ਕਰਕੇ ਸਾਹ ਲੈਂਦਾ ਸੀ… ਤੇ ਘਰ ਦੀ ਪਿਛਾੜੀ ਚੰਮ ਰੰਗਣ ਦਾ ਕਾਰਖਾਨਾ ਲਾਉਣ ਲੱਗਿਆਂ ਪਿੰਡ ਦੀ ਦੂਜੀ ਪੱਤੀ ਦੇ ਲੋਕਾਂ ਨੇ ਉਹਦੇ ਵਿਹੜੇ ਦੇ ਕਈ ਘਰਾਂ ਨੂੰ ਨਾਲ ਲੈ ਕੇ… ਕਈ ਵਾਰ ਪਿੱਛਿਓਂ ਠੇਡੇ ਮਾਰੇ ਸਨ ਪਰ ਉਹ ਹਰ ਵਾਰ ਸੰਭਲ ਜਾਂਦਾ ਸੀ। ਤੇ ਅਖੀਰ ਚਾਨਣ ਨੇ ਚੰਮ ਰੰਗਣ ਦਾ ਕੰਮ ਸ਼ੁਰੂ ਕਰਕੇ ਪਿੱਛਿਓਂ ਵੱਜ ਰਹੇ ਠੇਡੇ ਨੂੰ ਰੋਕ ਵੀ ਦਿੱਤਾ ਸੀ। ਚਾਨਣ, ਰਾਮੇ ਕੋਲੋਂ ਮੁੜ ਖੂੰਡੀ ਫੜਦਿਆਂ… ਪਿੱਛਿਓਂ ਬੇਧਿਆਨੇ ਹੁੰਦਿਆਂ ਸੰਭਲਦਾ ਏ।
“ਸ਼ੁਕਰ ਏ… ਸ਼ੁਕਰ ਏ…।” ਚਾਨਣ ਦੇ ਮਨ ਅੰਦਰ ਚਾਨਣ ਦੀ ਤਾਰ ਜਿਹੀ ਫਿਰ ਜਾਂਦੀ ਏ।