ਨਵੀਂ ਸਰਕਾਰ ਤੋਂ ਨਵੀਆਂ ਆਸਾਂ

ਜਤਿੰਦਰ ਪਨੂੰ
ਪੰਜਾਬ ਇਕ ਵੱਡੀ ਤਬਦੀਲੀ ਦਾ ਗਵਾਹ ਬਣ ਰਿਹਾ ਹੈ। ਸਗੋਂ ਵੱਧ ਠੀਕ ਕਿਹਾ ਜਾਵੇ ਤਾਂ ਇਹ ਤਬਦੀਲੀ ਦਾ ਗਵਾਹ ਬਣ ਚੁੱਕਾ ਹੈ। ਪਿਛਲਾ ਸਮਾਂ ਨਾ ਵੀ ਗਿਣੀਏ ਤਾਂ ਹਰਿਆਣੇ ਨੂੰ ਕੱਢ ਦੇਣ ਪਿੱਛੋਂ ਬਾਕੀ ਬਚੇ ਮੌਜੂਦਾ ਪੰਜਾਬ ਵਿਚ ਤੇਈ-ਤੇਈ ਸਾਲਾਂ ਤੋਂ ਵੱਧ ਅਗਵਾਈ ਕਰ ਚੁੱਕੀਆਂ ਦੋ ਵੱਡੀਆਂ ਪਾਰਟੀਆਂ, ਕਾਂਗਰਸ ਤੇ ਅਕਾਲੀ ਦਲ ਦੀ ਲੀਡਰਸਿ਼ਪ ਨੂੰ ਲੋਕਾਂ ਨੇ ਰੱਦ ਕਰ ਕੇ ਇੱਕ ਨਵੀਂ ਪਾਰਟੀ ਨੂੰ ਅਗਵਾਈ ਸੌਂਪ ਦਿੱਤੀ ਹੈ।

ਇਸ ਪਾਰਟੀ ਦੀ ਜਿੱਤ ਵੀ ਏਨੀ ਜ਼ੋਰਦਾਰ ਹੈ ਕਿ ਇੱਕ ਸੌ ਸਤਾਰਾਂ ਵਿਚੋਂ ਬਾਨਵੇਂ ਵਿਧਾਇਕ ਇਸ ਇੱਕੋ ਪਾਰਟੀ ਦੇ ਚੁਣੇ ਗਏ ਤੇ ਦੂਸਰਿਆਂ ਦੀ ਸ਼ਰਮਨਾਕ ਹਾਰ ਹੋਈ ਹੈ। ਕਾਂਗਰਸ ਪਾਰਟੀ ਮਸਾਂ ਡੇਢ ਦਰਜਨ ਵਿਧਾਇਕ ਜਿਤਵਾ ਸਕੀ ਤੇ ਅਕਾਲੀ ਦਲ ਲਈ ਪੰਜਾਬ ਦੇ ਤਿੰਨਾਂ ਖੇਤਰਾਂ ਮਾਝਾ, ਮਾਲਵਾ ਤੇ ਦੋਆਬਾ ਤੋਂ ਮਸਾਂ ਇੱਕ-ਇੱਕ ਵਿਧਾਇਕ ਮਿਲਾ ਕੇ ਤਿੰਨ ਜਣੇ ਜਿੱਤ ਸਕੇ ਹਨ ਤੇ ਦੋਵਾਂ ਪਾਰਟੀਆਂ ਦੀ ਮੁੱਖ ਲੀਡਰਸਿ਼ਪ ਅਸਲੋਂ ਰੁਲ ਗਈ ਹੈ। ਲੋਕਾਂ ਨੇ ਇੱਕੋ ਵਾਰ ਕਾਂਗਰਸੀ ਮੁੱਖ ਮੰਤਰੀ ਨੂੰ ਦੋ ਹਲਕਿਆਂ ਵਿਚੋਂ ਹਰਾ ਦਿੱਤਾ ਅਤੇ ਇਸ ਪਾਰਟੀ ਦੇ ਦੋ ਸਾਬਕਾ ਮੁੱਖ ਮੰਤਰੀ ਵੀ ਇਸ ਚੋਣ ਵਿਚ ਹਾਰ ਗਏ। ਪੰਜਾਬ ਦੇ ਸਿਆਸੀ ਖੇਤਰ ਵਿਚ ਕਾਂਗਰਸ ਦੀ ਅੱਧੀ ਸਦੀ ਤੋਂ ਵੱਧ ਸਮਾਂ ਸ਼ਰੀਕਣੀ ਬਣਦੀ ਰਹੀ ਅਕਾਲੀ ਪਾਰਟੀ ਦਾ ਪੰਜ ਵਾਰ ਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਬੜੀ ਬੁਰੀ ਤਰ੍ਹਾਂ ਹਾਰ ਗਿਆ ਤੇ ਉਸ ਦਾ ਸਾਬਕਾ ਡਿਪਟੀ ਮੁੱਖ ਮੰਤਰੀ ਪੁੱਤਰ ਵੀ ਪੂਰਾ ਮੁੱਖ ਮੰਤਰੀ ਬਣਨ ਦੇ ਸੁਫਨੇ ਲੈਂਦਾ ਹਾਰ ਦਾ ਗਮ ਲੈ ਕੇ ਬਹਿ ਗਿਆ। ਜਿਹੜੀ ਪਾਰਟੀ ਪੰਜ ਸਾਲ ਪਹਿਲਾਂ ਦੀ ਚੋਣ ਵਿਚ ਪੰਜਾਬ ਦੀ ਕਮਾਨ ਸਾਂਭਣ ਦਾ ਦਾਅਵਾ ਕਰਦੀ ਮਸਾਂ ਵੀਹ ਸੀਟਾਂ ਜਿੱਤ ਸਕੀ ਤੇ ਬਾਹਰਿਲਆਂ ਦੀ ਚੁੱਕ ਹੇਠ ਇਸ ਦੇ ਦਸ ਵਿਧਾਇਕ ਪਾਰਟੀ ਛੱਡ ਕੇ ਇਸ ਲਈ ਨਮੋਸ਼ੀ ਦਾ ਕਾਰਨ ਬਣੇ ਸਨ, ਇਨ੍ਹਾਂ ਚੋਣਾਂ ਵਿਚ ਉਸ ਧਿਰ ਨੂੰ ਫਿਰ ਨਿਕੰਮਾ ਤੇ ਕਈ ਕੁਝ ਹੋਰ ਕਿਹਾ ਜਾਂਦਾ ਰਿਹਾ ਸੀ, ਪਰ ਉਹ ਪੰਜਾਬ ਦੀਆਂ ਦੋਵਾਂ ਮੁੱਖ ਧਿਰਾਂ ਨੂੰ ਹਰਾ ਕੇ ਜਿੱਤ ਗਈ ਹੈ। ਇਸ ਪਾਰਟੀ ਦੇ ਮੁਖੀ ਭਗਵੰਤ ਮਾਨ ਨੇ ਹਰਮਨ ਪਿਆਰਤਾ ਦੇ ਪੱਖੋਂ ਸਾਰੇ ਪਿਛਲੇ ਮੁੱਖ ਮੰਤਰੀਆਂ ਨੂੰ ਪਛਾੜ ਦਿੱਤਾ ਹੈ।
ਇਸ ਰਾਜ ਵਿਚ ਇਸ ਪੱਖੋਂ ਤਬਦੀਲੀ ਦਾ ਪਹਿਲਾ ਪ੍ਰਗਟਾਵਾ ਇਹ ਸੀ ਕਿ ਨਵੇਂ ਮੁੱਖ ਮੰਤਰੀ ਦੇ ਸਹੁੰ ਚੁੱਕਣ ਦੀ ਰਸਮ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਵਿਚ ਕੀਤੀ ਗਈ ਹੈ। ਨਵੇਂ ਮੁੱਖ ਮੰਤਰੀ ਦੀ ਕਾਰਗੁਜ਼ਾਰੀ ਬਾਰੇ ਬਾਕੀ ਦਾ ਲੇਖਾ ਬਾਅਦ ਵਿਚ ਕੀਤਾ ਜਾਵੇਗਾ, ਪਰ ਸਰਕਾਰ ਸੰਭਾਲਦੇ ਸਾਰ ਜਿਹੜੇ ਪਹਿਲੇ ਕਦਮ ਉਠਾਏ ਹਨ, ਉਹ ਪੰਜਾਬ ਦੇ ਲੋਕਾਂ ਦੀ ਸ਼ਲਾਘਾ ਖੱਟਣ ਵਾਲੇ ਹਨ। ਚਾਰਜ ਲੈਂਦੇ ਸਾਰ ਨਵੇਂ ਮੁੱਖ ਮੰਤਰੀ ਨੇ ਅਫਸਰਾਂ ਦੀ ਬੈਠਕ ਵਿਚ ਸਾਫ ਕਹਿ ਦਿੱਤਾ ਕਿ ਲੋਕਤੰਤਰ ਵਿਚ ਸਾਡੇ ਸਭਨਾਂ ਤੋਂ ਵੱਡੇ ਲੋਕ ਹੁੰਦੇ ਹਨ, ਜਿਹੜੇ ਕਿਸੇ ਨੂੰ ਫਰਸ਼ ਤੋਂ ਅਰਸ਼ ਤੱਕ ਪਹੁੰਚਾਉਣ ਦੀ ਤਾਕਤ ਦੇ ਮਾਲਕ ਹਨ ਤੇ ਅਰਸ਼ ਉੱਤੇ ਪਹੁੰਚਿਆ ਆਗੂ ਜੇ ਆਸਾਂ ਉੱਤੇ ਪੂਰਾ ਨਹੀਂ ਉੱਤਰਦਾ ਤਾਂ ਫਰਸ਼ ਉੱਤੇ ਵੀ ਸੁੱਟਣ ਦੇ ਸਮਰੱਥ ਹਨ ਅਤੇ ਅਫਸਰਸ਼ਾਹੀ ਲੋਕਾਂ ਲਈ ਹਾਕਮ ਨਹੀਂ, ਸੇਵਕ ਹੋਣੀ ਚਾਹੀਦੀ ਹੈ। ਅਫਸਰਾਂ ਨੂੰ ਇਹ ਵੀ ਕਹਿ ਦਿੱਤਾ ਕਿ ਜਿਹੜੇ ਅਫਸਰ ਚੰਗਾ ਕੰਮ ਕਰਨਗੇ, ਉਨ੍ਹਾਂ ਦਾ ਸਨਮਾਨ ਸਰਕਾਰ ਕਰੇਗੀ ਤੇ ਜਿਨ੍ਹਾਂ ਦੀ ਆਮ ਲੋਕਾਂ ਨਾਲ ਕਿਸੇ ਮਾੜੇ ਵਿਹਾਰ ਦੀ ਸਿ਼ਕਾਇਤ ਆਈ, ਉਹ ਕਿਸੇ ਹਮਦਰਦੀ ਦੀ ਝਾਕ ਵੀ ਨਾ ਰੱਖਣ। ਅਗਲੇ ਦਿਨ ਮੁੱਖ ਮੰਤਰੀ ਨੇ ਨਰਮੇ ਵਾਲੇ ਕਿਸਾਨਾਂ ਨੂੰ ਸੁੰਡੀ ਨਾਲ ਖਰਾਬ ਹੋਈ ਫਸਲ ਦਾ ਚਿਰਾਂ ਦਾ ਰੁਕਿਆ ਮੁਆਵਜ਼ਾ ਦੇਣ ਲਈ ਹੁਕਮ ਜਾਰੀ ਕੀਤਾ ਤਾਂ ਨਾਲ ਨਰਮੇ ਦੀ ਚੁਗਾਈ ਕਰ ਕੇ ਪਰਿਵਾਰ ਪਾਲਣ ਵਾਲੇ ਮਜ਼ਦੂਰਾਂ ਦੇ ਪਰਿਵਾਰਾਂ ਦਾ ਖਿਆਲ ਵੀ ਰੱਖਿਆ ਅਤੇ ਉਨ੍ਹਾਂ ਦੀ ਮਦਦ ਲਈ ਵੀ ਬਣਦੀ ਨਕਦ ਸਹਾਇਤਾ ਦੇਣ ਦਾ ਹੁਕਮ ਦੇ ਦਿੱਤਾ ਹੈ।
ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਇਹ ਸਰਕਾਰ ਗੱਲਾਂ ਤਾਂ ਬਹੁਤ ਕਰਦੀ ਹੈ, ਅਮਲ ਵਿਚ ਕੰਮ ਕਰਨਾ ਏਨਾ ਸੌਖਾ ਨਹੀਂ ਹੁੰਦਾ, ਇਸ ਕੋਲੋਂ ਕੀਤੇ ਗਏ ਵਾਅਦਿਆਂ ਮੁਤਾਬਕ ਸਿੱਟੇ ਨਹੀਂ ਨਿਕਲ ਸਕਣੇ। ਸਾਡੀ ਸਮਝ ਕਹਿੰਦੀ ਹੈ ਕਿ ਕਰਨ ਵਾਲੇ ਦੀ ਨੀਤ ਸਾਫ ਹੋਣ ਨਾਲ ਉਹ ਕੰਮ ਵੀ ਹੋ ਜਾਂਦੇ ਹਨ, ਜਿਹੜੇ ਕਿਸੇ ਹੋਰ ਨੇ ਨਹੀਂ ਕੀਤੇ ਤੇ ਏਸੇ ਸਰਕਾਰੀ ਮਸ਼ੀਨਰੀ ਤੋਂ ਕਰਵਾਉਣ ਦੀਆਂ ਮਿਸਾਲਾਂ ਵੀ ਮੌਜੂਦ ਹਨ। ਇਸ ਦੀ ਇੱਕ ਮਿਸਾਲ ਇਸ ਵਾਰ ਅਸੈਂਬਲੀ ਚੋਣਾਂ ਦੇ ਵਕਤ ਮਿਲ ਗਈ। ਪੰਜਾਬ ਦੇ ਮੌਜੂਦਾ ਮੁੱਖ ਚੋਣ ਅਫਸਰ ਡਾਕਟਰ ਕਰੁਣਾ ਰਾਜੂ ਦੀ ਨੀਤ ਉੱਤੇ ਕੋਈ ਸ਼ੱਕ ਨਹੀਂ ਕਰ ਸਕਦਾ। ਉਨ੍ਹਾਂ ਨੇ ਸਾਫ-ਸਾਫ ਕਹਿ ਦਿੱਤਾ ਕਿ ਕਾਨੂੰਨ ਦੀ ਉਲੰਘਣਾ ਨਹੀਂ ਹੋਣ ਦੇਣਗੇ ਅਤੇ ਹੋਣ ਵੀ ਨਹੀਂ ਦਿੱਤੀ। ਹੋਰ ਤਾਂ ਹੋਰ, ਇਸ ਵਾਰੀ ਕਾਨੂੰਨ ਤੋਂ ਭਗੌੜੇ ਏਨੇ ਅਪਰਾਧੀ ਸਿਰਫ ਚੋਣਾਂ ਦੌਰਾਨ ਫੜੇ ਗਏ ਕਿ ਪੂਰੀ ਗਿਣਤੀ ਦਾ ਪਤਾ ਲੱਗਣ ਨਾਲ ਬੰਦਾ ਹੈਰਾਨ ਹੋ ਜਾਂਦਾ ਹੈ। ਵੋਟਾਂ ਪੈਣ ਤੋਂ ਦੋ ਦਿਨ ਪਹਿਲਾਂ ਇੱਕ ਆਮ ਨਾਗਰਿਕ ਨੇ ਉਨ੍ਹਾਂ ਨੂੰ ਇੱਕ ਸੁਨੇਹਾ ਭੇਜ ਦਿੱਤਾ ਕਿ ਫਲਾਣੇ ਇਲਾਕੇ ਵਿਚ ਇੱਕ ਗੈਂਗਸਟਰ ਫਿਰਦਾ ਹੈ, ਜਿਹੜਾ ਵੋਟਾਂ ਵਾਲੇ ਦਿਨ ਕੋਈ ਚੰਦ ਚਾੜ੍ਹ ਸਕਦਾ ਹੈ। ਡਾਕਟਰ ਕਰੁਣਾ ਰਾਜੂ ਨੇ ਸੰਬੰਧਤ ਜਿ਼ਲ੍ਹੇ ਦੇ ਪੁਲਿਸ ਮੁਖੀ ਨੂੰ ਕਿਹਾ ਅਤੇ ਨਾਲ ਉਸ ਤੋਂ ਡੀ ਐੱਸ ਪੀ ਦਾ ਨੰਬਰ ਵੀ ਲੈ ਲਿਆ, ਜਿਸ ਨੇ ਇਹ ਕੰਮ ਕਰਨਾ ਸੀ। ਫਿਰ ਉਸ ਡੀ ਐੱਸ ਪੀ ਨੂੰ ਫੋਨ ਕਰ ਕੇ ਹਰ ਅੱਧੇ ਘੰਟੇ ਪਿੱਛੋਂ ਕੀਤੀ ਕਾਰਵਾਈ ਦੀ ਰਿਪੋਰਟ ਦੇਣ ਅਤੇ ਆਪਣੀ ਲੋਕੇਸ਼ਨ ਦੱਸਣ ਨੂੰ ਕਹਿ ਦਿੱਤਾ ਤੇ ਜਦੋਂ ਡੀ ਐੱਸ ਪੀ ਨੇ ਗੱਲਾਂ ਵਿਚ ਘੁਮਾਉਣ ਲਈ ਥੋੜ੍ਹਾ ਸਮਾਂ ਖਾਲੀ ਲੰਘਾ ਦਿੱਤਾ ਤਾਂ ਉਸ ਨੂੰ ਕਹਿ ਦਿੱਤਾ ਕਿ ਜੇ ਗੈਂਗਸਟਰ ਨਾ ਫੜਿਆ ਤਾਂ ਇੱਕ ਘੰਟੇ ਵਿਚ ਏਥੇ ਨਵਾਂ ਡੀ ਐੱਸ ਪੀ ਆਵੇਗਾ ਅਤੇ ਤੁਸੀਂ ਕਾਰਵਾਈ ਦਾ ਸਾਹਮਣਾ ਕਰੋਗੇ। ਵਰਦੀ ਲਹਿ ਜਾਣ ਦੀ ਚਿੰਤਾ ਵਿਚ ਅਜੇ ਤੱਕ ਗੱਲ ਟਾਲਦੇ ਰਹੇ ਡੀ ਐੱਸ ਪੀ ਨੇ ਅੱਧੇ ਘੰਟੇ ਤੋਂ ਪਹਿਲਾਂ ਰਿਪੋਰਟ ਭੇਜ ਦਿੱਤੀ ਕਿ ਗੈਂਗਸਟਰ ਫੜ ਲਿਆ ਹੈ, ਕਿਉਂਕਿ ਲੱਭਣ ਦੀ ਲੋੜ ਨਹੀਂ ਸੀ, ਉਸ ਨੂੰ ਪਤਾ ਹੋਵੇਗਾ ਕਿ ਬੰਦਾ ਕਿਸ ਰਾਜਸੀ ਆਗੂ ਨੇ ਕਿੱਥੇ ਲੁਕਾਇਆ ਹੈ!
ਇਹ ਸਿਰਫ ਇੱਕ ਮਿਸਾਲ ਹੈ, ਪਰ ਇੱਕੋ-ਇੱਕੋ ਨਹੀਂ, ਅਗਲੇ ਦਿਨਾਂ ਵਿਚ ਏਦਾਂ ਦੀਆਂ ਕਈ ਮਿਸਾਲਾਂ ਹੋਰ ਵੀ ਮਿਲਣ ਦੀ ਆਸ ਹੈ। ਸਰਕਾਰ ਜਦੋਂ ਕੁਝ ਅਗਲੇ ਕਦਮ ਉਠਾਵੇਗੀ ਤੇ ਦਫਤਰਾਂ ਵਿਚ ਸਿਰਫ ਲੋਕ ਲੁਭਾਊ ਛਾਪਿਆਂ ਦੀ ਕਾਰਵਾਈ ਪਾਉਣ `ਚ ਰੁੱਝੇ ਆਪਣੇ ਵਿਧਾਇਕਾਂ ਨੂੰ ਅਨੁਸ਼ਾਸਨ ਵਿਚ ਰੱਖੇਗੀ, ਉਸ ਮਗਰੋਂ ਉਸ ਬਾਰੇ ਅਗਲੇ ਪੜਾਵਾਂ ਵਿਚ ਸੋਚਿਆ ਜਾ ਸਕਦਾ ਹੈ, ਪਰ ਮੁੱਢਲੇ ਪੱਧਰ ਉੱਤੇ ਲੋਕਾਂ ਨੂੰ ਉਸ ਤੋਂ ਆਸਾਂ ਬਹੁਤ ਹਨ। ਆਮ ਲੋਕਾਂ ਦੀਆਂ ਇਨ੍ਹਾਂ ਵੱਡੀਆਂ ਆਸਾਂ ਮੁਤਾਬਕ ਕੰਮ ਕਰਨਾ ਅਤੇ ਸਿੱਟੇ ਕੱਢਣਾ ਇਸ ਪਾਰਟੀ ਲਈ ਵੱਡਾ ਇਮਤਿਹਾਨ ਹੈ। ਪੰਜਾਬ ਦੇ ਲੋਕਾਂ ਨੇ ਜਿੱਦਾਂ ਦਾ ਫਤਵਾ ਦਿੱਤਾ ਹੈ, ਉਸ ਦੇ ਬਾਅਦ ਨਾਅਰੇ ਭਾਵੇਂ ਇਨਕਲਾਬ ਦੇ ਲੱਗਦੇ ਰਹੇ ਹੋਣ, ਇਹ ਕੋਈ ਵਿਚਾਰਧਾਰਕ ਜਾਂ ਵੱਖਰੇ ਸਮਾਜ ਦੀ ਸਿਧਾਂਤਕ ਪਹੁੰਚ ਵਾਲਾ ਇਨਕਲਾਬ ਨਹੀਂ ਮੰਨਣਾ ਚਾਹੀਦਾ। ਇਹ ਇੱਕ ਤਬਦੀਲੀ ਜ਼ਰੂਰ ਹੈ, ਪਰ ਤਬਦੀਲੀ ਇਸੇ ਸਿਆਸੀ ਢਾਂਚੇ ਅੰਦਰ ਆਏ ਵਿਗਾੜਾਂ ਨੂੰ ਏਸੇ ਸੰਵਿਧਾਨ ਤੇ ਅਜੋਕੇ ਨਿਯਮਾਂ ਦੇ ਅਧੀਨ ਚੱਲਦੇ ਹੋਏ ਹੀ ਸਮਾਜ ਨੂੰ ਸੁਧਾਰ ਕੇ ਲੀਹ ਉੱਤੇ ਪਾਉਣ ਵੱਲ ਸੇਧਤ ਹੈ। ਸਮਾਜ ਸੁਧਾਰਕ ਅੰਨਾ ਹਜ਼ਾਰੇ ਨੇ ਭਾਰਤ ਦੇ ਲੋਕਾਂ ਦੀ ਚੇਤਨਾ ਨੂੰ ਜਦੋਂ ਟੁੰਬਿਆ ਤੇ ਉਨ੍ਹਾਂ ਨੂੰ ਸਿਰਫ ਭ੍ਰਿਸ਼ਟਾਚਾਰ ਵਿਰੋਧ ਦੇ ਇੱਕ ਨੁਕਤੇ ਉੱਤੇ ਲਾਮਬੰਦੀ ਦੇ ਰਾਹ ਪਾਇਆ ਸੀ, ਉਹ ਵੀ ਕੋਈ ਸਿਧਾਂਤਕ ਪੱਖ ਤੋਂ ਇਨਕਲਾਬ ਦੀ ਲਹਿਰ ਨਹੀਂ, ਇਸੇ ਸਿਸਟਮ ਦੇ ਅੰਦਰ ਆ ਚੁੱਕੇ ਵਿਗਾੜਾਂ ਨੂੰ ਸੁਧਾਰਨ ਦੀ ਕੋਸਿ਼ਸ਼ ਸੀ। ਜਦੋਂ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਦਾ ਕ੍ਰਿਸ਼ਮਾ ਹੋਇਆ ਤੇ ਭਾਰਤ ਦੀ ਰਾਜਧਾਨੀ ਦੇ ਲੋਕਾਂ ਨੇ ਉਸ ਦਾ ਕੰਮ ਹੁੰਦਾ ਵੇਖਿਆ ਤਾਂ ਅਗਲੀ ਵਾਰ ਫਿਰ ਕੇਜਰੀਵਾਲ ਦੀ ਅਗਵਾਈ ਦੇ ਹੱਕ ਵਿਚ ਫਤਵਾ ਦੇ ਦਿੱਤਾ ਸੀ। ਉਸ ਦੀਆਂ ਲਗਾਤਾਰ ਇਨ੍ਹਾਂ ਦੋ ਜਿੱਤਾਂ ਨੇ ਭਾਰਤੀ ਲੋਕਾਂ ਨੂੰ ਵਿਖਾ ਦਿੱਤਾ ਸੀ ਕਿ ਸਿਰਫ ਕਿਸੇ ਇੱਕ ਧਰਮ ਦੇ ਨਾਂਅ ਉੱਤੇ ਆਮ ਲੋਕਾਂ ਨੂੰ ਉਕਸਾ ਕੇ ਹੀ ਰਾਜ ਦੀ ਮਿਆਦ ਲੰਮੀ ਨਹੀਂ ਕੀਤੀ ਜਾਂਦੀ, ਆਮ ਲੋਕਾਂ ਦਾ ਸਾਹ ਅਮਲ ਵਿਚ ਸੁਖਾਲਾ ਕੀਤਾ ਜਾਵੇ ਤਾਂ ਲੋਕ ਇਸ ਦੀ ਵੀ ਏਨੀ ਕਦਰ ਪਾਉਂਦੇ ਹਨ ਕਿ ਬਾਕੀ ਸਭ ਗੱਲਾਂ ਰੱਦ ਕਰ ਦੇਂਦੇ ਹਨ। ਪੰਜਾਬ ਵਿਚ ਜਿਹੜੀ ਤਬਦੀਲੀ ਆਈ ਹੈ, ਉਹ ਕਿਸੇ ਸਿਧਾਂਤਕ ਸੋਚਣੀ ਦੀ ਪ੍ਰਤੀਕ ਨਹੀਂ, ਪੰਜਾਬ ਦੇ ਆਮ ਲੋਕਾਂ ਦੀ ਇਸ ਇੱਛਾ ਦੀ ਪ੍ਰਤੀਕ ਹੈ ਕਿ ਇਸ ਰਾਜ ਵਿਚ ਆਮ ਲੋਕਾਂ ਦੀ ਕਦਰ ਕਦੇ ਨਾ ਕਦੇ ਪੈਣੀ ਚਾਹੀਦੀ ਹੈ। ਇਸ ਨੇਕ ਸੋਚ ਲਈ ਲੋਕਾਂ ਨੇ ਵੋਟਾਂ ਪਾਈਆਂ ਹਨ ਅਤੇ ਇਸ ਸੋਚ ਲਈ ਨਵੀਂ ਸਰਕਾਰ ਨੂੰ ਅਗਲੇ ਕਦਮ ਪੁੱਟਣੇ ਪੈਣਗੇ ਅਤੇ ਯਾਦ ਰੱਖਣਾ ਹੋਵੇਗਾ ਕਿ ਜਿੰਨਾ ਵੀ ਲੰਮਾ ਸਮਝਿਆ ਜਾਵੇ, ਪੰਜ ਸਾਲ ਵਾਲਾ ਸਮਾਂ ਨਾ ਕੰਮ ਕਰਨ ਦੇ ਲਈ ਬਹੁਤਾ ਹੁੰਦਾ ਹੈ, ਨਾ ਲੋਕਾਂ ਨੂੰ ਗੱਲਾਂ ਵਿਚ ਲਾ ਕੇ ਡੰਗ ਟਪਾਉਣ ਲਈ ਮਿਲਿਆ ਹੁੰਦਾ ਹੈ। ਇੱਕ-ਇੱਕ ਦਿਨ ਕਰ ਕੇ ਕਿਰਦੇ ਜਾ ਸਕਦੇ ਇਸ ਪੰਜ ਸਾਲਾਂ ਵਾਲੇ ਸਮੇਂ ਵਿਚ ਹਰ ਪਲ ਲੋਕਾਂ ਦੇ ਲੇਖੇ ਲਾਉਣਾ ਪਵੇਗਾ। ਸਿੱਟੇ ਤਦੇ ਹੀ ਨਿਕਲਣਗੇ।