ਬੜੇ ਬੇਆਬਰੂ ਹੋਕਰ ਤੇਰੇ ਕੂਚੇ ਸੇ ਹਮ ਨਿਕਲੇ

ਕੁਲਵੰਤ ਸਿੰਘ ‘ਢੇਸੀ’
ਪੰਜਾਬ ਵਿਧਾਨ ਸਭਾ 2022 ਦੀਆਂ ਚੋਣਾਂ ਦੇ ਨਤੀਜਿਆਂ ਨੇ ਤਹਿਲਕੇ ਵਾਲੇ ਹਾਲਾਤ ਪੈਦਾ ਕੀਤੇ ਹਨ। ਬੇਸ਼ਕ ਪੇਸ਼ੀਨਗੋਈਆਂ ਤਾਂ ਆਮ ਆਦਮੀ ਪਾਰਟੀ ਦੇ ਹੱਕ ਵਿਚ ਦੇਰ ਤੋਂ ਹੋ ਰਹੀਆਂ ਸਨ ਪਰ ਆਮ ਚਰਚਾ ਇਹ ਹੀ ਸੀ ਕਿ ਇਨ੍ਹਾਂ ਚੋਣਾਂ ਵਿਚ ਕਿਸੇ ਵੀ ਸਿਆਸੀ ਦਲ ਨੂੰ ਬਹੁਮੱਤ ਨਹੀਂ ਮਿਲਣਾ ਇਸ ਕਾਰਨ ਜਾਂ ਤਾਂ ਪੰਜਾਬ ਵਿਚ ਮਿਲਗੋਭਾ ਸਰਕਾਰ ਬਣੇਗੀ ਅਤੇ ਜਾਂ ਰਾਜਨੀਤਕ ਖਿਲਾਰਾ ਐਸਾ ਪਏਗਾ ਕਿ ਪੰਜਾਬ ਵਿਚ ਰਾਸ਼ਟਰਪਤੀ ਰਾਜ ਦੇ ਹਾਲਾਤ ਪੈਦਾ ਕਰ ਦੇਵੇਗਾ।

ਇਹ ਤਾਂ ਕਿਸੇ ਦੇ ਚਿੱਤ ਚੇਤੇ ਵੀ ਨਹੀਂ ਸੀ ਕਿ ਇਨ੍ਹਾਂ ਚੋਣਾਂ ਵਿਚ ਆਪ ਦੀ ਬਹੁਕਰ ਵਿਰੋਧੀਆਂ ਦਾ ਕੂੜਾ ਹੀ ਕਰ ਦੇਵੇਗੀ। ਆਪ ਦੀ ਬਹੁਕਰ ਐਸੀ ਫਿਰੀ ਕਿ ਪੰਜਾਬ ਦੇ ਸਾਰੇ ਢੁੱਠਾਂ ਵਾਲੇ ਵੱਡੇ ਚਿਹਰੇ ਮੂਧੇ ਮੂੰਹ ਜਾ ਪਏ। ਇਨ੍ਹਾਂ ਢੁੱਠਾਂ ਵਾਲਿਆਂ ਵਿਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਬੀਬੀ ਭੱਠਲ, ਨਵਜੋਤ ਸਿੰਘ ਸਿੱਧੂ ਅਤੇ ਅਕਾਲੀ ਦਲ ਦੇ ਸ. ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਅਤੇ ਅਨੇਕਾਂ ਹੋਰ ਨਾਮ ਸ਼ਾਮਲ ਹਨ। ਕਾਂਗਰਸ ਅਤੇ ਅਕਾਲੀਆਂ ਤੋਂ ਬਾਗੀ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਦੇਵ ਸਿੰਘ ਢੀਂਡਸਾ ਵਗੈਰਾ ਵੀ ਰਾਜਨੀਤਕ ਤੌਰ `ਤੇ ਅਣਹੋਏ ਹੋ ਕੇ ਰਹਿ ਗਏ। ਇਨ੍ਹਾਂ ਦੇ ਨਾਲ ਨਾਲ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਸਿਮਰਨਜੀਤ ਸਿੰਘ ਮਾਨ ਦਾ ਹਾਰ ਜਾਣਾ ਅਤੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਦੀ ਜ਼ਮਾਨਤ ਜ਼ਬਤ ਹੋਣਾ ਵੀ ਵੱਡਾ ਧਮਾਕਾ ਸਾਬਤ ਹੋਇਆ ਅਤੇ ਇਨ੍ਹਾਂ ਦੋਹਾਂ ਦਲਾਂ ਦਾ ਤਾਂ ਇਕ ਵੀ ਵਿਧਾਇਕ ਕਾਮਯਾਬ ਨਾ ਹੋ ਸਕਿਆ।
ਵਿਧਾਨ ਸਭਾ ਚੋਣਾਂ ਦੇ ਨਤੀਜਿਆਂ `ਤੇ ਮੋਟੀ ਨਜ਼ਰ ਮਾਰੀਏ ਤਾਂ ਆਮ ਆਦਮੀ ਪਾਰਟੀ ਨੇ ਜਿੱਥੇ 92 ਸੀਟਾਂ `ਤੇ ਕਾਮਯਾਬੀ ਹਾਸਲ ਕਰ ਕੇ ਹੂੰਝਾ ਫੇਰ ਜਿੱਤ ਹਾਸਲ ਕੀਤੀ ਹੈ ਉਥੇ ਕਾਂਗਰਸ ਦੇ ਹਿੱਸੇ 18 ਸੀਟਾਂ, ਅਕਾਲੀ ਦਲ ਕੇਵਲ ਤਿੰਨ ਅਤੇ ਭਾਜਪਾ ਦੋ ਸੀਟਾਂ `ਤੇ ਸਿਮਟ ਗਈ ਹੈ। ਇਸ ਵੇਲੇ ਸਭ ਤੋਂ ਮਾੜੀ ਹਾਲਤ ਅਕਾਲੀ ਦਲ ਦੀ ਹੈ, ਜਿਸ ਨੂੰ ਪੰਜਾਬ ਦੀ ਵਾਰਸ ਪਾਰਟੀ ਕਹਿ ਕੇ ਸਨਮਾਨਿਆ ਜਾਂਦਾ ਰਿਹਾ ਹੈ। ਇਹ ਤਾਂ ਕਿਸੇ ਦੇ ਸੁੱਖ ਸੁਫਨੇ ਵਿਚ ਵੀ ਨਹੀਂ ਸੀ ਕਿ 95 ਸਾਲ ਦੀ ਉਮਰ ਨੂੰ ਢੁਕ ਕੇ ਸ. ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੀ ਰਾਜਨੀਤੀ ਵਿਚੋਂ ਇਸ ਤਰ੍ਹਾਂ ਬੇਆਬਰੂ ਹੋ ਕੇ ਅਲੋਪ ਹੋ ਜਾਣਗੇ।
ਪੰਜਾਬੀ ਬੇਸ਼ੱਕ ਜਜ਼ਬਾਤੀ ਲੋਕ ਹਨ ਅਤੇ ਉਹ ਅਕਸਰ ਹੀ ਉਲਾਰ ਨਾਅਰਿਆਂ ਦਾ ਸ਼ਿਕਾਰ ਹੋ ਜਾਂਦੇ ਹਨ ਪਰ ਹੁਣ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਪੰਜਾਬੀਆਂ ਨੇ ਹੁਣ ਉਲਾਰ ਅਤੇ ਜਜ਼ਬਾਤੀ ਨਾਅਰਿਆਂ ਦਾ ਸ਼ਿਕਾਰ ਹੋਣਾ ਛੱਡ ਦਿੱਤਾ ਹੈ। ਪੰਜਾਬੀਆਂ ਨੇ ਜਿੱਥੇ ਨਹਿਰੂ ਗਾਂਧੀ ਦੀ ਅਖੌਤੀ ਧਰਮ ਨਿਰਪੱਖ ਕਾਂਗਰਸ ਤੋਂ ਮੂੰਹ ਮੋੜ ਲਿਆ ਹੈ ਉਥੇ ਹੀ ਆਰ ਐਸ ਐਸ ਦੇ ਹਿੰਦੂਤਵਾ ਏਜੰਡੇ ਨੂੰ ਵੀ ਮੂੰਹ ਨਹੀਂ ਲਾਇਆ। ਪੰਜਾਬੀਆਂ ਨੇ ਤਾਂ ਉਸ ਅਕਾਲੀ ਦਲ ਬਾਦਲ ਦੀ ਵੀ ਫੱਟੀ ਪੋਚ ਦਿੱਤੀ ਹੈ ਜੋ ਆਪਣੇ ਆਪ ਨੂੰ ਪੰਜਾਬ ਅਤੇ ਪੰਥ ਦੀ ਰੂਹੇ ਰਵਾਂ ਸਮਝਦਿਆਂ ਪੰਜਾਬ ਵਿਚ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਦੇਣ ਦੇ ਦਾਅਵੇ ਕਰਦਾ ਰਿਹਾ ਹੈ। ਇਸ ਦੇ ਨਾਲ ਹੀ ਪੰਜਾਬੀਆਂ ਨੇ ਉਸ ਸੋਚ ਦੀਆਂ ਜ਼ਮਾਨਤਾਂ ਵੀ ਜ਼ਬਤ ਕਰਵਾ ਦਿੱਤੀਆਂ ਜੋ ਕਿ ਪੰਜਾਬ ਨੂੰ ਖਾਲਿਸਤਾਨ ਬਣਾਉਣ ਦਾ ਐਲਾਨ ਲਗਾਤਾਰ ਕਰਦੀ ਰਹਿੰਦੀ ਹੈ।
ਪੰਜਾਬੀ ਹੁਣ ਉਸ ਰਾਜਨੀਤਕ ਦਲ ਨੂੰ ਪਰਖਣਾ ਚਾਹੁੰਦੇ ਹਨ ਜੋ ਪੰਜਾਬ ਦੇ ਜਨਤਕ ਮੁੱਦਿਆਂ ਨੂੰ ਪਹਿਲ ਦੇਵੇ। ਭਗਵੰਤ ਮਾਨ ਨੂੰ ਕੰਧ `ਤੇ ਲਿਖਿਆ ਪੜ੍ਹਨਾ ਚਾਹੀਦਾ ਹੈ ਕਿ ਉਹ ਧੂਮ ਤੜਾਕੇ ਦਾ ਪ੍ਰਗਟਾਵਾ ਕਰ ਕੇ ਲੋਕਾਂ ਨੂੰ ਬਹੁਤਾ ਚਿਰ ਜਨਤਕ ਮੁੱਦਿਆਂ ਤੋਂ ਨਹੀਂ ਵਰਗਲਾ ਸਕਦਾ।
ਭਗਵੰਤ ਸਿੰਘ ਮਾਨ ਵਲੋਂ ਸਰਕਾਰੀ ਅਦਾਰਿਆਂ ਵਿਚ ਕਿਤੇ ਵੀ ਮੁੱਖ ਮੰਤਰੀ ਦੀ ਫੋਟੋ ਨਾ ਲਾ ਕੇ ਡਾ. ਅੰਬੇਦਕਰ ਅਤੇ ਸ਼ਹੀਦ ਭਗਤ ਸਿੰਘ ਦੀਆਂ ਤਸਵੀਰਾਂ ਲਾਉਣ ਦੇ ਫੈਸਲੇ ਦਾ ਕਾਰਨ ਉਹ ਇਹ ਦੱਸ ਰਹੇ ਹਨ ਕਿ ਸ਼ਹੀਦ ਭਗਤ ਸਿੰਘ ਵਰਗੇ ਇਨਕਲਾਬੀਆਂ ਨੇ ਜਿੱਥੇ ਭਾਰਤ ਨੂੰ ਆਜ਼ਾਦੀ ਲੈ ਕੇ ਦਿੱਤੀ ਉਥੇ ਡਾ. ਅੰਬੇਦਕਰ ਨੇ ਉਸ ਆਜ਼ਾਦੀ ਨੂੰ ਮਾਨਣ ਲਈ ਭਾਰਤੀ ਸੰਵਿਧਾਨ ਬਣਾ ਕੇ ਦਿੱਤਾ ਸੀ। ਇਸ ਸਬੰਧੀ ਦੋ ਗੱਲਾਂ ਸਮਝਣੀਆਂ ਜ਼ਰੂਰੀ ਹਨ ਕਿ ਸ. ਮਾਨ ਨੂੰ ਪੰਜਾਬ ਵਿਚ ਜਿਸ ਦਿੱਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਕੰਮ ਕਰਨਾ ਪੈਣਾ ਹੈ, ਉਹ ਗਾਂਧੀਵਾਦੀ ਵਿਅਕਤੀ ਹੈ। ਇਹ ਗੱਲ ਸਾਰੇ ਜਾਣਦੇ ਹਨ ਕਿ ਮੋਹਨ ਚੰਦ ਕਰਮ ਚੰਦ ਗਾਂਧੀ ਨੇ ਰਾਜਗੁਰੂ, ਸੁਖਦੇਵ ਅਤੇ ਭਗਤ ਸਿੰਘ ਦੀ ਫਾਂਸੀ ਨੂੰ ਰੱਦ ਕਰਨ ਲਈ ਅੰਗਰੇਜ਼ ਸਰਕਾਰ ਨੂੰ ਕੋਈ ਅਪੀਲ ਤਕ ਵੀ ਨਹੀਂ ਸੀ ਕੀਤੀ। ਆਮ ਆਦਮੀ ਪਾਰਟੀ ਦਾ ਸੁਪਰੀਮੋ ਅਰਵਿੰਦ ਕੇਜਰੀਵਾਲ ਜੋ ਕਿ ਗਾਂਧੀਵਾਦੀ ਵਿਅਕਤੀ ਹੈ, ਉਸ ਨੇ ਭਵਿੱਖ ਦੇ ਪੰਜਾਬ ਵਿਚ ਸ਼ਹੀਦ ਭਗਤ ਸਿੰਘ ਦੇ ਬਿੰਬ ਦੀ ਉਸਾਰੀ ਨਹੀਂ ਹੋਣ ਦੇਣੀ ਸਗੋਂ ਉਸ ਨੇ ਤਾਂ ਭਾਜਪਾ ਵਾਂਗ ਇਨਕਲਾਬੀਆਂ ਅਤੇ ਸਿੱਖ ਸ਼ਹੀਦਾਂ ਦੇ ਆਦਰਸ਼ਾਂ ਨੂੰ ਨਕਾਰਨ ਦੀ ਕੋਸ਼ਿਸ਼ ਕਰਨੀ ਹੈ। ਸ. ਭਗਵੰਤ ਸਿੰਘ ਮਾਨ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਆਪਣੇ ਹੀ ਬਣਾਏ ਸੰਵਿਧਾਨ ਪ੍ਰਤੀ ਡਾ. ਅੰਬੇਦਕਰ ਦੇ ਕੀ ਖਿਆਲ ਸਨ। ਸਿੱਖ ਪ੍ਰਤੀਨਿਧਾਂ ਨੇ ਤਾਂ ਇਸ ਸੰਵਿਧਾਨ ਦੀ ਸਹਿਮਤੀ ਲਈ ਆਪਣੇ ਹਸਤਾਖਰ ਤਕ ਵੀ ਨਹੀਂ ਸਨ ਕੀਤੇ। ਇਹ ਇਤਿਹਾਸਕ ਤੱਥ ਹੈ ਕਿ ਡਾ. ਅੰਬੇਦਕਰ ਖੁਦ ਸਿੱਖ ਬਣ ਕੇ ਭਾਰਤ ਦੇ ਸਾਰੇ ਦਲਿਤਾਂ ਨੂੰ ਸਿੱਖ ਬਣਾਉਣਾ ਚਾਹੁੰਦੇ ਸਨ ਅਤੇ ਡਾ. ਅੰਬੇਦਕਰ ਦੇ ਕਹਿਣ ‘ਤੇ ਬੰਬਈ ਵਿਖੇ ਦੋ ਖਾਲਸਾ ਕਾਲਜਾਂ ਦੀ ਸਥਾਪਨਾ ਵੀ ਕੀਤੀ ਗਈ ਸੀ ਪਰ ਗਾਂਧੀ ਨੇ ਮਰਨ ਵਰਤ ਦੀ ਧਮਕੀ ਦੇ ਕੇ ਡਾ. ਅੰਬੇਦਕਰ ਦੇ ਖਿਆਲ ਬਦਲ ਦਿੱਤੇ ਕਿ ਜੇ ਗਾਂਧੀ ਭੁੱਖਾ ਰਹਿ ਕੇ ਮਰ ਗਿਆ ਤਾਂ ਭਾਰਤ ਵਿਚ ਦਲਿਤਾਂ ਦੀ ਨਸਲਕੁਸ਼ੀ ਹੋ ਜਾਵੇਗੀ। ਗਾਂਧੀ ਤਾਂ ਇੱਥੋਂ ਤਕ ਕਹਿੰਦਾ ਸੀ ਕਿ ਭਾਰਤੀ ਦਲਿਤ ਮੁਸਲਮਾਨ ਬਣਨਾ ਚਹੁੰਦਾ ਹੈ ਤਾਂ ਬਣ ਜਾਵੇ ਪਰ ਸਿੱਖ ਤਾਂ ਕਿਸੇ ਵੀ ਹਾਲਤ ਵਿਚ ਵੀ ਨਾ ਬਣੇ। ਗਾਂਧੀ ਦੇ ਆਦਰਸ਼ਾਂ ਦੀ ਪਾਲਣਾ ਕਰਨ ਵਾਲੇ ਕੇਜਰੀਵਾਲ ਨੇ ਦਿੱਲੀ ਦੀ ਰਾਜਨੀਤੀ ਵਿਚ ਕਿਸੇ ਸਿੱਖ ਵਿਧਾਇਕ ਨੂੰ ਵੀ ਨਹੀਂ ਸੀ ਸਵੀਕਾਰਿਆ ਅਤੇ ਹੁਣ ਪੰਜਾਬ ਵਿਚ ਭਗਵੰਤ ਮਾਨ ਦੇ ਚਿਹਰੇ ਨੂੰ ਸਵੀਕਾਰਨਾ ਉਸ ਦੀ ਵਕਤੀ ਮਜਬੂਰੀ ਹੈ। ਇਹ ਤਾਂ ਹੁਣ ਸਮਾਂ ਹੀ ਦੱਸੇਗਾ ਕਿ ਆਪ ਦੇ ਮੁੱਦੇ `ਤੇ ਪੰਜਾਬ ਦੇ ਲੋਕ ਦਹੀਂ ਦੇ ਭੁਲੇਖੇ ਕਪਾਹ ਦਾ ਫੁੱਟ ਤਾਂ ਨਹੀਂ ਨਿਗਲਣ ਲੱਗੇ।
ਭਗਵੰਤ ਮਾਨ ਨੂੰ ਚਾਹੀਦਾ ਹੈ ਕਿ ਉਹ ਆਪਣੇ ਤੋਂ ਪਹਿਲਾਂ ਵੱਡੀਆਂ ਕੁਰਸੀਆਂ `ਤੇ ਬੈਠੇ ਬੌਣੇ ਲੋਕਾਂ ਦਾ ਹਸ਼ਰ ਦੇਖ ਲਵੇ। ਸਿਵਾਇ ਗੁਰਨਾਮ ਸਿੰਘ ਗਿੱਲ ਦੇ ਪੰਜਾਬ ਦੇ ਲੋਕ ਇਨ੍ਹਾਂ ਬੌਣੇ ਆਗੂਆਂ ਦਾ ਨਾਮ ਤਕ ਨਹੀਂ ਸੁਣਨਾ ਚਾਹੁੰਦੇ। ਪੰਜਾਬ ਦੇ ਲੋਕ ਤਾਂ ਇਹ ਵੀ ਪੁੱਛਦੇ ਹਨ ਕਿ ਭਗਵੰਤ ਮਾਨ ਆਪਣੇ ਇਲਾਕੇ ਦੇ ਸ਼ਹੀਦ ਊਧਮ ਸਿੰਘ ਨੂੰ ਨਜ਼ਰ ਅੰਦਾਜ਼ ਕਰ ਕੇ ਭਗਤ ਸਿੰਘ ਨੂੰ ਪਹਿਲ ਕਿਉਂ ਦੇ ਰਿਹਾ ਹੈ। ਅਸੀਂ ਭਗਵੰਤ ਮਾਨ ਨੂੰ ਸ਼ਹੀਦ ਭਗਤ ਸਿੰਘ ਦੀ ਉਹ ਮੁਲਾਕਾਤ ਪੜ੍ਹਨ ਦੀ ਸਿਫਾਰਸ਼ ਕਰਾਂਗੇ ਜੋ ਕਿ ਗਦਰੀ ਸੂਰਮੇ ਪੰਥ ਰਤਨ ਭਾਈ ਸਾਹਿਬ ਭਾਈ ਰਣਧੀਰ ਸਿੰਘ ਨਾਲ ਲਾਹੌਰ ਜੇਲ੍ਹ ਵਿਚ ਹੋਈ ਸੀ। ਬੇਸ਼ੱਕ ਪੰਜਾਬ ਦੇ ਕਮਿਊਨਿਸਟਾਂ ਨੇ ਇਸ ਤੱਥ ਨੂੰ ਝੁਠਲਾਉਣ ਲਈ ਖੂਨ ਪਸੀਨਾ ਇਕ ਕੀਤਾ ਹੋਇਆ ਹੈ ਕਿ ਆਪਣੇ ਆਖਰੀ ਦਿਨਾਂ ਵਿਚ ਨਾਸਤਿਕਤਾ ਨੂੰ ਛੱਡ ਕੇ ਭਗਤ ਸਿੰਘ ਸਿੱਖੀ ਤੋਂ ਪ੍ਰੇਰਿਤ ਹੋ ਗਏ ਸਨ ਅਤੇ ਉਨ੍ਹਾਂ ਨੇ ਕੇਸ ਰੱਖ ਲਏ ਸਨ ਜਦ ਕਿ ਭਾਈ ਰਣਧੀਰ ਸਿੰਘ ਜੀ ਕੋਲ ਉਸ ਨੇ ਮੰਨਿਆ ਸੀ ਕਿ ਉਸ ਦੇ ਪਤਿਤ ਹੋਣ ਦਾ ਕਾਰਨ ਮਹਿਜ਼ ਭਾਰਤ ਦੀ ਹਿੰਦੂ ਮਾਨਸਿਕਤਾ ਵਿਚ ਹਰਮਨਪਿਆਰਾ ਹੋਣ ਲਈ ਹੀ ਸੀ।
ਇਹ ਸਭ ਵਿਆਖਿਆ ਦੇਣ ਤੋਂ ਸਾਡਾ ਮਤਲਬ ਕੇਵਲ ਇੱਕੋ ਹੀ ਹੈ ਕਿ ਬੇਸ਼ੱਕ ਇਸ ਸਚਾਈ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ ਕਿ ਭਾਰਤ ਦੀ ਆਜ਼ਾਦੀ ਦਾ ਸਿਹਰਾ ਸਿੱਖਾਂ ਸਿਰ ਰਿਹਾ ਹੈ ਅਤੇ ਇਥੋਂ ਤਕ ਕਿ ਮੌਜੂਦਾ ਕਿਸਾਨੀ ਅੰਦੋਲਨ ਵਿਚ ਸਿੱਖਾਂ ਦੀ ਅਗਵਾਈ ਕਾਰਨ ਹੀ ਅੰਦੋਲਨ ਵਿਚ ਸਫਲਤਾ ਮਿਲੀ ਅਤੇ ਮੋਦੀ ਨੂੰ ਆਖਰ ਮੂਧੇ ਮਾਰਿਆ ਗਿਆ ਪਰ ਹੁਣ ਭਗਵੰਤ ਸਿੰਘ ਮਾਨ ਦੇ ਸਿਰ ‘ਤੇ ਜਿਸ ਗਾਂਧੀ ਟੋਪੀ ਦਾ ਪ੍ਰਛਾਵਾਂ ਹੈ, ਇਸ ਪ੍ਰਛਾਵੇਂ ਨੇ ਹਰ ਕੋਸ਼ਿਸ਼ ਕਰਨੀ ਹੈ ਕਿ ਜਿੱਥੋਂ ਤਕ ਹੋ ਸਕੇ ਇਸ ਸੱਚ ਨੂੰ ਝੁਠਲਾਇਆ ਜਾ ਸਕੇ ਕਿ ‘ਪੰਜਾਬ ਜੀਂਦਾ ਹੈ ਗੁਰਾਂ ਦੇ ਨਾਮ ‘ਤੇ’।
ਮਾਨ ਨੂੰ ਕੰਧ `ਤੇ ਲਿਖਿਆ ਪੜ੍ਹਨਾ ਚਾਹੀਦਾ ਹੈ ਕਿ ਕਾਂਗਰਸ, ਅਕਾਲੀ ਦਲ, ਭਾਜਪਾ ਅਤੇ ਹੋਰਾਂ ਪਾਰਟੀਆਂ ਦੀ ਰਾਜਨੀਤਕ ਫੱਟੀ ਪੋਚੀ ਜਾਣ ਦਾ ਵੱਡਾ ਕਾਰਨ ਇਹ ਵੀ ਹੈ ਕਿ ਇਨ੍ਹਾਂ ਸਭਨਾਂ ਨੇ ਸਿੱਧੇ ਜਾਂ ਅਸਿੱਧੇ ਤੌਰ `ਤੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਰੋਕਣ ਲਈ ਕੁਝ ਨਹੀਂ ਕੀਤਾ ਸਗੋਂ ਇਹ ਰਾਜਨੀਤਕ ਦਲ ਤਾਂ ਅਜਿਹਾ ਕੁਕਰਮ ਕਰਨ ਵਾਲਿਆਂ ਦੇ ਇਸ਼ਾਰਿਆਂ `ਤੇ ਨੱਚਦੇ ਰਹੇ ਹਨ। ਪੰਜਾਬ ਸਿੱਖ ਬਹੁਗਿਣਤੀ ਵਾਲਾ ਸੂਬਾ ਹੈ ਅਤੇ ਇੱਥੇ ਸਿੱਖ ਵਿਰੋਧੀ ਨੀਤੀਆਂ ਅਪਨਾਉਣ ਵਾਲੀ ਕੋਈ ਵੀ ਰਾਜਸੀ ਪਾਰਟੀ ਦੇਰ ਸਵੇਰ ਲੋਕਾਂ ਦੇ ਮਨਾਂ ਤੋਂ ਲਹਿ ਹੀ ਜਾਵੇਗੀ।
ਪੰਜਾਬ ਵਿਚ ਹਰ ਧਰਮ ਦਾ ਸਤਿਕਾਰ ਹੋਣਾ ਚਾਹੀਦਾ ਹੈ। ਨਸ਼ਿਆਂ ਦੀ ਰੋਕਥਾਮ ਦੇ ਨਾਲ ਨਾਲ ਭ੍ਰਿਸ਼ਟਾਚਾਰ ਦਾ ਖਾਤਮਾ ਹੋਣਾ ਚਾਹੀਦਾ ਹੈ ਅਤੇ ਹਰ ਸਰਕਾਰੀ ਅਦਾਰੇ ਦੀ ਸਫਾਈ ਹੋਣੀ ਚਾਹੀਦੀ ਹੈ। ਹੁਣ ਆਮ ਆਦਮੀ ਪਾਰਟੀ ਦੇ ਕੁਝ ਵਿਧਾਇਕਾਂ ਵਲੋਂ ਸਕੂਲਾਂ, ਹਸਪਤਾਲਾਂ ਵਿਚ ਛਾਪੇ ਮਾਰਨ ਨੂੰ ਚੰਗੀ ਸ਼ੁਰੂਆਤ ਕਿਹਾ ਜਾ ਸਕਦਾ ਹੈ। ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੂੰ ਜਨਤਕ ਮੁੱਦਿਆਂ `ਤੇ ਕੇਂਦਰਤ ਹੋਣ ਦੀ ਲੋੜ ਹੈ।
ਬੇਸ਼ਕ ਅਕਾਲੀ ਦਲ ਦੀ ਕੋਰ ਕਮੇਟੀ ਨੇ ਸ਼ਰਮਾਨਕ ਹਾਰ ਦੇ ਬਾਵਜੂਦ ਆਪਣਾ ਵਿਸ਼ਵਾਸ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਬਣਾਈ ਰੱਖਿਆ ਹੈ ਪਰ ਇਸ ਤੱਥ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ ਕਿ ਪੰਜਾਬ ਦੇ ਲੋਕ ਬਾਦਲਾਂ ਦੀ ਰਾਜਨੀਤਕ ਅਗਵਾਈ ਨੂੰ ਬੁਰੀ ਤਰ੍ਹਾਂ ਨਕਾਰ ਚੁੱਕੇ ਹਨ। ਪੰਜਾਬ ਦੇ ਸਿੱਖ ਤਾਂ ਸ਼੍ਰੋਮਣੀ ਕਮੇਟੀ ਨੂੰ ਵੀ ਬਾਦਲਾਂ ਤੋਂ ਮੁਕਤ ਦੇਖਣਾ ਚਾਹੁੰਦੇ ਹਨ। ਹੁਣੇ ਹੁਣੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਦੇ ਇਸ ਬਿਆਨ `ਤੇ ਸਿੱਖਾਂ ਵਲੋਂ ਤਿੱਖਾ ਪ੍ਰਤੀਕਰਮ ਹੋਇਆ ਹੈ ਕਿ ਅਕਾਲੀ ਦਲ ਦਾ ਖਤਮ ਹੋਣਾ ਦੇਸ਼ ਅਤੇ ਪੰਜਾਬ ਲਈ ਘਾਤਕ ਹੈ। ਸੱਚ ਤਾਂ ਇਹ ਹੈ ਕਿ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦੇ ਆਦਰਸ਼ਾਂ ਨੂੰ ਬਾਦਲ ਪਰਿਵਾਰ ਵਲੋਂ ਵੱਡੀ ਢਾਅ ਲਾਈ ਗਈ ਹੈ। ਇਹ ਗੱਲ ਅਫਸੋਸਜਨਕ ਹੈ ਕਿ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਵੀ ਜਥੇਦਾਰ ਹਰਪ੍ਰੀਤ ਸਿੰਘ ਬਾਦਲਾਂ ਦੀ ਜੀ ਹਜ਼ੂਰੀ ਵਿਚ ਬਚਕਾਨਾ ਬਿਆਨ ਦੇ ਰਹੇ ਹਨ। ਖਤਰਾ ਅਕਾਲੀ ਦਲ ਨੂੰ ਨਹੀਂ ਹੈ ਸਗੋਂ ਬਾਦਲਾਂ ਨੂੰ ਹੈ। ਸੱਚ ਇਹ ਹੈ ਕਿ ਬਾਦਲ ਦਲ ਪੰਥ ਅਤੇ ਪੰਜਾਬ ਦੀ ਅਗਵਾਈ ਕਰਨ ਵਿਚ ਬੁਰੀ ਤਰ੍ਹਾਂ ਅਸਫਲ ਹੋਇਆ ਹੈ ਅਤੇ ਹੁਣ ਇਸ ਨੂੰ ਅਕਾਲੀ ਦਲ ਕਹਿਣ ਨਾਲੋਂ ਸ਼ਾਇਦ ਬਾਦਲਾਂ ਦੀ ‘ਦਲ ਦਲ’ ਕਹਿਣਾ ਜਿ਼ਆਦਾ ਮੁਨਾਸਬ ਹੋਵੇਗਾ।
ਪੰਜਾਬ ਦੇ ਲੋਕਾਂ ਨੇ ਆਪਣੀ ਵੋਟ ਦੀ ਵਰਤੋਂ ਕਰ ਕੇ ਮਾਨਵੀ ਹਿੱਤਾਂ ਵਿਰੁੱਧ ਭੁਗਤਣ ਵਾਲੇ ਆਗੂਆਂ ਨੂੰ ਜੋ ਫਤਵਾ ਦਿੱਤਾ ਹੈ ਉਸ ਨਾਲ ਆਮ ਲੋਕਾਂ ਵਿਚ ਖੁਸ਼ੀ ਦਾ ਆਲਮ ਹੈ ਅਤੇ ਹੁਣ ਦੇਖਣਾ ਇਹ ਹੈ ਕਿ ਨਵਾਂ ਰਾਜਸੀ ਬਦਲ ਪੰਜਾਬ ਦੇ ਲੋਕ ਜੀਵਨ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ। ਇਸ ਦੇ ਨਾਲ ਨਾਲ ਕੁਝ ਲੋਕਾਂ ਵਲੋਂ ਈ ਵੀ ਐਮ ਮਸ਼ੀਨਾਂ ਪ੍ਰਤੀ ਸ਼ੰਕੇ ਜ਼ਾਹਰ ਕੀਤੇ ਹਨ ਕਿ ਹੁਣ ਜਿੱਥੇ ਭਾਜਪਾ ਦੀ ਮਾੜੀ ਰਾਜਨੀਤਕ ਕਾਰਗੁਜ਼ਾਰੀ ਦੇ ਹੁੰਦਿਆਂ ਹੋਇਆਂ ਵੀ ਉਸ ਨੂੰ ਪੰਜ ਰਾਜਾਂ ਵਿਚ ਜਿਤਾ ਕੇ ਪੰਜਾਬ ਨੂੰ ਭਾਜਪਾ ਦੀ ਬੀ ਟੀਮ ਹਵਾਲੇ ਕੀਤਾ ਜਾ ਰਿਹਾ ਹੈ ਤਾਂ ਉਸ ਦਾ ਇਕੋ ਇਕ ਕਾਰਨ ਇਹ ਹੈ ਕਿ ਜੇਕਰ ਇੰਝ ਨਾ ਕੀਤਾ ਜਾਂਦਾ ਤਾਂ ਪੰਜਾਬ ਤੋਂ ਈ ਵੀ ਐਮਜ਼ ਖਿ਼ਲਾਫ ਅੰਦੋਲਨ ਜਾਰੀ ਹੋਣ ਦੇ ਖਦਸ਼ੇ ਹਨ ਵਰਨਾ ਭਾਰਤ ਜੋ ਹੁਣ ਇਕ ਪਾਰਟੀ ਸਟੇਟ ਬਣਦਾ ਜਾ ਰਿਹਾ ਹੈ ਤਾਂ ਇਸ ਪਿੱਛੇ ਕੀ ਸਾਜਿ਼ਸ਼ ਕੰਮ ਕਰ ਰਹੀ ਹੈ ਉਸ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ।