ਜਹਾਜ਼ ਦੇ ਸਟਾਫ ਨੇ ਜਦੋਂ ਸਾਨੂੰ ਖਾੜਕੂ ਸਮਝਿਆ

ਰਿਬੇਰੋ ਦੀ ਆਪਬੀਤੀ-12
ਲੈਫਟੀਨੈਂਟ ਜਨਰਲ ਕੁਲਦੀਪ ਸਿੰਘ ਬਰਾੜ, ਪੰਜਾਬ ਪੁਲਿਸ ਦੇ ਸਾਬਕਾ ਮੁਖੀ ਕੇæਪੀæਐਸ਼ ਗਿੱਲ ਅਤੇ ਜੂਲੀਓ ਰਿਬੇਰੋ ਨੇ ਪਿਛਲੀ ਸਦੀ ਦੇ ਅੱਸੀਵਿਆਂ ਦੇ ਦੌਰ ਉਪਰ ਕਿਤਾਬਾਂ ਲਿਖੀਆਂ ਹਨ। ਇਹ ਕਿਤਾਬਾਂ ਕਿਉਂਕਿ ਸਟੇਟ ਅਫਸਰਾਂ ਵਲੋਂ ਲਿਖੀਆਂ ਗਈਆਂ, ਇਸ ਕਰ ਕੇ ਇਹ ਸਟੇਟ ਦਾ ਏਜੰਡਾ ਹਨ ਪਰ ਰਿਬੇਰੋ ਇਨ੍ਹਾਂ ਤਿੰਨਾਂ ਵਿਚੋਂ ਭਿੰਨ ਹੈ ਕਿਉਂਕਿ ਕਦੀ ਕਦਾਈਂ ਉਹ ਸਟੇਟ ਨਾਲ ਸਹਿਮਤ ਨਹੀਂ ਹੁੰਦਾ। ਇਹੀ ਗੱਲ ਉਸ ਨੂੰ ਬਾਕੀਆਂ ਨਾਲੋਂ ਨਿਖੇੜਦੀ ਹੈ। ਰਿਬੇਰੋ ਦੀ ਧਿਰ ਨਾਲ ਭਾਵੇਂ ਕਿਸੇ ਵੀ ਸੂਰਤ ਸਹਿਮਤ ਨਹੀਂ ਹੋਇਆ ਜਾ ਸਕਦਾ, ਪਰ ਉਸ ਦੀ ਲਿਖਤ ਤੋਂ ਪਤਾ ਲੱਗਦਾ ਹੈ ਕਿ ਸਟੇਟ ਕੀ ਸੋਚਦੀ ਰਹੀ, ਕੀ ਕਰਦੀ ਰਹੀ, ਕਿਉਂ ਕਰਦੀ ਰਹੀ? ਰਿਬੇਰੋ ਵੱਲੋਂ ਲਿਖੀ ਕਿਤਾਬ ‘ਬੁੱਲਟ ਫਾਰ ਬੁੱਲਟ’ ਦੇ ਕੁੱਝ ਪੰਨਿਆਂ ਦਾ ਅੰਗਰੇਜ਼ੀ ਤੋਂ ਪੰਜਾਬੀ ਵਿਚ ਅਨੁਵਾਦ ਉਘੇ ਲੇਖਕ ਪ੍ਰੋæ ਹਰਪਾਲ ਸਿੰਘ ਪੰਨੂ ਨੇ ਕੀਤਾ ਹੈ ਜੋ ਅਸੀਂ ਕਿਸ਼ਤਵਾਰ ਛਾਪ ਰਹੇ ਹਾਂ। ਇਸ ਕਿਸ਼ਤ ਵਿਚ ਰਿਬੇਰੋ ਦੇ ਰਾਜਦੂਤ ਬਣ ਕੇ ਰੋਮਾਨੀਆ ਜਾਣ ਅਤੇ ਉਥੋਂ ਦੇ ਰਾਸ਼ਟਰਪਤੀ ਨਿਕੋਲ ਸੀਜ਼ੇਕੂ ਖਿਲਾਫ ਉਠੀ ਬਗਾਵਤ ਦੇ ਵੇਰਵੇ ਹਨ। -ਸੰਪਾਦਕ

ਅਨੁਵਾਦ: ਹਰਪਾਲ ਸਿੰਘ ਪੰਨੂ
ਫੋਨ: 91-94642-51454
ਪੰਨਾ 364: ਦਿਲੀਉਂ ਵਾਪਸ ਆ ਕੇ ਰੇਅ ਨੇ ਮੈਨੂੰ ਦੱਸਿਆ-ਰਾਜੀਵ ਗਾਂਧੀ ਨੇ ਸਾਰੇ ਸੀਨੀਅਰ ਅਫਸਰਾਂ ਨੂੰ ਬੁਲਾ ਕੇ ਕਿਹਾ ਹੈ ਕਿ ਰਿਬੇਰੋ ਵਾਸਤੇ ਚੰਗਾ ਜਿਹਾ ਦੇਸ਼ ਲੱਭੋ। ਚੰਗਾ ਦੇਸ਼ ਮੇਰੇ ਵਾਸਤੇ ਰੋਮਾਨੀਆ ਨਿਕਲਿਆ। ਪ੍ਰਧਾਨ ਮੰਤਰੀ ਦੀ ਪ੍ਰਿੰਸੀਪਲ ਸਕੱਤਰ ਨੇ ਮੈਨੂੰ ਦੱਸਿਆ-ਰੋਮਾਨੀਆ ਇਸ ਕਰ ਕੇ ਚੰਗਾ ਹੈ, ਕਿਉਂਕਿ ਸੁਰੱਖਿਆ ਪੱਖੋਂ ਉਸ ਦਾ ਕੋਈ ਮੁਕਾਬਲਾ ਨਹੀਂ। ਰੋਮਾਨੀਆ ਦਾ ਜ਼ਬਰਦਸਤ ਨੇਤਾ ਸੀਜ਼ਕੂ ਕਿਸੇ ਦੇਸ਼ ਦੇ ਖਾੜਕੂ ਆਪਣੇ ਇਲਾਕੇ ਵਿਚ ਨਹੀਂ ਵੜਨ ਦਿੰਦਾ, ਪੰਜਾਬ ਦੇ ਤਾਂ ਬਿਲਕੁਲ ਨਹੀਂ। ਰਾਜਦੂਤ ਲੱਗਣ ਵਿਚ ਮੇਰੀ ਕੋਈ ਖਾਸ ਰੁਚੀ ਨਹੀਂ ਸੀ, ਇਹ ਗੱਲ ਮੈਂ ਦੇਸ਼ਮੁਖ ਨੂੰ ਦੱਸ ਦਿੱਤੀ। ਦੇਸ਼ਮੁਖ (ਕੈਬਨਿਟ ਸਕੱਤਰ) ਨੇ ਮੇਰੀ ਪਤਨੀ ਮੇਲਬਾ ਅਤੇ ਮੈਨੂੰ ਘਰ ਸੱਦ ਲਿਆ। ਉਸ ਦੀ ਪਤਨੀ ਤੇ ਮੇਰੀ ਪਤਨੀ 1958 ਵਿਚ ਪੂਨੇ ਤਿਲਕ ਕਾਲਜ ਵਿਚ ਜਮਾਤਣਾਂ ਰਹੀਆਂ ਸਨ। ਉਸ ਨੇ ਮਿੰਨਤ ਕੀਤੀ ਕਿ ਘੱਟੋ-ਘੱਟ ਇਕ ਸਾਲ ਰੋਮਾਨੀਆ ਚਲੇ ਜਾਉ। ਮੇਰੀ ਪਤਨੀ ਸਹਿਮਤ ਨਹੀਂ ਸੀ। ਉਸ ਨੂੰ ਸਫਰ ਕਰਨ ਦਾ ਕਦੀ ਸ਼ੌਕ ਨਹੀਂ ਰਿਹਾ। ਫੇਰ ਇੰਨਾ ਲੰਮਾ ਸਫਰ! ਉਹ ਕਹੀ ਗਈ-ਰਾਜਦੂਤ ਦੀ ਪਤਨੀ ਹੋਣ ਵਿਚ ਕਿਹੜੀ ਸ਼ਾਨ, ਕਿਹੜਾ ਸਨਮਾਨ? ਅਖੀਰ ਅਸੀਂ ਸਮਾਨ ਬੰਨ੍ਹ ਲਿਆ ਤੇ ਰੋਮਾਨੀਆ ਲਈ ਚਾਲੇ ਪਾ ਦਿੱਤੇ।
ਜਿਵੇਂ ਉਮੀਦ ਸੀ, ਫਰੈਂਕਫਰਟ ਵਾਸਤੇ ਏਅਰ ਇੰਡੀਆ ਦੀ ਫਲਾਈਟ ਬਹੁਤ ਪਛੜ ਗਈ। ਅਸੀਂ 6 ਦਸੰਬਰ 1989 ਨੂੰ ਉਥੋਂ ਲੁਫਥਾਂਸਾ ਦਾ ਜਹਾਜ਼ ਫੜ ਕੇ ਬੁਖਾਰੈਸਟ ਜਾਣਾ ਸੀ, ਪਰ ਸਾਡਾ ਜਹਾਜ਼ ਉਤਰਨ ਤੋਂ ਪਹਿਲੋਂ ਇਹ ਦੂਜਾ ਜਹਾਜ਼ ਉਡ ਗਿਆ। ਏਅਰਪੋਰਟ ਲਾਗੇ ਸ਼ੇਰਾਟਨ ਹੋਟਲ ਵਿਚ ਸਾਨੂੰ ਇਕ ਦਿਨ ਗੋਡੇ ਗਿੱਟੇ ਠੰਢੇ ਰੱਖਣੇ ਪਏ। ਕਿਸਮਤ ਚੰਗੀ, ਜਰਮਨਾਂ ਨੇ ਸਾਨੂੰ ਆਗਿਆ ਦੇ ਦਿੱਤੀ ਕਿ ਆਪਣਾ ਕੁੱਤਾ ਨਾਲ ਰੱਖ ਸਕਦੇ ਹੋ, ਪਰ ਸ਼ਰਤ ਇਹ ਹੈ ਕਿ ਦੋਹਾਂ ਵਿਚੋਂ ਇਕ ਜਣੇ ਦਾ ਇਸ ਕੋਲ ਡਿਊਟੀ ‘ਤੇ ਰਹਿਣਾ ਜ਼ਰੂਰੀ ਹੈ ਤਾਂ ਕਿ ਇਹ ਹੋਰ ਮੁਸਾਫਰਾਂ ਨੂੰ ਤੰਗ ਨਾ ਕਰੇ, ਭੌਂਕੇ ਨਾ।
ਪਿੰਜਰੇ ਵਿਚ ਬੰਦ ਕੁੱਤੇ ਸਮੇਤ ਅਸੀਂ ਜਹਾਜ਼ ਵੱਲ ਚੱਲ ਪਏ। ਸਾਰੀ ਫਲਾਈਟ ਵਿਚ ਫਸਟ ਕਲਾਸ ਸੀਟਾਂ ਕੇਵਲ ਸਾਡੀਆਂ ਸਨ। ਬਹੁਤੇ ਮੁਸਾਫਰ ਇਕਾਨਮੀ ਕਲਾਸ ਵਾਲੇ ਪੋਲਿਸ਼ ਮਲਾਹ ਸਨ ਜੋ ਵਾਰਸਾ ਜਾ ਰਹੇ ਸਨ। ਤਿੰਨ ਭਾਰਤੀ ਹੋਰ ਸਨ, ਦੋ ਮਲਾਹ ਤੇ ਤੀਜਾ ਸੋਮਨਾਥ, ਸਾਡਾ ਖਾਨਸਾਮਾ ਨੌਕਰ। ਜਹਾਜ਼ ਦਾ ਸਟਾਫ ਸਾਨੂੰ ਇਉਂ ਘੂਰ ਰਿਹਾ ਸੀ ਜਿਵੇਂ ਅਸੀਂ ਖਾੜਕੂ ਹੋਈਏ। ਭਾਰਤੀ ਏਅਰ ਇੰਡੀਆ ਦੇ ਸਟਾਫ ਨੇ ਬੇਸ਼ਕ ਉਨ੍ਹਾਂ ਨੂੰ ਸਾਡੇ ਬਾਰੇ ਦੱਸ ਦਿੱਤਾ ਸੀ, ਪਰ ਕੋਈ ਅਸਰ ਨਹੀਂ। ਮੇਰੀ ਪਤਨੀ ਨੇ ਸਲਵਾਰ ਕਮੀਜ਼ ਪਹਿਨੀ ਹੋਈ ਸੀ, ਸ਼ਾਇਦ ਇਸ ਕਰ ਕੇ ਸ਼ੱਕ ਹੋਵੇ। ਸਾਨੂੰ ਪੰਜਾਂ ਨੂੰ ਬਾਕੀਆਂ ਤੋਂ ਵੱਖ ਕਰ ਕੇ ਸਾਡੇ ਸਾਮਾਨ ਦੀ ਬਰੀਕੀ ਨਾਲ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ। ਕੁੱਤਾ ਵੀ ਨਹੀਂ ਬਖਸ਼ਿਆ। ਮੈਨੂੰ ਲੱਗਾ, ਉਹ ਹਥਿਆਰ ਜਾਂ ਵਿਸਫੋਟਕ ਸਮੱਗਰੀ ਲੱਭ ਰਹੇ ਸਨ। ਇਸ ਹਾਲਾਤ ‘ਤੇ ਮੈਨੂੰ ਹਾਸਾ ਆ ਗਿਆ ਤਾਂ ਉਨ੍ਹਾਂ ਵਿਚਲੀ ਇਕ ਜਰਮਨ ਕੁੜੀ ਅੱਗਬਗੂਲਾ ਹੋ ਗਈ-ਇਸ ਵਿਚ ਹੱਸਣ ਦਾ ਕੀ ਮਤਲਬ? ਮੈਂ ਕਿਹਾ ਕਿ ਮੁਸੀਬਤ ਵਿਚ ਚੀਕਾਂ ਮਾਰਨ ਦੀ ਥਾਂ ਹੱਸਣਾ ਠੀਕ ਰਹਿੰਦੈ।
ਪੰਨਾ 365: ਸਾਡੀ ਤਲਾਸ਼ੀ ਕਾਰਨ ਜਹਾਜ਼ ਇਕ ਘੰਟਾ ਲੇਟ ਹੋ ਗਿਆ ਤਾਂ ਇਕ ਅਮਰੀਕਨ ਯਾਤਰੀ ਤੈਸ਼ ਵਿਚ ਆ ਕੇ ਦੇਰੀ ਦਾ ਕਾਰਨ ਪੁੱਛਣ ਲੱਗਾ। ਆਖਰ ਬਾਕੀ ਸਵਾਰੀਆਂ ਨੂੰ ਵੱਖ ਤੇ ਸਾਨੂੰ ਸਖਤ ਨਿਗਰਾਨੀ ਹੇਠ ਵੱਖ ਬੱਸ ਵਿਚ ਬੰਦ ਕਰ ਕੇ ਲਿਜਾਇਆ ਗਿਆ ਤਾਂ ਕਿ ਰਸਤੇ ਵਿਚ ਕੋਈ ਸਾਨੂੰ ਹਥਿਆਰ ਨਾ ਫੜਾ ਜਾਵੇ। ਕੁੱਝ ਸਮੇਂ ਲਈ ਮੈਂ ਭੁੱਲ ਗਿਆ ਕਿ ਮੈਂ ਅਪਣੇ ਦੇਸ਼ ਦਾ ਰਾਜਦੂਤ ਹਾਂ।
ਵਾਰਸਾ ਜਾ ਕੇ ਜਹਾਜ਼ ਦਾ ਪੋਲਿਸ਼ ਸਟਾਫ ਬਦਲ ਗਿਆ। ਜਹਾਜ਼ ਲਗਭਗ ਖਾਲੀ ਹੋ ਗਿਆ। ਇਹ ਕੰਪਨੀ ਬਰਾਸਤਾ ਬੁਖਾਰੈਸਟ ਕਿਉਂ ਜਹਾਜ਼ ਚਲਾਉਂਦੀ ਹੈ ਜਦੋਂ ਕਿ ਘਾਟੇ ਦਾ ਸੌਦਾ ਹੈ? ਸ਼ਾਇਦ ਸਿਆਸੀ ਕਾਰਨ ਹੋਣ। ਇਕ ਪੋਲਿਸ਼ ਨੇ ਪੁੱਛਿਆ ਕਿ ਅਸੀਂ ਬੁਖਾਰੈਸਟ ਕਿਉਂ ਚੱਲੇ ਹਾਂ। ਉਸ ਨੇ ਦੱਸਿਆ ਕਿ ਇਸ ਤੋਂ ਰੱਦੀ ਹੋਰ ਕੋਈ ਸ਼ਹਿਰ ਨਹੀਂ। ਥੋੜ੍ਹੀ ਦੇਰ ਬਾਅਦ ਜਹਾਜ਼ ਸ਼ਹਿਰ ਦੇ ਉਪਰ ਮੰਡਰਾ ਰਿਹਾ ਸੀ, ਹੇਠਾਂ ਦੇਖਿਆ-ਲਾਈਟਾਂ ਨਹੀਂ। ਇਸ ਪੋਲਿਸ਼ ਨੇ ਦੱਸਿਆ ਕਿ ਤੀਹ ਲੱਖ ਦੀ ਆਬਾਦੀ ਵਾਲੇ ਇਸ ਸ਼ਹਿਰ ਵਿਚ ਰੌਸ਼ਨੀ ਨਹੀਂ, ਕਿਉਂਕਿ ਸੀਜ਼ੇਕੂ ਵਿਦੇਸ਼ੀ ਕਰਜ਼ ਉਤਾਰਨ ਵਾਸਤੇ ਹਰ ਤਰ੍ਹਾਂ ਦੀ ਬਚਤ ਕਰਦਾ ਹੈ। ਜਹਾਜ਼ ਉਤਰਿਆ ਤਾਂ ਦੇਖਿਆ ਕਿ ਸਿਰਫ ਇਕ ਵੱਡਾ ਬਲਬ ਵੀæਆਈæਪੀæ ਅਹਾਤੇ ਵਿਚ ਬਲ ਰਿਹਾ ਸੀ। ਸੜਕਾਂ ਉਪਰ ਪਾਇਲਟ ਵਾਸਤੇ ਕੇਵਲ ਨਿਕੇ ਨਿਕੇ ਬਲਬ ਸਨ। ਰਨਵੇਅ ਉਪਰ ਬਰਫ ਦੀ ਚਾਦਰ ਵਿਛੀ ਪਈ ਸੀ। ਸਾਨੂੰ ਬਹੁਤ ਸਾਵਧਾਨੀ ਨਾਲ ਤੁਰਨਾ ਪਿਆ ਕਿਉਂਕਿ ਸਾਨੂੰ ਬਰਫ ਉਪਰ ਤੁਰਨਾ ਨਹੀਂ ਆਉਂਦਾ ਸੀ ਤੇ ਅਸੀਂ ਆਪਣੇ ਸਾਦੇ ਜੁੱਤੇ ਪਹਿਨੇ ਹੋਏ ਸਨ।
ਪੰਨਾ 366: ਰਾਜਦੂਤ ਦਾ ਬੰਗਲਾ ਬੜੀ ਦਿਉ-ਕੱਦ ਤਿੰਨ ਮੰਜ਼ਲੀ ਇਮਾਰਤ ਸੀ ਜਿਸ ਦੇ ਅੱਧੇ ਕਮਰੇ ਸੁੰਨੇ ਪਏ ਰਹਿੰਦੇ। ਸਟਾਫ ਵਿਚ ਦੋ ਸਕੱਤਰ, ਇਕ ਅਟੈਚੀ, ਤਿੰਨ ਨਿੱਜੀ ਸਕੱਤਰ, ਦੋ ਕਲਰਕ ਤੇ ਦੋ ਸੁਰੱਖਿਆ ਗਾਰਡ ਸਨ। ਮਿਲਟਰੀ ਅਟੈਚੀ ਕਰਨਲ ਕਪਿਲ ਵਿਜ ਬੈਲਗ੍ਰੇਡ ਤੋਂ ਆਇਆ ਸੀ। ਦੂਜਾ ਅਟੈਚੀ ਭਾਰਤੀ ਸਾਨੂੰ ਡਿਨਰ ਵਾਸਤੇ ਆਪਣੇ ਘਰ ਲੈ ਗਿਆ। ਬਹੁਤ ਇਹਤਿਆਤ ਨਾਲ ਖਾਣੇ ਦਾ ਬੰਦੋਬਸਤ ਸੀਨੀਅਰ ਫਸਟ ਸਕੱਤਰ ਸੁੰਦਰ ਰਮਨ ਦੀ ਨਿਗਰਾਨੀ ਵਿਚ ਹੋਇਆ ਸੀ। ਉਸ ਦੱਸਿਆ ਕਿ ਜਦੋਂ ਤਕ ਸਾਡਾ ਸਾਰਾ ਸਾਮਾਨ ਭਾਰਤ ਤੋਂ ਨਹੀਂ ਆਉਂਦਾ ਤੇ ਸਾਡੀ ਰਸੋਈ ਚਾਲੂ ਨਹੀਂ ਹੋ ਜਾਂਦੀ, ਉਦੋਂ ਤੱਕ ਖਾਣਾ ਇਥੇ ਹੋਇਆ ਕਰੇਗਾ।
ਰਾਸ਼ਟਰਪਤੀ ਸੀਜ਼ੇਕੂ ਨੂੰ ਮੈਂ ਚਾਰ ਦਿਨ ਬਾਅਦ 11 ਦਸੰਬਰ ਨੂੰ ਮਿਲਿਆ। ਕਮਰੇ ਵਿਚ ਦਾਖਲ ਹੋਣ ਤੋਂ ਪਹਿਲੋਂ ਮੈਨੂੰ ਪ੍ਰੋਟੋਕੋਲ ਮੁਤਾਬਕ ਦੱਸਿਆ ਗਿਆ ਕਿ ਉਹ ਬਹੁਤ ਵਧੀਆ ਮੂਡ ਵਿਚ ਹੈ ਤੇ ਫਰਾਖਦਿਲ ਹੈ; ਸੋ, ਹੋ ਸਕਦੈ ਭਾਰਤ ਬਾਰੇ, ਭਾਰਤ ਨਾਲ ਡਿਪਲੋਮੈਟਿਕ ਸਬੰਧਾਂ ਬਾਰੇ ਲੰਮੀ ਚਰਚਾ ਹੋਵੇ। ਮੈਂ ਮਿਲਣ ਸਾਰ ਸਮਝ ਗਿਆ ਕਿ ਉਹ ਉਕਤਾ ਦੇਣ ਵਾਲਾ ਬੋਰ ਅਤੇ ਮਾਯੂਸ ਆਦਮੀ ਸੀ। ਸਾਰਾ ਸਮਾਂ ਮੈਨੂੰ ਹੀ ਗੱਲਾਂ ਕਰਨੀਆਂ ਪਈਆਂ। ਮੈਂ ਉਸ ਨੂੰ ਯਾਦ ਕਰਾਇਆ ਕਿ ਜਦੋਂ ਸੱਤਰਵਿਆਂ ਦੇ ਸ਼ੁਰੂ ਵਿਚ ਉਹ ਬੰਬੇ ਆਇਆ ਸੀ ਤਾਂ ਉਸ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਮੈਂ ਨਿਭਾਈ ਸੀ। ਮੇਰੀ ਇਸ ਗੱਲ ਦਾ ਵੀ ਉਸ ਨੇ ਕੋਈ ਹੁੰਗਾਰਾ ਨਹੀਂ ਭਰਿਆ। ਉਸੇ ਸ਼ਾਮ ਗੁਪਤ ਟੈਲੀਗ੍ਰਾਮ ਰਾਹੀਂ ਮੈਂ ਉਸ ਬਾਰੇ ਭਾਰਤੀ ਵਿਦੇਸ਼ ਮੰਤਰਾਲੇ ਨੂੰ ਜਾਣਕਾਰੀ ਦੇ ਦਿੱਤੀ।
ਮੇਰੀ ਟੈਲੀਗ੍ਰਾਮ ਪੜ੍ਹ ਕੇ ਮੰਤਰਾਲੇ ਦਾ ਸਟਾਫ ਹੈਰਾਨ ਹੋ ਗਿਆ, ਕਿਉਂਕਿ ਮੈਥੋਂ ਪਹਿਲੇ ਰਾਜਦੂਤ ਨੇ ਇਹ ਜਾਣਕਾਰੀ ਦਿੱਤੀ ਸੀ ਕਿ ਸੀਜ਼ੇਕੂ ਮਜ਼ਬੂਤ ਆਦਮੀ ਹੈ ਅਤੇ ਕਈ ਦਹਾਕਿਆਂ ਤੱਕ ਰਾਜ ਕਰੇਗਾ। ਥੋੜ੍ਹੇ ਦਿਨਾਂ ਬਾਅਦ ਹੀ ਮੈਂ ਸੂਚਨਾ ਭੇਜ ਦਿੱਤੀ ਕਿ ਟ੍ਰਾਂਸਿਲਵੇਨੀਆਂ ਕਸਬੇ ਵਿਚ ਗੜਬੜ ਸ਼ੁਰੂ ਹੋ ਗਈ ਹੈ। ਇਹ ਕਸਬਾ ਹੰਗਰੀ ਅਤੇ ਯੂਗੋਸਲਾਵ ਸਰਹੱਦਾਂ ਨੇੜੇ ਹੈ।
ਪੰਨਾ 367: 18 ਦਸੰਬਰ ਨਾਇਜੇਰੀਆ ਦੇ ਰਾਜਦੂਤ ਓਲਾ ਤਾਇਵੂ ਦੇ ਘਰ ਡਿਨਰ ਉਪਰ ਸਭ ਤੋਂ ਪਹਿਲਾਂ ਪਤਾ ਲੱਗਾ ਕਿ ਸੀਜ਼ੇਕੂ ਵਿਰੁਧ ਬਗਾਵਤ ਸ਼ੁਰੂ ਹੋ ਗਈ ਹੈ। ਬ੍ਰਿਟਿਸ਼ ਰਾਜਦੂਤ ਮਾਈਕਲ ਨੇ ਉਥੇ ਹੀ ਦੱਸਿਆ ਕਿ ਕੋਈ ਗੰਭੀਰ ਵਾਰਦਾਤ ਹੋਵੇਗੀ, ਕੁੱਝ ਬੰਦੇ ਬਾਰਡਰ ਪਾਰ ਕਰ ਕੇ ਗੁਆਂਢੀ ਦੇਸ਼ਾਂ ਵਿਚ ਇਹ ਖਬਰ ਦੇਣ ਦੌੜ ਗਏ ਹਨ। ਤਾਂ ਵੀ, ਭਰੋਸੇਯੋਗ ਸੂਚਨਾ ਨਹੀਂ ਸੀ ਕਿਉਂਕਿ ਰੋਮਾਨੀਆ ਅਜਿਹਾ ਬੰਦ ਮੁਲਕ ਹੈ ਜਿਥੋਂ ਬੀæਬੀæਸੀæ ਵੀ ਖਬਰ ਨਹੀਂ ਕੱਢ ਸਕਦੀ। ਇਸ ਦੌਰਾਨ ਸੀਜ਼ੇਕੂ ਤਹਿਰਾਨ ਦੌਰੇ ਉਪਰ ਚਲਾ ਗਿਆ। ਦੇਸ਼ ਵਿਚ ਹਲਚਲ ਹੋਣ ਦੇ ਬਾਵਜੂਦ ਉਹ ਵਿਦੇਸ਼ ਕਿਉਂ ਗਿਆ? ਉਸ ਦੀ ਪਤਨੀ ਏਲਨਾ ਪ੍ਰਬੰਧ ਚਲਾਉਣ ਲਈ ਦੇਸ਼ ਵਿਚ ਰਹੀ। ਉਸ ਨੇ ਤਹਿਰਾਨ ਦਾ ਦੌਰਾ ਇਸ ਲਈ ਕਰਨਾ ਸੀ ਤਾਂ ਕਿ ਦੁਨੀਆਂ ਨੂੰ ਦੱਸ ਸਕੇ ਕਿ ਰੋਮਾਨੀਆ ਵਿਚ ਸਭ ਠੀਕ-ਠਾਕ ਹੈ। ਰੋਮਾਨੀਆ ਵਿਚਲੇ ਈਰਾਨ ਦੇ ਰਾਜਦੂਤ ਨੂੰ ਇਸ ਕਰ ਕੇ ਡਿਸਮਿਸ ਕਰ ਦਿੱਤਾ ਗਿਆ ਸੀ ਕਿਉਂਕਿ ਉਹ ਆਪਣੇ ਦੇਸ਼ ਦੀ ਸਰਕਾਰ ਨੂੰ ਸਹੀ ਹਾਲਤ ਨਹੀਂ ਸੀ ਦੱਸ ਸਕਿਆ।
ਦੋ ਦਿਨ ਬਾਅਦ 20 ਦਸੰਬਰ ਨੂੰ ਉਹ ਦੇਸ਼ ਪਰਤਿਆ, ਦੇਰ ਹੋ ਚੁੱਕੀ ਸੀ। ਉਸ ਨੇ ਆਪਣੇ ਭਰੋਸੇਯੋਗ ਵਜ਼ੀਰਾਂ ਅਤੇ ਮਿੱਤਰਾਂ ਦੀਆਂ ਐਮਰਜੈਂਸੀ ਮੀਟਿੰਗਾਂ ਬੁਲਾਈਆਂ। ਸਾਰੇ ਦੇਸ਼ਾਂ ਦੇ ਰਾਜਦੂਤਾਂ ਨੂੰ ਬੁਲਾ ਕੇ ਪੁੱਛਿਆ ਕਿ ਦੇਸ਼ ਦੀ ਸਥਿਤੀ ਬਾਰੇ ਉਨ੍ਹਾਂ ਦੀ ਕੀ ਰਾਇ ਹੈ? ਰੋਮਾਨੀਆ ਸਰਕਾਰ ਕਹੀ ਜਾ ਰਹੀ ਸੀ-ਗੜਬੜ ਪਿੱਛੇ ਵਿਦੇਸ਼ੀ ਹੱਥ ਹੈ। ਰਾਜਦੂਤਾਂ ਨੇ ਅਨੇਕ ਸਵਾਲ ਪੁੱਛੇ, ਸਰਕਾਰ ਕੋਲ ਜਵਾਬ ਨਹੀਂ ਸਨ। ਵਿਦੇਸ਼ ਮੰਤਰੀ ਨੇ ਸੰਖੇਪ ਨਿੱਜੀ ਗੱਲਾਂ ਵੀ ਕੀਤੀਆਂ।
21 ਦਸੰਬਰ ਨੂੰ ਸੀਜ਼ੇਕੂ ਨੇ ਮਜ਼ਦੂਰਾਂ ਦਾ ਇਕੱਠ ਕਰ ਕੇ ਮਦਦ ਮੰਗੀ। ਬਹੁਤ ਸਾਰੀਆਂ ਫੈਕਟਰੀਆਂ ਵਿਚੋਂ ਉਨ੍ਹਾਂ ਨੂੰ ਬੱਸਾਂ ਰਾਹੀਂ ਬੁਖਾਰੈਸਟ ਲਿਆਂਦਾ ਗਿਆ ਸੀ। ਤਕਰੀਰ ਕਰਨ ਲੱਗਾ ਤਾਂ ਹੈਰਾਨ ਰਹਿ ਗਿਆ ਕਿ ਮਜ਼ਦੂਰ ਉਸ ਵਿਰੁਧ ਭੜਾਸ ਕੱਢਣ ਲੱਗੇ, ਉਸ ਨੂੰ ਤਕਰੀਰ ਨਾ ਕਰਨ ਦੇਣ। ਉਹ ਤੈਸ਼ ਵਿਚ ਆ ਕੇ ਇੰਨੇ ਹਿੰਸਕ ਹੋ ਗਏ ਕਿ ਰਾਸ਼ਟਰਪਤੀ ਦੇ ਸੁਰੱਖਿਆ ਸਟਾਫ ਨੇ ਫਾਇਰਿੰਗ ਕਰ ਦਿੱਤੀ। ਭੀੜ ਹੋਰ ਕ੍ਰੋਧਵਾਨ ਹੋ ਗਈ। ਛੇਤੀ ਹੀ ਯੂਨੀਵਰਸਿਟੀ ਦੇ ਵਿਦਿਆਰਥੀ ਅਤੇ ਹੋਰ ਲੋਕ ਆ ਪੁੱਜੇ ਤੇ ਰਾਸ਼ਟਰਪਤੀ ਦੇ ਦਫਤਰ ‘ਤੇ ਪਥਰਾਉ ਕਰਨ ਲੱਗੇ। ਪਤਨੀ ਸਮੇਤ ਰਾਸ਼ਟਰਪਤੀ ਨੂੰ ਉਥੋਂ ਚੁੱਪ-ਚੁਪੀਤੇ ਖਿਸਕਾ ਕੇ ਪਰ੍ਹੇ ਲੈ ਗਏ। ਹੈਲੀਕਾਪਟਰ ਵਿਚ ਚੜ੍ਹ ਕੇ ਉਹ ਕਿਧਰੇ ਉਡ ਗਏ।
ਹੈਲੀਕਾਪਟਰ ਸੌ ਕਿਲੋਮੀਟਰ ਪਰ੍ਹੇ ਪੁਰਾਣੀ ਰਾਜਧਾਨੀ ਤਿਰਗੋਵਿਸਤਾ ਨੇੜੇ ਉਤਰਿਆ ਤਾਂ ਕੁੱਝ ਪੇਂਡੂਆਂ ਨੇ ਉਸ ਨੂੰ ਪਛਾਣ ਲਿਆ ਤੇ ਸੁਰੱਖਿਆ ਕਰਮੀਆਂ ਨੂੰ ਦੱਸ ਦਿੱਤਾ। ਸਾਰੇ ਰੋਮਾਨੀਆ ਦੇਸ਼ ਵਿਚ ਬਗਾਵਤ ਛਿੜ ਗਈ। ਬੜੇ ਲੋਕ ਮਾਰੇ ਗਏ। ਫੌਜ ਰਾਸ਼ਟਰਪਤੀ ਨੂੰ ਛੱਡ ਕੇ ਲੋਕਾਂ ਦੇ ਹੱਕ ਵਿਚ ਨਿੱਤਰ ਆਈ। ਸੀਜ਼ੇਕੂ ਦੇ ਗਾਰਦ ਥੋੜ੍ਹੇ ਸਨ, ਫੌਜ ਨੇ ਖਦੇੜ ਕੇ ਪਤੀ-ਪਤਨੀ ਦੋਹਾਂ ਨੂੰ ਗ੍ਰਿਫਤਾਰ ਕਰ ਲਿਆ। ਸੰਖੇਪ ਗੁਪਤ ਮੁਕੱਦਮਾ ਚਲਾ ਕੇ ਦੋਵੇਂ ਗੋਲੀਆਂ ਨਾਲ ਫੁੰਡ ਦਿੱਤੇ। ਸਾਰੀ ਕਾਰਵਾਈ, ਸਮੇਤ ਮੁਕੱਦਮੇ ਅਤੇ ਕਤਲਾਂ ਦੇ, ਕਈ ਦਿਨ ਨਿਰੰਤਰ ਟੀæਵੀæ ਉਪਰ ਦਿਖਾਈ ਜਾਂਦੀ ਰਹੀ ਤਾਂ ਕਿ ਲੋਕਾਂ ਨੂੰ ਪਤਾ ਲੱਗ ਜਾਏ, ਉਹ ਮਰ ਗਏ ਹਨ। ਮੁਕੱਦਮੇ ਅਤੇ ਸਜ਼ਾ ਦਾ ਕਾਨੂੰਨੀ ਪੱਖ ਸਹੀ ਸੀ ਕਿ ਗਲਤ, ਕਿਸੇ ਨੇ ਕੀ ਲੈਣਾ-ਦੇਣਾ, ਸੀਜ਼ੇਕੂ ਦੀ ਮੌਤ ਉਪਰ ਰੋਮਾਨੀਆ ਨੇ ਬੇਅੰਤ ਖੁਸ਼ੀ ਪ੍ਰਗਟਾਈ।
ਸੀਜ਼ੇਕੂ ਸ਼ੇਖੀਖੋਰ ਹੰਕਾਰਿਆ ਸ਼ਖਸ ਸੀ, ਉਸ ਦੀ ਪਤਨੀ ਏਦੂੰ ਵੀ ਪਰ੍ਹੇ। ਉਹ ਦਿਖਾਵੇ ਦੇ ਸ਼ੁਕੀਨ ਸਨ, ਹਰ ਚੀਜ਼ ਵਿਸ਼ਾਲ। ਉਸਾਰੀ ਅਧੀਨ ਅਧੂਰਾ ਪਿਆ ਮਹਿਲ ਵੀ ਵਿਸ਼ਾਲ, ਭਵਿੱਖ ਦੇ ਤਾਨਾਸ਼ਾਹਾਂ ਵਾਸਤੇ ਯਾਦਗਾਰ। ਸ਼ੈਲੀ ਦੀ ਨਜ਼ਮ ਹੈ ਨਾ, “ਓਜ਼ੀਮੰਦੀਆ, ਸ਼ਾਹਾਂ ਦੇ ਸ਼ਹਿਨਸ਼ਾਹ, ਉਨ੍ਹਾਂ ਰਸਤਿਆਂ ‘ਤੇ ਨਾ ਤੁਰ ਜਿਨ੍ਹਾਂ ਨੂੰ ਲੋਕ ਪਸੰਦ ਨਹੀਂ ਕਰਦੇ।”
22 ਤੋ 29 ਦਸੰਬਰ 1989, ਬੁਖਾਰੈਸਟ ਵਿਚ ਰੁਕ-ਰੁਕ ਕੇ ਫਾਇਰਿੰਗ ਹੁੰਦੀ ਰਹੀ। ਅਸੀਂ ਆਪਣੇ ਘਰਾਂ ਵਿਚੋਂ ਸਿਰ ਬਾਹਰ ਨਹੀਂ ਕੱਢ ਸਕੇ। ਰੋਟੀ, ਦੁੱਧ ਅਤੇ ਹੋਰ ਵਸਤਾਂ ਥੁੜ੍ਹਨ ਲੱਗੀਆਂ, ਕਿਉਂਕਿ ਕੋਈ ਘਰਾਂ ਤੋਂ ਬਾਹਰ ਨਹੀਂ ਨਿਕਲ ਸਕਿਆ। ਆਮ ਰੋਮਾਨੀ ਬੰਦਿਆਂ ਕੋਲ ਤਾਂ ਰੇਡੀਓ ਵੀ ਨਹੀਂ ਸਨ। ਪਤਾ ਨਹੀਂ ਲੱਗ ਰਿਹਾ ਸੀ ਕਿ ਹੋ ਕੀ ਰਿਹੈ? ਜਿਹੜੇ ਹਥਿਆਰਬੰਦ ਬੰਦੇ ਲੜ ਰਹੇ ਸਨ, ਵਾਪਸ ਆ ਕੇ ਘਰਦਿਆਂ ਨੂੰ ਉਹ ਹੀ ਕੋਈ ਗੱਲ ਦੱਸਦੇ। ਹੱਥਾਂ ਵਿਚ ਬੰਦੂਕਾਂ ਫੜੀ ਰਾਤ ਨੂੰ ਅਸੀਂ ਦੇਖਦੇ, ਲੋਕੀ ਬਚਦੇ-ਬਚਾਉਂਦੇ ਬਿਲਡਿੰਗਾਂ ਹੇਠ ਦੀ ਦੌੜਦੇ ਦਿਸਦੇ। ਪਤਾ ਨਹੀਂ, ਇਹ ਕਿਧਰ ਜਾ ਰਹੇ ਹਨ, ਕਿਸ ਪੱਖ ਤੋਂ ਲੜ ਰਹੇ ਹਨ, ਕਿਸ ਵਿਰੁਧ ਲੜ ਰਹੇ ਹਨ। ਇਨ੍ਹਾਂ ਨੇ ਵਰਦੀਆਂ ਨਹੀਂ ਪਹਿਨੀਆਂ ਹੋਈਆਂ ਸਨ ਤੇ ਸਫਾਰਤਖਾਨੇ ਦੇ ਬਾਹਰ ਵਰਦੀਧਾਰੀ ਹਥਿਆਰਬੰਦ ਗਾਰਡ ਇਨ੍ਹਾਂ ਨੂੰ ਕੁੱਝ ਨਹੀਂ ਕਹਿੰਦੇ ਸਨ।
ਇਸ ਵਾਰ ਦੀ ਕ੍ਰਿਸਮਸ ਘਰ ਮਨਾਈ। ਜੀਵਨ ਵਿਚ ਪਹਿਲੀ ਕ੍ਰਿਸਮਸ ਸੀ ਜਦੋਂ ਮੈਂ ਗਿਰਜੇ ਦੀ ਸੰਗਤ ਵਿਚ ਸ਼ਾਮਲ ਨਹੀਂ ਹੋਇਆ। ਛੱਬੀ ਤਰੀਕ ਨੂੰ ਅਸੀਂ ਫੈਸਲਾ ਕੀਤਾ ਕਿ ਕੁੱਤਾ ਨਾਲ ਲੈ ਕੇ ਸੈਰ ਲਈ ਨਿਕਲਾਂਗੇ। ਨਾਲੇ ਜੇ ਮਿਲਿਆ, ਦੁੱਧ ਲੈ ਆਵਾਂਗੇ। ਬਾਅਦ ਵਿਚ ਖਿਆਲ ਆਇਆ, ਕੇਹਾ ਖਤਰਨਾਕ ਕੰਮ ਕੀਤਾ। ਕੁੱਤੇ ਸਮੇਤ ਅਸੀਂ ਤਿੰਨੇ ਜਣੇ ਨਿਕਲ ਤੁਰੇ। ਘਰ ਦੇ ਪਾਰਕ ਨੇੜੇ ਗੋਲੀਆਂ ਦੀ ਵਾਛੜ ਨੇ ਸਾਡਾ ਸਵਾਗਤ ਕੀਤਾ। ਕੁੱਝ ਸੌ ਗਜ਼ ਦੀ ਦੂਰੀ ‘ਤੇ ਤਿੰਨ ਚਾਰ ਜੁਆਨ ਹੱਥ ਪਿੱਛੇ ਬੰਨ੍ਹੀ, ਕੁੱਝ ਹੋਰਾਂ ਨੇ ਅੱਗੇ ਲਾਏ ਹੋਏ ਸਨ, ਕਵਰ ਵਜੋਂ। ਛੁਡਾ ਕੇ ਕੁੱਤਾ ਦੌੜਨ ਲੱਗਾ ਤਾਂ ਮੈਂ ਸੰਗਲੀ ਕੱਸ ਕੇ ਫੜ ਲਈ। ਇਕ ਹੋਰ ਇਮਾਰਤ ਪਿਛੋਂ ਕੁੱਝ ਵਰਦੀਧਾਰੀ ਫੌਜੀ ਨਿਕਲ ਆਏ। ਹੱਥ ਬੰਨ੍ਹੇ ਹੋਏ ਜੁਆਨਾਂ ਦੀ ਤਲਾਸ਼ੀ ਲਈ। ਇਸ ਸਮੇਂ ਮੈਂ ਆਪਣੀ ਪਛਾਣ ਦਿਖਾਣੀ ਚਾਹੀ ਤੇ ਸ਼ਨਾਖਤੀ ਕਾਰਡ ਹਵਾ ਵਿਚ ਲਹਿਰਾ ਕੇ ਉਚੀ ਉਚੀ ਦੱਸਿਆ ਕਿ ਮੈਂ ਰਾਜਦੂਤ ਹਾਂ। ਫੌਜੀਆਂ ਨੂੰ ਮੇਰੀ ਕੋਈ ਗੱਲ ਸਮਝ ਵਿਚ ਤਾਂ ਨਹੀਂ ਆਈ, ਪਰ ਅਸੀਂ ਕੁੱਤੇ ਨਾਲ ਇੱਧਰ-ਉਧਰ ਘੁੰਮ ਰਹੇ ਹਾਂ; ਸੋ ਖਤਰਨਾਕ ਨਹੀਂ, ਚਲੇ ਗਏ। ਉਨ੍ਹਾਂ ਨੇ ਸਾਨੂੰ ਵੀ ਚਲੇ ਜਾਣ ਦਾ ਇਸ਼ਾਰਾ ਕਰ ਦਿੱਤਾ। ਥੋੜ੍ਹਾ ਸਮਾਂ ਪਹਿਲਾਂ ਇਨ੍ਹਾਂ ਨੇ ਹੀ ਫਾਇਰ ਕੀਤੇ ਸਨ।
ਪੰਨਾ 369: ਰੋਮਾਨੀ ਲੋਕ ਵਧਾ ਚੜ੍ਹਾ ਕੇ ਨਾਟਕੀ ਕਿਸਮ ਦੀਆਂ ਗੱਲਾਂ ਕਰਨ/ਸੁਣਨ ਦੇ ਸ਼ੁਕੀਨ ਹਨ। ਬਗਾਵਤ ਪਿਛੋਂ ਸੀਜ਼ੇਕੂ ਦੇ ਆਤੰਕਵਾਦੀ ਹਮਾਇਤੀਆਂ ਦੀਆਂ ਗੱਲਾਂ ਚੱਲ ਪਈਆਂ। ਸ਼ੁਰੂ ਦੇ ਕੁੱਝ ਦਿਨਾਂ ਨੂੰ ਛੱਡ ਕੇ ਮੈਂ ਸੀਜ਼ੇਕੂ ਦਾ ਹਮਾਇਤੀ ਕੋਈ ਨਹੀਂ ਦੇਖਿਆ। ਉਸ ਦੇ ਹਮਾਇਤੀਆਂ ਨੇ ਟੀæਵੀæ ਸੈਂਟਰ ਉਪਰ ਇਕ ਹੱਲਾ ਜ਼ਰੂਰ ਕੀਤਾ ਸੀ ਜਿਸ ਨਾਲ ਨੇੜੇ ਦੇ ਕੁੱਝ ਘਰ ਨੁਕਸਾਨੇ ਗਏ ਸਨ। ਸਾਰੇ ਆਖਦੇ ਸਨ, ਇਹ ਫਾਇਰਿੰਗ ਸੀਜ਼ੇਕੂ ਦੇ ਬੰਦਿਆਂ ਨੇ ਕੀਤੀ। ਲਗਦੈ, ਉਨ੍ਹਾਂ ਦੀ ਗੱਲ ਠੀਕ ਸੀ। ਕੰਧਾਂ ਉਪਰ ਫਾਇਰਿੰਗ ਦੇ ਨਿਸ਼ਾਨ ਸਨ, ਪਰ ਹਮਾਇਤੀਆਂ ਦੀਆਂ ਲਾਸ਼ਾਂ ਨਹੀਂ ਮਿਲੀਆਂ, ਸ਼ਾਇਦ ਖਤਰਾ ਦੇਖ ਕੇ ਪਹਿਲਾਂ ਹੀ ਦੌੜ ਗਏ ਹੋਣ।
ਪੰਨਾ 370: ਕੁੱਝ ਸ਼ਾਂਤੀ ਹੋਈ ਤਾਂ ਮੈਂ ਤੇ ਪਤਨੀ ਦੁੱਧ ਦੀ ਤਲਾਸ਼ ਵਿਚ ਫਿਰ ਨਿਕਲ ਤੁਰੇ। ਨੇੜੇ ਦੀ ਇਕ ਦੁਕਾਨ ਤੋਂ ਸੋਮਨਾਥ ਦੁੱਧ ਲਿਆਉਂਦਾ ਹੁੰਦਾ ਸੀ, ਪਰ ਉਸ ਦੁਕਾਨ ਵਿਚ ਸਪਲਾਈ ਨਹੀਂ ਸੀ ਆਈ। ਇਕ ਔਰਤ ਜਿਹੜੀ ਹਰ ਰੋਜ਼ ਇਥੋਂ ਦੁੱਧ ਖਰੀਦਣ ਆਉਂਦੀ ਸੀ, ਉਸ ਨੇ ਸੋਮਨਾਥ ਨੂੰ ਪਛਾਣ ਲਿਆ। ਕਹਿਣ ਲੱਗੀ, ਮੇਰੇ ਨਾਲ ਚਲੋ, ਥੋੜ੍ਹੀ ਦੂਰ ਇਕ ਹੋਰ ਦੁਕਾਨ ਐ। ਮੂਰਖਤਾਵਸ ਅਸੀਂ ਤੁਰ ਪਏ। ਇਹ ਇਲਾਕੇ ਵਿਚ ਦੁੱਧ ਸਪਲਾਈ ਕਰਨ ਦਾ ਵੱਡਾ ਕੇਂਦਰ ਸੀ। ਉਥੇ ਬਦਮਾਸ਼ ਕਿਸਮ ਦੇ ਕੁੱਝ ਬੰਦਿਆਂ ਨੇ ਸਾਡਾ ਰਾਹ ਰੋਕ ਲਿਆ। ਸਿਵਲ ਕੱਪੜਿਆਂ ਵਿਚ ਸਨ। ਸਾਨੂੰ ਸ਼ਨਾਖਤੀ ਕਾਰਡ ਦਿਖਾਉਣ ਲਈ ਕਿਹਾ, ਫਿਰ ਤਲਾਸ਼ੀ ਲੈਣ ਲੱਗੇ। ਇਕ ਨੇ ਰਾਤੀਂ ਵਧੀਕ ਸ਼ਰਾਬ ਪੀਤੀ ਹੋਈ ਸੀ, ਸਵੇਰੇ ਦੁਰਗੰਧ ਆ ਰਹੀ ਸੀ। ਉਸ ਨੇ ਇਕ ਹੋਰ ਨੂੰ ‘ਵਾਜ਼ ਮਾਰੀ। ਬੰਦੂਕ ਹੱਥ ਵਿਚ ਫੜੀ ਇਕ ਹੋਰ ਡਰਾਉਣਾ ਸ਼ਖਸ ਆ ਖੜ੍ਹਾ ਹੋਇਆ। ਉਨ੍ਹਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ ਸੀ ਤੇ ਅਸੀਂ ਰੋਮਾਨੀ ਤੋਂ ਅਨਜਾਣ ਸਾਂ। ਮੈਂ ਤੇ ਮੇਰੀ ਪਤਨੀ ਪੁਰਤਗਾਲੀ ਦੇ ਕੁੱਝ ਲਫਜ਼ ਜਾਣਦੇ ਸਾਂ ਜੋ ਰੋਮਾਨੀ ਨਾਲ ਮਿਲਦੇ ਸਨ। ਆਖਰ ਉਨ੍ਹਾਂ ਸਾਨੂੰ ਛੱਡ ਤਾਂ ਦਿੱਤਾ, ਪਰ ਦੁੱਧ ਨਹੀਂ ਮਿਲਿਆ। ਅਸੀਂ ਤੇਜ਼ੀ ਨਾਲ ਘਰ ਦਾ ਰਾਹ ਫੜਿਆ। ਰਸਤੇ ਵਿਚ ਵੀ ਕਈ ਥਾਂ ਤਲਾਸ਼ੀ ਹੋਈ, ਪਰ ਇਹ ਘੱਟ ਗੁਸੈਲੇ ਗਰੁਪ ਸਨ।
ਇਹ ਘਟਨਾ ਰੋਮਾਨੀ ਵਿਦੇਸ਼ ਮੰਤਰਾਲੇ ਦੇ ਮੁਲਾਜ਼ਮਾਂ ਨੂੰ ਦੱਸੀ। ਉਨ੍ਹਾਂ ਕਿਹਾ-ਮੁੜ ਕੇ ਕੁੱਝ ਦਿਨ ਹੋਰ ਬਾਹਰ ਨਾ ਨਿਕਲਿਓ, ਬਿਨਾਂ ਦੁੱਧ ਰੋਟੀ ਦੇ ਗੁਜ਼ਾਰਾ ਕਰੋ। ਇਹ ਸਲਾਹ ਜੇ ਉਹ ਨਾ ਵੀ ਦਿੰਦੇ ਤਾਂ ਵੀ ਸਾਨੂੰ ਪਤਾ ਸੀ। ਜਦੋਂ ਲੋਕ ਸੀਜ਼ੇਕੂ ਦੇ ਜ਼ੁਲਮਾਂ ਦੀਆਂ ਕਹਾਣੀਆਂ ਵਧਾ ਚੜ੍ਹਾ ਕੇ ਸੁਣਾਉਂਦੇ, ਨਾਲ ਹੀ ਧੀਮੀ ਆਵਾਜ਼ ਕਰ ਕੇ ਆਖਦੇ- ਅਜੇ ਵੀ ਉਹਦੇ ਬੰਦੇ ਤੁਰੇ ਫਿਰਦੇ ਨੇ, ਕੀ ਪਤਾ ਅਪਣੀਆਂ ਗੱਲਾਂ ਸੁਣ ਲਈਆਂ ਹੋਣ! ਭਲਿਉ ਲੋਕੋ, ਜੇ ਤੁਹਾਨੂੰ ਸੀਜ਼ੇਕੂ ਤੋਂ ਇੰਨਾ ਡਰ ਹੋਵੇ, ਮੇਰੇ ਵਰਗੇ ਅਜਨਬੀ ਨਾਲ ਤੁਸੀਂ ਉਸ ਖਿਲਾਫ ਚਰਚਾ ਕਰੋਗੇ?
ਬਗਾਵਤ ਬਾਅਦ ਸਭ ਤੋਂ ਵੱਡੀ ਖੁਸ਼ੀ ਭਰੀ ਪ੍ਰਾਪਤੀ ਮੁਲਾਜ਼ਮਾਂ ਲਈ ਹਫਤੇ ਦੇ ਪੰਜ ਦਿਨ ਕੰਮ ਸੀ। ਪਹਿਲਾਂ ਛੇ ਦਿਨ ਸਨ, ਪਰ ਐਤਵਾਰ ਦੀ ਛੁੱਟੀ ਮਨਾਉਣ ਵਾਸਤੇ ਵੀ ਉਨ੍ਹਾਂ ਕੋਲ ਕੁੱਝ ਨਹੀਂ ਹੁੰਦਾ ਸੀ। ਨਾ ਰੇਸਤਰਾਂ, ਨਾ ਮਨੋਰੰਜਨ ਦੇ ਹੋਰ ਸਾਧਨ ਜਿਵੇਂ ਪੱਛਮੀ ਦੇਸ਼ਾਂ ਵਿਚ ਹੁੰਦੇ ਹਨ, ਸਗੋਂ ਭਾਰਤ ਵਰਗੇ ਬਾਜ਼ਾਰ ਵੀ ਨਹੀਂ। ਰੋਮਾਨੀ ਟੀæਵੀæ ਕੋਲ ਤਾਨਾਸ਼ਾਹ ਅਤੇ ਉਸ ਦੀ ਬੀਵੀ ਦੀਆਂ ਗੱਲਾਂ ਦੱਸਣ ਬਗੈਰ ਕੁੱਝ ਨਹੀਂ ਸੀ। ਹਾਂ, ਸਿਨੇਮਾਘਰ ਅਤੇ ਫੁਟਬਾਲ ਗਰਾਊਂਡ ਜ਼ਰੂਰ ਸਨ। ਥਿਏਟਰ ਵਿਚ ਕਲਾਸੀਕਲ ਪੱਛਮੀ ਸੰਗੀਤ, ਉਪੇਰਾ ਅਤੇ ਬੈਲੇ ਸੀ। ਆਮ ਨਾਗਰਿਕ ਐਤਵਾਰ ਨੂੰ ਖਾਣ-ਪੀਣ, ਸੌਣ ਅਤੇ ਸਫਾਈ ਦਾ ਕੰਮ ਕਰਦਾ।
ਪੰਨਾ 371: ਬਗਾਵਤ ਬਾਅਦ ਤਬਦੀਲੀ ਦਿਸੀ। ਰਸਤਿਆਂ ਉਪਰ ਛੋਟੇ ਛੋਟੇ ਕੈਫੇ ਉਸਰਨ ਲੱਗੇ। ਫਿਰ ਬੀਅਰ ਅਤੇ ਵਿਸਕੀ ਦੀਆਂ ਦੁਕਾਨਾਂ ਖੁੱਲ੍ਹੀਆਂ। ਹੌਲੀ ਹੌਲੀ ਮਹਿੰਗੇ ਰੇਸਤਰਾਂ ਬਣ ਗਏ। ਮਾਰਕੀਟ ਵਿਚ ਕਾਲਾ ਧਨ ਪਸਰਨ ਲੱਗਾ। ਰੋਮਾਨੀਆ ਦਾ ਨਵਾਂ ਨੇਤਾ ਈਓਨ ਇਲੀਕੂ ਬਣਿਆ। ਬੁੱਧੀਜੀਵੀ ਦੱਸਦੇ ਕਿ ਇਸ ਨੇ ਬਗਾਵਤ ਅਗਵਾ ਕਰ ਲਈ ਹੈ। ਇਸ ਗੱਲ ਦਾ ਕੀ ਮਤਲਬ ਹੈ, ਮੈਨੂੰ ਪਤਾ ਨਾ ਲੱਗਾ। ਅਨਪੜ੍ਹਾਂ, ਫੈਕਟਰੀ ਮਜ਼ਦੂਰਾਂ ਅਤੇ ਪੇਂਡੂਆਂ ਵਿਚ ਉਹ ਬੜਾ ਹਰਮਨ ਪਿਆਰਾ ਸੀ। ਦਿਨ-ਬ-ਦਿਨ ਪੇਂਡੂ ਅਤੇ ਸ਼ਹਿਰੀ ਨਾਗਰਿਕ ਵਿਚਲਾ ਪਾੜਾ ਵਧਣ ਲੱਗਾ।
(ਚਲਦਾ)

Be the first to comment

Leave a Reply

Your email address will not be published.