ਲਾਸਾਨੀ ਸ਼ਹੀਦਾਂ ਦਾ ਮਾਰਚ ਮਹੀਨਾ

ਗੁਲਜ਼ਾਰ ਸਿੰਘ ਸੰਧੂ
ਆਮ ਆਦਮੀ ਪਾਰਟੀ ਵਲੋਂ ਆਪਣਾ ਸਹੰੁ ਚੁੱਕ ਸਮਾਗਮ ਖਟਕੜ ਕਲਾਂ ਰੱਖੇ ਜਾਣ ਨੇ ਮੈਨੂੰ ਚੇਤੇ ਕਰਾ ਦਿੱਤਾ ਕਿ ਮਾਰਚ ਦਾ ਮਹੀਨਾ ਸ਼ਹੀਦ-ਏ-ਆਜ਼ਮ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਰਾਜਗੁਰੂ ਤੇ ਸੁਖਦੇਵ ਦੀ ਸ਼ਹਾਦਤ ਦਾ ਮਹੀਨਾ ਹੈ। ਇਨ੍ਹਾਂ ਤਿੰਨਾਂ ਨੇ 23 ਮਾਰਚ, 1931 ਨੂੰ ਫਾਂਸੀ ਦਾ ਰੱਸਾ ਚੰੁਮਿਆ ਤੇ ਅਖੰਡ ਹਿੰਦੁਸਤਾਨ ਨੂੰ ਪੂਰਨ ਰੂਪ ਵਿਚ ਸੁਤੰਤਰ ਕਰਾਉਣ ਦੀ ਨੀਂਹ ਰੱਖੀ।

ਜਿੱਥੇ ਭਗਤ ਸਿੰਘ ਦਾ ਜੱਦੀ ਪੁਸ਼ਤੀ ਪਿੰਡ ਪੰਜਾਬ ਦੇ ਨਵਾਂ ਸ਼ਹਿਰ ਜ਼ਿਲ੍ਹੇ ਦਾ ਖਟਕੜ ਕਲਾਂ ਸੀ। ਰਾਜਗੁਰੂ ਮਹਾਰਾਸ਼ਟਰ ਦੇ ਪੂਨਾ ਨੇੜਿਉਂ ਵਹਿੰਦੀ ਭੀਮਾ ਨਦੀ ਦੇ ਨੇੜੇ ਖੇਦ ਪਿੰਡ ਤੋਂ ਅਤੇ ਸੁਖਦੇਵ ਦੇ ਮਾਪੇ ਲੁਦਿਹਾਣਾ ਦੇ ਥਾਪਰ ਪਰਿਵਾਰ ਵਿਚੋਂ ਸਨ। ਇਨ੍ਹਾਂ ਵਿਚੋਂ ਭਗਤ ਸਿੰਘ ਦੀ ਸਰਦਾਰੀ ਦਾ ਕਾਰਨ ਉਸਦੀ ਪੜ੍ਹਨ ਰੁਚੀ ਤੇ ਤਰਕਸ਼ੀਲਤਾ ਬਣਿਆ। ਇਸਦੀ ਪੁਸ਼ਟੀ ਭਗਤ ਸਿੰਘ ਦੀ ਜੇਲ੍ਹ ਨੋਟ ਬੁੱਕ ਕਰਦੀ ਹੈ, ਜਿਹੜੀ ਉਨ੍ਹਾਂ ਦੀ ਸ਼ਹਾਦਤ ਤੋਂ 63 ਸਾਲ ਪਿੱਛੋਂ ਛਪੀ। ਇਹ ਵੀ ਨੋਟ ਕਰਨ ਵਾਲੀ ਗੱਲ ਹੈ ਕਿ ਇਸ ਦਾ ਜ਼ਿਕਰ ਪਹਿਲੀ ਵਾਰ 1981 ਵਿਚ ਪ੍ਰਕਾਸ਼ਿਤ ‘ਲੈਨਿਨ ਐਂਡ ਇੰਡੀਆ’ ਨਾਂ ਦੀ ਇਕ ਪੁਸਤਕ ਵਿਚ ਮਿਲਦਾ ਹੈ ਜਿਸਦਾ ਰਚੇਤਾ ਰੂਸੀ ਵਿਦਵਾਨ ਐਨ ਵੀ ਮਿਤਰੋਖਿਨ ਸੀ।
ਇਸ ਵਿਚ ਭਗਤ ਸਿੰਘ ਵਲੋਂ ਆਖਰੀ ਦਿਨਾਂ ਵਿਚ ਕੀਤੇ ਗਏ ਮਾਰਕਸਵਾਦੀ ਸਾਹਿਤ ਦੇ ਗੰਭੀਰ ਅਧਿਐਨ ਬਾਰੇ ਰੋਸ਼ਨੀ ਪਾਈ ਮਿਲਦੀ ਹੈ। ਮਿਤਰੋਖਿਨ ਹੀ ਸੀ ਜਿਸਨੇ ਭਗਤ ਸਿੰਘ ਦੀਆਂ ਇਨ੍ਹਾਂ ਸਤਰਾਂ ਨੂੰ ਪੇਸ਼ ਕੀਤਾ ਜਿਹੜੀਆਂ ਭਗਤ ਸਿੰਘ ਦੇ ਚਿੰਤਨ ਦਾ ਅਨਿੱਖੜਵਾਂ ਅੰਗ ਸਨ।
ਉਸ ਨੇ ਲਿਖਿਆ ਹੈ ਕਿ ਭਗਤ ਸਿੰਘ ਦੇ ਧਰਮ ਅਤੇ ਸੰਪਰਦਾਇ ਬਾਰੇ ਵਿਚਾਰਾਂ ਨੂੰ ਸਮਝਣ ਲਈ ਸਾਨੂੰ ਟਾਲਸਟਾਇ ਦੇ ਵਿਚਾਰਾਂ ਨੂੰ ਜਾਨਣਾ ਤੇ ਸਮਝਣਾ ਜ਼ਰੂਰੀ ਹੈ। ਉਹ ਇਹ ਕਿ ਜੇ ਧਾਰਮਿਕ ਰੀਤੀ ਰਿਵਾਜ਼ ਤੇ ਦਰਸ਼ਨ ਅੰਧ-ਵਿਸ਼ਵਾਸ ਨੂੰ ਜਨਮ ਦਿੰਦੇ ਹਨ ਤਾਂ ਧਰਮ ਦੀ ਕੋਈ ਲੋੜ ਨਹੀਂ ਤੇ ਜੇ ਇਨ੍ਹਾਂ ਵਿਚ ਸੁਤੰਤਰ ਸੋਚ ਮਿਲਦੀ ਹੈ ਤਾਂ ਇਸ ਦਾ ਸਵਾਗਤ ਹੋਣਾ ਚਾਹੀਦਾ ਹੈ। ਇਹ ਵੀ ਕਿ ਵੱਖ-ਵੱਖ ਫਿਰਕਾਪ੍ਰਸਤੀ ਅਤੇ ਖਾਣ-ਪੀਣ ਦਾ ਭੇਦ-ਭਾਵ ਮਿਟਾਉਣਾ ਬੇਹੱਦ ਲਾਜ਼ਮੀ ਹੈ। ਖਾਸ ਕਰਕੇ ਛੂਤ-ਅਛੂਤ ਲਫਜ਼ਾਂ ਨੂੰ ਜੜ੍ਹੋਂ ਪੁੱਟਣਾ।
ਭਗਤ ਸਿੰਘ ਵਹਿਮ ਤੇ ਤੁਅਸੱਬ ਨੂੰ ਤਰੱਕੀ ਦੇ ਰਾਹ ਦਾ ਵੱਡਾ ਰੋੜਾ ਸਮਝਦਾ ਸੀ। ਜਿਹੜੀ ਵੀ ਗੱਲ ਸੁਤੰਤਰ ਸੋਚ ਦੀ ਕਸਵੱਟੀ ਉੱਤੇ ਪੂਰੀ ਨਹੀਂ ਸੀ ਉਤਰਦੀ ਉਸਨੂੰ ਮਲੀਆਮੇਟ ਕਰਨਾ ਚਾਹੰੁਦਾ ਸੀ। ਉਸਦਾ ਮੱਤ ਸੀ ਕਿ ਦੇਸ਼ ਦੇ ਦੁਸ਼ਮਣ (ਗੋਰੇ) ਹਿੰਦੂ ਕੱਟੜਤਾ ਤੇ ਮੁਸਲਿਮ ਤੁਅਸੱਬ ਦੁਆਰਾ ਆਮ ਜਨਤਾ ਦੇ ਮਨਾਂ ਵਿਚ ਪੈਦਾ ਹੋਈ ਫਿਰਕੂ ਤੰਗਦਿਲੀ ਦਾ ਲਾਭ ਲੈਂਦੇ ਹਨ। ਇਸ ਤੋਂ ਦੂਰ ਰਹਿਣ ਦਾ ਰਸਤਾ ਵਿਖਾਉਣ ਲਈ ਸਾਰੇ ਫਿਰਕਿਆਂ ਦੇ ਇਨਕਲਾਬੀ ਸੋਚ ਵਾਲੇ ਨੌਜਵਾਨਾਂ ਦੀ ਲੋੜ ਹੈ ਜਿਹੜੇ ਜਨਤਾ ਵਿਚ ਮਾਨਸਿਕ ਸੁਤੰਤਰਤਾ ਵਾਲੀ ਭਾਵਨਾ ਪੈਦਾ ਕਰ ਸਕਣ।
ਇਸ ਲਈ ਜਨਤਾ ਦਾ ਆਰਥਿਕ ਪੱਧਰ ਉੱਚਾ ਚੁੱਕਣਾ ਲਾਜ਼ਮੀ ਹੈ। ਜਿਸ ਲਈ ਸਾਰੇ ਹਿੰਦੁਸਤਾਨੀਆਂ ਨੂੰ ਇਕਜੁੱਟ ਹੋ ਕੇ ਹੰਭਲਾ ਮਾਰਨਾ ਚਾਹੀਦਾ ਹੈ।
ਮਿਤਰੋਖਿਨ ਦੀ ‘ਲੈਨਿਨ ਐਂਡ ਇੰਡੀਆ’ ਵਾਂਗ ਭਗਤ ਸਿੰਘ ਦੇ ਸਹਿਯੋਗੀ ਸ਼ਿਵ ਵਰਮਾ ਤੇ ਹੋਰ ਇਤਿਹਾਸਕਾਰਾਂ ਨੇ ਵੀ ਇਸ ਗੱਲ ਉੱਤੇ ਸਹੀ ਪਾਈ ਹੈ ਕਿ ਭਗਤ ਸਿੰਘ ਨੇ ਜੇਲ੍ਹ ਦੀਆਂ ਕਠਿਨਾਈਆਂ ਦੇ ਬਾਵਜੂਦ ਮਾਰਕਸਵਾਦ ਦਾ ਗੰਭੀਰ ਅਧਿਐਨ ਕੀਤਾ। ਇਸਦੇ ਫਲਸਰੂਪ ਹੀ ਭਗਤ ਸਿੰਘ ਨੇ ਅਰਾਜਕਤਾਵਾਦੀ ਰੁਚੀ ਨੂੰ ਤਿਆਗ ਕੇ ਮਾਰਕਸਵਾਦੀ ਸਿਧਾਂਤ ਨੂੰ ਆਪਣਾਇਆ। ਉਸ ਨੇ ਅਤਿਵਾਦੀ ਰਣਨੀਤੀ ਨੂੰ ਛੱਡ ਕੇ ਆਪਣੇ ਅਤੀਤ ਦੀ ਪੜਚੋਲ ਕੀਤੀ ਜਿਸਦੇ ਆਧਾਰ ਉੱਤੇ ਉਹ ਇਸ ਨਤੀਜੇ ਉੱਤੇ ਪਹੰੁਚਿਆ ਸੀ ਕਿ ਕ੍ਰਾਂਤੀਕਾਰ ਬਦਲਾਓ ਲਿਆਉਣ ਲਈ ਕਿਸਾਨਾਂ ਤੇ ਮਜ਼ਦੂਰਾਂ ਨੂੰ ਨਾਲ ਲੈਣਾ ਲਾਜ਼ਮੀ ਸੀ।
ਜਿੱਥੋਂ ਤੱਕ 23 ਮਾਰਚ 1931 ਵਾਲੀ ਫਾਂਸੀ ਦਾ ਸਬੰਧ ਹੈ, ਭਗਤ ਸਿੰਘ ਇਸ ਨੂੰ ਦੇਸ਼ ਭਗਤੀ ਦਾ ਸਭ ਤੋਂ ਉੱਚਾ ਤੇ ਸੁੱਚਾ ਇਨਾਮ ਸਮਝਦਾ ਸੀ। ਉਸਨੂੰ ਇਸ ਗੱਲ ਦਾ ਮਾਣ ਸੀ ਕਿ ਉਸਨੂੰ ਇਹ ਇਨਾਮ ਮਿਲਿਆ। ਉਸ ਨੇ ਇਹ ਸ਼ਬਦ ਸ਼ਿਵ ਵਰਮਾ ਨੂੰ ਕਹੇ ਸਨ। ਇਹ ਵੀ ਕਿ ਅੰਗਰੇਜ਼ ਹਾਕਮਾਂ ਦੀ ਭੁੱਲ ਸੀ ਕਿ ਉਹ ਭਗਤ ਸਿੰਘ ਤੇ ਉਸਦੇ ਸਾਥੀਆਂ ਦੇ ਸਰੀਰਾਂ ਨੂੰ ਖਤਮ ਕਰ ਕੇ ਸੁਰੱਖਿਅਤ ਹੋ ਜਾਣਗੇ। ਉਹ ਉਨ੍ਹਾਂ ਨੂੰ ਤਾਂ ਮਾਰ ਸਕਦੇ ਹਨ, ਪਰ ਉਨ੍ਹਾਂ ਦੇ ਵਿਚਾਰਾਂ ਨੂੰ ਨਹੀਂ। ਵਿਸਮਿਲ ਅਜ਼ੀਮਾਬਾਦੀ ਨੇ ਠੀਕ ਹੀ ਲਿਖਿਆ ਸੀ:
ਖੀਂਚ ਕਰ ਲਾਈ ਹੈ ਸਭ ਕੋ ਕਤਲ ਹੋਨੇ ਕੀ ਉੱਮੀਦ,
ਆਸ਼ਿਕੋਂ ਕਾ ਆਜ ਜਮਘਟ ਕੂਚਾ-ਏ-ਕਾਤਿਲ ਮੇਂ ਹੈ।
ਸਰਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ,
ਦੇਖਨਾ ਹੈ ਜ਼ੋਰ ਕਿਤਨਾ ਬਾਜ਼ੁ-ਏ-ਕਾਤਿਲ ਮੇਂ ਹੈ।
ਆਮ ਆਦਮੀ ਪਾਰਟੀ ਦੀ ਜਿੱਤ ਤੇ ਨਵਜੋਤ ਸਿੰਘ ਸਿੱਧੂ
ਪੰਜ ਰਾਜਾਂ ਵਿਚ ਮਾਰਚ ਮਹੀਨੇ ਹੋਈਆਂ ਚੋਣਾਂ ਨੇ ਇਕ ਵਾਰੀ ਫੇਰ ਸਿੱਧ ਕਰ ਦਿੱਤਾ ਹੈ ਕਿ ਪੰਜਾਬ ਦੇ ਵਸਨੀਕ ਲਕੀਰ ਦੇ ਫਕੀਰ ਨਹੀਂ। ਭਾਵੇਂ ਏਥੇ ਕਾਂਗਰਸ ਦੀ ਹਾਰ ਦਾ ਜ਼ਿੰਮੇਵਾਰ ਨਵਜੋਤ ਸਿੰਘ ਸਿੱਧੂ ਨੂੰ ਮੰਨਿਆ ਜਾ ਰਿਹਾ ਹੈ, ਜਿਸ ਨੇ ਕਾਂਗਰਸ ਹਾਈ ਕਮਾਂਡ ਨੂੰ ਭਰਮਾ ਕੇ ਪ੍ਰਦੇਸ਼ ਕਾਂਗਰਸ ਦੀ ਸਰਕਾਰ ਵੀ ਸਾਂਭ ਲਈ ਤੇ ਕੈਪਟਨ ਸਰਕਾਰ ਨੂੰ ਚੋਣਾਂ ਤੋਂ ਕੇਵਲ ਚਾਰ ਮਹੀਨੇ ਪਹਿਲਾਂ ਪਟੜੀ ਤੋਂ ਲਾਹ ਦਿੱਤਾ। ਪੰਜਾਬ ਦੀ ਦੂਜੀ ਵੱਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਹਾਲ ਵੀ ਪਤਲਾ ਸੀ। ਪ੍ਰਕਾਸ਼ ਸਿੰਘ ਬਾਦਲ ਦੀ ਬਜ਼ੁਰਗੀ ਕਾਰਨ ਏਨਾ ਪਾੜ ਪੈ ਚੁੱਕਿਆ ਸੀ ਕਿ ਉਨ੍ਹਾਂ ਨੇ ਪਿਛਲੇ ਦਿਨਾਂ ਵਿਚ ਹਰਚਰਨ ਬੈਂਸ ਨੂੰ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕਰ ਕੇ ਪੂਰਨ ਦਾ ਯਤਨ ਕੀਤਾ ਸੀ। ਨਤੀਜੇ ਵਜੋਂ ਸਾਰੇ ਪੰਜਾਬੀ ਆਮ ਆਦਮੀ ਪਾਰਟੀ ਵੱਲ ਝੁਕ ਗਏ। ਲੋਕਾਂ ਦੇ ਇਸ ਵੱਡੇ ਫਤਵੇ ਲਈ ਭਗਵੰਤ ਮਾਨ ਜਾਂ ਅਰਵਿੰਦ ਕੇਜਰੀਵਾਲ ਅਪਣੀਆਂ ਪਿੱਠਾਂ ਨੂੰ ਜਿੰਨਾ ਮਰਜ਼ੀ ਥਾਪੜੀ ਜਾਣ ਇਨ੍ਹਾਂ ਦੀ ਸਿਹਰਾਬੰਦੀ ਭਰਨ ਵਾਲਾ ਨਵਜੋਤ ਸਿੱਧੂ ਹੈ। ਬਹੁਤੇ ਲੋਕਾਂ ਦੇ ਵਿਚਾਰ ਅਨੁਸਾਰ ਉਸਨੂੰ ਭਾਜਪਾ ਨੇ ਆਪਣਾ ਮੋਹਰਾ ਬਣਾ ਕੇ ਪੰਜਾਬ ਭੇਜਿਆ ਸੀ। ਕਾਂਗਰਸ ਹਾਈ ਕਮਾਂਡ ਭਾਜਪਾ ਦੀ ਇਸ ਚਾਲ ਨੂੰ ਪਹਿਚਾਣ ਨਹੀਂ ਸਕੀ। 2014 ਦੀਆਂ ਚੋਣਾਂ ਸਮੇਂ ਕਾਂਗਰਸ ਨੌਂ ਰਾਜਾਂ ਵਿਚ ਕਾਬਜ਼ ਸੀ ਜਿਹੜੀ ਪੰਜਾਬ ਦੀ ਹਾਰ ਤੋਂ ਪਿੱਛੋਂ ਕੇਵਲ ਦੋ ਰਾਜਾਂ ਤਕ ਸੀਮਤ ਹੋ ਗਈ ਹੈ।
ਇਸ ਸਭ ਕੁਝ ਦੇ ਬਾਵਜੂਦ ਕਾਂਗਰਸ ਪਾਰਟੀ ਕੋਲ ਦੇਸ਼ ਵਿਚ ਹਾਲੀ ਵੀ 700 ਵਿਧਾਇਕ ਹਨ ਜਿਹੜੇ ਭਾਜਪਾ ਦੇ 1300 ਵਿਧਾਇਕਾਂ ਦਾ ਟਾਕਰਾ ਕਰਨ ਦੇ ਯੋਗ ਹਨ। ਇਹ ਗੱਲ ਵੱਖਰੀ ਹੈ ਕਿ ਕਾਂਗਰਸ ਕੋਲ ਵਿਰੋਧੀ ਧਿਰ ਦਾ ਰੋਲ ਅਦਾ ਕਰਨ ਦੀ ਸ਼ਕਤੀ ਨਹੀਂ। ਇਹ ਗੱਲ ਤਾਂ ਗੈਰ-ਕਾਂਗਰਸੀ ਚਿੰਤਕ ਵੀ ਮੰਨਦੇ ਹਨ ਕਿ ਵਰਤਮਾਨ ਹਿੰਦੂਤਵਾ ਸਰਦਾਰੀ ਦੇਸ਼ ਦੀ ਧਰਮ-ਨਿਰਪੱਖ ਧਾਰਨਾ ਦਾ ਸੱਤਿਆਨਾਸ ਕਰ ਰਹੀ ਹੈ। ਇਹੋ ਜਿਹੀ ਸਥਿਤੀ ਵਿਚ ਭਾੜੇ ਦੇ ਟੱਟੂਆਂ ਦਾ ਅੱਡੀਆਂ ਚੁੱਕਣਾ ਕੁਦਰਤੀ ਹੈ। ਅਕਾਲੀ ਦਲ `ਤੇ ਆਸ ਰੱਖਣ ਦਾ ਕੋਈ ਲਾਭ ਨਹੀਂ।
ਰਾਸ਼ਟਰੀ ਪੱਧਰ ਉੱਤੇ ਕਾਂਗਰਸ ਨੂੰ ਆਪਣੀ ਵਾਗਡੋਰ ਰਾਹੁਲ ਤੇ ਸੋਨੀਆ ਗਾਂਧੀ ਦੀ ਥਾਂ ਕਿਸੇ ਹੋਰ ਮਹਾਰਥੀ ਨੂੰ ਸੌਂਪਣੀ ਚਾਹੀਦੀ ਹੈ। ਇਸ ਵਿਚ ਪ੍ਰਿਅੰਕਾ ਗਾਂਧੀ ਵਾਡਰਾ ਵੀ ਚੰਗਾ ਯੋਗਦਾਨ ਪਾ ਸਕਦੀ ਹੈ। ਬਸਪਾ ਤੇ ਸਪਾ ਦਾ ਸਾਥ ਲੈਣ ਵਿਚ ਵੀ ਕੋਈ ਹਰਜ਼ ਨਹੀਂ। ਦੇਸ਼ ਦੀ ਸੁਤੰਤਰਤਾ ਵਿਚ ਵੱਡਾ ਯੋਗਦਾਨ ਪਾਉਣ ਵਾਲੀ ਇਹ ਪਾਰਟੀ ਨਾਜ਼ੁਕ ਸਮੇਂ ਵਿਚੋਂ ਲੰਘ ਰਹੀ ਹੈ। ਵੇਖੋ ਕੀ ਬਣਦਾ ਹੈ!
ਅੰਤਿਕਾ
ਈਸ਼ਵਰ ਚਿੱਤਰਕਾਰ
ਹੇ ਟਿਮਟਮਾੳਂੁਦੇ ਮਲੂਕ ਦੀਵੇ
ਹੈ ਮੌਤ ਬਲਣਾ ਸਦਾ ਇਕੱਲੇ,
ਰਲਾ ਕੇ ਲਾਟਾਂ ਹੀ ਕਿਉ ਨਾਂ ਜਗੀਏ
ਮੈਂ ਆਪ ਵੈਰੀ ਹਨੇਰ ਦਾ ਹਾਂ।