ਰਾਵੀ ਜਿਹਲਮ ਚਨਾਬ ਨੂੰ ਸਲਾਮ ਆਖਣਾ

ਪ੍ਰਿੰ. ਸਰਵਣ ਸਿੰਘ

ਮੈਂ ਸੁਪਨੇ ਲੈ ਰਿਹਾ ਸਾਂ, ਕਾਸ਼! ਭਾਰਤ-ਪਾਕਿ ਵਿਚਕਾਰ ਵੰਡੇ ਪੰਜਾਬੀ ਖਿਡਾਰੀ ਮੁੜ ਇਕੱਠੇ ਖੇਡਣ। 1950ਵਿਆਂ `ਚ ਦੋਹਾਂ ਪੰਜਾਬਾਂ ਵਿਚਕਾਰ ਕਬੱਡੀ ਤੇ ਹਾਕੀ ਦੇ ਮੈਚ ਅਤੇ ਅਥਲੈਟਿਕਸ ਮੀਟਾਂ ਹੋਣੀਆਂ ਸ਼ੁਰੂ ਹੋਈਆਂ ਸਨ, ਜੋ 1965 ਤੇ 1971 ਦੀਆਂ ਲੜਾਈਆਂ ਕਾਰਨ ਬੰਦ ਹੋ ਗਈਆਂ। 1980 `ਚ ਮੈਂ ‘ਕਬੱਡੀ ਪੰਜਾਬ ਦੀ’ ਵਿਚ ਲਿਖਿਆ: ਜੇਕਰ ਚੜ੍ਹਦੇ ਤੇ ਲਹਿੰਦੇ ਪੰਜਾਬ ਦੀਆਂ ਕਬੱਡੀ ਟੀਮਾਂ ਦਾ ਮੈਚ ਹੁਣ ਹੋਵੇ ਤਾਂ ਪੰਜਾਬ ਦਾ ਕੋਈ ਵੀ ਸਟੇਡੀਅਮ ਦਰਸ਼ਕਾਂ ਦੀਆਂ ਭੀੜਾਂ ਨਾ ਸਮਾ ਸਕੇ।

ਇਕ ਬੰਨ੍ਹੇ ਲਾਹੌਰੀਏ, ਪਸ਼ੌਰੀਏ ਤੇ ਲਾਇਲਪੁਰੀਏ ਹੋਣਗੇ ਅਤੇ ਦੂਜੇ ਬੰਨ੍ਹੇ ਜਲੰਧਰੀਏ, ਹੁਸਿ਼ਆਰਪੁਰੀਏ ਤੇ ਅੰਬਰਸਰੀਏ। ਸਿਆਲਕੋਟੀਆਂ, ਫਰੀਦਕੋਟੀਆਂ, ਸ਼ੇਖੂਪੁਰੀਆਂ ਤੇ ਫਿਰੋਜ਼ਪੁਰੀਆਂ ਵਿਚਕਾਰ ਬੁਰਦਾਂ ਲੱਗਣਗੀਆਂ। ਜਿੱਤਾਂ ਹਾਰਾਂ ਹੋਣਗੀਆਂ ਤੇ ਗਿੱਧੇ ਭੰਗੜੇ ਪੈਣਗੇ। ਮਿੰਟਗੁਮਰੀਏ ਤੇ ਸੰਗਰੂਰੀਏ ਇਕ ਦੂਜੇ ਨੂੰ ਵੰਗਾਰਨਗੇ ਵੀ ਤੇ ਪਿਆਰਨਗੇ ਵੀ। ਦਰਸ਼ਕ ਦੋਹਾਂ ਪੰਜਾਬਾਂ ਦੇ ਚੋਬਰਾਂ ਦੀ ਖੇਡ ਤੋਂ ਬਲਿਹਾਰੇ ਜਾਣਗੇ। ਅਜਿਹੇ ਖੇਡ ਮੇਲੇ ਓੜਕਾਂ ਦੇ ਭਰਨਗੇ ਤੇ ਉਨ੍ਹਾਂ ਮੇਲਿਆਂ ਦੀਆਂ ਗੱਲਾਂ ਸਾਰਾ-ਸਾਰਾ ਸਾਲ ਹੁੰਦੀਆਂ ਰਹਿਣਗੀਆਂ। ਕੀ ਇਹ ਸੁਪਨਾ ਕਦੇ ਸੱਚ ਹੋਵੇਗਾ?
2001 ਵਿਚ ਹੋਈ ਲਾਹੌਰ ਦੀ ਆਲਮੀ ਪੰਜਾਬੀ ਕਾਨਫਰੰਸ ਵੀ ਯਾਦ ਆ ਗਈ ਹੈ। ਉਥੇ ਪੰਜਾਬ ਦੀਆਂ ਖੇਡਾਂ ਤੇ ਖਿਡਾਰੀਆਂ ਬਾਰੇ ਪਰਚਾ ਪੇਸ਼ ਕਰਦਿਆਂ ਮੈਂ ਸੁਝਾਅ ਦਿੱਤਾ ਸੀ ਕਿ ਕੁਲ ਦੁਨੀਆ ਵਿਚ ਖਿੱਲਰੇ ਪੰਜਾਬੀਆਂ ਦੀ ‘ਪੰਜਾਬੀ ਓਲੰਪਿਕਸ’ ਹੋਣੀ ਚਾਹੀਦੀ ਹੈ। ਉਸ ਦੀ ਸ਼ੁਰੂਆਤ ਲਾਹੌਰ ਤੋਂ ਹੋਵੇ। ਫਿਰ ਭਾਰਤ, ਕੈਨੇਡਾ, ਇੰਗਲੈਂਡ, ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ, ਮਲਾਇਆ-ਸਿੰਗਾਪੁਰ ਤੇ ਅਰਬ-ਅਫਰੀਕਾ ਆਦਿ ਦੇ ਪੰਜਾਬੀ ਵਾਰੋ-ਵਾਰੀ ਪੰਜਾਬੀ ਓਲੰਪਿਕਸ ਕਰਵਾਉਣ। ਇਸ ਸੁਝਾਅ ਦਾ ਲਾਹੌਰ ਦੇ ਅਖ਼ਬਾਰਾਂ ਵਿਚ ਸਵਾਗਤ ਹੋਇਆ ਪਰ ਮਜ਼੍ਹਬੀ ਜਨੂੰਨੀਆਂ ਨੂੰ ਨਾ ਭਾਇਆ।
ਹੋਟਲ ਸ਼ਾਹਤਾਜ ਵਿਚ ਮੀਟਿੰਗ ਹੋਈ ਜਿਸ ਵਿਚ ਵਿਸ਼ਵ ਪੰਜਾਬੀਅਤ ਫਾਊਂਡੇਸ਼ਨ ਦੇ ਅਹੁਦੇਦਾਰ ਅਤੇ ਪਾਕਿਸਤਾਨ ਓਲੰਪਿਕ ਐਸੋਸੀਏਸ਼ਨ ਦੇ ਮੈਂਬਰ ਤੇ ਆਲਮੀ ਕਬੱਡੀ ਫੈਡਰੇਸ਼ਨ ਦੇ ਸਦਰ ਖੁਆਜ਼ਾ ਅਲੀ ਮੁਹੰਮਦ ਹੋਰਾਂ ਨੇ ਭਾਗ ਲਿਆ। ਸਭਨਾਂ ਨੇ ਪੰਜਾਬੀ ਓਲੰਪਿਕਸ ਦੀ ਤਜਵੀਜ਼ ਨੂੰ ਸਲਾਹਿਆ ਪਰ ਸੁਆਲ ਸੀ ਕਿ ਪਹਿਲ ਕੌਣ ਲਵੇ? ਪਹਿਲ ਕਰਨ ਲਈ ਸਰਕਾਰਾਂ ਦੀ ਸਹਿਮਤੀ ਜ਼ਰੂਰੀ ਸੀ। ਪਾਕਿਸਤਾਨ ਤੇ ਭਾਰਤ ਦੀਆਂ ਸਰਕਾਰਾਂ ਦੀ ਸਹਿਮਤੀ ਤਾਂ ਬਹੁਤ ਹੀ ਜ਼ਰੂਰੀ ਸੀ। ਪੰਜਾਬੀ ਓਲੰਪਿਕਸ ਤੋਂ ਪਹਿਲਾਂ ‘ਇੰਡੋ-ਪਾਕਿ ਪੰਜਾਬ ਖੇਡਾਂ’ ਹੋਣੀਆਂ ਹੋਰ ਵੀ ਜ਼ਰੂਰੀ ਸਨ।
ਆਖ਼ਰ 2004 ਵਿਚ ‘ਇੰਡੋ-ਪਾਕਿ ਪੰਜਾਬ ਖੇਡਾਂ’ ਪਟਿਆਲੇ ਵਿਚ ਹੋਣੀਆਂ ਤੈਅ ਹੋ ਗਈਆਂ। ਉਦੋਂ ਭਾਰਤੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਨ ਅਤੇ ਪਾਕਿਸਤਾਨੀ ਪੰਜਾਬ ਦੇ ਵਜ਼ੀਰੇ ਆਲਾ ਚੌਧਰੀ ਪ੍ਰਵੇਜ਼ ਇਲਾਹੀ। ਉਸ ਸਾਲ ਮੈਂ ਕੈਨੇਡਾ ਤੋਂ ਪੰਜਾਬ ਪਰਤਿਆ ਤਾਂ ਸੰ਼ਭੂ ਬਾਰਡਰ ਤੋਂ ਸੜਕਾਂ ਦੇ ਪੁਲਾਂ, ਚੌਕਾਂ ਤੇ ਮੋੜਾਂ ਉਤੇ ਕੈਪਟਨ ਅਮਰਿੰਦਰ ਵੱਲੋਂ ਚੌਧਰੀ ਪ੍ਰਵੇਜ਼ ਇਲਾਹੀ ਨੂੰ ਖੁਸ਼-ਆਮਦੀਦ ਕਹਿੰਦੇ ਬੈਨਰ ਦਿਖਾਈ ਦੇਣ ਲੱਗੇ। ਉਦੋਂ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਵੇਜ਼ ਇਲਾਹੀ ਦੇ ਮੇਲ ਮਿਲਾਪ ਉਤੇ, ਕਿਸੇ ਨੂੰ ਕੋਈ ਇਤਰਾਜ਼ ਨਹੀਂ ਸੀ ਹੋਇਆ। 2019 ਵਿਚ ਪਈ ਨਵਜੋਤ ਸਿੱਧੂ ਤੇ ਜਨਰਲ ਬਾਜਵੇ ਦੀ ‘ਜੱਫੀ’ ਵਾਂਗ ਕਿਸੇ ਦਾ ਢਿੱਡ ਨਹੀਂ ਸੀ ਦੁਖਿਆ। ਕੈਪਟਨ ਅਮਰਿੰਦਰ ਸਿੰਘ ਲਹਿੰਦੇ ਪੰਜਾਬ ਦੇ ਵਜ਼ੀਰੇ ਆਲਾ ਨੂੰ ਬੜੇ ਆਦਰ ਮਾਣ ਨਾਲ ਜੀ ਆਇਆਂ ਕਹਿ ਰਹੇ ਸਨ। ਬੈਨਰ ਵੇਖਦਿਆਂ ਮਨ ਖ਼ੁਸ਼ ਹੋ ਰਿਹਾ ਸੀ। ਮੈਨੂੰ ਲੱਗਾ ਸੁਪਨਾ ਸੱਚ ਹੋ ਚੱਲਿਆ ਹੈ!
ਤਰਤੀਬਵਾਰ ਪਹਿਲੀਆਂ ਇੰਡੋ-ਪਾਕਿ ਪੰਜਾਬ ਖੇਡਾਂ-2004 ਪਟਿਆਲੇ, ਦੂਜੀਆਂ ਪੰਜਾਬ ਖੇਡਾਂ-2005 ਲਾਹੌਰ ਤੇ ਤੀਜੀਆਂ ਪੰਜਾਬ ਖੇਡਾਂ-2006 ਜਲੰਧਰ ਹੋਣੀਆਂ ਤੈਅ ਸਨ। 2004 ਦੇ ਸ਼ੁਰੂ `ਚ ਕੈਪਟਨ ਅਮਰਿੰਦਰ ਸਿੰਘ ਲਾਹੌਰ ਗਏ ਸਨ। ਉਥੇ ਪਾਕਿਸਤਾਨੀ ਭਰਾਵਾਂ ਦੀ ਪ੍ਰਾਹੁਣਚਾਰੀ ਮਾਣਦਿਆਂ ਚੌਧਰੀ ਪ੍ਰਵੇਜ਼ ਇਲਾਹੀ ਨੂੰ ਸੱਦਾ ਦੇ ਆਏ ਸਨ ਕਿ ਆਪਣੇ ਖਿਡਾਰੀ ਲੈ ਕੇ ਸਾਡੇ ਵੱਲ ਆਇਓ। ਫਿਰ ਅਸੀਂ ਵੀ ਆਪਣੇ ਖਿਡਾਰੀ ਲੈ ਕੇ ਤੁਹਾਡੇ ਵੱਲ ਆਵਾਂਗੇ। ਮੀਡੀਆ ਨੇ ਪ੍ਰਚਾਰ ਕਰ ਰੱਖਿਆ ਸੀ ਕਿ 5 ਦਸੰਬਰ ਤੋਂ 11 ਦਸੰਬਰ ਤਕ ਪਟਿਆਲੇ ਬਾਰਾਂ ਸਪੋਰਟਸ ਦੇ ਖੇਡ ਮੁਕਾਬਲੇ ਹੋਣਗੇ ਜਿਨ੍ਹਾਂ ਵਿਚ ਦੋਹਾਂ ਪਾਸਿਆਂ ਤੋਂ ਲਗਭਗ ਸੱਤ ਸੌ ਖਿਡਾਰੀ ਭਾਗ ਲੈਣਗੇ। 2005 ਵਿਚ ਡਾ. ਸੁਖਦਰਸ਼ਨ ਸਿੰਘ ਚਹਿਲ ਨੇ ਪਟਿਆਲੇ `ਚ ਹੋਈਆਂ ਇਨ੍ਹਾਂ ਖੇਡਾਂ ਬਾਰੇ ‘ਜਦੋਂ ਖੇਡੇ ਪੰਜੇ ਆਬ’ ਪੁਸਤਕ ਲਿਖੀ।
ਪਿੱਛਲਝਾਤ ਮਾਰੀਏ ਤਾਂ ਪਤਾ ਲੱਗਦੈ ਕਿ ਦੇਸ਼-ਵੰਡ ਤੋਂ ਪੰਜ ਸਾਲਾਂ ਬਾਅਦ ਹੀ ਦੋਹਾਂ ਪੰਜਾਬਾਂ ਵਿਚਕਾਰ ਖੇਡਾਂ ਹੋਣੀਆਂ ਸ਼ੁਰੂ ਹੋ ਗਈਆਂ ਸਨ। ਪਹਿਲਾ ਇੰਡੋ-ਪਾਕਿ ਕ੍ਰਿਕਟ ਮੈਚ 1952 ਵਿਚ 16-19 ਅਕਤੂਬਰ ਨੂੰ ਖੇਡਿਆ ਗਿਆ ਸੀ। ਪਹਿਲਾਂ ਪਾਕਿਸਤਾਨ ਦੀ ਟੀਮ ਭਾਰਤ ਵਿਚ ਆਈ ਸੀ। ਬਲਬੀਰ ਸਿੰਘ ‘ਕੰਵਲ’ ਦੀ ਪੁਸਤਕ ‘ਆਲਮੀ ਕਬੱਡੀ ਦਾ ਇਤਿਹਾਸ’ ਵਿਚ ਕਬੱਡੀ ਮੈਚਾਂ ਦੇ ਕਾਫੀ ਵੇਰਵੇ ਮਿਲਦੇ ਹਨ। ਇੰਡੋ-ਪਾਕਿ ਮੈਚ ਵੇਖਣ ਲਈ ਖਿਡਾਰੀਆਂ ਨਾਲ ਵੱਡੀ ਗਿਣਤੀ `ਚ ਭਾਰਤੀ ਦਰਸ਼ਕ ਵੀ ਪਾਕਿਸਤਾਨ ਗਏ ਸਨ। ਬੱਸਾਂ-ਗੱਡੀਆਂ ਤੇ ਤਾਂਗੇ-ਰਿਕਸ਼ੇ ਵਾਲਿਆਂ ਨੇ ਭਾਰਤੀ ਦਰਸ਼ਕਾਂ ਤੋਂ ਕਿਰਾਇਆ ਨਹੀਂ ਸੀ ਲਿਆ। ਹਲਵਾਈਆਂ ਨੇ ਮਠਿਆਈਆਂ ਤੇ ਦੁੱਧ-ਲੱਸੀ ਦੇ ਪੈਸੇ ਨਹੀਂ ਸੀ ਲਏ। ਕਹਿੰਦੇ ਰਹੇ, “ਕਿਉਂ ਸ਼ਰਮਿੰਦੇ ਪਏ ਕਰਦੇ ਓ! ਕੋਈ ਮਹਿਮਾਨਾਂ ਤੋਂ ਵੀ ਪੈਸੇ ਵਸੂਲਦਾ ਏ?”
ਬੁਰਕਿਆਂ `ਚ ਰਹਿਣ ਵਾਲੀਆਂ ਬੇਗਮਾਂ ਨੇ ਪੱਗਾਂ ਵਾਲੇ ਸਰਦਾਰ ਭਰਾਵਾਂ ਨੂੰ ਰੱਜ ਕੇ ਤੱਕਿਆ ਸੀ। ਆਮ ਲੋਕ ਇਕ ਦੂਜੇ ਨੂੰ ਧਾਅ ਕੇ ਮਿਲੇ ਸਨ। ਦਾਅਵਤਾਂ ਦੇ ਦੌਰ ਚੱਲੇ ਸਨ। ਜਦੋਂ ਲੋਕਾਂ ਨੂੰ ਮਜਬੂਰੀ ਵੱਸ ਨਿਖੇੜ ਦਿੱਤਾ ਗਿਆ ਹੋਵੇ ਤੇ ਉਨ੍ਹਾਂ ਨੂੰ ਮਸੀਂ ਮਿਲਣ ਦਾ ਮੌਕਾ ਮਿਲੇ ਤਾਂ ਉਹ ਇੰਜ ਹੀ ਮਿਲਦੇ ਨੇ। ਇਹਦੇ ਬਾਰੇ ਬੜਾ ਕੁਝ ਲਿਖਿਆ ਗਿਆ ਹੈ ਤੇ ਲਿਖਿਆ ਜਾਂਦਾ ਰਹੇਗਾ। ਉਨ੍ਹਾਂ ਦਿਨਾਂ ਵਿਚ ਹੀ ਲਹਿੰਦੇ ਪੰਜਾਬ ਦੇ ਜੰਮਪਲ ਤੇ ਚੜ੍ਹਦੇ ਪੰਜਾਬ ਦੇ ਵਾਸੀ ਮਿਲਖਾ ਸਿੰਘ ਨੂੰ ਲਾਹੌਰ ਦੇ ਸਟੇਡੀਅਮ ਵਿਚ ਦੌੜਦਿਆਂ ਵੇਖ ਕੇ ਪਾਕਿਸਤਾਨ ਦੇ ਸਦਰ ਜਨਰਲ ਅਯੂਬ ਖਾਂ ਨੇ ‘ਫਲਾਈਂਗ ਸਿੱਖ’ ਦਾ ਖਿ਼ਤਾਬ ਦਿੱਤਾ ਸੀ।
ਬਦਕਿਸਮਤੀ ਭਾਰਤ ਤੇ ਪਾਕਿਸਤਾਨ ਦੀ, ਖ਼ਾਸ ਕਰਕੇ ਦੋਹਾਂ ਪੰਜਾਬਾਂ ਦੀ ਕਿ ਇੰਡੋ-ਪਾਕਿ ਖੇਡ ਮੇਲੇ ਲਗਾਤਾਰ ਨਾ ਲੱਗ ਸਕੇ। ਕਸ਼ਮੀਰ ਦੇ ਰੇੜਕੇ ਨੇ ਗੁਆਂਢੀ ਮੁਲਕਾਂ ਦੇ ਗੁਆਂਢਪੁਣੇ ਨੂੰ ਦੁਸ਼ਮਣੀ ਵਿਚ ਬਦਲੀ ਰੱਖਿਆ। ਕੁਦਰਤ ਵੱਲੋਂ ਬਖਸ਼ੀ ਖੁਸ਼ਹਾਲੀ ਵਿਚ ਹਾਕਮਾਂ ਨੇ ਕੰਗਾਲੀ ਦਾ ਕਾਲ ਪਾ ਛੱਡਿਆ। ਪਹਿਲਾਂ ਪੰਜਾਬ ਤੇ ਬੰਗਾਲ ਨੂੰ ਨਰਕ ਬਣਾਇਆ ਤੇ ਫਿਰ ਕਸ਼ਮੀਰ ਨੂੰ ਜਹੰਨਮ ਬਣਾ ਦਿੱਤਾ। ਦੋਹਾਂ ਪੰਜਾਬਾਂ ਦੀ ਤਰੱਕੀ ਦੇ ਰਾਹ `ਚ ਵੱਡੀ ਰੁਕਾਵਟ ਇਹੋ ਹੈ ਕਿ ਇਹ ਦੋਹੇਂ ਭਾਰਤ-ਪਾਕਿ ਬਾਰਡਰ ਉਤੇ ਹਨ ਜਿੱਥੇ ਲੜਾਈ ਛਿੜਨ ਦਾ ਖ਼ਤਰਾ ਬਣਿਆ ਰਹਿੰਦਾ ਹੈ। ਲੜਾਈ ਦੀ ਬਹੁਤੀ ਮਾਰ ਬਾਰਡਰ ਵਾਲਿਆਂ ਨੂੰ ਹੀ ਪੈਂਦੀ ਹੈ। ਕਸ਼ਮੀਰ ਦੇ ਨਾਂ ਉਤੇ ਜਿਹੜੀ ਵੀ ਲੜਾਈ ਲੱਗਦੀ ਹੈ ਉਹਦਾ ਬਹੁਤਾ ਸੇਕ ਦੋਹਾਂ ਪਾਸਿਆਂ ਦੇ ਪੰਜਾਬੀਆਂ ਨੂੰ ਲੱਗਦਾ ਹੈ। ਪੰਜਾਬ ਵਿਚ ਵੱਡੀ ਇੰਡਸਟਰੀ ਇਸੇ ਬਹਾਨੇ ਨਹੀਂ ਲਾਈ ਜਾਂਦੀ ਕਿ ਪੰਜਾਬ ਤੋਪਾਂ ਤੇ ਡਰੋਨਾਂ ਦੀ ਮਾਰ ਹੇਠ ਹੈ। ਹੋਰ ਤਾਂ ਹੋਰ ਪੰਜਾਬ ਦੇ ਹਵਾਈ ਮੁਸਾਫ਼ਰਾਂ ਲਈ ਅੰਮ੍ਰਿਤਸਰ ਦਾ ਹਵਾਈ ਅੱਡਾ ਵੀ ਓਡਾ ਵੱਡਾ ਕੌਮਾਂਤਰੀ ਅੱਡਾ ਨਹੀਂ ਬਣਾਇਆ ਗਿਆ ਜਿੱਡੇ ਦੀ ਲੋੜ ਸੀ। ਇਸੇ ਕਰਕੇ ਲੱਖਾਂ ਪੰਜਾਬੀ ਮੁਸਾਫਿ਼ਰ ਦਿੱਲੀ ਦੇ ਧੱਕੇ ਖਾਣ ਲਈ ਮਜਬੂਰ ਹਨ।
ਜੇਕਰ ਅਮਨ-ਅਮਾਨ ਰਹੇ ਤਾਂ ਬੰਦਰਗਾਹਾਂ ਵਾਂਗ ਸਰਹੱਦਾਂ ਦੇ ਸ਼ਹਿਰ ਸਗੋਂ ਵਧੇਰੇ ਵਿਕਾਸ ਕਰਨ। ਅਮਨ ਅਮਾਨ ਰਹੇ ਤਾਂ ਅੰਮ੍ਰਿਤਸਰ ਤੇ ਲਾਹੌਰ ਇਕ ਦੂਜੇ ਨਾਲ ਹੱਥ ਮਿਲਾ ਸਕਦੇ ਹਨ। ਫਿਰੋਜ਼ਪੁਰ ਤੇ ਕਸੂਰ ਅਤੇ ਫਾਜਿ਼ਲਕਾ ਤੇ ਪਾਕਪਟਨ ਹੋਰ ਨੇੜੇ ਹੋ ਸਕਦੇ ਹਨ। ਪੰਜਾਬ ਦੀ ਵੰਡ ਨਾ ਹੁੰਦੀ ਤਾਂ ਏਸ਼ੀਆ ਦੀ ਸਭ ਤੋਂ ਵੱਡੀ ਉੰਨ ਮੰਡੀ ਫਾਜਿ਼ਲਕਾ ਤੋਂ ਹੈੱਡ ਸੁਲੇਮਾਨਕੀ ਤਕ ਜਾ ਲੱਗਣੀ ਸੀ ਤੇ ਕਰਤਾਰਪੁਰ ਸਾਹਿਬ ਡੇਰਾ ਬਾਬਾ ਨਾਨਕ ਨਾਲ ਆ ਲੱਗਣਾ ਸੀ। ਹੁਣ ਵੀ ਬੀਤ ਗਏ `ਤੇ ਝੂਰਨ ਦੀ ਥਾਂ ਉਹਤੋਂ ਸਬਕ ਸਿੱਖਣ ਦੀ ਲੋੜ ਹੈ।
ਪਿਛਲੇ ਵਰ੍ਹਿਆਂ ਵਿਚ ਕੌਮਾਂਤਰੀ ਪੱਧਰ `ਤੇ ਕਈ ਐਸੀਆਂ ਘਟਨਾਵਾਂ ਘਟੀਆਂ ਜਿਨ੍ਹਾਂ ਨਾਲ ਵਿਛੜਿਆਂ ਦੇ ਮੁੜ ਮੇਲੇ ਹੋਏ ਹਨ। ਜਰਮਨਾਂ ਨੇ ਜਰਮਨ ਭਾਈਚਾਰੇ ਨੂੰ ਵੰਡਦੀ ਬਰਲਿਨ ਦੀ ਦੀਵਾਰ ਢਾਹ ਘੱਤੀ ਹੈ। ਵੀਅਤਨਾਮੀਏ ਵਿਛੜ ਕੇ ਇਕ ਹੋਏ ਸਨ। ਦੱਖਣੀ ਤੇ ਉੱਤਰੀ ਕੋਰੀਆ ਦੇ ਲੋਕ ਬਾਹਾਂ ਅੱਡ ਕੇ ਇਕ ਦੂਜੇ ਵੱਲ ਵਧੇ ਹਨ। ਪੰਜਾਬੀਆਂ ਦੇ ਕਾਫ਼ਲੇ ਵੀ ਧਾਅ ਕੇ ਇਕ ਦੂਜੇ ਨੂੰ ਮਿਲਣ ਲਈ ਉਮੜ ਪੈਣ ਤਾਂ ਕੋਈ ਵਜ੍ਹਾ ਨਹੀਂ ਕਿ ਚਲਾਕ ਸਿਆਸਤਦਾਨ ਹਮੇਸ਼ਾਂ ਲਈ ਉਨ੍ਹਾਂ ਦੇ ਰਾਹ ਰੋਕੀ ਰੱਖਣ। ਮਿਲ ਬਹਿਣ ਨਾਲ ਹੀ ਮਸਲੇ ਸੁਲਝਦੇ ਹਨ। ਲੜਾਈਆਂ ਕਿਸੇ ਮਸਲੇ ਦਾ ਹੱਲ ਨਹੀਂ ਹੁੰਦੀਆਂ। ਖੇਡਾਂ ਨੂੰ ਐਵੇਂ ਨਹੀਂ ਲੜਾਈਆਂ ਦਾ ਬਦਲ ਕਿਹਾ ਜਾਂਦਾ। ਓਲੰਪਿਕ ਖੇਡਾਂ ਦੇ ਬਾਨੀ ਬੈਰਨ ਦਿ ਕੂਬਰਤਿਨ ਨੇ ਕਿਹਾ ਸੀ ਕਿ ਖਿਡਾਰੀਆਂ ਨੂੰ ਇਕ ਦੂਜੇ ਦੇ ਦੇਸ਼ ਭੇਜਣਾ ਸਭ ਤੋਂ ਸੱਚਾ ਤੇ ਸੁੱਚਾ ਵਪਾਰ ਹੈ। ਭਾਰਤ ਤੇ ਪਾਕਿਸਤਾਨ ਦੇ ਹੁੱਜਤੀ ਹਾਕਮਾਂ ਨੇ ਦੋਹਾਂ ਮੁਲਕਾਂ ਨੂੰ ਲੜਾ ਕੇ ਬਥੇਰਾ ਨੁਕਸਾਨ ਕਰਵਾ ਲਿਆ। ਹੁਣ ਅਮਨ ਅਮਾਨ ਨਾਲ ਵਸ ਕੇ ਵੇਖਣ ਕਿ ਹਿੰਦ-ਮਹਾਂਦੀਪ ਮੁੜ ਸੋਨੇ ਦੀ ਚਿੜੀ ਕਿਵੇਂ ਬਣਦਾ ਹੈ?
ਜਿਵੇਂ ਯੂਰਪ ਦੇ ਲੋਕ ਇਕ ਦੂਜੇ ਦੇ ਮੁਲਕ ਆਸਾਨੀ ਨਾਲ ਆ ਜਾ ਸਕਦੇ ਹਨ ਕੀ ਹਿੰਦ-ਪਾਕਿ ਦੇ ਲੋਕ ਵੀ ਇਕ ਦੂਜੇ ਨੂੰ ਖੁੱਲ੍ਹੇ ਮਿਲ-ਗਿਲ ਸਕਣਗੇ? ਇਕ ਦੂਜੇ ਦਾ ਦੁੱਖ ਵੰਡਾਅ ਸਕਣਗੇ ਤੇ ਸੁੱਖ ਸਾਂਝਾ ਕਰ ਸਕਣਗੇ? ਕੰਡੇਦਾਰ ਤਾਰਾਂ ਉਨ੍ਹਾਂ ਦੇ ਰਾਹ ਨਹੀਂ ਰੋਕ ਸਣਗੀਆਂ? ਸੰਭਵ ਹੈ ਸ਼ਾਇਰ ਮੁਹੰਮਦ ਇਕਬਾਲ ਦਾ ਤਰਾਨਾ ‘ਸਾਰੇ ਜਹਾਂ ਸੇ ਅੱਛਾ ਹਿੰਦੋਸਤਾਂ ਹਮਾਰਾ’ ਮੁੜ ਗੂੰਜਣ ਲੱਗ ਪਵੇ। ਫਿ਼ਰੋਜ਼ਦੀਨ ਸ਼ਰਫ਼ ਦਾ ਗੀਤ ਸੱਚਾ ਸਾਬਤ ਹੋਵੇ: ਸੋਹਣਾ ਦੇਸ਼ਾਂ ਵਿਚੋਂ ਦੇਸ਼ ਪੰਜਾਬ ਨੀ ਸਹੀਓ…।
ਪੇਸ਼ ਹਨ ਡਾ. ਚਹਿਲ ਦੀ ਪੁਸਤਕ ‘ਜਦੋਂ ਖੇਡੇ ਪੰਜੇ ਆਬ’ ਵਿਚੋਂ ਉਦਘਾਟਨੀ ਤੇ ਸਮਾਪਤੀ ਸਮਾਰੋਹਾਂ ਦੇ ਕੁਝ ਨਜ਼ਾਰੇ:
ਲਾਹੌਰੋਂ ਆਈ ਅਮਨਜੋਤ
ਭਾਰਤ-ਪਾਕਿ ਪੰਜਾਬ ਖੇਡਾਂ ਦੇ ਬੀਜੇ ਗਏ ਬੂਟੇ `ਤੇ ਪਹਿਲੀ ਕਰੂੰਬਲ ਉਸ ਵੇਲੇ ਫੁੱਟੀ ਜਦੋਂ ਇਨ੍ਹਾਂ ਖੇਡਾਂ ਦੀ ਸ਼ੁਰੂਆਤ ਲਈ ਅਮਨ ਦੀ ਮਸ਼ਾਲ ਜਗਾਈ ਗਈ। ਲਹਿੰਦੇ ਪੰਜਾਬ ਦੇ ਖੇਡ ਮੰਤਰੀ ਨਈਮ-ਉੱਲਾ ਸ਼ਾਹੀ, ਰੁਸਤਮੇ-ਪਾਕਿ ਪਹਿਲਵਾਨ ਬਸ਼ੀਰ ਭੋਲਾ ਤੇ ਪਾਕਿਸਤਾਨੀ ਪੰਜਾਬ ਓਲੰਪਿਕ ਐਸੋਸੀਏਸ਼ਨ ਦੇ ਜਨਰਲ ਸਕੱਤਰ ਇੰਦਰੀਸ ਹੈਦਰ ਖਵਾਜਾ ਇਸ ਜੋਤ ਨੂੰ ਵਾਹਗਾ ਬਾਰਡਰ ਤਕ ਲਿਆਏ। ਉੱਡਣੇ ਸਿੱਖ ਮਿਲਖਾ ਸਿੰਘ ਨੇ ਮਸ਼ਾਲ ਬੜੇ ਚਾਅ ਉਤਸ਼ਾਹ ਨਾਲ ਆਪਣੇ ਪੰਜਾਬੀ ਭਰਾਵਾਂ ਤੋਂ ਫੜੀ ਤੇ ਮਸ਼ਾਲ ਉੱਚੀ ਕਰ ਕੇ ਦੌੜਿਆ…।
ਚਾਰ ਦਸੰਬਰ ਦੀ ਰਾਤ ਕਿਲਾ ਮੁਬਾਰਕ ਪਟਿਆਲਾ ਵਿਚ ਜੋਤੀ ਜਗਦੀ ਰੱਖ ਕੇ ਪੰਜ ਦਸੰਬਰ ਨੂੰ ਪਹਿਲੀਆਂ ਪੰਜਾਬ ਖੇਡਾਂ ਦੇ ਉਦਘਾਟਨੀ ਸਮਾਰੋਹ ਲਈ ਸਜੇ ਯਾਦਵਿੰਦਰਾ ਸਟੇਡੀਅਮ ਵੱਲ ਰਵਾਨਾ ਹੋਈ। ਇਕ ਕਰੋੜ ਦੀ ਲਾਗਤ ਵਾਲੀ ਦੂਧੀਆ ਰੋਸ਼ਨੀ `ਚ ਲਿਸ਼ਕਦੇ ਸਟੇਡੀਅਮ ਨੂੰ ਸੰਗੀਤਕ ਧੁਨਾਂ ਚਾਰ ਚੰਨ ਲਾ ਰਹੀਆਂ ਸਨ। ਜਿੰਨਾ ਚਿਰ ਕੈਪਟਨ ਅਮਰਿੰਦਰ ਸਿੰਘ ਤੇ ਚੌਧਰੀ ਪ੍ਰਵੇਜ਼ ਇਲਾਹੀ ਖੁੱਲ੍ਹੀ ਜੀਪ `ਚ ਸਟੇਡੀਅਮ ਦਾ ਚੱਕਰ ਕੱਢਦੇ ਰਹੇ ਦਰਸ਼ਕ ਖੜੇ੍ਹ ਹੋ ਕੇ ਤਾੜੀਆਂ ਮਾਰਦੇ ਰਹੇ ਅਤੇ ਕੁਮੈਂਟਰੀ ਦੇ ਬਾਦਸ਼ਾਹ ਜਸਦੇਵ ਸਿੰਘ ਦੇ ਬੋਲ ਸਭਨਾਂ ਨੂੰ ਸਰਸ਼ਾਰ ਕਰਦੇ ਰਹੇ।
ਕੈਪਟਨ ਅਮਰਿੰਦਰ ਸਿੰਘ ਤੋਂ ਖ਼ੁਸ਼ੀ ਸੰਭਾਲੀ ਨਹੀਂ ਸੀ ਜਾ ਰਹੀ। ਦੋਹਾਂ ਪੰਜਾਬਾਂ ਦੇ ਮੇਲ-ਗੇਲ ਵਿਚ ਗਦਗਦ ਹੁੰਦਿਆਂ ਉਹਦੇ ਬੋਲ ਗੂੰਜੇ, “ਇਕ ਦਿਨ ਇਹ ਬਾਰਡਰ-ਸ਼ਾਡਰ ਖ਼ਤਮ ਹੋ ਜਾਣਗੇ ਤੇ ਸਭ ਗੇਟ-ਸ਼ੇਟ ਖੁੱਲ੍ਹ ਜਾਣਗੇ। ਜੇਕਰ ਸਾਡੇ ਸੰਬੰਧ ਇਸ ਤਰ੍ਹਾਂ ਹੀ ਮਿੱਠੇ ਹੁੰਦੇ ਗਏ ਤਾਂ ਦੁਨੀਆ ਦੀ ਕੋਈ ਵੀ ਤਾਕਤ ਸਤਵੰਜਾ ਸਾਲ ਪਹਿਲਾਂ ਵਿਛੜੇ ਭਰਾਵਾਂ ਦੇ ਮਿਲਾਪ ਵਿਚ ਅੜਿੱਕਾ ਨਹੀਂ ਬਣ ਸਕੇਗੀ।” ਉਹਦੇ ਬੋਲਾਂ ਨਾਲ ਸਾਰਾ ਸਟੇਡੀਅਮ ਤਾੜੀਆਂ ਨਾਲ ਗੂੰਜ ਉਠਿਆ। ਉਨ੍ਹਾਂ ਐਲਾਨ ਕੀਤਾ ਕਿ ਇਹ ਖੇਡਾਂ ਭਾਰਤ-ਪਾਕਿ ਵਿਚਕਾਰ ਅਮਨ ਤੇ ਦੋਸਤੀ ਦਾ ਮੀਲ ਪੱਥਰ ਸਾਬਤ ਹੋਣਗੀਆਂ। ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਚੌਧਰੀ ਪ੍ਰਵੇਜ਼ ਇਲਾਹੀ ਨੇ ਬੜੇ ਵਿਸ਼ਵਾਸ ਨਾਲ ਕਿਹਾ, “ਅਸੀਂ ਸਦੀਵੀ ਅਮਨ ਤੇ ਮਿਲਾਪ ਦੀ ਮੰਜ਼ਲ ਲਈ ਰਸਤਾ ਲੱਭ ਲਿਆ ਹੈ। ਲੋੜ ਇਸ `ਤੇ ਇੱਕਜੁੱਟ ਹੋ ਕੇ ਤੁਰਨ ਦੀ ਹੈ।” ਉਨ੍ਹਾਂ ਚੜ੍ਹਦੇ ਪੰਜਾਬ ਦੇ ਵਾਸੀਆਂ ਨੂੰ ਅਗਲੇ ਸਾਲ ਲਾਹੌਰ ਦੀਆਂ ਪੰਜਾਬ ਖੇਡਾਂ `ਚ ਸ਼ਾਮਲ ਹੋਣ ਦਾ ਨਿੱਘਾ ਸੱਦਾ ਦਿੱਤਾ।
ਬਰਕਤ ਸਿੱਧੂ ਤੇ ਮਨਪ੍ਰੀਤ ਅਖ਼ਤਰ ਨੇ ਜਿਉਂ ਹੀ ਬਾਬਾ ਫਰੀਦ ਜੀ ਦਾ ਸਲੋਕ ‘ਕਾਲੇ ਮੈਂਡੇ ਕਪੜੇ ਕਾਲਾ ਮੈਂਡਾ ਵੇਸ’ ਉਚਾਰਿਆ ਤਾਂ ਸੌ ਕੁ ਕਲਾਕਾਰਾਂ ਨੇ ਪ੍ਰਵੇਸ਼ ਕੀਤਾ। ਮੰਚ ਤੋਂ ਰੁਦਨਮਈ ਆਵਾਜ਼ ਕੁਰਲਾ ਰਹੀ ਸੀ ਜਿਸ ਨਾਲ ਕਾਲੀਆਂ ਪੁਸ਼ਾਕਾਂ ਪਹਿਨੀ ਕਲਾਕਾਰ 1947 ਦੇ ਕਰੁਣਾਮਈ ਦ੍ਰਿਸ਼ ਪੇਸ਼ ਕਰ ਰਹੇ ਸਨ। ਫਿਰ ਹੰਸ ਰਾਜ ਹੰਸ ਨੇ ਪ੍ਰੋ. ਮੋਹਨ ਸਿੰਘ ਦਾ ਗੀਤ ਕੁੜੀਆਂ ਚਿੜੀਆਂ ਨਾਲ ਝੂੰਮ ਝੂੰਮ ਕੇ ਗਾਇਆ-ਨੀ ਅੱਜ ਕੋਈ ਆਇਆ ਸਾਡੇ ਵਿਹੜੇ, ਤੱਕਣ ਚੰਨ ਸੂਰਜ ਢੁਕ ਢੁਕ ਨੇੜੇ, ਚੁੰਮੋ ਨੀ ਇਹਦੇ ਹੱਥ ਚੰਬੇ ਦੀਆਂ ਕਲੀਆਂ, ਧੋਵੋ ਨੀ ਇਹਦੇ ਪੈਰ ਮੱਖਣ ਦੇ ਪੇੜੇ, ਆਇਆ ਨੀ ਲੱਖ ਨਾਲ ਬਹਾਰਾਂ ਲੈ ਕੇ, ਭਰੇ ਸੂ ਸਾਡੇ ਅੰਗ ਅੰਗ ਵਿਚ ਖੇੜੇ…।
ਪੰਜਾਬ ਦੀ ਕੋਇਲ ਸੁਰਿੰਦਰ ਕੌਰ ਦੀ ਧੀ ਡੌਲੀ ਗੁਲੇਰੀਆ ਨੇ ਗਾਇਆ-ਮਾਵਾਂ ਤੇ ਧੀਆਂ ਰਲ ਬੈਠੀਆਂ ਨੀ ਮਾਏ, ਮਸਤ ਅਲੀ ਨੇ-ਬੱਲੇ ਨੀ ਪੰਜਾਬ ਦੀਏ ਸ਼ੇਰ ਬੱਚੀਏ, ਹਰਿਭਜਨ ਮਾਨ ਨੇ-ਲੰਮੀ ਧੌਣ ਕਸੀਦਾ ਕੱਢਦੀ ਤੇ ਸਰਦੂਲ ਸਿਕੰਦਰ ਨੇ ਹੀਰ ਗਾ ਕੇ ਬਹਿਜਾ-ਬਹਿਜਾ ਕਰਾ ਦਿੱਤੀ। ਗੁਰਮੀਤ ਬਾਵਾ ਦੀ ਲੰਮੀ ਹੇਕ ਜਿਵੇਂ ਵਾਹਗਿਓਂ ਪਾਰ ਲਾਹੌਰ ਜਾ ਪੁੱਜੀ ਹੋਵੇ। ਮਲਕਾ-ਏ-ਤਰੰਨੁਮ ਰੇਸ਼ਮਾ ਦੀ ਰੇਸ਼ਮੀ ਆਵਾਜ਼ ਕੂਕੀ-ਲਾਲ ਮੇਰੀ ਪੱਤ ਰਖਿਓ ਬਲਾ…। ਸ਼ੇਖ ਮੀਆਂ ਦਾਦ ਦੀ ਕਵਾਲੀ-ਮੈਂ ਰਾਜ਼ ਦੀਆਂ ਗੱਲਾਂ, ਦੱਸ ਕੀਹਨੂੰ ਕੀਹਨੂੰ ਦੱਸਾਂ…। ਅਖ਼ੀਰ ਵਿਚ ਫਿਰ ਹਰਭਜਨ ਮਾਨ ਨੇ ਕਵੀਸ਼ਰ ਕਰਨੈਲ ਸਿੰਘ ਪਾਰਸ ਦਾ ਸਦਾਬਹਾਰ ਗੀਤ ਗਾਇਆ: ਆ ਸੋਹਣਿਆਂ ਵੇ ਜੱਗ ਜਿਓਂਦਿਆਂ ਦੇ ਮੇਲੇ…।
ਮੋਹ ਭਿੱਜੀ ਸਲਾਮ
ਸਮਾਪਤੀ ਸਮਾਰੋਹ `ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਭਨਾਂ ਦਾ ਧੰਨਵਾਦ ਕਰਦਿਆਂ ਕਿਹਾ, “ਮੇਰੇ ਦਿਲ ਵਿਚ ਚਿਰੋਕਣੀ ਤਮੰਨਾ ਸੀ ਕਿ ਮੈਂ ਵੀ ਆਪਣੇ ਪੁਰਖਿਆਂ ਵਾਂਗ ਖੇਡਾਂ ਦੇ ਖੇਤਰ ਵਿਚ ਕੁਝ ਯੋਗਦਾਨ ਪਾਵਾਂ। ਮੈਂ ਖੇਡਾਂ ਦੀ ਬਿਹਤਰੀ ਦੇ ਨਾਲ ਸਾਂਝੇ ਪੰਜਾਬ ਦੀਆਂ ਯਾਦਾਂ ਮੁੜ ਸੁਰਜੀਤ ਕਰਨ ਦੇ ਸੁਪਨੇ ਲਾਹੌਰ ਜਾ ਕੇ ਚੌਧਰੀ ਪ੍ਰਵੇਜ਼ ਇਲਾਹੀ ਨਾਲ ਹੋਈ ਮੁਲਾਕਾਤ ਦੌਰਾਨ ਲਏ ਸਨ। ਉਨ੍ਹਾਂ ਸੁਪਨਿਆਂ ਨੂੰ ਸਾਕਾਰ ਕਰਨ ਦਾ ਸਬੱਬ ਸਾਰੇ ਪੰਜਾਬੀਆਂ ਦੇ ਸਹਿਯੋਗ ਨਾਲ ਪਟਿਆਲੇ ਦੀ ਧਰਤੀ `ਤੇ ਬਣਿਆ। ਇਨ੍ਹਾਂ ਖੇਡਾਂ ਨਾਲ ਦੋਸਤੀ ਦੀ ਜੋ ਲਹਿਰ ਪੈਦਾ ਹੋਈ ਹੈ, ਇਹਦੇ ਭਵਿੱਖ ਵਿਚ ਵਧਣ-ਫੁੱਲਣ ਲਈ ਸਾਨੂੰ ਸਭ ਨੂੰ ਅਰਦਾਸਾਂ ਕਰਦੇ ਰਹਿਣ ਚਾਹੀਦਾ ਹੈ।” ਸੁਆਲ ਹੈ ਕਿ ਕੀ ਕੈਪਟਨ ਅਮਰਿੰਦਰ ਸਿੰਘ ਅਜੇ ਵੀ ਅਜਿਹੀਆਂ ਅਰਦਾਸਾਂ ਕਰਦੇ ਹਨ?
ਮੇਲਾ ਵਿੱਛੜਣ ਤੋਂ ਪਹਿਲਾਂ ਪੰਜਾਬ ਦੇ ਲਾਡਲੇ ਸ਼ਾਇਰ ਸੁਰਜੀਤ ਪਾਤਰ ਨੇ ਮਹਿਮਾਨਾਂ ਨੂੰ ਸਲਾਮ ਕਹਿੰਦਿਆਂ ਗਾਇਆ ਸੀ:
ਰਾਵੀ ਜਿਹਲਮ ਚਨਾਬ ਨੂੰ ਸਲਾਮ ਆਖਣਾ
ਅਸੀਂ ਮੰਗਦੇ ਹਾਂ ਖ਼ੈਰ ਸੁਬ੍ਹਾ ਸ਼ਾਮ ਆਖਣਾ…।