ਦਿ ਕਸ਼ਮੀਰ ਫਾਈਲਜ਼! ਨਵਾਂ ਰੇੜਕਾ!

ਹਰਜੀਤ ਦਿਉਲ
ਰੇੜਕਿਆਂ `ਚੋਂ ਇੱਕ ਨਵਾਂ ਰੇੜਕਾ। ਪਰ ਰੇੜਕਿਆਂ ਨਾਲ ਹੀ ਤਾਂ ਜਿ਼ੰਦਗੀ ਹੈ। ਇਹ ਰੇੜਕਾ ਵੀ ਬੜਾ ਦਿਲਚਸਪ ਹੈ। ‘ਆਉ ਵਿਰੋਧ ਕਰੀਏ’ ਵਾਲਿਆਂ ਲਈ ਸੁਨਹਿਰੀ ਮੌਕਾ ਪਰ ਇਨ੍ਹਾਂ ਵਿਚਾਰਿਆਂ ਨਾਲ ਮਾੜਾ ਹੁੰਦੈ ਕਿਉਂਕਿ ਅਕਸਰ ਇਨ੍ਹਾਂ ਦਾ ਪਾਸਾ ਪੁੱਠਾ ਪੈ ਜਾਂਦੈ।

ਜਿਸ ਦਾ ਇਹ ਰੱਜ ਕੇ ਵਿਰੋਧ ਕਰਦੇ ਹਨ ਉਸ ਦਾ ਕੁੱਬ ਸਿੱਧਾ ਹੋ ਜਾਂਦੈ। ਮੋਦੀ, ਬੀ ਜੇ ਪੀ ਦਾ ਅੰਨ੍ਹਾ ਵਿਰੋਧ ਉਨ੍ਹਾਂ ਨੂੰ ਰਾਸ ਆ ਗਿਆ। ਦਿ ਕਸ਼ਮੀਰ ਫਾਈਲਜ਼ ਦੇ ਵਿਰੋਧ ਨਾਲ ਫਿਲਮ ਸੁਪਰ ਡੁਪਰ ਹਿੱਟ ਹੋ ਗਈ। ਮਾਮੂਲੀ ਫਿਲਮ ਥੋੜਿਆਂ ਹੀ ਦੇਖਣੀ ਸੀ ਹੁਣ ਸਾਰੀ ਦੁਨੀਆ ਦੇਖੇਗੀ। ਵਿਰੋਧੀ ਵੀ ਉਹ ਹਨ ਜੋ ਸੋਚਣ ਸਮਝਣ ਦੀ ਖੇਚਲ ਨਾ ਕਰ ਕੇ ਝੱਟ ਹੱਥ ਵਿਚ ਤਖ਼ਤੀਆਂ ਫੜ ਖੜੇ੍ਹ ਹੋ ਤਸਵੀਰਾਂ ਖਿਚਾਉਣ ਵਿਚ ਫਖ਼ਰ ਮਹਿਸੂਸ ਕਰਦੇ ਹਨ। ਬੈਨਰਾਂ ਵਿਚ ਲਿਖ ਰਹੇ ਹਨ ‘ਗੁਜਰਾਤ ਫਾਈਲਜ਼’ ‘ਲਖੀਮ ਪੁਰ ਖੀਰੀ ਫਾਈਲਜ਼’ ਵਗੈਰਾ। ਹੋਰ ਵੀ ਬੜੀਆਂ ਫਾਈਲਾਂ ਹਨ ਪਹਿਲਾਂ ਗੁਜਰਾਤ ਫਾਈਲਜ਼ ਖੋਲ੍ਹ ਲੈਂਦੇ ਹਾਂ ਪਰ ਫਾਈਲ ਤਾ ਮੁੱਢੋਂ ਦੇਖਣੀ ਪੈਣੀ ਵਿਚਕਾਰੋਂ ਤਾਂ ਨਹੀਂ ਨਾ ਪੜ੍ਹੀ ਜਾਂਦੀ। ਗੁਜਰਾਤ ਦੇ ਗੋਧਰਾ ਰੇਲਵੇ ਸਟੇਸ਼ਨ `ਤੇ ਟਰੇਨ ਰੁਕਦੀ ਹੈ ਜਿਸ ਦੀ ਇੱਕ ਬੋਗੀ ਵਿਚ ਕੋਈ ਸੌ ਕੁ ਰਾਮੰਦਰ ਕਾਰਸੇਵਕ ਸਵਾਰ ਹਨ। ਸਟੇਸ਼ਨ `ਤੇ ਕੁਝ ਕਾਰਸੇਵਕ ਚਾਹ-ਪਾਣੀ ਲਈ ਉਤਰਦੇ ਹਨ। ਚਸ਼ਮਦੀਦਾਂ ਅਨੁਸਾਰ ਕਾਰਸੇਵਕਾਂ ਵਿਚੋਂ ਕਿਸੇ ਮੁਸਲਿਮ ਔਰਤ ਨੂੰ ਛੇੜਨ ਦੀ ਵਜਾਹ ਦੱਸਦਿਆਂ ਦੋ ਗੁਟਾਂ ਵਿਚ ਗਰਮਾ-ਗਰਮੀ ਹੋਈ। ਆਖਰ ਟਰੇਨ ਚੱਲ ਪਈ ਪਰ ਕੁਝ ਕੁ ਮਿੰਟਾਂ ਬਾਅਦ ਚੇਨ ਖਿੱਚ ਕੇ ਰੋਕ ਦਿੱਤੀ ਗਈ। ਇਸ ਜਗਾਹ ਸੰਘਣੀ ਮੁਸਲਿਮ ਆਬਾਦੀ ਹੈ। ਕਾਰਸੇਵਕਾਂ ਵਾਲਾ ਡੱਬਾ ਭੀੜਾਂ ਦੁਆਰਾ ਘੇਰ ਕੇ ਉਸ `ਤੇ ਪੈਟਰੋਲ ਬੰਬਾਂ ਨਾਲ ਹਮਲਾ ਕਰ ਦਿੱਤਾ ਜਾਂਦੈ। ਕਿਸੇ ਨੂੰ ਬਾਹਰ ਨਿਕਲਣ ਦਾ ਮੌਕਾ ਨਾ ਦਿੰਦਿਆਂ ਪੁਲਿਸ ਮਦਦ ਆਉਣ ਤੱਕ ਸਾਰੇ ਕਾਰਸੇਵਕ ਜਿਉਂਦੇ ਅਗਨ ਭੇਟ ਹੋ ਚੁੱਕੇ ਹੁੰਦੇ ਹਨ। ਕੀ ਅੱਧੇ ਘੰਟੇ ਵਿਚ ਇੱਕ ਬੋਗੀ ਸਾੜਨ ਵਰਗਾ ਕੰਮ ਅਚਨਚੇਤ ਹੋ ਸਕਦਾ ਹੈ। ਨਹੀਂ। ਇਹ ਪ੍ਰੀਪਲੈਨਡ ਸਾਜਿ਼ਸ਼ ਹੀ ਹੋ ਸਕਦੀ ਹੈ। ਹੁਣ ਜੇਕਰ ਇੱਕ ਔਰਤ ਨਾਲ ਛੇੜਛਾੜ ਦਾ ਅੰਜਾਮ ਸੌ ਬੰਦੇ ਫੂਕ ਦੇਣ ਵਿਚ ਹੁੰਦਾ ਹੈ ਤਾਂ ਸੌ ਬੰਦੇ ਜਿਉਂਦੇ ਸਾੜਨ ਦਾ ਅੰਜਾਮ ਕੀ ਹੋ ਸਕਦਾ ਹੈ। ਜੇਕਰ ਮੈਥਮੈਟਿਕਸ ਦਾ ਅਲਜਬਰਾ ਛੋਲੇ ਦੇ ਕੇ ਜਾਂ ਰਟ ਕੇ ਪਾਸ ਨਹੀਂ ਕੀਤਾ ਤਾਂ ਸਭ ਨੂੰ ਸਮੀਕਰਨ ਸੰਤੁਲਨ ਕਰਨਾ ਜ਼ਰੂਰ ਆਉਂਦਾ ਹੋਵੇਗਾ। ਹੁਣ ਭਾਵੇਂ ਗੁਜਰਾਤ ਫਾਈਲ ਦੇ ਅਗਲੇਰੇ ਸਫੇ ਖੋਲ੍ਹ ਸਕਦੇ ਹੋ। ਲਖੀਮਪੁਰ ਖੀਰੀ ਫਾਈਲ ਦਾ ਹਸ਼ਰ ਵੀ ਮਾੜਾ ਹੋਇਆ ਕਿਉਂਕਿ ਉੱਥੋਂ ਵੀ ਬੀ ਜੇ ਪੀ ਜਿੱਤ ਗਈ। ਕਾਰਨ? ਜੇਕਰ ਘਿਨਾਉਣਾ ਅਪਰਾਧ ਕਰ ਗੱਡੀ ਨਾਲ ਦਰੜ ਚਾਰ ਅੰਦੋਲਨਕਾਰੀ ਮਾਰ ਦਿੱਤੇ ਜਾਂਦੇ ਹਨ ਤਾਂ ਫੌਰਨ ਭੀੜਾਂ ਵੱਲੋਂ ਚਾਰ ਬੇਕਸੂਰ ਬੰਦੇ ਕੁੱਟ ਕੁੱਟ ਮਾਰ ਝੱਟ ਹੀ ਇਕੁਏਸ਼ਨ ਬੈਲੇਂਸ ਕਰ ਦਿੱਤੀ ਜਾਂਦੀ ਹੈ। ਹੋਰ ਵੀ ਫਾਈਲਾਂ ਹਨ ਜਿਨ੍ਹਾਂ ਨੂੰ ਸਮੇਂ ਸਮੇਂ ਖੋਲ੍ਹਦੇ ਰਹਾਂਗੇ ਫਿਲਹਾਲ ਦਿ ਕਸ਼ਮੀਰ ਫਾਈਲਜ਼ ਦੇਖ ਇਹ ਯਤਨ ਕਰਾਂਗੇ ਕਿ ਸਮੀਕਰਨ (ਇਕੁਏਸ਼ਨ) ਕਿਵੇਂ ਬੈਲੇਂਸ ਹੁੰਦੀ ਰਹੀ ਹੈ। ਹਾਲੇ ਇਹ ਫਿਲਮ ਦੇਖੀ ਨਹੀਂ ਹੈ।