ਮੈਂ ਕਿਉਂ ਪਿੱਛੇ ਰਹਾਂ!

ਅਵਤਾਰ ਸਿੰਘ
ਫ਼ੋਨ: 9417518384
ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ ਹੈ, ਜਿਸਦਾ ਸੁਪਰੀਮੋ ਅਰਵਿੰਦ ਕੇਜਰੀਵਾਲ ਹੈ, ਜੋ ਪੜ੍ਹਿਆ ਲਿਖਿਆ ਹੈ ਤੇ ਰੈਵਿਨਿਊ ਸਰਵਿਸਿਜ਼ ਵਿਚ ਜੌਇੰਟ ਕਮਿਸ਼ਨਰ ਦਾ ਅਹੁਦਾ ਤਿਆਗ ਕੇ ਸਿਆਸਤ ਵਿਚ ਆਇਆ ਹੈ।

ਉਸਦਾ ਧਰਮ ਉਹਦੀ ਨਿੱਜੀ ਆਸਥਾ ਹੈ ਤੇ ਉਸਦੀ ਕੋਈ ਵਿਚਾਰਧਾਰਾ ਨਹੀਂ। ਉਸਦਾ ਵਿਚਾਰ ਹੈ ਕਿ ਅਗਰ ਅਸੀਂ ਇਮਾਨਦਾਰੀ ਨਾਲ਼ ਕੰਮ ਕਰੀਏ ਤੇ ਭ੍ਰਿਸ਼ਟਾਚਾਰ ਤਿਆਗ ਦੇਈਏ ਤਾਂ ਅਸੀਂ ਸਵੈ-ਨਿਰਭਰ ਰਾਸ਼ਟਰ ਅਤੇ ਸਮਾਜ ਦਾ ਨਿਰਮਾਣ ਕਰ ਸਕਦੇ ਹਾਂ। ਦੁੱਖ ਦੀ ਗੱਲ ਇਹ ਹੈ ਕਿ ਸਾਡੇ ਮੁਲਕ ਵਿਚ ਵਿਚਾਰਧਾਰਾ ਅਤੇ ਧਰਮਾਂ ਵਾਲ਼ੇ ਲੋਕ ਭ੍ਰਿਸ਼ਟਾਚਾਰ ਨੂੰ ਕੋਈ ਸਮੱਸਿਆ ਹੀ ਨਹੀਂ ਸਮਝਦੇ, ਜਿਸ ਕਰਕੇ ਅਜਿਹੇ ਲੋਕ ਕੇਜਰੀਵਾਲ ਨੂੰ ਹਰ ਸਮੇਂ ਪਾਣੀ ਪੀ-ਪੀ ਕੋਸਦੇ ਰਹਿੰਦੇ ਹਨ।
ਅਸੀਂ ਭੁੱਲ ਜਾਂਦੇ ਹਾਂ ਕਿ ਮੱਕੇ ਗਿਆਂ ਗੁਰੂ ਨਾਨਕ ਨੂੰ ਮੌਲਵੀ ਨੇ ਪੁੱਛਿਆ ਸੀ ਕਿ ਹਿੰਦੂ ਚੰਗੇ ਹਨ ਕਿ ਮੁਸਲਮਾਨ? ਗੁਰੂ ਨਾਨਕ ਨੇ ਜਵਾਬ ਦਿੱਤਾ ਸੀ ਕਿ ਚੰਗੇ ਕੰਮਾਂ ਬਾਝੋਂ ਦੋਵੇਂ ਕਿਸੇ ਕੰਮ ਦੇ ਨਹੀਂ ਹਨ। ਇਹ ਵੀ ਕਿਹਾ ਸੀ ਕਿ ਭ੍ਰਿਸ਼ਟਾਚਾਰ ਹਿੰਦੂ ਲਈ ਗਾਂ ਖਾਣ ਦੇ ਬਰਾਬਰ ਹੈ ਤੇ ਮੁਸਲਮਾਨ ਲਈ ਸੂਰ ਖਾਣ ਦੇ ਤੁਲ ਹੈ। ਜੇ ਅੱਜ ਹੁੰਦੇ ਤਾਂ ਉਨ੍ਹਾਂ ਨੇ ਸਿੱਖਾਂ ਬਾਬਤ ਵੀ ਕੁਝ ਨਾ ਕੁਝ ਕਹਿ ਦੇਣਾ ਸੀ।
ਵਿਚਾਰਧਾਰੀਆਂ ਤੇ ਧਰਮਧਾਰੀਆਂ ਨੂੰ ਕੇਜਰੀਵਾਲ ਬਿਲਕੁਲ ਪਸੰਦ ਨਹੀਂ ਹੈ। ਇਸੇ ਕਰਕੇ ਉਹ ਕੁਝ ਵੀ ਕਰਦਾ ਹੈ ਤੇ ਉਹਦੇ ਵਿਚ ਮੀਨ-ਮੇਖ ਕੱਢਣੀ ਸ਼ੁਰੂ ਕਰ ਦਿੰਦੇ ਹਨ ਤੇ ਖ਼ੁਦ ਨੂੰ ਵੱਡੇ ਸਲਾਹੂ ਸਮਝਣ ਵਾਲੇ ਉਸ ਨੂੰ ਮੱਤਾਂ ਦੇਣ ਡਹਿ ਪੈਂਦੇ ਹਨ। ਇੱਥੋਂ ਤੱਕ ਕਿ ਉਸਨੂੰ ਲਾਲਾ, ਬਾਣੀਆ, ਕੇਜਰੀ ਤੇ ਕੰਜਰੀ ਤੱਕ ਕਹਿਣ ਦਾ ਗੁਨਾਹ ਕਰਦੇ ਹਨ। ਕਈ ਤਾਂ ਉਸਨੂੰ ਟੋਪੀ ਵਾਲਾ ਭਈਆ ਕਹਿਣ ਤੋਂ ਵੀ ਗੁਰੇਜ਼ ਨਹੀਂ ਕਰਦੇ। ਇਹ ਵੀ ਭੁੱਲ ਜਾਂਦੇ ਹਨ ਕਿ ਕਣਕ ਅਤੇ ਝੋਨੇ ਦੀ ਵਢਾਈ ਮੌਕੇ ਜੇ ਭਈਆਂ ਦੀ ਗੱਡੀ ਲੇਟ ਹੋ ਜਾਵੇ ਤਾਂ ਸਾਡੇ ਸਾਹ ਸੁੱਕ ਜਾਂਦੇ ਹਨ ਤੇ ਫੁੱਲਾਂ ਦੇ ਹਾਰ ਲੈ ਕੇ ਰੇਲਵੇ ਸਟੇਸ਼ਨ ਦੇ ਬਾਹਰ ਭਈਆਂ ਦੀ ਉਡੀਕ ਕਰਨੀ ਪੈਂਦੀ ਹੈ। ਉਸਨੂੰ ਟੋਪੀ ਵਾਲਾ ਕਹਿਣ ਵਾਲੇ ਤਾਂ ਇਹ ਵੀ ਭੁੱਲ ਜਾਂਦੇ ਹਨ ਕਿ ਸਾਡੇ ਪਹਿਲੇ ਪੰਜ ਗੁਰੂ ਸਾਹਿਬਾਨ ਸੇਲੀ ਟੋਪੀ ਪਹਿਨਦੇ ਸਨ, ਜਿਸਦੇ ਦੀਦਾਰ ਅੱਜ ਵੀ ਕੀਤੇ ਜਾ ਸਕਦੇ ਹਨ। ਸਾਡੀ ਹਰ ਫਸਲ ਅਗਰ ਭਈਆਂ ਨੇ ਹੀ ਵੱਢਣੀ ਹੈ, ਫਿਰ ਸਿਆਸੀ ਫਸਲ ਕਿਸੇ ਭਈਏ ਨੇ ਵੱਢ ਦਿੱਤੀ ਤਾਂ ਕੀ ਲੋਹੜਾ ਆ ਗਿਆ। ਜਿਸ ਤਰ੍ਹਾਂ ਭਈਏ ਸਾਡੀ ਫਸਲ ਵੱਢ ਕੇ ਸਾਨੂੰ ਹੀ ਦੇ ਜਾਂਦੇ ਹਨ, ਇਸੇ ਤਰ੍ਹਾਂ ਕੇਜਰੀਵਾਲ ਨੇ ਸਾਡੀ ਸਿਆਸੀ ਫਸਲ ਵੱਢ ਕੇ ਸਾਨੂੰ ਹੀ ਸੌਂਪ ਦਿੱਤੀ ਹੈ। ਪੰਜਾਬ ਸਰਕਾਰ ਪੰਜਾਬ ਦੀ ਹੈ, ਯੂਪੀ ਬਿਹਾਰ ਜਾਂ ਦਿੱਲੀ ਦੀ ਨਹੀਂ।
ਇਹ ਗੱਲ ਤਕਰੀਬਨ ਸਾਰੇ ਜਾਣਦੇ ਹਨ ਕਿ ਵੋਟਾਂ ਕੇਜਰੀਵਾਲ ਦੇ ਮੂੰਹ ਨੂੰ ਪਈਆਂ ਹਨ, ਕਿਉਂਕਿ ਲੋਕਾਂ ਨੂੰ ਉਸ `ਤੇ ਵਿਸ਼ਵਾਸ ਹੈ ਕਿ ਉਹ ਭਗਵੰਤ ਮਾਨ ਨੂੰ ਮਨਮਾਨੀ ਨਹੀਂ ਕਰਨ ਦੇਵੇਗਾ। ਪਾਰਟੀ ਪ੍ਰਧਾਨ ਦਾ ਇਹ ਹੱਕ ਵੀ ਹੁੰਦਾ ਹੈ ਤੇ ਫ਼ਰਜ਼ ਵੀ ਕਿ ਉਹ ਸਰਕਾਰ ਨੂੰ ਸੂਖਮ ਜਿਹੀ ਨੱਥ ਪਾ ਕੇ ਰੱਖੇ। ਜੇ ਨੱਥ ਲੱਥ ਜਾਵੇ ਤਾਂ ਸਰਕਾਰ ਕੁਰੱਪਸ਼ਨ ਵੱਲ ਤਿਲਕ ਸਕਦੀ ਹੈ। ਅੰਗਰੇਜ਼ੀ ਦਾ ਅਖਾਣ ਹੈ: ਪਾਵਰ ਟੈਂਡਜ਼ ਟੂ ਕੁਰੱਪਟ, ਐਂਡ ਐਬਸੌਲੂਟ ਪਾਵਰ ਕੁਰੱਪਟਸ ਐਬਸੋਲੂਟਲੀ।
ਕੇਜਰੀਵਾਲ ਉਸ ਮਹਿਕਮੇ ਵਿਚ ਰਿਹਾ ਹੈ, ਜਿੱਥੇ ਹਰ ਕੋਈ ਨੱਕ ਮੂੰਹ ਤੱਕ ਭ੍ਰਿਸ਼ਟਾਚਾਰ ਵਿਚ ਡੁੱਬਿਆ ਹੁੰਦਾ ਹੈ। ਉਸਨੇ ਭ੍ਰਿਸ਼ਟਾਚਾਰ ਨੂੰ ਏਨੀ ਨੇੜਿਓਂ ਦੇਖਿਆ ਹੈ ਤੇ ਉਹ ਭ੍ਰਿਸ਼ਟਾਚਾਰ ਦੇ ਏਨੇ ਮਹੀਨ ਰੂਪ ਜਾਣਦਾ ਹੋਵੇਗਾ ਕਿ ਉਸ ਲਈ ਭ੍ਰਿਸ਼ਟਾਚਾਰ ਨੂੰ ਨੱਥ ਪਾਉਣੀ ਬੜੀ ਆਸਾਨ ਹੋਵੇਗੀ। ਇਸ ਕਰਕੇ ਇਕ ਸਮਰੱਥ ਵਿਅਕਤੀ ਨੂੰ ਬੇਵਜ੍ਹਾ ਸਲਾਹਾਂ ਦੇਈ ਜਾਣੀਆਂ, ਸਿਆਣਪ ਨਹੀਂ ਹੈ। ਉਹ ਜਾਣਦਾ ਹੈ ਕਿ ਕਦੋਂ, ਕਿੱਥੇ ਕੀ ਅਤੇ ਕਿੱਦਾਂ ਕਰਨਾ ਹੈ। ਉਹ ਅਨਾੜੀ ਨਹੀਂ, ਤਜਰਬੇਕਾਰ ਹੈ।
ਦੇਸ਼ ਦੀ ਰਾਜ ਸਭਾ ਵਿਚ ਪੰਜਾਬ ਦੀਆਂ ਪੰਜ ਸੀਟਾਂ ਖਾਲੀ ਹੋਈਆਂ ਹਨ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਹ ਭਰੀਆਂ ਹਨ। ਅਰਵਿੰਦ ਕੇਜਰੀਵਾਲ ਸਾਡੇ ਸਭ ਨਾਲ਼ੋਂ ਬਿਹਤਰ ਜਾਣਦਾ ਹੋਵੇਗਾ ਕਿ ਕਿਹਨੂੰ ਕਿਹੜੇ ਕੰਮ ਲਾਉਣਾ ਹੈ ਤੇ ਕਿਹਨੂੰ ਕਿੱਥੇ ਰੱਖਣਾ ਹੈ।
ਦੋ ਹਜ਼ਾਰ ਸਤਾਰਾਂ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਬਣਦੀ ਰਹਿ ਗਈ ਸੀ, ਕਿਉਂਕਿ ਕੇਜਰੀਵਾਲ ਅਸਲੋਂ ਹੀ ਇਕ ਅਨਾੜੀ ਦਾਅ ਖੇਡ ਗਿਆ ਸੀ। ਉਦੋਂ ਉਹਨੂੰ ਸਾਡੀ ਦੇਗੀ ਮਾਨਸਿਕਤਾ ਦੀਆਂ ਤਹਿਆਂ ਦੀ ਜਾਣਕਾਰੀ ਨਹੀਂ ਸੀ, ਜਿਸ ਕਰਕੇ ਉਸਨੇ ਐਲਾਨ ਕਰ ਦਿੱਤਾ ਸੀ ਕਿ ਉਨ੍ਹਾਂ ਦੀ ਸਰਕਾਰ ਵਿਚ ਡਿਪਟੀ ਸੀ ਐਮ ਦਾ ਅਹੁਦਾ ਦਲਿਤ ਨੂੰ ਦਿੱਤਾ ਜਾਵੇਗਾ। ਦਲਿਤਾਂ ਨੂੰ ਤਾਂ ਪਤਾ ਸੀ ਕਿ ਪੰਜਾਬ ਵਿਚ ਦਲਿਤ ਦਾ ਡਿਪਟੀ ਸੀ ਐਮ ਚੁਣੇ ਜਾਣਾ ਹਾਲੇ ਕਈ ਜਨਮ ਸੰਭਵ ਨਹੀਂ ਹੈ, ਪਰ ਇਸ ਐਲਾਨ ਕਾਰਣ ਪੰਜਾਬ ਦਾ ਦੇਗੀ ਲੋਕ-ਮਨ, ਕੇਜਰੀਵਾਲ ਤੋਂ ਬੁਰੀ ਤਰ੍ਹਾਂ ਖ਼ਫ਼ਾ ਹੋ ਕੇ, ਪਿੱਛੇ ਹਟ ਗਿਆ। ਜਿਨ੍ਹਾਂ ਨੂੰ ਨਹੀਂ ਯਕੀਨ ਉਹ ਹੁਣ ਦੇਖ ਸਕਦੇ ਹਨ ਕਿ ਚੰਨੀ ਨਾਲ ਕੀ ਹੋਇਆ। ਉਸਨੂੰ ਢਾਈ ਮਹੀਨੇ ਲਈ ਸੀ ਐਮ ਬਣਨ ਦਾ ਮਜ਼ਾ ਚਖਾਉਣ ਅਤੇ ਚਟਾਉਣ ਲਈ ਦੋਵੇਂ ਥਾਵਾਂ ਤੋਂ ਉਸਦੀ ਹਾਰ ਨੂੰ ਯਕੀਨੀ ਬਣਾਉਣਾ ਪਰਮ ਧਰਮ ਬਣਾ ਲਿਆ ਗਿਆ। ਇਸ ਕਰਕੇ ਇਸ ਵਾਰ ਕੇਜਰੀਵਾਲ ਨੇ ਸਮਝਦਾਰੀ ਦਿਖਾਈ ਤੇ ਦੇਗੀ ਲੋਕ ਮਨ ਨੂੰ ਹੀ ਸੀ ਐਮ ਦੇ ਚਿਹਰੇ ਵਜੋਂ ਪੇਸ਼ ਕੀਤਾ ਤੇ ਦਲਿਤ ਦਾ ਪੱਤਾ ਆਪ ਹੀ ਕੱਟ ਦਿੱਤਾ। ਦੇਗ ਅੱਗੇ ਲੋਹੇ ਦੀ ਕੀ ਵੱਟੀਦੀ ਹੈ! ਇਸ ਕਰਕੇ ਕੇਜਰੀਵਾਲ ਜਿਹੇ ਘਾਗ ਸਿਆਸਤਦਾਨ ਨੂੰ ਸਲਾਹ ਦੇਣੀ ਸਿਆਣਪ ਨਹੀਂ ਹੈ।
ਮੈਂ ਦੇਖਿਆ ਹੈ ਕਿ ਸ਼ਹਿਰੀ ਲੋਕ ਕਦੇ ਵੀ ਕਿਸੇ ਸਿਆਸਤਦਾਨ ਨੂੰ ਨਸੀਹਤਾਂ ਨਹੀਂ ਦਿੰਦੇ। ਕਿਉਂਕਿ ਉਨ੍ਹਾਂ ਨੂੰ ਆਪਣੀ ਸਿਆਣਪ ਦਾ ਵੀ ਪਤਾ ਹੁੰਦਾ ਹੈ ਤੇ ਅਗਲੇ ਦੀ ਸਿਆਣਪ ਦਾ ਵੀ ਅੰਦਾਜ਼ਾ ਹੁੰਦਾ ਹੈ। ਬਹੁਤੇ ਸਲਾਹੂ ਪੇਂਡੂ ਹੁੰਦੇ ਹਨ, ਜਿਨ੍ਹਾਂ ਨੂੰ ਨਾ ਆਪਣੀ ਸਿਆਣਪ ਦਾ ਪਤਾ ਹੁੰਦਾ ਹੈ ਤੇ ਨਾ ਅਗਲੇ ਦੀ ਸਿਆਣਪ ਦਾ ਅੰਦਾਜ਼ਾ ਹੁੰਦਾ ਹੈ। ਹਰੇਕ ਪੇਂਡੂ ਨੂੰ ਆਪੋ-ਆਪਣੀ ਘਰੇਲੂ ਅਤੇ ਰਸਟਿਕ ਜਿਹੀ ਸਿਆਣਪ ‘ਤੇ ਏਨਾ ਵਿਸ਼ਵਾਸ ਹੁੰਦਾ ਹੈ ਕਿ ਉਹ ਖ਼ੁਦ ਨੂੰ ਪਲੈਟੋ ਤੋਂ ਵੀ ਉਪਰ ਸਮਝਦੇ ਹਨ। ਉਹ ਸਰਕਾਰ ਚਲਾਉਣ ਲਈ ਵੀ ਮੱਝਾਂ, ਗਾਵਾਂ ਤੇ ਬੌਲ਼ਦਾਂ ਦੀਆਂ ਉਦਾਹਰਨਾਂ ਦੇਣ ਡਹਿ ਪੈਂਦੇ ਹਨ।