ਸਵਾਰਥ, ਸਦਾਚਾਰ ਅਤੇ ਸਭਿਆਚਾਰ

ਬਲਕਾਰ ਸਿੰਘ ਪ੍ਰੋਫੈਸਰ
`ਸਵਾਰਥ, ਸਦਾਚਾਰ ਅਤੇ ਸਭਿਆਚਾਰ` ਇਹ ਤਿੰਨੇ ਸ਼ਬਦ ਬਾਣੀ ਵਿਚ ਨਹੀਂ ਆਏ ਪਰ ਸਿੱਖਾਂ ਵਿਚ ਆ ਗਏ ਹਨ ਅਤੇ ਇਨ੍ਹਾਂ ਦੇ ਹਵਾਲੇ ਨਾਲ ਗੁਰਮਤਿ ਦੇ ਵਰਤਮਾਨ ਪ੍ਰਸੰਗ ਨੂੰ ਸਮਝਣ ਵਿਚ ਸਹਾਇਤਾ ਮਿਲ ਸਕਦੀ ਹੈ। ਧਰਮ ਗ੍ਰੰਥਾਂ ਨੂੰ ਲੈ ਕੇ ਪੱਛਮ ਵਿਚ ਅਜਿਹੇ ਅਕਾਦਮਿਕ ਯਤਨ ਬਹੁਤ ਪਹਿਲਾਂ ਸ਼ੁਰੂ ਹੋ ਗਏ ਸਨ ਅਤੇ ਉਹ ਸਾਡੇ ਤੱਕ ਆਧੁਨਿਕਤਾ ਵਜੋਂ ਪਰਵਾਨਤ ਵੀ ਹਨ। ਮਿਸਾਲ ਵਜੋਂ ਕਪਰਨੀਕਸ, ਗੁਰੂ ਨਾਨਕ ਦੇਵ ਜੀ ਦਾ ਸਮਕਾਲੀ ਸੀ (ਛੇ ਕੁ ਸਾਲ ਛੋਟਾ ਸੀ ਅਤੇ ਛੇ ਕੁ ਸਾਲ ਪਹਿਲਾਂ ਚੜ੍ਹਾਈ ਕਰ ਗਿਆ ਸੀ)। ਜਿਹੜੀਆਂ ਸਥਾਪਤੀਆਂ ਕਪਰਨੀਕਸ ਨੇ ਬੌਧਿਕ ਪ੍ਰਸੰਗ ਵਿਚ ਕੀਤੀਆਂ ਸਨ, ਉਨ੍ਹਾਂ ਦੇ ਪਾਰ-ਬੌਧਿਕ ਉਸਾਰਾਂ ਦੀ ਨੀਂਹ ਨਾਨਕ-ਚਿੰਤਨ ਰਾਹੀਂ ਪੂਰਬ ਵਿਚ ਰੱਖੀ ਜਾ ਰਹੀ ਸੀ। ਇਨ੍ਹਾਂ ਦੀ ਰੌਸ਼ਨੀ ਵਿਚ ਤਿੰਨਾਂ ਸੱਸਿਆਂ ਦੀ ਗੱਲ ਏਥੋਂ ਸ਼ੁਰੂ ਕੀਤੀ ਜਾ ਸਕਦੀ ਹੈ ਕਿ ਬੰਦਾ ਸਭਿਆਚਾਰ ਵਿਚ ਜੰਮਦਾ ਅਰਥਾਤ ਪੈਦਾ ਹੁੰਦਾ ਹੈ ਅਤੇ ਵਿਚਰਦਾ ਹੈ ਪਰਿਵਾਰ, ਭਾਈਚਾਰੇ ਅਰਥਾਤ ਦੇਸ਼ ਅਤੇ ਕਾਲ ਵਿਚਕਾਰ। ਬੰਦੇ ਤੋਂ ਆਸ ਤਾਂ ਬੰਦਾ ਹੋਣ ਦੀ ਹੀ ਕੀਤੀ ਜਾਂਦੀ ਰਹੀ ਹੈ ਅਤੇ ਵਡੇਰਿਆਂ ਦੀ ਟੋਕਾ-ਟਾਕੀ `ਬੰਦਾ ਬਣ` ਵਜੋਂ ਹੀ ਸੁਣਦੇ ਰਹੇ ਹਾਂ। ਬੰਦਾ ਬਣਨ ਦੀ ਸਮਾਜਿਕ ਰੀਝ ਨੂੰ ਸਿੱਖੀ ਵਿਚ ਸਿੱਖ ਹੋਣਾ ਆਖਿਆ ਗਿਆ ਸੀ\ਹੈ। ਇਸ ਤਰ੍ਹਾਂ ਧਰਮ ਦੇ ਕੇਂਦਰ ਵਿਚ ਸਦਾਚਾਰ ਅਰਥਾਤ ਵਤੀਰੇ ਨੂੰ ਰੱਖਿਆ ਗਿਆ ਸੀ\ਹੈ। ਏਸੇ ਨੂੰ ਬਾਣੀ ਵਿਚ ਆਤਮ ਅਤੇ ਪਰਾਤਮ (ਵਾਹਿਗੁਰੂ/ਪਰਮਾਤਮਾ)ਦਾ ਸੰਜੋਗੀ ਮੇਲ ਕਿਹਾ ਹੋਇਆ ਹੈ:
ਸਤ ਸੰਤੋਖਿ ਰਹਹੁ ਜਨ ਭਾਈ॥
ਖਿਮਾ ਗਹਹੁ ਸਤਿਗੁਰ ਸਰਣਾਈ॥
ਆਤਮੁ ਚੀਨਿ ਪਰਾਤਮੁ ਚੀਨਹੁ॥
ਗੁਰ ਸੰਗਤਿ ਇਹੁ ਨਿਸਤਾਰਾ ਹੇ॥(1\1030)
ਇਸ ਦਾ ਅਮਲ ਵਿਚ ਵਰਤਾਰਾ ਹੀ ਗੁਰਮਤਿ ਹੈ। ਇਸ ਨੂੰ ਸਿੱਖ ਸਭਿਆਚਾਰ ਵੀ ਕਿਹਾ ਜਾ ਸਕਦਾ ਹੈ। ਪੰਜਾਬ ਵਿਚ ਸਿੱਖ ਸਭਿਆਚਾਰ, ਪੰਜਾਬੀ ਸਭਿਆਚਾਰ ਨਾਲ ਕਰਿੰਘੜੀ ਪਾ ਕੇ ਤੁਰਦਾ ਰਿਹਾ ਹੈ। ਇਹ ਵਰਤਾਰਾ, ਪੂਰਬ ਦੇ ਸਭਿਆਚਾਰਕ ਨਾਨਤਵ ਵਿਕਾਰ ਆਪਣੇ ਵਰਗਾ ਆਪ ਹੀ ਹੈ। ਸਿੱਖ ਸਭਿਆਚਾਰ, ਭਾਈ ਕਾਹਨ ਸਿੰਘ ਦੇ ਸ਼ਬਦਾਂ ਵਿਚ “ਉਤਮ ਕ੍ਰਿਯਾ, ਨੇਕ ਚਲਨ, ਭਲਾ ਬਿਉਹਾਰ” ਹੈ (ਮਹਾਨ ਕੋਸ਼,1999, ਪੰਨਾ 151)। ਵਿਹਾਰ ਵਿਚ ਹਉਮੈ ਦੇ ਦਖਲ਼ ਨਾਲ ਬੰਦੇ ਦਾ ਵਤੀਰਾ ਅਤੇ ਵਰਤਾਰਾ ਸਵਾਰਥ ਵੱਲ ਸੇਧਤ ਹੁੰਦਾ ਰਹਿੰਦਾ ਹੈ:
ਬਿਆਪਤ ਕਰਮ ਕਰੈ ਹਉ ਫਾਸਾ॥
ਬਿਆਪਤ ਗਿਰਸਤ ਬਿਆਪਤ ਉਦਾਸਾ॥
ਆਚਾਰ ਬਿਉਹਾਰ ਬਿਆਪਤ ਇਹ ਜਾਤਿ॥
ਸਭ ਕਿਛੁ ਬਿਆਪਤ ਬਿਨੁ ਹਰਿ ਰੰਗ ਰਾਤ॥182
ਕਬੀਰ ਜੀ ਬਿਉਹਾਰ ਨੂੰ ਧੰਧੇ ਦੇ ਪ੍ਰਸੰਗ ਵਿਚ “ਜਾ ਕੈ ਜੀਅ ਜੈਸੀ ਬੁਧਿ ਹੋਈ” (343) ਨਾਲ ਜੋੜ ਕੇ ਗੱਲ ਕਰਦੇ ਹਨ ਅਤੇ ਭਗਤ ਰਵਿਦਾਸ ਜੀ ਬਿਉਹਾਰ ਨੂੰ ਹਾਥੀ ਦੇ ਨਹਾਉਣ ਅਤੇ ਖੇਹ ਪਾਉਣ ਦੀ ਆਦਤ ਕਹਿ ਕੇ “ਘਟਿ ਭੀਤਰਿ ਬਿਬਿਧਿ ਬਿਕਾਰ”(346) ਦੱਸਦੇ ਹਨ। ਇਸ ਦੀ ਰੌਸ਼ਨੀ ਵਿਚ ਕਹਿ ਸਕਦੇ ਹਾਂ ਕਿ ਬੰਦੇ ਦਾ ਵਤੀਰਾ ਅਤੇ ਵਰਤਾਰਾ ਹੀ ਸਬੰਧਤ ਸਭਿਆਚਾਰ ਦੀ ਚੂਲ ਰਹਿੰਦੇ ਹਨ। ਸਭਿਆਚਾਰ, ਜਾਤੀ, ਧਾਰਮਿਕ, ਸਮਾਜਿਕ ਅਤੇ ਸਿਆਸੀ ਵਰਤਾਰਿਆਂ ਨੂੰ ਨਾਲ ਲੈ ਕੇ ਤੁਰਦਾ ਰਹਿੰਦਾ ਹੈ। ਸਿੱਖ ਸਭਿਆਚਾਰ ਵਿਚ ਬੰਦੇ ਦੇ ਸਰੋਕਾਰ ਅਧਿਆਤਮਕ ਰੰਗ ਵੱਲ ਸੇਧਤ ਰਹਿ ਕੇ ਆਸ-ਪਾਸ ਨੂੰ ਨਾਲ ਲੈ ਕੇ ਤੁਰਦੇ ਰਹਿਣੇ ਚਾਹੀਦੇ ਹਨ। ਧਰਮ, ਇਨ੍ਹਾਂ ਦੋਹਾਂ ਅਧਿਆਤਮ ਅਤੇ ਸਭਿਆਚਾਰ ਵਿਚਕਾਰ ਪੁਲ ਦੀ ਭੂਮਿਕਾ ਨਿਭਾਉਂਦਾ ਆ ਰਿਹਾ ਹੈ। ਸਭਿਆਚਾਰ ਅਤੇ ਅਧਿਆਤਮਕ ਵਿਚ ਕੱਟੜਤਾ ਦਾ ਦਖਲ ਸੰਭਵ ਹੀ ਨਹੀਂ ਹੈ ਪਰ ਧਰਮ ਵਿਚੋਂ ਇਸ ਨੂੰ ਮਨਫੀ ਨਹੀਂ ਕੀਤਾ ਜਾ ਸਕਦਾ। ਕੱਟੜਤਾ, ਦੋਹਾਂ ਵਿਚ ਨਜ਼ਰ ਆਉਂਦੀ ਹੋਵੇ ਤਾਂ ਧਰਮ ਦੁਆਰਾ ਪਰਵੇਸ਼ ਕੀਤੀ ਤਾਂ ਮੰਨੀ ਜਾ ਸਕਦੀ ਹੈ, ਪਰ ਟਿਕ ਨਹੀਂ ਸਕਦੀ ਕਿਉਂਕਿ ਸਭਿਆਚਾਰ ਖਿੱਤਾ ਮੂਲਕ ਵਹਿਣ ਹੈ (ਦਿਲ ਦਰਿਆ ਸਮੁੰਦਰੋਂ ਡੂੰਘੇ ਕੌਣ ਦਿਲਾਂ ਦੀਆਂ ਜਾਣੇ) ਅਤੇ ਅਧਿਆਤਮ ਵਿਚ ਸਾਰੇ ਗਿਆਨ ਧਿਆਨ ਵੀ ਵਿਸਰ ਜਾਂਦੇ ਹਨ ਅਤੇ ਭਾਈ ਗੁਰਦਾਸ ਜੀ ਦੇ ਸ਼ਬਦਾਂ ਵਿਚ ਨਵੇਂ ਰੰਗ ਖਿੜਦੇ ਰਹਿੰਦੇ ਹਨ:
ਉਨਮਨ ਮਗਨ ਗਗਨ ਅਨਹਦਿ ਧੁਨਿ,
ਬਾਜਤ ਨੀਸਾਨ ਗਿਆਨ ਧਿਆਨ ਬਿਸਰਾਨੇ ਹੈ। ਸਵੱਯਾ 247*1
ਸਭਿਆਚਾਰ ਅਤੇ ਅਧਿਆਤਮ ਦੇ ਸੰਤੁਲਤ ਨਿਭਾਅ ਨੂੰ ਪ੍ਰੋ. ਪੂਰਨ ਸਿੰਘ ਨੇ “ਪੰਜਾਬ ਸਾਰਾ ਜੀਂਦਾ ਗੁਰੂ ਦੇ ਨਾਮ `ਤੇ” ਕਿਹਾ ਹੋਇਆ ਹੈ। ਇਹ ਪਾਰ-ਜਾਤੀ ਵਰਤਾਰਾ ਹੈ ਅਤੇ ਧਰਮ ਨੂੰ ਨਾਲ ਲੈ ਕੇ ਧਰਮ ਤੋਂ ਅੱਗੇ ਤੁਰਨ ਦਾ ਸਿੱਖ ਸਭਿਆਚਾਰ ਹੈ। ਇਸ ਨੂੰ ਧਰਮ ਵਿਹੂਣ ਸਮਝਣ ਦੀ ਲੋੜ ਨਹੀਂ ਹੈ ਕਿਉਂਕਿ ਇਹ ਕੇਵਲ ਮਾਤਰ ਆਸਥਾ ਕੇਂਦਰਤ ਸਥਾਪਤੀ ਨਹੀਂ ਹੈ। ਇਸ ਨੂੰ ਆਤਮ ਕੇਂਦਰਤ ਹੋਣ ਕਰਕੇ ਆਸਥਾ ਦੀ ਸੁੱਤ ਤੋਂ ਸਕਰਮਕ ਚੇਤਨਾ ਵੱਲ ਸੇਧਤ ਯਾਤਰਾ ਵਜੋਂ ਸਮਝਿਆ ਜਾਣਾ ਚਾਹੀਦਾ ਹੈ। ਇਸ ਦਾ ਆਰੰਭ ਵੇਈਂ ਨਦੀ `ਚ ਪਰਵੇਸ਼ ਵੇਲੇ “ਨ ਕੋ ਹਿੰਦੂ ਨ ਕੋ ਮੁਸਲਮਾਨ” ਵਜੋਂ ਹੋਇਆ ਸੀ। ਇਸ ਨਾਲ ਧਰਮਾਂ ਦੇ ਘਮਸਾਨ ਵਿਚ ਜਿਸ ਪਾਰ-ਧਰਮੀ ਲਹਿਰ ਗੁਰਮਤਿ ਦਾ ਆਗਾਜ਼ ਹੋਇਆ ਸੀ, ਉਸੇ ਦੇ ਹਵਾਲੇ ਨਾਲ ਗੱਲ ਕੀਤੀ ਜਾ ਰਹੀ ਹੈ। ਇਸ ਨੂੰ ਪ੍ਰੋ. ਪੂਰਨ ਸਿੰਘ ਨੇ ਇਸ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕੀਤੀ ਹੋਈ ਹੈ:
ਉਹ ਗੁਰੂ ਦਾ ਸਿਖ ਹੀ ਹੈ\ਜਿਸ ਦੀ ਆਤਮਾ ਵਿਚ\ਆਪ ਪਰਮਾਤਮਾ,
ਆਪਣੀ ਪਰਮ-ਸੁੰਦਰਤਾ ਵਿਚ\ਟਹਿਕ ਉਠਦਾ ਹੈ।
ਜਿਵੇਂ ਬੱਚੇ ਨੂੰ\ ਮਾਤਾ ਦੀ\ ਗੋਦ ਪਿਆਰੀ ਹੈ,
ਤਿਵੇਂ ਸਾਨੂੰ\ ਰੱਬ ਦੀ ਹੋਂਦ ਪਿਆਰੀ ਹੈ। 185
ਭਾਈ ਗੁਰਦਾਸ ਜੀ ਇਨ੍ਹਾਂ ਤਿੰਨਾਂ ਸੱਸਿਆਂ ਨੂੰ ਇਉਂ ਸਮਝਾਉਂਦੇ ਲਗਦੇ ਹਨ:
ਸਬਦ ਸੁਰਤਿ ਲਿਵਲੀਨੁ ਹੋਇ,
ਸਾਧ ਸੰਗਤਿ ਸਚਿ ਮੇਲ ਮਿਲਾਇਆ।
ਹੁਕਮ ਰਜਾਈ ਚਲਣਾ,
ਆਪੁ ਗਵਾਇ ਨ ਆਪੁ ਜਣਾਇਆ।
ਗੁਰ ਉਪਦੇਸੁ ਆਵੇਸੁ ਕਰਿ,
ਪਰਉਪਕਾਰਿ ਅਚਾਰਿ ਲੁਭਾਇਆ।
ਪਿਰਮ ਪਿਆਲਾ ਅਪਿਉ ਪੀ,
ਸਹਜਿ ਸਮਾਈ ਅਜਰੁ ਜਰਾਇਆ।
ਮਿਠਾ ਬੋਲਣੁ ਨਿਵਿ ਚਲਣੁ,
ਹਥਹੁ ਦੇ ਕੈ ਭਲਾ ਮਨਾਇਆ।
ਇਕ ਮਨਿ ਇਕੁ ਅਰਾਧਣਾ,
ਦੁਬਿਧਾ ਦੂਜਾ ਭਾਉ ਮਿਟਾਇਆ।
ਗੁਰਮੁਖਿ ਸੁਖ ਫਲ,
ਨਿਜ ਪਦੁ ਪਾਇਆ। ਵਾਰ 11\4
ਸਿੱਖ ਧਰਮ ਦੇ ਵਰਤਮਾਨ ਵਹਿਣ ਨਾਲ ਬਹੁਤ ਕੁਝ ਬਦਲ ਗਿਆ ਹੈ ਕਿਉਂਕਿ ਇਸ ਨਾਲ ਸਿੱਖ ਸਭਿਆਚਾਰ ਵੱਲ ਪਿੱਠ ਹੋ ਗਈ ਹੈ ਅਤੇ ਸਿੱਖ ਸਿਆਸਤ ਅੱਗੇ ਵੀ ਆ ਗਈ ਹੈ ਅਤੇ ਸਾਰੇ ਗੁਰਮਤਿ ਵਰਤਾਰਿਆਂ `ਤੇ ਅਮਰ ਵੇਲ ਵਾਂਗ ਛਾ ਗਈ ਹੈ। ਏਸੇ ਦੇ ਸਿੱਟੇ ਵਜੋਂ ਗੁਰਮਤਿ ਪ੍ਰਸੰਗ ਵਿਚ ਸਿਧਾਂਤ ਦਾ ਅਮਲ ਅਤੇ ਅਮਲ ਦਾ ਸਿਧਾਂਤ ਇਕਸੁਰਤਾ ਵਿਚੋਂ ਨਿਕਲ ਕੇ, ਟਕਰਾਉ ਵਿਚ ਆ ਗਏ ਹਨ। ਆਜ਼ਾਦ ਭਾਰਤ ਵਿਚ ਬਹੁਤ ਸਾਰੇ ਕਾਰਨਾਂ ਕਰਕੇ ਆਸਥਾ ਅਤੇ ਤਰਕਸ਼ੀਲਤਾ ਦੇ ਟਕਰਾਓ ਦੀ ਅਕਾਦਮਿਕਤਾ ਨੇ ਸੱਜੂਆਂ ਅਤੇ ਖੱਬੂਆਂ ਦੀ ਸਮਾਨਾਂਤਰਾ ਨੂੰ ਸਾਹਮਣੇ ਲੈ ਆਂਦਾ ਹੈ। ਦੋਹਾਂ ਵਿਚਕਾਰ ਫਸਣ ਦੀ ਥਾਂ, ਗੁਰਮਤਿ ਦੇ ਪ੍ਰਾਪਤ ਸਹਿਜ ਮਾਰਗ ਅਰਥਾਤ ਮੱਧ ਮਾਰਗ ਦੀ ਉਸਾਰੀ ਕੀਤੇ ਜਾਣ ਦੀ ਲੋੜ ਹੈ। ਮਿਸਾਲ ਦੇ ਤੌਰ `ਤੇ ਨਾਨਕ ਚਿੰਤਨ ਦੇ ਬੌਧਿਕ ਰਿੜਕਣ ਵਾਲਿਆਂ ਵਲੋਂ ਇਹ ਸਵਾਲ ਪੈਦਾ ਕਰ ਦਿੱਤਾ ਗਿਆ ਹੈ ਕਿ ਗੁਰੂ ਨਾਨਕ ਦੇਵ ਕ੍ਰਾਂਤੀਕਾਰੀ ਸਨ ਕਿ ਸੁਧਾਰਕ ਸਨ? ਇਸ ਨਾਲ ਗੁਰੂ ਨਾਨਕ ਪ੍ਰਤੀ ਜਗਿਆਸਾ ਨੂੰ ਚੌਰਸਤੇ `ਤੇ ਖੜ੍ਹਾ ਕਰ ਦਿਤਾ ਗਿਆ ਹੈ ਕਿਉਂਕਿ ਕ੍ਰਾਂਤੀਕਾਰੀ ਅਤੇ ਸੁਧਾਰਕ ਨਾਲ ਜੋ ਦੁਫੇੜ ਪੈਦਾ ਹੁੰਦੀ ਹੈ, ਉਸ ਵਿਚ ਨਾਨਕ ਪ੍ਰਸੰਗ ਸੁੰਗੜਦਾ ਤਾਂ ਹੈ ਵਿਗਸਦਾ ਨਹੀਂ। ਇਸ ਨਾਲ ਸਭਿਆਚਾਰ ਦੀ ਸਿਆਸਤ ਅਤੇ ਅਧਿਆਤਮ ਦੇ ਧਰਮ ਦੀਆਂ ਦਾਅਵੇਦਾਰੀਆਂ ਸ਼ੁਰੂ ਹੋ ਗਈਆਂ ਹਨ। ਇਸ ਨਾਲ ਜੁੜਿਆ ਹੋਇਆ ਸੱਜੂਆਂ ਤੇ ਖੱਬੂਆਂ ਦਾ ਭੇੜ ਜਿਹੋ ਜਿਹੀ ਸਪੇਸ ਪੈਦਾ ਕਰ ਰਿਹਾ ਹੈ, ਉਸ ਵਿਚ ਮਾਨਵੀ ਸਰੋਕਾਰਾਂ ਨੂੰ ਟਿਕਾਉਣਾ ਮੁਸ਼ਕਲ ਲੱਗਣ ਲੱਗ ਪਿਆ ਹੈ। ਅੱਜ ਦੇ ਤਿੰਨ ਸੱਸੇ ਏਸੇ ਦਾ ਸ਼ਿਕਾਰ ਹੋਏ ਲਗਦੇ ਹਨ। ਇਹੋ ਜਿਹੀਆਂ ਆਪਾਧਾਪੀਆਂ ਵਿਚ ਇਹ ਪੂਰਨ ਸਿੰਘੀਅਨ ਭਾਵਨਾ ਗੁਆਚਦੀ ਨਜ਼ਰ ਆ ਰਹੀ ਹੈ:
ਅਸੀਂ ਉਸ ਦੇ ਪ੍ਰੇਮ ਵਿਚ\ਆਪਣੇ ਆਪ ਨੂੰ ਜਾਲਦੇ ਹਾਂ
ਇਸ ਲਈ ਅਸੀਂ\ ਵਿਸ਼ਵ-ਵਿਆਪੀ ਹੋ ਗਏ ਹਾਂ (185)
ਇਹ ਟਿੱਪਣੀ ਵਰਤਮਾਨ ਦੇ ਗਲੋਬਲੀ ਪ੍ਰਸੰਗ ਤੋਂ ਬਹੁਤ ਪਹਿਲਾਂ ਕੀਤੀ ਗਈ ਸੀ ਅਤੇ ਇਸ ਵਿਚ ਪਾਰ-ਸਵਾਰਥ ਪਹੁੰਚ ਹੀ ਕੰਮ ਆ ਸਕਦੀ ਹੈ। ਇਸ ਲੋੜ ਨਾਲ ਜੁੜੀ ਹੋਈ ਪਹੁੰਚ ਸਦਾਚਾਰ ਦਾ ਮਾਰਗ ਹੋ ਸਕਦੀ ਹੈ ਅਤੇ ਗਲੋਬਲ ਸਭਿਆਚਾਰ ਦੀ ਧਰੋਹਰ ਹੋ ਸਕਦੀ ਹੈ। ਇਸ ਨੂੰ ਧਰਮ ਤੱਕ ਸੀਮਿਤ ਕਰਾਂਗੇ ਤਾਂ ਧਰਮ ਦੇ ਮਾਰਗ `ਤੇ ਚੱਲਣ ਦਾ ਭਰਮ ਹੀ ਪਾਲ ਸਕਾਂਗੇ। ਮਾਰਗ, ਸਥਾਪਤੀ ਅਰਥਾਤ ਮੰਜ਼ਲ ਨਹੀਂ ਹੋ ਸਕਦਾ ਕਿਉਂਕਿ ਸਥਾਪਤੀ, ਆਮ ਕਰਕੇ ਕੱਟੜਤਾ ਅਰਥਾਤ ਉਲਾਰ ਵਲ ਸੇਧਤ ਹੁੰਦੀ ਹੈ। ਅਜਿਹੀ ਸਥਿਤੀ ਵਿਚ ਸਦਾਚਾਰ ਦੀ ਥਾਂ ਸਵਾਰਥ ਪ੍ਰਧਾਨ ਹੋ ਜਾਣਾ ਕੁਦਰਤੀ ਹੈ। ਸਵਾਰਥ ਨੂੰ ਸਹਸਾ ਦੀਆਂ ਸੀਮਾਵਾਂ ਵਿਚ ਰੱਖ ਕੇ ਸਮਝਿਆ ਅਤੇ ਸਮਝਾਇਆ ਜਾ ਸਕਦਾ ਹੈ:
ਸਹਸਾ ਇਹੁ ਸੰਸਾਰੁ ਹੈ
ਮਰਿ ਜੰਮੈ ਆਇਆ ਜਾਇਆ॥1\138
ਸੰਸਾਰ ਵਿਚਲੇ ਜ਼ਹਿਰੀਲੇ ਸਰੋਕਾਰਾਂ ਤੋਂ ਬਚਣ ਦੀ ਵਿਧੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇਸ ਤਰ੍ਹਾਂ ਸੁਝਾਈ ਹੋਈ ਹੈ:
ਇਹੁ ਸੰਸਾਰੁ ਬਿਖੁ ਵਤ ਅਤਿ ਭਉਜਲੁ,
ਗੁਰ ਸਬਦੀ ਹਰਿ ਪਾਰਿ ਲੰਘਾਈ॥1\353
ਏਸੇ ਨੂੰ ਪ੍ਰੋ. ਪੂਰਨ ਸਿੰਘ ਨੇ ਸਵਾਰਥੀ ਵਰਤਾਰਿਆਂ ਤੋਂ ਪਾਰ ਹੋਣਾ ਕਿਹਾ ਹੋਇਆ ਹੈ:
ਵਡਿਆਂ ਦੀ ਰੀਤ ਨਹੀਂ,
ਕਿਸੀ ਪਾਸੂੰ ਮੰਗਣਾ,
ਦਾਤਾ ਤੇਰਾ ਤੇਰੇ ਸਿਰ `ਤੇ,
ਭੁਖ, ਪਿਆਸ ਤੂੰ ਸਹਾਰੀਂ,
ਸੁਹੱਪਣ ਦੇਖ ਰੱਜ ਤੂੰ,
ਹੱਥ ਨ ਲਾਈਂ ਗਰਜ਼ ਦੀ ਅੱਗ ਨੂੰ,
ਅੱਖ ਪਟ ਕੇ ਨ ਤੱਕੀਂ ਕਿਸੀ ਲੋੜ ਨੂੰ,
ਮਮਤਾ ਦੇ ਮਾਰੇ ਫਿਰਦੇ ਲਖ ਕਰੋੜਾਂ,
ਮਨੁੱਖਾਂ ਥੀਂ ਜਾਨਵਰ ਬਣਾ ਗੱਡੇ ਅੱਗੇ ਵਾਹੁੰਦੀ,
ਸਭ ਦੀਆਂ ਛਾਤੀਆਂ ਤੱਤੀਆਂ,
ਦਿਲ ਅੱਧ ਜਲੇ ਭੁੰਨੇ ਫਿਰਦੇ,
ਕੋਈ ਭੀ ਇਥੇ ਸਬੂਤ ਨਾਂਹ,
ਤੇ ਨ ਕੋਈ ਫੁੱਲ ਕਿਸੀ ਦਾ ਤੋੜ ਤੂੰ ਸਕਦਾ,
ਨਿਰਾਲਮ, ਨਿਰਸੰਕਲਪ, ਹੋਜੀਂ ਤੂੰ,
ਖੁੱਲ੍ਹਾ ਖਿੜ ਤੇ ਹੱਸ, ਤੇ ਆਪਾ ਦੱਸ-ਦੱਸ,
ਖੇੜਾ ਖਿੜਾ ਥਾਈਂ ਥਾਈਂ ਤੂੰ,
ਓ ਸੋਹਣਿਆ ਮੁੱਲ ਪਾ ਤੂੰ ਆਪਣਾ! (187-88)
“ਆਪਣਾ ਮੂਲ ਪਛਾਣ” ਵਾਲੀ ਜੋਤਿ ਸਰੂਪੀ ਪਛਾਣ ਨੂੰ ਪ੍ਰੋ. ਪੂਰਨ ਸਿੰਘ ਨੇ “ਅਬਚਲ ਸੱਚ ਦੀ ਪਰਿਵਰਤਸ਼ੀਲ ਸਦੀਵਤਾ” (228) ਕਿਹਾ ਹੋਇਆ ਹੈ। ਇਹ ਸੱਚ “ਦਿਬ ਦ੍ਰਿਸਟਿ ਗੁਰ ਧਿਆਨੁ ਧਰਿ ਸਿਖ ਵਿਰਲਾ ਕੋਈ” (ਵਾਰਾਂ 9\5) ਵਜੋਂ ਪ੍ਰਗਟ ਹੁੰਦਾ ਰਿਹਾ ਹੈ। ਵਿਰਲਿਆਂ ਵਿਚੋਂ ਇਕ ਸਨ ਭਾਈ ਸੰਤੋਖ ਸਿੰਘ ਜੀ। ਉਨ੍ਹਾਂ ਨੇ ਇਨ੍ਹਾਂ ਤਿੰਨ ਸੱਸਿਆਂ ਦੀ ਧਰੋਹਰ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪਰਵਾਨ ਕਰ ਕੇ ਇਉਂ ਲਿਖਿਆ ਹੋਇਆ ਹੈ:
ਸੁਧਾ ਕੀ ਤਰੰਗਨੀ ਸੀ, ਰੋਗ ਭ੍ਰਮ ਭੰਗਨੀ ਹੈ, ਮਹਾਂ ਸਵੇਤ ਰੰਗਨੀ ਮਹਾਨ ਮਾਨੀ ਹੈ।
ਕਿਧੌਂ ਯਹਿ ਹੰਸਨੀ ਸੀ, ਮਾਨਸ ਵਤੰਸਨੀ ਹੈ,
ਗੁਨੀਨ ਪ੍ਰਸੰਸਨੀ ਸਰਬ ਜਗ ਜਾਨੀ ਹੈ।
ਕਿਧੌਂ ਚੰਦ ਚਾਂਦਨੀ ਸੀ, ਮੋਹ ਘਾਮ ਮੰਦਨੀ ਹੈ,
ਰਿਦੇ ਕੀ ਅਨੰਦਨੀ ਸਦੀਵ ਸੁਖਦਾਨੀ ਹੈ।
ਪ੍ਰੇਮ ਪਟਰਾਨੀ ਸਯਾਨੀ, ਗਯਾਨ ਕੀ ਜਨਨ ਜਾਨੀ,
ਗੁਨੀ ਭਨੀ ਬਾਨੀ ਤਾਂਕੀ ਗੁਰੂ ਗੁਰਬਾਨੀ ਹੈ।
ਨਾਨਕ ਪ੍ਰਕਾਸ਼ ਪੂਰਬਾਰਧ,ਧਿ. 24
ਗ੍ਰੰਥ ਨਾਲ ਪੰਥ, ਦਸਮ ਪਾਤਸ਼ਾਹ ਜੀ ਨੇ ਜੋੜਿਆ ਸੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਿਆਈ ਬਖਸ਼ ਕੇ ਸਿੱਖ ਧਰਮ ਦੀ ਵਿਲੱਖਣਤਾ ਸਦਾ ਵਾਸਤੇ ਸਥਾਪਤ ਕਰ ਦਿੱਤੀ ਸੀ। ਦਸਮ ਪਾਤਸ਼ਾਹ ਜੀ ਦੇ ਯੋਗਦਾਨ ਨੂੰ ਭਾਈ ਸੰਤੋਖ ਸਿੰਘ ਨੇ ਇਸ ਤਰ੍ਹਾਂ ਰਿਕਾਰਡ ਕੀਤਾ ਹੋਇਆ ਹੈ ਕਿ ਅਨੇਕਤਾ ਵਿਚ ਏਕਤਾ ਕਾਇਮ ਰੱਖਣ ਲਈ ਸੰਘਰਸ਼ ਕਰਨ ਵਾਲੀ ਕੌਮੀਅਤ ਨੂੰ ਸਾਹਮਣੇ ਲਿਆਂਦਾ ਗਿਆ ਸੀ:
ਛਾਏ ਜਾਤੀ ਏਕਤਾ, ਅਨੇਕਤਾ ਵਿਲਾਏ ਜਾਤੀ,
ਹੋਵਤੀ ਕੁਚੀਲਤਾ ਕਤੇਬਨ ਕੁਰਾਨ ਕੀ।
ਪਾਪ ਹੀ ਪਰਪੱਕ ਜਾਤੇ, ਧਰਮ ਧਸੱਕ ਜਾਤੇ,
ਵਰਨ ਗਰਕ ਜਾਤੇ, ਸਹਿਤ ਵਿਧਾਨ ਕੀ।
ਦੇਵੀ ਦੇਵ ਦੇਵਤੇ, ਸੰਤੋਖ ਸਿੰਘ ਦੂਰ ਹੋਤੇ,
ਰੀਤ ਮਿਟ ਜਾਤੀ ਕਥਾ ਵੇਦਨ ਪੁਰਾਨ ਕੀ।
ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ,
ਮੂਰਤਿ ਨਾ ਹੋਤੀ ਜੌ ਪੈ ਕਰੁਣਾ ਨਿਧਾਨ ਕੀ।
ਇਸ ਦਾ ਸਿਧਾਂਤਕ ਆਧਾਰ ਦਸਮ ਪਾਤਸ਼ਾਹ ਹਜ਼ੂਰ ਨੇ ਸਿੱਖ ਦੇ ਵਤੀਰੇ ਅਤੇ ਵਰਤਾਰੇ ਵਾਸਤੇ ਇਸ ਤਰ੍ਹਾਂ ਸਥਾਪਤ ਕਰ ਦਿੱਤਾ ਸੀ\ਹੈ:
ਯਾਹੀ ਕਾਜ ਧਰਾ ਹਨ ਜਨਮੰ॥
ਸਮਝ ਲੇਹੁ ਸਾਧੂ ਸਭ ਮਨਮੰ॥
ਧਰਮ ਚਲਾਵਨ ਸੰਤ ਉਭਾਰਨ॥
ਦੁਸਟ ਸਭਨ ਕਾ ਮੂਲ ਉਪਾਰਨ॥
ਨਤੀਜਾ: ਮਹਾਤਮਾ ਬੁੱਧ ਦੇ ਮੱਧ-ਮਾਰਗ ਤੋਂ ਪਿਛੋਂ ਗੁਰਮਤਿ ਨੇ ਪ੍ਰਾਪਤ ਦੇ ਸਹਿਜ-ਸਥਾਪਨ ਦੁਆਰਾ ਪੱਛਮ ਦੇ ਬਿਬੇਕੀ ਉਲਾਰ ਅਤੇ ਪੂਰਬ ਦੇ ਅਧਿਆਤਮ-ਉਲਾਰ ਵਿਚਕਾਰ ਮੱਧ-ਮਾਰਗ ਸਾਹਮਣੇ ਲਿਆਂਦਾ ਸੀ\ਹੈ। ਇਸ ਨਾਲ ਬਿਬੇਕ ਅਤੇ ਸ਼ਰਧਾ ਦਾ ਸੁਮੇਲ ਸਾਹਮਣੇ ਲਿਆਉਣ ਦੀ ਜਿ਼ੰਮੇਵਾਰੀ ਸਿੱਖ-ਚੇਤਨਾ ਵਲੋਂ ਨਿਭਾਈ ਜਾਂਦੀ ਰਹੀ ਹੈ ਅਤੇ ਨਿਭਾਈ ਜਾਂਦੀ ਰਹਿਣੀ ਚਾਹੀਦੀ ਹੈ। ਏਸੇ ਵਿਚ ਆ ਗਈ ਖੜੋਤ ਨਾਲ ਸਬੰਧਤ ਹੈ ਤਿੰਨ ਸੱਸੇ। ਸਿੱਖ ਚੇਤਨਾ ਦੀ ਸਕਰਮਕਤਾ ਦੇ ਪ੍ਰਸੰਗ ਵਿਚ ਪੰਡਤ ਕਰਤਾਰ ਸਿੰਘ ਦਾਖਾ ਦੀ ਮੌਤ `ਤੇ ਮਾ. ਤਾਰਾ ਸਿੰਘ ਦੇ ਸ਼ਬਦ ਕੁਝ ਇਹੋ ਜਿਹੀ ਸੁਰ ਵਿਚ ਪ੍ਰਾਪਤ ਹਨ, “ਅਫਸੋਸ ਹੈ ਕਿ ਸਾਡੇ ਵਿਚੋਂ ਗਿਆਨੀ ਆਲਮ ਇਕ ਇਕ ਕਰ ਕੇ ਜਾ ਰਹੇ ਹਨ, ਤੇ ਨਵੇਂ ਕੋਈ ਪੈਦਾ ਨਹੀਂ ਹੋ ਰਹੇ” (ਗੁਰੂ ਕਾਵਯ ਦਰਸ਼ਨ, ਅ, 2009)
ਚੇਤਨਾ ਦੀ ਸਕਰਮਕਤਾ ਦਾ ਹਾਸਲ ਇਸ ਤਰ੍ਹਾਂ ਚਿਤਵਿਆ ਜਾ ਸਕਦਾ ਹੈ ਕਿ ਨਾ ਰਹਿਣ ਦੀ ਹਾਲਤ ਵਿਚ ਵੀ ਸਬੰਧਤ ਦੀਆਂ ਲਿਖਤਾਂ ਰਾਹੀਂ ਉਨ੍ਹਾਂ ਦੀ ਰੂਹ ਕੰਮ ਕਰਦੀ ਰਹਿੰਦੀ ਹੈ। ਇਹੀ ਭਾਈ ਕਾਨ੍ਹ ਸਿੰਘ ਨਾਭਾ ਦੇ ਸ਼ਬਦਾਂ ਵਿਚ ਸੁੱਤਿਆਂ ਨੂੰ ਜਗਾਉਣ ਦਾ ਕਾਰਜ ਰਹਿੰਦਾ ਹੈ, “ਜੇ ਆਪ ਦੇ ਪੁਰਸ਼ਾਰਥ ਨਾਲ ਘੋਰ ਨਿੰਦ੍ਰਾ ਤੋਂ ਅਸਾਡਾ ਦੇਸ਼ ਜਾਗ ਸਕੇ ਤਾਂ ਅਹੋ ਭਾਗ”। …..ਜਦ ਤੋੜੀਂ ਉਹ ਆਪਣਾ ਘਰ ਨਹੀਂ ਸੰਭਾਲਦਾ ਅਤੇ ਬੁਧਿ: ਵਿਦਿਆ, ਨੀਤੀ ਵਿਚ ਨਿਪੁੰਨ ਨਹੀਂ ਗਿਣਿਆ ਜਾਂਦਾ, ਤਦ ਤੋੜੀਂ ਉਸ ਦਾ ਕਿਤੇ ਮਾਨ ਨਹੀਂ ਹੈ, ਸਗੋਂ ਦਿਨ, ਦਿਨ ਪੜੋਸੀਆਂ ਤੋਂ ਤ੍ਰਿਸਕ੍ਰਿਤ ਹੋਵੇਗਾ” (ਉਹੀ ਸ-ਹ)।