ਕੀ ਭਗਵੰਤ ਮਾਨ ਭਗਤ ਸਿੰਘ ਦੇ ਸੁਪਨਿਆਂ ਦਾ ਦੇਸ਼ ਸਿਰਜਣਗੇ!

ਮੁਹੰਮਦ ਅੱਬਾਸ ਧਾਲੀਵਾਲ
ਫੋਨ: 98552-59650
ਪੰਜਾਬ ਸ਼ੁਰੂ ਤੋਂ ਕ੍ਰਾਂਤੀ, ਕ੍ਰਾਂਤੀਕਾਰੀਆਂ ਕ੍ਰਾਂਤੀਕਾਰੀ ਵਿਚਾਰਧਾਰਾ ਲਈ ਪ੍ਰਸਿੱਧ ਰਿਹਾ ਹੈ। ਪੰਜਾਬੀ ਕਿਸੇ ਦੇ ਮਗਰ ਨਹੀਂ ਲੱਗਦੇ ਸਗੋਂ ਇਹ ਸਦੀਆਂ ਤੋਂ ਹੀ ਆਪਣੀ ਨਿਵੇਕਲੀ ਅਤੇ ਨਰੋਈ ਸੋਚ ਦਾ ਮੁਜ਼ਾਹਰਾ ਕਰਦਿਆਂ ਆਪਣੀਆਂ ਰਾਹਾਂ ਨਾ ਸਿਰਫ ਆਪ ਬਣਾਉਂਦੇ ਹਨ ਸਗੋਂ ਦੂਜਿਆਂ ਲਈ ਇਨ੍ਹਾਂ ਦੇ ਕਦਮਾਂ ਦੇ ਪਦ ਚਿੰਨ੍ਹ, ਮੀਲ ਪੱਥਰ ਸਾਬਤ ਹੁੰਦੇ ਹਨ।

ਪੰਜਾਬੀਆਂ ਦੇ ਲਹੂ `ਚ ਇਹ ਗੱਲ ਵੀ ਰਸੀ-ਵਸੀ ਹੈ ਕਿ ਉਹ ਜਦੋਂ ਕਿਸੇ ਨੂੰ ਪਿਆਰ ਕਰਦੇ ਹਨ ਤਾਂ ਬੇ-ਹਿਸਾਬ ਕਰਦੇ ਹਨ ਤੇ ਜਦੋਂ ਕਿਸੇ ਨੂੰ ਵਿਸਾਰਨਾ ਹੋਏ ਤਾਂ ਨੇੜੇ ਤੋਂ ਨੇੜਲੇ ਨੂੰ ਵਿਸਾਰ ਛੱਡਦੇ ਹਨ।
ਲੋਕ ਸਭਾ ਚੋਣਾਂ ਦੀਆਂ ਪਿਛਲੀਆਂ ਦੋ ਟਰਮਾਂ ਦੌਰਾਨ ਜਦੋਂ ਮੋਦੀ ਦੀ ਪੂਰੇ ਦੇਸ਼ `ਚ ਲਹਿਰ ਸੀ ਤਾਂ ਪੰਜਾਬ ਨੇ ਇਸ ਦੇ ਉਲਟ ਫਤਵਾ ਦਿੱਤਾ ਅਤੇ ਹੁਣ ਹਾਲ ਹੀ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਜਿਸ ਤਰ੍ਹਾਂ ਪੰਜਾਬੀਆਂ ਨੇ ਰਵਾਇਤੀ ਪਾਰਟੀਆਂ ਨੂੰ ਇਕੋ ਝਟਕੇ `ਚ ਖੂੰਝੇ ਲਾ ਹਕੂਮਤ ਦੀ ਵਾਗਡੋਰ ਆਮ ਆਦਮੀ ਪਾਰਟੀ ਹਵਾਲੇ ਕੀਤੀ ਹੈ ਉਸ ਨੇ ਇਕ ਵਾਰ ਫਿਰ ਪੰਜਾਬੀਆਂ ਦੇ ਵਿਲੱਖਣ ਸੁਭਾਅ ਤੇ ਇਨਕਲਾਬੀ ਵਿਚਾਰਧਾਰਾ ਦੀ ਚਰਚਾ ਪੂਰੀ ਦੁਨੀਆ ਵਿਚ ਛੇੜ ਰੱਖੀ ਹੈ।
ਜਦੋਂ ਅਸੀਂ ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਨਿਛਾਵਰ ਕਰਨ ਵਾਲੇ ਯੋਧਿਆਂ ਦੀ ਗੱਲ ਕਰਦੇ ਹਾਂ ਤਾਂ ਭਗਤ ਸਿੰਘ, ਕਰਤਾਰ ਸਿੰਘ ਸਰਾਭਾ ਅਤੇ ਊਧਮ ਸਿੰਘ ਜਿਹੇ ਯੋਧਿਆਂ ਦੇ ਨਾਂ ਆਪ ਮੁਹਾਰੇ ਸਾਹਮਣੇ ਆ ਜਾਂਦੇ ਹਨ ਅਤੇ ਇਹ ਸਾਰੇ ਪੰਜਾਬੀ ਹੀ ਸਨ।
ਭਗਤ ਸਿੰਘ ਜਿਨ੍ਹਾਂ ਨੂੰ 23 ਮਾਰਚ, 1931 ਨੂੰ ਉਨ੍ਹਾਂ ਦੇ ਦੋ ਸਾਥੀਆਂ ਰਾਜਗੁਰੂ ਅਤੇ ਸੁਖਦੇਵ ਸਮੇਤ ਫਾਂਸੀ ਦੇ ਦਿੱਤੀ ਗਈ ਸੀ, ਭਾਵੇਂ ਉਨ੍ਹਾਂ ਦੇ ਫਾਂਸੀ ਲੱਗਣ ਤੋਂ ਬਾਅਦ ਦੇਸ਼ 1947 ਵਿਚ ਆਜ਼ਾਦ ਹੋ ਗਿਆ, ਭਾਵੇਂ ਅੱਜ ਉਨ੍ਹਾਂ ਨੂੰ ਫਾਂਸੀ ਦਾ ਰੱਸਾ ਚੁੰਮਿਆਂ 90 ਸਾਲ ਹੋ ਚੁੱਕੇ ਹਨ ਪਰ ਸਵਾਲ ਇਹ ਹੈ ਕਿ ਜਿਨ੍ਹਾਂ ਸੁਪਨਿਆਂ ਨੂੰ ਸੰਜੋਇਆਂ ਭਗਤ ਸਿੰਘ ਨੇ ਸ਼ਹਾਦਤ ਦਿੱਤੀ ਕੀ ਅੱਜ ਦੇਸ਼ ਦੇ ਆਗੂ ਉਨ੍ਹਾਂ ਸੁਪਨਿਆਂ ਨੂੰ ਸਾਕਾਰ ਕਰਨ `ਚ ਸਫਲ ਹੋਏ ਹਨ? ਸ਼ਾਇਦ ਇਸ ਦਾ ਜਵਾਬ ਹਰ ਕੋਈ ਨਹੀਂ ਵਿਚ ਦੇਵੇਗਾ!
ਪਰ ਜਦੋਂ ਤੋਂ ਭਗਵੰਤ ਸਿੰਘ ਮਾਨ ਹੁਰਾਂ ਨੇ ਪੰਜਾਬ ਦੀ ਹਕੂਮਤ ਦੀ ਵਾਗਡੋਰ ਖਟਕੜ ਕਲਾਂ ਵਿਖੇ ਸੰਭਾਲਣ ਦਾ ਪ੍ਰਣ ਲਿਆ ਤੇ ਉਥੇ ਜਾ ਕੇ ਸਹੁੰ ਚੁੱਕੀ ਤਦ ਤੋਂ ਲੋਕਾਂ ਵਿਚ ਕੁਝ ਉਮੀਦਾਂ ਜਾਗਣ ਲੱਗੀਆਂ ਹਨ ਕਿ ਸ਼ਾਇਦ ਭਗਤ ਸਿੰਘ ਦੇ ਸੁਪਨਿਆਂ ਨੂੰ ਹੁਣ ਬੂਰ ਪੈਣਾ ਸ਼ੁਰੂ ਹੋਏਗਾ।
ਇਸ ਤੋਂ ਪਹਿਲਾਂ ਕਿ ਅਸੀਂ ਹਾਲਾਤ ਏ ਹਾਜਰਾ `ਤੇ ਨਜ਼ਰ ਮਾਰੀਏ ਆਓ ਭਗਤ ਸਿੰਘ ਦੇ ਜਨਮ ਤੇ ਫਾਂਸੀ ਲੱਗਣ ਤੱਕ ਦੇ ਸਫਰ `ਤੇ ਉਡਦੀ ਝਾਤ ਮਾਰਨ ਦੀ ਕੋਸ਼ਿਸ਼ ਕਰਦੇ ਹਾਂ।
ਭਗਤ ਸਿੰਘ ਦਾ ਜਨਮ 28 ਸਤੰਬਰ, 1907 ਨੂੰ ਜ਼ਿਲ੍ਹਾ ਲਾਇਲਪੁਰ ਦੇ ਪਿੰਡ ਬੰਗਾ (ਪੰਜਾਬ, ਮੌਜੂਦਾ ਪਾਕਿਸਤਾਨ) ਵਿਚ ਹੋਇਆ ਸੀ। ਉਨ੍ਹਾਂ ਦਾ ਜਦੀ ਘਰ ਅੱਜ ਵੀ ਭਾਰਤੀ ਪੰਜਾਬ ਦੇ ਨਵਾਂਸ਼ਹਿਰ (ਹੁਣ ਸ਼ਹੀਦ ਭਗਤ ਸਿੰਘ ਨਗਰ) ਜ਼ਿਲ੍ਹੇ ਦੇ ਪਿੰਡ ਖਟਕੜ ਕਲਾਂ ਵਿਖੇ ਮੌਜੂਦ ਹੈ। ਉਨ੍ਹਾਂ ਦੇ ਦਾਦਾ ਸ. ਅਰਜਨ ਸਿੰਘ ਵਾਹੀਕਾਰ ਸਨ ਅਤੇ ਯੂਨਾਨੀ ਹਿਕਮਤ ਦਾ ਵੀ ਗਿਆਨ ਰੱਖਦੇ ਸਨ। ਭਗਤ ਸਿੰਘ ਦੇ ਪਿਤਾ ਕਿਸ਼ਨ ਸਿੰਘ ਸਮਾਜ ਸੇਵਕ ਸਨ। 1906 ਵਿਚ ਕਿਸ਼ਨ ਸਿੰਘ ਕਾਂਗਰਸ ਦੇ ਮੈਂਬਰ ਬਣੇ ਅਤੇ ਸਿਆਸਤ ਵਿਚ ਹਿੱਸਾ ਲੈਣਾ ਸ਼ੁਰੂ ਕੀਤਾ। ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਵੀ ਸਿਰਕੱਢ ਸੁਤੰਤਰਤਾ ਸੰਗਰਾਮੀ ਅਤੇ ਪ੍ਰਭਾਵਸ਼ਾਲੀ ਬੁਲਾਰੇ ਸਨ। ਭਗਤ ਸਿੰਘ ਆਪਣੇ ਚਾਚਾ ਅਜੀਤ ਸਿੰਘ ਦੀ ਸ਼ਖ਼ਸੀਅਤ ਤੋਂ ਵਧੇਰੇ ਪ੍ਰਭਾਵਿਤ ਸਨ। ਭਗਤ ਸਿੰਘ ਦੇ ਕੋਮਲ ਹਿਰਦੇ `ਤੇ ਕਰਤਾਰ ਸਿੰਘ ਸਰਾਭਾ ਦੀ ਸ਼ਹੀਦੀ ਦਾ ਗਹਿਰਾ ਅਸਰ ਪਿਆ ਤੇ ਕਿਹਾ ਜਾਂਦਾ ਹੈ ਕਿ ਭਗਤ ਸਿੰਘ ਸਰਾਭੇ ਦੀ ਫ਼ੋਟੋ ਹਮੇਸ਼ਾਂ ਆਪਣੀ ਜੇਬ ਵਿਚ ਰੱਖਿਆ ਕਰਦੇ ਸਨ।
ਭਗਤ ਸਿੰਘ ਦੀ ਸ਼ੁਰੂਆਤੀ ਤਾਲੀਮ ਲਾਇਲਪੁਰ ਦੇ ਜ਼ਿਲ੍ਹਾ ਬੋਰਡ ਪ੍ਰਾਇਮਰੀ ਸਕੂਲ ਵਿਖੇ ਹੋਈ। ਇਸ ਤੋਂ ਬਾਅਦ ਉਹ ਡੀਏਵੀ ਹਾਈ ਸਕੂਲ ਲਾਹੌਰ ‘ਚ ਦਾਖ਼ਲ ਹੋਏ। 1923 ਵਿਚ ਉਨ੍ਹਾਂ ਲਾਹੌਰ ਦੇ ਨੈਸ਼ਨਲ ਕਾਲਜ ਵਿਚ ਦਾਖ਼ਲਾ ਲੈ ਲਿਆ ਤੇ ਕਾਲਜ ਦੇ ਮਾਹੌਲ ਵਿਚ ਹੀ ਘੁਲਮਿਲ ਗਏ ਅਤੇ ਕਾਲਜ ਦੀ ਡਰਾਮਾ ਕਮੇਟੀ ਦੇ ਸਰਗਰਮ ਮੈਂਬਰ ਵਜੋਂ ਆਪਣੀ ਵੱਖਰੀ ਪਛਾਣ ਬਣਾਈ। ਇਸ ਦੌਰਾਨ ਪੰਜਾਬ ਹਿੰਦੀ ਸਾਹਿਤ ਸੰਮੇਲਨ ਵੱਲੋਂ ਕਰਵਾਏ ਲੇਖ ਮੁਕਾਬਲੇ ‘ਚੋਂ ਉਨ੍ਹਾਂ ਪਹਿਲਾ ਸਥਾਨ ਪ੍ਰਾਪਤ ਕੀਤਾ। ਜਿ਼ਕਰਯੋਗ ਹੈ ਕਿ ਭਗਤ ਸਿੰਘ ਨੂੰ ਉਰਦੂ, ਹਿੰਦੀ, ਪੰਜਾਬੀ, ਅੰਗਰੇਜ਼ੀ ਅਤੇ ਸੰਸਕ੍ਰਿਤ ਭਾਸ਼ਾਵਾਂ `ਚ ਮੁਹਾਰਤ ਸੀ। ਉਨ੍ਹਾਂ ਨੂੰ ਬੰਗਲਾ ਭਾਸ਼ਾ ਦਾ ਵੀ ਗਿਆਨ ਸੀ ‘ਬੰਗਲਾ’, ਜੋ ਉਨ੍ਹਾਂ ਨੇ ਬੁਟਕੇਸ਼ਵਰ ਦੱਤ ਤੋਂ ਸਿੱਖੀ ਸੀ। ਭਗਤ ਸਿੰਘ ਲਾਹੌਰ ਦੇ ਨੈਸ਼ਨਲ ਕਾਲਜ ਦੀ ਪੜ੍ਹਾਈ ਛੱਡ ਕੇ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦਾ ਹਿੱਸਾ ਬਣ ਕੇ ਕ੍ਰਾਂਤੀਕਾਰੀ ਸੰਗਠਨ ਨਾਲ ਜੁੜ ਗਏ।
ਇਸੇ ਦੌਰਾਨ ਅੰਮ੍ਰਿਤਸਰ ’ਚ 13 ਅਪ੍ਰੈਲ 1919 ਨੂੰ ਹੋਏ ਜਲ੍ਹਿਆਂਵਾਲਾ ਬਾਗ ਕਾਂਡ ਨੇ, ਜਿੱਥੇ ਦੇਸ਼ ਦੇ ਆਮ ਲੋਕਾਂ ਅਤੇ ਵਿਸ਼ੇਸ਼ ਕਰ ਸੁਤੰਤਰਤਾ ਸੰਗਰਾਮੀਆਂ ਦੇ ਦਿਲਾਂ ਨੂੰ ਵਲੂੰਧਰ ਕੇ ਰੱਖ ਦਿੱਤਾ, ਉੱਥੇ ਇਸ ਕਤਲੇਆਮ ਨੇ ਭਗਤ ਸਿੰਘ ਦੀ ਸੋਚ ਉੱਤੇ ਵੀ ਡੂੰਘਾ ਅਸਰ ਛੱਡਿਆ। ਉਹ ਅੰਮ੍ਰਿਤਸਰ ਗਏ ਤੇ ਉਸ ਬਾਗ ਵਿਚੋਂ ਖੂਨ ਨਾਲ ਭਰੀ ਮਿੱਟੀ ਆਪਣੇ ਨਾਲ ਲੈ ਕੇ ਵਾਪਸ ਆਏ। ਇਸ ਘਟਨਾ ਨੇ ਉਨ੍ਹਾਂ ਦੇ ਦਿਲ ’ਚ ਅੰਗਰੇਜ਼ਾਂ ਖਿਲਾਫ਼ ਨਫਰਤ ਭਰ ਦਿੱਤੀ। 1921 ’ਚ ਨਨਕਾਣਾ ਸਾਹਿਬ ਗੁਰਦੁਆਰੇ ਦੇ ਮੋਰਚੇ ਨੇ ਵੀ ਉਨ੍ਹਾਂ ਦੇ ਮਨ ’ਤੇ ਡੂੰਘੀ ਛਾਪ ਛੱਡੀ। ਉਹ ਆਪਣੇ ਪਿੰਡ ਵਿਚੋਂ ਲੰਘੇ ਜਾਂਦੇ ਅੰਦੋਲਨਕਾਰੀਆਂ ਨੂੰ ਲੰਗਰ ਛਕਾਇਆ ਕਰਦੇ ਸਨ। ਫਿਰ ਗਾਂਧੀ ਦਾ ਅੰਦੋਲਨ ਸ਼ੁਰੂ ਹੋਇਆ ਤੇ ਕਿੰਨੇ ਨੌਜਵਾਨ ਸਕੂਲਾਂ ਤੇ ਕਾਲਜਾਂ ਨੂੰ ਛੱਡ ਆਜ਼ਾਦੀ ਦੀ ਲੜਾਈ ’ਚ ਕੁੱਦ ਪਏ, ਜਿਨ੍ਹਾਂ ’ਚੋਂ ਭਗਤ ਸਿੰਘ ਵੀ ਇਕ ਸੀ।
ਭਗਤ ਸਿੰਘ ਜਦੋਂ ਕਾਨਪੁਰ ਪਹੁੰਚੇ ਤਾਂ ਉਹ ਉਥੇ ਸ਼ੰਕਰ ਵਿਦਿਆਰਥੀ, ਬੀ.ਕੇ. ਦੱਤ, ਚੰਦਰ ਸ਼ੇਖਰ ਆਜ਼ਾਦ ਤੇ ਕੁਝ ਹੋਰ ਬੰਗਾਲੀ ਕ੍ਰਾਂਤੀਕਾਰੀਆਂ ਦੇ ਸੰਪਰਕ ਵਿਚ ਆਏ ਅਤੇ ”ਹਿੰਦੁਸਤਾਨ ਰਿਪਬਲੀਕਨ ਐਸੋਸੀਏਸ਼ਨ” ਦੇ ਮੈਂਬਰ ਬਣ ਗਏ। ਉਨ੍ਹਾਂ ਦਿਨਾਂ ਵਿਚ ਗੁਰਦੁਆਰਿਆਂ ਦੀ ਆਜ਼ਾਦੀ ਲਈ ਜੈਤੋ ਦਾ ਮੋਰਚਾ ਲੱਗਾ ਹੋਇਆ ਸੀ ਤੇ ਉਨ੍ਹਾਂ ਪੂਰੇ ਇਕੱਠ ਨੂੰ ਲੰਗਰ ਛਕਾਇਆ ਜਿਸ ਦੇ ਫਲਸਰੂਪ ਉਨ੍ਹਾਂ ਦੀ ਗ੍ਰਿਫਤਾਰੀ ਦੇ ਵਾਰੰਟ ਜਾਰੀ ਹੋਏ। 1927 ਵਿਚ ਨੌਜਵਾਨ ਭਾਰਤ ਸਭਾ ਦੀ ਨੀਂਹ ਰੱਖੀ ਗਈ, ਜਿਸ ਦਾ ਬਾਅਦ ਵਿਚ ਨਾਂ ਬਦਲ ਕੇ “ਹਿੰਦੁਸਤਾਨ ਰਿਪਬਲੀਕਨ ਐਸੋਸੀਏਸ਼ਨ” ਰੱਖ ਦਿੱਤਾ ਗਿਆ। ਚੰਦਰ ਸ਼ੇਖਰ ਆਜ਼ਾਦ ਤੇ ਭਗਤ ਸਿੰਘ ਇਸਦੇ ਸੰਚਾਲਕ ਸਨ। ਇਸੇ ਦੌਰਾਨ 1927 ਵਿਚ ਕਾਕੋਰੀ ਕਾਂਡ (ਰੇਲਗੱਡੀ ਡਾਕੇ) ਦੇ ਮਾਮਲੇ ਵਿਚ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਉੱਤੇ ਲਾਹੌਰ ਅਤੇ ਦਸਹਿਰੇ ਮੇਲੇ ਦੌਰਾਨ ਬੰਬ ਸੁੱਟਣ ਦਾ ਵੀ ਦੋਸ਼ ਮੜ੍ਹਿਆ ਗਿਆ। ਕੁਝ ਸਮੇਂ ਬਾਅਦ ਚੰਗੇ ਵਿਹਾਰ ਕਾਰਨ ਜ਼ਮਾਨਤ ਦੀ ਭਾਰੀ ਰਕਮ ਦੇ ਇਵਜ਼ ‘ਚ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ। ਭਗਤ ਸਿੰਘ ਨੇ ਸੰਘਰਸ਼ ਜਾਰੀ ਰੱਖਿਆ ਅਤੇ ਦੇਸ਼ ਦੀ ਆਜ਼ਾਦੀ ਲਈ ਨੌਜਵਾਨ ਭਾਰਤ ਸਭਾ ਦੀ ਸਥਾਪਨਾ ਕੀਤੀ।
ਭਗਤ ਸਿੰਘ ਅਤੇ ਉਸ ਦੇ ਸਾਥੀਆਂ ਨੇ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣ ਦੀ ਸਹੁੰ ਖਾਧੀ ਅਤੇ ਰਾਜਗੁਰੂ ਦੇ ਨਾਲ ਮਿਲ ਕੇ ਲਾਹੌਰ ਵਿਚ ਸਹਾਇਕ ਪੁਲਿਸ ਮੁਖੀ ਰਹੇ ਅੰਗਰੇਜ਼ ਅਧਿਕਾਰੀ ਜੇਪੀ ਸਾਂਡਰਸ ਨੂੰ ਮਾਰ ਮੁਕਾਇਆ। ਇਸ ਕਾਰਨਾਮੇ ਨੂੰ ਅੰਜਾਮ ਦੇਣ ਲਈ ਚੰਦਰ ਸ਼ੇਖਰ ਆਜ਼ਾਦ ਨੇ ਵੀ ਉਨ੍ਹਾਂ ਦੀ ਸਹਾਇਤਾ ਕੀਤੀ। ਆਪਣੇ ਇਕ ਹੋਰ ਕ੍ਰਾਂਤੀਕਾਰੀ ਸਾਥੀ ਬੁਟਕੇਸ਼ਵਰ ਦੱਤ ਦੇ ਨਾਲ ਮਿਲ ਕੇ ਉਨ੍ਹਾਂ ਨੇ ਨਵੀਂ ਦਿੱਲੀ ਦੀ ਸੈਂਟਰਲ ਅਸੈਂਬਲੀ ਦੇ ਸਭਾ ਹਾਲ ਵਿਚ 8 ਅਪ੍ਰੈਲ 1928 ਨੂੰ ਅੰਗਰੇਜ਼ ਸਰਕਾਰ ਨੂੰ ਜਗਾਉਣ ਲਈ ਬੰਬ ਅਤੇ ਪਰਚੇ ਸੁੱਟੇ। ਬੰਬ ਸੁੱਟਣ ਉਪਰੰਤ ਦੋਵਾਂ ਨੇ ਉੱਥੇ ਗ੍ਰਿਫ਼ਤਾਰੀ ਦੇ ਦਿੱਤੀ।
ਜੇਲ੍ਹ ਵਿਚ ਭਗਤ ਸਿੰਘ ਨੇ ਲਗਪਗ ਦੋ ਸਾਲ ਗੁਜ਼ਾਰੇ। ਮੁਕੱਦਮੇ ਦੌਰਾਨ ਭਾਰਤ ਦੇ ਇਸ ਮਹਾਨ ਸਪੂਤ ਨੇ ਆਪਣੀ ਰਿਹਾਈ ਲਈ ਜ਼ਰਾ ਵੀ ਕੋਸ਼ਿਸ਼ ਨਹੀਂ ਕੀਤੀ ਪਰ ਦੇਸ਼ ਦੀ ਆਜ਼ਾਦੀ ਲਈ ਆਖ਼ਰੀ ਸਾਹ ਤਕ ਲੜਨ ਦਾ ਐਲਾਨ ਕੀਤਾ। ਮਜ਼ਦੂਰਾਂ ਦਾ ਸ਼ੋਸ਼ਣ ਕਰਨ ਵਾਲੇ ਪੂੰਜੀਪਤੀਆਂ ਨੂੰ ਉਨ੍ਹਾਂ ਆਪਣਾ ਦੁਸ਼ਮਣ ਐਲਾਨਿਆ। ਉਨ੍ਹੀਂ ਦਿਨੀਂ ਉਨ੍ਹਾਂ ਇਕ ਆਰਟੀਕਲ ਲਿਖਿਆ ਜਿਸ ਦਾ ਸਿਰਲੇਖ਼ ਸੀ ‘ਮੈਂ ਨਾਸਤਕ ਕਿਉਂ ਹਾਂ।’ ਜੇਲ੍ਹ ਵਿਚ ਭਗਤ ਸਿੰਘ ਅਤੇ ਉਸ ਦੇ ਬਾਕੀ ਸਾਥੀਆਂ ਨੇ 64 ਦਿਨਾਂ ਤਕ ਭੁੱਖ ਹੜਤਾਲ ਕੀਤੀ ਜੋ ਗਾਂਧੀਵਾਦੀ ਤਰੀਕਿਆਂ ਦੀ ਅਦੁੱਤੀ ਮਿਸਾਲ ਹੈ। ਭਗਤ ਸਿੰਘ ਅਤੇ ਉਸ ਦੇ ਸਾਥੀਆਂ ‘ਤੇ ਲਾਹੌਰ ਵਿਚ ਸਾਂਡਰਸ ਦੇ ਕਤਲ, ਅਸੈਂਬਲੀ ਵਿਚ ਬੰਬ ਧਮਾਕਾ ਕਰਨ ਆਦਿ ਦੇ ਕੇਸ ਚੱਲੇ।
ਸੱਤ ਅਕਤੂਬਰ 1930 ਨੂੰ ਟ੍ਰਿਬਿਊਨਲ ਦਾ ਫ਼ੈਸਲਾ ਜੇਲ੍ਹ ਵਿਚ ਪਹੁੰਚਿਆ, ਜਿਸ ਅਨੁਸਾਰ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਫਾਂਸੀ, ਕਮਲਨਾਥ ਤਿਵਾੜੀ, ਵਿਜੈ ਕੁਮਾਰ ਸਿਨਹਾ, ਜੈਦੇਵ ਕਪੂਰ, ਸ਼ਿਵ ਵਰਮਾ, ਗਯਾ ਪ੍ਰਸਾਦ, ਕਿਸ਼ੋਰੀ ਲਾਲ ਅਤੇ ਮਹਾਵੀਰ ਸਿੰਘ ਨੂੰ ਉਮਰ ਕੈਦ, ਕੁੰਦਨ ਲਾਲ ਨੂੰ 7 ਅਤੇ ਪ੍ਰੇਮ ਦੱਤ ਨੂੰ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਗਈ। ਬੁਟਕੇਸ਼ਵਰ ਦੱਤ ਅਤੇ ਭਗਤ ਸਿੰਘ ਨੂੰ ਅਸੈਂਬਲੀ ਬੰਬ ਕਾਂਡ ਲਈ ਉਮਰ ਕੈਦ ਦੀ ਸਜ਼ਾ ਦਾ ਫ਼ੈਸਲਾ ਸੁਣਾਇਆ ਗਿਆ ਅਤੇ 23 ਮਾਰਚ 1931 ਨੂੰ ਭਗਤ ਸਿੰਘ ਅਤੇ ਉਨ੍ਹਾਂ ਦੇ ਦੋ ਸਾਥੀਆਂ ਰਾਜਗੁਰੂ ਅਤੇ ਸੁਖਦੇਵ ਨੂੰ ਫਾਂਸੀ ਦੇ ਦਿੱਤੀ ਗਈ। ਇਹ ਵੀ ਕਿਹਾ ਜਾਂਦਾ ਹੈ ਕਿ ਫਾਂਸੀ ਦਿੱਤੇ ਜਾਣ ਤੋਂ ਪਹਿਲਾਂ ਉਹ ਲੈਨਿਨ ਦੀ ਜੀਵਨੀ ਪੜ੍ਹ ਰਹੇ ਸਨ। ਫਾਂਸੀ ਉਪਰੰਤ ਅਵਾਮ ਦਾ ਕੋਈ ਅਹਿਤਜਾਜ ਜਾਂ ਅੰਦੋਲਨ ਨਾ ਭੜਕ ਜਾਵੇ, ਇਸ ਡਰੋਂ ਅੰਗਰੇਜ਼ਾਂ ਨੇ ਪਹਿਲਾਂ ਉਨ੍ਹਾਂ ਦੀਆਂ ਲਾਸ਼ਾਂ ਦੇ ਟੁਕੜੇ ਕੀਤੇ ਅਤੇ ਫਿਰ ਬੋਰੀਆਂ ਵਿਚ ਭਰ ਕੇ ਫਿਰੋਜ਼ਪੁਰ ਵੱਲ ਲੈ ਗਏ, ਜਿੱਥੇ ਮਿੱਟੀ ਦਾ ਤੇਲ ਪਾ ਕੇ ਉਨ੍ਹਾਂ ਨੂੰ ਸਾੜਿਆ ਗਿਆ ਤੇ ਅੱਧ-ਸੜੀਆਂ ਲਾਸ਼ਾਂ ਸਤਲੁਜ ਦਰਿਆ ‘ਚ ਸੁੱਟ ਦਿੱਤੀਆਂ। ਭਗਤ ਸਿੰਘ ਨੂੰ ਫਾਂਸੀ ਲਗਾਏ ਜਾਣ ਬਾਅਦ ਦਿੱਲੀ ਵਿਖੇ ਹੋਏ ਇਕ ਜਲਸੇ ’ਚ ਸੁਭਾਸ਼ ਚੰਦਰ ਬੋਸ ਨੇ ਕਿਹਾ ਸੀ ਕਿ ‘ਭਗਤ ਸਿੰਘ ਇਕ ਵਿਅਕਤੀ ਨਹੀਂ -ਉਹ ਇਕ ਨਿਸ਼ਾਨ ਹੈ, ਇਕ ਚਿੰਨ੍ਹ ਹੈ, ਉਸ ਇਨਕਲਾਬ ਦਾ, ਜਿਹੜਾ ਉਸ ਦੀਆਂ ਕੁਰਬਾਨੀਆਂ ਸਦਕਾ ਹਰ ਦੇਸ਼ ਵਾਸੀ ਦੇ ਸੀਨੇ ਵਿਚ ਮਘਦੀ ਅੱਗ ਵਾਂਗ ਬਲ ਉਠਿਆ ਹੈ”। ਪੰਡਤ ਜਵਾਹਰ ਲਾਲ ਨਹਿਰੂ ਨੇ ਲਿਖਿਆ ਸੀ, `ਇਹ ਨੌਜਵਾਨ ਗੱਭਰੂ ਅਚਨਚੇਤ ਇਤਨਾ ਹਰਮਨ ਪਿਆਰਾ ਹੋ ਗਿਆ ਹੈ। ਸਾਨੂੰ ਉਸਦੀ ਸ਼ਹਾਦਤ ਤੋਂ ਸਬਕ ਸਿੱਖਣਾ ਚਾਹੀਦਾ ਹੈ ਕਿ ਦੇਸ਼ ਤੇ ਕੌਮ ਦੀ ਆਜ਼ਾਦੀ ਲਈ ਕਿਵੇਂ ਹੱਸ ਹੱਸ ਕੇ ਮਰਿਆ ਜਾਂਦਾ ਹੈ।”
ਅੱਜ ਦੇਸ਼ ਨੂੰ ਆਜ਼ਾਦ ਹੋਇਆਂ 75 ਸਾਲ ਹੋ ਚੁੱਕੇ ਹਨ ਪਰ ਅਫਸੋਸ ਕਿ ਹਾਲੇ ਤਕ ਭਗਤ ਸਿੰਘ ਜਿਹੇ ਸ਼ਹੀਦਾਂ ਦੀ ਕਲਪਨਾ ਵਾਲਾ ਭਾਰਤ ਨਹੀਂ ਬਣ ਸਕਿਆ ਹੈ। ਦੇਸ਼ ਪਿਛਲੇ ਲੰਮੇ ਸਮੇਂ ਤੋਂ ਲਗਾਤਾਰ ਗ਼ਰੀਬੀ, ਬੇਰੁਜ਼ਗਾਰੀ ਅਤੇ ਭ੍ਰਿਸ਼ਟਾਚਾਰ ਦੀ ਵੱਡੀ ਦਲਦਲ ਵਿਚੋਂ ਨਿਕਲਣ ਦੀ ਥਾਂ ਇਸ `ਚ ਧਸਦਾ ਜਾ ਰਿਹਾ ਹੈ।
ਪਰ ਲੰਘੀ 16 ਮਾਰਚ ਨੂੰ ਜਿਸ ਤਰ੍ਹਾਂ ਇਕ ਨਵੀਂ ਪਹਿਲ ਕਦਮੀ ਕਰਦਿਆਂ ਭਗਵੰਤ ਮਾਨ ਨੇ ਭਗਤ ਸਿੰਘ ਦੇ ਨਗਰ ਖਟਕੜ ਕਲਾਂ ਵਿਖੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਉਸ ਤੋਂ ਲੋਕਾਂ ਦੇ ਅੰਦਰ ਕੁਝ ਉਮੀਦਾਂ ਨੇ ਜ਼ਰੂਰ ਜਨਮ ਲਿਆ ਹੈ।
ਦਰਅਸਲ ਭਗਵੰਤ ਮਾਨ ਦੇ ਦਿਲ ਵਿਚ ਵਿਦਿਆਰਥੀ ਜੀਵਨ ਤੋਂ ਹੀ ਭਗਤ ਸਿੰਘ ਲਈ ਅਤੁੱਟ ਸ਼ਰਧਾ ਰਹੀ ਹੈ ਭਾਵੇਂ ਉਸ ਨੇ ਪਹਿਲੀ ਵਾਰ ਕਾਰ ਖਰੀਦੀ ਹੋਏ ਜਾਂ ਫਿਰ ਉਨ੍ਹਾਂ ਲੋਕ ਸਭਾ ਇਲੈਕਸ਼ਨ ਜਿੱਤੀ ਹੋਏ ਖਟਕੜ ਕਲਾਂ ਵਿਖੇ ਸ਼ਹੀਦ ਭਗਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਜ਼ਰੂਰ ਆਏ।
ਭਗਵੰਤ ਸਿੰਘ ਮਾਨ ਦੇ ਭਗਤ ਸਿੰਘ ਦੇ ਇਸ ਖਟਕੜ ਕਲਾਂ ਦੀ ਧਰਤੀ ਨਾਲ ਕੁਨੈਕਸ਼ਨ ਦੀ ਵਜਾਹਤ ਕਰਦਿਆਂ ਪੱਤਰਕਾਰ ਚਰਨਜੀਤ ਸਿੰਘ ਭੁੱਲਰ ਆਪਣੇ ਇਕ ਲੇਖ ਵਿਚ ਲਿਖਦੇ ਹਨ “ਭਗਵੰਤ ਮਾਨ ਨੇ ਅੱਜ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਧਰਤੀ ’ਤੇ ਸਹੁੰ ਚੁੱਕੀ। ਉਸ ਦਾ ਸ਼ਹੀਦਾਂ ਦੀ ਰੂਹ ਨਾਲ ਕੋਈ ਖ਼ਾਸ ਕੁਨੈਕਸ਼ਨ ਹੈ। ਉਸ ਦਾ ਸਕੂਲੀ ਸਾਥੀ ਜੋਧਾ ਸਿੰਘ ਦੱਸਦਾ ਹੈ ਕਿ ਭਗਵੰਤ ਮਾਨ ਸਕੂਲ ਵੇਲੇ ਵੀ ਸ਼ਹੀਦ ਭਗਤ ਸਿੰਘ ਦੇ ਗੀਤ ਗਾਉਂਦਾ ਹੁੰਦਾ ਸੀ। ਜਦੋਂ ਸਿਆਸਤ ਵਿਚ ਆਇਆ ਤਾਂ ਉਦੋਂ ਵੀ ਖਟਕੜ ਕਲਾਂ ਦੀ ਧਰਤੀ ਤੋਂ। ਭਗਵੰਤ ਮਾਨ ਦੱਸਦਾ ਹੈ ਕਿ ਕੇਰਾਂ ਮਾਰੂਤੀ ਕਾਰ ਲਈ, ਸਭ ਤੋਂ ਪਹਿਲਾਂ ਖਟਕੜ ਕਲਾਂ ਗਿਆ। ਜਦੋਂ ਸੰਸਦ ਮੈਂਬਰ ਬਣਿਆ, ਸਭ ਤੋਂ ਪਹਿਲਾਂ ਸ਼ਹੀਦ-ਏ-ਆਜ਼ਮ ਦੀ ਧਰਤੀ ਚੁੰਮ ਕੇ ਆਇਆ। ਬਸੰਤੀ ਪੱਗ ਉਸ ਦੇ ਪਹਿਰਾਵੇ ਦਾ ਅਨਿੱਖੜਵਾਂ ਅੰਗ ਬਣ ਗਈ ਹੈ।”
ਸੁੰਹ ਚੁੱਕਣ ਤੋਂ ਬਾਅਦ ਭਗਵੰਤ ਮਾਨ ਨੇ ਜਿਸ ਰਫਤਾਰ ਨਾਲ ਕੰਮ ਕਰਨਾ ਸ਼ੁਰੂ ਕੀਤਾ ਹੈ ਅਤੇ ਜਿਸ ਤਰ੍ਹਾਂ ਉਨ੍ਹਾਂ ਦੇ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ `ਤੇ ਭ੍ਰਿਸ਼ਟਾਚਾਰ ਖਿ਼ਲਾਫ ਵੱਡੀ ਮੁਹਿੰਮ ਵਿੱਢਣ ਦਾ ਇਰਾਦਾ ਕੀਤਾ ਹੈ ਉਸ ਤੋਂ ਲੱਗਦਾ ਹੈ ਕਿ ਸ਼ਾਇਦ ਹੁਣ ਪੰਜਾਬ ਸਿਆਂ ਤੇਰਾ ਕੁਝ ਭਲਾ ਹੋਣ ਵਾਲਾ ਹੈ ਅਤੇ ਹੋ ਸਕਦਾ ਹੈ ਕਿ ਤੇਰੇ ਰੰਗਲੇ ਦਿਨ ਦੁਬਾਰਾ ਪਰਤ ਆਉਣ ਭਾਵੇਂ ਮੈਂ ਇਹ ਵੀ ਸਮਝਦਾ ਹਾਂ ਕਿ ਇਹ ਕਹਿਣਾ ਹਾਲੇ ਜਲਦਬਾਜ਼ੀ ਹੋਏਗੀ ਪਰ ਆਗਾਜ਼ ਜੇਕਰ ਚੰਗਾ ਹੋਵੇ ਤਾਂ ਇਨਸ਼ਾ ਅੱਲ੍ਹਾ ਅੰਜਾਮ ਵੀ ਚੰਗਾ ਹੀ ਹੋਇਆ ਕਰਦੇ ਹਨ। ਕਿਸੇ ਸ਼ਾਇਰ ਦੇ ਇਨ੍ਹਾਂ ਸ਼ਬਦਾਂ ਨਾਲ ਹੀ ਮੈਂ ਆਪਣੀ ਗੱਲ ਨੂੰ ਇੱਥੇ ਹੀ ਵਿਰਾਮ ਦੇਵਾਂਗਾ ਕਿ:
ਤੇਰੇ ਨਕਸ਼ੇ ਪਾਅ ਕੋ ਖੁ਼ਦਾ ਉਮਰ ਬਖਸ਼ੇ।
ਮੁਝੇ ਮੰਜਿ਼ਲੋਂ ਕਾ ਪਤਾ ਦੇ ਰਹੇ ਹੈਂ…….!!