ਭਗਵੰਤ ਮਾਨ ਦਾ ਕਾਮੇਡੀਅਨ ਤੋਂ ਮੁੱਖ ਮੰਤਰੀ ਤੱਕ ਦਾ ਸਫਰ

ਸੰਗਰੂਰ: ਜ਼ਿਲ੍ਹਾ ਸੰਗਰੂਰ ਦੇ ਪਿੰਡ ਸਤੌਜ ਦੇ ਇਕ ਕਿਸਾਨ ਪਰਿਵਾਰ ‘ਚ ਜੰਮੇ ਭਗਵੰਤ ਮਾਨ ਆਪਣੀ ਮਿਹਨਤ ਸਦਕਾ ਇਕ ਸਫਲ ਕਲਾਕਾਰ ਵਜੋਂ ਕਾਮੇਡੀ ਦੇ ਖੇਤਰ ਵਿਚ ਆਪਣੀ ਵੱਖਰੀ ਪਛਾਣ ਬਣਾਉਣ ਮਗਰੋਂ ਸਿਆਸੀ ਖੇਤਰ ਵਿਚ ਵੀ ਆਪਣੀ ਕਾਬਲੀਅਤ ਦੇ ਦਮ ‘ਤੇ ਮੁੱਖ ਮੰਤਰੀ ਦੇ ਅਹੁਦੇ ਤੱਕ ਜਾ ਪੁੱਜੇ ਹਨ। ਭਗਵੰਤ ਮਾਨ ਨੇ ਸਕੂਲੀ ਪੜ੍ਹਾਈ ਮਗਰੋਂ ਜਦੋਂ ਸ਼ਹੀਦ ਊਧਮ ਕਾਲਜ ਸੁਨਾਮ ਵਿਚ ਦਾਖਲਾ ਲਿਆ ਤਾਂ ਕਾਲਜ ਦੀਆਂ ਸਟੇਜਾਂ ਤੋਂ ਮੋਨੋਐਕਟਿੰਗ ਸ਼ੁਰੂ ਕੀਤੀ ਅਤੇ ਸਾਥੀ ਕਲਾਕਾਰ ਕਰਮਜੀਤ ਅਨਮੋਲ ਨਾਲ ਕਾਮੇਡੀ ਦੇ ਖੇਤਰ ਵਿਚ ਝੰਡੇ ਬੁਲੰਦ ਕੀਤੇ।

ਕਾਲਜ ਅਤੇ ਯੂਨੀਵਰਸਿਟੀ ਪੱਧਰ ਦੇ ਮੁਕਾਬਲਿਆਂ ‘ਚ ਭਗਵੰਤ ਮਾਨ ਨੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ। ਫਿਰ ਭਗਵੰਤ ਮਾਨ ਨੇ ”ਗੋਭੀ ਦੀਏ ਕੱਚੀਏ ਵਪਾਰਨੇ“ ਕਾਮੇਡੀ ਕੈਸਿਟ ਨਾਲ ਕਾਮੇਡੀ ਖੇਤਰ ‘ਚ ਹੋਰ ਪੁਲਾਂਘ ਪੁੱਟੀ। ਭਗਵੰਤ ਮਾਨ ਦੀ ਕਾਮੇਡੀ ਸਮਾਜਿਕ ਮੁੱਦਿਆਂ ‘ਤੇ ਹੀ ਆਧਾਰਿਤ ਰਹੀ। ਇਸ ਮਗਰੋਂ ਭਗਵੰਤ ਮਾਨ ਨੇ ਮਨਪ੍ਰੀਤ ਸਿੰਘ ਬਾਦਲ ਦੀ ਪੀਪਲਜ਼ ਪਾਰਟੀ ਆਫ ਪੰਜਾਬ ਰਾਹੀਂ ਸਿਆਸੀ ਖੇਤਰ ‘ਚ ਕਦਮ ਰੱਖਿਆ।
ਸੰਨ 2012 ‘ਚ ਭਗਵੰਤ ਮਾਨ ਨੇ ਹਲਕਾ ਲਹਿਰਾ ਤੋਂ ਪਲੇਠੀ ਚੋਣ ਲੜੀ ਪਰ ਸਫ਼ਲ ਨਾ ਹੋਏ ਅਤੇ 26136 ਵੋਟਾਂ ਪ੍ਰਾਪਤ ਕਰਕੇ ਤੀਜੇ ਨੰਬਰ ‘ਤੇ ਰਹੇ। ਇਸ ਮਗਰੋਂ ਭਗਵੰਤ ਮਾਨ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋ ਗਏ ਅਤੇ ਸੰਨ 2014 ‘ਚ ‘ਆਪ‘ ਉਮੀਦਵਾਰ ਵਜੋਂ ਸੰਗਰੂਰ ਲੋਕ ਸਭਾ ਚੋਣ ਲੜੀ। ਮਾਨ ਨੇ ਅਕਾਲੀ ਉਮੀਦਵਾਰ ਸੁਖਦੇਵ ਸਿੰਘ ਢੀਂਡਸਾ ਨੂੰ 2,11,721 ਵੋਟਾਂ ਦੇ ਵੱਡੇ ਫਰਕ ਨਾਲ ਹਰਾ ਕੇ ਚੋਣ ਜਿੱਤੀ। ਸੰਨ 2017 ‘ਚ ਭਗਵੰਤ ਮਾਨ ਨੇ ਸੁਖਬੀਰ ਸਿੰਘ ਬਾਦਲ ਦੇ ਮੁਕਾਬਲੇ ਹਲਕਾ ਜਲਾਲਾਬਾਦ ਤੋਂ ਵਿਧਾਨ ਸਭਾ ਚੋਣ ਲੜੀ ਸੀ ਅਤੇ 56771 ਵੋਟਾਂ ਪ੍ਰਾਪਤ ਕੀਤੀਆਂ ਸੀ ਪਰ ਚੋਣ ਹਾਰ ਗਏ ਸਨ। ਸੰਨ 2019 ‘ਚ ਮੁੜ ਭਗਵੰਤ ਮਾਨ ਕਾਂਗਰਸੀ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੂੰ ਹਰਾ ਕੇ ਸੰਸਦ ਮੈਂਬਰ ਚੁਣੇ ਗਏ।
ਜ਼ਿਲ੍ਹਾ ਸੰਗਰੂਰ ਨੇ ਪੰਜਾਬ ਨੂੰ ਦਿੱਤਾ ਤੀਸਰਾ ਮੁੱਖ ਮੰਤਰੀ
ਸੰਗਰੂਰ: ਪੰਜਾਬ ਦੇ ਨਵੇਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜ਼ਿਲ੍ਹਾ ਸੰਗਰੂਰ ਦੇ ਵਿਧਾਨ ਸਭਾ ਹਲਕਾ ਧੂਰੀ ਤੋਂ ਆਮ ਆਦਮੀ ਪਾਰਟੀ ਦੀ ਟਿਕਟ ‘ਤੇ ਚੋਣ ਜਿੱਤੇ ਹਨ। ਮੁੱਖ ਮੰਤਰੀ ਬਣਨ ਵਾਲੇ ਉਹ ਤੀਸਰੇ ਆਗੂ ਹਨ, ਜੋ ਇਸ ਜਿਲ੍ਹੇ ਨਾਲ ਸਬੰਧਤ ਹਨ। ਇਸ ਤੋਂ ਪਹਿਲਾਂ ਸੁਰਜੀਤ ਸਿੰਘ ਬਰਨਾਲਾ ਪੰਜਾਬ ਦੇ ਮੁੱਖ ਮੰਤਰੀ ਰਹੇ ਹਨ, ਜੋ ਹਲਕਾ ਬਰਨਾਲਾ (ਜੋ ਉਸ ਸਮੇਂ ਜ਼ਿਲ੍ਹਾ ਸੰਗਰੂਰ ਵਿਚ ਸ਼ਾਮਲ ਸੀ) ਤੋਂ ਚੋਣ ਜਿੱਤੇ ਸਨ ਅਤੇ ਬਾਅਦ ਵਿਚ ਲਹਿਰਾਗਾਗਾ ਤੋਂ ਕਾਂਗਰਸ ਵਿਧਾਇਕ ਬੀਬੀ ਰਜਿੰਦਰ ਕੌਰ ਭੱਠਲ ਕੁਝ ਸਮੇਂ ਲਈ ਪੰਜਾਬ ਦੇ ਮੁੱਖ ਮੰਤਰੀ ਬਣੇ।